ਭਾਸ਼ਾ ਅਤੇ ਬੋਲਬਾਣੀ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਭਾਸ਼ਾ ਅਤੇ ਬੋਲਬਾਣੀ ਅਜਿਹਾ ਜ਼ਰੀਆ ਹੈ, ਜਿਸ ਨਾਲ ਅਸੀਂ ਆਪਸ ਵਿਚ ਆਪਣੇ ਮਨੋਭਾਵ ਸਾਂਝੇ ਕਰਦੇ ਹਾਂ; ਕੁਝ ਸਮਝਦੇ ਹਾਂ, ਸਮਝਾਉਂਦੇ ਹਾਂ; ਪੁੱਛਦੇ ਹਾਂ, ਦੱਸਦੇ ਹਾਂ। ਇਸ ਤੋਂ ਵਧੇਰੇ ਢੁਕਵਾਂ, ਫੱਬਵਾਂ ਤੇ ਸਰਲ ਜ਼ਰੀਆ ਹਾਲੇ ਤੱਕ ਹੋਰ ਕੋਈ ਨਹੀਂ ਹੈ। ਬੇਸ਼ੱਕ ਇਸ ਦੀ ਵਰਤੋਂ ਲਈ ਹਰ ਕੋਈ ਆਪਣੇ ਆਪ ਨੂੰ ਯੋਗ ਅਤੇ ਮਾਹਿਰ ਮੰਨਦਾ ਹੈ, ਪਰ ਬਹੁਤ ਘੱਟ ਲੋਕ ਜਾਣਦੇ ਜਾਂ ਸਮਝਦੇ ਹਨ ਕਿ ਅਸੀਂ ਭਾਸ਼ਾ ਦੀ ਵਰਤੋਂ ਕਰਦੇ ਸਮੇਂ ਇਸ ਦੀ ਕੁਵਰਤੋਂ ਜਾਂ ਦੁਰਵਰਤੋਂ ਵੀ ਕਰਦੇ ਹਾਂ।

ਕਈ ਵਾਰ ਸਾਡੀ ਮਨਸ਼ਾ ਕਿਸੇ ਨੂੰ ਨੇੜੇ ਲਿਆਉਣ ਦੀ ਹੁੰਦੀ ਹੈ, ਪਰ ਅਸੀਂ ਬੋਲ ਅਜਿਹੇ ਬੋਲ ਬੈਠਦੇ ਹਾਂ ਕਿ ਉਨ੍ਹਾਂ ਨੂੰ ਨੇੜੇ ਦੀ ਥਾਂ ਦੂਰ ਕਰ ਦਿੰਦੇ ਹਾਂ; ਪਿਆਰ ਦੀ ਥਾਂ ਨਫਰਤ ਵਧਾ ਲੈਂਦੇ ਹਾਂ; ਅੰਮ੍ਰਿਤ ਦੀ ਥਾਂ ਜ਼ਹਿਰ ਘੋਲ ਬੈਠਦੇ ਹਾਂ; ਜਿਸ ਦਾ ਖਮਿਆਜ਼ਾ ਸਾਲ ਨਹੀਂ, ਸਦੀਆਂ ਭੁਗਤਦੀਆਂ ਹਨ।
ਦੋਸਤਾਂ ਦੇ ਆਪਸੀ ਬੋਲ-ਕੁਬੋਲ ਉਨ੍ਹਾਂ ਦੀ ਦੋਸਤੀ ਨੂੰ ਹੰਢਾਉਣੇ ਅਤੇ ਸਹਿਣੇ ਪੈਂਦੇ ਹਨ। ਪਰਿਵਾਰਕ ਜੀਆਂ ਦੇ ਆਪਸੀ ਬੋਲ ਪਰਿਵਾਰ ਤੋੜ ਦਿੰਦੇ ਹਨ। ਕਈ ਵਾਰ ਦੇਸ਼ ਵੀ ਇਸੇ ਗੱਲੋਂ ਟੁਕੜੇ ਟੁਕੜੇ ਹੋ ਜਾਂਦੇ ਹਨ ਕਿ ਸਾਡੇ ਲੋਕ ਸਹੀ ਭਾਸ਼ਾ ਦਾ ਇਸਤੇਮਾਲ ਕਰਨੋਂ ਉਕ ਜਾਂਦੇ ਹਨ। ਹਰ ਸਮਾਜ ਵਿਚਲੀ ਕੁੜਿੱਤਣ ਬੋਲਾਂ ਦੀ ਦੁਰਵਰਤੋਂ ਦਾ ਨਤੀਜਾ ਹੁੰਦੀ ਹੈ।
ਕਹਿੰਦੇ ਹਨ, ਹਿੰਦੋਸਤਾਨ ਦੀ ਵੰਡ ਦਾ ਵੱਡਾ ਕਾਰਨ ਸਾਡੇ ਵੱਡੇ ਆਗੂ ਮਰਮੀ ਨੀਤਗ ਪੰਡਿਤ ਨਹਿਰੂ ਦਾ ਇੱਕ ਬੋਲ ਹੀ ਸੀ, ਜਿਸ ਵਿਚ ਉਨ੍ਹਾਂ ਨੇ ਸਹਿਵਨ ਹੀ ਆਖ ਦਿੱਤਾ ਸੀ ਕਿ ਆਜ਼ਾਦ ਭਾਰਤ ਦੇ ਫੈਸਲੇ ਬਹੁਸੰਮਤੀ ਨਾਲ ਹੋਣਗੇ। ਬਹੁਸੰਮਤੀ ਦਾ ਅਰਥ ਸਿਰਾਂ ਦੀ ਵਰਤੋਂ ਨਹੀਂ, ਗਿਣਤੀ ਹੁੰਦਾ ਹੈ। ਜਿਨਾਹ ਸਮਝ ਗਏ ਕਿ ਗਿਣਤੀ ਦੇ ਚੱਕਰ ‘ਚ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਵੇਗਾ; ਉਹ ਬਹੁਸੰਮਤੀ ਦੇ ਚੱਕਰ ਵਿਚ ਬਹੁਗਿਣਤੀ ਦੇ ਮੁਥਾਜ ਬਣ ਕੇ ਰਹਿ ਜਾਣਗੇ। ਉਸ ਵੇਲੇ ਦੇ ਸਿੱਖ ਲੀਡਰ ‘ਬਹੁਸੰਮਤੀ’ ਦਾ ਗੁਹਜ-ਭਾਵ ਸਮਝਣ ਤੋਂ ਅਸਮਰੱਥ ਰਹੇ ਤੇ ਅੱਜ ਤੱਕ ਹਨ: ਖੁਧਿਆਵੰਤੁ ਨ ਜਾਣਈ ਲਾਜ ਕੁਲਾਜ॥
ਸਿੱਖਾਂ ਨੂੰ ਖੁਧਿਆਵੰਤੁ ਕਹਿਣਾ ਸ਼ਾਇਦ ਕਿਸੇ ਨੂੰ ਨਾ ਜਚੇ ਜਾਂ ਰਾਸ ਨਾ ਆਵੇ; ਪਰ ਇਹ ਹੈ ਸੱਚ। ਭੁੱਖ ਦੇ ਮਾਰੇ ਅਸੀਂ ਗੁਰੂ ਨੂੰ ਬੇਦਾਵਾ ਦੇ ਆਏ ਸਾਂ। ਗੁਰੂ ਸਾਹਿਬਾਨ ਨੇ ਕਦੇ ਕਿਸੇ ਸਰਕਾਰ ਤੋਂ ਮਦਦ ਨਹੀਂ ਸੀ ਮੰਗੀ ਤੇ ਨਾ ਸਵੀਕਾਰ ਕੀਤੀ ਸੀ; ਪਰ ਅਸੀਂ ਸਰਕਾਰੀ ਜਗੀਰਾਂ ਲੈ ਲੈ ਵੱਡੇ ਜਗੀਰਦਾਰ ਬਣ ਬੈਠੇ। ਅਸੀਂ ਇਹ ਭੁੱਲ ਗਏ ਕਿ ਜਗੀਰਦਾਰਾਂ ਕੋਲ ਹੋਰ ਸਭ ਕੁਝ ਹੁੰਦਾ ਹੈ, ਜੇ ਨਹੀਂ ਹੁੰਦੀ, ਸਿਰਫ ਜ਼ਮੀਰ ਨਹੀਂ ਹੁੰਦੀ। ਜਗੀਰ ਤੇ ਜ਼ਮੀਰ ਦਾ ਇੱਟ ਕੁੱਤੇ ਦਾ ਵੈਰ ਹੈ।
ਜਗੀਰਦਾਰੀ ਪ੍ਰਥਾ ਦਾ ਬੇਸ਼ੱਕ ਭੋਗ ਪੈ ਚੁਕਾ ਹੈ, ਪਰ ਇਹ ਜਿਮੀਂਦਾਰੀ ਦੇ ਲਿਬਾਸ ਵਿਚ ਹਾਲੇ ਵੀ ਸਾਹ ਲੈ ਰਹੀ ਹੈ। ਜਗੀਰਦਾਰੀ ਅਤੇ ਜਿਮੀਂਦਾਰੀ ਨੂੰ ਜ਼ਮੀਰ ਦਾ ਇੱਕ ਝੂਠਾ ਜਿਹਾ ਪੜੁੱਲ ਬੰਨ੍ਹ ਕੇ ਰੱਖਣਾ ਪੈਂਦਾ ਹੈ, ਜਿਸ ਦੇ ਹੇਠ ਸੱਚਮੁਚ ਦਾ ਕੁਝ ਵੀ ਨਹੀਂ ਹੁੰਦਾ। ਜਗੀਰਦਾਰੀ ਜਾਂ ਜਿਮੀਂਦਾਰਾ ਜ਼ਮੀਰ ਦੇ ਜੇ ਸਾਖਸ਼ਾਤ ਦਰਸ਼ਨ ਕਰਨੇ ਹੋਣ ਤਾਂ ਟਰੈਕਟਰਾਂ ‘ਤੇ ਵੱਜਦੇ ਪੰਜਾਬੀ ਗੀਤ ਸੁਣੇ ਜਾ ਸਕਦੇ ਹਨ। ਜਾਂ ਫਿਰ ਅਖਬਾਰਾਂ ‘ਚ ਛਪਦੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਪੜ੍ਹੀਆਂ ਜਾ ਸਕਦੀਆਂ ਹਨ। ਸੱਚ ਇਹ ਹੈ ਕਿ ਸੱਚੀ ਜ਼ਮੀਰ ਹੌਸਲਾ ਬੁਲੰਦ ਕਰਦੀ ਹੈ ਤੇ ਜ਼ਮੀਰ ਦਾ ਝੂਠਾ ਪੜੁੱਲ ਖੁਦਕੁਸ਼ੀ ਵੱਲ ਤੋਰਦਾ ਹੈ।
ਸਾਡੇ ਆਦਿ ਬਾਣੀਕਾਰ ਬਾਬਾ ਫਰੀਦ ਜੀ ਨੇ ਆਖਿਆ ਸੀ, “ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥” ਪਰ ਅਸੀਂ ਵਾਹਿਗੁਰੂ ਤੋਂ ਪਰਾਏ ਬਾਰ ਦਾ ਬੈਸਣਾ ਨਿੱਤ ਅਰਦਾਸਾਂ ਕਰ ਕਰ ਮੰਗਦੇ ਹਾਂ। ਇਹ ਹੈ ਸਾਡਾ ਸਿਦਕ ਤੇ ਇਹ ਹੈ ਸਾਡੀ ਜ਼ਮੀਰ, “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥” ਵਿਤੋਂ ਬਾਹਰੇ ਭੋਖੜੇ ਲਈ ਅਸੀਂ ਕੀ ਕੀ ਨਹੀਂ ਕਰ ਗੁਜ਼ਰੇ!
ਗੱਲ ਭਾਸ਼ਾ ਦੀ ਹੋ ਰਹੀ ਸੀ। ਅਖਾਣ ਹੈ, ਤਲਵਾਰਾਂ ਦੇ ਫੱਟ ਮਿਟ ਜਾਂਦੇ ਹਨ, ਚੰਦਰੇ ਬੋਲਾਂ ਦੇ ਫੱਟ ਨਹੀਂ ਮਿਟਦੇ। ਇਸੇ ਲਈ ਕਿਹਾ ਜਾਂਦਾ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ।
ਸਾਡੇ ਇਤਿਹਾਸ ਮਿਥਿਹਾਸ ਗਵਾਹ ਹਨ ਕਿ ਕਿਵੇਂ ਕਿਸੇ ਦੇ ਚੰਦਰੇ ਬੋਲ ਸੱਭਿਅਤਾਵਾਂ ਦੇ ਖਾਤਮੇ ਦੇ ਨੀਂਹ ਪੱਥਰ ਸਾਬਤ ਹੁੰਦੇ ਹਨ। ਫਿਰ ਉਦਰੇਵਾਂ, ਝੁਰੇਵਾਂ ਤੇ ਪਛਤਾਵਾ ਉਸ ਖਾਤਮੇ ਦਾ ਸਦੀਆਂ ਭਰ ਉਦਘਾਟਨ ਕਰਦਾ ਹੈ। ਅਸੀਂ ਪੰਜਾਬੀ ਅਜਿਹੇ ਹੀ ਕਿਸੇ ਸਮਾਪਤੀ ਦੇ ਉਦਘਾਟਨ ਦੇ ਦੌਰ ਵਿਚੋਂ ਗੁਜ਼ਰ ਰਹੇ ਹਾਂ।
ਸੋਚਣ ਵਾਲੀ ਗੱਲ ਹੈ ਕਿ ਸਾਡੇ ਸਮਾਜਕ ਸੱਭਿਆਚਾਰ ਵਿਚ ਮਿੱਤਰ ਆਪਸ ਵਿਚ ਖੇਡਦੇ ਹਨ ਤੇ ਦੁਸ਼ਮਣ ਲੜਦੇ ਹਨ। ਖੇਡ ਵਿਚ ਖਿਡਾਉਣੇ ਹੁੰਦੇ ਹਨ ਤੇ ਜੰਗ ਵਿਚ ਹਥਿਆਰ। ਖੇਡ ਦੀ ਭਾਸ਼ਾ ਵੀ ਪ੍ਰੇਮ ਵਧਾਊ ਹੁੰਦੀ ਹੈ, ਜਦਕਿ ਜੰਗ ਦੀ ਭਾਸ਼ਾ ਜੰਗੀ ਹਥਿਆਰਾਂ ਤੋਂ ਵੀ ਵੱਧ ਹਿੱਕ ਚੀਰਵੀਂ ਤੇ ਦਿਲ ਸਾੜਵੀਂ ਹੁੰਦੀ ਹੈ। ਖੇਡ ਦੇ ਬੋਲ ਕੰਨਾਂ ਵਿਚ ਗਹਿਣਿਆਂ ਵਾਂਗ ਛਣਕਦੇ ਰੂਹਾਂ ਨਸ਼ਿਆ ਜਾਂਦੇ ਹਨ, ਜਦਕਿ ਜੰਗ ਦੇ ਬੋਲ ਸੁੱਚੇ ਹਿਰਦਿਆਂ ਨੂੰ ਛਲਣੀ ਛਲਣੀ ਕਰਕੇ, ਸਾੜ ਕੇ ਸੁਆਹ ਕਰ ਦਿੰਦੇ ਹਨ।
ਖੇਡ ਦਾ ਮਕਸਦ ਮਨ-ਪਰਚਾਵਾ ਹੁੰਦਾ ਹੈ ਤੇ ਨਾਲ ਨਾਲ ਤੰਦਰੁਸਤੀ। ਕਿਸੇ ਵੀ ਖੇਡ ਵਿਚ ਹਿੱਸਾ ਲੈਣ ਵਾਲਿਆਂ ਦਾ ਮਨ-ਪਰਚਾਵਾ ਵੀ ਹੁੰਦਾ ਹੈ ਤੇ ਤੰਦਰੁਸਤੀ ਵੀ ਹਾਸਲ ਹੁੰਦੀ ਹੈ। ਖੇਡ ਦੇ ਦਰਸ਼ਕਾਂ ਦਾ ਮਨ-ਪਰਚਾਵਾ ਤਾਂ ਹੁੰਦਾ ਹੀ ਹੈ, ਜੋ ਟੇਢੇ ਢੰਗ ਨਾਲ ਤੰਦਰੁਸਤੀ ਦਾ ਜ਼ਾਮਨ ਵੀ ਬਣਦਾ ਹੈ। ਹਾਰ-ਜਿੱਤ ਕਿਸੇ ਵੀ ਖੇਡ ਦਾ ਲਾਜ਼ਮੀ ਅਸੂਲ ਨਹੀਂ ਹੈ। ਪਰ ਅਸੀਂ ਹਾਰ-ਜਿੱਤ ਨੂੰ ਹੀ ਖੇਡ ਦਾ ਇੱਕੋ ਇੱਕ ਉਦੇਸ਼ ਬਣਾ ਲਿਆ ਹੈ। ਅਸੀਂ ਖੇਡ ਦਾ ਸਮਾਂ ਉਦੋਂ ਤੱਕ ਵਧਾਉਂਦੇ ਰਹਿੰਦੇ ਹਾਂ, ਜਦ ਤੱਕ ਜਿੱਤ-ਹਾਰ ਦਾ ਫੈਸਲਾ ਨਹੀਂ ਹੁੰਦਾ। ਮੈਂ ਕਿਤੇ ਪੜ੍ਹਿਆ ਹੈ ਕਿ ਖਡੂਰ ਸਾਹਿਬ ਵਿਖੇ ਦੂਜੇ ਪਾਤਸ਼ਾਹ ਉਦੋਂ ਵਧੇਰੇ ਖੁਸ਼ ਹੁੰਦੇ ਸਨ, ਜਦੋਂ ਦੋ ਭਲਵਾਨ ਬਰਾਬਰ ਰਹਿੰਦੇ ਸਨ; ਹਾਰ-ਜਿੱਤ ਤੋਂ ਉਹ ਖੁਸ਼ ਨਹੀਂ ਸਨ ਹੁੰਦੇ। ਦਰਅਸਲ ਹਾਰ-ਜਿੱਤ ਖੇਡ ਦੀ ਬੋਲਬਾਣੀ ਨਹੀਂ ਹੈ।
ਅਸੀਂ ਜੰਗ ਦੀ ਬੋਲਬਾਣੀ ਖੇਡ ਵਿਚ ਲੈ ਆਂਦੀ ਹੈ। ਹੁਣ ਅਸੀਂ ਇਸ ਤੋਂ ਵੀ ਬਹੁਤ ਅੱਗੇ ਨਿਕਲ ਚੁਕੇ ਹਾਂ। ਘੋਗਾ ਚਿੱਤ ਕਰਨਾ, ਮੱਕੂ ਠੱਪ ਦੇਣਾ, ਲੋਹੇ ਦੇ ਚਨੇ ਚਬਾ ਦੇਣ ਜਿਹੇ ਮੁਹਾਵਰੇ ਹੁਣ ਖੇਡ ਦੀ ਬੋਲਬਾਣੀ ਵਿਚ ਦਾਖਲ ਹੋ ਗਏ ਹਨ।
ਸਾਡੀ ਮਾਂ ਖੇਡ ਕਬੱਡੀ ਦਾ ਹਾਲ ਇਸ ਤੋਂ ਵੀ ਬਦਤਰ ਹੈ। ‘ਕੁੰਡੀਆਂ ਦੇ ਸਿੰਗ ਫਸ ਗਏ’, ‘ਕੋਈ ਨਿੱਤਰੂ ਵੜੇਵੇਂ ਖਾਣੀ’ ਅਤੇ ‘ਘੋਗਾ ਚਿੱਤ ਕਰ ਦਿੱਤਾ’ ਜਿਹੀ ਡੰਗਰ ਭਾਸ਼ਾ ਦਾ ਇਸਤੇਮਾਲ ਸਾਡੇ ਕੌਡ ਕਬੱਡੀ ਦੇ ਮਹਾਂਰਥੀ ਕਰਦੇ ਸੁਣੇ ਜਾਂਦੇ ਹਨ। ਕਿਸੇ ਬਾਹਰਲੇ ਮੁਲਕ ਦੀ ਭਾਰੇ ਸਰੀਰ ਵਾਲੀ ਖਿਡਾਰਨ ਨੂੰ ਵਾਰ ਵਾਰ ‘ਮੋਟੋ’ ਕਹਿੰਦਿਆਂ ਸਾਡੇ ਕੁਮੈਂਟੇਟਰ ਨੂੰ ਰੱਤੀ ਭਰ ਸ਼ਰਮ ਮਹਿਸੂਸ ਨਹੀਂ ਸੀ ਹੁੰਦੀ। ਖੇਡ-ਸੰਚਾਲਨ ਵਿਚ “ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲਖਤੇ ਜਿਗਰ ਸਰਦਾਰ ਸੁਖਬੀਰ ਸਿੰਘ ਬਾਦਲ” ਦਾ ‘ਸੰਪਟ’ ਖੇਡ ਦੇ ਅਸਲ ਮਨਸੂਬੇ ਜੱਗ ਜਾਹਰ ਕਰ ਰਿਹਾ ਸੀ।
ਸਿਰੇ ਦਾ ਸੌੜਾਪਨ ਸਾਡੇ ਲਈ ਇੰਟਰਨੈਸ਼ਨਲ ਹੋਣਾ ਹੈ; ਸੁਤੰਤਰਤਾ ਦਾ ਅਰਥ ਪੰਜਾਬ ਨੂੰ ਹੋਰ ਛੋਟਾ ਕਰਨਾ ਹੈ; ‘ਸਿੱਖ ਪਛਾਣ’ ਦੇ ਮਸਲੇ ਦਾ ਮੰਤਵ ਸਿੱਖਾਂ ਨੂੰ ਸਿੱਖੀ ‘ਚੋਂ ਖਾਰਜ ਕਰਨਾ ਹੈ; ਪੰਥ ਨੂੰ ਖਤਰੇ ਦਾ ਭਾਵ ਅਕਾਲੀ ਦਲ ਨੂੰ ਵੋਟਾਂ ਪਾਉਣਾ ਹੈ। ਜਿਵੇਂ ਸੰਤਾਲੀ ਵਾਲੀ ਆਜ਼ਾਦੀ ਦਾ ਅਰਥ ਸਾਡੇ ਲਈ ਮੁਸਲਮਾਨਾਂ ਨੂੰ ਦੇਸ਼ ‘ਚੋਂ ਬਾਹਰ ਕੱਢਣਾ ਸੀ, ਹੁਣ ਅਤੇ ਹੋਣ ਵਾਲੇ ਦੱਸੇ ਜਾ ਰਹੇ ਰੈਫਰੰਡਮ ਦਾ ਮਰਮ ਤੁਸੀਂ ਖੁਦ ਸਮਝੋ। ਸਮਝ ਨਹੀਂ ਆ ਰਹੀ ਕਿ ਅਸੀਂ ਜਾ ਕਿਧਰ ਨੂੰ ਰਹੇ ਹਾਂ, ਅੱਗੇ ਨੂੰ ਕਿ ਪਿੱਛੇ ਨੂੰ!
ਸਤੀਆਂ ਤਾਂ ਪਤੀਆਂ ਦੀ ਚਿਖਾ ‘ਚ ਸੜ ਕੇ ਮਰਦੀਆਂ ਸਨ। ਹੁਣ ਅਸੀਂ ਉਨ੍ਹਾਂ ਨੂੰ ਪਤੀਆਂ ਤੱਕ ਪੁੱਜਣ ਹੀ ਨਹੀਂ ਦਿੰਦੇ, ਕੁੱਖ ‘ਚ ਹੀ ਮਾਰ ਦਿੰਦੇ ਹਾਂ। ਇਹ ਗੱਲ ਕਿਸੇ ਐਰੇ-ਗੈਰੇ ਤੱਕ ਸੀਮਤ ਨਹੀਂ, ਸਗੋਂ ਸਾਡੀ ਇੱਕ ਮਹਾਂ-ਇਸਤਰੀ ਇਸ ਦੋਸ਼ ਵਿਚ ਜੇਲ੍ਹ ਦੀ ਹਵਾ ਫੱਕ ਫੁੱਕ ਕੇ ਲੱਡੂ ਵੰਡਦੀ ਬਾਹਰ ਆ ਚੁਕੀ ਹੈ। ਅਕਾਲ ਤਖਤ ਦੀ ਆਸਥਾ ਅਤੇ ਮਰਿਆਦਾ ਨੂੰ ਅਸੀਂ ਹਊਏ ਅਤੇ ਧਮਕੀ ਬਣਾ ਲਿਆ ਹੈ। ਅਸੀਂ ਹਾਲੇ ਵੀ ਗੁਰੂ ਦਾ ‘ਖਾਸ ਰੂਪ’ ਅਰਥਾਤ ਖਾਲਸੇ ਹਾਂ।
ਸਾਡੇ ਰਾਜਸੀ ਦਲਾਂ ਨੇ ਸਮਾਜ ਦੇ ਹਰ ਵਿਹਾਰ ਵਿਚ ਜੰਗ ਦੀ ਭਾਸ਼ਾ ਵਾੜ ਦਿੱਤੀ ਹੈ। ਖੇਡਾਂ ਦੀ ਕੁਮੈਂਟਰੀ ਸੁਣਦਿਆਂ ਲੱਗਦਾ ਹੈ ਜਿਵੇਂ ਜੰਗ ਦੀਆਂ ਖਬਰਾਂ ਸੁਣ ਰਹੇ ਹੋਈਏ। ਜਿਵੇਂ ਖਿਡਾਰੀ ਆਪਣੇ ਵਿਰੋਧੀਆਂ ਦੇ ਖੂਨ ਦੇ ਪਿਆਸੇ ਹੋਣ। ਹੁਣ ਜੰਗ ਦੀ ਭਾਸ਼ਾ ਦੀ ਵਰਤੋ ਚੋਣਾਂ ਵਿਚ ਵੀ ਹੋਣ ਲੱਗ ਪਈ ਹੈ। ਚੋਣ ਹਲਕੇ ਨੂੰ ਮੈਦਾਨ ਕਹਿੰਦੇ ਕਹਿੰਦੇ ਹੁਣ ਅਸੀਂ ਚੋਣਾਂ ਨੂੰ ਦੰਗਲ ਕਹਿਣ ਲੱਗ ਪਏ ਹਾਂ। ਚੋਣਾਂ ਦੇ ਅਰੰਭ ਨੂੰ ਚੋਣ ਬਿਗਲ ਵੱਜ ਗਿਆ ਕਹਿੰਦੇ ਹਾਂ, ਜਦਕਿ ਬਿਗਲ ਜੰਗ ਵਿਚ ਵੱਜਦਾ ਹੈ ਤੇ ਜੰਗ ਦੁਸ਼ਮਣ ਨਾਲ ਹੁੰਦੀ ਹੈ। ਪਿਛਲੇ ਦਿਨੀਂ ਸਾਡੇ ਟੀ. ਵੀ. ਐਂਕਰ ਗੁਆਂਢੀ ਮੁਲਕ ਨੂੰ ਕਿੱਲ੍ਹ ਕਿੱਲ੍ਹ ਕੇ ਦੁਸ਼ਮਣ ਦੇਸ਼ ਆਖ ਬਲਦੀ ‘ਤੇ ਤੇਲ ਪਾ ਰਹੇ ਸਨ। ਨੀਤੀ ਮੰਗ ਕਰਦੀ ਹੈ ਕਿ ਕਮ ਸੇ ਕਮ ਬੋਲਬਾਣੀ ਵਿਚ ਦੁਸ਼ਮਣ ਨੂੰ ਮਿੱਤਰ ਕਹੋ। ਪਰ, ਸਾਡੇ ਨੀਤੀਵਾਨ ਆਪਣੇ ਅੰਗ ਨੂੰ ਹੀ ਦੁਸ਼ਮਣ ਕਹਿਣ ਨੂੰ ਕੂਟਨੀਤੀ ਸਮਝਦੇ ਹਨ।
ਨੀਝ ਨਾਲ ਦੇਖਿਆ ਜਾਵੇ ਤਾਂ ਸਾਡੇ ਕਰੀਬੀ ਰਿਸ਼ਤਿਆਂ ਵਿਚ ਪਈ ਤ੍ਰੇੜ ਦਾ ਕਾਰਨ ਸਾਡੀ ਬੋਲਬਾਣੀ ਹੁੰਦੀ ਹੈ। ਲਫਜ਼ਾਂ ਦੀ ਚੋਣ ਅਤੇ ਵਰਤੋਂ ਵਿਚ ਅਸੀਂ ਅਕਸਰ ਗਲਤੀ ਕਰ ਜਾਂਦੇ ਹਾਂ। ਪਿਛੋਂ ਸਾਨੂੰ ਕਹਿਣਾ ਪੈਂਦਾ ਹੈ, ‘ਮੇਰਾ ਇਹ ਮਤਲਬ ਨਹੀਂ ਸੀ।’
ਚਾਹੀਦਾ ਇਹ ਹੈ ਕਿ ਜੰਗ ਵਿਚ ਵੀ ਖੇਡ ਦੀ ਭਾਸ਼ਾ ਵਰਤੀ ਜਾਵੇ। ਕਮ ਸੇ ਕਮ ਚੋਣਾਂ ਵਿਚ ਤਾਂ ਅਸੀਂ ਖੇਡਾਂ ਵਾਲੀ ਬੋਲਬਾਣੀ ਵਰਤ ਹੀ ਸਕਦੇ ਹਾਂ। ਦੇਸ਼ ਦੀ ਵਾਗਡੋਰ ਸਾਂਭਣ ਦੀ ਦੌੜ ਵਿਚ ਸ਼ਾਮਲ ਇੱਕ ਦੂਜੇ ਦੇ ਦੁਸ਼ਮਣ ਨਹੀਂ ਹੁੰਦੇ, ਮਿੱਤਰ ਹੋ ਸਕਦੇ ਹਨ। ਜੇ ਰਾਜ ਭਾਗ ਸੱਚਮੁੱਚ ਦੀ ਸੇਵਾ ਹੈ ਤਾਂ ਇਸ ਸੇਵਾ ਦੇ ਭਾਗੀਦਾਰ ਅਤੇ ਚਾਹਵਾਨ ਭੈਣ-ਭਾਈ ਵੀ ਤਾਂ ਹੋ ਹੀ ਸਕਦੇ ਹਨ।
ਖਡੂਰ ਸਾਹਿਬ ਵਿਖੇ ਭਾਈ ਬਲਦੀਪ ਸਿੰਘ ਨੇ ਪਹਿਲੀ ਵਾਰ ਅਜਿਹਾ ਸ਼ੁੱਭ ਸੰਕੇਤ ਕੀਤਾ ਸੀ, ਜਦ ਉਨ੍ਹਾਂ ਕਿਹਾ, ‘ਮੈਂ ਚੋਣ ਲੜਨ ਨਹੀਂ, ਖੇਲਣ ਆਇਆ ਹਾਂ।’ ਦੁਸ਼ਟ ਅਤੇ ਰੋਂਡੀ ਮਾਨਸਿਕਤਾ ਖੇਲ ਨੂੰ ਵੀ ਲੜਾਈ ਅਨੁਮਾਨ ਲੈਂਦੀ ਹੈ; ਪਰ ਸਾਫ ਦਿਲ ਅਤੇ ਨੇਕ ਰੂਹਾਂ ਲੜਨ ਨੂੰ ਵੀ ਖੇਡ ਸਮਝਦੀਆਂ ਹਨ, ‘ਪ੍ਰੇਮ ਖੇਲਣ ਕਾ ਚਾਉ॥’
ਕਿੰਨਾ ਚੰਗਾ ਹੁੰਦਾ ਜੇ ਅਸੀਂ ਉਸ ਦੀ ਗੱਲ ਦਾ ਮੁੱਲ ਪਾਇਆ ਹੁੰਦਾ ਤੇ ਉਸ ਨੂੰ ਗਲ ਲਾਇਆ ਹੁੰਦਾ। ਪਰ ਕਿੱਥੇ! ਸਾਨੂੰ ਤਾਂ ਚੋਣਾਂ ਵਿਚ ਕੁੱਤੇ-ਬਿੱਲੇ ਚਾਹੀਦੇ ਹਨ, ਜੋ ਸਾਨੂੰ ਨਿੱਤ ‘ਬਊ ਬਊ’ ਕਰਨ, ਵੱਢ ਵੱਢ ਪੈਣ ਅਤੇ ਖਾਣ।