ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਡੇਰਿਆਂ ਦੀਆਂ ਵੋਟਾਂ ਆਪਣੇ ਹੱਕ ਵਿਚ ਭੁਗਤਾਉਣ ਲਈ ਪੰਜਾਬ ਦੀਆਂ ਸਿਆਸੀ ਧਿਰਾਂ ਕਾਫੀ ਉਤਾਵਲੀਆਂ ਜਾਪ ਰਹੀ ਹਨ ਪਰ ਸਿੱਖ ਵੋਟਰਾਂ ਦੀ ਨਾਰਾਜ਼ਗੀ ਦੇ ਡਰੋਂ ਹਰ ਧਿਰ ਝਿਜਕ ਰਹੀ ਹੈ; ਖਾਸ ਕਰਕੇ ਡੇਰਾ ਸਿਰਸਾ ਦਾ ਵੱਡਾ ਵੋਟ ਬੈਂਕ ਰਵਾਇਤੀ ਧਿਰਾਂ (ਕਾਂਗਰਸ-ਅਕਾਲੀ ਦਲ) ਨੂੰ ਖਿੱਚਾਂ ਪਾ ਰਿਹਾ ਹੈ।
ਪੰਜਾਬ ਕਾਂਗਰਸ ਨੇ ਹਾਲਾਂਕਿ ਖੁੱਲ੍ਹ ਕੇ ਐਲਾਨ ਕਰ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਵਿਚ ਡੇਰਾ ਸਿਰਸਾ ਤੋਂ ਵੋਟਾਂ ਦੀ ਮੰਗ ਨਹੀਂ ਕਰਨਗੇ, ਜਦੋਂਕਿ ਅਕਾਲੀ ਦਲ ਨੂੰ ਅਜੇ ਡੇਰੇ ਦੀਆਂ ਵੋਟਾਂ ਦੀ ਝਾਕ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਖ ਰਹੇ ਹਨ ਕਿ ਉਹ ਇਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨਗੇ। ਖਡੂਰ ਸਾਹਿਬ ਤੋਂ ਚੋਣ ਲੜ ਰਹੀ ਜਗੀਰ ਕੌਰ ਆਖ ਰਹੇ ਹਨ ਕਿ ਉਹ ਆਪਣੇ ਲਈ ਡੇਰਾ ਸਿਰਸਾ ਦੀਆਂ ਵੋਟਾਂ ਨਹੀਂ ਮੰਗੇਗੀ ਪਰ ਪਾਰਟੀ ਪੱਧਰ ਉਤੇ ਫੈਸਲਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੀ ਕਰਨਾ ਹੈ। ਜਗੀਰ ਕੌਰ ਦੇ ਇਸ ਬਿਆਨ ਦੀ ਕਾਫੀ ਨੁਕਤਾਚੀਨੀ ਹੋਈ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀਆਂ ਨੂੰ ਘੇਰਾ ਪਾਉਂਦਿਆਂ ਦੋਸ਼ ਲਾਇਆ ਕਿ ਪੰਥਕ ਧਿਰ ਨੇ ਡੇਰਾ ਸਿਰਸਾ ਦੀ ਸਿਆਸੀ ਮਦਦ ਲੈਣ ਲਈ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ ਹਨ। ਬੀਬੀ ਜਗੀਰ ਕੌਰ ਨੇ ਭਾਵੇਂ ਸਹਿਜ ਵਿਚ ਇਹ ਛੋਟੀ ਜਿਹੀ ਗੱਲ ਆਖੀ ਹੈ ਪਰ ਇਸ ਦੇ ਅਰਥ ਬੜੇ ਡੂੰਘੇ ਹਨ।
ਦਰਅਸਲ, ਅਕਾਲੀ ਦਲ ਆਪਣੀ ਭਾਈਵਾਲ ਭਾਜਪਾ ਦੀ ਰਣਨੀਤੀ ਉਤੇ ਚੱਲਣ ਦੀ ਇੱਛਾ ਰੱਖ ਰਿਹਾ ਹਨ। ਮੋਦੀ ਸਰਕਾਰ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਜੇ ਪਿਛਲੇ ਹਫਤੇ ਡੇਰਾ ਬਿਆਸ ਦੇ ਮੁਖੀ ਨੂੰ ਮਿਲ ਚੁੱਕੇ ਹਨ। ਡੇਰਾ ਬਿਆਸ ਦਾ ਪੰਜਾਬ ਵਿਚ ਵੱਡਾ ਵੋਟ ਬੈਂਕ ਹੈ। ਸਿਆਸੀ ਆਗੂ ਵੋਟਾਂ ਵੇਲੇ ਇਸ ਡੇਰੇ ਦੀਆਂ ਚੌਕੀਆਂ ਭਰਦੇ ਆਏ ਹਨ। ਪਿਛਲੀਆਂ ਲੋਕ ਸਭਾ ਚੋਣ ਤੇ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬੀ ਦੀਆਂ ਸਾਰੀਆਂ ਧਿਰਾਂ ਡੇਰਾ ਸਿਰਸਾ ਤੇ ਬਿਆਸ ਉਤੇ ਵੋਟਾਂ ਮੰਗਣ ਪੁੱਜੇ ਸਨ ਜਿਸ ਕਾਰਨ ਕਈ ਸਿਆਸੀ ਆਗੂਆਂ ਨੂੰ ਅਕਾਲ ਤਖਤ ਤੋਂ ਧਾਰਮਿਕ ਸਜ਼ਾ ਵੀ ਮਿਲੀ ਸੀ। ਇਸ ਵਾਰ ਹਾਲਾਤ ਕੁਝ ਵੱਖਰੇ ਹਨ। ਡੇਰਾ ਸਿਰਸਾ ਮੁਖੀ ਰਾਮ ਰਹੀਮ ਬਲਾਤਕਾਰ ਦੇ ਦੋਸ਼ ਵਿਚ ਸਜ਼ਾ ਭੁਗਤ ਰਿਹਾ ਹੈ। ਇਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਵੀ ਡੇਰੇ ਦਾ ਨਾਂ ਬੋਲਦਾ ਹੈ। ਅਕਾਲ ਤਖਤ ਵੱਲੋਂ ਇਸ ਡੇਰੇ ਦੀ ਹਮਾਇਤ ਲੈਣ ਵਾਲਿਆਂ ਲਈ ਸਖਤ ਹੁਕਮ ਹਨ ਪਰ ਸਿਆਸੀ ਧਿਰਾਂ ਅੰਦਰ ਖਾਤੇ ਇਸ ਡੇਰੇ ਦੀ ਹਮਾਇਤ ਲਈ ਤਰਲੋਮੱਛੀ ਜਾਪ ਰਹੀਆਂ ਹਨ।
ਪਿਛਲੀਆਂ ਚੋਣਾਂ ਦੌਰਾਨ ਦੇਖਿਆ ਜਾਂਦਾ ਸੀ ਕਿ ਡੇਰੇ ਦਾ ਰਾਜਸੀ ਵਿੰਗ ਪੰਜਾਬ ਸਮੇਤ ਹਰਿਆਣਾ, ਦਿੱਲੀ, ਰਾਜਸਥਾਨ, ਯੂæਪੀæ ਆਦਿ ਵਿਚ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਾਮ ਘਰਾਂ ‘ਚ ਚਰਚਾ ਦੇ ਬਹਾਨੇ ਇਕੱਠ ਜੁਟਾਉਣਾ ਸ਼ੁਰੂ ਕਰ ਦਿੰਦਾ ਸੀ, ਜਿਥੇ ਰਾਜਸੀ ਧਿਰਾਂ ਦੇ ਨੁਮਾਇੰਦੇ ਵੋਟਾਂ ਦੀ ਭੀਖ ਮੰਗਣ ਜਾਂਦੇ ਸਨ ਜਦਕਿ ਡੇਰਾ ਵਾਦੀ ਉਪਰੋਂ ਆਏ ਹੁਕਮਾਂ ਮੁਤਾਬਕ ਹੀ ਵੋਟਾਂ ਦਾ ਭੁਗਤਾਨ ਕਰਦੇ ਸਨ ਪਰ 2014 ਦੀਆਂ ਲੋਕ ਸਭਾ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਦੀ ਵੋਟ ਬੱਝਵੀਂ ਨਹੀਂ ਪਈ ਸੀ। ਡੇਰਾ ਮੁਖੀ ਦੇ ਕਾਰਨਾਮਿਆਂ ਅਤੇ ਉਸ ਨੂੰ ਹੋਈਆਂ ਸਜ਼ਾਵਾਂ ਨੇ ਤਾਂ ਡੇਰੇ ਦੀਆਂ ਸਰਗਰਮੀਆਂ ਲਗਭਗ ਠੱਪ ਕਰ ਦਿੱਤੀਆਂ ਸਨ। ਇਸ ਵਾਰ ਹਾਲ ਦੀ ਘੜੀ ਨਾ ਰਾਜਸੀ ਵਿੰਗ ਦੀ ਕੋਈ ਮੀਟਿੰਗ ਹੋਈ ਹੈ ਤੇ ਨਾ ਹੀ ਅਗਲੇ ਦਿਨਾਂ ‘ਚ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਭਾਰਤ ਵਿਚ ਵੱਡੀ ਗਿਣਤੀ ਵਿਚ ਡੇਰੇ ਹਨ, ਜਿਹੜੇ ਵੱਖ ਵੱਖ ਧਰਮਾਂ, ਫਿਰਕਿਆਂ ਤੇ ਜਾਤਾਂ ਨਾਲ ਸਬੰਧ ਰੱਖਦੇ ਹਨ। ਸਿਆਸੀ ਆਗੂ ਇਨ੍ਹਾਂ ਡੇਰਿਆਂ ‘ਤੇ ਜਾ ਕੇ ਨਤਮਸਤਕ ਹੁੰਦੇ ਹਨ ਅਤੇ ਡੇਰਿਆਂ ਦੇ ਸੰਚਾਲਕਾਂ ਨੂੰ ਆਪਣੀ ਪਾਰਟੀ ਨੂੰ ਵੋਟਾਂ ਪਾਉਣ ਲਈ ਕਹਿੰਦੇ ਹਨ। ਕਈ ਡੇਰਿਆਂ ਦੇ ਸੰਚਾਲਕ ਖੁਦ ਇਹ ਇੱਛਾ ਰੱਖਦੇ ਹਨ ਕਿ ਉਹ ਸਿਆਸੀ ਭੂਮਿਕਾ ਨਿਭਾਉਣ ਅਤੇ ਉਹ ਸਿਆਸੀ ਆਗੂਆਂ ਦੀ ਆਮਦ ਨੂੰ ਉਤਸ਼ਾਹਿਤ ਕਰਦੇ ਹਨ। 2007 ਵਿਚ ਹੋਏ ਅਧਿਐਨ ਅਨੁਸਾਰ ਪੰਜਾਬ ਵਿਚ ਲਗਭਗ 9000 ਡੇਰੇ ਹਨ।