ਮੇਰੀ ਮੰਗਣੀ ਤੇ ਮੇਰਾ ਵਿਆਹ

ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਭਾਗ ਲਾਉਣ ਵਾਲੇ ਜਿਊੜੇ ਅਜਮੇਰ ਸਿੰਘ ਔਲਖ (19 ਅਗਸਤ 1942-15 ਜੂਨ 2015) ਨੇ ਆਪਣੀਆਂ ਰਚਨਾਵਾਂ ਵਿਚ ਕਿਸਾਨ ਦੀ ਵਿਥਿਆ ਮਾਰਮਿਕ ਰੂਪ ਵਿਚ ਪੇਸ਼ ਕੀਤੀ। ਇਸ ਲੇਖ ਵਿਚ ਉਨ੍ਹਾਂ ਆਪਣੀ ਮੰਗਣੀ ਅਤੇ ਵਿਆਹ ਦਾ ਕਿੱਸਾ ਛੋਹਿਆ ਹੈ। ਇਹ ਕਿੱਸਾ ਦਿਲਚਸਪ ਤਾਂ ਹੈ ਹੀ, ਇਸ ਵਿਚ ਲੇਖਕ ਦੇ ਜ਼ਿੰਦਗੀ ਪ੍ਰਤੀ ਸਰੋਕਾਰਾਂ ਦੀ ਝਾਤ ਵੀ ਮਿਲਦੀ ਹੈ।

-ਸੰਪਾਦਕ

ਅਜਮੇਰ ਸਿੰਘ ਔਲਖ

ਮੰਗਣੀ: ਪਹਿਲਾਂ ਮੇਰੀ ਮੰਗਣੀ ਦਾ ਬਿਰਤਾਂਤ ਸੁਣੋ। ਇਹ ਗੱਲ ਦਸੰਬਰ 1964 ਦੀ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਦੀ ਐਮ. ਏ. (ਫਾਈਨਲ) ਦੀ ਪੜ੍ਹਾਈ ਕਰਨ ਵੇਲੇ ਮੈਨੂੰ ਪਿੰਡੋਂ ਮੇਰੀ ਮਾਂ ਦੀ ਚਿੱਠੀ ਆਈ। ਚਿੱਠੀ ਦਾ ਸਾਰ-ਤੱਤ ਸੀ, “ਤੈਨੂੰ ਇਕ ਕੁੜੀ ਦੇ ਬਾਪ ਨੇ ਵੇਖਣ ਆਉਣੈ। ਇਸ ਲਈ ਤੂੰ ਫਲਾਣੇ ਦਿਨ ਪਿੰਡ ਪਹੁੰਚ ਜਾ…।” ਓਦੋਂ (ਭਾਵ ਜਵਾਨੀ ਵੇਲੇ) ਮੇਰੇ ‘ਤੇ ਆਦਰਸ਼ਵਾਦ ਦਾ ਭੂਤ ਸਵਾਰ ਸੀ। ਇਸ ਭੂਤ ਨੇ ਮੇਰੇ ਕੋਲੋਂ ਹੋਰ ਹੀ ਕਮਲ ਮਰਵਾ ਦਿੱਤਾ। ਪਿੰਡ ਜਾਣ ਲਈ ‘ਹਾਂ’ ਕਹਿਣ ਦੀ ਥਾਂ ਮੈਂ ਮਾਂ ਨੂੰ ਚਿੱਠੀ ਰਾਹੀਂ ਜਵਾਬ ਦਿੱਤਾ: ਮਾਨਯੋਗ ਬੇ ਜੀ, ਤੁਸੀਂ ਕੁੜੀ ਦੇ ਬਾਪ ਨੂੰ ਕਹੋ ਕਿ ਉਹ ਮੈਨੂੰ ਵੇਖਣ ਤੋਂ ਪਹਿਲਾਂ ਸਾਡਾ ਕੱਚਾ ਘਰ ਵੇਖ ਲਵੇ; ਜਮੀਨ ਆਦਿ ਦੀ ਪੂਰੀ ਪੜਤਾਲ ਕਰ ਲਵੇ। ਤੁਸੀਂ ਵੀ ਉਸ ਤੋਂ ਕੋਈ ਲੁਕਾ ਨਾ ਰੱਖਣਾ। ਉਸ ਨੂੰ ਦੱਸ ਦੇਣਾ ਕਿ ਜਿਹੜੀ ਸਾਡੇ ਘਰ ਦੀ ਮੂਹਰਲੀ ਕੱਚੀ ਕੰਧ ਪਿਛਲੇ ਸਾਲ ਮੀਂਹ ਨੇ ਢਾਹ ਦਿੱਤੀ ਸੀ, ਇਹ ਅਸੀਂ ਕਿਸੇ ਘੌਲ ਕਰਕੇ ਨਹੀਂ ਬਲਕਿ ਇਸ ਕਰ ਕੇ ਦੁਬਾਰਾ ਨਹੀਂ ਖੜ੍ਹੀ ਕਰ ਸਕੇ ਕਿ ਇਸ ਨੂੰ ਖੜ੍ਹੀ ਕਰਨ ਦੀ ਸਾਡੇ ਵਿਚ ਪਹੁੰਚ ਹੀ ਨਹੀਂ। ਜਮੀਨ ਬਾਰੇ ਵੀ ਅਸਲੀਅਤ ਦੱਸ ਦੇਣੀ ਕਿ ਚਾਰ ਭਾਈਆਂ ਕੋਲ ਕੁਲ ਅੱਠ ਕਿੱਲੇ ਭੋਇੰ ਹੈ। ਇਸ ਵਿਚੋਂ ਤਿੰਨ ਕਿੱਲੇ ਨੌਹਰੀਏ ਬਾਣੀਏ ਕੋਲ ਗਹਿਣੇ ਪਈ ਹੈ। ਅੱਠ ਹਜ਼ਾਰ ਜਿਹੜਾ ਕਰਜ਼ਾ ਆਪਣੇ ਸਿਰ ਹੈ, ਉਹ ਵੀ ਦੱਸਣਾ ਨਾ ਭੁੱਲਣਾ। ਨੇਕ (ਮੇਰਾ ਵੱਡਾ ਭਾਈ ਹਰਨੇਕ) ਬਾਰੇ ਵੀ ਜ਼ਰੂਰ ਦੱਸ ਦੇਣਾ ਕਿ ਉਹ ਵੈਲੀਆਂ-ਸ਼ੈਲੀਆਂ ਵਿਚ ਬੈਠਦਾ-ਉਠਦਾ ਐ ਤੇ ਸਿਗਰਟ, ਸ਼ਰਾਬ, ਭੰਗ ਆਦਿ ਸਾਰੇ ਨਸ਼ੇ ਛਕ-ਛਕਾ ਲੈਂਦੈ। ਅਖੀਰੀ ਗੱਲ ਇਹ ਹੈ ਕਿ ਮੈਂ ਰਿਸ਼ਤਾ ਉਦੋਂ ਹੀ ਲਵਾਂਗਾ ਜਦ-ਕਦ ਮੈਨੂੰ ਕਿਤੇ ਕੋਈ ਰੁਜ਼ਗਾਰ ਮਿਲ ਗਿਆ। ਜੇ ਇਹ ਸਭ ਕੁਝ ਜਾਣਨ ਪਿਛੋਂ ਵੀ ਕੁੜੀ ਦਾ ਬਾਪ ਵੇਖਣਾ ਚਾਹੇ ਤਾਂ ਮੈਂ ਕਿਸੇ ਮਿਥੇ ਦਿਨ ਪਿੰਡ ਆ ਜਾਵਾਂਗਾ…।
ਹੁਣ ਤੁਸੀਂ ਹੀ ਦੱਸੋ, ਕਿਹੜਾ ਬਾਪ ਹੋਏਗਾ ਜੋ ਇਹ ਸਭ ਕੁਝ ਜਾਣਦਿਆਂ ਵੀ ਆਪਣੀ ਧੀ ਨੂੰ ਜਮਾਂ ਸਾਹਮਣੇ ਦਿਸਦੇ ਨਰਕ-ਕੁੰਡ ਵਿਚ ਧੱਕਾ ਦੇਣਾ ਚਾਹੇਗਾ? ਤੁਹਾਨੂੰ ਤਾਂ ਕੀ, ਮੈਨੂੰ ਆਪ ਨੂੰ ਵੀ ਪੂਰਾ ਯਕੀਨ ਸੀ ਕਿ ਗੱਲ ਜਿਥੋਂ ਸ਼ੁਰੂ ਹੋਈ ਹੈ, ਉਥੇ ਹੀ ਜਾਮ ਹੋ ਜਾਏਗੀ। ਖੈਰ ਜੀ, ਮੈਂ ਆਪਣੇ ਆਦਰਸ਼ਵਾਦੀ ਰੰਗ ਵਿਚ ਰੰਗਿਆ ਤੇ ਆਪਣੇ-ਆਪ ਨੂੰ ਆਪਣੀ ਮਾਂ ਦਾ ‘ਧਰਮ ਪੁੱਤਰ’ ਸਮਝਦਾ ਚਿੱਠੀ ਪੋਸਟ ਕਰ ਆਇਆ। ਪਿੰਡ ਪਹੁੰਚੀ ਚਿੱਠੀ ਜਦ ਮਾਂ ਨੇ ਮੇਰੇ ਬਚਪਨ ਦੇ ਦੋਸਤ ਸੁਖਦੇਵ ਤੋਂ ਪੜ੍ਹਾਈ ਤਾਂ ਮਾਂ ਦਾ ਮੂੰਹ ਉਤਰਨਾ ਕੁਦਰਤੀ ਹੀ ਸੀ। ਬੁੱਸੇ ਜਿਹੇ ਮੂੰਹ ਨਾਲ ਮਾਂ ਨੇ ਉਹੀ ਚਿੱਠੀ ਮੇਰੇ ਬਣ ਰਹੇ ਵਿਚੋਲੇ ਨੂੰ ਫੜਾ ਦਿੱਤੀ। ਵਿਚੋਲਾ ਅਮਰ ਸਿੰਘ ਧਾਲੀਵਾਲ ਪਿੰਡ ਵਿਚੋਂ ਮੇਰਾ ਤਾਇਆ ਲਗਦਾ ਸੀ। ਉਹ ਬੜਾ ਹੀ ਸਾਫ-ਦਿਲ ਇਨਸਾਨ ਸੀ। ਨਾਲ ਹੀ ਉਹ ਹਾਸੇ-ਠੱਠੇ ਦੇ ਸੁਭਾਅ ਵਾਲਾ ਵੀ ਸੀ। ਉਹ ‘ਮਹਾਰਾਜ ਦਾ ਪਾਠੀ’ ਸੀ ਤੇ ਪਾਠ ਕਰਨ ਹਿਤ ਦੋਵੇਂ ਵਕਤ ਪਿੰਡ ਦੇ ਗੁਰਦੁਆਰਾ ਸਾਹਿਬ ਜਾਇਆ ਕਰਦਾ ਸੀ। ਉਸ ਦਾ ਸਾਡੇ ਘਰ ਰੋਜ਼ ਦਾ ਆਉਣ-ਜਾਣ ਸੀ ਕਿਉਂਕਿ ਗੁਰਦੁਆਰਾ ਸਾਹਿਬ ਜਾਣ ਵਾਸਤੇ ਸਾਡੇ ਘਰ ਰਾਹੀਂ ਜਾਣਾ ਉਸ ਨੂੰ ‘ਸ਼ਾਟਕੱਟ’ (ਨੇੜੇ) ਪੈਂਦਾ ਸੀ। ਉਂਜ ਵੀ ਸਮਾਜਕ ਤੇ ਪਰਿਵਾਰਕ ਤੌਰ ‘ਤੇ ਅਸੀਂ ਦੋਵੇਂ ਘਰ ਇਕ ਦੂਜੇ ਦੇ ਵਾਹਵਾ ਨੇੜੇ ਸਾਂ। ਤਾਏ ਅਮਰ ਸਿੰਘ ਧਾਲੀਵਾਲ ਨੇ ਚਿੱਠੀ ਪੜ੍ਹ ਕੇ ਮੇਰੀ ਮਾਂ ਨੂੰ ਹੱਸਦਿਆਂ ਕਿਹਾ, “ਲੈ ਹਰਨਾਮ ਕੁਰੇ, ਸਮਝ ਲੈ ਹੋ ਗਿਆ ਤੇਰੇ ਮੁੰਡੇ ਦਾ ਰਿਸ਼ਤਾ ਪੱਕਾ! ਲੱਗ-ਜਾ ਗੀਤ ਗਾਉਣ ਅੱਜ ਤੋਂ ਈ ਸ਼ਗਨਾਂ ਦੇ!” ਮਾਂ ਤਾਏ ਦੇ ਮਖੌਲੀਏ ਸੁਭਾਅ ਤੋਂ ਜਾਣੂ ਸੀ। ਉਸ ਨੇ ਉਸ ਦੀ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ।
ਪਰ ਜਾਪਦੈ, ਤਾਏ ਨੇ ਨਾ ਹੀ ਮੇਰੀ ਚਿੱਠੀ ਮਖੌਲ ਵਜੋਂ ਲਈ ਸੀ ਤੇ ਨਾ ਹੀ ਆਪਣੀ ਗੱਲ ਮਖੌਲ ਵਜੋਂ ਕਹੀ ਸੀ। ਮੇਰੇ ਘਰ ਦੀ ਆਰਥਕ ਸਥਿਤੀ ਬਾਰੇ ਉਸ ਨੇ ਪਹਿਲਾਂ ਹੀ ਕਾਫੀ ਕੁਝ ਸਹੀ-ਸਹੀ ਕੁੜੀ ਦੇ ਬਾਪ ਨੂੰ ਦੱਸ ਦਿੱਤਾ ਸੀ। ਓਹਲਾ ਰੱਖਦਾ ਵੀ ਕਾਹਦਾ? ਕੱਚਾ ਘਰ ਤੇ ਢਹੀ ਕੰਧ ਅਗਲੇ ਨੂੰ ਆਪ ਦਿਸ ਪੈਣੀ ਸੀ ਤੇ ਜਮੀਨ ਦੀ ਅਸਲੀਅਤ ਦਾ ਪਟਵਾਰੀ-ਗਰਦੌਰ ਤੋਂ ਪਤਾ ਲੱਗ ਜਾਣਾ ਸੀ। ਹਾਂ, ਗਹਿਣੇ-ਪਈ ਜਮੀਨ ਤੇ ਕਰਜ਼ੇ ਦਾ ਸ਼ਾਇਦ ਉਸ ਨੂੰ ਆਪ ਨੂੰ ਵੀ ਪਤਾ ਨਹੀਂ ਸੀ। ਰਹੀ ਗੱਲ ਮੇਰੇ ਵੱਡੇ ਭਾਈ ਦੇ ਵੈਲਪੁਣੇ ਦੀ? ਅਜਿਹੀ ਗੱਲ ਨੂੰ ਉਹ ਬਹੁਤੀ ਗੰਭੀਰਤਾ ਨਾਲ ਲੈਣ ਵਾਲਾ ਬੰਦਾ ਨਹੀਂ ਸੀ। ‘ਜੱਟ ਦੇ ਚਾਰ ਪੁੱਤਾਂ ਵਿਚੋਂ ਇਕ ਪੁੱਤ ਵਿਹਲੜ-ਸ਼ਿਹਲੜ ਨਿਕਲ ਈ ਜਾਂਦੈ।’ ਮਹਾਰਾਜ ਦਾ ਪਾਠੀ ਹੋਣ ਦੇ ਬਾਵਜੂਦ ਅਜਿਹੀ ਜੱਟੂ ਸੋਚ ਦਾ ਧਾਰਨੀ ਸੀ ਤਾਇਆ ਅਮਰ ਸਿੰਘ। ਬਾਅਦ ਵਿਚ ਪਤਾ ਲੱਗਾ ਕਿ ਉਂਜ ਵੀ ਉਸ ਨੇ ਜ਼ੋਰ ਸਿਰਫ ਇਕੋ ਗੱਲ ‘ਤੇ ਦਿੱਤਾ ਸੀ, ‘ਨੰਦ ਸਿਆਂ ਮੁੰਡਾ ਕੀ ਐ, ਨਿਰਾ ਹੀਰਾ ਐ! ਬਸ ਤੂੰ ਯਾਦ ਰੱਖੇਂਗਾ, ਬਈ ਮਾਮੇ ਅਮਰ ਸਿੰਘ ਨੇ ਮੁੰਡਾ ਭਾਲ ਕੇ ਦਿੱਤਾ ਸੀ ਮੇਰੀ ਧੀ ਵਾਸਤੇ!’ (ਤਾਇਆ ਅਮਰ ਸਿੰਘ ਦੂਰ-ਨੇੜੇ ਦੀ ਰਿਸ਼ਤੇਦਾਰੀ ਵਿਚੋਂ ਕੁੜੀ ਦੇ ਬਾਪ ਦਾ ਮਾਮਾ ਲਗਦਾ ਸੀ)। ਤਾਏ ਅਮਰ ਸਿੰਘ ਨੂੰ ਮੈਂ ‘ਹੀਰਾ’ ਸਿਰਫ ਇਸ ਕਰ ਕੇ ਲਗਦਾ ਸੀ, ਕਿਉਂਕਿ ਮੈਂ ਇਕ ਗਰੀਬ ਕਿਸਾਨ ਦਾ ਪੁੱਤ ਹੋ ਕੇ ਵੀ ਪੜ੍ਹਾਈ ਦੀ ‘ਪੌੜੀ’ ਦੇ ਇਕ ਡੰਡੇ ਤੋਂ ਬਾਅਦ ਦੂਜੇ ਡੰਡੇ ਉਤੇ ਪੈਰ ਧਰਦਾ ‘ਉਤਾਂਹ’ ਚੜ੍ਹਦਾ ਜਾ ਰਿਹਾ ਸੀ।
ਲਉ ਜੀ, ਤਾਏ ਅਮਰ ਸਿੰਘ ਧਾਲੀਵਾਲ ਨੇ ਆਪਣੀ ਦਿਬ-ਦ੍ਰਿਸ਼ਟੀ ਦੇ ਵਿਸ਼ਵਾਸ ਦੇ ਸਿਰ ‘ਤੇ ਮੇਰੇ ਵਾਲੀ ਚਿੱਠੀ ਅੱਗੋਂ ਆਪਣੇ ਭਾਣਜੇ ਯਾਨਿ ਕੁੜੀ ਦੇ ਬਾਪ ਨੰਦ ਸਿੰਘ ਦੇ ਹੱਥ ‘ਤੇ ਜਾ ਧਰੀ। ਨੰਦ ਸਿੰਘ ਨੇ ਚਿੱਠੀ ਪੜ੍ਹੀ ਤੇ ਪੜ੍ਹ ਕੇ ਕੁਝ ਸੋਚਾਂ ਵਿਚ ਪੈ ਗਿਆ। ਕੁਝ ਚਿਰ ਚੁੱਪ ਰਿਹਾ। ਤਾਇਆ ਅਮਰ ਸਿੰਘ ਉਸ ਦੇ ਚਿਹਰੇ ਦੇ ਹਾਵ-ਭਾਵ ਪੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਨੰਦ ਸਿੰਘ ਫਿਲਾਸਫਰਾਂ ਵਾਲੀ ਗਹਿਰ-ਗੰਭੀਰ ਆਵਾਜ਼ ਵਿਚ ਬੋਲਿਆ, “ਮਾਮਾ ਜੀ, ਲਗਦੈ ਅਕਾਲ ਪੁਰਖ ਨੇ ਮੇਰੀ ਧੀ ਦਾ ਸੰਯੋਗ ਇਸੇ ਲੜਕੇ ਸੰਗ ਲਿਖਿਐ। ਜਦ ਮੁੰਡਾ ਕਿਸੇ ਰੁਜ਼ਗਾਰ ‘ਤੇ ਲੱਗ ਗਿਆ, ਮੈਨੂੰ ਖਬਰ ਕਰ ਦਿਉ।”
ਜਦੋਂ ਮੈਂ ਇਕ ਛੁੱਟੀ ਵਾਲੇ ਦਿਨ ਪਟਿਆਲੇ ਤੋਂ ਪਿੰਡ ਆਇਆ ਤੇ ਮੈਨੂੰ ਸਾਰੀ ਕਹਾਣੀ ਦਾ ਪਤਾ ਲੱਗਾ ਤਾਂ ਮੈਨੂੰ ਬੇਹੱਦ ਹੈਰਾਨੀ ਹੋਈ, ਕੁਝ ਕੁਝ ਖੁਸ਼ੀ ਵੀ। ਖੁਸ਼ੀ ਇਸ ਗੱਲ ਦੀ, ਬਈ ਚਲੋ ਮੇਰੇ ਵਿਚਾਰਾਂ ਨਾਲ ਮਿਲਦਾ-ਜੁਲਦਾ ਕੋਈ ਬੰਦਾ ਤਾਂ ਹੈ ਜਿਸ ਦੀ ਧੀ ਨਾਲ ਮੇਰੇ ਰਿਸ਼ਤਾ ਦੀ ਗੱਲ ਚੱਲ ਰਹੀ ਹੈ, ਪਰ ਨਾਲ ਦੀ ਨਾਲ ਮਨ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਵੀ ਆਪਣਾ ਸਿਰ ਚੁੱਕਣ ਲੱਗੇ? ‘ਕਿਉਂ ਕਰ ਰਿਹੈ ਮੇਰੇ ਵਰਗੇ ਨੰਗ-ਮੁਲੰਗ ਨੂੰ ਆਪਣੀ ਕੁੜੀ ਦਾ ਰਿਸ਼ਤਾ? ਕਿਤੇ ਕੁੜੀ ਵਿਚ ਕੋਈ ਨੁਕਸ ਹੀ ਨਾ ਹੋਵੇ? ਕੁੜੀ ਲੰਗੜੀ-ਲੂਹਲੀ ਜਾਂ ਕਰੈਕਟਰ ਕਰੂਕਟਰ…? ਜੇ ਇਹ ਗੱਲ ਐ ਤਾਂ ਉਸ ਭਲੇਮਾਣਸ ਨੇ ਇਹ ਕਿਵੇਂ ਸਮਝ ਲਿਆ, ਬਈ ਮੈਂ ਬਿਨਾ ਦੇਖੇ, ਬਿਨਾ ਪੁੱਛ-ਪੜਤਾਲ ਉਸ ਦੀ ਧੀ ਦਾ ਰਿਸ਼ਤਾ ਕਬੂਲ ਕਰ ਲਵਾਂਗਾ?’ ਫੇਰ ਇਹ ਖਿਆਲ ਵੀ ਆਇਆ ਕਿ ਜੇ ਕੋਈ ਐਸੀ-ਵੈਸੀ ਗੱਲ ਹੁੰਦੀ ਤਾਂ ਤਾਇਆ ਅਮਰ ਸਿੰਘ ਵਿਚ ਕਿਉਂ ਪੈਂਦਾ? ਸਾਡੇ ਨਾਲ ਉਸ ਦੀ ਐਨੀ ਨੇੜਤਾ ਹੈ, ਅਜਿਹੀ ਘਟੀਆ ਗੱਲ ਤਾਂ ਉਹ ਕਦੇ ਸੋਚ ਵੀ ਨਹੀਂ ਸਕਦਾ। ਇਹ ਸੋਚ ਕੇ ਮੈਂ ਤਾਏ ਅਮਰ ਸਿੰਘ ਕੋਲ ਗੱਲ ਕਰਨੀ ਵੀ ਮੁਨਾਸਿਬ ਨਾ ਸਮਝੀ। ਫੇਰ ‘ਚਲੋ ਜਦੋਂ ਅੱਗੇ ਗੱਲ ਚੱਲੀ, ਉਦੋਂ ਵੇਖੀ ਜਾਊ, ਅਜੇ ਤਾਂ ਮੈਂ ਐਮ. ਏ. ਦਾ ਇਮਤਿਹਾਨ ਦੇਣੈਂ, ਨੌਕਰੀ ਲੱਭਣੀ ਐਂ।’ ਸੋਚ ਕੇ ਸ਼ੰਕੇ-ਫੰਕੇ ਦਿਮਾਗ ਵਿਚੋਂ ਝਾੜ ਛੱਡੇ।
ਲਉ ਜੀ, ਮੈਂ ਐਮ. ਏ. ਦਾ ਇਮਤਿਹਾਨ ਦਿੱਤਾ, ਚੰਗੇ ਭਾਗਾਂ ਨੂੰ ਚੰਗੇ ਨੰਬਰ ਵੀ ਆ ਗਏ। ਉਦੋਂ ਵੀ ਚੰਗੇ ਭਾਗਾਂ ਨੂੰ ਨਤੀਜਾ ਨਿਕਲਣ ਪਿਛੋਂ ਵੀਹ ਦਿਨਾਂ ਦੇ ਅੰਦਰ-ਅੰਦਰ ਬਿਨਾ ਕਿਸੇ ਵਿਸ਼ੇਸ਼ ਭੱਜ-ਨੱਠ ਦੇ ਮੇਰੇ ਆਪਣੇ ਇਲਾਕੇ ਦੇ ਮਾਨਸਾ ਕਸਬੇ ਵਿਖੇ ਨਵੇਂ ਖੁੱਲ੍ਹੇ ਨਹਿਰੂ ਮੈਮੋਰੀਅਲ ਕਾਲਜ ਵਿਚ ਮੈਨੂੰ ਪੰਜਾਬੀ ਦੇ ਲੈਕਚਰਰ ਦੀ ਚੰਗੀ ਨੌਕਰੀ ਵੀ ਮਿਲ ਗਈ। ਨੌਕਰੀ ‘ਤੇ ਲੱਗੇ ਨੂੰ ਅਜੇ ਪੰਜ-ਛੀ ਮਹੀਨੇ ਹੀ ਹੋਏ ਸੀ ਕਿ ਇਕ ਦਿਨ ਕਾਲਜ ਵਿਚ ਮੈਨੂੰ ‘ਕੁੜੀ ਦਾ ਬਾਪ’ ਮਿਲਣ ਆ ਪਹੁੰਚਿਆ। ਵੇਖਣੀ-ਪਰਖਣੀ ਤੋਂ ਚੰਗਾ ਪੜ੍ਹਿਆ-ਲਿਖਿਆ ਸੂਝਵਾਨ ਸੱਜਣ ਪੁਰਸ਼ ਜਾਪਦਾ ਸੀ। ਮੈਂ ਉਸ ਨੂੰ ਕਾਲਜ ਦੀ ਕੰਟੀਨ ਵਾਲੇ ਪਾਸੇ ਲੈ ਗਿਆ ਤੇ ਅਸੀਂ ਕੰਟੀਨ ਨਾਲ-ਲਗਵੇਂ ਗਰਾਊਂਡ ਵਿਚ ਬੈਠ ਗਏ। ਗੱਲਬਾਤ ਚੱਲੀ ਤਾਂ ਮੈਂ ਉਸ ਨੂੰ ਆਪਣੀ ਚਿੱਠੀ ਵਿਚਲੀਆਂ ਗੱਲਾਂ ਯਾਦ ਕਰਵਾਉਂਦਿਆਂ ਕਿਹਾ, “ਤੁਸੀਂ ਮੇਰੀ ਚਿੱਠੀ ਨੂੰ ਐਵੇਂ ਮੁੰਡਿਆਂ-ਖੁੰਡਿਆਂ ਵਾਲੀ ਗੱਲ ਈ ਨਾ ਸਮਝ ਲੈਣਾ। ਮੈਂ ਜੋ ਲਿਖਿਆ ਸੀ, ਸਹੀ ਤੇ ਸੰਜੀਦਗੀ ਨਾਲ ਲਿਖਿਆ ਸੀ।”
ਮੇਰੀ ਗੱਲ ਸੁਣ ਉਸ ਜਵਾਬ ਦਿੱਤਾ, “ਮੈਨੂੰ ਸਭ ਪਤੈ। ਅਸਲ ਵਿਚ, ਸਭ ਕੁਝ ਦਾ ਪਤਾ ਮੈਂ ਪਹਿਲਾਂ ਹੀ ਕਰ ਲਿਆ ਸੀ। ਸੱਚੀ ਗੱਲ ਤਾਂ ਇਹ ਐ ਕਿ ਸਭ ਕੁਝ ਪਤਾ ਲੱਗਣ ‘ਤੇ ਮੈਂ ਆਪ ਹੀ ਮਨ ਵਿਚ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਘਰ ਆਪਣੀ ਧੀ ਕਦਾਚਿਤ ਨਹੀਂ ਵਿਆਹਾਂਗਾ ਪਰ ਤੇਰੀ ਚਿੱਠੀ ਨੇ ਮੇਰਾ ਇਰਾਦਾ ਬਦਲ ਦਿੱਤਾ। ਤੇਰੀ ਚਿੱਠੀ ਪੜ੍ਹ ਕੇ ਮੈਨੂੰ ਅਹਿਸਾਸ ਹੋਇਆ ਕਿ ਇਹ ਨੌਜਵਾਨ ਜੀਵਨ ਵਿਚ ਕੋਈ ਵੱਡਾ ਮਾਇਆਧਾਰੀ ਬਣੇ ਚਾਹੇ ਨਾ ਬਣੇ ਪਰ ਇਹ ਭੁੱਖਾ ਕਦੇ ਨਹੀਂ ਮਰੇਗਾ। ਮੇਰੀ ਧੀ ਸੁਖੀ ਰਹੂ ਇਹ ਸੰਯੋਗ ਪਾ ਕੇ।… ਕਾਕਾ, ਮੈਨੂੰ ਤੂੰ ਪਸੰਦ ਐਂ। ਮੇਰੀ ਧੀ, ਮੇਰੇ ਘਰ-ਬਾਰ ਬਾਰੇ ਤੂੰ ਪਤਾ ਕਰ ਕੇ ਆਪਣੀ ਰਾਇ ਦੱਸ ਦੇਵੀਂ।” ਤੇ ਉਹ ਚਲਿਆ ਗਿਆ।
ਪਿਛੋਂ ਮੈਂ ਦੋ-ਤਿੰਨ ਮਹੀਨਿਆਂ ਅੰਦਰ ‘ਸਭ ਕੁਝ’ ਦੀ ਤਸੱਲੀ ਕਰ ਕੇ ਰਿਸ਼ਤੇ ਲਈ ‘ਹਾਂ’ ਕਰ ਦਿੱਤੀ। ਮੰਗਣੀ ਦਾ ਦਿਨ ਵੀ ਪੱਕਾ ਕਰ ਦਿੱਤਾ ਪਰ ਜਿਸ ਦਿਨ ਮੇਰੇ ਕੱਚੇ ਤੇ ਢਹੀ ਕੰਧ ਵਾਲੇ ਘਰ ਵਿਚ ਮੇਰੀ ਮੰਗਣੀ ਹੋਈ ਤਾਂ ਇਕ ਗੜਬੜ ਹੋ ਗਈ। ਮੰਗਣੀ ਦੀ ਰਸਮ ਪਿਛੋਂ ਜਦ ਮੈਂ ਸ਼ਗਨਾਂ ਵਾਲਾ ਪਰਨਾ ਆਪਣੀ ਮਾਂ ਦੇ ਚਰਨਾਂ ਵਿਚ ਧਰਿਆ ਤਾਂ ਸ਼ਗਨਾਂ ਵਾਲੇ ਪੈਸਿਆਂ ਵਿਚੋਂ ਮਾਂ ਨੂੰ ਸਿਉਨੇ ਦੀ ਇਕ ਮੋਹਰ ਮਿਲ ਗਈ। ਦੇਖ ਕੇ ਮੈਨੂੰ ਹੈਰਾਨੀ ਵੀ ਹੋਈ ਤੇ ਗੁੱਸਾ ਵੀ ਆਇਆ, ਬਈ ਐਨਾ ਕਹਿਣ ਦੇ ਬਾਵਜੂਦ…? ਮੈਂ ਤਾਂ ਸਾਰੇ ਪਿੰਡ, ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ‘ਚ ਫੜ੍ਹ ਮਾਰੀ ਸੀ ਕਿ ਮੈਂ ਆਦਰਸ਼ ਤੇ ਅਗਾਂਹਵਧੂ ਵਿਆਹ-ਮੰਗਣੀ ਕਰ ਰਿਹਾਂ, ਹੁਣ ਉਹ ਸਾਰੇ ਕੀ ਸੋਚਣਗੇ? ਇਹੋ ਕਿ ‘ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ?’ ਕਿਵੇਂ ਵਿਖਾਊਂ ਮੂੰਹ ਦੋਸਤ-ਮਿੱਤਰਾਂ ਨੂੰ? ਬੜੀ ਪੁਜ਼ੀਸ਼ਨ ਆਕਵਰਡ ਹੁੰਦੀ ਜਾਪੀ। ਕੀ ਕੀਤਾ ਜਾਵੇ। ਐਨੀ ਮੇਰੇ ‘ਚ ਹਿੰਮਤ ਨਾ ਪਈ ਕਿ ਭਰੀ ਪੰਚਾਇਤ ਵਿਚ ਜਾ ਕੇ ਮੋਹਰ ਉਸ ਭਲੇਮਾਣਸ, ਭਾਵ ਆਪਣੇ ਬਣ ਚੁਕੇ ਸਹੁਰਾ ਸਾਹਿਬ ਦੇ ਪੈਰਾਂ ਵਿਚ ਵਗਾਹ ਮਾਰਾਂ। ਉਸ ਆਦਮੀ ਦਾ ਮੇਰੇ ਉਤੇ ਪ੍ਰਭਾਵ ਹੀ ਅਜਿਹਾ ਪੈ ਚੁਕਾ ਸੀ ਕਿ ਮੈਂ ਉਸ ਨੂੰ ‘ਦੇਵਤਾ ਪੁਰਸ਼’ ਸਮਝਣ ਲੱਗ ਪਿਆ ਸਾਂ। ਦੂਜੀ ਗੱਲ, ਜਿਹੜੀ ਅੱਜ ਮੇਰੇ ਦਿਮਾਗ ਵਿਚ ਆ ਰਹੀ ਹੈ, ਇਹ ਕਿ ਹੋ ਸਕਦੈ ਮੋਹਰ ਨੂੰ ਵੇਖ ਕੇ ਮੇਰੇ ਮਨ ਅੰਦਰ ਹੀ ਕੋਈ ਕਮਜ਼ੋਰੀ ਆ ਗਈ ਹੋਵੇ! ਭਾਵੇਂ ਮੋਹਰ ਕੋਈ ਵਡਮੁੱਲੀ ਵਸਤੂ ਨਹੀਂ ਸੀ ਪਰ ਆਰਥਕ ਪੱਖੋਂ ਟੁੱਟੇ ਘਰ ਦੇ ਮੇਰੇ ਵਰਗੇ ਨੌਜਵਾਨ ਦੇ ਪੈਰ ਉਖੇੜਨ ਲਈ ਤਾਂ ਇਸ ਨਿੱਕੀ ਜਿਹੀ ਸੋਨ-ਮੋਹਰ ਦਾ ਹੀ ਲਿਸ਼ਕਾਰਾ ਕਾਫੀ ਹੁੰਦੈ। ਮਾਂ ਮੇਰੇ ਧਰਮ-ਸੰਕਟ ਨੂੰ ਸਮਝ ਗਈ ਤੇ ‘ਨਸੀਹਤ’ ਦਿੱਤੀ, “ਚਲ ਚੁੱਪ ਕਰ। ਹੁਣ ਰੌਲਾ ਪਾਉਂਦਾ ਚੰਗਾ ਨਹੀਂ ਲਗਦਾ। ਜੋ ਕੁਝ ਕਰਨਾ ਹੋਇਆ, ਵਿਆਹ ਵੇਲੇ ਕਰ-ਲੀਂ।”
ਲਗਦੈ, ਮਾਂ ਦਾ ਦਿਲ ਵੀ ਅੰਦਰਖਾਤੇ ਲਲਚਾ ਗਿਆ ਸੀ। ਉਸ ਦਾ ਗਰੀਬ ਦਿਲ ਸ਼ਾਇਦ ਦੁਨੀਆਂ ਨੂੰ ਕਹਿਣਾ ਚਾਹੁੰਦਾ ਸੀ, “ਦੇਖੋ, ਮੇਰੇ ਪੁੱਤ ਨੂੰ ਮੋਹਰਾਂ ਪੈਂਦੀਐਂ! ਐਵੇਂ ਨਾ ਸਮਝ ਲਿਉ ਤੁਸੀਂ ਕਿਤੇ ਸਾਨੂੰ?” ਖੈਰ ਜੀ, ਮੇਰੀ ਕਮਜ਼ੋਰੀ ਆਖੋ ਜਾਂ ਕੁਝ ਹੋਰ ਪਰ ਇਕ ਗੱਲ ਜਮਾਂ ਸੱਚੀ ਹੈ ਕਿ ਮੈਂ ਮੋਹਰ ਵਾਪਿਸ ਨਾ ਕਰ ਸਕਿਆ। ਉਂਜ, ਨਾਲ ਦੀ ਨਾਲ ਵਿਆਹ ਤੋਂ ਪਹਿਲਾਂ-ਪਹਿਲਾਂ ਸਾਰੀ ਸਮੱਸਿਆ ਕਰੜਾਈ ਨਾਲ ਨਜਿੱਠਣ ਦੀਆਂ ਸਕੀਮਾਂ ਵੀ ਸੋਚਣ ਲੱਗਾ। ਵਿਆਹ ਵੇਲੇ ਮੈਂ ਇਸ ਨੂੰ ਕਿਵੇਂ ਨਜਿੱਠਿਆ, ਜਾਂ ਕਿਵੇਂ ਨਾ ਨਜਿੱਠਿਆ, ਇਹ ਗੱਲ ਆਪਣੀ ਵਿਆਹ-ਕਥਾ ਬਿਆਨ ਕਰਨ ਵੇਲੇ ਦੱਸਾਂਗਾ ਪਰ ਹਾਲ ਦੀ ਘੜੀ ਉਹ ਸੁਣ ਲਵੋ ਜੋ ਮੈਂ ਵਿਆਹ ਤੋਂ ਪਹਿਲਾਂ ਕੀਤਾ। ਜਿਉਂ-ਜਿਉਂ ਮੈਂ ਇਸ ਵਰਤਾਰੇ ਬਾਰੇ ਵਿਚਾਰ ਕਰਦਾ ਰਿਹਾ, ਤਿਉਂ-ਤਿਉਂ ਮੇਰੀ ਜ਼ਮੀਰ ਮੈਨੂੰ ਲਾਹਣਤਾਂ ਪਾਉਂਦੀ ਰਹੀ। ਦੋ ਕੁ ਮਹੀਨੇ ਮੈਂ ਅੰਦਰੇ-ਅੰਦਰ ਹੀ ਕ੍ਰਿਝਦਾ ਰਿਹਾ। ਅਖੀਰ ਲੰਮੀ ਚਿੱਠੀ ਸਹੁਰਾ ਸਾਹਿਬ ਨੂੰ ਲਿਖ ਮਾਰੀ ਜਿਸ ਦਾ ਸਾਰੰਸ਼ ਕੁਝ ਇਸ ਪ੍ਰਕਾਰ ਸੀ, “ਮਾਨਯੋਗ ਬਾਪੂ ਜੀ, ਮੈਂ ਬਹੁਤ ਅਫਸੋਸ ਅਤੇ ਦੁਖੀ ਮਨ ਨਾਲ ਆਪ ਜੀ ਨੂੰ ਲਿਖ ਰਿਹਾ ਹਾਂ। ਦੁੱਖ ਅਤੇ ਅਫਸੋਸ ਵਾਲੀ ਗੱਲ ਇਹੋ ਹੈ ਕਿ ਮੇਰੇ ਵਾਰ-ਵਾਰ ਕਹਿਣ ਦੇ ਬਾਵਜੂਦ ਤੁਸੀਂ ਮੇਰੇ ਨਾਲ ਕੀਤੇ ਵਾਅਦਿਆਂ ‘ਤੇ ਪੂਰੇ ਨਹੀਂ ਉਤਰੇ। ਸ਼ਗਨ ਵਿਚ ਮੋਹਰ ਪਾ ਕੇ ਤੁਸੀਂ ਮੇਰਾ ਮਾਣ ਨਹੀਂ, ਸਗੋਂ ਅਪਮਾਨ ਕੀਤਾ ਹੈ। ਜੇ ਤੁਸੀਂ ਵਿਆਹ ਵੇਲੇ ਵੀ ਇਸ ਤਰ੍ਹਾਂ ਦਾ ਹੀ ਕੁਝ ਕਰਨਾ ਹੈ ਤਾਂ ਮੇਰੀ ਵਲੋਂ ਵਿਆਹ ਲਈ ਅੱਜ ਤੋਂ ਹੀ ਜਵਾਬ ਸਮਝੋ।” ਹੌਸਲਾ ਕਰਕੇ ਚਿੱਠੀ ਪੋਸਟ ਕਰ ਆਇਆ। ਘਰ ਦੇ ਕਿਸੇ ਹੋਰ ਜੀਅ ਕੋਲ ਇਸ ਦੀ ਗੱਲ ਨਾ ਕੀਤੀ।
ਕੁਝ ਦਿਨਾਂ ਬਾਅਦ ਹੀ ਮੈਨੂੰ ਚਿੱਠੀ ਜਾ ਜਵਾਬ ਆ ਗਿਆ। ਚਿੱਠੀ ਪੰਜਾਬੀ ਵਿਚ ਸੀ ਪਰ ਲਿਖੀ ਫਾਰਸੀ ਲਿਪੀ ਵਿਚ ਸੀ। ਮੈਂ ਆਪਣੇ ਇਕ ਪ੍ਰੋਫੈਸਰ ਸਾਥੀ ਕੋਲੋਂ ਪੜ੍ਹਾਈ। ਚਿੱਠੀ ਵਿਚ ਸਹੁਰਾ ਸਾਹਿਬ ਨੇ ਆਪਣੀ ਗਲਤੀ ਲਈ ਮਾਫੀ ਮੰਗੀ ਸੀ ਤੇ ਵਿਆਹ ਵੇਲੇ ਇਸ ਕਿਸਮ ਦੀ ਕੋਈ ਗਲਤੀ ਨਾ ਦੁਹਰਾਉਣ ਦਾ ਇਕਰਾਰ ਕੀਤਾ ਸੀ।
ਇਸ ਤੋਂ ਪਹਿਲਾਂ ਕਿ ਮੇਰੇ ਸਹੁਰਾ ਸਾਹਿਬ ਆਪਣਾ ਕੀਤਾ ਇਕਰਾਰ ਨਿਭਾਉਂਦੇ, ਚਿੱਠੀ ਲਿਖਣ ਤੋਂ ਅੱਠ-ਦਸ ਦਿਨਾਂ ਬਾਅਦ ਹੀ ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਦੁਨੀਆਂ ਤੋਂ ਵਿਦਾ ਹੋ ਗਏ।…
ਮੇਰਾ ਵਿਆਹ: ਹੁਣ ਸੁਣੋ ਮੇਰੇ ਵਿਆਹ ਦੀ ਵਾਰਤਾ। ਮੰਗਣੀ ਦੀ ਰਸਮ ਪਿਛੋਂ ਤੇ ਵਿਆਹ ਤੋਂ ਪਹਿਲਾਂ ਮੇਰੇ ਸਹੁਰੇ ਦੀ ਮੌਤ ਹੋ ਜਾਣ ਕਾਰਨ ਮੇਰੇ ਸਹੁਰਾ ਘਰ ਦੇ ਆਪਸੀ ਤੇ ਮੇਰੇ ਉਸ ਘਰ ਨਾਲ ਬਣੇ ਰਿਸ਼ਤੇ ਦੇ ਕੁਝ ਸਮੀਕਰਨ ਜਿਹੇ ਵਿਗੜ ਗਏ। ਹੁਣ ਤਕ ਜੋ ਗੱਲਬਾਤ ਹੋਈ ਸੀ, ਉਹ ਮੁਖ ਤੌਰ ‘ਤੇ ਮੇਰੇ ਸਹੁਰੇ ਨਾਲ ਹੀ ਹੋਈ ਸੀ ਪਰ ਹੁਣ ਉਸ ਘਰ ਦੇ ਹੋਰ ਮੈਂਬਰ ਮੂਹਰੇ ਆਉਣੇ ਸ਼ੁਰੂ ਹੋ ਗਏ ਸਨ ਤੇ ਗੱਲਬਾਤ ਇਕ ਤਰ੍ਹਾਂ ਨਾਲ ਬਿਲਕੁਲ ਨਵੇਂ ਸਿਰਿਉਂ ਸ਼ੁਰੂ ਕਰਨੀ ਪੈਣੀ ਸੀ। ਮੇਰੀ ਮੰਗੇਤਰ ਮਨਜੀਤ ਦੀਆਂ ਦੋ ਭੈਣਾਂ ਸਨ। ਇਕ ਵੱਡੀ ਸੀ ਤੇ ਇਕ ਛੋਟੀ। ਦੋਵੇਂ ਹੀ ਵਿਆਹੀਆਂ ਹੋਈਆਂ ਸਨ। ਭਾਈ ਕੋਈ ਨਹੀਂ ਸੀ ਤੇ ਮਾਂ ਸਾਧਾਰਨ ਔਰਤ ਸੀ। ਸੋ, ਵਿਆਹ ਦਾ ਜੋ ਢਮ-ਢਮਾ ਕਰਨਾ ਸੀ, ਉਹ ਮੇਰੇ ਸਾਢੂਆਂ (ਸਾਂਢੂਆਂ) ਤੇ ਮਨਜੀਤ ਦੀਆਂ ਭੈਣਾਂ ਨੂੰ ਹੀ ਮੂਹਰੇ ਲਗ ਕੇ ਕਰਨਾ ਪੈਣਾ ਸੀ। ਉਨ੍ਹਾਂ ਵਿਚੋਂ ਵੀ ਵਿਸ਼ੇਸ਼ ਤੌਰ ‘ਤੇ ਵੱਡੇ ਸਾਢੂ ਸਾਹਿਬ ਨੂੰ। ਮੇਰੇ ਸਹੁਰੇ ਦੀ ਮੌਤ ਪਿਛੋਂ ਮੈਂ ਵੀ ਉਸ ਘਰ ਆਮ ਆਉਣ-ਜਾਣ ਲੱਗ ਪਿਆ ਸੀ ਤੇ ਮੇਰੀ ਸਾਰਿਆਂ ਨਾਲ ਚੰਗੀ ਜਾਣ-ਪਛਾਣ ਹੋ ਗਈ ਸੀ। ਮੈਂ ਬੇਝਿਜਕ ਹੋ ਕੇ ਕਹਿ ਦਿੱਤਾ ਕਿ ਵਿਆਹ ਉਨ੍ਹਾਂ ਸ਼ਰਤਾਂ ‘ਤੇ ਹੀ ਹੋਏਗਾ ਜੋ ਬਾਪੂ ਜੀ ਨਾਲ ਤੈਅ ਹੋਈਆਂ ਸਨ। ਉਨ੍ਹਾਂ ਨੂੰ ਮੰਨਣਾ ਪਿਆ। ਭਾਵੇਂ ਉਨ੍ਹਾਂ ਲਈ ਇਹ ਜ਼ਰਾ ਮੁਸ਼ਕਿਲ ਸੀ ਕਿਉਂਕਿ ਇਕ ਤਾਂ ਉਨ੍ਹਾਂ ਨੇ ਆਪਣੇ ਵਿਆਹਾਂ ਵੇਲੇ ਲੈਣ-ਦੇਣ ਕੀਤਾ ਸੀ ਤੇ ਦੂਜੇ ਸ਼ਾਇਦ ਉਹ ਸਮਝਦੇ ਹੋਣ ਕਿ ਮਤੇ ਦੁਨੀਆਂ ਆਖੇ ਕਿ ਸਾਢੂਆਂ ਨੇ ਮੋਹਰੀ ਬਣ ਕੇ ਜਾਣ ਕੇ ਕੁਝ ਨਹੀਂ ਕਰਨ ਦਿੱਤਾ। ਖੈਰ, ਇਕ ਵਾਰ ਤਾਂ ਉਹ ਮੇਰਾ ਕਿਹਾ ਸਭ ਕੁਝ ਮੰਨ ਗਏ।
ਮੈਂ ਵਿਆਹ ਤਾਂ ਕੁਝ ਚਿਰ ਠਹਿਰ ਕੇ ਕਰਵਾਉਣਾ ਚਾਹੁੰਦਾ ਸੀ, ਇਕ ਤਾਂ ਸਹੁਰਾ ਸਾਹਿਬ ਦੀ ਹੁਣੇ ਹੋਈ ਮੌਤ ਕਰ ਕੇ, ਤੇ ਦੂਜੇ ਆਪਣੀ ਖਿੰਡਰੀ-ਪੁੰਡਰੀ ਆਰਥਕ ਹਾਲਤ ਕਰ ਕੇ, ਪਰ ਉਸ ਘਰ ਆਮ ਆਉਣ-ਜਾਣ ਤੇ ਵਿਚ-ਵਿਚ ਮਨਜੀਤ ਨੂੰ ਮਿਲਣ-ਜੁਲਣ ਕਾਰਨ ਸਹੁਰੇ ਪਰਿਵਾਰ ਅੰਦਰ ਕੋਈ ਡਰ ਜਿਹਾ ਪੈਦਾ ਹੋ ਗਿਆ (ਜੋ ਕੁਦਰਤੀ ਹੀ ਸੀ), ਇਸ ਲਈ ਮੈਂ ਵਿਆਹ ਲੇਟ ਪਾਉਣ ‘ਤੇ ਜ਼ੋਰ ਨਾ ਪਾ ਸਕਿਆ। ਸੋ, ਵਿਆਹ ਦੀ ਮਿਤੀ 6 ਫਰਵਰੀ 1967 ਰੱਖ ਲਈ ਗਈ।
ਭਾਵੇਂ ਸਭ ਕੁਝ ਸਾਦ-ਮੁਰਾਦਾ ਹੀ ਕਰਨਾ ਸੀ ਪਰ ਇਹ ‘ਸਾਦ-ਮੁਰਾਦਾ’ ਕਰਨ ਲਈ ਵੀ ਮੇਰੇ ਵਿਚ ਸਮਰਥਾ ਨਹੀਂ ਸੀ। ਜਮੀਨ ਜਿਉਂ ਦੀ ਤਿਉਂ ਗਹਿਣੇ ਸੀ ਤੇ ਘਰ ਸਿਰ ਅੱਠ ਹਜ਼ਾਰ ਦਾ ਕਰਜ਼ਾ ਵੀ ਉਵੇਂ ਦਾ ਉਵੇਂ ਹੀ ਮੂੰਹ ਟੱਡੀ ਖੜ੍ਹਾ ਸੀ। ਤੇ ਉਨ੍ਹੀਂ ਦਿਨੀਂ ਸਾਡੇ ਵਰਗੇ ਕਿਸਾਨੀ ਪਰਿਵਾਰ ਲਈ ਅੱਠ ਹਜ਼ਾਰ ਦਾ ਕਰਜ਼ਾ ਲਾਹੁਣਾ ‘ਖਾਲਾ ਜੀ ਦਾ ਵਾੜਾ’ ਨਹੀਂਂ ਸੀ। ਹੁਣ ਹੋਰ ਕਰਜ਼ਾ ਚੁੱਕਣ ਦੀ ਮੂਰਖਤਾ ਮੈਂ ਨਹੀਂ ਸੀ ਕਰ ਸਕਦਾ। ਸੋ, ਹਰ ਪਾਸਿਉਂ ਮੈਂ ਵੱਧ ਤੋਂ ਵੱਧ ਮੁੱਠੀ ਘੁੱਟਣ ਦੀ ਕੋਸ਼ਿਸ਼ ਕੀਤੀ। ਵਿਆਹ ਸਿਆਲ ਦਾ ਸੀ। ਜੇ ਬਹੁਤਾ ਨਹੀਂ ਤਾਂ ਘੱਟੋ-ਘੱਟ ਵਿਆਹ ਵੇਲੇ ਗਰਮ ਕੋਟ-ਪੈਂਟ ਦੀ ਲੋੜ ਤਾਂ ਹੈ ਹੀ ਸੀ। ਇਸ ਸਬੰਧੀ ਮੈਂ ਆਪਣੇ ਪ੍ਰੋਫੈਸਰ-ਮਿੱਤਰ ਐਸ਼ ਪੀ. ਸਭਰਵਾਲ, ਜਿਸ ਨੇ ਨਵਾਂ-ਨਵਾਂ ਗਰਮ ਸੂਟ ਸੰਵਾਇਆ ਸੀ, ਨੂੰ ਬੇਨਤੀ ਕੀਤੀ ਕਿ ਉਹ ਮੇਰੀ ਖਾਤਰ ਮੇਰੇ ਵਿਆਹ ਤਕ ਆਪਣਾ ਨਵਾਂ ਸੂਟ ਨਾ ਪਹਿਨੇ ਅਤੇ ਵਿਆਹ ਦੇ ਦੋ-ਤਿੰਨ ਦਿਨਾਂ ਲਈ ਇਹ ਮੈਨੂੰ ਦੇ ਦੇਵੇ। ਭਲਾ ਹੋਵੇ ਪ੍ਰੋਫੈਸਰ ਸਭਰਵਾਲ ਦਾ, ਉਸ ਭੱਦਰ ਪੁਰਸ਼ ਨੇ ਮੇਰੇ ਵਾਸਤੇ ਇਹ ਕੁਰਬਾਨੀ ਕਰ ਦਿੱਤੀ। ਘਰੇ ਮਾਂ ਦਬਾਅ ਪਾਉਣ ਲਗੀ ਕਿ ਉਸ ਦੇ ਕਹੇ ਤੋਂ ਹੋਰ ਕੁਸ਼ ਭਾਵੇਂ ਕਰਾਂ ਜਾਂ ਨਾ ਕਰਾਂ ਪਰ ‘ਬਹੂ’ ਲਈ ਘੱਟੋ-ਘੱਟ ਸ਼ਗਨਾਂ ਦਾ ਸੂਟ ਜ਼ਰੂਰ ਬਣਾ ਕੇ ਲੈ ਜਾਵਾਂ। ਇਥੇ ਮਾਂ ਦੇ ਜਜ਼ਬਾਤ ਮੂਹਰੇ ਆ ਖੜੋਤੇ। ਮਾਂ ਹੀ ਘਰ ਵਿਚ ਇਕੱਲਾ ਅਜਿਹਾ ਜੀਅ ਸੀ ਜੋ ਪੜ੍ਹਾਈ ਲਈ ਮੈਨੂੰ ਹੱਲਾਸ਼ੇਰੀ ਦਿੰਦੀ ਰਹੀ ਸੀ ਤੇ ਮੇਰੀ ਪੜ੍ਹਾਈ ਲਈ ਉਸ ਨੇ ਕਿਹੜੀ-ਕਿਹੜੀ ਮੁਸੀਬਤ ਨਹੀਂ ਸੀ ਝੱਲੀ? ਹੁਣ ਵਿਆਹ ਦੇ ‘ਪੁੱਠੇ’ ਰੰਗਾਂ-ਢੰਗਾਂ ਵਿਚ ਵੀ ਉਹ ਬੇਚਾਰੀ ਕੋਈ ਦਖਲ-ਅੰਦਾਜ਼ੀ ਨਹੀਂ ਸੀ ਕਰ ਰਹੀ। ਹੁਣ ਮੈਂ ਮਾਂ ਦੇ ਐਨੇ ਕੁ ਜਜ਼ਬਾਤ ਦਾ ਵੀ ਖਿਆਲ ਨਾ ਰੱਖਾਂ? ਲਾਹਣਤ ਐ ਮੇਰੇ ਅਜਿਹੇ ਪੁੱਤ ਹੋਣ ‘ਤੇ! ਇਹ ਖਿਆਲ ਮੇਰੇ ‘ਤੇ ਭਾਰੂ ਹੋ ਗਿਆ। ਤੇ ਮੈਂ ਮਾਂ ਦੇ ਜਜ਼ਬਾਤ ਦਾ ‘ਖਿਆਲ’ ਇਸ ਸ਼ਰਤ ‘ਤੇ ਰੱਖਿਆ ਕਿ ਸੂਟ ਖਰੀਦਿਆ ਨਹੀਂ ਸਗੋਂ ਇਧਰੋਂ-ਉਧਰੋਂ ਉਧਾਰਾ ਫੜ ਕੇ ਸਾਰ ਲਿਆ ਜਾਵੇਗਾ। ਸੂਟ ਦਾ ਕੋਈ ਦਿਖਾਵਾ ਨਹੀਂ ਹੋਵੇਗਾ ਅਤੇ ਇਹ ਬਾਅਦ ਵਿਚ ਕੁੜੀ ਵਾਲਿਆਂ ਤੋਂ ਵਾਪਿਸ ਲੈ ਲਿਆ ਜਾਵੇਗਾ। ਮਾਂ ਬੇਚਾਰੀ ਇਸ ‘ਤੇ ਵੀ ਮੰਨ ਗਈ ਸੀ, ਹਾਲਾਂਕਿ ਅੱਜ ਮੈਂ ਸੋਚਦਾਂ, ਇਹ ‘ਘਟੀਆ’ ਜਿਹੀ ਗੱਲ ਸੀ (ਆਰਥਕ ਮਜਬੂਰੀਆਂ ਦੇ ਮਾਰੇ ਬੰਦਿਆਂ ਨੂੰ ਅਜਿਹੀਆਂ ‘ਘਟੀਆ’ ਗੱਲਾਂ ਅਕਸਰ ਕਰਨੀਆਂ ਪੈ ਜਾਂਦੀਆਂ ਹਨ)। ‘ਚਿਕਨ ਟੈਰਾਲੀਨ’ ਦਾ ਇਹ ਸੂਟ ਮੈਂ ਰਿਸ਼ਤੇਦਾਰੀ ਵਿਚੋਂ ਲਗਦੀ ਆਪਣੀ ਭਾਣਜ-ਨੂੰਹ ਤੋਂ ਲੈ ਕੇ ਆਇਆ।
ਪਿਛਲੇ ਅਠਾਈ-ਤੀਹ ਸਾਲਾਂ ਵਿਚ ਸਾਡੇ ਘਰ ਕੋਈ ਵਿਆਹ ਨਹੀਂ ਸੀ ਹੋਇਆ। ਮੇਰੇ ਵਿਆਹ ਤੋਂ ਪਹਿਲਾਂ ਘਰ ਵਿਚ ਮੇਰੇ ਬਾਪੂ ਜੀ ਦਾ ਵਿਆਹ ਹੋਇਆ ਸੀ। ਇਸ ਲਈ ਹੁਣ ਤੱਕ ਅਸੀਂ ਰਿਸ਼ਤੇਦਾਰੀਆਂ ਅਤੇ ਭਾਈਚਾਰੇ ਦੇ ਵਿਆਹਾਂ ਵਿਚ ਦੂਜਿਆਂ ਨੂੰ ਦਿੱਤਾ ਹੀ ਦਿੱਤਾ ਸੀ, ਕਿਸੇ ਤੋਂ ਲੈਣ ਦਾ ਕਦੇ ਮੌਕਾ ਨਹੀਂ ਸੀ ਆਇਆ। ਹੁਣ ਲੈਣ ਦੀ ਵਾਰੀ ਸੀ। ਸਾਰੇ ਪਰਿਵਾਰ ਦੀ ਅੰਦਰੇ-ਅੰਦਰ ਇੱਛਾ ਸੀ ਕਿ ਸਾਰੀਆਂ ਚਾੜ੍ਹੀਆਂ ਬਿੜ੍ਹੀਆਂ ਉਤਾਰ ਲਈਆਂ ਜਾਣ ਪਰ ਮੇਰੇ ‘ਕਮਲਪੁਣੇ’ ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈ ਰਹੀ। ਮੈਂ ਸਾਰੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾ, ਜਾਂ ਸਨੇਹੇ ਭੇਜ ਦਿੱਤੇ ਕਿ ਵਿਆਹ ਅਤੀ ਸਾਦਾ ਹੋਏਗਾ। ਕਿਰਪਾ ਕਰ ਕੇ ਵਿਆਹ ਵਿਚ ਆਪ ਜੀ ਦੇ ਪਰਿਵਾਰ ਦਾ ਇਕੋ ਜੀਅ ਆਵੇ। ਕਿਸੇ ਤਰ੍ਹਾਂ ਦਾ ਕੋਈ ਕੱਪੜਾ-ਲੀੜਾ ਲਿਆਉਣ ਦੀ ਖੇਚਲ ਨਾ ਕੀਤੀ ਜਾਵੇ ਅਤੇ ਨਾ ਹੀ ਇਥੋਂ ਲੈ ਕੇ ਜਾਣ ਦੀ ਇੱਛਾ ਤੇ ਆਸ ਨਾਲ ਆਵੇ। ਇਹ ਵੀ ਲਿਖ ਦਿੱਤਾ ਕਿ ਜੇ ਕਿਸੇ ਭਾਈ-ਭੈਣ ਨੂੰ ਇਹ ਗੱਲਾਂ ਪਸੰਦ ਨਾ ਆਉਂਦੀਆਂ ਹੋਣ, ਉਹ ਬੇਸ਼ਕ ਵਿਆਹ ਵਿਚ ਸ਼ਰੀਕ ਹੋ ਕੇ ਚਿੱਤ ਭੈੜਾ ਨਾ ਕਰਨ।
ਵਿਆਹ ਲਈ ਨਾ ਹੀ ਮੈਂ ਮਿਠਿਆਈ ਬਣਵਾਈ। ਸਿਰਫ ਇਕ ਡੱਬਾ ਸ਼ਹਿਰੋਂ ਮੁੱਲ ਲਿਆ ਸੀ। ਉਹ ਵੀ ਸਹੁਰੇ-ਪਰਿਵਾਰ ਵਲੋਂ ‘ਬਹੂ’ ਨਾਲ ਲਿਆਉਣ ਵਾਲੇ ਉਸ ਦੇ ‘ਗੱਡੀ ਵਾਲਿਆਂ’ ਵਾਸਤੇ। ਮੈਂ ‘ਐਲਾਨ’ ਕਰ ਦਿੱਤਾ ਕਿ ਬਾਜਰੇ ਦੀ ਰੋਟੀ ਤੇ ਸਾਗ ਤੋਂ ਬਿਨਾ ਹੋਰ ਕੁਝ ਨਹੀਂ ਚਲੇਗਾ। ਸਭ ਨੇ ਮੇਰੀ ਇਸ ‘ਮੂਰਖਤਾ’ ਅੱਗੇ ਹਥਿਆਰ ਸੁੱਟ ਦਿਤੇ। ਜੰਞ ਲਈ ਮੈਂ ਦੋ ਕਾਰਾਂ ਕਿਰਾਏ ‘ਤੇ ਕੀਤੀਆਂ (ਬਾਅਦ ਵਿਚ ਮੈਂ ਇਹ ਵੀ ਸੋਚਦਾ ਰਿਹਾ ਕਿ ਇਕ ਕਾਰ ਵਾਧੂ ਕਰ ਕੇ ਗਲਤੀ ਕੀਤੀ ਸੀ)। ਜੰਞ ਵਿਚ ਅਸੀਂ ਕੁਲ ਸੱਤ ਜਣੇ ਗਏ-ਚਾਰ ਮੇਰੇ ਦੋਸਤ, ਇਕ ਸ਼ਰੀਕੇ ਵਿਚੋਂ ਚਾਚਾ ਜੀ, ਇਕ ਵਿਚੋਲਾ ਅਤੇ ਸਤਵਾਂ ਮੈਂ। ਨਾ ਬਾਪੂ, ਨਾ ਤਾਇਆ ਤੇ ਨਾ ਹੀ ਭਾਈ।
ਮੇਰੇ ਸਹੁਰੇ ਪਰਿਵਾਰ ਦਾ ਜੱਦੀ ਸਬੰਧ ਤਾਂ ਜਿਲਾ ਬਠਿੰਡੇ ਦੇ ਪਿੰਡ ਦਾਨ ਸਿੰਘ ਵਾਲਾ ਨਾਲ ਸੀ ਪਰ ਬਾਅਦ ਵਿਚ ਨੌਕਰੀ ਕਾਰਨ ਮੇਰੇ ਸਹੁਰੇ ਨੇ ਬਠਿੰਡੇ ਮਕਾਨ ਖਰੀਦ ਕੇ ਉਥੇ ਹੀ ਕਾਫੀ ਚਿਰ ਤੋਂ ਪੱਕੀ ਰਿਹਾਇਸ਼ ਕੀਤੀ ਹੋਈ ਸੀ। ਬਠਿੰਡਾ ਮੇਰੇ ਪਿੰਡ ਕਿਸ਼ਨਗੜ੍ਹ ਫਰਵਾਹੀ ਤੋਂ ਕੋਈ 70 ਕਿਲੋਮੀਟਰ ਹੈ। ਮੇਰੇ ਵੱਡੇ ਸਾਢੂ ਨੇ ਮੈਨੂੰ ਤਾੜਨਾ ਕੀਤੀ ਸੀ ਕਿ ਅਸੀਂ ਹਰ ਹਾਲਤ ਸਵੇਰੇ ਅੱਠ ਵਜੇ ਬਠਿੰਡੇ ਪਹੁੰਚ ਜਾਈਏ, ਉਹ ਠੀਕ 8 ਵਜੇ ਰਾਜਿੰਦਰਾ ਕਾਲਜ ਕੋਲ ਸਾਡੇ ਸਵਾਗਤ ਲਈ ਖੜ੍ਹੇ ਹੋਣਗੇ। ਅਸੀਂ 8 ਵਜਣ ਤੋਂ ਕੋਈ ਪੰਦਰਾਂ-ਵੀਹ ਮਿੰਟ ਪਹਿਲਾਂ ਹੀ ਪਹੁੰਚ ਗਏ ਪਰ ਸਾਡੇ ਸਵਾਗਤ ਲਈ ਉਥੇ ਕੋਈ ਨਹੀਂ ਸੀ। ਕੋਈ ਪੌਣਾ ਘੰਟਾ ਅਸੀਂ ਉਥੇ ਖੜ੍ਹੇ ਉਡੀਕਦੇ ਰਹੇ ਪਰ ਕੋਈ ਨਾ ਪਹੁੰਚਿਆ। ਅਖੀਰ ਵਿਚੋਲੇ ਨੇ ਜਾ ਕੇ ਖਬਰ ਕੀਤੀ। ਫੇਰ ‘ਸਵਾਗਤ-ਕਰਤਾ’ ਜੁੱਤੀਆਂ ਘਸੀਟਦੇ ਭੱਜੇ ਭੱਜੇ ਆਏ। ਉਹ ਸਾਨੂੰ ਨਿੱਕੀ ਜਿਹੀ ਥ੍ਹਾਈ (ਧਰਮਸ਼ਾਲਾ) ਵਿਚ ਲੈ ਗਏ। ਚਾਹ-ਪਾਣੀ ਪੀਣ ਪਿਛੋਂ ਅਸੀਂ ਅਨੰਦ ਕਾਰਜ ਲਈ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜਾ ਬੈਠੇ। ਜਦੋਂ ਮੈਂ ਮੱਥਾ ਟੇਕ ਕੇ ਗਦੈਲੇ ਉਥੇ ਬੈਠਾ ਤਾਂ ਮੈਨੂੰ ਚੇਤਾ ਆਇਆ ਕਿ ਬੈਠਣ ਤੋਂ ਪਹਿਲਾਂ ਮੈਨੂੰ ਆਪਣੇ ਮੰਗਵੇਂ ਕੋਟ ਦਾ ਲਾਇਆ ਬਟਣ ਖੋਲ੍ਹ ਲੈਣਾ ਚਾਹੀਦਾ ਸੀ। ਕੋਟ ਕਾਫੀ ਤੰਗ ਹੋਣ ਕਾਰਨ ਉਸ ਵਿਚ ਮੇਰਾ ਢਿੱਡ ਕਸਿਆ ਗਿਆ ਸੀ (ਭਾਵੇਂ ਉਨ੍ਹੀਂ ਦਿਨੀਂ ਮੈਂ ਵੀ ਕਾਫੀ ਪਤਲਾ ਸੀ ਪਰ ਪ੍ਰੋਫੈਸਰ ਸਭਰਵਾਲ ਮੇਰੇ ਨਾਲੋਂ ਵੀ ਵੱਧ ‘ਕਾਗਜ਼ੀ ਪਹਿਲਵਾਨ’ ਸੀ)। ਹੌਲੀ-ਹੌਲੀ ਕਿਸੇ ਬਹਾਨੇ ਕਿਵੇਂ ਨਾ ਕਿਵੇਂ ਬਟਨ ਖੋਲ੍ਹਿਆ ਤੇ ਢਿੱਡ ਦੀ ਕਸ-ਕਸਾਈ ਦੀ ਮੁਸੀਬਤ ਤੋਂ ਖਹਿੜਾ ਛੁੱਟਾ।
ਅਨੰਦ ਕਾਰਜ ਉਂਜ ਤਾਂ ਠੀਕ-ਠਾਕ ਹੋ ਗਏ ਪਰ ਪਤਾ ਨਹੀਂ ਕਿਵੇਂ ਅਰਦਾਸ ਕਰਨ ਵੇਲੇ ਭਾਈ ਜੀ ਤੋਂ ‘ਕਾਕਾ ਅਜਮੇਰ ਸਿੰਘ ਸਪੁੱਤਰ ਸ਼ ਕੌਰ ਸਿੰਘ ਦੀ ਥਾਂ ‘ਕਾਕਾ ਕੌਰ ਸਿੰਘ ਸਪੁੱਤਰ ਸ਼ ਅਜਮੇਰ ਸਿੰਘ’ ਕਿਹਾ ਗਿਆ। ‘ਭੁੱਲ-ਚੁੱਕ’ ਦੀ ਇਹ ‘ਸੋਧ’ ਵੀ ਕਿਸੇ ਭਲੇਮਾਣਸ ਨੇ ਨਾ ਕਰਵਾਈ (ਸ਼ੁਕਰ ਐ, ਮੈਂ ਬਾਪੂ ਜੀ ਨੂੰ ਨਾਲ ਨਹੀਂ ਸੀ ਲੈ ਕੇ ਆਇਆ)। ਪਿੱਛੇ ਬੈਠੇ ਮੇਰੇ ਜਾਨੀ (ਜਾਞੀਂ) ਪ੍ਰੋਫੈਸਰ-ਮਿੱਤਰ ਤਾਂ ਮੁਸਕੜੀਏ ਹੱਸਣ ਵੀ ਲੱਗ ਪਏ ਤੇ ਬਾਅਦ ਵਿਚ ਕਿੰਨਾ ਚਿਰ ਮੈਨੂੰ ਮਖੌਲ ਕਰ-ਕਰ ਸੁਆਦ ਵੀ ਲੈਂਦੇ ਰਹੇ।
ਸਭ ਕੁਝ ਸੁੱਖੀਂ-ਸਾਂਦੀਂ ਨੇਪਰੇ ਚੜ੍ਹ ਗਿਆ ਪਰ ਸਾਡੇ ਵਿਦਾ ਹੋਣ ਤੋਂ ਕੁਝ ਚਿਰ ਪਹਿਲਾਂ ਝੰਜਟ ਖੜ੍ਹਾ ਹੋ ਗਿਆ। ਮੇਰਾ ਵੱਡਾ ਸਾਢੂ ਮੇਰੇ ਕੋਲ ਆ ਕੇ ਕਹਿਣ ਲੱਗਾ, ‘ਕਿਸੇ ਟੈਂਪੂ-ਟਰਾਲੀ ਦਾ ਪ੍ਰਬੰਧ ਕਰ।’ ਮੈਨੂੰ ਗੱਲ ਸਮਝ ਨਾ ਆਈ। ਹੈਰਾਨ ਜਿਹਾ ਹੁੰਦਿਆਂ ਮੈਂ ਪੁੱਛਿਆ, ‘ਕਿਉਂ?’ ‘ਕਿਉਂ ਕੀ, ਸਮਾਨ ਨੀ ਲਜਾਣਾ ਆਪਣਾ?’ ਸਾਢੂ ਨੇ ਹੁਕਮੀਆ ਲਹਿਜ਼ੇ ਵਿਚ ਜਵਾਬ ਦਿਤਾ। ਮੈਂ ਸਭ ਸਮਝ ਗਿਆ ਅਤੇ ਸਖਤ ਤੇ ਗੁਸੈਲੇ ਲਹਿਜ਼ੇ ਵਿਚ ਨਾਂਹ ਕਰਦਿਆਂ ਕਿਹਾ, ‘ਮੈਂ ਕੋਈ ਸਮਾਨ-ਸਮੂਨ ਨੀ ਲੈ ਕੇ ਜਾਣਾ! ਲੱਖ ਵਾਰੀ ਕਹਿਣ ‘ਤੇ ਵੀ ਥੋਡੇ ਦਿਮਾਗ ਵਿਚ ਨੀ ਪਈ? ਹੱਦ ਹੋ-ਗੀ ਥੋਡੇ ਵਾਲੀ ਵੀ!’ ਪਰ ਸਾਢੂ ਤਾਂ ਬਚਾਰਾ ਉਵੇਂ ਸਟੈਂਡ ਲੈ ਰਿਹਾ ਸੀ, ਜਿਵੇਂ ਉਸ ਨੂੰ ਅੰਦਰੋਂ ‘ਸਮਝਾਇਆ’ ਗਿਆ ਸੀ। ਇਸ ਲਈ ਆਪਣੇ ਸਟੈਂਡ ‘ਤੇ ਅੜਿਆ ਰਿਹਾ ਤੇ ਬੋਲਿਆ, ‘ਸਮਾਨ ਤਾਂ ਥੋਨੂੰ ਲਜਾਣਾ ਪਊ, ਜਦ ਥੋਡੇ ਵਾਸਤੇ ਈ ਬਣਾਇਐ। ਬੜਾ ਰੱਫੜ ਖੜ੍ਹਾ ਹੋਇਆ। ਕਿਹੋ ਜਿਹੇ ਬੰਦਿਆਂ ਨਾਲ ਵਾਹ ਪੈ ਗਿਆ ਅਜਮੇਰ ਸਿਆਂ ਤੇਰਾ! ਵਿਚੋਲੇ ਤਾਏ ਅਮਰ ਸਿੰਘ ਨਾਲ ਗੱਲ ਕੀਤੀ ਤਾਂ ਕਹਿਣ ਲੱਗਾ, ‘ਤੈਨੂੰ ਤਾਂ ਇਹ ਕੁਸ਼ ਨੀ ਦੇ ਰਹੇ, ਨਾ ਸਾਇਕਲ, ਨਾ ਘੜੀ, ਤੇ ਨਾ ਹੀ ਕੋਈ ਸੂਟ-ਬੂਟ। ਨਾ ਘਰ ਦੇ ਜਾਂ ਕਿਸੇ ਰਿਸ਼ਤੇਦਾਰ ਵਾਸਤੇ ਕੋਈ ਹੋਰ ਚੀਜ਼। ਇਹ ਤਾਂ ਕੁੜੀ ਲਈ ਨੇ ਪੰਜ-ਛੀ ਬਿਸਤਰੇ ਜੇ। ਹੁਣ ਧੀ ਆਲੇ ਆਪਣੀ ਧੀ ਨੂੰ ਵੀ ਨਾ ਕੁਸ਼ ਦੇਣ?’ ਪਰ ਮੈਂ ਆਪਣੀ ਹਿੰਡ ਨਾ ਛੱਡੀ ਸਗੋਂ ਗੁੱਸੇ ਵਿਚ ਕਿਹਾ, ‘ਕਿਉਂ ਸਾਡੇ ਘਰ ਇਨ੍ਹਾਂ ਦੀ ਕੁੜੀ ਨੂੰ ਬਿਸਤਰੇ ਨੀ ਮਿਲਣਗੇ?’ (ਹਾਲਾਂਕਿ ਮੈਨੂੰ ਪਤਾ ਸੀ ਇਹੋ ਜਿਹੇ ਨਵੇਂ ਨਕੋਰ ਬਿਸਤਰੇ ਸੱਚ-ਮੁੱਚ ਸਾਡੇ ਘਰ ਨਹੀਂ ਸਨ)।
ਵਾਹਵਾ ਰੌਲਾ-ਰੱਪਾ ਪੈਂਦਾ ਰਿਹਾ। ਥੋੜ੍ਹੇ ਚਿਰ ਪਿਛੋਂ ਅੰਦਰੋਂ ਸੁਨੇਹਾ ਆਇਆ। ਇਹ ਸੁਨੇਹਾ ਮੇਰੀ ਜੀਵਨ ਸਾਥਣ ਮਨਜੀਤ ਦਾ ਸੀ। ਉਸ ਨੇ ਮੈਨੂੰ ਦੱਸਿਆ, ‘ਇਨ੍ਹਾਂ ਬਿਸਤਰਿਆਂ ਨਾਲ ਮੇਰੇ ਘਰਦਿਆਂ ਦਾ ਕੋਈ ਲਾਗਾ-ਦੇਗਾ ਨਹੀਂ; ਇਹ ਮੈਂ ਆਪਣੀ ਤਨਖਾਹ ਵਿਚੋਂ ਆਪ ਬਣਾਏ ਹਨ। ਇਹ ਮੈਂ ਬੜੀ ਰੀਝ ਨਾਲ ਬਣਾਏ ਹਨ, ਪਲੀਜ਼ ਤੁਸੀਂ ਇਨ੍ਹਾਂ ਤੋਂ ਇਨਕਾਰ ਨਾ ਕਰੋ। ਵਿਆਹ ਤੋਂ ਪਹਿਲਾਂ ਕਈ ਵਾਰ ਮਿਲਣ ਕਰ ਕੇ ਮਨਜੀਤ ਵੱਲ ਮੈਂ ਖਾਸਾ ਖਿੱਚਿਆ ਗਿਆ ਸਾਂ, ਮੈਂ ਹਥਿਆਰ ਸੁੱਟ ਦਿੱਤੇ। ਬਿਸਤਰਿਆਂ ਵਾਲੀ ਉਹ ਪੇਟੀ ਮੈਨੂੰ ਲਿਆਉਣੀ ਪਈ। ਉਨ੍ਹੀਂ ਦਿਨੀਂ ਮੇਰੇ ਵਿਆਹ ਉਤੇ ਕੁਲ ਸਾਢੇ ਸੱਤ ਸੌ ਰੁਪਏ ਖਰਚ ਆਏ ਸਨ। ਇਨ੍ਹਾਂ ਵਿਚ ਵੀ, ਮੇਰੇ ਅਨੁਸਾਰ ਮੈਥੋਂ ਦੋ ਫਜ਼ੂਲ-ਖਰਚੀਆਂ ਹੋ ਗਈਆਂ ਸਨ: ਇਕ ਤਾਂ, ਇਕ ਕਾਰ ਵੱਧ ਕਰਨ ਦੀ, ਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲਿਆਉਣ ਵਾਸਤੇ ਕਿਰਾਏ ‘ਤੇ ਟਰੱਕ ਕਰਨ ਦੀ।
ਮੇਰੀ ਮੰਗਣੀ ਤੇ ਵਿਆਹ ਨਾਲ ਜੁੜੀਆਂ ਮੇਰੀਆਂ ਦੋ ਨਮੋਸ਼ੀਆਂ ਜਾਂ ਕਮਜ਼ੋਰੀਆਂ ਅੱਜ ਵੀ ਮੇਰੀ ਜ਼ਮੀਰ ਦੇ ਕਿਸੇ ਕੋਨੇ ਵਿਚੋਂ ਸਿਰ ਚੁੱਕ ਕੇ ਮੇਰੇ ਸਾਹਮਣੇ ਆ ਖੜੋਂਦੀਆਂ ਹਨ: ਪਹਿਲੀ ਸਿਉਨੇ ਦੀ ਮੋਹਰ ਵਾਪਿਸ ਨਾ ਕਰਨ ਦੀ, ਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲੈ ਕੇ ਆਉਣ ਦੀ। ਫਿਰ ਵੀ ਜਦ ਮੈਂ ਸਮੁੱਚੇ ਤੌਰ ‘ਤੇ ਆਪਣੇ ਵਿਆਹ ਦੀਆਂ ਘਟਨਾਵਾਂ ਆਪਣੇ ਮਨ ਵਿਚ ਚਿਤਵਦਾ ਹਾਂ ਤਾਂ ਮੈਨੂੰ ਅਜੀਬ ਜਿਹੀ ਰੂਹਾਨੀਅਤ ਦਾ ਅਹਿਸਾਸ ਹੁੰਦਾ ਹੈ।