ਧਰਮ ਦੇ ਰੂਪ

ਹਾਕਮ ਸਿੰਘ
ਧਰਮ ਅਧਿਆਤਮਕ ਵਿਚਾਰਧਾਰਾ ਦੇ ਵਿਸ਼ਵਾਸ ਤੋਂ ਪ੍ਰਭਾਵਿਤ ਸੋਚ ਅਤੇ ਜੀਵਨ ਹੈ। ਅਧਿਆਤਮਕ ਵਿਚਾਰਧਾਰਾ ਅਦ੍ਰਿਸ਼ਟ ਪ੍ਰਭੂ, ਉਸ ਦੀ ਸਿਰਜੀ ਸੰਸਾਰਕ ਮਾਇਆ ਅਤੇ ਉਸ ਦੇ ਅੰਸ਼, ਮਨੁੱਖੀ ਮਨ ਦੇ ਸਬੰਧਾਂ ਦਾ ਗਿਆਨ ਹੈ। ਆਮ ਤੌਰ ‘ਤੇ ਧਰਮ ਦੇ ਪ੍ਰੇਮੀ ਪ੍ਰਭੂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਬਹੁਤ ਉਤਸੁਕ ਹੁੰਦੇ ਹਨ, ਪਰ ਮਨੁੱਖ ਦ੍ਰਿਸ਼ਮਾਨ ਬਦਲ ਰਹੇ ਸੰਸਾਰ ਦਾ ਭਾਗ ਹੈ, ਇਸ ਲਈ ਉਸ ਦੀਆਂ ਗਿਆਨ ਇੰਦਰੀਆਂ ਵਿਚ ਅਦ੍ਰਿਸ਼ਟ ਤੇ ਨਿਹਚਲ ਪ੍ਰਭੂ ਨੂੰ ਅਨੁਭਵ ਕਰਨ ਅਤੇ ਉਸ ਦਾ ਗਿਆਨ ਪ੍ਰਾਪਤ ਕਰਨ ਦੀ ਯੋਗਤਾ ਨਹੀਂ ਹੁੰਦੀ। ਉਹ ਤੇ ਸੰਸਾਰਕ ਜੀਵਨ ਅਤੇ ਸੋਚ ਦੇ ਅਨੁਕੂਲ ਧਾਰਮਕ ਵਿਚਾਰਧਾਰਾ ਨੂੰ ਹੀ ਸਮਝਣ ਯੋਗ ਹੁੰਦਾ ਹੈ।

ਅਧਿਆਤਮਕ ਵਿਚਾਰਧਾਰਾ ਤੇ ਆਧਾਰਤ ਧਰਮ ਉਸ ਦੀ ਸਮਝ ਤੋਂ ਪਰੇ ਹੁੰਦਾ ਹੈ। ਧਰਮ ਦੇ ਪ੍ਰੇਮੀਆਂ ਦੀ ਯੋਗਤਾ ਅਨੁਸਾਰ ਲੋੜ ਪੂਰੀ ਕਰਨ ਲਈ ਧਰਮ ਸ਼ਾਸਤਰੀ ਅਤੇ ਪੁਜਾਰੀ ਮਿਥਿਹਾਸ ‘ਤੇ ਆਧਾਰਤ ਅਧਿਆਤਮਕ ਗਿਆਨ ਦੇ ਸਮਾਨੰਤਰ ਧਾਰਮਕ ਵਿਚਾਰਧਾਰਾ ਅਤੇ ਵਿਹਾਰ ਸਿਰਜ ਦਿੰਦੇ ਹਨ। ਸਿੱਖ ਧਰਮ ਵਿਚ ਉਦਾਸੀ ਅਤੇ ਨਿਰਮਲੇ ਧਰਮ ਸ਼ਾਸਤਰੀਆਂ ਤੇ ਸਨਾਤਨੀ ਪੁਜਾਰੀਆਂ ਨੇ ਗੁਰਬਾਣੀ ਦੇ ਚੋਣਵੇਂ ਵਿਚਾਰਾਂ ਦੀ ਸਮਾਜਕ ਰੁਚੀ ਅਨੁਸਾਰ ਵਿਆਖਿਆ ਨੂੰ ਗੁਰ ਇਤਿਹਾਸ ਅਤੇ ਮਿਥਿਹਾਸ ਵਿਚ ਰਲਾ ਕੇ ਪ੍ਰਭਾਵਸ਼ਾਲੀ ਧਾਰਮਕ ਵਿਚਾਰਧਾਰਾ ਸਿਰਜ ਦਿੱਤੀ ਸੀ ਤੇ ਉਸ ਨੂੰ ਮੂਰਤਾਂ, ਭਵਨਾਂ, ਗ੍ਰੰਥਾਂ ਅਤੇ ਕਰਮ ਕਾਂਡ ਰਾਹੀਂ ਸਮਾਜਕ ਵਿਹਾਰ ਵਿਚ ਅਭਿਵਿਅਕਤ ਕਰ ਦਿੱਤਾ ਸੀ।
ਮੂਰਤੀਆਂ, ਭਵਨਾਂ ਅਤੇ ਗ੍ਰੰਥਾਂ ਵਿਚ ਸਥਾਪਤ ਪ੍ਰਭੂ ਦਾ ਰੂਪ ਅੱਜ ਵੀ ਬਹੁਤੇ ਸਿੱਖਾਂ ਦੀ ਅਨੰਤ ਸ਼ਰਧਾ ਦਾ ਸਰੋਤ ਬਣਿਆ ਹੋਇਆ ਹੈ। ਧਰਮ ਬਾਰੇ ਸ਼ੰਕੇ ਨੂੰ ਪ੍ਰਭੂ ਦਾ ਅਨਾਦਰ ਗਰਦਾਨ ਕੇ ਪੁਜਾਰੀਆਂ ਨੇ ਸੰਦੇਹ ਪੂਰਨ ਵਿਚਾਰਾਂ ਅਤੇ ਉਸ ਨਾਲ ਜੁੜੇ ਕਰਮਕਾਂਡ ਨੂੰ ਵੀ ਉਪਾਸਨਾ ਦੀ ਸਥਾਈ ਵਸਤੂ ਬਣਾ ਦਿਤਾ ਹੈ। ਸਿੱਖ ਧਰਮ ਇੱਕ ਹੁੰਦਿਆਂ ਵੀ ਦੋ ਵੱਖਰੇ ਰੂਪਾਂ ਵਿਚ ਵਿਦਮਾਨ ਹੈ: ਇਕ ਅਧਿਆਤਮਕ ਵਿਚਾਰਧਾਰਾ ਦੇ ਰੂਪ ਵਿਚ ਅਤੇ ਦੂਜਾ ਮਿਥਿਹਾਸਕ ਇਤਿਹਾਸ ਦੇ ਰੂਪ ਵਿਚ। ਮਿਥਿਹਾਸ ‘ਤੇ ਆਧਾਰਤ ਸਿੱਖ ਧਰਮ ਨੂੰ ਸ਼ਰਧਾਲੂ ਇੱਛਾ ਪੂਰਕ ਅਤੇ ਭਾਵਨਾਵਾਂ ਦੀ ਤ੍ਰਿਪਤੀ ਕਰਨ ਵਾਲਾ ਅਸਲੀ ਅਧਿਆਤਮਕ ਧਰਮ ਸਮਝਦੇ ਹਨ। ਉਸ ਦੇ ਸ਼ਰਧਾਲੂਆਂ ਦੀ ਗਿਣਤੀ ਵਿਚ ਵਾਧਾ ਹੋਣ ਨਾਲ ਹੁਣ ਇਹ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਬਣ ਗਿਆ ਹੈ। ਸਿੱਖ ਧਰਮ ਦਾ ਆਧਾਰ ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ਨਹੀਂ, ਸਿੱਖ ਇਤਿਹਾਸ ਅਤੇ ਮਿਥਿਹਾਸ ਹੈ। ਇਹੋ ਕਾਰਨ ਹੈ ਕਿ ਗੁਰਬਾਣੀ ਦੇ ਅਧਿਆਤਮਕ ਅਤੇ ਮਾਨਵਵਾਦੀ ਉਪਦੇਸ਼ ਦੀ ਵਿਆਖਿਆ ਕਰਨ ਸਮੇਂ ਸੂਝਵਾਨ ਵਿਦਵਾਨਾਂ ਨੂੰ ਸਿੱਖ ਧਰਮ ਦੀ ਕਥਨੀ ਅਤੇ ਕਰਨੀ ਦਾ ਅੰਤਰ ਭੰਬਲਭੂਸੇ ਵਿਚ ਪਾ ਦਿੰਦਾ ਹੈ।
ਅਧਿਆਤਮਕ ਵਿਚਾਰਧਾਰਾ ਧਰਮ ਦਾ ਆਧਾਰ ਹੈ। ਇਸ ਲਈ ਧਰਮ ਨੂੰ ਉਸ ਦੇ ਅਧਿਆਤਮਕ ਪ੍ਰਸੰਗ ਵਿਚ ਹੀ ਸਮਝਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧਰਮ ਦੇ ਵਿਭਿੰਨ ਪੱਖਾਂ ਦਾ ਵਰਣਨ ਕਰਦੀ ਹੈ। ਗੁਰਬਾਣੀ ਅਨੁਸਾਰ ਧਰਮ ਪ੍ਰਭੂ ਪ੍ਰਾਪਤੀ ਦਾ ਪਹਿਲਾ ਪੜਾਅ ਹੈ ਅਤੇ ਦਇਆ, ਸੰਤੋਖ, ਜਤ (ਮਨ ਨੂੰ ਵਸ ਵਿਚ ਰਖਣ) ਤੇ ਸਤ ਦੇ ਅਨੁਕੂਲ ਕਰਮਾਂ ਵਾਲਾ ਜੀਵਨ ਹੈ। “ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥” (ਗੁਰੂ ਗ੍ਰੰਥ ਸਾਹਿਬ, ਪੰਨਾ 471) ਅਤੇ “ਸਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ॥” (ਪੰਨਾ 351)
ਗੁਰਬਾਣੀ ਵਿਚ ਧਰਤੀ ਨੂੰ ਧਰਮਸਾਲਾ, ਧਰਮ ਦਾ ਕਰਮ ਅਸਥਾਨ ਆਖਿਆ ਗਿਆ ਹੈ: “ਧਰਤਿ ਉਪਾਇ ਧਰੀ ਧਰਮ ਸਾਲਾ॥” (ਪੰਨਾ 1033) ਅਤੇ “ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ॥ ਤਿਸ ਵਿਚਿ ਜੀਅ ਜੁਗਤਿ ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥ ਕਰਮੀ ਕਰਮੀ ਹੋਇ ਵਿਚਾਰੁ॥” (ਪੰਨਾ 7)। ਬਦਲਦੀਆਂ ਰੁਤਾਂ ਅਤੇ ਕੁਦਰਤੀ ਤੱਤਾਂ ਵਿਚ ਪ੍ਰਭੂ ਨੇ ਧਰਮ-ਕਰਮ ਲਈ ਧਰਤੀ ਦੀ ਸਥਾਪਨਾ ਕੀਤੀ ਹੈ, ਜਿਸ ਵਿਚ ਕਈ ਤਰ੍ਹਾਂ ਦੇ ਜੀਵ ਜੰਤ ਹਨ। ਉਨ੍ਹਾਂ ਦੇ ਅਣਗਿਣਤ ਨਾਂ ਹੁੰਦਿਆਂ ਵੀ ਉਹ ਸਭ ਸੁਤੰਤਰ ਅਤੇ ਬਰਾਬਰ ਹਨ। ਉਨ੍ਹਾਂ ਦਾ ਨਿਬੇੜਾ ਕਰਮਾਂ ਅਨੁਸਾਰ ਹੁੰਦਾ ਹੈ। ਕਰਮਾਂ ਦਾ ਲੇਖਾ-ਜੋਖਾ ਅਤੇ ਚੰਗੇ-ਬੁਰੇ ਕਰਮਾਂ ਦੀ ਪਰਖ ਧਰਮ ਅਨੁਸਾਰ ਹੁੰਦੀ ਹੈ: “ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ॥” (ਪੰਨਾ 463) ਅਤੇ “ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੈ ਕੇ ਨੇੜੇ ਕੇ ਦੂਰਿ॥” (ਪੰਨਾ 146)। ਇਹੋ ਨਹੀਂ ਸੰਸਾਰਕ ਲਗਾਓ ਜਾਂ ਉਪਰਾਮਤਾ ਦੇ ਦੋ ਵੱਖਰੇ ਰਾਹਾਂ ਵਿਚੋਂ ਇੱਕ ਦੀ ਚੋਣ ਕਰਨ ਵਿਚ ਧਰਮ ਹੀ ਮਨੁੱਖ ਦਾ ਰਾਹਬਰ ਹੁੰਦਾ ਹੈ: “ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ॥” (ਪੰਨਾ 1280)
ਗੁਰਬਾਣੀ ਅਧਿਆਤਮਕ ਕਰਮਾਂ ਨੂੰ ਐਸੀਆਂ ਹਰੀਆਂ ਟਾਹਣੀਆਂ ਵਾਲਾ ਪੇੜ ਆਖਦੀ ਹੈ, ਜਿਸ ‘ਤੇ ਧਰਮ ਦੇ ਫੁਲ ਅਤੇ ਗਿਆਨ ਦੇ ਫਲ ਲਗਦੇ ਹਨ, “ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ॥” (ਪੰਨਾ 1186)। ਦਰਅਸਲ ਗੁਰਬਾਣੀ ਕਰਮ ਪੇੜ ਨੂੰ ਸੰਤੋਖ ਨਾਮੀ ਗੁਰੂ ਦੇ ਰੁੱਖ ਸਮਾਨ ਦੱਸਦੀ ਹੈ, ਜੋ ਪ੍ਰਭੂ ਦੇ ਪ੍ਰੇਮ ਰਸ ਵਿਚ ਹਰਾ ਰਹਿੰਦਾ ਹੈ ਅਤੇ ਜਿਸ ਦੇ ਗਿਆਨ ਫਲ ਪ੍ਰਭੂ ਵਿਚ ਧਿਆਨ ਲਾ ਕੇ ਕੀਤੇ ਕਰਮਾਂ ਨਾਲ ਪੱਕਦੇ ਹਨ। ਉਹ ਗਿਆਨ ਫਲ ਖਾਣ ਨਾਲ ਪਤੀ ਪਰਮੇਸ਼ਰ ਦੇ ਮਿਲਾਪ ਦਾ ਵੱਡਾ ਦਾਨ ਪ੍ਰਾਪਤ ਹੁੰਦਾ ਹੈ: “ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ॥ ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ॥” (ਪੰਨਾ 147)
ਧਰਮ ਦੇ ਅਧਿਆਤਮਕ ਕਰਮ ਕਰਨ ਵਾਲੇ ਮਨੁੱਖ ਬੁਰੇ ਕੰਮਾਂ ਤੋਂ ਦੂਰ ਰਹਿੰਦੇ ਹਨ ਅਤੇ ਸੱਚੇ ਪ੍ਰਭੂ ਵਿਚ ਧਿਆਨ ਲਾ ਕੇ ਸੰਤੋਖੀ ਮਨੁੱਖਾਂ ਵਾਂਗ ਉਸ ਦੀ ਸੇਵਾ ਕਰਦੇ ਹਨ। ਉਹ ਸੰਸਾਰਕ ਬੰਧਨਾਂ ਤੋਂ ਨਿਜਾਤ ਪਾ ਕੇ ਸੰਜਮ ਵਾਲਾ ਜੀਵਨ ਬਤੀਤ ਕਰਦੇ ਹਨ, “ਸੇਵ ਕੀਤੀ ਸੰਤੋਖੀਈ ਜਿਨੀ ਸਚੋ ਸਚੁ ਧਿਆਇਆ॥ ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥ ਓਨੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥” (ਪੰਨਾ 467)। ਐਸੇ ਧਰਮ ਦੇ ਅਧਿਆਤਮਕ ਕਰਮ ਕਰਨ ਵਾਲੇ ਮਨੁੱਖ ਨੂੰ ਹੀ ਗੁਰਬਾਣੀ ਬ੍ਰਹਿਮ ਦਾ ਗਿਆਨ ਰਖਣ ਵਾਲਾ ਬ੍ਰਾਹਮਣ ਮੰਨਦੀ ਹੈ। ਉਹ ਜਪ, ਤਪ ਅਤੇ ਸੰਜਮ ਵਾਲੇ ਕੰਮ ਕਰਦਾ ਹੈ, ਮਿਠੇ ਸੁਭਾਅ ਤੇ ਸੰਤੋਖ ਵਾਲੇ ਧਰਮ ਦਾ ਧਾਰਨੀ ਹੁੰਦਾ ਹੈ ਅਤੇ ਸੰਸਾਰਕ ਬੰਧਨਾਂ ਨੂੰ ਤੋੜ ਕੇ ਉਨ੍ਹਾਂ ਤੋਂ ਮੁਕਤ ਹੋਇਆ ਹੁੰਦਾ ਹੈ। ਐਸਾ ਬ੍ਰਾਹਮਣ ਹੀ ਸਤਿਕਾਰ ਦਾ ਪਾਤਰ ਹੁੰਦਾ ਹੈ, “ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ॥ ਜਪ ਤਪੁ ਸੰਜਮੁ ਕਮਾਵੈ ਕਰਮੁ॥ ਸੀਲ ਸੰਤੋਖ ਕਾ ਰਖੈ ਧਰਮੁ॥ ਬੰਧਨ ਤੋੜੈ ਹੋਵੈ ਮੁਕਤ॥ ਸੋਈ ਬ੍ਰਹਮਣੁ ਪੂਜਣ ਜੁਗਤੁ॥” (ਪੰਨਾ 1411)
ਗੁਰਬਾਣੀ ਦਾ ਇਹ ਵੀ ਨਿਰਣਾ ਹੈ ਕਿ ਧਰਮ ਸੰਸਾਰ ਨੂੰ ਸਵੈ-ਵਿਨਾਸ਼ ਤੋਂ ਬਚਾਉਂਦਾ ਹੈ, “ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥” (ਪੰਨਾ 3)। ਧਰਮ ਦਇਆ ਦਾ ਪੁਤਰ ਧੌਲ ਨਾਮੀ ਬਲਦ ਹੈ, ਜਿਸ ਨੇ ਧਰਤੀ ਨੂੰ ਆਪਣੇ ਸੰਤੋਖ ਦੇ ਸਿੰਗ ਨਾਲ ਡਿਗਣ ਤੋਂ ਬਚਾਇਆ ਹੋਇਆ ਹੈ। ਮਨੁੱਖੀ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਸੰਸਾਰ ਵਿਚ ਜੰਗਾਂ ਛੇੜ ਕੇ ਮਨੁੱਖਤਾ ਵਿਚ ਸਵੈ-ਵਿਨਾਸ਼ ਦੀ ਨੌਬਤ ਲਿਆ ਦਿੰਦੇ ਹਨ, ਜਿਸ ਨੂੰ ਮਨੁੱਖੀ ਅੰਤਿਹਕਰਨ ਵਿਚੋਂ ਦਇਆ, ਸੰਤੋਖ ਤੇ ਸਤ ਦੀ ਧਾਰਮਕ ਭਾਵਨਾ ਜਾਗਰੂਕ ਹੋ ਕੇ ਠੱਲ੍ਹ ਪਾਉਂਦੀ ਹੈ ਅਤੇ ਸੰਸਾਰ ਨੂੰ ਸੂਝ, ਸਾਂਝੀਵਾਲਤਾ, ਪ੍ਰੇਮ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ। ਧਰਮ ਤੋਂ ਬਿਨਾ ਸੰਸਾਰ ਅਤਿਆਚਾਰ ਅਤੇ ਅਨਿਆਂ ਦਾ ਅਖਾੜਾ ਬਣ ਜਾਂਦਾ ਹੈ। ਗੁਰਬਾਣੀ ਦਾ ਫੁਰਮਾਨ ਹੈ, “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ॥ ਸਰਮੁ ਧਰਮੁ ਦੋਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥” (ਪੰਨਾ 722)। ਧਰਮ ਦੇ ਰਾਹ ਤੇ ਚਲਣ ਵਾਲੇ ਸਮਾਜ ਸਤਜੁਗੀ ਸੰਤੋਖ ਦਾ ਸੁਖ ਮਾਣਦੇ ਹਨ, “ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ॥” (ਪੰਨਾ 470)
ਗੁਰਬਾਣੀ ਅਨੁਸਾਰ (1) ਮਨੁੱਖ ਦੇ ਕਰਮ ਉਸ ਦਾ ਧਰਮ ਨਿਰਧਾਰਤ ਕਰਦੇ ਹਨ; (2) ਧਾਰਮਕ ਵਿਅਕਤੀ ਦਇਆ, ਸੰਤੋਖ, ਜਤ ਅਤੇ ਸਤ ਦੇ ਗੁਣਾਂ ਦਾ ਧਾਰਨੀ ਹੁੰਦਾ ਹੈ; (3) ਧਰਮ ਪ੍ਰਭੂ ਗਿਆਨ ਦੀ ਪ੍ਰਾਪਤੀ ਅਤੇ ਉਸ ਨਾਲ ਮਿਲਾਪ ਦਾ ਮਾਰਗ ਹੈ, ਇਹ ਰਾਹ ਹੈ, ਮੰਜ਼ਿਲ ਨਹੀਂ; ਅਤੇ (4) ਧਰਮ ਮਨੁੱਖਤਾ ਨੂੰ ਸੰਸਾਰ ਵਿਚ ਲੋਭ ਅਤੇ ਹੰਕਾਰ ਵਸ ਛੇੜੇ ਯੁਧਾਂ ਦੇ ਵਿਨਾਸ਼ ਤੋਂ ਬਚਾਉਂਦਾ ਹੈ।
ਅਧਿਆਤਮਕ ਗਿਆਨ ਅਦ੍ਰਿਸ਼ਟ ਦਾ ਗਿਆਨ ਹੈ। ਧਰਮ ਦੇ ਅਧਿਆਤਮਕ ਮਾਰਗ ‘ਤੇ ਚਲਣ ਨਾਲ ਹੀ ਅਦ੍ਰਿਸ਼ਟ, ਅਪਦਾਰਥ ਤੇ ਨਿਹਚਲ ਪ੍ਰਭੂ ਅਤੇ ਉਸ ਦੀਆਂ ਸਿਰਜੀਆਂ ਸ਼ਕਤੀਆਂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸਾਧਾਰਣ ਮਨੁੱਖ ਅਦ੍ਰਿਸ਼ਟ ਅਤੇ ਅਪਦਾਰਥ ਅਸਤਿਤੱਵਾਂ ਬਾਰੇ ਜਾਣਨ ਯੋਗ ਨਹੀਂ ਹੁੰਦਾ, ਕਿਉਂਕਿ ਉਸ ਦਾ ਅਨੁਭਵ ਦ੍ਰਿਸ਼ਮਾਨ, ਪਦਾਰਥਕ ਅਤੇ ਨਿਰੰਤਰ ਬਦਲ ਰਹੇ ਜਗਤ ਨੇ ਸੀਮਤ ਕੀਤਾ ਹੁੰਦਾ ਹੈ। ਉਸ ਦੀ ਸੋਚ ਅਤੇ ਗਿਆਨ ਦੀ ਸੀਮਾ ਵਿਗਿਆਨ, ਜੋ ਪਦਾਰਥਕ ਜਗਤ ਦੀ ਜਾਣਕਾਰੀ ਹੈ, ਨਿਰਧਾਰਤ ਕਰਦਾ ਹੈ। ਉਸ ਦੀ ਕਾਲਪਨਿਕ ਯੋਗਤਾ ਸਾਹਿਤ ਅਤੇ ਕਾਵਿ ਰਚਨਾਵਾਂ ਦੇ ਮਨੋਰੰਜਕ ਝੁਕਾ ਅਤੇ ਸਮਾਜ ਵਿਚ ਵਿਚਰ ਰਹੀ ਮਾਇਆ ਤੋਂ ਪ੍ਰਭਾਵਿਤ ਹੋਈ ਹੁੰਦੀ ਹੈ। ਉਹ ਅਦ੍ਰਿਸ਼ਟ ਪ੍ਰਭੂ ਦੀ ਕਲਪਨਾ ਇੱਕ ਵੱਡੇ ਮਨੁੱਖ ਜਾਂ ਜੀਵ ਵਜੋਂ ਹੀ ਕਰ ਸਕਦਾ ਹੈ, ਜਿਸ ਦਾ ਉਸ ਨੂੰ ਅਨੁਭਵ ਹੁੰਦਾ ਹੈ। ਪਰ ਗੁਰਬਾਣੀ ਪ੍ਰਭੂ ਨੂੰ “ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰੈਹੁ ਗੁਣ ਤੇ ਪ੍ਰਭ ਭਿੰਨ॥” (ਪੰਨਾ 283) ਆਖਦੀ ਹੈ। ਪ੍ਰਭੂ ਦਾ ਗਿਆਨ ਪ੍ਰਾਪਤ ਕਰਨ ਲਈ ਮਨੁੱਖ ਨੂੰ ਗੁਰਬਾਣੀ ਵਲੋਂ ਦਰਸਾਏ ਧਰਮ ਦੇ ਰਾਹ ‘ਤੇ ਚਲਣਾ ਪੈਂਦਾ ਹੈ।
ਆਮ ਲੋਕਾਂ ਦੇ ਜੀਵਨ ਦੀ ਰਾਖੀ, ਬਿਹਤਰੀ ਅਤੇ ਭਵਿਖ ਦੇ ਪ੍ਰਬੰਧ ਦੀ ਜਿੰਮੇਵਾਰੀ ਰਾਜਿਆਂ ਜਾਂ ਰਾਜਸੀ ਆਗੂਆਂ ਦੀ ਹੁੰਦੀ ਹੈ। ਰਾਜਿਆਂ ਅਤੇ ਰਾਜਸੀ ਆਗੂਆਂ ਦੀ ਸਫਲਤਾ ਉਨ੍ਹਾਂ ਦੇ ਪ੍ਰਬੰਧਾਂ ਤੇ ਕਾਨੂੰਨ ਪ੍ਰਤੀ ਲੋਕਾਂ ਦੇ ਭਰੋਸੇ, ਪ੍ਰਵਾਨਗੀ ਅਤੇ ਸਹਿਯੋਗ ‘ਤੇ ਨਿਰਭਰ ਕਰਦੀ ਹੈ। ਆਮ ਲੋਕਾਂ ਨੂੰ ਅਕਸਰ ਰਾਜਿਆਂ ਅਤੇ ਰਾਜਸੀ ਆਗੂਆਂ ਦੀ ਈਮਾਨਦਾਰੀ, ਯੋਗਤਾ ਅਤੇ ਕਥਨਾਂ ‘ਤੇ ਵਿਸ਼ਵਾਸ ਨਹੀਂ ਹੁੰਦਾ ਤੇ ਉਹ ਉਨ੍ਹਾਂ ਵਿਰੁਧ ਸੰਘਰਸ਼ ਅਤੇ ਬਗਾਵਤ ਕਰਦੇ ਰਹਿੰਦੇ ਹਨ। ਸੰਘਰਸ਼ ਤੇ ਬਗਾਵਤਾਂ ਰੋਕਣ ਅਤੇ ਵਿਰੋਧੀਆਂ ਨੂੰ ਕਾਬੂ ਤੇ ਅਧੀਨ ਕਰਨ ਲਈ ਰਾਜੇ ਅਤੇ ਰਾਜਸੀ ਆਗੂ ਸਮਾਜ ਵਿਚੋਂ ਐਸੇ ਵਿਅਕਤੀਆਂ ਦੀ ਭਾਲ ਵਿਚ ਰਹਿੰਦੇ ਹਨ, ਜੋ ਲੋਕਾਂ ਨੂੰ ਉਨ੍ਹਾਂ ‘ਤੇ ਭਰੋਸਾ ਕਰਨ ਲਈ ਪ੍ਰੇਰਿਤ ਕਰਨ ਦੇ ਸਮਰੱਥ ਹੋਣ।
ਪੁਜਾਰੀ ਵਰਗ ‘ਤੇ ਲੋਕਾਂ ਦਾ ਅੰਨਾ ਵਿਸ਼ਵਾਸ ਹੁੰਦਾ ਹੈ। ਇਸ ਲਈ ਰਾਜੇ ਅਤੇ ਰਾਜਸੀ ਆਗੂ ਰਾਜ ਵਿਚ ਅਮਨ ਚੈਨ ਰੱਖਣ ਅਤੇ ਲੋਕਾਂ ਨੂੰ ਅਧੀਨ ਕਰਕੇ ਉਨ੍ਹਾਂ ਦਾ ਸ਼ੋਸ਼ਣ ਕਰਨ ਲਈ ਪੁਜਾਰੀਆਂ ਦੀ ਮਦਦ ਲਈ ਪਹੁੰਚ ਕਰਦੇ ਹਨ। ਪੁਜਾਰੀ ਵੀ ਆਪਣੀ ਸ਼ਕਤੀ ਤੇ ਸ਼ਰਧਾਲੂਆਂ ਵਿਚ ਵਾਧਾ ਕਰਨ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਚਾਹਵਾਨ ਹੁੰਦੇ ਹਨ ਤੇ ਰਾਜਿਆਂ ਜਾਂ ਰਾਜਸੀ ਆਗੂਆਂ ਦੇ ਪ੍ਰਸਤਾਵ ਦਾ ਸੁਆਗਤ ਕਰਦੇ ਹਨ। ਆਪਣੀਆਂ ਮਜਬੂਰੀਆਂ ਤੇ ਲੋੜਾਂ ਨੂੰ ਮੁੱਖ ਰਖਦਿਆਂ ਪੁਜਾਰੀ ਅਤੇ ਸਿਆਸਤਦਾਨ ਇੱਕ ਦੂਜੇ ਦੇ ਸਹਿਯੋਗੀ ਤੇ ਸਹਾਇਕ ਬਣ ਜਾਂਦੇ ਹਨ, ਪਰ ਧਾਰਮਕ ਅਤੇ ਰਾਜਸੀ ਆਗੂਆਂ ਦਾ ਲੋਭ, ਸ਼ਕਤੀ ਦੀ ਲਾਲਸਾ ਤੇ ਲੋਕਾਂ ਦਾ ਸ਼ੋਸ਼ਣ ਕਰਨ ਦੀ ਇੱਛਾ ਦਾ ਲੋਕਾਂ ਵਲੋਂ ਵਿਰੋਧ ਹੋਣਾ ਸੁਭਾਵਿਕ ਹੈ। ਲੋਕਾਂ ਦੇ ਵਿਰੋਧ ਦਾ ਮਨੋਰਥ ਧਰਮ ਅਤੇ ਸਿਆਸਤ ਦੀ ਅਸੰਗਤੀ ਦਾ ਪ੍ਰਗਟਾਵਾ ਕਰਕੇ ਉਨ੍ਹਾਂ ਦੀ ਅਧਰਮੀ ਭਾਈਵਾਲੀ ਸਮਾਪਤ ਕਰਨਾ ਹੁੰਦਾ ਹੈ।
ਸਿਆਸਤਦਾਨਾਂ ਦੀ ਸਰਪ੍ਰਸਤੀ ਤੋਂ ਬਿਨਾ ਮਿਥਿਹਾਸ ‘ਤੇ ਆਧਾਰਤ ਧਰਮ ਦੀਆਂ ਸੰਪਰਦਾਵਾਂ ਆਪਸੀ ਟਕਰਾਓ ਦਾ ਰਾਹ ਅਪਨਾ ਲੈਂਦੀਆਂ ਹਨ।