ਡਾ. ਅਜੀਤ ਸਿੰਘ ਕੋਟਕਪੂਰਾ
ਫੋਨ: 585-305-0443
ਇਕ ਫਿਲਮ ਦਾ ਗੀਤ ਹੈ,
ਜਾਨੇ ਚਲੇ ਜਾਤੇ ਹੈ ਕਹਾਂ, ਦੁਨੀਆਂ ਸੇ ਜਾਨੇ ਵਾਲੇ।
ਕਿਸੇ ਢੂੰਢੇ ਕੋਈ ਉਨ ਕੋ, ਨਹੀਂ ਕਦਮੋਂ ਕੇ ਭੀ ਨਿਸ਼ਾਂ।
ਮਨੁੱਖ ਸੰਸਾਰ ਵਿਚ ਆਉਂਦਾ ਹੈ, ਵੱਖ ਵੱਖ ਖੇਤਰਾਂ ਵਿਚ ਜ਼ਿੰਦਗੀ ਗੁਜ਼ਾਰਦਾ ਹੈ ਅਤੇ ਇਸ ਦੁਨੀਆਂ ਵਿਚੋਂ ਚਲਾ ਜਾਂਦਾ ਹੈ, ਜਿਥੋਂ ਕਦੇ ਕੋਈ ਵਾਪਿਸ ਨਹੀਂ ਆਇਆ ਅਤੇ ਨਾ ਹੀ ਉਸ ਦੀ ਪੈੜ ਲੱਭ ਕੇ ਉਸ ਦਾ ਪਿੱਛਾ ਕੀਤਾ ਜਾ ਸਕਦਾ ਹੈ। ਇਕ ਗੁੰਝਲਦਾਰ ਪ੍ਰਸ਼ਨ ਮਨ ਵਿਚ ਪੈਦਾ ਹੁੰਦਾ ਹੈ ਕਿ ਮਨੁੱਖ ਇਸ ਧਰਤੀ ‘ਤੇ ਕੀ ਕਰਨ ਆਉਂਦਾ ਹੈ? ਕੀ ਉਹ ਆਪਣੇ ਮਿਸ਼ਨ ਵਿਚ ਸਫਲ ਹੁੰਦਾ ਹੈ ਜਾਂ ਅਸਫਲ ਹੀ ਚਲਾ ਜਾਂਦਾ ਹੈ? ਕੀ ਮਕਸਦ ਹੈ, ਧਰਤੀ ‘ਤੇ ਆ ਕੇ ਜੀਵਨ ਜਿਉਣ ਦਾ? ਇਸ ਬਾਰੇ ਵੱਖੋ ਵੱਖਰੇ ਵਿਚਾਰ ਹਨ ਅਤੇ ਜਿਵੇਂ ਜਿਵੇਂ ਹੋਰ ਗਿਆਨ ਵਧਾਉਣ ਦਾ ਯਤਨ ਕੀਤਾ ਜਾਂਦਾ ਹੈ, ਮਨੁੱਖ ਉਲਝਦਾ ਹੀ ਚਲਾ ਜਾਂਦਾ ਹੈ।
ਇਕ ਗਾਇਕ ਨੇ ਗਾਇਆ ਹੈ,
ਸਾਰੀ ਉਮਰ ਗੁਆ ਲਈ ਤੂੰ ਜਿੰਦੜੀਏ
ਕੁਝ ਨਾ ਜਹਾਨ ਵਿਚੋਂ ਖਟਿਆ।
ਕਿਉਂ ਕਰੇ ਤੂੰ ਮਾਇਆ ਮਾਇਆ,
ਮਾਇਆ ਹੈ ਦੋ ਪਲ ਦੀ ਛਾਇਆ।
ਫਸ ਕੇ ਇਸ ਦੇ ਮੋਹ ‘ਚ ਕਿਉਂ
ਤੂੰ ਹੋਸ਼ ਭੁਲਾ ਲਈ ਤੂੰ ਜਿੰਦੜੀਏ
ਕੁਝ ਨਾ ਜਹਾਨ ਵਿਚੋਂ ਖੱਟਿਆ…।
ਨਾ ਬਚਪਨ, ਨਾ ਰਹੀ ਜਵਾਨੀ,
ਨਾ ਰਹੀ ਉਹ ਅੱਖ ਮਸਤਾਨੀ।
ਆਇਆ ਬੁਢਾਪਾ ਜੋ ਜਾਂਦਾ ਨਹੀਂ
ਹਰ ਚਾਲ ਚਲਾ ਲਈ ਤੂੰ ਜਿੰਦੜੀਏ
ਕੁਝ ਨਾ ਜਹਾਨ ਵਿਚੋਂ ਖਟਿਆ…।
ਦੁਨੀਆਂ ਤੈਨੂੰ ਪਿਆਰ ਸੀ ਕਰਦੀ
ਪਿਆਰ ਵੀ ਬੇਸ਼ੁਮਾਰ ਸੀ ਕਰਦੀ।
ਬੋਲ ਬੋਲ ਕੇ ਕੌੜੇ ਸ਼ਬਦ
ਦੁਸ਼ਮਣ ਬਣਾ ਲਈ ਤੂੰ ਜਿੰਦੜੀਏ
ਕੁਝ ਨਾ ਜਹਾਨ ਵਿਚੋਂ ਖਟਿਆ…।
ਇਨ੍ਹਾਂ ਸਤਰਾਂ ਵਿਚ ਜਿਸ ਖੱਟੀ ਦੀ ਗੱਲ ਕਹੀ ਜਾ ਰਹੀ ਹੈ, ਉਹ ਤਾਂ ਵਿਦਿਅਕ ਅਦਾਰਿਆਂ ਵਿਚ ਸਿਖਾਈ ਹੀ ਨਹੀਂ ਜਾਂਦੀ। ਉਥੇ ਤਾਂ ਖੱਟੀ ਦਾ ਅਰਥ ਲਾਭ ਜਾਂ ਕਮਾਈ ਹੁੰਦਾ ਹੈ, ਜੋ ਆਮ ਤੌਰ ‘ਤੇ ਕਿਸੇ ਵਸਤੂ ਨੂੰ ਘਟ ਕੀਮਤ ‘ਤੇ ਖਰੀਦ ਕੇ ਵੱਧ ਕੀਮਤ ‘ਤੇ ਵੇਚ ਕੇ ਜੋ ਬਾਕੀ ਬਚਦਾ ਹੈ, ਉਹ ਲਾਭ ਜਾਂ ਕਮਾਈ ਹੋਇਆ ਕਰਦੀ ਹੈ। ਉਸ ਮਾਇਆ ਨੂੰ ਇਸ ਗੀਤਕਾਰ ਨੇ ਤੁੱਛ ਹੀ ਆਖਿਆ ਹੈ ਤੇ ਸਲਾਹ ਦਿੱਤੀ ਹੈ ਕਿ ਮਾਇਆ ਦੇ ਚੱਕਰ ਵਿਚ ਪੈ ਕੇ ਆਪਣੀ ਹੋਸ਼ ਗੁੰਮ ਨਾ ਕਰ। ਇਸ ਚੱਕਰ ਵਿਚ ਬਚਪਨ ਅਤੇ ਜਵਾਨੀ ਨੂੰ ਖਤਮ ਕਰ ਹੁਣ ਬੁਢਾਪੇ ਵਿਚ ਪੈਰ ਪਾ ਲਿਆ ਹੈ ਅਤੇ ਬੁਢਾਪਾ ਜਾਣ ਦਾ ਨਾਂ ਹੀ ਨਹੀਂ ਲੈਂਦਾ। ਦੁਨੀਆਂ, ਜੋ ਤੈਨੂੰ ਪਿਆਰ ਕਰ ਰਹੀ ਸੀ, ਉਸ ਨੂੰ ਤੂੰ ਇਸ ਮਾਇਆ ਦੀ ਹੈਂਕੜ ਵਿਚ ਕੌੜੇ ਬੋਲ ਬੋਲ ਕੇ ਦੁਸ਼ਮਣ ਬਣਾ ਲਿਆ ਹੈ ਅਤੇ ਜ਼ਿੰਦਗੀ ਗੁਆ ਕੇ ਵੀ ਤੂੰ ਕੁਝ ਨਹੀਂ ਸਿਖਿਆ। ਇਸ ਲਈ ਹੇ ਮਨੁੱਖ, ਕੁਝ ਹੋਸ਼ ਕਰ ਇਸ ਮਾਇਆ ਦਾ ਪਿੱਛਾ ਛੱਡ ਕੇ ਆਪਣੀ ਜ਼ਿੰਦਗੀ ਨੂੰ ਸੰਵਾਰ ਲੈ।
ਇਹ ਸਮਝ ਨਹੀਂ ਆ ਰਿਹਾ ਕਿ ਗਾਇਕ ਜ਼ਿੰਦਗੀ ਸੰਵਾਰਨ ਦਾ ਕੀ ਅਰਥ ਲੈਂਦਾ ਹੈ? ਕੀ ਉਹ ਜ਼ਿੰਦਗੀ ਨੂੰ ਦੇਸ਼ ਸੇਵਾ ਦੇ ਲੇਖੇ ਲਾਉਣ ਲਈ ਸਮਝ ਰਿਹਾ ਹੈ ਅਰਥਾਤ ਫੌਜ ਵਿਚ ਭਰਤੀ ਹੋ ਆਪਣੀ ਜਾਨ ਲੜਾਈ ਦੇ ਮੈਦਾਨ ਵਿਚ ਦੇਸ਼ ਦੀ ਖਾਤਿਰ ਕੁਰਬਾਨ ਕਰ ਦਿੱਤੀ ਜਾਵੇ। ਜਾਂ ਉਸ ਦਾ ਭਾਵ ਪਰਮਾਤਮਾ ਦਾ ਨਾਂ ਜਪਣ ਤੋਂ ਹੈ ਅਤੇ ਆਪਣੇ ਆਪ ਨੂੰ ਧਾਰਮਕ ਕੰਮਾਂ ਵਿਚ ਲਾਉਣ ਦੀ ਸਿਖਿਆ ਦੇਣੀ ਚਾਹ ਰਿਹਾ ਹੈ। ਇਨ੍ਹਾਂ ਵਿਚਾਰਾਂ ਵਿਚ ਮਗਨ ਸਾਂ ਤਾਂ ਇਹ ਗੀਤ ਕੰਨੀਂ ਪੈ ਗਿਆ, “ਦੱਸ ਮੈਂ ਕੀ ਪਿਆਰ ਵਿਚੋਂ ਖਟਿਆ…।”
ਅਸੀਂ ਪਿਆਰ ਜਿਹੇ ਪਵਿੱਤਰ ਰਿਸ਼ਤੇ ਵਿਚੋਂ ਵੀ ਖੱਟੀ ਲੱਭਦੇ ਹਾਂ। ਇਥੇ ਖੱਟੀ ਦਾ ਅਰਥ ਲਾਭ ਜਾਂ ਕਮਾਈ ਹੀ ਜਾਪਦਾ ਹੈ ਕਿ ਮੈਨੂੰ ਪਿਆਰ ਕਰਕੇ ਕੀ ਪ੍ਰਾਪਤ ਹੋਇਆ ਹੈ? ਪਿਆਰ ਰੱਬ ਨਾਲ ਵੀ ਹੋ ਸਕਦਾ ਹੈ ਅਤੇ ਪਿਆਰ ਦੁਨਿਆਵੀ ਵਸਤਾਂ ਨਾਲ ਵੀ ਹੋ ਸਕਦਾ ਹੈ ਅਤੇ ਪਿਆਰ ਵਿਰੋਧੀ ਲਿੰਗ ਨਾਲ ਵੀ ਹੋ ਸਕਦਾ ਹੈ। ਮੇਰੇ ਵਿਚਾਰ ਅਨੁਸਾਰ ਪਿਆਰ ਕਦੇ ਵੀ ਖੱਟੀ ਜਾਂ ਕਮਾਈ ਲਈ ਨਹੀਂ ਕੀਤਾ ਜਾਂਦਾ। ਇਹ ਤਾਂ ਜੀਵਨ ਨੂੰ ਭਲੀ ਭਾਂਤੀ ਗੁਜ਼ਾਰਨ ਦਾ ਢੰਗ ਹੈ, ਇਸ ਵਿਚ ਕੁਰਬਾਨੀ ਵੀ ਸ਼ਾਮਿਲ ਹੁੰਦੀ ਹੈ। ਤੁਸੀਂ ਆਪਣੇ ਪਿਆਰ ਦੀ ਪ੍ਰਾਪਤੀ ਲਈ ਕਿਸ ਹੱਦ ਤਕ ਜਾ ਸਕਦੇ ਹੋ! ਆਪਣੇ ਦੇਸ਼ ਨੂੰ ਪਿਆਰ ਕਰਦਿਆਂ ਜਾਨ ਵੀ ਕੁਰਬਾਨ ਕਰਨੀ ਪੈ ਸਕਦੀ ਹੈ। ਪਰਮਾਤਮਾ ਨੂੰ ਪਿਆਰ ਕਰਨ ਵਾਲੇ ਦੁਨਿਆਵੀ ਸੁਖ ਕੁਰਬਾਨ ਕਰਦੇ ਹਨ ਅਤੇ ਪਰਮਾਤਮਾ ਦੀ ਕਾਇਨਾਤ ਨੂੰ ਪਿਆਰ ਕਰਦਿਆਂ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਪਿਆਰ ਕਰਦਿਆਂ ਲਾਭ ਦੀ ਉਮੀਦ ਰੱਖਣੀ ਹੀ ਗਲਤ ਹੈ। ਪਿਆਰ ਦੋਸਤਾਂ ਨਾਲ ਵੀ ਹੁੰਦਾ ਹੈ। ਇਕ ਦੋਸਤ ਦੂਜੇ ਦੋਸਤ-ਮਿੱਤਰ ਲਈ ਕੀ ਕੁਝ ਕਰ ਸਕਦਾ ਹੈ। ਇਹ ਇਕਪਾਸੜ ਨਹੀਂ ਹੁੰਦਾ। ਦੋਹੀਂ ਪਾਸੀਂ ਕੁਰਬਾਨੀ ਦੀ ਭਾਵਨਾ ਹੋਵੇ ਤਾਂ ਹੀ ਦੋਸਤੀ ਨਿਭਦੀ ਹੈ। ਇਕਪਾਸੜ ਦੋਸਤੀ ਕਦੇ ਵੀ ਨਹੀਂ ਨਿਭਿਆ ਕਰਦੀ।
ਜਦੋਂ ਅਸੀਂ ਇਹ ਆਸਾਂ ਲਾ ਬੈਠੇ ਹਾਂ ਕਿ ਅਸੀਂ ਪਿਆਰ ਵਿਚੋਂ ਕੁਝ ਖੱਟਣਾ ਹੀ ਹੈ ਅਤੇ ਆਸ ਕਰਦੇ ਹਾਂ ਕਿ ਚੋਣਾਂ ਲੜਨ ਵਾਲੇ ਇਮਾਨਦਾਰ ਅਤੇ ਦੇਸ਼ ਸੇਵਾ ਦੀ ਭਾਵਨਾ ਰੱਖਦੇ ਹੋਣ। ਪ੍ਰੰਤੂ ਸਾਰੇ ਇੱਕੋ ਜਿਹੀ ਸੋਚ ਵਾਲੇ ਨਹੀਂ ਹੋ ਸਕਦੇ। ਇਸ ਦੇਸ਼ ਵਿਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜਿਹੇ ਪੈਦਾ ਹੋਏ ਅਤੇ ਅੱਜ ਵੀ ਅਜਿਹੀਆਂ ਭਾਵਨਾਵਾਂ ਦਿਲ ਵਿਚ ਲੈ ਕੇ ਨੌਜਵਾਨ ਅੱਗੇ ਵਲ ਵੱਧ ਰਹੇ ਹਨ, ਜੋ ਕੇਵਲ ਦੇਸ਼ ਨੂੰ ਅੱਗੇ ਵਲ ਲੈ ਕੇ ਜਾਣ ਖਾਤਿਰ ਆਪਣੀਆਂ ਜਾਨਾ ਤਕ ਕੁਰਬਾਨ ਕਰ ਸਕਦੇ ਹਨ। ਭਾਵੇਂ ਇਹ ਦੁਨੀਆਂ ਕਿਸੇ ਕਵੀ ਦੀਆਂ ਸਤਰਾਂ ਅਨੁਸਾਰ “ਇਹ ਦੁਨੀਆਂ ਮੰਡੀ ਪੈਸੇ ਦੀ, ਹਰ ਚੀਜ ਵਿਕੇਂਦੀ ਭਾਅ ਸੱਜਣਾ।”
ਇਸ ਤਰ੍ਹਾਂ ਦੀ ਦੁਨੀਆਂ ‘ਚ ਇਹ ਆਸ ਰੱਖਣੀ ਕਿ ਇਸ ਪੈਸੇ ਦੇ ਪੁਜਾਰੀਆਂ ਵਿਚ ਕੋਈ ਵੀ ਕੰਮ ਕੇਵਲ ਤੇ ਕੇਵਲ ਦੇਸ਼ ਸੇਵਾ ਦੀ ਖਾਤਿਰ ਕੀਤਾ ਜਾਵੇਗਾ, ਸਿਆਣਪ ਨਹੀਂ ਮੰਨਿਆ ਜਾ ਸਕਦਾ, ਪਰ ਸਾਰੀਆਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਅਸੀਂ ਦੇਖ ਸਕਦੇ ਹਾਂ ਕਿ ਕੁਝ ਲੋਕ ਹਾਲੇ ਵੀ ਦੇਸ਼ ਸੇਵਾ ਨੂੰ ਸਮਰਪਿਤ ਹਨ। ਉਹ ਆਪਣਾ ਨੁਕਸਾਨ ਕਰ ਕੇ ਵੀ ਦੇਸ਼ ਦੀ ਭਲਾਈ ਕਰਨ ਵਿਚ ਯਕੀਨ ਰੱਖਦੇ ਹਨ। ਮੇਰੀ ਉਨ੍ਹਾਂ ਲੋਕਾਂ ਨੂੰ ਸਨਿਮਰ ਅਪੀਲ ਹੈ ਕਿ ਜੋ ਲੋਕ ਦੇਸ਼ ਸੇਵਾ ਦੀ ਥਾਂ ਚੋਣ ਲੜਨ ਨੂੰ ਇਕ ਨਿਵੇਸ਼ ਜਾਣ ਕੇ ਇਸ ਖੇਤਰ ਵਿਚ ਪੈਰ ਪਾ ਰਹੇ ਹਨ, ਉਹ ਇਸ ਕੰਮ ਤੋਂ ਕਿਨਾਰਾ ਕਰਨ ਅਤੇ ਨਿਵੇਸ਼ ਲਈ ਹੋਰ ਕੰਮਾਂ ਵਿਚ ਪੈਸੇ ਲਾਉਣ ਤਾਂ ਜੋ ਉਹ ਪੈਸਾ ਵੀ ਵਧੇ ਫੁੱਲੇ।
ਜੇ ਚੋਣ ਸਹੀ ਸੇਵਾ ਭਾਵਨਾ ਨਾਲ ਲੜੀ ਜਾਵੇ ਤੇ ਜਿੱਤਣ ਵਾਲੇ ਜਨਤਾ ‘ਚ ਰਹਿ ਕੇ ਉਨ੍ਹਾਂ ਦੇ ਦੁੱਖ ਦੂਰ ਕਰਨ ਲਈ ਯਤਨ ਕਰਨ ਤਾਂ ਇਹ ਠੀਕ ਦਿਸ਼ਾ ਵਲ ਪੁੱਟੇ ਗਏ ਕਦਮ ਕਹੇ ਜਾ ਸਕਦੇ ਹਨ, ਜਿਨ੍ਹਾਂ ਦੀ ਬਹੁਤ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਪਰ ਲੋਕਾਂ ਦੀ ਮਾਨਸਿਕ ਹਾਲਤ ਨੂੰ ਸਮਝਦਿਆਂ ਨਿਰਸਵਾਰਥ ਚੋਣਾਂ ਲੜਨ ਵਾਲੇ ਲੱਭਣੇ ਔਖੇ ਹਨ। ਹੁਣ ਤਾਂ ਚੋਣਾਂ ‘ਚ ਝੂਠੇ ਲਾਰੇ ਵਰਤਾਏ ਜਾਂਦੇ ਹਨ। ਚੋਣਾਂ ਤੋਂ ਬਾਅਦ ਉਹ ਵਾਅਦੇ ਧੂੰਆਂ ਬਣ ਕੇ ਉਡ ਜਾਂਦੇ ਹਨ।
ਭਾਵੇਂ ਭਾਰਤ ਦੇਸ਼ 1947 ਵਿਚ ਆਜ਼ਾਦ ਹੋਇਆ ਸੀ, ਪਰ ਪਹਿਲੀ ਚੋਣ 1952 ਵਿਚ ਲੜੀ ਗਈ ਸੀ। ਉਸ ਚੋਣ ‘ਚ ਨੇਤਾ ਕੁਝ ਕੁਰਬਾਨੀਆਂ ਦੇਣ ਵਾਲੇ ਨੇਤਾਵਾਂ ਦੇ ਸਾਥੀ ਸਨ ਅਤੇ ਉਨ੍ਹਾਂ ਨੂੰ ਦੇਸ਼ ਦੀ ਗੁਲਾਮੀ ਦੀ ਹਾਲਤ ਦਾ ਗਿਆਨ ਸੀ। ਉਨ੍ਹਾਂ ਨੇ ਇਮਾਨਦਾਰੀ ਨਾਲ ਕੁਝ ਵਾਅਦੇ ਕੀਤੇ ਅਤੇ ਉਨ੍ਹਾਂ ਨੂੰ ਪੂਰਨ ਕਰਨ ਲਈ ਯਤਨ ਵੀ ਕੀਤੇ, ਪਰ ਸਮਾਂ ਬੀਤਣ ਨਾਲ ਅਸਲੀਅਤ ਬਦਲ ਚੁਕੀ ਹੈ, ਹੁਣ ਤਾਂ ਹਰ ਨੇਤਾ ਸਵਾਰਥੀ ਹੀ ਨਜ਼ਰ ਆ ਰਿਹਾ ਹੈ। ਆਮ ਜਨਤਾ ਨੂੰ ਭਰਮਾ ਕੇ ਵੋਟਾਂ ਬਟੋਰ ਲਈਆਂ ਜਾਂਦੀਆਂ ਹਨ ਅਤੇ ਫੇਰ ਜਨਤਾ ਨੂੰ ਖੁਦਾ ਦੇ ਰਹਿਮੋ ਕਰਮ ‘ਤੇ ਛੱਡ ਦਿੱਤਾ ਜਾਂਦਾ ਹੈ ਅਤੇ ਜਿਤੇ ਹੋਏ ਨੇਤਾਵਾਂ ਨੂੰ ਮਿਲਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਨੇਤਾਵਾਂ ਨੂੰ ਆਮ ਜਨਤਾ ਆਪਣੇ ਕੰਮਾਂ ਕਾਰਾਂ ਲਈ ਲੱਭਦੀ ਰਹਿ ਜਾਂਦੀ ਹੈ। ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਨੇਤਾ ਘਰ ਹੀ ਹੁੰਦਾ ਹੈ ਅਤੇ ਮਿਲਣ ਵਾਲੇ ਨੂੰ ਆਖ ਦਿਤਾ ਜਾਂਦਾ ਹੈ ਕਿ ਨੇਤਾ ਤਾਂ ਘਰੋਂ ਬਾਹਰ ਹਨ, ਪਤਾ ਨਹੀਂ ਕਦੋਂ ਆਉਣਗੇ। ਕਈ ਵਾਰ ਪ੍ਰਾਪਤ ਕੀਤੀਆਂ ਅਰਜ਼ੀਆਂ ਨੂੰ ਕੂੜੇ ਦੇ ਢੇਰ ਵਿਚ ਸੁੱਟ ਦਿਤਾ ਜਾਂਦਾ ਹੈ ਅਤੇ ਅਰਜ਼ੀ ਦੇਣ ਵਾਲੇ ਨੂੰ ਦਿਲਾਸਾ ਦਿਤਾ ਜਾਂਦਾ ਹੈ ਕਿ ਤੁਹਾਡੇ ਕੰਮ ਲਈ ਯਤਨਸ਼ੀਲ ਹਾਂ। ਕੰਮ ਕਰਵਾਉਣ ਵਾਲਾ ਉਡੀਕਦਾ ਹੀ ਰਹਿੰਦਾ ਹੈ।
ਹੁਣ ਫਿਰ ਚੋਣਾਂ ਦਾ ਸਮਾਂ ਆ ਗਿਆ ਹੈ। ਨਵੇਂ ਨਵੇਂ ਲਾਰਿਆਂ ਦੇ ਭਰੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਜਾ ਰਹੇ ਹਨ। ਜਦੋਂ ਲੋਕ ਪਿਛਲੇ ਕੰਮਾਂ ਬਾਰੇ ਪੁੱਛਦੇ ਹਨ ਤਾਂ ਫਿਰ ਲਾਰਾ ਲਾਇਆ ਜਾਂਦਾ ਹੈ ਕਿ ਇਸ ਵਾਰ ਮੌਕਾ ਦਿਉ, ਤੁਹਾਡੇ ਸਾਰੇ ਉਲਾਹਮੇ ਲਾਹ ਦੇਵਾਂਗਾ। ਭੋਲੀ ਜਨਤਾ ਫਿਰ ਫਸ ਜਾਂਦੀ ਹੈ ਅਤੇ ਅਜਿਹਾ ਪਿਛਲੇ ਸਮੇਂ ਤੋਂ ਚਲ ਰਿਹਾ ਹੈ।
ਬੇਰੁਜ਼ਗਾਰੀ, ਮਹਿੰਗਾਈ, ਗਰੀਬੀ ਅਤੇ ਭ੍ਰਿਸ਼ਟਾਚਾਰ ਵਲ ਧਿਆਨ ਨਹੀਂ ਦਿੱਤਾ ਜਾ ਰਿਹਾ, ਸਗੋਂ ਅੱਜ ਕਲ ਮੁਖ ਪਾਰਟੀਆਂ ਵਲੋਂ ਆਮ ਜਨਤਾ ਦਾ ਧਿਆਨ ਮੁਖ ਮੁੱਦਿਆਂ ਤੋਂ ਪਾਸੇ ਕਰਨ ਦੇ ਯਤਨ ਵਜੋਂ ਚੌਕੀਦਾਰ, ਚੌਕੀਦਾਰ ਜਾਂ ਚੌਕੀਦਾਰ ਚੋਰ ਹੈ, ਚੌਕੀਦਾਰ ਚੋਰ ਹੈ ਆਦਿ ਸ਼ਬਦ ਖਬਰਾਂ ਦਾ ਸ਼ਿੰਗਾਰ ਬਣੇ ਹੋਏ ਹਨ। ਜੇ ਇਹ ਅਸਲੀਅਤ ਸਮਝ ਲਈ ਜਾਵੇ ਕਿ ਦੇਸ਼ ‘ਚ ਚੌਕੀਦਾਰ ਹਾਜ਼ਰ ਹੈ, ਪਰ ਇਹ ਵੀ ਦੇਖਣ ਅਤੇ ਸੋਚਣ ਦੀ ਗੱਲ ਹੈ ਕਿ ਜਦੋਂ ਦੇਸ਼ ਵਿਚੋਂ ਲੱਖਾਂ ਕਰੋੜਾਂ ਲੈ ਕੇ ਕੋਈ ਭੱਜ ਗਿਆ ਅਤੇ ਵਿਦੇਸ਼ ਪਹੁੰਚ ਗਿਆ, ਉਸ ਵੇਲੇ ਚੌਕੀਦਾਰ ਕਿਥੇ ਸੀ? ਜੇ ਉਸ ਨੇ ਠੀਕ ਤਰ੍ਹਾਂ ਨਾਲ ਕੰਮ ਨਹੀਂ ਕੀਤਾ ਤਾਂ ਕਿ ਉਸ ਨੂੰ ਦੁਬਾਰਾ ਚੌਕੀਦਾਰ ਬਣਾ ਦਿਤਾ ਜਾਵੇ ਕਿ ਨਵੇਂ ਚੌਕੀਦਾਰ ਲੱਭਣ ਲਈ ਯਤਨ ਕੀਤੇ ਜਾਣ।
ਇਹ ਤਾਂ ਸਪਸ਼ਟ ਹੈ ਕਿ ਇਸ ਤਰ੍ਹਾਂ ਨਾਲ ਗਰੀਬ ਦਾ ਢਿੱਡ ਨਹੀਂ ਭਰਿਆ ਜਾ ਸਕਦਾ। ਜਨਤਾ ਨੂੰ ਮੁਫਤ ਸਹੂਲਤਾਂ ਦੀ ਲੋੜ ਨਹੀਂ ਹੈ, ਵਿਦਿਆਰਥੀਆਂ ਨੂੰ ਮੋਬਾਈਲ ਫੋਨ ਮੁਫਤ ਨਹੀਂ ਚਾਹੀਦੇ, ਉਹ ਤਾਂ ਆਪਣੀ ਵਿਦਿਆ ਅਨੁਸਾਰ ਢੁਕਵਾਂ ਰੋਜ਼ਗਾਰ ਚਾਹੁੰਦੇ ਹਨ। ਮੋਬਾਈਲ ਤੇ ਹੋਰ ਸਹੂਲਤਾਂ ਤਾਂ ਆਪਣੀ ਤਨਖਾਹ ਵਿਚੋਂ ਹੀ ਲੈ ਸਕਣਗੇ। ਹਰ ਸਾਲ ਬੇਰੁਜ਼ਗਾਰੀ ਵਧ ਰਹੀ ਹੈ, ਇਸ ਪਾਸੇ ਵਲ ਨਿੱਗਰ ਕਦਮ ਚੁੱਕਣ ਦੀ ਲੋੜ ਹੈ। ਨਿਗੂਣੀ ਬੁਢਾਪਾ ਪੈਨਸ਼ਨ ਦਿਤੀ ਜਾਂਦੀ ਹੈ, ਉਸ ਲਈ ਵੀ ਵਾਰ ਵਾਰ ਗੇੜੇ ਮਰਵਾਏ ਜਾਂਦੇ ਹਨ। ਬੁਢਾਪਾ ਰੋਲਿਆ ਜਾ ਰਿਹਾ ਹੈ। ਉਹ ਸਰਮਾਇਆ ਹੈ, ਉਸ ਦੀ ਯੋਗ ਸਲਾਹ ਨਾਲ ਤਰੱਕੀ ਵਲ ਵਧੀਆ ਜਾ ਸਕਦਾ ਹੈ। ਜੇ ਨੇਤਾ ਅੱਸੀ ਤੋਂ ਵੱਧ ਸਾਲ ਦੇ ਚੋਣਾਂ ਲੜ ਕੇ ਵਜ਼ੀਰ ਦੀ ਕੁਰਸੀ ਸਾਂਭ ਸਕਦੇ ਹਨ ਤਾਂ ਬਾਕੀ ਬਜੁਰਗਾਂ ਨੂੰ ਨਿਗੂਣੀ ਪੈਨਸ਼ਨ ਕਿਉਂ ਦਿਤੀ ਜਾ ਰਹੀ ਹੈ? ਉਨ੍ਹਾਂ ਨੂੰ ਸਨਮਾਨਯੋਗ ਜੀਵਨ ਜੀਣ ਲਈ ਪੈਨਸ਼ਨ ਦਿਤੀ ਜਾਵੇ। ਵੋਟਾਂ ਸਮੇਂ ਪੈਨਸ਼ਨ ਵਧਾਉਣ ਦੇ ਲਾਏ ਲਾਰੇ ਵਫਾ ਹੋਣੇ ਚਾਹੀਦੇ ਹਨ। ਚੋਣ ਮਨੋਰਥ ਪੱਤਰ ਲਾਰਿਆਂ ਦਾ ਟੋਕਰਾ ਨਾ ਹੋ ਕੇ ਅਸਲੀਅਤ ਦੇ ਨੇੜੇ ਹੀ ਹੋਵੇ। ਜੋ ਵਾਅਦੇ ਪੂਰੇ ਨਹੀਂ ਕੀਤੇ ਜਾ ਸਕਦੇ, ਉਹ ਨਾ ਹੀ ਸ਼ਾਮਿਲ ਕੀਤੇ ਜਾਣ। ਚੋਣ ਕਮਿਸ਼ਨ ਇਸ ਸਬੰਧ ਵਿਚ ਸਖਤ ਰਵਈਆ ਅਪਨਾਏ। ਮਨੋਰਥ ਪੱਤਰ ਵਿਚ ਦਿਤੇ ਵਾਅਦੇ ਨਾ ਪੂਰਾ ਕਰਨ ਵਾਲਿਆਂ ਦੀ ਮਾਨਤਾ ਰੱਦ ਕੀਤੀ ਜਾਵੇ ਅਤੇ ਅਗੇ ਤੋਂ ਚੋਣ ਨਾ ਲੜਨ ਦਿਤੀ ਜਾਵੇ।
ਬਾਬਾ ਫਰੀਦ ਜੀ ਦਾ ਬਚਨ ਇਹ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ,
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥ (ਗੁਰੂ ਗ੍ਰੰਥ ਸਾਹਿਬ, ਪੰਨਾ 488)
ਦੁਨੀਆਂ ‘ਤੇ ਕਿਸੇ ਨੇ ਵੀ ਬੈਠ ਨਹੀਂ ਰਹਿਣਾ। ਇਸ ਲਈ ਨੇਕ ਕੰਮ ਕਰੋ, ਹਮੇਸ਼ਾ ਖੱਟੀ ਕਮਾਈ ਦੀ ਦੌੜ ਵਿਚ ਨਾ ਰਹੋ। ਕੁਝ ਲੋਕ ਭਲਾਈ ਦੇ ਕੰਮ ਕਰੋ। ਇਹ ਨਾ ਹੋਵੇ ਕਿ ਸਾਰੀ ਉਮਰ ਮੇਰੀ ਮੇਰੀ ਕਰਦਿਆਂ ਦੀ ਹੀ ਲੰਘ ਜਾਵੇ ਤੇ ਉਸ ਥਾਂ ਜਾਣ ਵੇਲੇ ਜਿਥੋਂ ਕੋਈ ਕਦੇ ਵਾਪਸ ਨਹੀਂ ਆਇਆ, ਸਾਨੂੰ ਪਛਤਾਵਾ ਹੋਵੇ ਕਿ ਅਸੀਂ ਦੁਨੀਆਂ ‘ਤੇ ਆ ਕੇ ਚੰਗੇ ਕੰਮ ਕਰਨ ਤੋਂ ਵਾਂਝੇ ਹੀ ਰਹੇ। ਭਾਵੇਂ ਮਾਇਆ ਤੋਂ ਬਿਨਾ ਜੀਵਨ ਵਿਚ ਨਹੀਂ ਸਰਦਾ ਪਰ ਲੋੜ ਜੋਗੀ ਮਾਇਆ ਹੋਵੇ ਅਰਥਾਤ ਕਿਸੇ ਲੋੜ ਦੀ ਥੋੜ ਨਾ ਹੋਵੇ, ਅਜਿਹਾ ਹੀ ਜੀਵਨ ਗੁਜ਼ਾਰ ਦੁਨੀਆਂ ਨੂੰ ਅਲਵਿਦਾ ਕਹਿ ਦਿਤਾ ਜਾਵੇ। ਲੋੜ ਹਰ ਇਕ ਦੀ ਵੱਖ ਵੱਖ ਹੈ ਅਤੇ ਲੋੜਾਂ ਤਾਂ ਅਥਾਹ ਹਨ ਸੀਮਤ ਦਾਇਰੇ ਅੰਦਰ ਰਹਿ ਕੇ ਸੁਖਮਈ ਜੀਵਨ ਬਤੀਤ ਕੀਤਾ ਜਾਵੇ।