ਚੁੱਪ ਦਾ ਸ਼ੋਰ-ਇਹ ਭਲਾ ਕਿਵੇਂ ਹੋ ਸਕਦਾ? ਜੇ ਚੁੱਪ ਹੈ ਤਾਂ ਸ਼ੋਰ ਕੇਹਾ? ਇਹੀ ਤਾਂ ਤੱਥ ਹੈ ਜੋ ਦਵਿੰਦਰ ਗੀਤ ਕੌਰ ਨੇ ਆਪਣੇ ਇਸ ਲੇਖ ਵਿਚ ਜ਼ਿੰਦਗੀਆਂ ਦੀਆਂ ਪਰਤਾਂ ਫਰੋਲ ਕੇ ਸਾਡੇ ਸਾਹਮਣੇ ਉਜਾਗਰ ਕੀਤਾ ਹੈ।
-ਸੰਪਾਦਕ
ਦਵਿੰਦਰ ਗੀਤ ਕੌਰ, ਕੈਨੇਡਾ
ਜਿੰ.ਦਗੀ ਦੀ ਭੱਜ ਦੌੜ ਵੀ ਬਹੁਤ ਅਜੀਬ ਹੈ। ਦੁਨੀਆਂ ਸਾਹਮਣੇ ਹਰ ਘੜੀ ਹੱਸਦਾ ਹੁਸੀਨ ਚਿਹਰਾ ਅੰਦਰੋਂ ਗਮਗੀਨ ਹੈ। ਟੁੱਟੇ ਖੁਆਬ, ਟੁੱਟੇ ਰਿਸ਼ਤੇ, ਟੁੱਟੇ ਵਿਸ਼ਵਾਸ ਤੇ ਅਰਮਾਨਾਂ ਦੇ ਸਿਵੇ ਦੀ ਰਾਖ, ਜਦੋਂ ਘੱਟਾ ਬਣ ਹਨੇਰੀਆਂ ਸੁੰਨੀਆਂ ਰਾਤਾਂ ਨੂੰ ਨੈਣੀਂ ਰੜਕਦੀ ਹੈ, ਤਾਂ ਚਹੁੰ ਪਾਸੇ ਗੁੰਜਦਾ, Ḕਚੁੱਪ ਦਾ ਸ਼ੋਰ।Ḕ ਇਨਸਾਨ ਦੀ ਇਹ ਹਾਲਤ ਉਹਨੂੰ ਇਸ ਕਦਰ ਅੰਦਰੋ ਅੰਦਰੀ ਨਿਰਾਸ਼ ਤੇ ਦਿਸ਼ਾਹੀਣ ਕਰ ਦਿੰਦੀ ਹੈ ਕਿ ਉਹ ਆਪਣੀ ਇੱਛਾ ਅਨੁਸਾਰ ਕੁਝ ਵੀ ਨਹੀਂ ਕਰ ਪਾਉਂਦਾ। ਅਤੀਤ ‘ਚੋਂ ਮਿਲੇ ਧੋਖੇ, ਉਹਨੂੰ ਸੁਨਹਿਰੀ ਭਵਿੱਖ ਵੱਲ ਧਿਆਨ ਦੇਣ ਤੋਂ ਡਰਾਉਂਦੇ ਨੇ, ਜਿਉਂਦੇ ਜੀਅ ਲਾਸ਼ ਬਣੇ ਇਨਸਾਨ ਦੀਆਂ ਅੱਖਾਂ ਪਥਰਾ ਤੇ ਕੰਨ ਇਸ ਕਦਰ ਬੋਲੇ ਹੋ ਜਾਂਦੇ ਨੇ ਕਿ ਉਹ ਆਪਣੇ ਅੰਦਰ ਹਨੇਰੇ ਵਾਂਗ ਪਸਰ ਰਹੇ ਇਕਲਾਪੇ ਦੇ ਦਰਦ ਨੂੰ ਮਹਿਸੂਸ ਨਹੀਂ ਕਰ ਪਾਉਂਦਾ।
ਉਹਦੀ ਆਪਣੇ ਮਨ ਅੰਦਰ ਉਸਾਰੀ ਬੇਲੋੜੀ ਕੰਧ, ਉਹਦਾ ਵਿਕਾਸ ਨਹੀਂ ਹੋਣ ਦਿੰਦੀ। ਮਨੁੱਖ ਅੰਦਰ ਕਿੰਨਾ ਕੁਝ ਅਣਕਿਹਾ ਤੇ ਅਣਸੁਣਿਆ ਹੈ, ਜੋ ਤਮਾਮ ਉਮਰ ਸਾਡੇ ਅਣਭੋਲ ਮਨ ਅੰਦਰ ਹੀ ਕਿਸੇ ਕੋਨੇ ‘ਚ ਅਣਛੋਹਿਆ ਰਹਿ ਜਾਂਦਾ। ਜ਼ਿੰਦਗੀ ਦੇ ਇਸ ਸਫਰ ਦੌਰਾਨ ਪਰਮਾਤਮਾ ਅਣਮਿੱਥੇ ਵੇਲੇ ਕਿਸੇ ਅਣਜਾਣ ਵਿਅਕਤੀ ਨੂੰ ਇਕ ਦੋਸਤ ਦੇ ਰੂਪ ਵਿਚ ਸਾਹਮਣੇ ਲਿਆ ਖੜ੍ਹਾ ਕਰਦਾ, ਜੋ ਨੈਣਾਂ ਦੇ ਦਰਪਣ ਰਾਹੀਂ ਤੁਹਾਡੇ ਦਿਲ ਦੇ ਅੰਦਰ ਵੱਲ ਨੂੰ ਖੁੱਲ੍ਹਣ ਵਾਲੀ ਬਾਰੀ ਥਾਂਈਂ ਝਾਤੀ ਮਾਰਦਾ, ਭਾਵ ਤੁਹਾਡੇ ਬਿਨਾ ਕੁਝ ਕਹੇ ਜਾਂ ਦੱਸੇ ਡਾਕਟਰ ਵਾਂਗ ਦੁਖਦੀ ਨਬਜ਼ ਫੜ ਲੈਂਦਾ, ਤੇ ਮੁੜ ਆਪ ਮੁਹਾਰੇ ਵਿਸ਼ਵਾਸ, ਮੋਹ ਤੇ ਅਪਣੱਤ ਨਾਲ ਭਿੱਜੇ ਨਿੱਘੇ ਰਿਸ਼ਤੇ ਨਾਲ ਤੁਹਾਨੂੰ ਗਲ ਨਾਲ ਲਾਉਂਦਾ। ਦੁੱਖ ਦਰਦ ਨਾਲ ਭਰੇ ਇਨਸਾਨ ਨੂੰ ਇਹ ਸਭ ਹੈਰਾਨੀਜਨਕ ਲੱਗਣਾ ਸੁਭਾਵਿਕ ਤੌਰ ‘ਤੇ ਸਹੀ ਹੈ, ਪਰ ਇਸ ਸਭ ਨੂੰ ਨਕਾਰਨਾ ਉਹਦੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਤੇ ਇੰਜ ਕਰਕੇ ਉਹ ਕੁਦਰਤ ਨੂੰ ਲਲਕਾਰਦਾ ਹੈ।
ਕਿਉਂਕਿ ਅਸਹਿ ਦੁੱਖ-ਤਕਲੀਫਾਂ ਤੋਂ ਗੁਜ਼ਰ ਚੁਕੇ ਇਨਸਾਨ ਦਾ ਦਿਲ ਆਪਣੀ ਕੋਮਲਤਾ ਗੁਆ ਬੈਠਦਾ ਤੇ ਅਚਾਨਕ ਮੋਹ ਦੀਆਂ ਤੰਦਾਂ ਨਾਲ ਨਵਾਂ ਬੁਣਦਾ ਰਿਸ਼ਤਾ, ਉਹਦੇ ਲਈ ਮੁੜ ਜ਼ਿੰਦਗੀ ਨੂੰ ਜਿਉਣ ਦੀ ਇਕੋ ਵਜ੍ਹਾ ਹੈ, ਉਹ ਉਸ ਕੋਲੋਂ ਵੀ ਪੱਲਾ ਛਡਾ ਕੇ ਭੱਜਣਾ ਚਾਹੁੰਦਾ।
ਦਰਅਸਲ ਕਈ ਵਾਰ ਪੜ੍ਹਨ, ਸੁਣਨ ਤੇ ਵੇਖਣ ‘ਚ ਆਉਂਦਾ ਕਿ ਇਨਸਾਨ ਦਾ ਮਨ ਬਦਲਾਓ ਲਈ ਤਿਆਰ ਨਹੀਂ ਹੁੰਦਾ, ਜਦਕਿ ਬਦਲਾਓ ਮਨੁੱਖੀ ਜੀਵਨ ਸ਼ੈਲੀ ਦੀ ਅਹਿਮ ਲੋੜ ਹੈ। ਸਾਨੂੰ ਕੋਈ ਵੀ ਧਾਰਨਾ ਬਣਾਉਣ ਤੋਂ ਪਹਿਲਾ ਜ਼ਰੂਰ ਸੋਚਣਾ ਚਾਹੀਦਾ।
ਕੁਦਰਤ ਦਾ ਨਿਰਮਾਣ ਵੀ ਤਾਂ ਬਦਲਾਓ ਦਾ ਹੀ ਇਕ ਹਿੱਸਾ ਹੈ। ਬਦਲਾਓ ਦੀ ਇਹ ਗਤੀਸ਼ੀਲ ਕ੍ਰਿਆ ਸਾਨੂੰ ਨਿਰਲੇਪ ਅਣਥੱਕ ਜੀਵਨ ਜਿਉਣ ਦੀ ਜਾਂਚ ਸਿਖਾਉਂਦੀ ਹੈ। ਰੁੱਖਾਂ ਤੇ ਪਹਾੜਾਂ ਦੀ ਅਡੋਲਤਾ ਸਾਡੀ ਹੌਸਲਾ ਅਫਜ਼ਾਈ ਕਰਦੀ ਹੈ ਤੇ ਸਬਕ ਸਿਖਾਉਂਦੀ ਹੈ। ਇਨਸਾਨ ਨੂੰ ਜ਼ਿੰਦਗੀ ਦੀਆਂ ਰੁੱਤਾਂ ਨੂੰ ਖੁਸ਼ੀਆਂ ਖੇੜਿਆਂ ਨਾਲ ਬਿਤਾਉਣ ਲਈ ਉਤਸ਼ਾਹਿਤ ਕਰਦੀਆਂ ਹਨ। ਪਰਵਾਸੀ ਪੰਛੀ ਤਾਂ ਇਕ ਲਾਜਵਾਬ ਮਿਸਾਲ ਹਨ, ਪਰਵਾਸੀਆਂ ਲਈ। ਜੇ ਇਹ ਪੰਛੀ ਬਦਲਾਓ ਦਾ ਹਿੱਸਾ ਬਣ ਸਕਦੇ ਹਨ ਤੇ ਫਿਰ ਮਨੁੱਖ ਕਿਉਂ ਨਹੀਂ? ਇਹ ਨਦੀਆਂ, ਝਰਨੇ ਸਾਨੂੰ ਹਰ ਰੁੱਤੇ ਨਿਰੰਤਰ ਤੁਰਦੇ ਰਹਿਣ ਦਾ ਸੁਨੇਹਾ ਦਿੰਦੇ ਹਨ। ਮਹਿਕਾਂ ਭਰੀ ਜ਼ਿੰਦਗੀ ਜਿਉਣ ਲਈ ਸਾਨੂੰ ਖੁਸ਼ੀਆਂ ਦੇ ਫੁੱਲਾਂ ਦੀ ਫੁਲਕਾਰੀ ਵਾਲੀ ਚਾਦਰ ਦੀ ਬੁੱਕਲ ਨਾਲ ਤਨ, ਮਨ ਕੱਜਣ ਦੀ ਲੋੜ ਹੈ, ਕਿਉਂਕਿ ਇਨ੍ਹਾਂ ਫੁੱਲਾਂ ਦੇ ਕਿਰ ਜਾਣ ਪਿਛੋਂ ਵੀ ਇਨ੍ਹਾਂ ਦੀ ਮਹਿਕ ਨਹੀਂ ਗੁਆਚਦੀ। ਅਸਮਾਨੀਂ ਚਮਕਦਾ ਤਾਰਾ ਟੁੱਟ ਕੇ ਵੀ ਆਪਣੀ ਰੋਸ਼ਨੀ ਨਹੀਂ ਗਵਾਉਂਦਾ। ਹਨੇਰੀ ਰਾਤ ਨੂੰ ਰੁਸ਼ਨਾਉਂਦਾ ਇੱਕ ਜੁਗਨੂੰ ਹੌਸਲੇ ਦਾ ਪ੍ਰਤੀਕ ਹੈ। ਮੱਸਿਆ ਤੋਂ ਪੁੰਨਿਆ ਦੀ ਰਾਤ ਤੀਕ ਦਾ ਸਫਰ ਠੀਕ ਉਸੇ ਆਸ ਦਾ ਬਿੰਬ ਹੈ, ਜੋ ਬਸੰਤ ਤੋਂ ਬਹਾਰ, ਸਾਵਣ ਤੋਂ ਪੱਤਝੜ ਤੱਕ ਦਾ ਸਫਰ ਤੈਅ ਕਰਾਉਂਦੀ ਹੈ।
ਚੜ੍ਹਦਾ ਸੂਰਜ ਸਬਰ ਦਾ ਫਲ। ਢਲਦੀ ਸ਼ਾਮ ਰਾਤ ਦੇ ਹਨੇਰੇ ਵਿਚ ਪੂਰਾ ਦਿਨ ਊਰਜਾ ਵਿਚ ਬਿਤਾਉਣ ਮਗਰੋਂ ਸਾਡੇ ਵਿਸ਼ਵਾਸ ਦਾ ਇਮਤਿਹਾਨ ਲੈਂਦੀ ਹੈ, ਤੇ ਨਵੀਂ ਸਵੇਰ ਦੀ ਬੁੱਕਲ ‘ਚ ਲੁਕੇ ਸੋਹਣੇ ਪੰਛੀਆਂ ਦੇ ਸੁਰ, ਸੰਗੀਤ, ਮਹਿਕਾਂ ਤੇ ਹੁਲਾਰ ਨਾਲ ਭਰੇ ਨਵੇਂ ਜੀਵਨ ਨਾਲ ਰੂਬਰੂ ਕਰਵਾਉਂਦੀ ਹੈ। ਇਨ੍ਹਾਂ ਮਿਸਾਲਾਂ ਤੋਂ ਜੇ ਇਨਸਾਨ ਸਿੱਖਣਾ ਚਾਹੇ ਤਾਂ ਕੀ ਕੁਝ ਨਹੀਂ ਸਿੱਖ ਸਕਦਾ। ਕੁਦਰਤ ਅਭੇਦ ਹੈ, ਸਿਰਫ ਲੋੜ ਹੈ ਤਾਂ ਦੇਖਣ ਵਾਲੀ ਅੱਖ ਦੀ, ਚੰਗੀ ਉਸਾਰੂ ਸੋਚ ਦੀ।
ਆਸ਼ਾਵਾਦੀ ਇਨਸਾਨ ਨਵੀਨੀਕਰਣ ਦਾ ਹਿੱਸਾ ਬਣਦਾ ਤੇ ਆਪਣੀ ਉਸਾਰੂ ਸੋਚ ਨਾਲ ਸਮਾਜ ਦਾ ਵਿਕਾਸ ਕਰਦਾ ਹੈ। ਇਹ ਨਵੀਨੀਕਰਣ ਦੀ ਪ੍ਰਤੀਕ੍ਰਿਆ ਹੀ ਮਨੁੱਖ ਨੂੰ ਜ਼ਿੰਦਗੀ ਦੇ ਸਫਰ ਦੌਰਾਨ ਮਿਲੀਆਂ ਤੇਜ਼ ਧੁੱਪਾਂ ਤੇ ਠੰਡੀਆਂ ਛਾਂਵਾਂ। ਰਾਹ ਵਿਚ ਮਿਲੇ ਢਾਬ, ਦਰਿਆ, ਖੂਬਸੂਰਤ ਝੀਲਾਂ ਤੇ ਗੰਦਲੇ ਟੋਭੇ ਵਿਚਲਾ ਅੰਤਰ ਸਮਝਾਉਂਦੀਆਂ ਨੇ। ਖੂਬਸੂਰਤੀ ਵਿਚ ਮਨੁੱਖ ਖੁੱਲ੍ਹ ਕੇ ਜਿਉਂਦਾ ਤੇ ਗੰਦਗੀ ਵਿਚ ਉਸ ਦਾ ਦਮ ਘੁੱਟਦਾ।
ਸੋਹਣਾ ਸਿਹਤਮੰਦ ਭਵਿੱਖ ਸਿਰਜਣ ਲਈ ਸਾਨੂੰ ਆਪਣੇ ਅਤੀਤ ਨੂੰ ਮੁਆਫ ਕਰ ਉਹਦੀ ਕੁੜਿੱਤਣ ਦਿਲ ਵਿਚੋਂ ਕੱਢ ਆਪਣਾ ਦਿਲ ਮੁੜ ਮਿਠਾਸ ਨਾਲ ਭਰ, ਆਪਣੀਆਂ ਗਲਤੀਆਂ ਤੋਂ ਸਬਕ ਸਿੱਖ, ਪਹਿਲਾਂ ਨਾਲੋ ਵੀ ਹੋਰ ਉਤੇਜਿਤ ਭਾਵਨਾਵਾਂ ਨਾਲ ਮੁੜ ਉਜਵੱਲ ਸਫਰ ਵੱਲ ਪੈੜਾਂ ਪੁੱਟ, ਬੇਖੌਫ ਹੋ ਕੇ, ਆਪਣੇ ਅਧੂਰੇ ਸੰਦਰਭ ਨੂੰ ਪੂਰਨ ਲਈ ਰੂਹ ਦੇ ਹਾਣੀ ਦਾ ਅਟੁੱਟ ਨਿੱਘਾ ਸਾਥ ਮਾਣਨਾ ਚਾਹੀਦਾ ਹੈ। ਉਹ ਸਾਥ, ਜੋ ਤੁਹਾਡੇ ਹੌਸਲੇ ਬੁਲੰਦ ਕਰੇ, ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰੇ, ਦਿਲ ਦੇ ਭੇਦ ਜਾਣੇ, ਰਿਸ਼ਤੇ ਦਾ ਮੂਲ ਤੱਤ ਪਛਾਣੇ। ਬਸ ਇਹੋ ਹਨ, ਜ਼ਿੰਦਗੀ ਜਿਉਣ ਦੇ ਸਰਲ ਉਪਾਅ, ਜੋ ਸਾਡੇ ਅੰਦਰ ਕੁਝ ਵੀ ਅਣਕਿਹਾ ਤੇ ਅਣਸੁਣਿਆ ਨਹੀਂ ਰਹਿਣ ਦਿੰਦੇ।