ਮੇਰੀ ਪਾਕਿਸਤਾਨ ਫੇਰੀ

ਠਾਕਰ ਸਿੰਘ ਬਸਾਤੀ, ਸ਼ਿਕਾਗੋ
ਫੋਨ: 847-736-6092
ਕਿਤਾਬਾਂ ਵਿਚ ਪੜ੍ਹਦੇ ਸਾਂ ਕਿ ਬਾਬੇ ਨਾਨਕ ਨੇ ਪਾਂਧੇ ਨੂੰ ਪੜ੍ਹਾਇਆ, ਸੱਚਾ ਸੌਦਾ ਕੀਤਾ, ਹੱਥੀਂ ਹਲ ਚਲਾਇਆ। ਆਖਿਰ ਸਬੱਬ ਬਣ ਹੀ ਗਿਆ ਉਹ ਥਾਂਵਾਂ ਵੇਖਣ ਦਾ। ਪਹਿਲਾਂ ਡਰਦੇ ਸਾਂ ਕਿ ਜੇ ਪਾਕਿਸਤਾਨ ਗਏ ਹੋਵੋ ਤਾਂ ਬਾਹਰਲੀਆਂ ਕਈ ਸਰਕਾਰਾਂ ਇਮੀਗਰੇਸ਼ਨ ਵੇਲੇ ਤੰਗ ਕਰਦੀਆਂ ਹਨ। ਪਿਛਲੇ ਸਾਲ ਸਾਡੇ ਗਵਾਂਢੀ ਪਾਕਿਸਤਾਨ ਯਾਤਰਾ ਕਰਕੇ ਆਏ, ਉਨ੍ਹਾਂ ਨੇ ਇੰਤਜ਼ਾਮ ਦੀ ਕਾਫੀ ਸ਼ਲਾਘਾ ਕੀਤੀ। ਹੌਸਲਾ ਕਰਕੇ ਸ਼ ਦਵਿੰਦਰ ਸਿੰਘ ਖਾਲਸਾ ਨਾਲ ਸੰਪਰਕ ਕੀਤਾ, ਜੋ ਅਮਰੀਕਾ ਤੋਂ ਨਨਕਾਣਾ ਯਾਤਰਾ ਡਾਟ ਕਾਮ (ਨਅਨਕਅਨਅੇਅਟਰਅ।ਚੋਮ) ਚਲਾਉਂਦੇ ਹਨ। ਇਸੇ ਤਰ੍ਹਾਂ ਪਾਕਿਸਤਾਨ ਵਿਚ ਜਨਾਬ ਮਹਿਮੂਦ ਮਲਿਕ ਜੋ

ਸੇਵਸਿੱਖ ਹੈਰੀਟੇਜ਼ ਡਾਟ ਕਾਮ (ਸਅਵeਸਕਿਹਹeਰਟਿਅਗe।ਚੋਮ) ਚਲਾਉਂਦੇ ਹਨ, ਉਨ੍ਹਾਂ ਵਧੀਆ ਇੰਤਜ਼ਾਮ ਕੀਤਾ। ਇਕ ਹਜ਼ਾਰ ਡਾਲਰ ਵਿਚ ਚਾਰ ਸਟਾਰ ਹੋਟਲਾਂ ਵਿਚ ਠਹਿਰਾਅ, ਸਵੇਰ-ਸ਼ਾਮ ਦਾ ਖਾਣਾ, ਦੋ ਏ.ਸੀ. ਵੈਨਾਂ, ਇਕ ਐਕਸ਼ਯੂ.ਵੀ. ਗੱਡੀ ਵਿਚ ਸਾਡਾ 39 ਯਾਤਰੂਆਂ ਦਾ ਇੰਤਜ਼ਾਮ ਸੀ। ਅੱਗੇ-ਪਿੱਛੇ ਕਮਾਂਡੋ ਸਿਕਿਓਰਿਟੀ ਪਹਿਰਾ ਦਿੰਦੀ ਤਾਂ ਕਿ ਯਾਤਰੀਆਂ ਨਾਲ ਕੋਈ ਬਦਸਲੂਕੀ ਨਾ ਹੋਵੇ, ਪਰ ਅੰਤਾਂ ਦਾ ਸਨੇਹ ਪਾਕਿਸਤਾਨੀਆਂ ਵਲੋਂ ਠਾਠਾਂ ਮਾਰਦਾ ਸੀ। ਜਿਧਰ ਜਾਂਦੇ ‘ਸਰਦਾਰ ਜੀ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ, ਤੁਹਾਡਾ ਮੁਲਕ ਹੈ, ਤੁਹਾਡੀ ਵਿਰਾਸਤ ਹੈ’ ਆਮ ਸੁਣਨ ਨੂੰ ਮਿਲਦਾ। ਅਖਬਾਰਾਂ ਵਿਚ ਜਾਹਰ ਹੁੰਦੀ ਨਫਰਤ ਦੇ ਉਲਟ ਪ੍ਰੇਮ ਦੇ ਸੁਨੇਹੇ ਮਿਲ ਰਹੇ ਸਨ।
ਇਸ ਯਾਤਰਾ ਤੋਂ ਪਹਿਲਾਂ ਜਦੋਂ ਆਪਣੇ ਪਿੰਡ ਪੁੱਜਾ ਤਾਂ ਪਹਿਲਾ ਸੁਨੇਹਾ ਮਿਲਿਆ ਕਿ ਪਿੰਡ ਵਿਚ ਤਿੰਨ ਮਹੀਨੇ ਤੋਂ ਪਾਣੀ ਬੰਦ ਹੈ। ਸਰਕਾਰੀ ਟਿਊਬਵੈਲ ਵਿਚੋਂ ਸਾਲ ਤੋਂ ਗੰਧਲਾ ਪਾਣੀ ਆ ਰਿਹਾ ਸੀ। ਪੱਤਰਕਾਰ ਸੱਜਣਾਂ ਦੀ ਮਿਹਰਬਾਨੀ ਨਾਲ ਅਖਬਾਰ ਵਿਚ ਖਬਰ ਲੱਗੀ ਤਾਂ ਕਿਤੇ ਜਾ ਕੇ ਐਕਸ਼ਨ ਸ਼ੁਰੂ ਹੋ ਗਿਆ। ਪਿੰਡ ਵਾਲਿਆਂ ਨੇ ਆਪਣੇ ਖਰਚੇ ‘ਤੇ ਬੋਰ ਕਰਵਾਇਆ। ਦੱਸਣ ਵਾਲੀ ਗੱਲ ਇਹ ਵੀ ਹੈ ਕਿ ਟਿਊਬਵੈਲ ਦਾ ਪਾਣੀ ਭਾਵੇਂ ਬੰਦ ਸੀ ਪਰ ਬਿਲ ਫਿਰ ਵੀ ਆ ਰਹੇ ਸਨ। ਲੋਕਾਂ ਦੇ ਘਰਾਂ ਵਿਚ ਫਿਲਟਰ, ਕੱਪੜੇ ਧੋਣ ਦੀਆਂ ਮਸ਼ੀਨਾਂ ਖਰਾਬ ਹੋ ਗਈਆਂ। ਜ਼ਿੰਮੇਵਾਰ ਕੌਣ, ਪਤਾ ਨਹੀਂ! ਪਿੰਡ ਵਾਲਿਆਂ ਮੁਤਾਬਕ, ਉਹ ਪਹਿਲਾਂ ਵੀ ਸ਼ੁੱਧ ਪਾਣੀ ਖਾਤਰ ਟਿਊਬਵੈਲ ਠੀਕ ਕਰਾਉਣ ਲਈ ਉਗਰਾਹੀ ਆਪ ਕਰਦੇ ਹਨ। ਤਿੰਨ ਮਹੀਨੇ ਅੰਦਰ ਛੋਟੇ ਜਿਹੇ ਪਿੰਡ ਵਿਚ ਲੋਕਾਂ ਨੇ ਆਪੋ-ਆਪਣੇ ਘਰਾਂ ਵਿਚ ਘੱਟੋ-ਘੱਟ 25 ਬੋਰ ਕਰਵਾ ਲਏ।
ਖੈਰ! ਜਥੇ ਦੇ ਕੁਝ ਲੋਕ ਸਿੱਧੇ ਲਾਹੌਰ ਦੇ ਹਵਾਈ ਅੱਡੇ ‘ਤੇ ਪਹੁੰਚੇ ਅਤੇ ਕੁਝ ਵਾਹਗਾ ਬਾਰਡਰ ਰਾਹੀਂ। ਸਾਨੂੰ ਵਾਹਗਾ ਬਾਰਡਰ ਪਾਰ ਕਰਨ ਲਈ ਚਾਰ ਘੰਟੇ ਲੱਗੇ। ਹਰ ਕਰਮਚਾਰੀ ਜੋ ਉਥੇ ਕੰਮ ਕਰਦਾ ਹੈ, ਪਾਸਪੋਰਟ ਦੇਖਦਾ ਹੈ। ਕਿਉਂ? ਜਦੋਂ ਐਂਟਰੀ ਵੇਲੇ ਇਕ ਜਣੇ ਨੇ ਦੇਖ ਲਿਆ ਤਾਂ ਵਾਰ-ਵਾਰ ਕਿਉਂ? ਸ਼ਾਇਦ ਪ੍ਰੇਸ਼ਾਨ ਕਰਨ ਦਾ ਇਹ ਵੀ ਇਕ ਤਰੀਕਾ ਹੋਵੇ। ਰਜਿਸਟਰਾਂ ਵਿਚ ਐਂਟਰੀ ਉਵੇਂ ਹੁੰਦੀ ਹੈ, ਜਿਵੇਂ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਪਹਿਲਾਂ ਹੁੰਦੀ ਸੀ। ਦੁਨੀਆਂ ਵਿਚ ਹਰ ਥਾਂ ਕੰਪਿਊਟਰ ਆ ਗਏ ਹਨ, ਪਰ ਇਥੇ ਅਜੇ ਵੀ ਰਜਿਸਟਰ ਚਲਦੇ ਹਨ। ਵਧੇਰੇ ਘੜਮੱਸ ਕੁਲੀ ਅਤੇ ਸਿਫਾਰਸ਼ੀ ਪਾਉਂਦੇ ਹਨ, ਕਿਉਂਕਿ ਉਨ੍ਹਾਂ ਉਤੇ ਕੋਈ ਸਿਸਟਮ ਲਾਗੂ ਨਹੀਂ ਹੁੰਦਾ। ਹਿੰਦੁਸਤਾਨ ਜਦੋਂ ਤਕ ਸੈਲਾਨੀਆਂ ਲਈ ਕੋਈ ਸਿਸਟਮ ਨਹੀਂ ਬਣਾਉਂਦਾ, ਸੈਰ ਸਪਾਟੇ ਅਤੇ ਇਸ ਨਾਲ ਜੁੜੇ ਕਾਰੋਬਾਰ ਦਾ ਰੱਬ ਹੀ ਰਾਖਾ!
ਪਹਿਲਾਂ ਬੱਸ ਰਾਹੀਂ ਪਾਕਿਸਤਾਨ ਸਫਾਰਤਖਾਨੇ ਤਕ ਲੈ ਕੇ ਗਏ। ਉਥੇ 20 ਕੁ ਮਿੰਟਾਂ ਵਿਚ ਹੀ ਸਾਰੀ ਤਫਤੀਸ਼ ਹੋ ਗਈ ਤੇ ਬੱਘੀ ਰਾਹੀਂ ਬਸਾਂ ਤਕ ਪਹੁੰਚਾਇਆ ਗਿਆ। ਉਥੇ ਤਿੰਨ ਬਸਾਂ ਖੜ੍ਹੀਆਂ ਸਨ, ਜੋ ਸਾਨੂੰ ਹੋਟਲ ਤਕ ਲੈ ਕੇ ਗਈਆਂ। ਉਥੇ ਉਤਰਦਿਆਂ ਹੀ ਢੋਲ ਵਜਣੇ ਸ਼ੁਰੂ ਹੋ ਗਏ। ਗਲਾਂ ਵਿਚ ਗੁਲਾਬਾਂ ਦੇ ਮਹਿਕਾਂ ਛੱਡਦੇ ਹਾਰ ਪਾਏ ਗਏ ਤੇ 15-20 ਮਿੰਟ ਖੂਬ ਭੰਗੜਾ ਚਲਿਆ। ਸਿੱਖ ਯਾਤਰੀਆਂ ਨੂੰ ‘ਜੀ ਆਇਆਂ’ ਦੇ ਸਾਈਨ ਲੱਗੇ ਹੋਏ ਸਨ।
ਚਾਹ ਪਾਣੀ ਪਿਛੋਂ ਪਹਿਲਾ ਪੜਾਅ ਗੁਰਦੁਆਰਾ ਡੇਰਾ ਸਾਹਿਬ ਸੀ, ਜਿਥੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਰਾਵੀ ਵਿਚ ਸਮਾਏ। ਦੋ ਥਾਂਈਂ ਉਨ੍ਹਾਂ ਦੀ ਯਾਦ ਬਣੀ ਹੋਈ ਹੈ-ਇਕ, ਜਿਥੇ ਤਸੀਹੇ ਸਹਿਣ ਤੋਂ ਬਾਅਦ ਰਾਵੀ ਵਿਚ ਪਹਿਲਾਂ ਡੁੱਬਕੀ ਮਾਰੀ। ਫਿਰ ਦੂਜੀ ਡੁਬਕੀ ਜਿਥੇ ਉਹ ਲੋਪ ਹੋ ਗਏ। ਨੇੜੇ ਖੂਹ ਵੀ ਹੈ, ਜੋ ਬਚਾ ਕੇ ਰਖਿਆ ਹੋਇਆ ਹੈ। ਕਾਰ ਸੇਵਾ ਚਲ ਰਹੀ ਹੈ। ਦੋ ਮੰਜ਼ਿਲਾ ਵੱਡਾ ਗੁਰਦੁਆਰਾ ਬਣ ਰਿਹਾ ਹੈ। ਨੇੜੇ ਸ਼ਾਹੀ ਮਸਜਿਦ ਹੈ ਜਿਸ ਦਾ ਆਪਣਾ ਜਲੌਅ ਹੈ। ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਕਿਲ੍ਹਾ ਖੰਡਰ ਬਣਦਾ ਨਜ਼ਰ ਆਉਂਦਾ ਹੈ। ਜਿਸ ਦਰਵਾਜੇ ਹੇਠ ਕੰਵਰ ਨੌਨਿਹਾਲ ਸਿੰਘ ਨੂੰ ਪੱਥਰ ਦੀ ਸਿੱਲ ਸੁੱਟ ਕੇ ਮਾਰਿਆ ਸੀ, ਉਹ ਹਾਲੇ ਵੀ ਮੌਜੂਦ ਹੈ। ਆਰਜ਼ੀ ਬਿਲਡਿੰਗ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਜਿਥੇ ਭਾਈ ਚਾਂਦ ਦਾ ਪੜਪੋਤਾ ਤਬਲੇ ‘ਤੇ ਨਾਮ ਸਿਮਰਨ ਕਰਵਾ ਰਿਹਾ ਸੀ। ਇਹ ਲੋਕ ਭਾਈ ਮਰਦਾਨੇ ਦੀ ਪੀੜ੍ਹੀ ਵਿਚੋਂ ਹਨ ਤੇ ਗੁਰੂਘਰਾਂ ਨਾਲ ਜੁੜੇ ਹੋਏ ਹਨ। ਬਾਅਦ ਵਿਚ ਉਸ ਨੇ ਪਰਿਵਾਰ ਲਈ ਰਾਸ਼ਨ ਵਾਸਤੇ ਅਰਜ਼ ਕੀਤੀ। ਕਮਾਲ ਹੈ ਸਾਡੀ ਸਿੱਖੀ ਦੀ? ਅਸੀਂ ਗੁਰਦੁਆਰਿਆਂ ‘ਤੇ ਸੋਨੇ ਦੇ ਕਲਸ ਚੜ੍ਹਾਉਂਦੇ ਹਾਂ ਪਰ ਕੀਰਤਨੀਏ ਰੋਟੀ ਰੋਜ਼ੀ ਲਈ ਤਰਸਦੇ ਹਨ!
ਸਾਡੇ ਜਥੇ ਵਿਚ ਦੋ ਸ਼ਰਧਾਲੂ ਸਨ, ਜੋ ਸ਼ਬਦ ਪੜ੍ਹ ਕੇ ਹਾਜ਼ਰੀ ਲਵਾਉਂਦੇ। ਯਾਤਰੂਆਂ ਨੂੰ ਸੰਖੇਪ ਇਤਿਹਾਸ ਦੱਸਿਆ ਜਾਂਦਾ। ਹਰ ਗੁਰਦੁਆਰੇ ਵਿਚ ਅਰਦਾਸ ਕੀਤੀ ਜਾਂਦੀ। ਕਈ ਵਾਰ ਮੁਸਲਿਮ ਸ਼ਰਧਾਲੂ ਹੀ ਅਰਦਾਸ ਕਰਦੇ। ਬਹੁਤੇ ਥਾਂਈਂ ਮੁਸਲਮਾਨ ਹੀ ਲੰਗਰ ਬਣਾਉਂਦੇ ਤੇ ਵਰਤਾਉਂਦੇ ਹਨ। ਲੰਗਰ ਸਾਦੇ ਹਨ-ਦਾਲ, ਸਬਜੀ ਤੇ ਮਿੱਠੇ ਚੌਲ। ਸਾਡੇ ਵਾਂਗ ਮਠਿਆਈਆਂ ‘ਤੇ ਜ਼ੋਰ ਨਹੀਂ। ਪਾਕਿਸਤਾਨ ਵਿਚ ਧਰਮ ਸਥਾਨਾਂ ਦੀ ਦੇਖਭਾਲ ਵਕਫ ਬੋਰਡ ਕਰਦਾ ਹੈ। ਉਸ ਵਿਚ ਸਰਕਾਰਾਂ ਦਾ ਕੋਈ ਦਖਲ ਨਹੀਂ। ਵਕਫ ਬੋਰਡ ਹੀ ਅੰਦਰ ਮੁਲਾਜ਼ਮ ਰੱਖਦਾ ਹੈ। ਹਰ ਗੁਰਦੁਆਰੇ ਦੇ ਬਾਹਰ ਪੁਲਿਸ ਦਾ ਸਖਤ ਪਹਿਰਾ ਹੈ ਤੇ ਸਥਾਨਕ ਲੋਕਾਂ ਦਾ ਦਾਖਲਾ ਸਨਾਖਤੀ ਕਾਰਡ ਦੇਖ ਕੇ ਹੁੰਦਾ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਤੋਂ ਬਚਿਆ ਜਾ ਸਕੇ। ਗੈਰ ਸਿੱਖ ‘ਸਤਿ ਸ੍ਰੀ ਅਕਾਲ’ ਜ਼ਰੂਰ ਕਹਿੰਦੇ ਹਨ ਪਰ ਬਹੁਤੇ ਬਖਸ਼ਿਸ਼ ਲੈਣ ਲਈ ਵੀ ਨਾਲ ਤੁਰੇ ਫਿਰਦੇ ਹਨ।
ਅਗਲੇ ਦਿਨ ਨਾਸ਼ਤੇ ਪਿਛੋਂ ਸਿਆਲਕੋਟ ਨੂੰ ਰਵਾਨਗੀ ਹੋਈ, ਜੋ ਕਦੀ ਸਿਆਲੂ ਦਾ ਕੋਟ ਹੁੰਦਾ ਸੀ। ਇਸ ਦਾ ਪਿਛੋਕੜ ਰਾਜਾ ਰਸਾਲੂ ਨਾਲ ਜਾ ਜੁੜਦਾ ਹੈ। ਇਹ ਕਸ਼ਮੀਰ ਦੇ ਨੇੜੇ ਪੈਂਦਾ ਹੈ ਅਤੇ ਹਿਮਾਲਿਆ ਦੇ ਪਹਾੜਾਂ ਦਾ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਪਾਕਿਸਤਾਨ ਵਿਚ ਹਿਮਾਲਿਆ ਦੇ ਸਭ ਤੋਂ ਵਧ ਪਹਾੜ ਹਨ। ਇਹ ਪੁਰਾਤਨ ਟੈਕਸਿਲਾ ਯੂਨੀਵਰਸਿਟੀ ਦੇ ਨੇੜੇ ਹੈ, ਜੋ ਕਿਸੇ ਵੇਲੇ ਦੁਨੀਆਂ ਭਰ ਵਿਚ ਮਸ਼ਹੂਰ ਸੀ। ਇਥੋਂ ਅਸੀਂ ਗੁਰਦੁਆਰਾ ਸੱਚਾ ਸੌਦਾ ਦੇਖਣ ਗਏ, ਜਿਥੇ ਬਾਬੇ ਨਾਨਕ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ। ਇਸ ਵਾਕੇ ਦੇ ਨਾਲ ਹੀ ਲੰਗਰ ਦੀ ਪ੍ਰਥਾ ਦਾ ਅਰੰਭ ਹੋਇਆ ਮੰਨਿਆ ਜਾਂਦਾ ਹੈ। ਭੋਜਨ ਤੋਂ ਬਿਨਾ ਬਾਬੇ ਨਾਨਕ ਨੇ ਉਨ੍ਹਾਂ ਨਾਲ ਆਤਮਿਕ ਵਿਚਾਰ-ਵਟਾਂਦਰਾ ਕੀਤਾ। ਇਥੋਂ ਨੇੜੇ ਹੀ ਉਹ ਸਥਾਨ ਵੀ ਹੈ, ਜਿਥੇ ਸਿੱਧ ਗੋਸਟਿ ਹੋਈ।
ਵਕਫ ਬੋਰਡ ਨੇ ਗੁਰਦੁਆਰੇ ਅੰਦਰ ਬਹੁਤ ਖੂਬਸੂਰਤ ਫੁੱਲ-ਫਲੇਰ ਲਾਏ ਹੋਏ ਹਨ। ਇਨ੍ਹਾਂ ਦਿਨਾਂ ਵਿਚ ਹੀ ਛੋਟੀ ਈਦ ਮਿਲਾਦ ਨਬੀ ਵੀ ਸੀ। ਇਉਂ ਆਪਣੀਆਂ ਰਸਮਾਂ ਮੁਤਾਬਕ ਹਰ ਗੁਰਦੁਆਰਾ ਸੋਭਾ ਦੇ ਰਿਹਾ ਸੀ। ਉਨ੍ਹਾਂ ‘ਤੇ ਚੀਨ ਤੋਂ ਆਈਆਂ ਝੰਡੀਆਂ ਝੂਲ ਰਹੀਆਂ ਸਨ। ਇਥੇ ਦੋ ਜਵਾਨ ਸਿੱਖ ਪਰਿਵਾਰ ਰਹਿੰਦੇ ਹਨ।
ਅਗਲਾ ਪੜਾਅ ਐਮਨਾਬਾਦ ਸੀ, ਜਿਥੇ ਬਾਬੇ ਨਾਨਕ ਤੇ ਭਾਈ ਲਾਲੋ ਦੀ ਮੁਲਾਕਾਤ ਹੋਈ। ਬਾਬਾ ਜੀ ਤੋਂ ਭਾਈ ਲਾਲੋ ਪਹਿਲਾਂ ਹੀ ਵਾਕਿਫ ਸੀ। ਅੱਜ ਵੀ ਉਥੇ ਭਾਈ ਲਾਲੋ ਦੀ ਖੂਹੀ ਮੌਜੂਦ ਹੈ। ਸਥਾਨ ਤਕ ਪਹੁੰਚਣ ਲਈ ਕਈ ਭੀੜੀਆਂ ਗਲੀਆਂ ਵਿਚੋਂ ਲੰਘਣਾ ਪੈਂਦਾ ਹੈ। ਅੰਦਰ ਉਹ ਸਥਾਨ ਸੁਰੱਖਿਅਤ ਹਨ, ਜਿਥੇ ਬਾਬਾ ਜੀ ਬੈਠੇ ਸਨ ਤੇ ਵਿਚਾਰ-ਵਟਾਂਦਰਾ ਕਰਦੇ ਸਨ। ਰਸਤੇ ਵਿਚ ਦੋ ਹਿੰਦੂ ਮੰਦਿਰ ਵੀ ਆਏ, ਜਿਨ੍ਹਾਂ ‘ਤੇ ਤਾਲੇ ਲੱਗੇ ਹੋਏ ਸਨ। ਇਹ ਸ਼ਾਇਦ ਪੁਕਾਰ ਰਹੇ ਸਨ ਕਿ ਕਦੋਂ ਕੋਈ ਕਰਤਾਰਪੁਰ ਲਾਂਘਾ ਖੁੱਲ੍ਹੇ ਅਤੇ ਸ਼ਰਧਾਲੂ ਮੰਦਿਰਾਂ ਵਿਚ ਆਉਣ। ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ, ਬਸ ਥਾਂ ਹੀ ਸੰਭਾਲੀ ਹੋਈ ਹੈ। ਗੁਰਦੁਆਰਾ ਰੋੜੀ ਸਾਹਿਬ ਦੇਖਿਆ ਜਿਥੇ ਗੁਰੂ ਜੀ ਨੇ ਰੋੜੀਆਂ ਦੀ ਸਫ ਵਿਛਾ ਕੇ ਸਿਮਰਨ ਕੀਤਾ ਸੀ। ਗੁਰਦੁਆਰਾ ਚੱਕੀ ਸਾਹਿਬ ਵਿਖੇ ਨਤਮਸਤਕ ਹੋਏ, ਜਿਥੇ ਬਾਬਰ ਨੇ ਗੁਰੂ ਜੀ ਨੂੰ ਚੱਕੀ ਪੀਸਣ ਲਾਇਆ ਸੀ। ਹੁਣ ਉਹ ਚੱਕੀ ਗਾਇਬ ਹੈ, ਪਰ 1948 ਤਕ ਮੌਜੂਦ ਸੀ।
ਅਗਲੇ ਦਿਨ ਵਾਰੀ ਸੀ ਕਰਤਾਰਪੁਰ ਸਾਹਿਬ ਦੀ, ਜਿਥੇ ਬਾਬੇ ਨਾਨਕ ਨੇ ਜ਼ਿੰਦਗੀ ਦੇ ਆਖਰੀ 18 ਸਾਲ ਬਿਤਾਏ। ਅੱਜ ਵੀ ਉਥੇ ਮਿਹਨਤ ਦੀ ਖੁਸ਼ਬੋ ਮਿਲਦੀ ਹੈ। ਬਲਦਾਂ ਦੀ ਥਾਂ ਰੰਗ-ਬਰੰਗੇ ਟਰੈਕਟਰ ਖੜ੍ਹੇ ਸਨ। ਜੀਰੀ ਸੁੱਕਣੀ ਪਾਈ ਹੋਈ ਸੀ। ਇਥੇ ਦੋ ਖੂਹੀਆਂ ਹਨ-ਇਕ ਵਿਚੋਂ ਪਾਣੀ ਬਾਬੇ ਦੇ ਘਰ ਲਈ ਤੇ ਦੂਜੇ ਹਲਟ ਤੋਂ ਬਾਬੇ ਦੇ ਖੇਤਾਂ ਲਈ ਜਾਂਦਾ ਸੀ। ਦੋਵੇਂ ਅੱਜ ਵੀ ਸੰਭਾਲ ਕੇ ਰਖੀਆਂ ਹੋਈਆਂ ਹਨ। ਹਲਟ ਵਾਲੀ ਖੂਹੀ ‘ਤੇ ਮੋਟਰ ਨਾਲ ਟਿੰਡਾਂ ਅਤੇ ਮਾਲ ਗਿੜਦੇ ਹਨ, ਲੋਕੀਂ ਪਾਣੀ ਭਰ ਭਰ ਘਰਾਂ ਨੂੰ ਲੈ ਜਾਂਦੇ ਹਨ। ਅਮਰੂਦ ਬੜੇ ਵੱਡੇ ਲੱਗਦੇ ਹਨ ਅਤੇ ਕਰਮਚਾਰੀ ਸੰਗਤ ਵਿਚ ਵੰਡਦੇ ਹਨ ਪਰ ਨਾਲ ਭੇਟਾ ਵੀ ਲੈਂਦੇ ਹਨ। ਇਥੋਂ ਦੇ ਆਲੂ ਅਤੇ ਬਾਸਮਤੀ ਦੁਨੀਆਂ ਭਰ ਵਿਚ ਮਸ਼ਹੂਰ ਹਨ।
ਇਥੇ ਹੀ ਉਹ ਅਦਭੁਤ ਥਾਂ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਥੇ ਬਾਬੇ ਨਾਨਕ ਦਾ ਦੋ ਤਰ੍ਹਾਂ ਨਾਲ ਸਸਕਾਰ ਹੋਇਆ। ਅੱਧੀ ਚਾਦਰ ਤੇ ਅੱਧੇ ਫੁੱਲਾਂ ਦੀ ਮੁਸਲਮਾਨਾਂ ਨੇ ਕਬਰ ਬਣਾ ਦਿੱਤੀ ਅਤੇ ਅੱਧੀ ਚਾਦਰ ਤੇ ਅੱਧੇ ਫੁੱਲਾਂ ਦੀ ਹਿੰਦੂ ਸਿੱਖਾਂ ਨੇ ਸਮਾਧ ਬਣਾ ਦਿੱਤੀ। ਲੋਕ ਅੱਜ ਵੀ ਬਾਬੇ ਨਾਨਕ ਨੂੰ ਆਪੋ-ਆਪਣੇ ਤਰੀਕੇ ਨਾਲ ਯਾਦ ਕਰਦੇ ਹਨ।
ਲੋਕਾਂ ਵਿਚ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਬਹੁਤ ਚਾਅ ਹੈ। ਲੋਕ ਦੁਆਵਾਂ ਕਰਦੇ ਹਨ ਕਿ ਇਸੇ ਤਰ੍ਹਾਂ ਬਾਕੀ ਲਾਂਘੇ ਵੀ ਖੁੱਲ੍ਹ ਜਾਣ। ਸ਼ਾਮ ਨੂੰ ਅਸੀਂ ਗੁਰਦੁਆਰਾ ਬੇਰੀ ਸਾਹਿਬ ਦੇਖਣ ਗਏ, ਜਿਥੇ ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਕੀਮਤੀ ਹੀਰਾ ਦੇ ਕੇ ਭੇਜਿਆ ਸੀ ਤੇ ਭਾਈ ਮਰਦਾਨਾ ‘ਮਰਨਾ ਸੱਚ ਜਿਊਣਾ ਝੂਠ’ ਪਰਚੀ ਲੈ ਕੇ ਆਏ ਸਨ। ਇਥੇ ਹੀ ਗੁਰੂ ਜੀ ਨੇ ਪੀਰ ਹਮਦਾ ਨੂੰ ਸਮਝਾਇਆ ਸੀ ਕਿ ਜਿਨ੍ਹਾਂ ਸੇਵਕਾਂ ਦੀ ਤੂੰ ਕਮਾਈ ਖਾਂਦਾ ਹੈ, ਉਨ੍ਹਾਂ ਨਾਲ ਅੱਛਾ ਵਿਹਾਰ ਕਰ। ਗੁਰਦੁਆਰੇ ਵਿਚ ਕਮਾਲ ਦੀਆਂ ਤਸਵੀਰਾਂ ਹਨ, ਜੋ ਹੁਣ ਖਸਤਾ ਹੋ ਰਹੀਆਂ ਹਨ। ਪਿਛਲੇ ਪਾਸੇ ਬੇਰੀ ਹਾਲੇ ਵੀ ਮੌਜੂਦ ਹੈ। ਤਸਵੀਰਾਂ ਵਿਚੋਂ ਬਾਲਾ ਗਾਇਬ ਹੈ। ਕਈ ਲੋਕ ਖਰੀਦੋ-ਫਰੋਖਤ ਕਰਨਾ ਚਾਹੁੰਦੇ ਸਨ, ਪਰ ਸਿਕਿਓਰਿਟੀ ਰਿਸਕ ਕਰਕੇ ਸਿਆਲਕੋਟ ਸ਼ਾਪਿੰਗ ਦੀ ਇਜਾਜ਼ਤ ਨਾ ਮਿਲ ਸਕੀ।
ਅਗਲੇ ਦਿਨ ਜਿਹਲਮ ਉਤੋਂ ਲੰਘ ਕੇ ਇਸਲਾਮਾਬਾਦ ਪਹੁੰਚੇ, ਜੋ ਪਾਕਿਸਤਾਨ ਦੀ ਰਾਜਧਾਨੀ ਹੈ ਅਤੇ ਚੰਡੀਗੜ੍ਹ ਵਾਂਗ ਪੂਰੀ ਯੋਜਨਾਬੱਧ ਢੰਗ ਨਾਲ ਉਸਾਰੀ ਗਈ ਹੈ। ਇਹ ਸ਼ਹਿਰ 1965 ਵਿਚ ਬਣਿਆ ਅਤੇ ਇਸ ਦਾ ਨਕਸ਼ਾ ਯੂਨਾਨ (ਗਰੀਸ) ਦੇ ਆਰਕੀਟੈਕਟ ਸੀ. ਏ. ਡੌਕਸੀਐਡਿਸ ਨੇ ਬਣਾਇਆ ਸੀ। ਜਿਹਲਮ ਵਿਚ ਪਾਣੀ ਸਭ ਤੋਂ ਸਾਫ ਹੈ। ਇਥੇ ਦੋ ਵਕੀਲਾਂ ਨਾਲ ਮੁਲਾਕਾਤ ਹੋਈ, ਜਿਨ੍ਹਾਂ ਵਿਚੋਂ ਇਕ ਬਾਰ ਐਸੋਸੀਏਸ਼ਨ ਦਾ ਉਪ ਪ੍ਰਧਾਨ ਸੀ। ਉਹ ਵਾਰ-ਵਾਰ ਪੁੱਛ ਰਿਹਾ ਸੀ, “ਦੱਸੋ ਮੈਂ ਤੁਹਾਡੀ ਕੀ ਖਿਦਮਤ ਕਰ ਸਕਦਾਂ?”
ਇਥੇ ਪਹਿਲਾ ਗੁਰਦੁਆਰਾ ਚੋਆ ਸਾਹਿਬ ਦੇਖਣ ਨੂੰ ਮਿਲਿਆ, ਜੋ ਖੰਡਰਾਤ ਤੋਂ ਉਭਰ ਰਿਹਾ ਹੈ। ਇਹ ਪਹਾੜੀ ਦੇ ਐਨ ਥੱਲੇ ਕਰਕੇ ਸਥਿਤ ਹੈ, ਜਿਥੇ ਲਈ ਰਸਤਾ ਤਰੱਦਦ ਕਰਕੇ ਲੱਭਣਾ ਪੈਂਦਾ ਹੈ। ਮੋੜ-ਘੇੜ ਕਾਫੀ ਹਨ। ਪਿਛਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਰੋਹਤਾਸ ਕਿਲ੍ਹਾ ਹੈ, ਜਿਸ ਨੂੰ ਹਵੇਲੀ ਮਾਨ ਸਿੰਘ ਵੀ ਕਿਹਾ ਜਾਂਦਾ ਹੈ। ਇਥੋਂ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਵਲ ਕਾਬੂ ਰੱਖਦੇ ਸਨ। ਥੱਲੇ ਚਸ਼ਮਾ ਹੈ। ਕਿਹਾ ਜਾਂਦਾ ਹੈ ਕਿ ਇਥੋਂ ਬਾਬਾ ਜੀ ਨੇ ਛੜੀ ਨਾਲ ਚਸ਼ਮਾ ਚਲਾ ਦਿੱਤਾ ਸੀ, ਜਦੋਂ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਦੱਸਿਆ ਸੀ ਕਿ ਇਥੇ ਪਾਣੀ ਦੀ ਮੁਸੀਬਤ ਹੈ। ਸ਼ੇਰ ਸ਼ਾਹ ਸੂਰੀ ਨੇ ਜਦੋਂ ਇਸ ਕਿਲ੍ਹੇ ‘ਤੇ ਕਬਜ਼ਾ ਕੀਤਾ ਤਾਂ ਤਿੰਨ ਵਾਰ ਪਾਣੀ ਕਿਲ੍ਹੇ ‘ਚ ਚੜ੍ਹਾਉਣਾ ਚਾਹਿਆ ਪਰ ਨਾਕਾਮ ਰਿਹਾ।
ਸਾਹਮਣੇ ਸ਼ਹਿਰ ਦੀਨਾ ਵਸਦਾ ਹੈ। ਅੱਗਿਉਂ ਘਾਣ ਨਦੀ ਸੁੱਕ ਗਈ ਹੈ। ਚਸ਼ਮੇ ਦਾ ਪਾਣੀ ਨਾ ਕਦੇ ਘਟਦਾ ਤੇ ਨਾ ਵਧਦਾ ਹੈ। ਗੁਰਦੁਆਰੇ ਵਿਚ ਕੰਧਾਂ ‘ਤੇ ਪੰਜਾਬੀ ਵਿਚ ਗੁਰਬਾਣੀ ਲਿਖੀ ਹੋਈ ਹੈ। ਨੇੜੇ ਪੁਰਾਣਾ ਖੂਹ ਮੌਜੂਦ ਹੈ। ਗੁਰਦੁਆਰੇ ਪਿਛੇ ਜੰਗਲ ਸੀ, ਜਿਥੇ 1947 ਵਿਚ ਕਾਫੀ ਸਿੱਖ ਆ ਕੇ ਛੁਪ ਗਏ ਸਨ। ਜਦੋਂ ਉਹ ਕਾਬੂ ਨਾ ਆਏ ਤਾਂ ਆਖਿਰ ਅੱਗ ਲਾ ਕੇ ਸਾੜ ਦਿਤੇ ਗਏ। ਹੁਣ ਮਲਿਕ ਸਾਹਿਬ ਉਪਰਾਲਾ ਕਰਕੇ ਅੰਬ, ਸੰਤਰਾ, ਬੇਰੀ ਆਦਿ ਬੂਟੇ ਲਵਾ ਰਹੇ ਹਨ। ਯਾਤਰੂਆਂ ਲਈ ਗੁਸਲਖਾਨੇ ਬਣ ਰਹੇ ਹਨ। ਇਥੇ ਹੀ ਟੁੱਟੀ ਹਵੇਲੀ ਦੀ ਉਹ ਕੰਧ ਮੌਜੂਦ ਹੈ, ਜੋ ਸਿੰਗਾਪੁਰੀਏ ਸ਼ ਅਮਰਦੀਪ ਸਿੰਘ ਦੀ ਕਿਤਾਬ (.ੋਸਟ ੍ਹeਰਟਿਅਗe ਾ ੰਕਿਹਸ) ਦੇ ਕਵਰ ‘ਤੇ ਛਪੀ ਹੋਈ ਹੈ। ਚਸ਼ਮੇ ਅੰਦਰ ਗੁਰਬਾਣੀ ਦੀਆਂ ਤੁਕਾਂ ਉਕਰੀਆਂ ਹਨ। ਕਿਲ੍ਹੇ ਦੀ ਤਾਂ ਬਸ ਬਾਹਰਲੀ ਕੰਧ ਹੀ ਮੌਜੂਦ ਹੈ। ਲੋਕਾਂ ਨੇ ਅੰਦਰ ਸਭ ਥਾਂ ਮਲ ਲਈ ਹੋਈ ਹੈ।
ਅਗਲਾ ਪੜਾਅ ਮਾਤਾ ਸਾਹਿਬ ਕੌਰ ਦਾ ਜਨਮ ਸਥਾਨ ਸੀ, ਜੋ ਸ਼ੀਸ਼ਿਆਂ ਨਾਲ ਸਜਾਇਆ ਪਿਆ ਹੈ। ਸਥਾਨ ਦਾ ਸਿਰਫ ਨਿੱਕਾ ਕਮਰਾ ਹੀ ਬਚਿਆ ਹੈ, ਬਾਕੀ ਸਭ ਕੁਝ ਲੋਕਾਂ ਨੇ ਮੱਲ ਲਿਆ ਹੈ। ਬਾਹਰ ਪਕੌੜੇ, ਜਲੇਬੀਆਂ ਬਣਦੀਆਂ ਹਨ। ਮਾਰਗਲਾ ਹਿੱਲਜ਼ ‘ਤੇ ਖਾਣਾ ਖਾਣ ਦਾ ਆਪਣਾ ਅਨੰਦ ਸੀ। ਤਬਲੇ-ਹਾਰਮੋਨੀਅਮ ‘ਤੇ ਪੰਜਾਬੀ ਉਰਦੂ ਗੀਤ ਗਾਏ ਜਾ ਰਹੇ ਸਨ। ਠੰਢ ਤੋਂ ਬਚਾਓ ਲਈ ਅੰਗੀਠੀਆਂ ਸਨ। ਯਾਤਰੂਆਂ ਲਈ ਛੋਟੀਆਂ ਦੁਕਾਨਾਂ ਸਨ। ਸਰਦਾਰਾਂ ਨੂੰ ਖਾਣਾ ਖਵਾਉਣ ਲਈ ਅਜੀਬ ਉਤਸ਼ਾਹ ਸੀ। ਬਹਿਰੇ ਆਪਣੇ ਪਿਛੋਕਿਆਂ ਦੀਆਂ ਯਾਦਾਂ ਦਿਵਾ ਰਹੇ ਸਨ ਅਤੇ ਸਾਨੂੰ ਭਰਪੂਰ ‘ਜੀ ਆਇਆਂ’ ਮਹਿਸੂਸ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ। ਇਸਲਾਮਾਬਾਦ ਦੂਤਾਵਾਸਾਂ ਨਾਲ ਭਰਿਆ ਪਿਆ ਹੈ।
ਇਸਲਾਮਾਬਾਦ ਪਿਛੋਂ ਸਫਰ ਸ਼ੁਰੂ ਹੋਇਆ ਫੈਸਲਾਬਾਦ ਦਾ, ਜਿਸ ਦਾ ਪਹਿਲਾ ਨਾਂ ਲਾਇਲਪੁਰ ਸੀ। ਜਦੋਂ ਸਾਊਦੀ ਅਰਬ ਦਾ ਸ਼ਹਿਨਸ਼ਾਹ ਫੈਸਲ 1976 ਵਿਚ ਪਾਕਿਸਤਾਨ ਆਇਆ ਅਤੇ 120 ਮਿਲੀਅਨ ਦਾ ਤੋਹਫਾ ਪਾਕਿਸਤਾਨ ਨੂੰ ਦੇ ਗਿਆ ਤਾਂ ਲਾਇਲਪੁਰ ਦਾ ਨਾਂ ਫੈਸਲਾਬਾਦ ਕਰ ਦਿੱਤਾ ਗਿਆ ਸੀ। ਉਸ ਦੀ ਯਾਦਗਾਰ ਵਿਚ ਫੈਸਲ ਮਸਜਿਦ ਬਣਾਈ, ਜੋ ਇਟਲੀ ਦੇ ਕਰਾਰਾ ਦੇ ਪੱਥਰ ਦੀ ਆਲੀਸ਼ਾਨ ਇਮਾਰਤ ਹੈ। ਇਹ ਏਸ਼ੀਆ ਦੀ ਸਭ ਤੋਂ ਵੱਡੀ ਮਸਜਿਦ ਹੈ, ਜਿਥੇ ਇਕ ਲੱਖ ਸ਼ਰਧਾਲੂ ਅੰਦਰ ਅਤੇ ਦੋ ਲੱਖ ਬਾਹਰ ਨਮਾਜ ਅਦਾ ਕਰ ਸਕਦੇ ਹਨ। ਮਸਜਿਦ ਵਿਚ ਯੂਨੀਵਰਸਿਟੀ ਤੇ ਲਾਇਬ੍ਰੇਰੀ ਵੀ ਹੈ। ਉਥੇ ਹਰ ਸਮੇਂ ਰੋਸ਼ਨੀ ਦਾ ਇੰਤਜ਼ਾਮ ਹੈ ਤੇ ਪਾਣੀ ਦੇ ਫੁਹਾਰਿਆਂ ਨਾਲ ਠੰਢੀ ਰੱਖੀ ਜਾਂਦੀ ਹੈ।
ਅਗਲੇ ਦਿਨ ਸਵੇਰੇ ਪੰਜਾ ਸਾਹਿਬ (ਹਸਨ ਅਬਦਾਲ) ਵੱਲ ਚਾਲੇ ਪਾਏ। ਵੱਡੀ ਦਿੱਕਤ ਗਰੁਪ ਵਿਚ ਇਹ ਆਈ ਕਿ ਸਵੇਰੇ ਚਲਣ ਤੇ ਪਰਤਣ ਵੇਲੇ ਲੋਕੀਂ ਡੇਢ-ਦੋ ਘੰਟੇ ਲੇਟ ਕਰਵਾ ਦਿੰਦੇ। ਸਿਕਿਓਰਿਟੀ ਵਾਲੇ ਸਹੀ ਟਾਈਮ ‘ਤੇ ਅਪੜ ਜਾਂਦੇ। ਅਮਰੀਕਾ ਤੋਂ ਪੁੱਜੇ ਲੋਕ ਵੀ ਕੋਈ ਨਾ ਕੋਈ ਬਹਾਨਾ ਕਰਕੇ ਲੇਟ ਕਰ ਦਿੰਦੇ। ਜਦੋਂ ਤਕ 39 ਬੰਦੇ ਪੂਰੇ ਨਾ ਹੁੰਦੇ, ਸਿਕਿਓਰਿਟੀ ਵਾਲੇ ਪੈਰ ਨਹੀਂ ਸੀ ਪੁਟਦੇ। ਬੀਬੀਆਂ ਵਧੇਰੇ ਲੇਟ ਕਰਵਾਉਂਦੀਆਂ। ਇਕ ਰਾਤ ਕਰਾਚੀ ਵਿਚ ਬੰਬ ਧਮਾਕਾ ਹੋਇਆ। ਸਾਡੀ ਸਿਕਿਓਰਿਟੀ ਵਾਲੇ ਦਿਨੇ ਸਾਡੇ ਨਾਲ ਰਹੇ, ਫਿਰ ਰਾਤੀਂ ਸ਼ੱਕੀ ਲੋਕਾਂ ਨੂੰ ਫੜਦੇ ਰਹੇ, ਪਰ ਸਵੇਰ ਵੇਲੇ ਸਿਰ ਫਿਰ ਸਾਡੇ ਨਾਲ ਸਨ। ਕਈ ਵਾਰ ਸਿਕਿਓਰਿਟੀ ਵਾਲੇ ਭੁੱਖਣ ਭਾਣੇ ਖੜ੍ਹੇ ਰਹਿੰਦੇ। ਜੇ ਕਿਤੇ ਰਸਤੇ ਵਿਚ ਰੁਕਦੇ ਤਾਂ ਵੀ ਗਿਣਤੀ ਪੂਰੀ ਕਰਕੇ ਤੁਰਦੇ ਅਤੇ ਜਿਲਿਆਂ ਦੀ ਹੱਦ ‘ਤੇ ਅਗਲੀ ਪੁਲਿਸ ਟੋਲੀ ਨੂੰ 39 ਬੰਦੇ ਦਸ ਕੇ, ਕਿ ਅਮਰੀਕਾ ਤੋਂ ਆਏ ਨੇ, ਸਥਾਨ ਦੇਖ ਕੇ ਵਾਪਸ ਪਰਤਣਗੇ, ਸੌਂਪ ਦਿੰਦੇ। ਸਿਕਿਓਰਿਟੀ ਵਿਚ ਕਾਹਲੋਂ, ਬਾਜਵਾ, ਜੌਹਲ, ਚੀਮਾ ਆਦਿ ਨਾਂਵਾਂ ਵਾਲੇ ਸ਼ਖਸ ਆਮ ਮਿਲਦੇ ਹਨ।
ਖੈਰ! ਪੰਜਾ ਸਾਹਿਬ ਵਿਚ ਈਦ ਦੇ ਜਲੂਸ ਕਰਕੇ ਸਾਡਾ ਰਸਤਾ ਬਦਲ ਦਿੱਤਾ ਗਿਆ। ਅੱਜ ਕਲ੍ਹ ਵਿਗੜੇ ਹਾਲਾਤ ਕਰਕੇ ਵਲੀ ਕੰਧਾਰੀ ਦੇ ਟਿੱਲੇ ‘ਤੇ ਤਾਂ ਨਹੀਂ ਸੀ ਜਾਣ ਦਿੰਦੇ, ਪਰ ਗੁਰਦੁਆਰਾ ਸਾਹਿਬ ਵਿਚ ਇੰਤਜ਼ਾਮ ਠੀਕ ਹੈ। ਦਰਵਾਜੇ ‘ਤੇ ਪੁਲਿਸ ਚੈੱਕ ਕਰਦੀ ਹੈ। ਅੰਦਰ ਸਰਾਂ ਵੀ ਹੈ। ਸ਼ਰਧਾਲੂ ਸਿੰਧੀ ਅਤੇ ਮੁਸਲਮਾਨ ਬਹੁਤ ਨੇ। ਸਰਾਇਕੀ ਜ਼ਬਾਨ ਅਕਸਰ ਸੁਣਾਈ ਦਿੰਦੀ ਹੈ। ਪੰਜੇ ਵਾਲੀ ਚੱਟਾਨ ਹੇਠਾਂ ਠੰਢੇ ਪਾਣੀ ਦਾ ਚਸ਼ਮਾ ਲਗਾਤਾਰ ਵਗ ਰਿਹਾ ਹੈ। ਹਾਲਾਂਕਿ ਪੰਜੇ ਦੇ ਨਿਸ਼ਾਨ ਦਾ ਬਾਬੇ ਨਾਨਕ ਦਾ ਪੰਜਾ ਹੋਣਾ ਸ਼ੱਕੀ ਹੋ ਗਿਆ ਹੈ ਤਾਂ ਵੀ ਸ਼ਰਧਾਲੂ ਪੰਜੇ ‘ਤੇ ਪੰਜਾ ਰੱਖ ਕੇ ਤਸਵੀਰ ਖਿਚਵਾਉਂਦੇ ਹਨ। ਲੰਗਰ ਚਲਦਾ ਹੈ। ਪਿੰਨੀ ਪ੍ਰਸ਼ਾਦ ਭੇਟਾ ਦੇ ਕੇ ਮਿਲਦਾ ਹੈ।
(ਬਾਕੀ ਅਗਲੇ ਅੰਕ ‘ਚ)