ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਹਰਫਾਂ ਦੀ ਬਾਤ ਪਾਉਂਦਿਆਂ ਕਿਹਾ ਸੀ, “ਹਰਫਾਂ ਨਾਲ ਗੱਲਾਂ ਕਰੋ, ਉਹ ਹੁੰਗਾਰਾ ਭਰਨਗੇ। ਆਪਣੀ ਵੇਦਨਾ ਦੱਸੋ, ਉਹ ਵੇਦਨਾ ਨੂੰ ਵਰ ਬਣਾ ਦੇਣਗੇ।”
ਹਥਲੇ ਲੇਖ ਵਿਚ ਉਨ੍ਹਾਂ ਮਨੁੱਖੀ ਸ਼ਖਸੀਅਤ ਤਿੰਨ ਗਹਿਣਿਆਂ-ਇਤਬਾਰ, ਇੱਜਤ ਤੇ ਇਖਲਾਕ ਦੀ ਇਬਾਦਤ ਕੀਤੀ ਹੈ। ਉਹ ਕਹਿੰਦੇ ਹਨ, “ਇਤਬਾਰ ਵਿਚੋਂ ਹੀ ਇੱਜਤ ਪਨਪਦੀ ਕਿਉਂਕਿ ਬਹੁਤ ਹੀ ਸੂਖਮ ਅਤੇ ਸਹਿਜ ਵਰਤਾਰੇ ਵਿਚੋਂ ਮਨੁੱਖੀ ਬਿੰਬ ਦੀ ਸਿਰਜਣਾ ਹੁੰਦੀ।…ਇੱਜਤਦਾਰ ਲੋਕ ਹੀ ਇੱਜਤ ਦਾ ਮੁੱਲ ਜਾਣਦੇ। ਬੇਗੈਰਤਾਂ ਲਈ ਇੱਜਤ ਦੇ ਕੋਈ ਅਰਥ ਨਹੀਂ।…ਮਨੁੱਖ, ਸੁੱਖ-ਸਹੂਲਤਾਂ, ਰੁਤਬਾ, ਕੁਰਸੀ ਜਾਂ ਅਹੁਦਾ ਤਾਂ ਧਨ ਨਾਲ ਖਰੀਦ ਸਕਦਾ, ਪਰ ਇੱਜਤ, ਇਤਬਾਰ ਅਤੇ ਇਖਲਾਕ ਕਦੇ ਨਹੀਂ ਖਰੀਦਿਆ ਜਾ ਸਕਦਾ।” ਇਸ ਕਥਨ ਵਿਚ ਕਿੰਨਾ ਸੱਚ ਹੈ, “ਇੱਜਤ, ਇਤਬਾਰ ਤੇ ਇਖਲਾਕ, ਮਨ ਦੀ ਮੌਜ। ਰੂਹ ਦੀ ਖੁਰਾਕ।…ਇੱਜਤ, ਇਤਬਾਰ ਅਤੇ ਇਖਲਾਕ ਕਦੇ ਨਹੀਂ ਵਿਕਾਊ।…ਇਖਲਾਕ ਹੈ ਤਾਂ ਸਭ ਕੁਝ ਹੈ। ਬੇਇੱਜਤੇ ਲੋਕਾਂ ਦਾ ਕੋਈ ਨਹੀਂ ਦੀਨ-ਇਮਾਨ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਮਨੁੱਖੀ ਸ਼ਖਸੀਅਤ ਤਿੰਨ ਗੁਣਾਂ ‘ਤੇ ਆਧਾਰਤ-ਇਤਬਾਰ, ਇੱਜਤ ਅਤੇ ਇਖਲਾਕ। ਇਨ੍ਹਾਂ ਵਿਚੋਂ ਇਕ ਦੀ ਘਾਟ, ਅਸਾਵਾਂਪਣ ਪੈਦਾ ਕਰ ਸ਼ਖਸੀ-ਤਰੇੜ ਬਣਨ ਦੀ ਸੰਭਾਵਨਾ ਪੈਦਾ ਕਰਦੀ।
ਇਤਬਾਰ, ਇੱਜਤ ਅਤੇ ਇਖਲਾਕ ਇਕ ਦੂਜੇ ਦਾ ਆਧਾਰ ਤੇ ਆਸਰਾ। ਇਕ ਵਿਚੋਂ ਦੂਜੇ ਅਤੇ ਫਿਰ ਤੀਜੇ ਗੁਣ ਦੀ ਸਿਰਜਣਾ। ਤਿੰਨੇ ਇਕ ਦੂਜੇ ਦਾ ਸਮਰੂਪ, ਇਕ ਦੂਜੇ ਦੀ ਆਭਾ। ਇਕ ਵੰਝਲੀ, ਦੂਜਾ ਮਾਰੀ ਹੋਈ ਫੂਕ ਅਤੇ ਤੀਜਾ ਇਸ ‘ਚੋਂ ਪੈਦਾ ਹੋਈ ਸੁਰ-ਸ਼ਹਿਨਾਈ।
ਇਤਬਾਰ ਵਾਲੇ ਲੋਕਾਂ ਦੀ ਇੱਜਤ ਹੁੰਦੀ ਅਤੇ ਲੋਕ ਉਨ੍ਹਾਂ ਦੀ ਇੱਜਤ ਕਰਦੇ। ਉਹ ਆਪਣੀ ਜੁਬਾਨ ਦੇ ਪੱਕੇ। ਦੁਨਿਆਵੀ ਲਾਭ ਲਈ ਨਹੀਂ ਥਿੜਕਦੇ। ਲਾਲਸਾਵਾਂ ‘ਤੇ ਪੂਰਨ ਕਾਬੂ। ਇਤਬਾਰਯੋਗ ਸ਼ਖਸੀਅਤ, ਸਾਬਤ ਕਦਮੀਂ ਖੜ੍ਹੇ ਰਹਿਣ ਅਤੇ ਅਸੂਲਾਂ ‘ਤੇ ਪਹਿਰੇਦਾਰੀ ਕਰਨ ਲਈ ਪ੍ਰਣ। ਇਤਬਾਰ ਕਾਰਨ ਹੀ ਉਨ੍ਹਾਂ ਦਾ ਸਮਾਜਕ ਸਥਾਨ ਇੱਜਤਦਾਰ ਹੁੰਦਾ। ਇੱਜਤ ਵਾਲੇ ਲੋਕ ਹੀ ਇਖਲਾਕੀ ਹੁੰਦੇ। ਸਾਫ-ਸੁਥਰੀ ਦਿੱਖ ਅਤੇ ਜਲੌਅ ਦਾ ਪ੍ਰਤੀਕ। ਚੜ੍ਹਦੇ ਸੂਰਜ ਜਿਹੀ ਲੋਅ ਤੇ ਦੁਪਹਿਰ ਵਰਗਾ ਨਿੱਘ। ਬਦ-ਇਖਲਾਕੀ ਦੇ ਰਾਤਰੀ ਹਨੇਰੀਆਂ ਨੂੰ ਹੂੰਝ ਨਵੀਂਆਂ ਤਰਜ਼ੀਹਾਂ ਤੇ ਤਕਦੀਰਾਂ ਸਿਰਜਣ ਦੇ ਅਲੰਬਰਦਾਰ।
ਇਤਬਾਰ ਹੋਵੇ ਤਾਂ ਰਿਸ਼ਤਿਆਂ ‘ਚ ਪਾਕੀਜ਼ਗੀ ਅਤੇ ਸ਼ਫਾਫਤ ਬਰਕਰਾਰ। ਰਿਸ਼ਤਿਆਂ ਵਿਚ ਤਰੇੜਾਂ ਪੈਣ ਦੀ ਕੋਈ ਨਹੀਂ ਸੰਭਾਵਨਾ। ਨਿਭਦੀਆਂ ਨੇ ਉਮਰ ਦੀਆਂ ਸਾਝਾਂ। ਲੋਕ ਅਜਿਹੇ ਸੱਜਣਾਂ ਨੂੰ ਸਿੱਜਦਾ ਕਰਦੇ ਅਤੇ ਉਨ੍ਹਾਂ ਦੀ ਸਾਂਝ ਦਾ ਦਮ ਭਰਦੇ।
ਇਤਬਾਰ ‘ਤੇ ਖੜ੍ਹੀ ਹੈ, ਸਾਰੀ ਦੁਨੀਆਂ ਤੇ ਦੁਨੀਆਂਦਾਰੀ। ਬੇਇਤਬਾਰੇ ਯੁੱਗ ਵਿਚ ਇਤਬਾਰ ਬਣਾਉਣ ਲਈ ਲੱਗ ਜਾਂਦੀ ਏ ਉਮਰ। ਪਿਛਲੇ ਸਮੇਂ ਵਿਚ ਹਰ ਰਿਸ਼ਤਾ ਅਤੇ ਲੈਣ-ਦੇਣ ਇਤਬਾਰ ‘ਤੇ ਨਿਰਭਰ ਸੀ। ਕੋਈ ਨਹੀਂ ਸੀ ਲਿਖਾ-ਪੜ੍ਹੀ। ਇਸ ‘ਚੋਂ ਹੀ ਮਨੁੱਖੀ ਸੋਚ ਨੂੰ ਮਿਲੀ ਸੀ ਨਵੀਂ ਬੁਲੰਦੀ।
ਇਤਬਾਰ ਵਿਚੋਂ ਹੀ ਇੱਜਤ ਪਨਪਦੀ ਕਿਉਂਕਿ ਬਹੁਤ ਹੀ ਸੂਖਮ ਅਤੇ ਸਹਿਜ ਵਰਤਾਰੇ ਵਿਚੋਂ ਮਨੁੱਖੀ ਬਿੰਬ ਦੀ ਸਿਰਜਣਾ ਹੁੰਦੀ। ਇਸ ਦੀ ਉਸਾਰੀ ਵਿਚ ਲੱਗ ਜਾਂਦਾ ਸਮੁੱਚਾ ਜੀਵਨ। ਇੱਜਤ ਹੋਵੇ ਤਾਂ ਤੁਹਾਡੇ ਲਿਬਾਸ, ਕੋਠੀਆਂ, ਕਾਰਾਂ ਜਾਂ ਜਾਇਦਾਦ ਅਰਥਹੀਣ। ਸੱਥ ਵਿਚ ਕਿਸੇ ਬਜੁਰਗ ਦਾ ਕਹਿਣਾ ਕਿੰਨੇ ਵੱਡੇ ਅਰਥ ਰੱਖਦਾ ਹੈ ਕਿ ਜਿਥੇ ਅਧਿਆਪਕ ਨੇ ਖੜ੍ਹੇ ਹੋ ਜਾਣਾ, ਉਥੇ ਬਲੈਕੀਏ ਦੀ ਕੀ ਇੱਜਤ? ਭਾਵੇਂ ਬਲੈਕੀਏ ਕੋਲ ਮਣਾਂ ਮੂੰਹੀ ਦੌਲਤ ਹੋਵੇ। ਇੱਜਤ ਨੂੰ ਧਨ, ਰੋਅਬ ਜਾਂ ਰੁਤਬੇ ਨਾਲ ਨਹੀਂ ਸਗੋਂ ਹਲੀਮੀ ਅਪਣੱਤ, ਸੁਆਰਥਹੀਣਤਾ ਅਤੇ ਬੰਦਿਆਈ ਨਾਲ ਕਮਾਇਆ ਜਾ ਸਕਦਾ।
ਇੱਜਤ ਮੁੱਲ ਨਹੀਂ ਵਿਕਦੀ। ਹਾਂ ਕੁਝ ਲੋਕ ਇਸ ਨੂੰ ਸ਼ੱਰੇ-ਬਾਜ਼ਾਰ ਰੋਲਣ ਲਈ ਆਪਹੁਦਰਾਪਣ ਤੇ ਜਾਹਲਪੁਣਾ ਜ਼ਰੂਰ ਦਿਖਾਉਂਦੇ। ਇੱਜਤਦਾਰ ਲੋਕ ਹੀ ਇਜਤ ਦਾ ਮੁੱਲ ਜਾਣਦੇ। ਬੇਗੈਰਤਾਂ ਲਈ ਇੱਜਤ ਦੇ ਕੋਈ ਅਰਥ ਨਹੀਂ। ਜਿਨ੍ਹਾਂ ਦੀ ਆਪਣੀ ਕੋਈ ਇੱਜਤ ਨਹੀਂ, ਉਹ ਬੇਇੱਜਤ ਕਰਨ ਲੱਗਿਆਂ ਪਲ ਨਹੀਂ ਲਾਉਂਦੇ। ਉਨ੍ਹਾਂ ਦੀ ਸੋਚ ਵਿਚ ਆਇਆ ਵਿਗਾੜ, ਹਾਲਾਤ, ਸਾਥ ਜਾਂ ਚੌਗਿਰਦੇ ਦੀ ਦੇਣ। ਤੁਸੀਂ ਕਿਹੋ ਜਿਹੇ ਹੋ, ਇਹ ਤੁਹਾਡੀ ਉਠਣੀ-ਬੈਠਣੀ ਤੇ ਸੰਗੀ-ਸਾਥੀ ਨਿਰਧਾਰਤ ਕਰਦੇ।
ਇੱਜਤ ਰੂਹ ਦੀ, ਰੱਜ ਦੀ, ਚਾਅ ਦੀ, ਸੂਹੀ ਭਾਅ ਦੀ ਅਤੇ ਮਨ ਵਿਚ ਉਠੇ ਸੰਦਲੀ ਸੁਭਾਅ ਦੀ ਜਦ ਮਨ-ਬਾਰੀ ਵਿਚੋਂ ਝਾਕਦੀ ਤਾਂ ਇਸ ਦੀਆਂ ਕਿਰਨਾਂ ‘ਚ ਰੁਸ਼ਨਾਉਂਦੀ ਚੌਗਿਰਦੇ ਦੀ ਆਭਾ। ਮਨੁੱਖ ਇਕ ਰੋਲ ਮਾਡਲ, ਜੋ ਹੋਰਨਾਂ ਵਿਚ ਜਾਗ ਲਾਉਂਦਾ, ਵਕਤ ਦੀ ਸੁੱਚੀ ਤਸ਼ਬੀਹ ਸਿਰਜਣ ਲਈ ਉਕਸਾਉਂਦਾ।
ਇੱਜਤ ਅਤੇ ਇਤਬਾਰ ਵਿਚੋਂ ਹੀ ਇਖਲਾਕ ਨੂੰ ਨਵਾਂ ਮੁਹਾਂਦਰਾ ਅਤੇ ਨਰੋਈ ਦਿੱਖ ਮਿਲਦੀ। ਇਹ ਦਿੱਖ ਹੀ ਕਈ ਪੀੜੀਆਂ ਤੀਕ ਕਿਸੇ ਸਮਾਜ, ਕੌਮ ਜਾਂ ਨਸਲ ਨੂੰ ਬਾਕੀਆਂ ਨਾਲੋਂ ਵਿਲੱਖਣ ਅਤੇ ਵਿਭਿੰਨ ਦਰਜਾ ਦਿੰਦੀ। ਇਖਲਾਕ ਦਾ ਕੇਹਾ ਪੈਮਾਨਾ ਪੁਰਾਣੇ ਸਿੰਘਾਂ ਨੇ ਸਿਰਜਿਆ ਸੀ ਕਿ ਬਿਗਾਨੀਆਂ ਧੀਆਂ-ਭੈਣਾਂ ਆਪਣੇ ਆਪ ਨੂੰ ਮਹਿਫੂਜ਼ ਸਮਝਦੀਆਂ ਸਨ, ਜਦ ਉਹ ਕਿਸੇ ਸਿੰਘ ਨੂੰ ਦੇਖ ਲੈਂਦੀਆਂ ਸਨ। ਸਿੰਘ ਵੀ ਮਾਸੂਮ ਅਤੇ ਮਜ਼ਲੂਮ ਕੰਜਕਾਂ ਨੂੰ ਜ਼ਾਲਮਾਂ ਦੇ ਪੰਜੇ ਵਿਚੋਂ ਛੁਡਵਾਉਣ ਲਈ ਜਾਨ ਦੀ ਬਾਜੀ ਲਾਉਣ ਨੂੰ ਤੱਤਪਰ ਰਹਿੰਦੇ ਸਨ। ਅਜਿਹਾ ਇਖਲਾਕ ਹੁਣ ਪਸਤ ਹੋ ਚੁਕਾ। ਇਖਲਾਕਹੀਣ ਵਿਅਕਤੀ ਨਿੱਜੀ ਲੋਚਾ, ਲਾਲਸਾ ਅਤੇ ਕਮੀਨਗੀ ਵਿਚ ਗਰਕਦਾ ਜਾ ਰਿਹਾ। ਲੋੜ ਹੈ, ਪੁਰਾਣੇ ਬਹਾਦਰਾਂ ਅਤੇ ਵੀਰਾਂਗਣਾਂ ਦੀਆਂ ਗਾਥਾਵਾਂ ਨੂੰ ਚੇਤਿਆਂ ਦੀ ਜੂਹ ਵਿਚ ਧਰ ਨਤਮਸਤਕ ਹੋਈਏ। ਇਖਲਾਕੀ ਅਤੇ ਗੈਰ-ਇਖਲਾਕੀ ਲੋਕਾਂ ਵਿਚਲਾ ਅੰਤਰ ਜਾਣੀਏ। ਮਨੁੱਖੀ ਬਿਰਤੀਆਂ ਵਿਚ ਪੈਦਾ ਹੋਏ ਵਿਗਾੜ ਨੂੰ ਸਮਝਿਆ ਜਾਵੇ। ਕਿਹੜੇ ਨੇ ਕਾਰਨ? ਇਨ੍ਹਾਂ ਨੂੰ ਸਮਝ ਅਤੇ ਸਿਆਣ ਕੇ ਸੋਝੀ ਨੂੰ ਨਵੀਂ ਦਿਸ਼ਾ ਅਤੇ ਦੁਆ ਦਿਤੀ ਜਾ ਸਕਦੀ।
ਇੱਜਤ, ਇਤਬਾਰ ਅਤੇ ਇਖਲਾਕ ਅੰਤਰੀਵ-ਖਜਾਨਾ, ਮਨ ਦੀ ਅਮੀਰੀ, ਜੀਵਨ-ਜਾਚ ਦਾ ਸੁੱਚਾ ਹਰਫ ਅਤੇ ਸਮਾਜਕ ਕਦਰਾਂ-ਕੀਮਤਾਂ ਦੀ ਪ੍ਰਤੀਤੀ ਤੇ ਪਹਿਰੇਦਾਰੀ। ਸੋਹਣੇ ਸਬੰਧਾਂ ਦੀ ਆਧਾਰਸ਼ਿਲਾ ਤੇ ਸੁਪਨਿਆਂ ਦੀ ਸੰਧੂਰੀ ਰੰਗਤ। ਸਰਘੀ ਦੇ ਰੰਗ ਵਰਗੇ ਇਹ ਗੁਣ, ਕਾਇਆ-ਧਰਤ ਨੂੰ ਨਰੋਇਆ ਤੇ ਸਿਹਤਮੰਦ ਰੂਪ ਪ੍ਰਦਾਨ ਕਰਦੇ। ਪਰ ਅਜੋਕੇ ਸਮਿਆਂ ਵਿਚ ਉਦਾਸ ਹੈ ਸਰਘੀ ਦਾ ਰੰਗ। ਲੀਰਾਂ, ਲਹੂ, ਲੋਭ ਅਤੇ ਲਾਲਸਾ ਵਿਚ ਡੁੱਬ ਚੁਕੀ ਹੈ, ਮਾਨਸਿਕਤਾ। ਚਾਰੇ ਪਾਸੇ ਹੈ ਗੰਦਗੀ ਦਾ ਦ੍ਰਿਸ਼। ਇਹ ਇਖਲਾਕ ਵਿਚ ਆਇਆ ਵਿਗਾੜ ਹੀ ਹੈ ਕਿ ਅਸੀਂ ਕਬਜ਼ੇ ਦੀ ਭਾਵਨਾ ਹੇਠ, ਕੁਦਰਤੀ ਅਮਾਨਤਾਂ ਵਿਚ ਖਿਆਨਤ ਕਰਨ ਲੱਗਿਆਂ ਨਿੱਜ ਨੂੰ ਸਾਹਮਣੇ ਰੱਖਦੇ ਹਾਂ।
ਇਖਲਾਕੀ ਲੋਕ ਸਾਦੇ, ਸਪੱਸ਼ਟ, ਸੁੰਦਰ ਅਤੇ ਸੁਹੱਪਣ ਦਾ ਸੱਚਾ ਰੂਪ। ਅੰਤਰੀਵੀ ਸੀਰਤ ਦਾ ਕਮਾਲ। ਬਾਹਰੀ ਸੁੰਦਰਤਾ ਤੋਂ ਨਿਰਲੇਪ। ਅੰਦਰਲੇ ਨੂੰ ਹਰ ਪਲ ਹੋਰ ਚੰਗੇਰਾ ਬਣਾਉਣ ਲਈ ਤੱਤਪਰ। ਇਖਲਾਕ ਸਾਡੀ ਇੱਜਤ ਵਧਾਉਂਦਾ ਅਤੇ ਹਰੇਕ ਸਾਡੇ ‘ਤੇ ਇਤਬਾਰ ਕਰਦਾ। ਇਹ ਮਨੁੱਖੀ ਗੁਣ ਆਪਸ ਵਿਚ ਰੱਲਗੱਡ। ਇਕ ਦੂਜੇ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ। ਇਕ ਦੂਜੇ ਦੇ ਵਾਧੇ ਦਾ ਸਬੱਬ। ਇਕ ‘ਚੋਂ ਹੀ ਦੂਜੇ ਦੀ ਉਤਪਤੀ। ਇਸ ਉਤਪਤੀ ਵਿਚੋਂ ਹੀ ਉਸਤਤੀ ਅਤੇ ਉਚਤਾ ਦਾ ਨਵਾਂ ਬੁਰਜ ਸਿਰਜਿਆ ਜਾਂਦਾ।
ਮਨੁੱਖ, ਸੁੱਖ-ਸਹੂਲਤਾਂ, ਰੁਤਬਾ, ਕੁਰਸੀ ਜਾਂ ਅਹੁਦਾ ਤਾਂ ਧਨ ਨਾਲ ਖਰੀਦ ਸਕਦਾ, ਪਰ ਇੱਜਤ, ਇਤਬਾਰ ਅਤੇ ਇਖਲਾਕ ਕਦੇ ਨਹੀਂ ਖਰੀਦਿਆ ਜਾ ਸਕਦਾ। ਇਸ ਨੂੰ ਕਮਾਉਣਾ ਪੈਂਦਾ। ਹਰ ਪਲ, ਕਦਮ, ਮੋੜ ਅਤੇ ਰਾਹ ‘ਤੇ ਨਵੀਂਆਂ ਪੈੜਾਂ ਦੀ ਸਿਰਜਣਾ।
ਇੱਜਤ, ਇਤਬਾਰ ਤੇ ਇਖਲਾਕ, ਮਨ ਦੀ ਮੌਜ। ਰੂਹ ਦੀ ਖੁਰਾਕ। ਆਪਣੇ ਵਿਚੋਂ ਹੀ ਪੈਦਾ ਹੁੰਦੀ ਪੂਰਨਤਾ। ਇਕ ਅਜਿਹਾ ਅਹਿਸਾਸ, ਜੋ ਜਿਉਂਦੇ ਮਨੁੱਖ ਮਹਿਸੂਸ ਕਰ ਸਕਦੇ। ਮਹਿਸੂਸ ਕਰਨ ਵਿਚੋਂ ਹੀ ਸੁੱਖ, ਸਕੂਨ, ਸੰਤੁਸ਼ਟੀ ਅਤੇ ਸੰਤੋਖ ਨਾਲ ਤ੍ਰਿਪਤ ਮਨ ਦੀ ਭਰਪੂਰਤਾ। ਆਤਮਿਕ ਹੁਲਾਰ ਮਨੁੱਖ ਦੀ ਝੋਲੀ ਪੈਂਦਾ।
ਇੱਜਤਦਾਰ ਅਤੇ ਇਖਲਾਕੀ ਲੋਕਾਂ ਨੂੰ ਇਸ ਦਾ ਕੋਈ ਰੰਜ ਨਹੀਂ ਕਿ ਲੋਕ ਕੀ ਕਹਿਣਗੇ? ਉਹ ਆਪਣੀ ਮਸਤੀ ‘ਚ ਲੀਨ। ਸੱਚੀ ਇਬਾਦਤ ਨਾਲ ਜ਼ਿੰਦਗੀ ਦੀ ਅਰਾਧਨਾ ਕਰਦੇ। ਜ਼ਿੰਦਗੀ ‘ਚ ਜਿਉਣ ਜੁਗਤਾਂ ਦੀ ਜੁਗਲਬੰਦੀ। ਇਕ ਰੂਹਾਨੀਅਤ ਦਾ ਮੁਜੱਸਮਾ, ਜਿਸ ਦੇ ਵਜਦ ਵਿਚ ਧੜਕਦਾ ਸਮੁੱਚਾ ਜੀਵਨ। ਆਪਣੀ ਧੁੰਨ ਦੇ ਪੱਕੇ। ਰਾਹਾਂ ਦੀ ਦਿਆਨਤਦਾਰੀ ਵਿਚ ਪ੍ਰਵੀਨ। ਸ਼ਖਸੀਅਤੀ ਵਿਗਾੜਾਂ ਤੋਂ ਨਿਰਲੇਪ। ਚਿੱਕੜ ਵਿਚ ਰਹਿੰਦਿਆਂ ਵੀ ਕਮਲ ਵਾਂਗ ਨਿਰਲੇਪ। ਆਪ ਖਿੜਦੇ ਅਤੇ ਹੋਰ ਰੂਹਾਂ ਲਈ ਖਿੜਨ ਦੀ ਰੁੱਤ ਬਣਦੇ। ਆਬ-ਗਗਨ ਵਿਚ ਸੁੱਖ-ਸਾਧਨਾ ਦੀ ਪ੍ਰਤਾਪੀ ਲੋਰ।
ਇੱਜਤ ਉਹ ਨਹੀਂ ਹੁੰਦੀ, ਜਿਸ ਕਾਰਨ ਧੀਆਂ ਦਾ ਕਤਲ ਹੁੰਦਾ। ਨਿਰਦੋਸ਼ ਦੇ ਸੀਰਮੇ ਪੀਤੇ ਜਾਂਦੇ ਜਾਂ ਕਿਸੇ ਅਬਲਾ ਦੀ ਆਬਰੂ ਨੂੰ ਲੀਰਾਂ ਕੀਤਾ ਜਾਂਦਾ। ਸਗੋਂ ਇੱਜਤ ਹੁੰਦੀ ਹੈ, ਕਿਸੇ ਧੀ ਦੇ ਨੰਗੇ ਸਿਰ ‘ਤੇ ਬਾਪ ਦੇ ਸ਼ਮਲੇ ਦੀ ਛਾਂ ਬਣਨਾ। ਲੰਗਾਰ ਹੋਏ ਤਨ-ਲਿਬਾਸ ਨੂੰ ਮਨ ਦੀ ਪਾਕੀਜ਼ਗੀ ਨਾਲ ਢਕਣਾ। ਮੁੱਖ ‘ਤੇ ਜੰਮ ਚੁੱਕੀਆਂ ਘਰਾਲਾਂ ਨੂੰ ਹਾਸਿਆਂ ਦੇ ਹੰਝੂਆਂ ‘ਚ ਤਬਦੀਲ ਕਰਨਾ। ਇਸ ਵਿਚੋਂ ਹੀ ਉਪਜਦੀਆਂ ਨੇ ਇਖਲਾਕ ਦੀਆਂ ਨਵੀਂਆਂ ਤੇ ਨਰੋਈਆਂ ਬੁਲੰਦੀਆਂ।
ਇੱਜਤ, ਇਤਬਾਰ ਅਤੇ ਇਖਲਾਕ ਕਦੇ ਨਹੀਂ ਵਿਕਾਊ। ਉਚਮਤਾ ਨੂੰ ਸਾਹ ਦੀ ਤੰਦੀ ‘ਤੇ ਬਰਕਰਾਰ ਰੱਖਦੇ। ਤਨ ਅਤੇ ਧਨ ਦੀ ਸਵੱਛਤਾ ਵਿਚੋਂ ਹੀ ਮਨ ਦੀ ਫਕੀਰੀ ਤੇ ਇਲਾਹੀ ਰਮਜ਼ਾਂ ਨੂੰ ਸਮਝਣ ਦੀ ਸੋਝੀ ਮਿਲਦੀ ਅਤੇ ਉਹ ਕਦੇ ਵੀ ਨਾ ਵਿਕਦੇ। ਆਮ ਲੋਕ ਤਾਂ ਨਿੱਕੇ ਜਿਹੇ ਮੁਫਾਦ ਲਈ ਹੀ ਆਪਣੀ ਨਿਲਾਮੀ ਲਾ ਦਿੰਦੇ ਅਤੇ ਵੱਧ ਤੋਂ ਵੱਧ ਬੋਲੀ ਵਿਚੋਂ ਹੀ ਇਖਲਾਕੀ ਮੁੱਲ ਪਵਾਉਣ ਦਾ ਢੋਂਗ ਰਚਦੇ।
ਇੱਜਤਾਂ ਵਾਲੇ ਹੀ ਇੱਜਤ ਦਾ ਮੁੱਲ ਜਾਣਦੇ। ਇੱਜਤਦਾਰ ਦੀ ਕਦਰ ਕਰਦੇ ਤੇ ਇੱਜਤਾਂ ਦਾ ਦਮ ਭਰਦੇ ਅਤੇ ਉਨ੍ਹਾਂ ਦੀ ਇੱਜਤ-ਰਾਖੀ ਲਈ ਆਪਾ ਨਿਛਾਵਰ ਕਰਦੇ।
ਇਖਲਾਕ ਹੈ ਤਾਂ ਸਭ ਕੁਝ ਹੈ। ਬੇਇੱਜਤੇ ਲੋਕਾਂ ਦਾ ਕੋਈ ਨਹੀਂ ਦੀਨ-ਇਮਾਨ। ਇਖਲਾਕ ਤੋਂ ਡਿੱਗੇ ਲੋਕ, ਕੂੜ-ਕਬਾੜ ਅਤੇ ਸਮਾਜ ਲਈ ਤੌਹੀਨ। ਉਹ ਕਾਲਖ ਦੇ ਵਣਜਾਰੇ।
ਇਖਲਾਕ ਦੀ ਬੀਹੀ ਵਿਚ ਇੱਜਤ ਭਰੀ ਇਬਾਰਤ ਦਾ ਹੋਕਾ ਲਾਉਣ ਵਾਲੇ ਇਨਸਾਨ, ਮਨੁੱਖ ਹੋਣ ਦਾ ਸੁੱਚਾ ਧਰਮ ਅਤੇ ਕਿਰਤੀ ਹੋਣ ਦਾ ਕਰਮ। ਸੱਤੇ ਖੈਰਾਂ ਦੀ ਖੈਰਾਤ ਮੰਗਣ ਵਾਲੇ ਦੀ ਝੋਲੀ ਪਾਉਂਦੇ।
ਇਖਲਾਕਹੀਣ ਲੋਕਾਂ ਦੀ ਬਹੁਤਾਤ ਹੈ, ਅਜੋਕੇ ਯੁੱਗ ਵਿਚ। ਕਮੀਨਗੀ ਦੀ ਇੰਤਹਾ ਨੇ ਅਜਿਹੇ ਲੋਕ। ਇਨ੍ਹਾਂ ਦੇ ਰਹਿਮੋ-ਕਰਮ ‘ਤੇ ਜਦ ਕੋਈ ਸਮਾਜ ਤੇ ਸਭਿਅਤਾ ਆ ਜਾਵੇ ਤਾਂ ਉਹ ਹੀਣ-ਭਾਵਨਾ ਦਾ ਸ਼ਿਕਾਰ ਹੋ, ਖੁਦਕੁਸ਼ੀ ਕਰਨ ਵੱਲ ਤੁਰਦੀ। ਅਜਿਹਾ ਅਜੋਕੇ ਸਮਿਆਂ ਵਿਚ ਹੋ ਰਿਹਾ ਹੈ।
ਇਖਲਾਕਹੀਣ ਲੋਕ ਜਦ ਲੋਕਾਂ ਨੂੰ ਇਖਲਾਕ ਦਾ ਸਬਕ ਦੇਣ ਲੱਗ ਪੈਣ, ਇੱਜਤਾਂ ਨਿਲਾਮ ਕਰਨ ਵਾਲੇ, ਇੱਜਤਾਂ ਦੇ ਰਾਖੇ ਹੋਣ ਦਾ ਢੋਂਗ ਰਚਾਉਂਦੇ ਜਾਂ ਬੇਇਤਬਾਰੇ ਲੋਕ ਇਤਬਾਰਯੋਗ ਬਣਨ ਦਾ ਮੁਲੰਮਾ ਲਾਉਂਦੇ ਤਾਂ ਉਹ ਵਕਤ ਦੀ ਤਹਿਜ਼ੀਬ ਨੂੰ ਸ਼ਰਮਸ਼ਾਰ ਕਰਦੇ। ਕਦਰਾਂ-ਕੀਮਤਾਂ ਨੂੰ ਮਾਰਦਿਆਂ, ਖੁਦ ਵੀ ਮਰਦੇ।
ਮਨੁੱਖੀ ਕਿਰਦਾਰ ਹੀ ਨਿਰਧਾਰਤ ਕਰਦਾ ਕਿ ਮਨੁੱਖੀ ਸ਼ਖਸੀਅਤ ਕਿਹੋ ਜਿਹੀ? ਇਸ ਨਾਲ ਹੀ ਇੱਜਤਦਾਰ ਤੇ ਬੇਇੱਜਤੇ, ਇਤਬਾਰੀ ਤੇ ਬੇਇਤਬਾਰੀ ਅਤੇ ਇਖਲਾਕੀ ਤੇ ਗੈਰ-ਇਖਲਾਕੀ ਕਿਰਦਾਰਾਂ ਦੀ ਪਛਾਣ ਸਹਿਜੇ ਹੀ ਹੋ ਜਾਂਦੀ। ਪਾਕ ਕਿਰਦਾਰ ਸਿਰਜਣ ਲਈ ਉਮਰ ਲੱਗ ਜਾਂਦੀ, ਪਰ ਪਲ ਭਰ ਦੀ ਨਿੱਕੀ ਜਿਹੀ ਗਲਤੀ/ਕੁਤਾਹੀ ਜਾਂ ਕਮੀਨਗੀ ਨਾਲ ਸ਼ਖਸੀ ਬਿੰਬ ਧੁੰਦਲਕੇ ‘ਚ ਲਪੇਟਿਆ ਜਾਂਦਾ।
ਤੁਸੀਂ ਕਿੰਨੇ ਵੀ ਅਮੀਰ, ਵੱਡੇ ਰੁਤਬੇ ਦੇ ਮਾਲਕ, ਚੁਸਤ, ਚਲਾਕ ਜਾਂ ਰੋਅਬਦਾਰ ਕਿਉਂ ਨਾ ਹੋਵੋ, ਪਰ ਤੁਹਾਡੇ ਬਾਰੇ ਸਭ ਤੋਂ ਵੱਡਾ ਨਿਰਣਾ ਲੋਕ ਕਰਦੇ ਕਿ ਤੁਸੀਂ ਕੌਣ ਹੋ? ਇਸ ਨਿਰਣੇ ਵਿਚ ਤੁਹਾਡਾ ਇਖਲਾਕ ਸਭ ਤੋਂ ਅਹਿਮ ਤੇ ਨਿਗਰ ਭੂਮਿਕਾ ਨਿਭਾਉਂਦਾ।
ਇੱਜਤ ਵਿਚੋਂ ਹੀ ਪਿਆਰ ਫੁੱਟਦਾ, ਪਿਆਰ ਵਿਚੋਂ ਹੀ ਇਤਬਾਰ ਨੂੰ ਕਿਆਸਿਆ ਜਾਂਦਾ। ਇਕ ਦੂਜੇ ‘ਤੇ ਕੀਤਾ ਗਿਆ ਭਰੋਸਾ ਹੀ ਇਖਲਾਕ ਦੀਆਂ ਨੀਂਹਾਂ ਬਣਦਾ। ਇਹ ਸੱਭੇ ਗੁਣ ਮਿਲ ਕੇ ਮਨੁੱਖ ਨੂੰ ਮਨੁੱਖਤਾ ਦਾ ਰਹਿਨੁਮਾ ਬਣਾਉਂਦੇ।
ਆਪਣੀਆਂ ਕੋਸ਼ਿਸ਼ਾਂ, ਸਫਲਤਾਵਾਂ ਅਤੇ ਕੀਰਤੀਆਂ ਦੀ ਖੁਦ ਇੱਜਤ ਕਰੋ। ਲੋਕ ਆਪਣੇ ਆਪ ਇੱਜਤਦਾਰ ਹੋਣ ਦਾ ਮਾਣ ਦੇਣਗੇ। ਆਪਣੀਆਂ ਅੱਖਾਂ ਵਿਚਲਾ ਦ੍ਰਿਸ ਹੀ ਲੋਕਾਂ ਦੇ ਨੈਣਾਂ ਦਾ ਦ੍ਰਿਸ਼ ਹੁੰਦਾ। ਇਸ ਦ੍ਰਿਸ਼ ਦੀ ਕਲਪਨਾ ਤੇ ਸਿਰਜਣਾ, ਮਨੁੱਖ ਦੇ ਹੱਥ-ਵੱਸ।
ਇੱਜਤ, ਇਤਬਾਰ ਅਤੇ ਇਖਲਾਕ ਵਿਚੋਂ ਵਿਅਕਤੀਤਵ ਦੀ ਪਵਿੱਤਰਤਾ ਨੂੰ ਆਪਣਾ ਅਕੀਦਾ ਸਮਝਣ ਵਾਲੇ ਲੋਕ ਬੰਦਿਆਈ, ਭਲਿਆਈ ਅਤੇ ਚੰਗਿਆਈ ਦੀਆਂ ਨਿਰਮਲ ਵਗਦੀਆਂ ਕੂਲਾਂ। ਇਸ ਦੀਆਂ ਬੁੱਕਾਂ ਭਰ ਭਰ ਪੀਂਦੇ ਲੋਕਾਂ ਵਿਚ ਵੱਸਦੀ ਰੂਹਾਨੀਅਤ। ਅਜਿਹੀ ਰੂਹਾਨੀਅਤ ਦੀ ਸੁੱਚੀ ਤਸ਼ਬੀਹ ਬਣਨ ਲਈ ਖੁਦ ਨੂੰ ਇਸ ਮਾਰਗ ਦਾ ਧਾਰਨੀ ਤਾਂ ਬਣਾਉਣਾ ਹੀ ਪੈਣਾ। ਤੇ ਫਿਰ ਪਹਿਲ ਕਰਨ ਵਿਚ ਦੇਰ ਕਿਉਂ?