‘ਪੰਜਾਬ ਟਾਈਮਜ਼’ ਵਿਚ ਲੜੀਵਾਰ ਚੱਲ ਰਹੀ ਹਰਮਹਿੰਦਰ ਚਹਿਲ ਦੀ ਲਿਖਤ ‘ਆਫੀਆ ਸਦੀਕੀ ਦਾ ਜਹਾਦ’ ਧਾਰਮਿਕ ਜਨੂੰਨ ਬਾਰੇ ਬਹੁਤ ਅੱਛੀ ਰੋਸ਼ਨੀ ਪਾਉਂਦੀ ਹੈ। ਕਿਸ ਤਰ੍ਹਾਂ ਘਰ ਦੇ ਅਤੇ ਬਾਹਰਲੇ ਹਾਲਾਤ ਮਿਲ ਕੇ ਇਨਸਾਨ ਅੰਦਰ ਅਸਹਿਣਸ਼ੀਲਤਾ ਦਾ ਜਜ਼ਬਾ ਭਰ ਦਿੰਦੇ ਹਨ, ਇਸ ਨੂੰ ਲੇਖਕ ਨੇ ਬਹੁਤ ਦਿਲਚਸਪ ਢੰਗ ਨਾਲ ਪੇਸ਼ ਕੀਤਾ ਹੈ।
ਚਹਿਲ ਸਾਹਿਬ ਨੇ ਆਫ਼ੀਆ ਦੀ ਜ਼ਿੰਦਗੀ ਦੀਆਂ ਅਸਲੀ ਘਟਨਾਵਾਂ ਲੈ ਕੇ ਆਪਣੀ ਇਹ ਕਹਾਣੀ ਤਿਆਰ ਕੀਤੀ ਹੈ। ਪਿਛਲੇ ਸਮੇਂ ਦੌਰਾਨ ਆਫੀਆ ਬਾਰੇ ਬਥੇਰੀਆਂ ਖਬਰਾਂ ਆਈਆਂ ਹਨ ਪਰ ਜ਼ਿੰਦਗੀ ਦੀਆਂ ਘਟਨਾਵਾਂ ਆਪਣੇ ਆਪ ਵਿਚ ਕੇਵਲ ਹੱਡੀਆਂ ਦਾ ਪਿੰਜਰ ਹੀ ਹੁੰਦੀਆਂ ਹਨ। ਲੇਖਕ ਨੇ ਆਪਣੀ ਕਲਮ ਨਾਲ ਉਸ ਵਿਚ ਜਾਨ ਪਾ ਦਿੱਤੀ ਹੈ। ਪੜ੍ਹਨ ਵਾਲੇ ਨੂੰ ਆਫੀਆ ਕੇਵਲ ਜਹਾਦੀ ਹੀ ਨਹੀਂ ਲਗਦੀ, ਬਲਕਿ ਬੇਟੀ, ਭੈਣ ਤੇ ਗੁੰਮਰਾਹ ਵਿਅਕਤੀ ਵੀ ਦਿਸਦੀ ਹੈ।
ਸਰਲ ਬੋਲੀ ਅਤੇ ਸਰਲ ਤੇ ਸੰਖੇਪ ਵਾਰਤਾਲਾਪ ਨਾਲ ਕਹਾਣੀ ਦੀ ਰਵਾਨੀ ਡੂੰਘੇ ਵਹਿੰਦੇ ਪਾਣੀਆਂ ਵਰਗੀ ਜਾਪਦੀ ਹੈ। ਮਜ਼ਹਬੀ ਅਸਹਿਣਸ਼ੀਲਤਾ ਲਈ ਪਰਿਵਾਰ ਅਤੇ ਉਸ ਵੇਲੇ ਦੇ ਪਾਕਿਸਤਾਨ ਦੇ ਹਾਲਾਤ ਵੀ ਸਾਫ਼ ਦਿਸਦੇ ਹਨ। ਲੇਖਕ ਨੇ ਆਫ਼ੀਆ ਤੇ ਉਸ ਦੇ ਪਰਿਵਾਰ ਨੂੰ ਆਧੁਨਿਕ ਇਤਿਹਾਸਕ ਘਟਨਾਵਾਂ ਨਾਲ ਜੋੜ ਕੇ ਇਸਲਾਮੀ ਜਹਾਦ ਦੀ ਸਾਫ਼ ਤਸਵੀਰ ਖਿੱਚੀ ਹੈ। ਇਕ ਪਰਿਵਾਰ ਤੇ ਵਿਅਕਤੀ ਦੇ ਜੀਵਨ ਨੂੰ ਇਸ ਤਰ੍ਹਾਂ ਇਕ ਲੜੀ ਵਿਚ ਪਰੋ ਦੇਣਾ ਬਹੁਤ ਸ਼ਲਾਘਯੋਗ ਕੰਮ ਹੈ।
ਆਫ਼ੀਆ ਅਤੇ ਜਹਾਦੀਆਂ ਦੀਆਂ ਭਾਵਨਾਵਾਂ ਕਿਸ ਤਰ੍ਹਾਂ ਇਸਲਾਮੀ ਦੇਸ਼ਾਂ ਵਿਚ ਅਮਰੀਕਾ ਦੀ ਬੇਲੋੜੀ ਦਖ਼ਲਅੰਦਾਜ਼ੀ ਨਾਲ ਭੜਕਦੀਆਂ ਹਨ, ਇਸ ਦਾ ਵੀ ਲਿਖਤ ਵਿਚ ਚੰਗਾ-ਚੋਖਾ ਜ਼ਿਕਰ ਹੈ। ਅਮਰੀਕੀ ਜ਼ਿੰਦਗੀ ਦਾ ਚੰਗਾ ਗਿਆਨ ਹੋਣ ਕਰ ਕੇ ਆਫ਼ੀਆ ਦੀ ਇੱਥੇ ਦੀ ਰਹਿਣੀ ਤੇ ਕੰਮ-ਕਾਜ ਨੂੰ ਬਹੁਤ ਸੁਚੇਤ ਢੰਗ ਨਾਲ ਪੇਸ਼ ਕੀਤਾ ਹੈ।
ਮਜ਼ਹਬੀ ਅਸਹਿਣਸ਼ੀਲਤਾ ਲਈ ਆਫੀਆ ਦੇ ਪਰਿਵਾਰ ਉਤੇ ਆਲੇ-ਦੁਆਲੇ ਦਾ ਅਸਰ ਕਿਸ ਤਰ੍ਹਾਂ ਹੋਇਆ, ਇਸ ਦਾ ਵਰਣਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਕਿਸ ਤਰ੍ਹਾਂ ਹਰ ਅਸਹਿਣਸ਼ੀਲ ਬੰਦੇ ਨੂੰ ਹਰ ਦੂਜਾ ਬੰਦਾ ਗ਼ਲਤ ਨਜ਼ਰ ਆਉਂਦਾ ਹੈ; ਇਸ ਬਿਰਤਾਂਤ ਵਿਚ ਆਫ਼ੀਆ ਨੂੰ ਯਕੀਨ ਹੋ ਜਾਂਦਾ ਹੈ ਕਿ ਸਿਰਫ਼ ਇਸਲਾਮ ਹੀ ਸੁੱਚਾ ਧਰਮ ਹੈ ਅਤੇ ਬਾਕੀ ਹੋਰ ਸਾਰੇ ਧਰਮ ਝੂਠ ਹਨ, ਮੁਸਲਮਾਨਾਂ ਤੋਂ ਬਿਨਾਂ ਸਭ ਕਾਫ਼ਰ। ਐਸੇ ਗਿਆਨ ਤੋਂ ਬਾਅਦ ਬੰਦੇ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਤੇ ਮਨ ਵਿਚ ਵੀ ਕੋਈ ਹੋਰ ਜਗ੍ਹਾ ਨਹੀਂ ਰਹਿੰਦੀ। ਆਫ਼ੀਆ ਤੇ ਉਸ ਦੇ ਸਾਥੀ ਜਹਾਦੀਆਂ ਨੂੰ ਫ਼ੇਰ ਹੋਰ ਕੁਝ ਸਿੱਖਣ ਜਾਂ ਸੋਚਣ ਦੀ ਲੋੜ ਨਹੀਂ ਰਹਿੰਦੀ। ਇਸ ਨੂੰ ਉਰਦੂ ਦੇ ਸ਼ਾਇਰ ਯਾਸ ਚੰਗੇਜ਼ੀ ਨੇ ਇਉਂ ਦੱØਸਿਆ ਹੈ,
ਸਬ ਤੇਰੇ ਸਿਵਾ ਕਾਫਿਰ
ਆਖ਼ਰ ਇਸ ਕਾ ਮਤਲਬ ਕਿਆ।
ਸਰ ਇਰਾਦੇ ਇਨਸਾਨ ਕਾ
ਏਸਾ ਖਬਤ-ਏ-ਮਜ਼ਹਬ ਕਿਆ।
ਮੇਰੀ ਸੋਚ ਮੁਤਾਬਕ ਹਰਮਹਿੰਦਰ ਚਹਿਲ ਨੇ ਜੋ ਕੁਝ ਆਫ਼ੀਆ ਬਾਰੇ ਅਤੇ ਆਫੀਆ ਦੇ ਬਹਾਨੇ ਲਿਖਿਆ ਹੈ, ਉਹ ਧਾਰਮਿਕ ਜਨੂੰਨ ਤੇ ਇਸਲਾਮੀ ਜਹਾਦ ਨੂੰ ਸਮਝਣ ਲਈ ਬਹੁਤ ਲਾਭਦਾਇਕ ਹੈ। ਇਸ ਲਿਖਤ ਲਈ ਧੰਨਵਾਦ ਹਰਮਹਿੰਦਰ ਚਹਿਲ।
-ਸਰਬਜੀਤ ਸਿੰਘ ਸਿੱਧੂ
Leave a Reply