ਪੰਜਾਬ ਨੂੰ ਆਰਾਮ ਦੀ ਨੀਂਦਰ ਸੌਣ ਦਿਓ

ਭਾਵੇਂ ਸੰਨ 1947 ਸੀ, 1965 ਜਾਂ 1971-ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ ਵੀ ਜੰਗ ਲੱਗੀ, ਇਸ ਦਾ ਬਹੁਤਾ ਸੇਕ ਕਸ਼ਮੀਰ ਅਤੇ ਪੰਜਾਬ ਨੂੰ ਹੀ ਲੱਗਾ। ਹਾਲ ਹੀ ਵਿਚ ਕਸ਼ਮੀਰ ਦੇ ਸ਼ਹਿਰ ਪੁਲਵਾਮਾ ਨੇੜੇ ਸੀ. ਆਰ. ਪੀ. ਦੀ ਟੁਕੜੀ ‘ਤੇ ਹੋਏ ਹਮਲੇ ਪਿਛੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ੀਦਗੀ ਇਕ ਵਾਰ ਫਿਰ ਵਧੀ ਹੈ। ਭਾਰਤ ਵਿਚ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਹੁਕਮਰਾਨ ਭਾਰਤੀ ਜਨਤਾ ਪਾਰਟੀ ਦੇ ਸਿਆਸਤਦਾਨਾਂ ਨੇ ਬਲਦੀ ‘ਤੇ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਇਸ ਵਾਰ ਵੀ ਖੁਦਾ ਨਾ ਖਾਸਤਾ ਜੇ ਜੰਗ ਲੱਗਦੀ ਹੈ ਤਾਂ ਸੇਕ ਕਸ਼ਮੀਰ ਤੇ ਪੰਜਾਬ ਨੂੰ ਹੀ ਸਭ ਤੋਂ ਵੱਧ ਲੱਗੇਗਾ। ਆਪਣੇ ਇਸ ਲੇਖ ਵਿਚ ਹਰਜਾਪ ਸਿੰਘ ਔਜਲਾ ਨੇ ਇਸ ਗੱਲ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਕੀਤੀਆਂ ਹਨ। -ਸੰਪਾਦਕ

ਹਰਜਾਪ ਸਿੰਘ ਔਜਲਾ
ਫੋਨ: +91-98149-06024

ਸਤੰਬਰ 1965 ਦਾ ਵੇਲਾ ਯਾਦ ਕਰਕੇ ਝੁਣਝੁਣੀ ਜਿਹੀ ਛਿੜ ਜਾਂਦੀ ਹੈ। ਉਨ੍ਹੀਂ ਦਿਨੀਂ ਮੈਂ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਵਿਚ ਪੜ੍ਹਦਾ ਸਾਂ ਅਤੇ ਡਿਗਰੀ ਦੇ ਆਖਰੀ ਸਾਲ ਵਿਚ ਸਾਂ। ਦਿਨ ਵਿਚ ਕਈ ਵਾਰੀ ਹਵਾਈ ਹਮਲੇ ਦਾ ਸਾਇਰਨ (ਹੂਟਰ) ਵੱਜਦਾ ਸੀ। ਹੂਟਰ ਵਜਦਿਆਂ ਸਾਰ ਲੋਕੀਂ ਘਰਾਂ ਅੰਦਰ ਵੜ ਜਾਂਦੇ। ਮੁਹਰਲੇ ਇਲਾਕਿਆਂ ਵਿਚ ਲੋਕੀਂ ਖੰਦਕਾਂ ਪੁੱਟ ਕੇ ਮੋਰਚਿਆਂ ਵਿਚ ਛਾਲਾਂ ਮਾਰ ਲੈਂਦੇ। ਪਲਾਂ ਵਿਚ ਹੀ ਸਾਰੇ ਕੰਮਕਾਰ ਰੁਕ ਜਾਂਦੇ। ਕਾਲਜਾਂ ਦੀ ਪੜ੍ਹਾਈ ਮੁਤਾਸਰ ਹੋ ਜਾਂਦੀ ਅਤੇ ਦਫਤਰਾਂ ਦੇ ਕੰਮ ਰੁਕ ਜਾਂਦੇ।
ਖਿੜਕੀਆਂ ਅਤੇ ਰੋਸ਼ਨਦਾਨਾਂ ਵਿਚ ਗੂੰਦ ਨਾਲ ਲਿਫਾਫਿਆਂ ਵਾਲਾ ਖਾਕੀ ਰੰਗ ਦਾ ਕਾਗਜ਼ ਚਿਪਕਾਇਆ ਹੁੰਦਾ। ਰਾਤੀਂ ਬੱਤੀਆਂ ਬੁਝਾ ਦਿੱਤੀਆਂ ਜਾਂਦੀਆਂ। ਰੇਡੀਓ ਵੀ ਬੜੀ ਮੱਧਮ ਆਵਾਜ਼ ਵਿਚ ਸੁਣਿਆ ਜਾਂਦਾ। ਮੈਂ ਆਪਣੇ ਪਰਿਵਾਰਕ ਰੇਡੀਓ ਤੋਂ ਤਿੰਨ ਸਟੇਸ਼ਨ ਸੁਣਦਾ ਹੁੰਦਾ ਸਾਂ। ਪਾਕਿਸਤਾਨ ਦੀ ਆਵਾਜ਼ ਸੁਣਨ ਲਈ ਮੈਂ ਰੇਡੀਓ ਪਾਕਿਸਤਾਨ ਲਾਹੌਰ ਲਾ ਰਖਿਆ ਸੀ। ਭਾਰਤੀ ਖਬਰਾਂ ਸੁਣਨ ਲਈ ਜਲੰਧਰ ਅਤੇ ਦਿੱਲੀ ਸਟੇਸ਼ਨ ਲਾਏ ਜਾਂਦੇ ਸਨ। ਉਨ੍ਹੀਂ ਦਿਨੀਂ ਸਾਰੇ ਪੰਜਾਬ ਵਿਚ ਟੈਲੀਵਿਜ਼ਨ ਕੇਵਲ ਅੰਮ੍ਰਿਤਸਰ ਵਿਚ ਹੀ ਇੱਕੜ-ਦੁੱਕੜ ਸਨ। ਉਹ ਵੀ ਪਾਕਿਸਤਾਨ ਦੇ ਪ੍ਰੋਗਰਾਮ ਹੀ ਦੇਖ ਸਕਦੇ ਸਨ। ਬਾਕੀ ਪੰਜਾਬ ਵਿਚ ਟੈਲੀਵਿਜਨ ਨਹੀਂ ਸੀ।
ਜਦੋਂ ਰੇਡੀਓ ਪਾਕਿਸਤਾਨ ਖਬਰਾਂ ਦਿੰਦਾ ਤਾਂ ਉਹ ਵੱਡੇ-ਵੱਡੇ ਦਮਗਜੇ ਮਾਰਦੇ। ਇਕ ਦਿਨ ਖਬਰ ਆਈ ਕਿ ਪਾਕਿਸਤਾਨ ਦੇ ਤੋਪਖਾਨੇ ਨੇ ਕਰੀਬ 500 ਪੈਟਨ ਟੈਂਕਾਂ ਨਾਲ ਕਸੂਰ-ਖੇਮਕਰਨ ਖੇਤਰ ਵਿਚ ਕਈ ਭਾਰਤੀ ਪਿੰਡਾਂ ‘ਤੇ ਚੜ੍ਹਾਈ ਕਰ ਦਿੱਤੀ ਹੈ। ਇਹ ਖਬਰ ਵੀ ਆਈ ਕਿ ਟੈਂਕ ਅੰਮ੍ਰਿਤਸਰ ਵੱਲ ਤੇਜ਼ੀ ਨਾਲ ਵਧ ਰਹੇ ਹਨ। ਭਾਰਤੀ ਰੇਡੀਓ ਨੇ ਦਬੀ ਜ਼ਬਾਨ ਨਾਲ ਪੁਸ਼ਟੀ ਕੀਤੀ ਕਿ ਖੇਮਕਰਨ ਤਾਈਂ ਪਾਕਿਸਤਾਨੀ ਫੌਜੀ ਟੁਕੜੀਆਂ ਪੁੱਜ ਚੁੱਕੀਆਂ ਹਨ। ਇੰਜ ਜਾਪਦਾ ਸੀ, ਜਿਵੇਂ ਕੋਈ ਕਲੇਜਾ ਕੱਢ ਕੇ ਲੈ ਗਿਆ ਹੋਵੇ। ਇਸੇ ਤਰ੍ਹਾਂ ਦੀਆਂ ਖਬਰਾਂ ਫਾਜ਼ਿਲਕਾ ਤੋਂ ਵੀ ਆ ਰਹੀਆਂ ਸਨ। ਮਨ ਬੜਾ ਖਰਾਬ ਸੀ। ਅਸਮਾਨ ਵਿਚ ਹਵਾਈ ਜਹਾਜਾਂ ਦੀ ਹਰਕਤ ਵੀ ਸੀ।
ਉਨ੍ਹੀਂ ਦਿਨੀਂ ਭਾਰਤ ਵਿਚ ਤਿੰਨ ਮੁੱਖ ਸਮਾਚਾਰ ਬੁਲੇਟਿਨ ਪੇਸ਼ ਕੀਤੇ ਜਾਂਦੇ ਸਨ। ਇਹ ਸਾਰੇ ਹੀ ਅੰਗਰੇਜ਼ੀ ਵਿਚ ਸਨ। ਪਹਿਲਾ ਬੁਲੇਟਿਨ ਸਵੇਰੇ 8 ਵਜੇ ਆਉਂਦਾ, ਦੂਜਾ ਦੁਪਹਿਰ ਡੇਢ ਵਜੇ ਅਤੇ ਤੀਜਾ ਰਾਤ 9 ਵਜੇ। ਸਵੇਰੇ 8 ਵਜੇ ਅਤੇ ਰਾਤ 9 ਵਜੇ ਵਾਲੇ ਬੁਲੇਟਿਨ 15-15 ਮਿੰਟਾਂ ਦੇ ਸਨ ਅਤੇ ਡੇਢ ਵਜੇ ਵਾਲਾ ਬੁਲੇਟਿਨ ਦਸ ਮਿੰਟਾਂ ਦਾ ਹੁੰਦਾ। ਸਵੇਰੇ 8 ਵਜੇ ਖਬਰ ਆਈ ਕਿ ਖੇਮਕਰਨ ਨੇੜੇ ਪਿੰਡ ਅਸਾਲ ਉਤਾੜ ਵਿਚ ਪਾਕਿਸਤਾਨੀ ਟੈਂਕਾਂ ਦੀ ਟੁਕੜੀ ਨੂੰ ਰੋਕ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਫੌਜੀਆਂ ਦੇ ਹੌਂਸਲੇ ਪਸਤ ਹੋ ਗਏ ਹਨ। ਦੂਜੇ ਪਾਸੇ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦਸਤੇ ਦਰਿਆ ਬਿਆਸ ਵੱਲ ਵਧ ਰਹੇ ਹਨ।
ਇਸੇ ਦੌਰਾਨ ਦਿੱਲੀ ਤੋਂ ਹੁਕਮ ਆਇਆ ਕਿ ਅੰਮ੍ਰਿਤਸਰ ਖਾਲੀ ਕਰਵਾ ਕੇ ਢਿਲਵਾਂ ਮੋਰਚੇ ਲਾ ਲਓ, ਜੋ ਜਰਨੈਲ ਹਰਬਖਸ਼ ਸਿੰਘ ਨੇ ਰੱਦ ਕਰ ਦਿੱਤਾ। ਦੁਪਹਿਰ ਡੇਢ ਵਜੇ ਖਬਰ ਆਈ ਕਿ ਭਾਰਤ ਨੇ ਲਾਹੌਰ ਸੈਕਟਰ ਵਿਚ ਰੈਡਕਲਿਫ ਲਾਈਨ ਟੱਪ ਲਈ ਅਤੇ ਭਾਰਤੀ, ਲਾਹੌਰ ਸੈਕਟਰ ਵਿਚ ਪੇਸ਼ਕਦਮੀ ਕਰ ਰਹੇ ਹਨ। ਪਾਕਿਸਤਾਨ ਨੇ ਇਸ ਦੀ ਪੁਸ਼ਟੀ ਨਾ ਕੀਤੀ। ਫਿਰ ਖਬਰਾਂ ਆਈਆਂ ਕਿ ਫਾਜ਼ਿਲਕਾ ਸੈਕਟਰ ਵਿਚ ਪਾਕਿਸਤਾਨ ਨੇ ਭਾਰਤ ਦੇ ਮਜ਼ੀਦ ਇਲਾਕਿਆਂ ‘ਤੇ ਕਬਜ਼ਾ ਕਰ ਲਿਆ ਹੈ। ਇਸੇ ਤਰ੍ਹਾਂ ਦੀਆਂ ਖਬਰਾਂ ਗੰਡਾ ਸਿੰਘ ਵਾਲਾ ਅਤੇ ਹੁਸੈਨੀਵਾਲਾ ਤੋਂ ਵੀ ਆਈਆਂ। ਸਿਆਲਕੋਟ ਸੈਕਟਰ ਤੋਂ ਖਬਰ ਆਈ ਕਿ ਮੇਜਰ ਜਨਰਲ ਰਾਜਿੰਦਰ ਸਿੰਘ ਸਪੈਰੋ ਦੀ ਅਗਵਾਈ ਵਿਚ ਭਾਰਤੀ ਫੌਜਾਂ ਨੇ ਸਿਆਲਕੋਟ ਸੈਕਟਰ ਵਿਚ ਕਰੀਬ 250 ਵਰਗ ਮੀਲ ਦੇ ਇਲਾਕੇ ਵਿਚ ਪਾਕਿਸਤਾਨ ਧਰਤੀ ‘ਤੇ ਕਬਜ਼ਾ ਕਰ ਲਿਆ ਹੈ। ਭਾਰਤ ਅਤੇ ਪਾਕਿਸਤਾਨ ਦੇ ਪਰਸਪਰ ਵਿਰੋਧੀ ਦਾਅਵੇ ਸਨ।
ਸਭ ਤੋਂ ਭੈੜੀ ਖਬਰ ਜੰਗ ਦੇ ਆਖਰੀ ਦਿਨ ਆਈ। ਸ਼ਾਮੀ 4 ਕੁ ਵਜੇ ਖਬਰ ਆਈ ਕਿ 5 ਵਜੇ ਦੋਹਾਂ ਮੁਲਕਾਂ ਦਰਮਿਆਨ ਜੰਗਬੰਦੀ ਲਾਗੂ ਹੋ ਜਾਵੇਗੀ ਅਤੇ ਜਿਥੇ ਜਿਥੇ ਵੀ ਫੌਜਾਂ ਹਨ, ਉਹ ਉਥੇ ਹੀ ਜੰਗਬੰਦੀ ਕਰ ਲੈਣਗੀਆਂ। ਲਿਹਾਜ਼ਾ ਅੰਮ੍ਰਿਤਸਰ ਅਤੇ ਬਟਾਲੇ ਵਿਚ ਖੁਸ਼ੀਆਂ ਦਾ ਮਾਹੌਲ ਸੀ। ਲੋਕ ਮਠਿਆਈਆਂ ਵੰਡ ਰਹੇ ਸਨ। ਜੰਗਬੰਦੀ ਤੋਂ ਪੰਜ ਮਿੰਟ ਬਾਅਦ 5 ਵਜ ਕੇ 5 ਮਿੰਟ ‘ਤੇ ਪਾਕਿਸਤਾਨੀ ਬੰਬਾਰ ਲਾਹੌਰ ਵਾਲੇ ਪਾਸਿਓਂ ਭਾਰਤੀ ਸਰਹੱਦ ਵਿਚ ਦਾਖਲ ਹੋਏ ਅਤੇ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਸਨਅਤੀ ਇਲਾਕੇ ਛੇਹਰਟਾ ਵਿਚ ਚਲਦੇ ਕਾਰਖਾਨਿਆਂ ‘ਤੇ ਬੰਬਾਰੀ ਕਰਕੇ ਪਾਕਿਸਤਾਨ ਵੱਲ ਚਾਲੇ ਪਾ ਲਏ। ਸਾਰੀਆਂ ਖੁਸ਼ੀਆਂ ਸੋਗ ਵਿਚ ਬਦਲ ਗਈਆਂ। ਹਰ ਪਾਸੇ ਚੀਕਾਂ, ਕੂਕਾਂ ਅਤੇ ਵੈਣਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਅੰਮ੍ਰਿਤਸਰ ਅਤੇ ਬਟਾਲੇ ਦੇ ਅਮੀਰ ਤਬਕਿਆਂ ਵਿਚ ਗਮ ਦੀ ਲਹਿਰ ਦੌੜ ਗਈ। ਉਸ ਸਮੇਂ ਅੰਮ੍ਰਿਤਸਰ ਦੀ ਛੇ ਲੱਖ ਆਬਾਦੀ ਵਿਚੋਂ ਕਰੀਬ ਦੋ ਲੱਖ ਸਦਾ ਵਾਸਤੇ ਬੰਬਈ, ਸੂਰਤ, ਪੂਨਾ, ਫਰੀਦਾਬਾਦ, ਪਾਨੀਪਤ, ਗਾਜ਼ੀਆਬਾਦ, ਦਿੱਲੀ ਅਤੇ ਕਾਨਪੁਰ ਮੁੰਤਕਿਲ ਹੋ ਗਈ। ਕੁਝ ਇਸੇ ਤਰ੍ਹਾਂ ਹੀ ਬਟਾਲਾ ਅਤੇ ਫਿਰੋਜ਼ਪੁਰ ਵਿਚ ਵੀ ਵੇਖਣ ਨੂੰ ਮਿਲਿਆ।
ਫਿਰ 1971 ਵਿਚ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਵੱਡੇ ਛੋਟੇ ਪੈਮਾਨੇ ‘ਤੇ ਇੰਜ ਹੀ ਵਾਪਰਿਆ। ਫਿਰ ਸ਼ੁਰੂ ਹੋਈ 1978 ਤੋਂ 1997 ਤਕ ਪੁਲਿਸ-ਖਾੜਕੂ ਜੰਗ। ਇਸ ਦੌਰ ਵਿਚ ਰਾਤ ਸਮੇਂ ਖਾੜਕੂਆਂ ਦਾ ਬੋਲਬਾਲਾ ਹੁੰਦਾ ਅਤੇ ਦਿਨ ਸਮੇਂ ਪੁਲਿਸ ਦਾ ਭੈਅ ਹਰ ਪਾਸੇ ਸੀ। ਇਸ ਦੌਰ ਵਿਚ ਸਾਰੀ ਹੀ ਸਰਹੱਦ ‘ਤੇ ਸਨਅਤਾਂ ਬੰਦ ਹੁੰਦੀਆਂ ਗਈਆਂ। ਅਮੀਰ ਆਦਮੀ ਖੰਭ ਲਾ ਕੇ ਹੋਰ ਥਾਂਈਂ ਉਡਣ ਲੱਗੇ। ਜਿਸ ਨੂੰ ਜਿਸ ਜਗ੍ਹਾ ਢੋਈ ਮਿਲਦੀ, ਉਹ ਉਥੇ ਹੀ ਜਾ ਵਸਦਾ ਰਿਹਾ। ਗਰੀਬ ਆਦਮੀ ਜਿਸ ਨੂੰ ਹਰ ਰੋਜ਼ ਖਾਣ ਨੂੰ ਰੋਟੀ ਵੀ ਨਾ ਨਸੀਬ ਹੋਵੇ, ਉਸ ਨੂੰ ਫਰਕ ਨਹੀਂ ਪੈਂਦਾ ਪਰ ਜੋ ਲੋਕ ਕਾਰਖਾਨੇਦਾਰ, ਦੁਕਾਨਾਂ ਦੇ ਮਾਲਕ ਅਤੇ ਖੁਸ਼ਹਾਲ ਵਪਾਰੀ ਹੁੰਦੇ ਹਨ, ਉਹ ਆਪਣੀ ਸਲਾਮਤੀ ਅਤੇ ਬਹਿਬੂਦੀ ਦੇ ਬਿਨਾ ਕਿਤੇ ਨਹੀਂ ਰਹਿ ਸਕਦੇ। ਪੰਜਾਬ ਵਿਚ ਖਾੜਕੂਵਾਦ ਦੌਰਾਨ ਅਮੀਰ ਆਦਮੀ ਵੀ ਪੰਜਾਬ ਤੋਂ ਪਲਾਇਨ ਕਰ ਗਏ ਅਤੇ ਸਰਮਾਇਆ ਵੀ। 20 ਸਾਲਾਂ ਦੀ ਪੰਜਾਬ ਦੀ ਗੈਰ ਸਲਾਮਤੀ ਦੇ ਦੌਰ ਵਿਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪੱਟੀ, ਫਿਰੋਜ਼ਪੁਰ, ਮਮਦੋਟ, ਜਲਾਲਾਬਾਦ ਅਤੇ ਫਾਜ਼ਿਲਕਾ ਸਰਮਾਏ ਪੱਖੋਂ ਵੀ ਖਾਲੀ ਹੋ ਗਏ ਅਤੇ ਸਨਅਤ ਪੱਖੋਂ ਵੀ। ਅੰਮ੍ਰਿਤਸਰ ਦਾ ਉਜਾੜਾ ਜੂਨ 1984 ਵਿਚ ਸਾਕਾ ਨੀਲਾ ਤਾਰਾ ਸਮੇਂ ਵੱਡੇ ਪੈਮਾਨੇ ‘ਤੇ ਹੋਇਆ।
ਅੱਜ ਕੱਲ੍ਹ ਫਿਰ ਉਹੀ ਮਾਹੌਲ ਹੈ। ਇਕ ਪਾਸੇ ਕੌਮੀ ਚੋਣਾਂ ਸਿਰ ‘ਤੇ ਹਨ, ਦੂਜੇ ਪਾਸੇ ਸਾਰੇ ਦੇਸ਼ ਵਿਚ ਜੰਗ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ। ਦੇਸ਼ ਦੀਆਂ ਪ੍ਰਭਾਵਸ਼ਾਲੀ ਸੰਸਥਾਵਾਂ ਜਿਨ੍ਹਾਂ ਵਿਚ ਅਖਬਾਰਾਂ ਅਤੇ ਟੈਲੀਵਿਜ਼ਨ ਸੰਸਥਾਵਾਂ ਸ਼ਾਮਿਲ ਹਨ, ਲੋਕਾਂ ਵਿਚ ਮਸਨੂਈ ਤੌਰ ‘ਤੇ ਜੰਗ ਦਾ ਜੋਸ਼ ਭਰ ਰਹੀਆਂ ਹਨ। ਵੈਸੇ ਤਾਂ ਗੁਜਰਾਤ ਵੀ ਸਰਹੱਦੀ ਸੂਬਾ ਹੈ ਅਤੇ ਰਾਜਸਥਾਨ ਵੀ, ਪਰ ਲੜਾਈ ਦਾ ਮਾਹੌਲ ਸਿਰਫ ਪੰਜਾਬ ਵਿਚ ਸਿਰਜਿਆ ਜਾ ਰਿਹਾ ਹੈ। ਇਸ ਸਾਰੇ ਖੇਡ ਤਮਾਸ਼ੇ ਤੋਂ ਹੁਕਮਰਾਨ ਅੰਦਰੋਂ-ਅੰਦਰੀ ਖੁਸ਼ ਹਨ।
27 ਫਰਵਰੀ 2019 ਨੂੰ ਜੰਮੂ ਕਸ਼ਮੀਰ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਤਮਾਮ ਹਵਾਈ ਅੱਡੇ ਬੰਦ ਕੀਤੇ ਗਏ ਤਾਂ ਜੋ ਜੰਗ ਦੀ ਲੋੜੀਂਦੀ ਤਿਆਰੀ ਕੀਤੀ ਜਾ ਸਕੇ; ਲੇਕਿਨ ਚੰਡੀਗੜ੍ਹ ਦਾ ਹਵਾਈ ਅੱਡਾ ਬੰਦ ਨਹੀਂ ਕੀਤਾ ਗਿਆ। ਨੇੜਲਾ ਅੰਬਾਲਾ ਵੀ ਬੰਦ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਦਿੱਲੀ ਹਵਾਈ ਅੱਡਾ ਵੀ ਮਾਮੂਲ ਦੀ ਤਰ੍ਹਾਂ ਖੁੱਲ੍ਹਾ ਰਖਿਆ ਗਿਆ। ਉਸ ਦਿਨ ਰਾਜਸਥਾਨ ਵਿਚ ਕੋਈ ਅਜਿਹਾ ਜੰਗੀ ਮਾਹੌਲ ਨਹੀਂ ਸੀ। ਗੁਜਰਾਤ ਵਿਚ ਕਿਤੇ ਵੀ ਜੰਗ ਦੇ ਸੰਕੇਤ ਨਹੀਂ ਦਿੱਤੇ ਗਏ। ਕੀ ਗੁਜਰਾਤ ਸਰਹੱਦੀ ਸੂਬਾ ਨਹੀਂ? 2001 ਵਿਚ ਜਦੋਂ ਸੰਸਦ ਉਤੇ ਅਤਿਵਾਦੀ ਹਮਲਾ ਹੋਇਆ ਸੀ, ਉਸ ਸਮੇਂ ਵੀ ਪੰਜਾਬ ਵਿਚ ਫੌਜ ਭੇਜੀ ਗਈ ਸੀ ਅਤੇ ਲੋਕਾਂ ਦੇ ਖੇਤਾਂ ਤੇ ਫਸਲਾਂ ਦਾ ਉਜਾੜਾ ਕੀਤਾ ਗਿਆ। ਅੱਜ ਕੱਲ੍ਹ ਵੀ ਪੰਜਾਬ ਵਿਚ ਉਹੀ ਹਾਲ ਹੈ।
ਕਈ ਵਾਰੀ ਜਾਪਦਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਜੰਗ ਪੰਜਾਬ ਅਤੇ ਕਸ਼ਮੀਰ ਵਿਚ ਹੀ ਹੋਵੇ। ਇੰਜ ਜਾਪਦਾ ਹੈ ਕਿ ਅਸੀਂ ਪਾਕਿਸਤਾਨ ਨੂੰ ਸੱਦਾ ਦੇ ਰਹੇ ਹਾਂ ਕਿ ਉਹ ਪੰਜਾਬ ਵਿਚ ਸਾਡੇ ਨਾਲ ਲੜੇ। ਅੱਜ ਕੱਲ੍ਹ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਉਜੜੇ ਪਏ ਹਨ। ਪਠਾਨਕੋਟ, ਗੁਰਦਾਸਪੁਰ, ਧਾਰੀਵਾਲ, ਬਟਾਲਾ, ਤਰਨਤਾਰਨ, ਪੱਟੀ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿਚ ਕੋਈ ਸਨਅਤ ਨਹੀਂ ਬਚੀ। ਅੰਮ੍ਰਿਤਸਰ ਦੀ ਸਨਅਤ ਮਸਾਂ ਸਹਿਕ ਰਹੀ ਹੈ। ਇਹੋ ਹਾਲ ਗੋਇੰਦਵਾਲ ਸਾਹਿਬ ਦਾ ਹੈ। ਜੋ ਕੁਝ ਬਚਿਆ ਹੈ, ਉਹਨੂੰ ਵੀ ਖਤਮ ਕਰਨ ਦੀ ਸਕੀਮ ਹੈ।
ਅੱਜ ਕੱਲ੍ਹ ਅੰਮ੍ਰਿਤਸਰ ਦਾ ਵਪਾਰ ਵਧ ਰਿਹਾ ਸੀ। ਅਟਾਰੀ-ਵਾਹਗਾ ਦੇ ਰਸਤੇ ਵੀ ਭਾਰਤੀ ਬਰਾਮਦ ਪਾਕਿਸਤਾਨ ਨੂੰ ਹੋ ਰਹੇ ਸਨ ਅਤੇ ਪਾਕਿਸਤਾਨ ਮਸਨੂਆਤ ਭਾਰਤ ਨੂੰ ਆ ਰਹੀਆਂ ਸਨ ਪਰ 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਪਿਛੋਂ ਭਾਰਤ ਨੇ ਪਾਕਿਸਤਾਨ ਬਰਾਮਦਾਂ ‘ਤੇ 200 ਫੀਸਦੀ ਟੈਕਸ ਲਾ ਦਿੱਤਾ ਹੈ, ਜਿਸ ਕਾਰਨ 200 ਦੀ ਵਸਤੂ 600 ਰੁਪਏ ਦੀ ਹੋ ਗਈ ਹੈ। ਅਜਿਹੇ ਕਦਮਾਂ ਕਾਰਨ ਭਾਰਤ ਅਤੇ ਪਾਕਿਸਤਾਨ ਦਾ ਵਪਾਰ ਪੂਰੀ ਤਰ੍ਹਾਂ ਠੱਪ ਹੋਇਆ ਪਿਆ ਹੈ। ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਵਧੇਰੇ ਮੁਸਾਫਰ ਲੰਡਨ, ਬਰਮਿੰਘਮ, ਟੋਰਾਂਟੋ, ਨਿਊ ਯਾਰਕ, ਮਿਲਾਨ, ਅਸ਼ਗਾਬਾਤ, ਤਾਸ਼ਕੰਦ, ਵੈਨਕੂਵਰ, ਸੈਨ ਫਰਾਂਸਿਸਕੋ ਅਤੇ ਲਾਸ ਏਂਜਲਸ ਜਾਂਦੇ ਹਨ। ਇਨ੍ਹਾਂ ਦੀਆਂ ਪਰਵਾਜ਼ਾਂ ਪਾਕਿਸਤਾਨ ਦੇ ਉਪਰੋਂ ਦੀ ਹੋ ਕੇ ਜਾਂਦੀਆਂ ਹਨ। ਪਾਕਿਸਤਾਨ ਨੇ ਭਾਰਤੀ ਪਰਵਾਜ਼ਾਂ ਨੂੰ ਪਾਕਿਸਤਾਨ ਉਪਰੋਂ ਲੰਘਣ ਤੋਂ ਵਰਜ ਦਿੱਤਾ ਹੈ। ਇਸ ਕਾਰਨ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਦਾ ਕਾਰੋਬਾਰ ਘਟ ਕੇ ਅੱਧਾ ਰਹਿ ਗਿਆ ਹੈ। ਪਿਛਲੇ ਦੋ-ਤਿੰਨ ਸਾਲਾਂ ਤੋਂ ਅੰਮ੍ਰਿਤਸਰ ਵਿਚ ਅਨੇਕਾਂ ਹੋਟਲ ਤਾਮੀਰ ਹੋ ਗਏ ਸਨ, ਇਨ੍ਹਾਂ ਵਿਚੋਂ ਕਈ ਚਾਰ ਅਤੇ ਪੰਜ ਤਾਰਾ ਹਨ। ਇਨ੍ਹਾਂ ਦਾ ਕਾਰੋਬਾਰ ਵੀ ਹਵਾਈ ਅੱਡੇ ਨਾਲ ਸਬੰਧਤ ਹੋਣ ਕਰਕੇ ਬਹੁਤ ਘਟ ਗਿਆ ਹੈ। ਜੰਗੀ ਮਾਹੌਲ ਕਾਰਨ ਹੁਕਮਰਾਨ ਪਾਰਟੀ ਨੂੰ ਜ਼ਰੂਰ ਲਾਭ ਹੋਵੇਗਾ ਪਰ ਪੰਜਾਬ ਨੂੰ ਬਰਬਾਦ ਕਰਕੇ ਹੀ। ਕੀ ਸਾਨੂੰ ਆਰਾਮ ਨਾਲ ਜਿਉਣ ਦਾ ਹੱਕ ਨਹੀਂ ਹੈ?