ਰਵਾਇਤੀ ਧਿਰਾਂ ਨੂੰ ਲਾਹਾ ਮਿਲਣ ਦੇ ਆਸਾਰ
ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਰਵਾਇਤੀ ਧਿਰਾਂ ਨੂੰ ਚੋਣ ਮੁਕਾਬਲੇ ਤੋਂ ਲਾਂਭੇ ਕਰਨ ਲਈ ਪੰਜਾਬ ਵਿਚ ਤੀਜੇ ਬਦਲ ਦਾ ਹੋਕਾ ਠੰਢਾ ਪੈ ਗਿਆ ਹੈ। ਪੰਜਾਬ ਵਿਚ ਇਸ ਵਾਰ ਵੀ ਚੋਣ ਮੁਕਾਬਲਾ ਰਵਾਇਤੀ ਧਿਰਾਂ (ਕਾਂਗਰਸ-ਅਕਾਲੀ ਦਲ) ਵਿਚਕਾਰ ਰਹਿਣ ਦੇ ਆਸਾਰ ਬਣ ਰਹੇ ਹਨ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਿਰ ਜੋੜਨ ਵਿਚ ਨਾਕਾਮ ਰਹੇ ਹਨ।
ਆਮ ਆਦਮੀ ਪਾਰਟੀ ਦੀ ਆਪਣੇ ਬਾਗੀ ਵਿਧਾਇਕਾਂ ਨਾਲ ਚੱਲ ਰਹੀ ਗੱਲਬਾਤ ਵੀ ਕਿਸੇ ਤਣ ਪੱਤਣ ਨਹੀਂ ਲੱਗੀ। ਪੰਜਾਬ ਡੈਮੋਕ੍ਰੈਟਿਕ ਅਲਾਇੰਸ, ਜਿਸ ਵਿਚ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ, ਡਾæ ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ, ਬਹੁਜਨ ਸਮਾਜ ਪਾਰਟੀ, ਸੀæਪੀæਆਈæ ਅਤੇ ਆਰæਸੀæਪੀæਆਈæ ਸ਼ਾਮਲ ਹਨ, ਨੇ ਸਾਂਝੇ ਤੌਰ ਉਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਪਰ ਇਸ ਨਾਲ ਰਵਾਇਤੀ ਧਿਰਾਂ ਨੂੰ ਬਹੁਤਾ ਫਰਕ ਨਹੀਂ ਪੈਣਾ। ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਕਰ ਕੇ ਇਹੀ ਆਸ ਸੀ ਕਿ ਦੂਜੇ ਦਲ ਇਕ ਪਲੇਟਫਾਰਮ ‘ਤੇ ਇਕੱਠੇ ਹੋ ਕੇ ਸੱਤਾਧਾਰੀ ਕਾਂਗਰਸ ਨੂੰ ਵਖਤ ਪਾ ਸਕਦੇ ਹਨ ਪਰ ਹੁਣ ਤੱਕ ਦੇ ਸਿਆਸੀ ਘਟਨਾਕ੍ਰਮ ਤੋਂ ਅਜਿਹਾ ਨਹੀਂ ਲੱਗਾ ਰਿਹਾ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਤੇ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਹੀ ਵੱਡੀ ਧਿਰ ਹੈ ਪਰ ਅੰਦਰੂਨੀ ਫੁੱਟ ਕਰਕੇ ਉਹ ਸ਼ਾਇਦ ਪਿਛਲਾ ਇਤਿਹਾਸ ਦੁਹਰਾ ਨਹੀਂ ਸਕੇਗੀ।
ਇਸ ਸਿਆਸੀ ਸਮੀਕਰਨ ਦਾ ਸਿੱਧਾ ਲਾਹਾ ਕਾਂਗਰਸ ਨੂੰ ਮਿਲਣ ਦੇ ਕਿਆਸੇ ਹਨ। ਦਰਅਸਲ, ਸਾਲ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਦੂਜਾ ਸਥਾਨ ਲੈ ਕੇ ਆਮ ਆਦਮੀ ਪਾਰਟੀ ਵੱਡੀ ਧਿਰ ਵਜੋਂ ਉਭਰੀ ਸੀ। ਬੇਸ਼ਕ ਉਸ ਮਗਰੋਂ ਪਾਰਟੀ ਵਿਚ ਫੁੱਟ ਪੈ ਗਈ ਅਤੇ ਸੱਤ ਵਿਧਾਇਕ ਬਾਗੀ ਹੋ ਗਏ, ਇਸ ਦੇ ਬਾਵਜੂਦ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੂਜੀਆਂ ਧਿਰਾਂ ਨਾਲੋਂ ਵੱਧ ਆਧਾਰ ਰੱਖਦੀ ਹੈ। ਮੰਨਿਆ ਜਾ ਰਿਹਾ ਸੀ ਕਿ ਜੇ ਆਮ ਆਦਮੀ ਪਾਰਟੀ ਹੋਰ ਧਿਰਾਂ ਨੂੰ ਇਕ ਮੰਚ ‘ਤੇ ਇਕੱਠਾ ਕਰ ਲੈਂਦੀ ਤਾਂ ਪੰਜਾਬ ਵਿਚ ਸਿਆਸੀ ਸਮੀਕਰਨ ਬਦਲ ਸਕਦੇ ਸਨ। ਗੱਠਜੋੜ ਕੋਲ ਬੇਸ਼ਕ ਚੰਗੇ ਅਕਸ ਵਾਲੇ ਲੀਡਰ ਹਨ ਪਰ ਵੋਟ ਬੈਂਕ ਖਿੰਡਿਆ ਹੋਣ ਕਰਕੇ ਵਿਰੋਧੀਆਂ ਨੂੰ ਟੱਕਰ ਦੇਣਾ ਸੰਭਵ ਨਹੀਂ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਵੱਖ ਹੋਇਆ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੀ ਇਸ ਗੱਠਜੋੜ ਤੋਂ ਲਾਂਭੇ ਹੋ ਗਿਆ ਹੈ। ਬਰਗਾੜੀ ਮੋਰਚਾ ਦੇ ਲੀਡਰ ਵੀ ਆਪਣੇ ਤੌਰ ‘ਤੇ ਚੋਣ ਲੜ ਰਹੇ ਹਨ। ਇਸ ਨਾਲ ਵੀ ਪੰਥਕ ਵੋਟ ਵੰਡੀ ਜਾਏਗੀ।
ਪਤਾ ਲੱਗਾ ਹੈ ਕਿ ਇਨ੍ਹਾਂ ਧਿਰਾਂ ਦੀਆਂ ਮੀਟਿੰਗਾਂ ਵਿਚ ਮੁੱਦਿਆਂ ਦੀ ਜਗ੍ਹਾ ਸੀਟਾਂ ਦੇ ਵੰਡ ਉਤੇ ਹੀ ਜ਼ਿਆਦਾ ਜ਼ੋਰ ਰਿਹਾ ਹੈ। ਹੁਣ ਥੱਕ ਹਾਰ ਕੇ ਆਮ ਆਦਮੀ ਪਾਰਟੀ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਟਕਸਾਲੀਆਂ ਨਾਲ ਸਮਝੌਤਾ ਆਨੰਦਪੁਰ ਸਾਹਿਬ ਸੀਟ ਕਰ ਕੇ ਨਹੀਂ ਹੋ ਸਕਿਆ। ਟਕਸਾਲੀਆਂ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਆਨੰਦਪੁਰ ਸਾਹਿਬ ਤੋਂ ਪਹਿਲਾਂ ਹੀ ਉਮੀਦਵਾਰ ਐਲਾਨਿਆ ਹੋਇਆ ਹੈ। ਆਮ ਆਦਮੀ ਪਾਰਟੀ ਆਪਣੇ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਨਾਰਾਜ਼ ਕਰਨ ਦੀ ਸਥਿਤੀ ਵਿਚ ਨਹੀਂ। ਸਪਸ਼ਟ ਹੈ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਤੋਂ ਖਹਿੜਾ ਛੁਡਵਾਉਣ ਦਾ ਦਾਅਵਾ ਕਰਨ ਵਾਲੀਆਂ ਇਨ੍ਹਾਂ ਪਾਰਟੀਆਂ ਲਈ ਆਪਣੇ ਆਗੂ ਪੰਜਾਬ ਦੇ ਹਿੱਤਾਂ ਤੋਂ ਜ਼ਿਆਦਾ ਮਹੱਤਵਪੂਰਨ ਹਨ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਖਡੂਰ ਸਾਹਿਬ ਤੋਂ ਸਾਬਕਾ ਜਨਰਲ ਜੇਜੇ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।
ਦੱਸਣਾ ਬਣਦਾ ਹੈ ਕਿ ਤਾਲਮੇਲ ਦੀ ਸ਼ੁਰੂਆਤ ਸਮੇਂ ਇਹ ਗੱਲ ਤੈਅ ਹੋਈ ਸੀ ਕਿ ਟਕਸਾਲੀ ਅਕਾਲੀ ਦਲ ਵਾਲੇ ਖਡੂਰ ਸਾਹਿਬ ਤੇ ਫਿਰੋਜ਼ਪੁਰ ਤੋਂ ਚੋਣ ਲੜਨਗੇ ਅਤੇ ਬਾਕੀ 11 ਹਲਕਿਆਂ ਤੋਂ ‘ਆਪ’ ਆਪਣੇ ਉਮੀਦਵਾਰ ਮੈਦਾਨ ‘ਚ ਉਤਾਰੇਗੀ। ‘ਆਪ’ ਵਲੋਂ ਪਹਿਲਾਂ ਹੀ ਐਲਾਨੇ ਗਏ ਉਮੀਦਵਾਰਾਂ ‘ਚ ਅਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਦਾ ਨਾਂ ਸ਼ਾਮਲ ਹੈ, ਉਹ ਪਾਰਟੀ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਮੁਹਾਲੀ ਤੋਂ ਚੋਣ ਲੜ ਚੁੱਕੇ ਹਨ। ਉਨ੍ਹਾਂ 38 ਹਜ਼ਾਰ 971 ਵੋਟਾਂ ਹਾਸਲ ਕੀਤੀਆਂ ਸਨ ਅਤੇ ਕਾਂਗਰਸ ਦੇ ਉਮੀਦਵਾਰ ਬਲਵੀਰ ਸਿੰਘ ਸਿੱਧੂ ਤੋਂ 27 ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫਰਕ ਨਾਲ ਪਛੜ ਗਏ।