ਵਿਛੋੜੇ ਦਾ ਦਰਦ

ਪ੍ਰਿੰਸੀਪਲ ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982
ਦਰਦ ਸਾਰੇ ਹੀ ਦੁਖਦਾਈ ਹੁੰਦੇ ਹਨ। ਕਿਸੇ ਜ਼ਖਮ ਦਾ ਦਰਦ, ਸਿਰ ਦਰਦ, ਜੋੜਾਂ ਦਾ ਦਰਦ ਜਾਂ ਹੋਰ ਜਿਸਮਾਨੀ ਦਰਦ ਦਵਾਈ ਅਤੇ ਸਮੇਂ ਨਾਲ ਖਤਮ ਹੋ ਜਾਂਦੇ ਹਨ, ਪਰ ਵਿਛੋੜੇ ਦੇ ਦਰਦ ਦੀ ਕੋਈ ਐਲੋਪੈਥੀ ਜਾਂ ਦੇਸੀ ਦਵਾਈ ਨਹੀਂ। ਹਾਂ! ਵਕਤ ਜ਼ਰੂਰ ਸਹਾਈ ਹੁੰਦਾ ਹੈ। ਅੰਗਰੇਜ਼ੀ ਵਿਦਵਾਨ ਜਾਰਜ ਇਲੀਅਟ ਨੇ ਲਿਖਿਆ ਹੈ ਕਿ ਵਿਛੋੜੇ ਦੇ ਦਰਦ ਦੀ ਗਹਿਰਾਈ ਜਾਂ ਡੂੰਘਾਈ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਛੜੀ ਰੂਹ ਨਾਲ ਤੁਹਾਡਾ ਕੀ ਸਬੰਧ ਸੀ, ਕਿੰਨਾ ਕੁ ਪਿਆਰ ਸੀ, ਕਿੰਨੀ ਕੁ ਹਮ-ਖਿਆਲ ਸੀ ਅਤੇ ਕਿੰਨਾ ਕੁ ਲੰਮਾ ਵਾਹ-ਵਾਸਤਾ ਸੀ।

ਕਿਸੇ ਵੀ ਮਰਦ ਜਾਂ ਔਰਤ ਦੇ ਵਿਛੜ ਜਾਣ ਪਿਛੋਂ ਸਾਕ ਸਬੰਧੀਆਂ ਨੂੰ ਇਸ ਦਰਦ ਦਾ ਦੁੱਖ ਝਲਦਿਆਂ ਦੇਖ ਕੇ ਪਾਠ ਰੱਖੇ ਜਾਂਦੇ ਹਨ, ਕੀਰਤਨ ਕਰਵਾਏ ਜਾਂਦੇ ਹਨ, ਅਰਦਾਸਾਂ ਕਰਵਾਈਆਂ ਜਾਂਦੀਆਂ ਹਨ। ਖਿਆਲ ਕੀਤਾ ਜਾਂਦਾ ਹੈ ਕਿ ਦੁਖ ਸਾਂਝਾ ਕਰਨ ਨਾਲ ਦਰਦ ਘਟ ਜਾਂਦਾ ਹੈ, ਜਿਵੇਂ ਖੁਸ਼ੀ ਸਾਂਝੀ ਕਰਨ ਨਾਲ ਖੁਸ਼ੀ ਵਧ ਜਾਂਦੀ ਹੈ। ਇਸ ਅਵੱਲੇ ਦਰਦ ਦੀ ਕਹਾਣੀ ਅਜੀਬ ਹੈ। ਕਦੀ ਬਹੁਤ ਹੀ ਦੁਖ ਭਰੀ, ਕਦੀ ਕਦੀ ਥੋੜ੍ਹੀ ਜਿਹੀ ਰੌਚਕ!
ਮੇਰੇ ਅਤਿ ਨਜ਼ਦੀਕੀ ਦੋਸਤ ਦੀ ਕਹੀ ਗੱਲ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ। ਹੋਇਆ ਕੀ, ਉਸ ਦਾ ਇਕ ਮੇਲੀ ਜੋ ਅਮਰੀਕਾ ਵਿਚ ਰਹਿੰਦਾ ਹੈ, ਪੰਜ ਕੁ ਸਾਲ ਪਹਿਲਾਂ ਆਪਣੇ ਪਿੰਡ ਗਿਆ। ਇਕ ਦਿਨ ਉਹ ਲੁਧਿਆਣੇ ਜਾਣ ਲੱਗਾ ਤਾਂ ਉਸ ਨੂੰ ਜਾਣ-ਪਛਾਣ ਵਾਲੇ ਬੰਦੇ ਦੇ ਸਕੂਟਰ ਪਿੱਛੇ ਬੈਠਣ ਦਾ ਇਤਫਾਕ ਹੋਇਆ। ਪੜ੍ਹਿਆ-ਲਿਖਿਆ ਅਮਰੀਕੀ ਬਜੁਰਗ, ਅਗਾਂਹਵਧੂ ਵਿਚਾਰਾਂ ਦਾ ਮਾਲਕ ਅਤੇ ਵਧੀਆ ਵਿਸਕੀ ਦਾ ਸ਼ੁਕੀਨ, ਸਕੂਟਰ ਵਾਲੇ ਨੂੰ ਕਹਿਣ ਲੱਗਾ, “ਤੂੰ ਕਿਸ ਕੰਮ ਲੁਧਿਆਣੇ ਜਾ ਰਿਹੈਂ?”
ਜਵਾਬ ਮਿਲਿਆ, “ਕਿਸੇ ਰਿਸ਼ਤੇਦਾਰ ਦੇ ਭੋਗ ‘ਤੇ ਜਾ ਰਿਹਾਂ।”
ਫਿਰ ਉਸ ਨੂੰ ਦੂਜਾ ਸਵਾਲ ਕੀਤਾ, “ਉਹ (ਮਰਨ ਵਾਲਾ) ਬਹੁਤ ਬਿਮਾਰ ਰਹਿੰਦਾ ਸੀ ਜਾਂ ਸ਼ਰਾਬ ਜ਼ਿਆਦਾ ਪੀਂਦਾ ਸੀ?”
ਜਵਾਬ ਮਿਲਿਆ, “ਨਾ ਜੀ, ਉਹਨੇ ਤਾਂ ਵਿਚਾਰੇ ਨੇ ਸ਼ਰਾਬ ਕਦੇ ਸੁੰਘੀ ਵੀ ਨਹੀਂ ਸੀ।”
ਪੜ੍ਹੇ-ਲਿਖੇ ਅਮਰੀਕੀ ਨੇ ਕਿਹਾ, “ਫਿਰ ਤਾਂ ਉਹ ਪਹਿਲਾਂ ਹੀ ਮਰਿਆ ਹੋਇਆ ਸੀ। ਇਹੋ ਜਿਹੇ ਬੰਦੇ ਦੇ ਵਿਛੋੜੇ ਦਾ ਕੀ ਦਰਦ?”
ਕੁਦਰਤ ਦੀ ਅਸਚਰਜ ਕਹਾਣੀ ਦੇਖੋ। ਉਸ ਅਮਰੀਕੀ ਬਜੁਰਗ ਦਾ ਸ਼ਰਾਬੀ ਪੁੱਤਰ ਪੂਰਾ ਹੋ ਗਿਆ। ਅੱਜ ਇਹ ਬਹੁਤ ਦਿਲਚਸਪ ਸ਼ਖਸ ਪੁੱਤਰ ਦੇ ਵਿਛੋੜੇ ਦੇ ਦਰਦ ਵਿਚ ਆਪਣੀ ਸੁਧ-ਬੁਧ ਖੋਈ ਬੈਠਾ ਹੈ। ਇਹ ਦਰਦ ਜਿਸ ਤਨ ਲਾਗੇ ਉਹੀ ਜਾਣੇ, ਕੌਣ ਜਾਣੇ ਪੀੜ ਪਰਾਈ!
ਕਈ ਵਾਰ ਦੇਖਿਆ ਹੈ ਕਿ ਪਤੀ-ਪਤਨੀ, ਜੋ ਸਾਰੀ ਉਮਰ ਇਕ ਦੂਜੇ ਨਾਲ ਲੜਦੇ ਝਗੜਦੇ ਹੀ ਰਹੇ ਹੋਣ, ਵਿਛੋੜੇ ਦਾ ਦਰਦ ਉਨ੍ਹਾਂ ਨੂੰ ਵੀ ਸਤਾਉਂਦਾ ਹੈ। ਉਹ ਸੋਚਦੇ ਹਨ ਕਿ ਦੋ ਭਾਂਡੇ ਖੜਕਦੇ ਹੀ ਹੁੰਦੇ ਹਨ, ਕੀ ਹੋਇਆ ਜੇ ਅਸੀਂ ਝਗੜ ਪੈਂਦੇ ਸੀ। ਹੁਣ ਤਾਂ ਕਿਸੇ ਨਾਲ ਗੱਲ ਵੀ ਸਾਂਝੀ ਨਹੀਂ ਕਰ ਸਕਦੇ। ਕਈ ਜਿਹੜੇ ਜੀਵਨ ਭਰ ਜੀਵਨ ਸਾਥੀ ਨਾਲ ਬਦਸਲੂਕੀ ਕਰਦੇ ਰਹੇ ਹੋਣ, ਉਨ੍ਹਾਂ ਵਿਚ ਵਿਛੋੜੇ ਦੇ ਦਰਦ ਵਿਚੋਂ ਪਛਤਾਵਾ ਜਨਮ ਲੈ ਲੈਂਦਾ ਹੈ ਅਤੇ ਸਾਰੀ ਉਮਰ ਪਿੱਛਾ ਨਹੀਂ ਛੱਡਦਾ। ਗੱਲ ਕੀ, ਇਸ ਦਰਦ ਦੀ ਕਹਾਣੀ ਨੂੰ ਥੋੜ੍ਹੇ ਲਫਜ਼ਾਂ ਵਿਚ ਬਿਆਨ ਕਰਨਾ ਬਹੁਤ ਔਖਾ ਹੈ।
ਵਕਤ ਬੇਸ਼ਕ ਬਹੁਤ ਵਡਮੁੱਲੀ ਦਵਾ ਹੈ, ਇਸ ਦੇ ਗੁਜ਼ਰਨ ਨਾਲ ਜ਼ਖਮ ਭਰ ਜਾਂਦੇ ਹਨ ਤੇ ਦਰਦ ਮੱਠਾ ਪੈ ਜਾਂਦਾ ਹੈ, ਪਰ ਕਦੇ ਕਦਾਈਂ ਇਕੱਲੇ ਬੈਠਿਆਂ ਇਸ ਦਰਦ ਦੀ ਚੀਸ ਵਕਤ ਦਾ ਸੀਨਾ ਪਾੜ ਕੇ ਦਿਲ ਦੀ ਦਹਿਲੀਜ਼ ‘ਤੇ ਆ ਖਲੋਂਦੀ ਹੈ। ਭੁੱਬਾਂ ਨਿਕਲ ਜਾਂਦੀਆਂ ਹਨ। ਉਸ ਵੇਲੇ ਕਈ ਰੱਬ ਦੇ ਪਿਆਰਿਆਂ ਨੂੰ ਕੇਵਲ ਨਾਮ ਦੀ ਠੰਢੀ ਹਵਾ ਦਾ ਬੁੱਲਾ ਹੀ ਸ਼ਾਂਤ ਕਰਦਾ ਹੈ।
ਜ਼ਿੰਦਗੀ ਦੇ ਸਫਰ ਵਿਚ ਇਹ ਦਰਦ ਹਰ ਸ਼ਖਸ ਦੇ ਹਿੱਸੇ ਆਉਂਦਾ ਹੈ। ਹੋਰ ਤਾਂ ਹੋਰ, ਮੈਂ ਤਾਂ ਇਹ ਵੀ ਦੇਖਿਆ ਕਿ ਪਸੂ ਵੀ ਇਸ ਦਰਦ ਤੋਂ ਮੁਕਤ ਨਹੀਂ। ਮੈਂ ਆਪਣੇ ਘਰ ਵਿਚ ਇਕ ਬਲਦ ਨੂੰ ਦੂਜੇ ਬਲਦ ਦੇ ਵਿਛੋੜੇ ਪਿੱਛੋਂ ਅੱਖਾਂ ਵਿਚੋਂ ਨੀਰ ਵਹਾਉਂਦੇ ਦੇਖਿਆ ਹੈ। ਬਾਂਦਰੀ ਆਪਣੇ ਮਰੇ ਬੱਚੇ ਨੂੰ ਉਨੀ ਦੇਰ ਆਪਣੀ ਛਾਤੀ ਨਾਲ ਲਾਈ ਰੱਖਦੀ ਹੈ, ਜਿੰਨੀ ਦੇਰ ਨਵਾਂ ਬੱਚਾ ਜਨਮ ਨਾ ਲੈ ਲਵੇ।
ਇਹ ਸਤਰਾਂ ਲਿਖਣ ਵੇਲੇ ਤਾਂ ਕਮਾਲ ਹੀ ਹੋ ਗਈ। ਆਈ ਪੈਡ ‘ਤੇ ਖਬਰ ਨਾਲ ਇਕ ਉਦਾਸ ਕੁੱਤੇ ਦੀ ਤਸਵੀਰ ਦੇਖੀ। ਉਸ ਦਾ ਨਾਂ ਹੈ, ਹਾਚੀਕੋ। ਅਰਜਨਟਾਈਨਾ ਦਾ (ਛੇ ਸਾਲ ਦਾ ਲੈਬਰਾਡੋਰ) ਆਪਣੇ ਮਾਲਕ ਦੇ ਵਿਛੋੜੇ ਦੇ ਦਰਦ ਨਾਲ ਬਹੁਤ ਉਦਾਸ ਅੱਖਾਂ ਨਾਲ ਹਸਪਤਾਲ ਦੇ ਬਾਹਰ ਬੈਠਾ ਹੈ। ਇਹ ਨਾਂ ਇਸ ਲਈ ਦਿੱਤਾ ਕਿਉਂਕਿ ਜਾਪਾਨ ਦੇ ਇਕ ਕੁੱਤੇ ਦਾ ਇਹ ਨਾਂ ਸੀ, ਉਹ ਕੁੱਤਾ ਆਪਣੇ ਮਾਲਕ ਦੀ ਯਾਦ ਵਿਚ ਵਿਛੋੜੇ ਦਾ ਦਰਦ ਸਹਿੰਦਾ 9 ਸਾਲ ਰੇਲਵੇ ਸਟੇਸ਼ਨ ਦੇ ਬਾਹਰ ਬੈਠਾ ਰਿਹਾ। ਮੈਂ ਮਹਿਸੂਸ ਕਰ ਰਿਹਾ ਹਾਂ ਕਿ ਪਸੂ ਜਾਤੀ ਦੇ ਇਹ ਖੂਬਸੂਰਤ ਪ੍ਰਤੀਨਿਧ ਮਨੁੱਖ ਜਾਤੀ ਦੇ ਵਫਾਦਾਰੀ ਦੇ ਸੰਕਲਪ ਨੂੰ ਮਾਤ ਪਾ ਰਹੇ ਹਨ ਅਤੇ ਉਮੀਦ ਕਰਦਾ ਹਾਂ ਕਿ ਅੱਗੇ ਤੋਂ ਅੱਜ ਦਾ ਬਲਾਤਕਾਰੀ ਤੇ ਸ਼ਰਾਰਤੀ ਮਰਦ ਆਪਣੇ ਹਰ ਘਿਨਾਉਣੇ ਕੰਮ ਨੂੰ ਪਸੂ ਬਿਰਤੀ ਕਹਿ ਕੇ ਇਨ੍ਹਾਂ ਅਤਿ ਮਾਸੂਮ ਅਤੇ ਬੇਜ਼ੁਬਾਨਾਂ ਨੂੰ ਬਦਨਾਮ ਨਾ ਕਰੇ।
ਸ਼ਾਇਦ ਇਹੋ ਜਿਹਾ ਸਭ ਕੁਝ ਵੇਖਣ ਪਿੱਛੋਂ ਹੀ ਮਹਾਤਮਾ ਬੁੱਧ ਨੇ ਕਿਹਾ ਸੀ ਕਿ ਦਰਦ ਦਾ ਮਿਲਣਾ ਅਵੱਸ਼ ਹੈ; ਇਸ ਵਿਚੋਂ ਉਪਜੀ ਚੀਸ ਨੂੰ ਮਹਿਸੂਸ ਕਰਨਾ ਜਾਂ ਨਾ ਕਰਨਾ ਤੁਹਾਡੀ ਮਰਜ਼ੀ ਹੈ। ਬੁੱਧ ਪਰਮਾਤਮਾ ਦੀ ਹੋਂਦ ਜਾਂ ਅਣਹੋਂਦ ਬਾਬਤ ਚੁੱਪ ਹਨ। ਉਹ ਕਹਿੰਦੇ ਹਨ ਕਿ ਦੂਸਰਿਆਂ ਦਾ ਤੁਹਾਡੇ ਤੋਂ ਵੱਡਾ ਦੁੱਖ ਦੇਖ ਕੇ ਤੁਸੀਂ ਆਪਣਾ ਦੁੱਖ ਭੁੱਲ ਸਕਦੇ ਹੋ। ਦੁਖੀ ਲੋਕਾਂ ਦੀ ਮਦਦ ਕਰਨ ਨਾਲ ਵੀ ਤੁਸੀਂ ਆਪਣਾ ਦੁੱਖ ਭੁੱਲ ਜਾਂਦੇ ਹੋ। ਮਹਾਤਮਾ ਬੁੱਧ ਦੇ ਪੈਰੋਕਾਰ ਦਲਾਈ ਲਾਮਾ ਤਿੰਨ ਸਾਲ ਪਹਿਲਾਂ ਬੋਧ ਗਯਾ (ਬਿਹਾਰ) ਵਿਚ ਬਹੁਤ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਸੰਬੋਧਨ ਕਰ ਰਹੇ ਸਨ। ਯਕਲਖਤ ਉਨ੍ਹਾਂ ਦੇ ਪੇਟ ਵਿਚ ਦਰਦ ਹੋਇਆ। ਫਟਾਫਟ ਉਨ੍ਹਾਂ ਨੂੰ ਕਾਰ ਵਿਚ ਪਟਨਾ ਹਸਪਤਾਲ ਲਿਜਾਇਆ ਗਿਆ। ਟੁੱਟੀ-ਫੁੱਟੀ ਸੜਕ ਕਾਰਨ 130 ਕਿਲੋਮੀਟਰ ਦਾ ਸਫਰ ਚਾਰ ਘੰਟੇ ਵਿਚ ਪੂਰਾ ਹੋਇਆ (ਮੈਂ ਵੀ ਦੋ ਮਹੀਨੇ ਪਹਿਲਾਂ ਬੋਧ ਗਯਾ ਜਾ ਕੇ ਆਇਆ ਹਾਂ)। ਰਸਤੇ ਵਿਚ ਪੈਰਾਂ ਤੋਂ ਨੰਗੇ, ਬਿਨਾ ਕੱਪੜੇ ਅਤੇ ਭੁੱਖੇ-ਤਿਹਾਏ ਗਰੀਬ ਬੱਚਿਆਂ ਨੂੰ ਦੇਖ ਕੇ ਦਲਾਈ ਲਾਮਾ ਆਪਣਾ ਦਰਦ ਭੁੱਲ ਗਏ। ਬੁੱਧ ਸਿਧਾਂਤ ਵਾਲੇ ਜਦੋਂ ਤਿਬਤੀਆਂ ਉਤੇ ਜ਼ਾਲਮਾਨਾ ਕੁੱਟ ਵੀ ਪੈਂਦੀ ਹੈ ਤਾਂ ਵੀ ਉਹ ਖੁਸ਼ ਹੀ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਮਾਰਨ ਵਾਲਾ ਆਪਣੀ ਬੇੜੀ ਵਿਚ ਵੱਟੇ ਪਾ ਰਿਹਾ ਹੈ ਅਤੇ ਸਾਨੂੰ ਗੁਨਾਹਾਂ ਤੋਂ ਮੁਕਤ ਕਰ ਰਿਹਾ ਹੈ। ਕਮਾਲ ਦਾ ਨਜ਼ਰੀਆ ਹੈ। ਫਿਰ ਵੀ ਮੁਸ਼ਕਿਲ ਪਿੱਛਾ ਨਹੀਂ ਛੱਡਦੀ।
ਜੋ ਨੇਤਰਹੀਣ ਹਨ, ਜਾਂ ਜੋ ਮੰਜੇ ਜੋਗੇ ਹੋ ਗਏ ਹਨ, ਜੋ ਗਰੀਬ ਹੋਣ ਤੇ ਮਿਹਨਤ ਮਜ਼ਦੂਰੀ ਕਰਕੇ ਪੇਟ ਭਰਦੇ ਹੋਣ, ਜੋ ਲੋੜਵੰਦਾਂ ਨੂੰ ਕੁਝ ਨਾ ਦੇ ਸਕਣ ਅਤੇ ਚਲ-ਫਿਰ ਕੇ ਕਿਸੇ ਦਾ ਦੁੱਖ ਵੀ ਨਾ ਵੰਡਾ ਸਕਣ; ਵਿਛੋੜੇ ਦਾ ਦੁੱਖ ਦਰਦ ਉਨ੍ਹਾਂ ਦੇ ਹਿੱਸੇ ਵੀ ਆਉਂਦਾ ਹੈ, ਉਹ ਵਿਚਾਰੇ ਕੀ ਕਰਨ?
ਇਨ੍ਹਾਂ ਸਾਰੇ ਲੋਕਾਂ ਦੀ ਸਾਰ ਲਈ ਮਹਾਤਮਾ ਬੁੱਧ ਤੋਂ ਬਹੁਤ ਦੇਰ ਬਾਅਦ ਗੁਰੂ ਨਾਨਕ ਆਏ। ਉਨ੍ਹਾਂ ਕਿਹਾ,
ਨਾਨਕ ਦੁਖੀਆ ਸਭੁ ਸੰਸਾਰੁ॥
ਸੋ ਸੁਖੀਆ ਜਿਸ ਨਾਮ ਆਧਾਰ॥
ਵਿਛੋੜੇ ਦਾ ਦੁੱਖ ਭੁਲਾਉਣ ਲਈ ਨਾਮ ਦਾ ਸਹਾਰਾ ਲੈਣਾ ਹੀ ਸਿੱਖ ਸਿਧਾਂਤ ਦੱਸਦਾ ਹੈ। ਇਸ ਨੂੰ ਪੱਕਾ ਕਰਦਿਆਂ ਗੁਰੂ ਅਰਜਨ ਦੇਵ ਫੁਰਮਾਉਂਦੇ ਹਨ:
ਸਾਸਿ ਸਾਸਿ ਸਿਮਰਹੁ ਗੋਬਿੰਦ॥
ਮਨ ਅੰਤਰ ਕੀ ਉਤਰੈ ਚਿੰਦ॥
ਕੁਦਰਤ ਦੀ ਅਨੋਖੀ ਖੇਡ ਵਿਚ ਇਥੇ ਵੀ ਰੁਕਾਵਟ ਆ ਜਾਂਦੀ ਹੈ। ਸਾਡੇ ਸਮਾਜ ਵਿਚ ਅਨੇਕਾਂ ਬੰਦੇ ਐਸੇ ਹਨ, ਜਿਨ੍ਹਾਂ ਨੂੰ ਨਾਮ ਜਪਣ ਵਿਚ ਯਕੀਨ ਨਹੀਂ। ਮਾਇਆਧਾਰੀ ਜੀਵਨ ਦੀ ਇਹ ਸੱਜਰੀ ਉਪਜ ਹੈ। ਗੁਰੂ ਅਮਰਦਾਸ ਨੇ ਅਨੰਦ ਸਾਹਿਬ ਵਿਚ ਫੁਰਮਾਇਆ ਹੈ:
ਏਹੁ ਤਿਨ ਕੈ ਮੰਨਿ ਵਸਿਆ
ਜਿਨ ਧੁਰਹੁ ਲਿਖਿਆ ਆਇਆ॥
ਕੁਝ ਵੀਰ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਜੇ ਸਾਡੇ ਕਰਮਾਂ ਵਿਚ ਨਾਮ ਲਿਖਿਆ ਹੀ ਨਹੀਂ, ਫਿਰ ਇਸ ਦਾ ਆਸਰਾ ਕਿਉਂ ਤੱਕੀਏ? ਵਿਛੋੜੇ ਦਾ ਦਰਦ ਵਕਤ ਨਾਲ ਖਤਮ ਹੋ ਜਾਵੇਗਾ। ਇਹ ਲੋਕ ਸਮਝਦਾਰ ਹਨ, ਇਨ੍ਹਾਂ ਦੀ ਚਰਚਾ ਵਿਚ ਦਮ ਹੈ। ਉਂਜ, ਇਹ ਵੀਰ ਸ਼ਾਇਦ ਭੁੱਲ ਜਾਂਦੇ ਹਨ ਕਿ ਵਕਤ ਬਲਵਾਨ ਤਾਂ ਹੈ, ਪਰ ਗਰਦਿਸ਼ ਵਿਚ ਹੈ। ਇਸ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਸੁਰਾਖ ਹੋ ਹੀ ਜਾਂਦਾ ਹੈ। ਵਕਤ ਦੇ ਢਿੱਡ ਵਿਚ ਦੱਬੀ ਹੋਈ ਵਿਛੋੜੇ ਦੇ ਦਰਦ ਦੀ ਚੀਸ ਬਾਹਰ ਆ ਹੀ ਜਾਂਦੀ ਹੈ ਤੇ ਇਹ ਵੀਰ ਵੀ ਹਾਲੋਂ-ਬੇਹਾਲ ਹੋ ਜਾਂਦੇ ਹਨ। ਸੋ, ਵਕਤ ਹੀ ਪੱਕਾ ਇਲਾਜ ਨਹੀਂ।
ਇਸ ਮੌਕੇ ਸਰ ਮੁਹੰਮਦ ਇਕਬਾਲ ਚੰਗਾ ਪੈਗਾਮ ਲੈ ਕੇ ਆਇਆ ਹੈ। ਪਹਿਲਾਂ ਤਾਂ ਉਸ ਨੇ ਗੁਰੂ ਨਾਨਕ ਅਤੇ ਉਨ੍ਹਾਂ ਦੇ ਸਿਧਾਂਤ ਨੂੰ ਇਸ ਤਰ੍ਹਾਂ ਜੀ ਆਇਆ ਕਿਹਾ:
ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ।
ਇਸ ਸ਼ਿਅਰ ਵਿਚ ਆਏ ‘ਮਰਦੇ ਕਾਮਲ’ ਗੁਰੂ ਨਾਨਕ ਹਨ। ਇਕਬਾਲ ਨੂੰ ਬਹੁਤੇ ਲੋਕ ਅਗਾਂਹਵਧੂ ਤਹਿਰੀਕ ਦਾ ਬਾਨੀ ਸਮਝਦੇ ਹਨ। ਜਦੋਂ ਉਹ ਕਹਿੰਦਾ ਹੈ, ਜਿਸ ਖੇਤ ਸੇ ਦਹਕਾਂ ਕੋ ਮਯੱਸਰ ਨਾ ਹੋ ਰੋਜ਼ੀ, ਉਸ ਖੇਤ ਕੇ ਹਰ ਖੋਸ਼ਾ-ਏ-ਗੰਦੁਮ ਕੋ ਜਲਾ ਦੋ; ਭਾਵ ਜਿਸ ਖੇਤ ਵਿਚੋਂ ਕੰਮ ਕਰਨ ਵਾਲਿਆਂ ਨੂੰ ਰੋਟੀ ਨਸੀਬ ਨਾ ਹੋਵੇ, ਉਸ ਖੇਤ ਦਾ ਰਿਜ਼ਕ ਜਲਾ ਦਿਓ; ਤਾਂ ਸੋਚੋ ਗੱਲ ਕੀ ਬਣਦੀ ਹੈ। ਉਂਜ, ਉਹ ਰੂਹਾਨੀਅਤ ਦੇ ਜਜ਼ਬੇ ਵਿਚ ਬਹੁਤ ਉਚੀ ਉਡਾਰੀ ਮਾਰਦਾ ਹੈ, ਜਦੋਂ ਕਹਿੰਦਾ ਹੈ,
ਖੁਦੀ ਕੋ ਕਰ ਬੁਲੰਦ ਇਤਨਾ
ਕਿ ਹਰ ਤਕਦੀਰ ਸੇ ਪਹਿਲੇ,
ਖੁਦਾ ਬੰਦੇ ਸੇ ਖੁਦ ਪੂਛੇ
ਬਤਾ ਤੇਰੀ ਰਜ਼ਾ ਕਿਆ ਹੈ।
ਇਸ ਥਾਂ ਉਹ ਇਨ੍ਹਾਂ ਵੀਰਾਂ ਦੀ ਬਾਂਹ ਫੜਦਾ ਹੈ, ਜੋ ਕਹਿੰਦੇ ਹਨ ਕਿ ਸਾਡੀ ਤਕਦੀਰ ਵਿਚ ਨਾਮ ਲਿਖਿਆ ਹੀ ਨਹੀਂ। ਖੁਦੀ ਕੀ ਹੈ? ਆਪਾ। ਆਪੇ ਨੂੰ ਉਚਾ (ਬੁਲੰਦ) ਕਿਵੇਂ ਕਰੀਏ, ਪੰਜਵੇਂ ਗੁਰੂ ਸਾਹਿਬ ਫੁਰਮਾਉਂਦੇ ਹਨ:
ਆਪਸ ਕਉ ਜੋ ਜਾਣੈ ਨੀਚਾ॥
ਸੋਊ ਗਨੀਐ ਸਭ ਤੇ ਉਚਾ॥
ਮੈਂ ਇਨ੍ਹਾਂ ਵੀਰਾਂ ਵਿਚ ਧਿਆਨ ਨਾਲ ਜੋ ਕੁਝ ਦੇਖਿਆ ਹੈ ਕਿ ਉਹ ਇਹ ਹੈ ਕਿ ਇਹ ਬਹੁਤ ਨਹੀਂ ਤਾਂ ਥੋੜ੍ਹੇ ਅਭਿਮਾਨੀ ਜ਼ਰੂਰ ਹੁੰਦੇ ਹਨ। ਜੇ ਇਹ ਇਨਸਾਨ ਨਿਮਰਤਾ, ਹਲੀਮੀ ਅਤੇ ਨਿਰਮਾਣਤਾ ਦੇ ਪੁੰਜ ਬਣ ਜਾਣ ਤਾਂ ਇਨ੍ਹਾਂ ਦਾ ਆਪਾ ਬਹੁਤ ਬੁਲੰਦ ਹੋ ਜਾਵੇਗਾ। ਉਸ ਅਵਸਥਾ ਵਿਚ ਪਹੁੰਚ ਕੇ ਇਨਸਾਨ ਯਾਰੜੇ ਦਾ ਮਿੱਤਰ, ਭਾਈ ਅਤੇ ਬੰਧਪ ਬਣ ਜਾਂਦਾ ਹੈ; ਭਾਵ ਉਹ ਖੁਦ ਦਾ ਸਭ ਕੁਝ ਹੋ ਜਾਂਦਾ ਹੈ। ਫਿਰ ਉਸ ਨੂੰ ਖੁਦਾ ਪੁੱਛੇਗਾ, ਦੱਸ, ਤੇਰੀ ਤਕਦੀਰ ਵਿਚ ਕੀ ਲਿਖਾਂ? ਉਸ ਦਾ ਜਵਾਬ ਹੋਵੇਗਾ, ਆਪਣਾ ਨਾਮ ਲਿਖ ਦੇ, ਮੈਂ ਤੈਨੂੰ ਕਦੇ ਨਾ ਭੁੱਲਾਂ। ਐਸੇ ਇਨਸਾਨ ਨੂੰ ਵਿਛੋੜੇ ਦਾ ਦਰਦ ਕਦੇ ਨਹੀਂ ਸਤਾਏਗਾ।
ਇਕ ਭਲੇ ਆਦਮੀ, ਜਿਸ ਵਿਚ ਨਿਮਰਤਾ ਦੇ ਅੰਸ਼ ਮੈਨੂੰ ਕਦੇ ਨਹੀਂ ਭੁਲਦੇ, ਬਾਰੇ ਲਿਖੇ ਬਿਨਾ ਮੈਨੂੰ ਇਹ ਲੇਖ ਅਧੂਰਾ ਲਗਦਾ ਹੈ। ਮੈਂ 22 ਕੁ ਸਾਲ ਦੀ ਉਮਰ ਵਿਚ ਬਰਨਾਲਾ ਦੇ ਐਸ਼ ਡੀ. ਕਾਲਜ ਵਿਖੇ ਬਤੌਰ ਲੈਕਚਰਾਰ ਨੌਕਰੀ ਸ਼ੁਰੂ ਕੀਤੀ। ਕਾਲਜ ਨਵਾਂ-ਨਵਾਂ ਖੁੱਲ੍ਹਿਆ ਹੋਣ ਕਰਕੇ ਖੇਡਾਂ ਦਾ ਕੋਈ ਖਾਸ ਵਸੀਲਾ ਨਹੀਂ ਸੀ। ਮੈਂ ਹਰ ਰੋਜ਼ ਸ਼ਾਮ ਨੂੰ ਬਾਜਾਖਾਨਾ ਸੜਕ ਉਤੇ ਸੈਰ ਕਰਨ ਜਾਂਦਾ। ਬਰਨਾਲਾ ਦੇ ਜਿਲਾ ਸੈਸ਼ਨ ਜੱਜ ਵੀ ਉਸੇ ਸੜਕ ‘ਤੇ ਸੈਰ ਕਰਨ ਜਾਂਦੇ। ਉਹ ਮੈਨੂੰ ਜਦੋਂ ਵੀ ਸਾਹਮਣਿਉਂ ਆਉਂਦੇ ਮਿਲਦੇ ਤਾਂ ਦੂਰੋਂ ਹੀ ਹੱਥ ਜੋੜ ਕੇ ਫਤਿਹ ਬੁਲਾਉਂਦੇ। ਮੈਂ ਉਨ੍ਹਾਂ ਨੂੰ ਇਕ ਦਿਨ ਪੁਛਿਆ, “ਜੱਜ ਸਾਹਿਬ ਤੁਸੀਂ ਮੇਰੇ ਪਿਤਾ ਸਮਾਨ ਹੋ, ਰੁਤਬੇ ਵਿਚ ਵੀ ਮੇਰੇ ਨਾਲੋਂ ਬਹੁਤ ਉਚੇ ਹੋ, ਮੈਨੂੰ ਪਹਿਲਾਂ ਹੱਥ ਜੋੜ ਕੇ ਤੁਹਾਨੂੰ ਫਤਿਹ ਬੁਲਾਉਣ ਦਾ ਮਾਣ ਕਿਉਂ ਨਹੀਂ ਬਖਸ਼ਦੇ?”
ਕਹਿਣ ਲੱਗੇ, “ਗੁਰਬਾਣੀ ਸਿਧਾਂਤ ਅਨੁਸਾਰ ਤੇ ਨਿਰਮਾਣਤਾ ਮੁਤਾਬਕ ਜੋ ਪਹਿਲ ਕਰ ਗਿਆ, ਉਹੀ ਬਾਜ਼ੀ ਜਿੱਤ ਗਿਆ।”
ਬਾਅਦ ਵਿਚ ਮੈਂ ਸਰਕਾਰੀ ਕਾਲਜ ਫਰੀਦਕੋਟ ਚਲਿਆ ਗਿਆ ਅਤੇ ਸੇਵਾ ਮੁਕਤ ਹੋ ਕੇ ਉਹ ਵੀ ਫਰੀਦਕੋਟ ਹੀ ਪਹੁੰਚ ਗਏ। ਉਨ੍ਹਾਂ ਵਿਚ ਨਿਰਮਾਣਤਾ ਅਤੇ ਹਲੀਮੀ ਦੇ ਲੱਛਣ ਹੋਰ ਵੀ ਗੂੜ੍ਹੇ ਹੋ ਗਏ। ਕੁਦਰਤ ਦੀ ਮਿਹਰਬਾਨੀ, ਉਨ੍ਹਾਂ ਦਾ ਬੇਟਾ ਮੇਰਾ ਸਹਿਕਰਮੀ (ਕੁਲੀਗ) ਬਣ ਗਿਆ। ਮੈਂ ਉਸ ਨੂੰ ਕਹਿਣਾ, “ਤੂੰ ਆਪਣੇ ਪਿਤਾ ਦੇ ਨਕਸ਼ੇ-ਕਦਮ ਉਤੇ ਕਿਉਂ ਨਹੀਂ ਚਲਦਾ?” ਉਹਨੇ ਕਹਿਣਾ, “ਮੈਂ ਕੋਸ਼ਿਸ਼ ਕਰੂੰਗਾ।” ਇਕ ਦਿਨ ਉਹ ਮੈਨੂੰ ਕਹਿਣ ਲੱਗਾ, “ਵੱਡੇ ਭਾਈ! ਡੈਡੀ ਦੀ ਇਕ ਗੱਲ ਸੁਣ ਕੇ ਤੂੰ ਖੁਸ਼ ਹੋਵੇਂਗਾ।” ਮੈਂ ਕਿਹਾ, “ਕੀ?” ਕਹਿੰਦਾ, “ਉਹ ਕਚਹਿਰੀ ਵਿਚ ਆਪਣੇ ਮੇਜ ਦੇ ਦਰਾਜ਼ ਵਿਚ ਗੁਟਕਾ ਰਖਦੇ ਸਨ। ਫੈਸਲਾ ਲਿਖਣ ਵੇਲੇ, ਖੱਬਾ ਹੱਥ ਗੁਟਕੇ ਉਤੇ ਅਤੇ ਸੱਜਾ ਹੱਥ ਕਲਮ (ਪੈਨ) ਉਤੇ ਰਖਦੇ ਸਨ। ਉਹ ਹਰ ਫੈਸਲਾ ਪਰਮਾਤਮਾ ਨੂੰ ਅੰਗ ਸੰਗ ਸਮਝ ਕੇ ਕਰਦੇ ਸਨ। ਉਨ੍ਹਾਂ ਦੇ ਫੈਸਲਿਆਂ ‘ਤੇ ਬਹੁਤ ਘੱਟ ਪਟੀਸ਼ਨਾਂ ਹਾਈ ਕੋਰਟ ਵਿਚ ਗਈਆਂ।”
ਮੈਂ ਸਮਝਦਾ ਹਾਂ ਕਿ ਰੱਬ ਦਾ ਨਾਂ ਲੈਣ ਲਈ ਮਾਲਾ ਫੇਰਨੀ ਹੀ ਕਾਫੀ ਨਹੀਂ। ਹਰ ਕੰਮ ਕਰਨ ਵੇਲੇ ਉਸ ਦੀ ਮਿਹਰ ਦਾ ਪਾਤਰ ਬਣਨ ਵਾਲੇ ਇਨਸਾਨ ਕਦੇ ਗਲਤ ਕੰਮ ਨਹੀਂ ਕਰਦੇ। ਜੇ ਇਹ ਜਜ਼ਬਾ ਸਾਰੀ ਹਿਆਤੀ ਵਿਚ ਆ ਜਾਵੇ, ਬੇਇਨਸਾਫੀ ਕੱਲ੍ਹ ਹੀ ਕਹਾਣੀ ਬਣ ਜਾਵੇਗੀ। ਦੁਨੀਆਂ ਵਿਚ ਜਿਉਣ ਦਾ ਮਜ਼ਾ ਆ ਜਾਵੇਗਾ। ਵਿਛੋੜੇ ਦਾ ਦਰਦ ਮਹਿਸੂਸ ਨਹੀਂ ਹੋਵੇਗਾ।