ਪੰਜਾਬ ਦਾ ਸਿਆਸੀ ਪਾਰਾ ਅਜੇ ਚੜ੍ਹਿਆ ਨਹੀਂ ਹੈ। ਅਸਲ ਵਿਚ ਸੂਬੇ ਵਿਚ ਲੋਕ ਸਭਾ ਚੋਣਾਂ ਲਈ ਵੋਟਾਂ ਆਖਰੀ ਅਤੇ ਸੱਤਵੇਂ ਪੜਾਅ ਤਹਿਤ 19 ਮਈ ਨੂੰ ਪੈਣੀਆਂ ਹਨ। ਇਉਂ ਪੰਜਾਬ ਵਿਚ ਚੋਣਾਂ ਲਈ ਅਜੇ ਦੋ ਮਹੀਨੇ ਪਏ ਹਨ। ਸਭ ਧਿਰਾਂ ਵਲੋਂ ਆਪਸੀ ਤਾਲਮੇਲ ਭਾਵੇਂ ਕੀਤਾ ਜਾ ਰਿਹਾ ਹੈ ਅਤੇ ਕੁਝ ਥਾਂਵਾਂ ‘ਤੇ ਤਾਂ ਉਮੀਦਵਾਰਾਂ ਦਾ ਐਲਾਨ ਵੀ ਹੋ ਚੁਕਾ ਹੈ, ਪਰ ਫਿਲਹਾਲ ਚੋਣ ਪਿੜ ਦਾ ਮੂੰਹ-ਮੱਥਾ ਬਣ ਨਹੀਂ ਰਿਹਾ ਹੈ। ਰਵਾਇਤੀ ਪਾਰਟੀਆਂ-ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਅੰਦਰ ਟਿਕਟਾਂ ਲਈ ਘੜਮੱਸ ਚੱਲ ਰਿਹਾ ਹੈ।
ਉਂਜ, ਇਸ ਵਾਰ ਵਧੇਰੇ ਧਿਆਨ ਅਤੇ ਚਰਚਾ ਤੀਜੇ ਮੋਰਚੇ ਦੀ ਚੱਲ ਰਹੀ ਹੈ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਟੁੱਟ-ਭੱਜ ਤੋਂ ਬਾਅਦ ਹਾਲਾਤ ਹੋਰ ਵੀ ਦਿਲਚਸਪ ਬਣ ਗਏ ਸਨ। ਯਾਦ ਰਹੇ, ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਕੁੱਲ 13 ਸੀਟਾਂ ਵਿਚੋਂ ਚਾਰ ਸੀਟਾਂ ਜਿੱਤ ਕੇ ਅਤੇ ਬਾਕੀ ਸੀਟਾਂ ਉਤੇ ਤਕੜੀ ਹਾਜ਼ਰੀ ਲਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਹੀ ਨਹੀਂ ਇਸ ਨੂੰ ਸੂਬੇ ਵਿਚ ਤੀਜੇ, ਤਕੜੇ ਮੋਰਚੇ ਵਜੋਂ ਦੇਖਿਆ ਜਾਣ ਲੱਗਾ ਸੀ ਪਰ ਸਾਲ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਨੇ ਇਸ ਦੇ ਤਕੜੇ ਤੇ ਤੀਜੇ ਮੋਰਚੇ ਦੇ ਦਾਈਏ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਾ ਦਿੱਤਾ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਚਾਰ-ਚਾਰ, ਕਾਂਗਰਸ ਨੂੰ ਤਿੰਨ ਅਤੇ ਭਾਰਤੀ ਜਨਤਾ ਪਾਰਟੀ ਨੂੰ ਦੋ ਸੀਟਾਂ ਉਤੇ ਜਿੱਤ ਹਾਸਲ ਹੋਈ ਸੀ। ਆਮ ਆਦਮੀ ਪਾਰਟੀ ਨੇ ਉਦੋਂ ਸਮੁੱਚੇ ਮੁਲਕ ਵਿਚ 432 ਸੀਟਾਂ ਉਤੇ ਚੋਣ ਲੜੀ ਸੀ, ਪਰ ਸਫਲਤਾ ਸਿਰਫ ਪੰਜਾਬ ਵਿਚ ਹੀ ਹਾਸਲ ਹੋਈ ਸੀ। ਇਉਂ ਇਸ ਪਾਰਟੀ ਨੇ ਦਿੱਲੀ ਤੋਂ ਬਾਅਦ ਪੰਜਾਬ ਵਿਚ ਵੱਡੀ ਹਾਜ਼ਰੀ ਲਵਾਈ ਸੀ। ਬਾਅਦ ਵਿਚ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਲਗਾਤਾਰ ਜਥੇਬੰਦਕ ਨਾਕਾਮੀਆਂ ਕਾਰਨ ਇਹ ਪਾਰਟੀ ਸਿਆਸੀ ਠੁੱਕ ਬਣਾਉਣ ਤੋਂ ਖੁੰਝ ਗਈ ਅਤੇ ਹੁਣ ਲੋਕ ਸਭਾ ਚੋਣਾਂ ਤਕ ਪੁੱਜਦਿਆਂ-ਪੁੱਜਦਿਆਂ ਪੰਜਾਬ ਵਿਚ ਪਾਰਟੀ ਬੁਰੀ ਤਰ੍ਹਾਂ ਬਿਖਰੀ ਪਈ ਹੈ।
ਆਮ ਆਦਮੀ ਪਾਰਟੀ ਤੋਂ ਬਾਅਦ ਸਭ ਤੋਂ ਵੱਡਾ ਸੰਕਟ ਸ਼੍ਰੋਮਣੀ ਅਕਾਲੀ ਦਲ ਨੂੰ ਪਿਆ। ਬੇਅਦਬੀ ਦੀਆਂ ਘਟਨਾਵਾਂ, ਡੇਰੇਦਾਰ ਨੂੰ ਮੁਆਫੀ, ਬਰਗਾੜੀ ਕਾਂਡ ਵਰਗੇ ਮਸਲਿਆਂ ਨੂੰ ਸਹੀ ਢੰਗ ਨਾਲ ਨਾ ਨਜਿੱਠਣ ਕਰਕੇ ਇਹ ਪਾਰਟੀ ਲੀਹੋਂ ਲਹਿ ਗਈ ਅਤੇ ਅੱਜ ਟਕਸਾਲੀ ਅਕਾਲੀ ਦਲ ਦੇ ਰੂਪ ਵਿਚ ਪਾਰਟੀ ਦਾ ਇਕ ਹਿੱਸਾ ਵੱਖ ਵੀ ਹੋ ਚੁਕਾ ਹੈ। ਆਮ ਆਦਮੀ ਪਾਰਟੀ ਅਤੇ ਟਕਸਾਲੀਆਂ ਵਿਚਕਾਰ ਗੱਠਜੋੜ ਅਜੇ ਸਿਰੇ ਨਹੀਂ ਚੜ੍ਹ ਸਕਿਆ ਹੈ। ਇਸ ਤੋਂ ਇਲਾਵਾ ਪੰਜਾਬ ਡੈਮੋਕਰੈਟਿਕ ਅਲਾਇੰਸ ਵੀ ਪਿੜ ਵਿਚ ਆ ਗਿਆ ਹੈ। ਇਸ ਵਿਚ ਛੇ ਪਾਰਟੀਆਂ ਸ਼ਾਮਿਲ ਹਨ, ਜਿਨ੍ਹਾਂ ਵਿਚ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ, ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ, ਬਹੁਜਨ ਸਮਾਜ ਪਾਰਟੀ, ਸੀæ ਪੀæ ਆਈæ ਅਤੇ ਆਰæ ਸੀæ ਪੀæ ਆਈæ ਸ਼ਾਮਿਲ ਹਨ। ਦਿਲਚਸਪ ਨੁਕਤਾ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਪਾਰਟੀ ਦਾ ਪੂਰੇ ਪੰਜਾਬ ਵਿਚ ਆਧਾਰ ਨਹੀਂ ਹੈ। ਇਨ੍ਹਾਂ ਦਾ ਵੱਖ-ਵੱਖ ਥਾਂਵਾਂ ‘ਤੇ ਕੁਝ ਕੁ ਇਲਾਕਿਆਂ ਵਿਚ ਹੀ ਮਾੜਾ-ਮੋਟਾ ਪ੍ਰਭਾਵ ਹੈ। ਕੁਝ ਸਿਆਸੀ ਮਾਹਿਰ ਤਾਂ ਇਹ ਕਿਆਸਆਰਾਈਆਂ ਵੀ ਲਾ ਰਹੇ ਹਨ ਕਿ ਇਨ੍ਹਾਂ ਪਾਰਟੀਆਂ ਜਾਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਦਾ ਧਿਆਨ ਲੋਕ ਸਭਾ ਚੋਣਾਂ ਵੱਲ ਇੰਨਾ ਨਹੀਂ ਹੈ ਜਿੰਨਾ ਤਿੰਨ ਸਾਲ ਬਾਅਦ, ਭਾਵ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਲ ਹੈ। ਇਹ ਪਾਰਟੀਆਂ ਲੋਕ ਸਭਾ ਚੋਣਾਂ ਨੂੰ ਸੂਬੇ ਵਿਚ ਆਪਣਾ ਆਧਾਰ ਕਾਇਮ ਕਰਨ ਲਈ ਵਰਤਣਾ ਚਾਹੁੰਦੀਆਂ ਹਨ। ਉਂਜ ਵੀ ਇਨ੍ਹਾਂ ਵਿਚੋਂ ਕੋਈ ਵੀ ਪਾਰਟੀ ਜੇਤੂ ਪੁਜ਼ੀਸ਼ਨ ਵਿਚ ਨਹੀਂ ਹੈ। ਇਨ੍ਹਾਂ ਪਾਰਟੀਆਂ ਦੇ ਬਹੁਤੇ ਆਗੂ ਭਾਵੇਂ ਪਹਿਲਾਂ ਖੁਦ ਨੂੰ ਪੰਜਾਬ ਦੇ ਹਿਤੈਸ਼ੀਆਂ ਵਜੋਂ ਉਭਾਰਨ ਦਾ ਯਤਨ ਕਰਦੇ ਰਹੇ ਹਨ, ਪਰ ਚੋਣਾਂ ਦੇ ਐਲਾਨ ਦੇ ਨਾਲ ਹੀ ਇਹ ਮੁੱਦਾ ਰਾਤੋ-ਰਾਤ ਕਿਤੇ ਗਾਇਬ ਹੋ ਗਿਆ ਜਾਪਦਾ ਹੈ।
ਇਸੇ ਦੌਰਾਨ ਕੌਮੀ ਪੱਧਰ ਉਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਤਾਲਮੇਲ ਦੀਆਂ ਕਨਸੋਆਂ ਹਨ। ਇਸ ਮਾਮਲੇ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਵਿਚੋਲਗੀ ਕਰ ਰਹੇ ਹਨ। ਜੇ ਇਹ ਤਾਲਮੇਲ ਸਿਰੇ ਚੜ੍ਹ ਜਾਂਦਾ ਹੈ ਤਾਂ ਇਸ ਦਾ ਪੰਜਾਬ ਦੀ ਸਿਆਸਤ ਉਤੇ ਅਸਰ ਪੈਣਾ ਲਾਜ਼ਮੀ ਹੈ। ਇਸ ਵਕਤ ਕਾਂਗਰਸ ਪੰਜਾਬ ਵਿਚ ਆਮ ਆਦਮੀ ਪਾਰਟੀ ਲਈ ਸਿਰਫ ਇਕ ਸੀਟ (ਸੰਗਰੂਰ, ਜਿਥੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਜਿੱਤੇ ਸਨ) ਛੱਡਣ ਲਈ ਤਿਆਰ ਹੈ, ਜਦਕਿ ਆਮ ਆਦਮੀ ਪਾਰਟੀ ਤਿੰਨ ਸੀਟਾਂ ਦੀ ਮੰਗ ਕਰ ਰਹੀ ਹੈ। ਜਾਹਰ ਹੈ ਕਿ ਸੂਬੇ ਵਿਚ ਤੀਜੇ ਮੋਰਚੇ ਦਾ ਕੋਈ ਮੂੰਹ-ਮੱਥਾ ਨਾ ਬਣਨ ਕਾਰਨ ਫਿਲਹਾਲ ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਣ ਦੇ ਆਸਾਰ ਹਨ। ਪਿਛਲੇ ਕੁਝ ਸਮੇਂ ਤੋਂ ਸਿਆਸੀ ਪਿੜ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਉਖੜੇ ਹੋਏ ਹਨ। ਇਸ ਹਿਸਾਬ ਨਾਲ ਇਹ ਲੋਕ ਸਭਾ ਚੋਣਾਂ ਇਸ ਦੀ ਵਾਪਸੀ ਦਾ ਸਬੱਬ ਬਣ ਸਕਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਦੋ ਸਾਲ ਪਹਿਲਾਂ ਬਣੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਭਾਵੇਂ ਬਹੁਤ ਮਾੜੀ ਰਹੀ ਹੈ, ਫਿਰ ਵੀ ਕੋਈ ਕਾਰਗਰ ਵਿਰੋਧੀ ਧਿਰ ਨਾ ਹੋਣ ਜਾਂ ਵਿਰੋਧੀ ਧਿਰ ਦੀ ਟੁੱਟ-ਭੱਜ ਦਾ ਚੋਣਾਵੀ ਫਾਇਦਾ ਇਸ ਨੂੰ ਮਿਲ ਸਕਦਾ ਹੈ। ਇਸ ਸਮੁੱਚੀ ਕਵਾਇਦ ਤੋਂ ਸਪਸ਼ਟ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਬਰਾਬਰ ਕੋਈ ਤੀਜਾ ਮੋਰਚਾ ਅਜੇ ਤਕ ਭਵਿਖ ਦੇ ਗਰਭ ਵਿਚ ਹੀ ਪਿਆ ਹੈ। ਤੀਜੇ ਮੋਰਚੇ ਦਾ ਠੁੱਕ ਬੰਨ੍ਹਣ ਲਈ ਕੋਈ ਕੱਦਾਵਰ ਲੀਡਰ ਵੀ ਅਜੇ ਤਕ ਉਭਰ ਨਹੀਂ ਸਕਿਆ ਹੈ। ਸਾਰੇ ਲੀਡਰ ਆਪੋ-ਆਪਣੀ ਸਿਆਸਤ ਦਾ ਪਿੜ ਸਜਾਉਣ ਵਿਚ ਹੀ ਦਿਲਚਸਪੀ ਦਿਖਾ ਰਹੇ ਹਨ। ਪੰਜਾਬ ਦੀ ਚੁਣਾਵੀ ਸਿਆਸਤ ਲਈ ਆਉਣ ਵਾਲੇ ਦਿਨ ਕਾਫੀ ਅਹਿਮ ਮੰਨੇ ਜਾ ਰਹੇ ਹਨ। ਇਹ ਅਸਲ ਵਿਚ ਪੰਜਾਬ ਦੇ ਲੀਡਰਾਂ ਦੀ ਅਜ਼ਮਾਇਸ਼ ਦਾ ਸਮਾਂ ਵੀ ਹੈ।