ਕੈਪਟਨ ਸਰਕਾਰ ਨੇ ਦੋ ਵਰ੍ਹਿਆਂ ਨੂੰ ਵੱਡੀ ਪ੍ਰਾਪਤੀ ਵਜੋਂ ਪ੍ਰਚਾਰਿਆ

ਚੰਡੀਗੜ੍ਹ: ਕੈਪਟਨ ਸਰਕਾਰ ਦੇ ਮੰਤਰੀਆਂ ਨੇ ਇਕਸੁਰ ਆਵਾਜ਼ ਵਿਚ ਆਪਣੀ ਸਰਕਾਰ ਦੀ ਦੋ ਸਾਲ ਦੀ ਕਾਰਗੁਜ਼ਾਰੀ ਨੂੰ ਵਧੀਆ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੇ ਸਭ ਤੋਂ ਵੱਡੀ ਪ੍ਰਾਪਤੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਬਰਗਾੜੀ ਤੇ ਬਹਿਬਲ ਕਲਾਂ ਦੇ ਮਾਮਲੇ ਉਤੇ ਕੀਤੀ ਹੈ ਤੇ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਪਹੁੰਚਾਉਣ ਦੀ ਪ੍ਰਕਿਰਿਆ ਜਾਰੀ ਹੈ, ਗੈਂਗਸਟਰਾਂ ਦਾ ਲਗਭਗ ਸਫਾਇਆ ਕਰਕੇ ਅਮਨ ਕਾਨੂੰਨ ਦਾ ਰਾਜ ਕਾਇਮ ਕੀਤਾ ਹੈ ਤੇ ਸਰਕਾਰ ਦੀ ਮਾੜੀ ਮਾਲੀ ਹਾਲਤ ਦੇ ਬਾਵਜੂਦ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ ਤੇ ਸੂਬੇ ਦੀ ਖਰਾਬ ਵਿੱਤੀ ਸਥਿਤੀ ਨੂੰ ਸਹੀ ਦਿਸ਼ਾ ਦਿੱਤੀ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਗੈਂਗਸਟਰਾਂ ਨੂੰ ਖਤਮ ਕਰਦਿਆਂ ਕਾਨੂੰਨ ਦਾ ਰਾਜ ਸਥਾਪਤ ਕਰਨਾ ਹੈ। ਅੰਨ੍ਹੇ ਸਿਆਸੀ ਅਤੇ ਧਾਰਮਿਕ ਕਤਲਾਂ ਦੇ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਡੱਕ ਕੇ ਲੋਕਾਂ ਦੇ ਮਨਾਂ ਵਿਚੋਂ ਸਹਿਮ ਤੇ ਡਰ ਦੀ ਭਾਵਨਾ ਖਤਮ ਕੀਤੀ। ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਉਤੇ ਕਾਬੂ ਪਾਇਆ ਹੈ ਅਤੇ ਬਾਦਲ ਸਰਕਾਰ ਦੇ ਸਮੇਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਬੰਦ ਕੀਤਾ ਹੈ। ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੀਆਂ ਸੰਗਤਾਂ ਉੱਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਗੋਲੀਆਂ ਚਲਾਉਣ ਦੇ ਸੱਚ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾ ਕੇ ਲੋਕਾਂ ਵਿਚ ਪ੍ਰਗਟ ਕੀਤਾ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਸਪੈਸ਼ਲ ਜਾਂਚ ਟੀਮ ਬਣਾਈ।
ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਬਰਗਾੜੀ ਮੋਰਚੇ ‘ਤੇ ਸਫਲਤਾ ਪ੍ਰਾਪਤ ਕਰਨਾ ਹੈ। ਨਸ਼ਿਆਂ ਦੇ ਮਾਮਲੇ ਵਿਚ ਕਾਫੀ ਹੱਦ ਤੱਕ ਸਫਲਤਾ ਹਾਸਲ ਕੀਤੀ ਹੈ। ਸਾਡੀ ਸਰਕਾਰ ਦੇ ਕਿਸੇ ਅਹਿਮ ਆਗੂ ਉੱਤੇ ਨਸ਼ਿਆਂ ਦਾ ਕੋਈ ਦੋਸ਼ ਨਹੀਂ ਲੱਗਾ ਜਦੋਂ ਕਿ ਪਿਛਲੀ ਅਕਾਲੀ ਸਰਕਾਰ ਦੇ ਇਕ ਮੰਤਰੀ ‘ਤੇ ਸ਼ਰੇਆਮ ਨਸ਼ੇ ਵਿਕਾਉਣ ਦੇ ਦੋਸ਼ ਲੱਗਦੇ ਰਹੇ ਹਨ। ਉਨ੍ਹਾਂ ਕਿਹਾ ਕਿ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਕਿਸਾਨੀ ਨੂੰ ਰਾਹਤ ਦੇਣ ਲਈ ਤਕਰੀਬਨ ਪੰਜ ਲੱਖ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਕਰੀਬ 8500 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ। ਸਨਅਤਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਗੋਬਿੰਦਗੜ੍ਹ ਵਿਚ ਬੰਦ ਪਈਆਂ ਸਨਅਤਾਂ ਮੁੜ ਚਾਲੂ ਕਰਵਾਈਆਂ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਸਾਡੀ ਸਰਕਾਰ ਨੇ ਸੂਬੇ ਦੀ ਲੀਹ ਤੋਂ ਲੱਥੀ ਆਰਥਿਕਤਾ ਨੂੰ ਮੁੜ ਲੀਹ ਉੱਤੇ ਪਾ ਦਿੱਤਾ ਹੈ। ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨੀ ਦੇ ਸਹਾਇਕ ਧੰਦੇ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਹਨ।
ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਪਿਛਲੀ ਸਰਕਾਰ ਸੂਬੇ ਦੀਆਂ ਸੜਕਾਂ ਟੁੱਟੀਆਂ ਛੱਡ ਗਈ ਸੀ ਜਿਨ੍ਹਾਂ ਦੀ ਮੁਰੰਮਤ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਭਾਵੇਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਦੀ ਵਿੱਤੀ ਹਾਲਤ ਵਿਚ ਸੁਧਾਰ ਦਾ ਦਾਅਵਾ ਕੀਤਾ ਹੈ ਪਰ ਅਗਲੇ ਸਾਲ ਮਾਰਚ ਤੱਕ ਸੂਬੇ ਸਿਰ ਕਰਜ਼ੇ ਦਾ ਬੋਝ ਵੱਧ ਕੇ 2æ29 ਲੱਖ ਕਰੋੜ ਰੁਪਏ ਹੋ ਜਾਵੇਗਾ। ਇਸ ਕਰਜ਼ੇ ਤੋਂ ਸੂਬੇ ਦਾ ਕਿਵੇਂ ਛੁਟਕਾਰਾ ਹੋਵੇਗਾ, ਇਹ ਬਹੁਤ ਹੀ ਅਹਿਮ ਸੁਆਲ ਹੈ ਜਿਸ ਨੂੰ ਹੱਲ ਕਰਨਾ ਪਵੇਗਾ। ਪੰਜਾਬ ਸਰਕਾਰ ਨੇ ਕਰਜ਼ਾ ਰਾਹਤ ਸਕੀਮ ਸ਼ੁਰੂ ਕੀਤੀ ਹੈ ਪਰ ਕਿਸਾਨਾਂ ਦੀ ਖੁਦਕੁਸ਼ੀਆਂ ਬਾਦਸਤੂਰ ਜਾਰੀ ਹਨ ਤੇ ਕਿਸਾਨੀ ਸੰਕਟ ਨੂੰ ਹੱਲ ਕਰਨ ਖਾਤਰ ਗੰਭੀਰ ਯਤਨ ਕਰਨੇ ਪੈਣਗੇ।
__________________________
ਖਹਿਰਾ ਨੇ ਕੈਪਟਨ ਸਰਕਾਰ ਵਿਰੁੱਧ ਜਾਰੀ ਕੀਤੀ ਚਾਰਜਸ਼ੀਟ
ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਅਤੇ ਬਠਿੰਡਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਕੈਪਟਨ ਸਰਕਾਰ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਵਿਰੁੱਧ ਚਾਰਜਸ਼ੀਟ ਜਾਰੀ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੀਡੀਆ ਸਾਹਮਣੇ ਕੀਤੇ ਵੱਡੇ ਦਾਅਵੇ ਝੂਠ ਦਾ ਪੁਲੰਦਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਨੇ ਆਪਣੇ ਦੋ ਸਾਲ ਦੇ ਕੁਸ਼ਾਸਨ ਨੂੰ ਲੋਕਾਂ ਸਾਹਮਣੇ ਜਾਇਜ਼ ਠਹਿਰਾਉਣ ਲਈ ਝੂਠ ਬੋਲਣ ਅਤੇ ਸ਼ਬਦਾਂ ਤੇ ਅੰਕੜਿਆਂ ਦਾ ਹੇਰ-ਫੇਰ ਕਰਨ ਦੀ ਕਲਾ ਆਪਣੇ ਦੋਸਤਾਨਾ ਭਾਈਵਾਲ ਬਾਦਲਾਂ ਕੋਲੋਂ ਸਿੱਖੀ ਜਾਪਦੀ ਹੈ। ਕੈਪਟਨ ਸਰਕਾਰ ਬਾਹਰੋਂ ਤਾਂ ਭਾਵੇਂ ਲੋਕਤੰਤਰਿਕ ਸਰਕਾਰ ਦਿਖਾਈ ਦਿੰਦੀ ਹੈ ਪਰ ਹਕੀਕਤ ਤੌਰ ‘ਤੇ ਸਰਕਾਰ ਨੂੰ ਅਫਸਰਾਂ ਦੀ ਇਕ ਛੋਟੀ ਜਿਹੀ ਜੁੰਡਲੀ ਚਲਾ ਰਹੀ ਹੈ। ਆਪਣੇ ਤਾਨਾਸ਼ਾਹੀ ਵਤੀਰੇ ਕਾਰਨ ਕੈਪਟਨ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੀ ਥਾਂ ਅਫਸਰਾਂ ਉਪਰ ਨਿਰਭਰ ਰਹਿੰਦੇ ਹਨ। ਸਰਕਾਰ ਢਾਈ ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਹੈ ਪਰ ਇਸ ਦੇ ਬਾਵਜੂਦ ਕੈਪਟਨ ਆਪਣੇ ਸੱਜਣਾਂ ਮਿੱਤਰਾਂ ਨੂੰ ਖੁਸ਼ ਕਰਨ ਲਈ ਸਲਾਹਕਾਰਾਂ ਅਤੇ ਓæਐਸ਼ਡੀਜ਼æ ਦੀ ਫੌਜ ਨਿਯੁਕਤ ਕਰਕੇ ਉਨ੍ਹਾਂ ਨੂੰ ਮੰਤਰੀਆਂ ਦੇ ਰੁਤਬੇ ਨਾਲ ਨਿਵਾਜ ਰਹੇ ਹਨ।
__________________________
ਅਕਾਲੀਆਂ ਨੇ ਕੈਪਟਨ ਸਰਕਾਰ ਖਿਲਾਫ ਵਿਸ਼ਵਾਸਘਾਤ ਦਿਵਸ ਮਨਾਇਆ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੋ ਸਾਲ ਮੁਕੰਮਲ ਹੋਣ ਦੇ ਦਿਨ ਨੂੰ ਵਿਸ਼ਵਾਸਘਾਤ ਦਿਵਸ ਵਜੋਂ ਮਨਾਉਂਦਿਆਂ ਪੰਜਾਬ ਭਰ ‘ਚ ਮੁਜ਼ਾਹਰੇ ਕੀਤੇ ਅਤੇ ਸਰਕਾਰ ਨੂੰ ਹਰ ਫਰੰਟ ‘ਤੇ ਫੇਲ੍ਹ ਕਰਾਰ ਦਿੱਤਾ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਹਥਿਆਉਣ ਲਈ ਪੰਜਾਬੀਆਂ ਨਾਲ ਬਹੁਤ ਵਾਅਦੇ ਕੀਤੇ ਸਨ ਪਰ ਨਿਭਾਇਆ ਇਕ ਵੀ ਨਹੀਂ। ਉਨ੍ਹਾਂ ਕਿਹਾ ਕਿ ਸਿੱਧੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੀ ਇਕੋ-ਇੱਕ ਪ੍ਰਾਪਤੀ ਮੰਨੀ ਜਾ ਸਕਦੀ ਹੈ, ਉਹ ਹੈ ਕੋਟਕਪੂਰਾ ਅਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਦਾ ਰਾਜਨੀਤੀਕਰਨ ਕਰਕੇ ਸਿਆਸੀ ਰੋਟੀਆਂ ਸੇਕਣਾ।