ਇੱਕੋ ਜੀਵਨ ਜਾਚ ਵਾਲੇ ਦੋ ਪੰਜਾਬ

ਗੁਲਜ਼ਾਰ ਸਿੰਘ ਸੰਧੂ
ਪਹਿਰਾਵੇ ਦੀ ਤਬਦੀਲੀ ਤੋਂ ਬਿਨਾ 1947 ਦੀ ਦੇਸ਼ ਵੰਡ ਓਧਰਲੇ ਤੇ ਏਧਰਲੇ ਪੰਜਾਬ ਦੀ ਜੀਵਨ ਜਾਚ ਤੇ ਰਹਿਣੀ ਸਹਿਣੀ ਵਿਚ ਕੋਈ ਵਖਰੇਵਾਂ ਨਹੀਂ ਲਿਆ ਸਕੀ। ਜਿਹੜੇ ਸੱਦੇ ਉਤੇ ਅਸੀਂ ਲਾਹੌਰ ਗਏ, ਉਹ ਉਥੋਂ ਦੇ ਉਘੇ ਵਕੀਲ ਅਜ਼ਹਰ ਅਹਿਸਨ ਸ਼ੇਖ ਵੱਲੋਂ ਸੀ। ਉਸ ਦੇ ਪੁੱਤਰ ਹਮਜ਼ਾ ਸ਼ੇਖ ਦੀ ਸ਼ਾਦੀ ਸੀ। ਉਸ ਨੇ ਡਾਕਟਰ ਕੁੜੀ ਨੂੰ ਵਿਆਹੁਣਾ ਸੀ। ਡਾ. ਮੁਸ਼ਕਬਾਰ ਨਾਂ ਦੀ ਪੰਜਾਬੀ ਯੂਨੀਵਰਸਿਟੀ ਵਾਲੀ ਡਾ. ਜਸਬੀਰ ਕੌਰ ਉਨ੍ਹਾਂ ਦੇ ਪਰਿਵਾਰ ਦੀ ਧੀ ਹੈ। ਉਹ ਸਾਨੂੰ ਵੀ ਨਾਲ ਲੈ ਗਈ। ਮਜ਼ੇ ਦੀ ਗੱਲ ਇਹ ਹੈ ਕਿ ਓਧਰਲੇ ਪੰਜਾਬ ਦੀਆਂ ਰਸਮਾਂ ਰੀਤਾਂ ਬਿਲਕੁਲ ਸਾਡੇ ਵਾਲੀਆਂ ਹਨ। ਅਗਲੀ ਮਹਿੰਦੀ ਦੀ ਰਸਮ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਹੋ ਚੁਕੀ ਸੀ। ਅਗਲੀ ਦੁਪਹਿਰ ਦਾ ਖਾਣਾ ਸ਼ੇਖ ਦੇ ਘਰ ਸੀ, ਜਿੱਥੇ ਸ਼ੇਖ ਸਾਹਿਬ ਦੀ ਵੱਡੀ ਭੈਣ ਵੀ ਹਾਜ਼ਰ ਸੀ। ਘਰ ਵਿਚ ਭੈਣ ਦੀ ਇੱਜਤ ਮਾਣ ਸਭ ਤੋਂ ਵੱਧ ਸੀ। ਸਭ ਨੇ ਮਿਲ ਕੇ ਖਾਣਾ ਖਾਧਾ ਤੇ ਦੋਵਾਂ ਪੰਜਾਬਾਂ ਦੀ ਸੱਭਿਆਚਾਰਕ ਸਾਂਝ ਦੇ ਕਿੱਸੇ ਸੁਣਨ ਵਿਚ ਆਏ।

ਵਿਆਹ ਤੋਂ ਪਿੱਛੋਂ ਦੀਵਾਲੀ ਮਾਂ (ਸਵਾਗਤ ਪਾਰਟੀ) ਵਿਚ ਸਾਨੂੰ ਸਭ ਤੋਂ ਵੱਡੇ ਮੇਜ ਉਤੇ ਬਿਠਾਇਆ ਗਿਆ। ਤਿੰਨ ਸੀਟਾਂ ਖਾਲੀ ਰੱਖੀਆਂ ਗਈਆਂ, ਮੀਆਂ ਮੰਜੂਰ ਅਹਿਮਦ ਵੱਟੂ ਦੇ ਪਰਿਵਾਰ ਲਈ। ਮੀਆਂ ਜੀ ਉਥੋਂ ਦੀ ਪੰਜਾਬ ਅਸੈਂਬਲੀ ਦੇ ਸਪੀਕਰ ਵੀ ਰਹਿ ਚੁਕੇ ਸਨ ਤੇ ਚੀਫ ਮਿਨਿਸਟਰ ਵੀ। ਇੱਕ ਪੜਾਅ ਉਤੇ ਪਾਕਿਸਤਾਨ ਦੀ ਕੇਂਦਰੀ ਸਰਕਾਰ ਦੇ ਕੈਬਨਿਟ ਮੰਤਰੀ ਵੀ। ਹਾਂ, ਸਾਡੇ ਨਾਲ ਖਾਣਾ ਖਾਂਦੇ ਸਮੇਂ ਉਨ੍ਹਾਂ ਦਾ ਵਿਹਾਰ ਕੁਝ ਇਸ ਤਰ੍ਹਾਂ ਦਾ ਸੀ, ਜਿਵੇਂ ਉਹੀਓ ਸਾਡੇ ਮੇਜ਼ਬਾਨ ਹੋਣ। ਇਕੱਲੇ-ਇਕੱਲੇ ਨੂੰ ਪੁੱਛ ਰਹੇ ਸਨ ਕਿ ਸਾਨੂੰ ਕਿਹੜੀ ਚੀਜ਼ ਪਸੰਦ ਹੈ ਤਾਂ ਕਿ ਉਸ ਦਾ ਪ੍ਰਬੰਧ ਕੀਤਾ ਜਾ ਸਕੇ।
ਖੂਬੀ ਇਹ ਕਿ ਮੇਜ ਉਤੇ ਮਾਸਾਹਾਰੀ ਤੇ ਦੂਜੀਆਂ ਸਬਜ਼ੀਆਂ ਦਾ ਸਾਡੇ ਵਾਂਗ ਗਾਹ ਨਹੀਂ ਸੀ ਪਿਆ ਹੋਇਆ। ਮਿੱਠੇ-ਫਿੱਕੇ ਪਾਣੀ ਤੇ ਸੂਪ ਦਾ ਖਾਸ ਪ੍ਰਬੰਧ ਸੀ, ਪਰ ਗਿਣੀਆਂ-ਚੁਣੀਆਂ ਆਈਟਮਾਂ, ਮਿਰਚ ਮਸਾਲੇ ਤੋਂ ਬਿਨਾ। ਵੱਡੀ ਗੱਲ ਇਹ ਕਿ ਦਸ ਵਜੇ ਗੌਲਫ ਤੇ ਕੰਟਰੀ ਕਲੱਬ ਵਾਲਿਆਂ ਨੇ ਇੱਕ-ਦੋ ਬੱਤੀਆਂ ਬੁਝਾ ਦਿੱਤੀਆਂ। ਇਹ ਦੱਸਣ ਲਈ ਕਿ ਖਾਣੇ ਦਾ ਸਮਾਂ ਖਤਮ ਹੋ ਚੁਕਾ ਹੈ। ਸਾਨੂੰ ਪਤਾ ਲੱਗਾ, ਉਥੋਂ ਦੀ ਸਰਕਾਰ ਨੇ ਵਰਤਾਈਆਂ ਜਾਣ ਵਾਲੀਆਂ ਡਿਸ਼ਾਂ ਤੇ ਕਲੱਬਾਂ ਦਾ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ। ਰਾਤ ਦੇ ਦਸ ਵਜੇ ਉਪਰੰਤ ਹਰ ਕਿਸਮ ਦਾ ਹੱਲਾ ਗੁੱਲਾ ਮਨ੍ਹਾਂ ਹੈ।
ਅਸੀਂ ਆਪਣੇ ਵੱਲੋਂ ਲਾੜੇ ਤੇ ਵਹੁਟੀ ਅਤੇ ਪਰਿਵਾਰ ਦੇ ਮੈਂਬਰਾਂ ਲਈ ਬਣਦੇ ਸਰਦੇ ਵਸਤਰ ਤੇ ਸੁਗਾਤਾਂ ਲੈ ਕੇ ਗਏ ਸਾਂ। ਜਸਬੀਰ ਕੌਰ ਸ਼ੇਖ ਸਾਹਿਬ ਦੇ ਪਰਿਵਾਰ ਨੂੰ ਹੀ ਨਹੀਂ, ਨੇੜਲੇ ਰਿਸ਼ਤੇਦਾਰਾਂ ਨੂੰ ਵੀ ਜਾਣਦੀ ਸੀ। ਪਾਰਟੀ ਤੋਂ ਪਿੱਛੋਂ ਸਾਨੂੰ ਮਾਣ ਤੇ ਸਤਿਕਾਰ ਨਾਲ ਵਿਦਾ ਕੀਤਾ ਗਿਆ। ਅਗਲੇ ਦਿਨ ਅਸੀਂ ਆਪਣੇ ਵੱਲੋਂ ਵਿਉਂਤੇ ਗਏ ਕੰਮਾਂ ਵਿਚ ਰੁਝ ਗਏ। ਕਰਤਾਰਪੁਰ ਤੇ ਨਨਕਾਣਾ ਸਾਹਿਬ ਦੀ ਬਾਤ ਉਨ੍ਹਾਂ ਵਿਚੋਂ ਪ੍ਰਮੁੱਖ ਸਨ। ਹਰ ਰੋਜ਼ ਅਸੀਂ ਆਪਣੇ ਟਿਕਾਣੇ ਉਤੇ ਪਰਤਦੇ ਤਾਂ ਸ਼ੇਖ ਸਾਹਿਬ ਦਾ ਸੁਨੇਹਾ ਮਿਲਦਾ ਕਿ ਉਨ੍ਹਾਂ ਨੂੰ ਮਿਲੇ ਬਿਨਾ ਵਾਪਸ ਨਹੀਂ ਆਉਣਾ, ਪਰ ਮੌਸਮ ਸਾਡਾ ਸਾਥ ਨਹੀਂ ਸੀ ਦੇ ਰਿਹਾ। ਦਿਨ-ਰਾਤ ਏਧਰ ਵਾਂਗ ਹੀ ਓਧਰ ਵੀ ਬਾਰਸ਼ ਹੋ ਰਹੀ ਸੀ। ਸਾਡੇ ਨਾਲ ਗਈ ਪਾਲਕੀ ਨਾਂ ਦੀ ਬਿਟੀਆ ਨੇ ਮਿਥੇ ਦਿਨ ਵਾਪਸ ਭਾਰਤ ਆ ਕੇ ਆਪਣੀ ਨੌਕਰੀ ‘ਤੇ ਜਾਣਾ ਸੀ। ਅਸੀਂ ਜਾਣਦੇ ਸਾਂ ਕਿ ਜਸਬੀਰ ਤੇ ਉਸ ਦੀ ਵੱਡੀ ਭੈਣ ਨੇ ਕੁਝ ਦਿਨ ਹੋਰ ਪਾਕਿਸਤਾਨ ਲਾਉਣੇ ਸਨ। ਪਾਲਕੀ ਨੂੰ ਵੇਲੇ ਸਿਰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਮੇਰੀ ਪਤਨੀ ਸੁਰਜੀਤ ਨੇ ਲੈ ਰੱਖੀ ਸੀ। ਸਾਨੂੰ ਸ਼ੇਖ ਸਾਹਿਬ ਦੇ ਪਰਿਵਾਰ ਨੂੰ ਮਿਲੇ ਬਿਨਾ ਵਾਪਸ ਆਉਣਾ ਪੈ ਗਿਆ।
ਅਜ਼ਹਰ ਸ਼ੇਖ ਨੂੰ ਆਪਣਾ ਮੁਆਫੀਨਾਮਾ ਪਹੁੰਚਾਉਣ ਦਾ ਕੰਮ ਜਸਬੀਰ ਨੂੰ ਸੌਂਪ ਕੇ ਜਦੋਂ ਉਥੋਂ ਜਸਬੀਰ ਪਰਤੀ ਤਾਂ ਸਮਾਂ ਮਿਲਦੇ ਸਾਰ ਪਟਿਆਲਾ ਤੋਂ ਚੰਡੀਗੜ੍ਹ ਸਾਨੂੰ ਮਿਲਣ ਆਈ। ਉਹਦੇ ਕੋਲ ਹਰ ਕਿਸੇ ਲਈ ਵਸਤਰ ਤੇ ਵਿਆਹ ਵਾਲੀ ਮਠਿਆਈ ਸੀ। ਮੇਰੇ ਤੇ ਸੁਰਜੀਤ ਲਈ ਹੀ ਨਹੀਂ, ਸਾਡੀ ਭਤੀਜੀ ਦੀ ਸਹੇਲੀ ਰਮਨ ਕਪੂਰ ਲਈ ਵੀ, ਜੋ ਸਾਡੇ ਨਾਲ ਗਈ ਸੀ। ਭਾਰਤ-ਪਾਕਿਸਤਾਨ ਸਰਹੱਦ ਉਤੇ ਦੋਹਾਂ ਧਿਰਾਂ ਵਿਚ ਕਿੰਨੀ ਵੀ ਠੂਹ ਠਾਹ ਹੋ ਰਹੀ ਹੋਵੇ, ਸੱਭਿਆਚਾਰ ਅਤੇ ਸੰਸਕ੍ਰਿਤੀ ਸਾਂਝੀ ਹੈ। ਇਥੋਂ ਤੱਕ ਕਿ ਲਾਹੌਰ ਵਿਚ ਅੱਜ ਵੀ ਦਿੱਲੀ ਗੇਟ ਕਾਇਮ ਹੈ ਤੇ ਦਿੱਲੀ ਵਿਚ ਲਾਹੌਰੀ ਗੇਟ। ਲਾਹੌਰ ਵਿਚ ਗੁਰਦੁਆਰੇ ਤੇ ਮਸਜਿਦਾਂ ਨਾਲੋ ਨਾਲ ਵੇਖਣ ਨੂੰ ਮਿਲੀਆਂ।
ਲਾਹੌਰ ਰਹਿੰਦਿਆਂ ਸੁਰਜੀਤ ਆਪਣੇ ਪੇਕੇ ਪਿੰਡ ਨੁਸ਼ਹਿਰਾ ਪਨੂੰਆਂ ਦੇ ਉਸ ਪਰਿਵਾਰ ਨੂੰ ਵੀ ਮਿਲਣਾ ਚਾਹੁੰਦੀ ਸੀ, ਜੋ 1947 ਵਿਚ ਏਧਰੋਂ ਓਧਰ ਜਾ ਵੱਸਿਆ ਸੀ। ਸ਼ੇਖ ਸਾਹਿਬ ਨੇ ਉਨ੍ਹਾਂ ਦਾ ਪਤਾ ਟਿਕਾਣਾ ਲੱਭ ਕੇ ਸਾਨੂੰ ਉਨ੍ਹਾਂ ਦੇ ਘਰ ਭਿਜਵਾ ਦਿੱਤਾ। ਉਸ ਪਰਿਵਾਰ ਦੇ ਵਾਰਿਸ ਦਾ ਨਾਂ ਉਸਮਾਨ ਨਿਸਾਰ ਪਨੂੰ ਸੀ ਤੇ ਉਸ ਦੀ ਰਿਹਾਇਸ਼ ਲਾਹੌਰ ਦੀ ਰਿੰਗ ਰੋਡ ਉਤੇ ਪੈਂਦੇ ਕਸਬਾ ਨਾਰੰਗ ਮੰਡੀ ਨੇੜੇ ਮੁਰਾਦਪੁਰ ਕਾਲੋਨੀ ਵਿਚ ਸੀ। ਉਹ ਸਾਨੂੰ ਏਦਾਂ ਉਡੀਕ ਰਹੇ ਸਨ, ਜਿਵੇਂ ਅਸੀਂ ਉਨ੍ਹਾਂ ਦੇ ਪਰਿਵਾਰ ਦੇ ਚਿਰਾਂ ਤੋਂ ਵਿਛੜੇ ਜੀਅ ਹੋਈਏ। ਰਿੰਗ ਰੋਡ ਉਤੇ ਕਈ ਕਮਰਿਆਂ ਵਾਲੀ ਕੋਠੀ। ਅਸੀਂ ਸਾਰੇ ਡਰਾਇੰਗ ਰੂਮ ਵਿਚ ਹੀ ਬੈਠੇ ਪਰ ਖਾਣ-ਪੀਣ ਉਪਰੰਤ ਸੁਰਜੀਤ ਘਰ ਦੀਆਂ ਔਰਤਾਂ ਨਾਲ ਵੱਖਰੇ ਕਮਰੇ ਵਿਚ ਬੈਠੀ ਜਿੱਥੇ ਵਡੇਰੀ ਉਮਰ ਦੀ ਇੱਕ ਬਜੁਰਗ ਔਰਤ ਨੂੰ ਨੁਸ਼ਹਿਰਾ ਪਨੂੰਆਂ ਤੇ ਉਥੇ ਦੇ ਵਸਨੀਕਾਂ ਦੀ ਧੁੰਦਲੀ ਜਿਹੀ ਯਾਦ ਸੀ। ਛੇ ਫੁੱਟਾ ਉਸਮਾਨ ਨਿਸਾਰ ਸਾਡੇ ਨਾਲ ਪਿਛਲੇ ਸਮਿਆਂ ਨੂੰ ਚੇਤੇ ਕਰਦਾ ਰਿਹਾ।
ਸੁਰਜੀਤ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਘਰ ਨੁਸ਼ਹਿਰਾ ਪਨੂੰਆਂ ਵਿਚ ਸੁਰਜੀਤ ਦੇ ਪੁਰਾਣੇ ਘਰ ਦੇ ਬਹੁਤ ਨੇੜੇ ਸੀ ਤੇ ਉਸ ਘਰ ਦੇ ਸਾਰੇ ਮਰਦ ਉਚੇ-ਲੰਮੇ ਕੱਦ ਵਾਲੇ ਸਨ। ਇਹ ਵੀ ਪਤਾ ਲੱਗਾ ਕਿ ਨੁਸ਼ਹਿਰਾ ਪਨੂੰਆਂ ਦੀ ਮੋਢੀ ਗੱਡਣ ਵਾਲਾ ਬਾਬਾ ਰਸਾਲ ਸੀ। ਉਸ ਦੇ ਵੰਸ਼ ਵਿਚੋਂ ਸਾਹਿਬ ਰਾਏ ਨਾਂ ਦਾ ਜਿਉੜਾ ਸਿੰਘ ਸੱਜ ਗਿਆ ਸੀ। ਪਿੰਡ ਦਾ ਉਹ ਖੂਹ ਹਾਲੀ ਵੀ ਮੌਜੂਦ ਹੈ, ਜਿਸ ਦੀ ਇੱਕ ਇੱਟ ਉਤੇ ਸਾਹਿਬ ਰਾਏ ਉਕਰਿਆ ਹੋਇਆ ਹੈ ਤੇ ਇੱਕ ਉਤੇ ਸਾਹਿਬ ਸਿੰਘ। ਇਹ ਗੱਲ ਵੀ ਸਾਹਮਣੇ ਆਈ ਕਿ ਸਾਹਿਬ ਸਿੰਘ ਦੇ ਚਾਰ ਪੁੱਤ ਹੋਏ, ਜਿਨ੍ਹਾਂ ਵਿਚੋਂ ਜ਼ਮੀਲ ਸਿੰਘ ਨਾਂ ਦੇ ਪੁੱਤਰ ਨੇ ਇਸਲਾਮ ਕਬੂਲ ਕਰ ਲਿਆ ਸੀ। ਹੋ ਸਕਦਾ ਹੈ, ਉਸਮਾਨ ਨਿਸਾਰ ਉਸੇ ਵੰਸ਼ ਵਿਚੋਂ ਹੋਵੇ।
ਉਸ ਪਰਿਵਾਰ ਨੇ ਸਾਨੂੰ ਵਿਦਾ ਕਰਨ ਵੇਲੇ ਸੁਰਜੀਤ ਲਈ ਇੱਕ ਸੂਟ ਤੇ ਮੇਰੇ ਲਈ ਸਲਵਾਰ ਕਮੀਜ਼ ਦਾ ਸੂਫੀਆਨਾ ਰੰਗ ਦਾ ਕੱਪੜਾ ਸਾਨੂੰ ਦਿੱਤਾ ਜਿਵੇਂ ਅਸੀਂ ਉਨ੍ਹਾਂ ਦੇ ਧੀ-ਜੁਆਈ ਹੋਈਏ।
ਰਹੁਰੀਤਾਂ ਵਿਚ ਓਧਰ ਦੇ ਮਰਦਾਂ ਦਾ ਇੱਕ-ਦੂਜੇ ਨੂੰ ਜੱਫੀ ਪਾ ਕੇ ਮਿਲਣਾ ਵੀ ਸ਼ਾਮਲ ਹੈ। ਪਾਕਿਸਤਾਨ ਸਰਕਾਰ ਦੇ ਸੈਨਾ ਮੁਖੀ ਜਨਰਲ ਬਾਜਵਾ ਦੇ ਸਾਡੇ ਸੱਭਿਆਚਾਰਕ ਮੰਤਰੀ ਨਵਜੋਤ ਸਿੱਧੂ ਨੂੰ ਵਾਹਗਾ ਬਾਰਡਰ ਉਤੇ ਜੱਫੀ ਪਾ ਕੇ ਮਿਲਣ ਵਾਂਗ। ਮੁਕਦੀ ਗੱਲ ਇਹ ਕਿ ਉਨ੍ਹਾਂ ਦੀ ਰਹਿਣੀ-ਬਹਿਣੀ ਤੇ ਜੀਵਨ-ਜਾਚ ਬਿਲਕੁਲ ਸਾਡੇ ਵਾਲੀ ਹੈ। ਜੇ ਫਰਕ ਹੈ ਤੇ ਕੇਵਲ ਏਨਾ ਕਿ ਉਨ੍ਹਾਂ ਦੇ ਮਰਦਾਂ ਨੇ ਪੈਂਟ ਕਮੀਜ਼ ਤਿਆਗ ਕੇ ਸਲਵਾਰ ਕਮੀਜ਼ ਅਪਨਾ ਲਈ ਹੈ ਤੇ ਮੁਸਲਮਾਨ ਔਰਤਾਂ ਕਾਲਾ ਬੁਰਕਾ ਪਹਿਨਦੀਆਂ ਹਨ। ਉਨ੍ਹਾਂ ਨੂੰ ਇਹ ਪਹਿਰਾਵਾ ਸਜਦਾ ਵੀ ਹੈ।
ਸ਼ਗਨਾਂ ਦੇ ਵਿਹੜੇ: 10 ਮਾਰਚ 2019 ਨੂੰ ਮੇਰੀ ਭੂਆ ਦੇ ਪੜਪੋਤਰੇ ਜਸਕਰਨ ਸਿੰਘ ਸਪੁੱਤਰ ਗੁਰਦਰਸ਼ਨ ਸਿੰਘ ਪਿੰਡ ਕੰਗ ਜਾਗੀਰ (ਫਿਲੌਰ) ਨੇ ਕੁਮਾਰੀ ਰੁਪਿੰਦਰਜੀਤ ਕੌਰ ਸਪੁੱਤਰੀ ਸਾਹਿਬ ਸਿੰਘ ਨੂੰ ਪਿੰਡ ਮੌੜਾਂ ਨਾਭਾ ਬਰਨਾਲਾ ਤੋਂ ਵਿਆਹ ਕੇ ਲਿਆਉਣਾ ਸੀ। ਮੋੜਾਂ ਉਹ ਪਿੰਡ ਹੈ, ਜਿੱਥੇ ਕੁਝ ਸਮਾਂ ਗੁਰੂ ਤੇਗ ਬਹਾਦਰ ਜੀ ਬਿਰਾਜੇ ਸਨ। ਮੌੜ ਵਾਸੀਆਂ ਦਾ ਪ੍ਰੇਮ ਭਾਵ ਵੇਖ ਕੇ ਗੁਰੂ ਸਾਹਿਬ ਆਪਣਾ ਚੋਲਾ ਉਨ੍ਹਾਂ ਨੂੰ ਬਖਸ਼ ਆਏ ਸਨ, ਜੋ ਭਾਈ ਬਸੰਤ ਸਿੰਘ ਦੇ ਪਰਿਵਾਰ ਕੋਲ ਹੁਣ ਤੱਕ ਸੁਰੱਖਿਅਤ ਹੈ। ਮੈਂ ਤੇ ਮੇਰੀ ਪਤਨੀ ਮੌੜਾਂ ਜਾਈ ਰੁਪਿੰਦਰ ਨੂੰ ਸ਼ਗਨ ਪਾਉਣ ਕੰਗ ਜਾਗੀਰ ਪਹੁੰਚ ਗਏ। ਪਤਾ ਲੱਗਾ ਕਿ ਵਿਆਹੁੰਦੜ ਮੁੰਡਾ ਤਾਂ ਪਹੁੰਚਿਆ ਹੀ ਨਹੀਂ। ਉਹ ਬੰਦਰਗਾਹ ਤੇ ਫਸਿਆ ਬੈਠਾ ਹੈ। ਉਨ੍ਹਾਂ ਦੇ ਸਮੁੰਦਰੀ ਬੇੜੇ ਦੇ ਅੱਗੇ ਕੋਈ ਹੋਰ ਬੇੜਾ ਲੱਗਾ ਹੋਇਆ ਹੈ, ਜੋ ਇਨ੍ਹਾਂ ਦੇ ਬੇੜੇ ਨੂੰ ਰਸਤਾ ਨਹੀਂ ਦੇ ਰਿਹਾ। ਜਸਕਰਨ ਮਰਚੈਂਟ ਨੇਵੀ ਵਿਚ ਕੰਮ ਕਰਦਾ ਹੈ।
ਸਾਨੂੰ ਨੂੰਹ ਰਾਣੀ ਦਾ ਮੂੰਹ ਵੇਖੇ ਬਿਨਾ ਹੀ ਪਰਤਣਾ ਪਿਆ ਤੇ ਉਹ ਸ਼ਾਦੀ ਵਿਆਹੁੰਦੜ ਮੁੰਡੇ ਦੇ ਪਿੰਡ ਪਹੁੰਚਣ ਉਤੇ 20 ਮਾਰਚ ਨੂੰ ਹੋਈ। ਮੈਂ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਮੇਰੇ ਮਿੱਤਰ ਮਨਮੋਹਨ ਸਿੰਘ ਦੇ ਬੇਟੇ ਸਰਵਜੀਤ ਸਿੰਘ (ਆਈ. ਏ. ਐਸ਼) ਨੇ ਪਟਿਆਲਾ ਤੋਂ ਚੰਡੀਗੜ੍ਹ ਦੀ ਡਾ. ਰੂਬੀ ਹੁਣ ਰੂਬੀ ਓਬਰਾਏ ਨੂੰ ਵਿਆਹੁਣ ਆਉਣਾ ਸੀ, ਉਦੋਂ ਵੀ ਇਸੇ ਤਰ੍ਹਾਂ ਦਾ ਅੜਿੱਕਾ ਪੈ ਗਿਆ ਸੀ। ਮੀਂਹ ਕਾਰਨ ਚੋਆਂ ਦਾ ਪਾਣੀ ਏਨਾ ਚੜ੍ਹ ਗਿਆ ਸੀ ਕਿ ਬਰਾਤ ਨੂੰ ਰਾਜਪੁਰੇ ਰਾਤ ਕੱਟਣੀ ਪਈ ਤੇ ਵਿਆਹ ਅਗਲੇ ਦਿਨ ਹੋਇਆ। ਉਨ੍ਹਾਂ ਦਾ ਵਿਆਹ ਅੱਜ ਤੱਕ ਪੂਰਨ ਸਫਲ ਹੈ। ਅੱਜ ਸਵਰਜੀਤ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦਾ ਪ੍ਰਿੰਸੀਪਲ ਸੈਕਟਰੀ ਹੈ ਤੇ ਰੂਬੀ 23 ਸੈਕਟਰ ਦੇ ਹਸਪਤਾਲ ਵਿਚ ਸੀਨੀਅਰ ਡਾਕਟਰ। ਮੈਂ ਆਪਣੀ ਭੂਆ ਦੇ ਪੁੱਤ ਨੂੰ ਕਿਹਾ ਕਿ ਉਨ੍ਹਾਂ ਦਾ ਨਾਗਾ ਤਾਂ ਕਈ ਦਿਨ ਦਾ ਹੈ। ਦਸ ਗੁਣਾ ਵਧ ਸ਼ਗਨਾਂ ਵਾਲਾ। ਲੱਖ-ਲੱਖ ਵਧਾਈ।
ਅੰਤਿਕਾ: ਗੁਰਨਾਮ ਗਿੱਲ
ਬੜੇ ਬੱਦਲ ਗਮਾਂ ਦੇ ਆਣ ਸਾਡੇ ‘ਤੇ ਰਹੇ ਵਰ੍ਹਦੇ,
ਅਸਾਂ ਨੂੰ ਕੱਚੇ ਕੋਠੇ ਵਾਂਗ ਪਰ ਚੋਣਾ ਨਹੀਂ ਆਇਆ।