ਲੋਕ ਸਭਾ ਚੋਣਾਂ: ਹੋਰ ਸੂਬਿਆਂ ਤੋਂ ਵੱਖਰਾ ਰਿਹਾ ਹੈ ਪੰਜਾਬ ਦਾ ਸਿਆਸੀ ਇਤਿਹਾਸ

ਚੰਡੀਗੜ੍ਹ: ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਇਤਿਹਾਸ ਦੇਸ਼ ਦੇ ਬਾਕੀ ਸੂਬਿਆਂ ਤੋਂ ਵੱਖਰਾ ਰਿਹਾ ਹੈ। ਸਮੇਂ-ਸਮੇਂ ਉਤੇ ਰਵਾਇਤੀ ਧਿਰਾਂ ਦੇ ਨਾਲ-ਨਾਲ ਨਵੀਆਂ ਉਭਰੀਆਂ ਧਿਰਾਂ ਨੇ ਆਪਣੀ ਹੋਂਦ ਖੁੱਲ੍ਹ ਕੇ ਵਿਖਾਈ। ਪਿਛਲੀਆਂ ਚੋਣਾਂ ਵਿਚ ਨਵੀਂ ਉਭਰੀ ਆਮ ਆਦਮੀ ਪਾਰਟੀ ਨੂੰ ਭਾਵੇਂ ਪੂਰੇ ਦੇਸ਼ ਵਿਚ ਕੋਈ ਹੁੰਗਾਰਾ ਨਾ ਮਿਲਿਆ ਪਰ ਪੰਜਾਬ ਵਿਚ 4 ਸੀਟਾਂ ਫਤਿਹ ਕਰ ਲਈਆਂ। 2009 ਦੀ ਚੋਣ ‘ਚ 8 ਸੀਟਾਂ ਹਾਸਲ ਕਰਕੇ ਕਾਂਗਰਸ ਨੇ ਦਿੱਖ ਮੁੜ ਸੰਵਾਰੀ।

ਇਸ ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੇ ਤਰਤੀਬਵਾਰ 4 ਅਤੇ ਇਕ (ਕੁੱਲ 5) ਉਮੀਦਵਾਰ ਜਿੱਤੇ, ਜਦੋਂਕਿ 2014 ਦੀ ਚੋਣ ਦੌਰਾਨ ਪਹਿਲੀ ਵਾਰ ਮੈਦਾਨ ਵਿਚ ਨਿੱਤਰੀ ‘ਆਪ’ ਵੀ ਚਾਰ ਸੀਟਾਂ ‘ਤੇ ਜਿੱਤ ਦਰਜ ਕਰਕੇ ਇਤਿਹਾਸ ਰਚ ਗਈ। ਅਕਾਲੀ-ਭਾਜਪਾ ਗੱਠਜੋੜ ਨੇ ਤਰਤੀਬਵਾਰ 4 ਅਤੇ 2 (ਕੁੱਲ ਛੇ) ਸੀਟਾਂ ਜਿੱਤੀਆਂ, ਪਰ ਕਾਂਗਰਸ ਨੂੰ ਤਿੰਨ ਸੀਟਾਂ ਹੀ ਨਸੀਬ ਹੋਈਆਂ। ਇਸ ਦੌਰਾਨ ਪ੍ਰਨੀਤ ਕੌਰ ਵੀ ਪਟਿਆਲਾ ਤੋਂ ‘ਆਪ’ ਦੇ ਡਾæ ਧਰਮਵੀਰ ਗਾਂਧੀ ਕੋਲ਼ੋਂ ਚੋਣ ਹਾਰ ਗਏ ਸਨ।
ਲੋਕ ਸਭਾ ਦੀਆਂ 1977 ਤੋਂ 2014 ਤੱਕ ਦੀਆਂ ਪਿਛਲੀਆਂ 11 ਚੋਣਾਂ ਦੌਰਾਨ ਪੰਜਾਬ ਵਿਚ ਸੱਤ ਵਾਰ ਕਾਂਗਰਸ ਅਤੇ ਚਾਰ ਵਾਰ ਰਵਾਇਤੀ ਅਕਾਲੀ ਹਾਰੇ। ਦੋ ਚੋਣਾਂ ਵਿਚ ਕਾਂਗਰਸ ਅਤੇ ਇਕ ਵਿਚ ਅਕਾਲੀਆਂ ਦਾ ਕੋਈ ਵੀ ਉਮੀਦਵਾਰ ਨਾ ਜਿੱਤ ਸਕਿਆ। ਅਜਿਹੀ ਮਾਰ ਵਿਰੋਧੀ ਲਹਿਰਾਂ ਦੌਰਾਨ ਪਈ। ਇਕ ਵਾਰ ਗਰਮ-ਖਿਆਲੀ ਧਿਰਾਂ ਨੇ ਵੀ ਬਾਜ਼ੀ ਮਾਰੀ। ਉਂਜ ਅਕਾਲੀਆਂ ਵੱੱਲੋਂ ਕੀਤੇ ਬਾਈਕਾਟ ਵਾਲੀ (1992 ਦੀ) ਚੋਣ ਸਣੇ ਕਾਂਗਰਸ ਨੇ ਦੋ ਵਾਰ 12-12 ਅਤੇ ਦੋ ਵਾਰ ਅੱਠ ਅੱਠ ਸੀਟਾਂ ਵੀ ਜਿੱਤੀਆਂ।
1975 ਵਿਚ ਲੱਗੀ ਐਮਰਜੈਂਸੀ ਕਾਰਨ 1977 ਵਿਚਲੀ ਚੋਣ ਦੌਰਾਨ ਦੇਸ਼ ਭਰ ‘ਚ ਕਾਂਗਰਸ ਵਿਰੁੱਧ ਅਜਿਹੀ ਹਨੇਰੀ ਝੁੱਲੀ ਕਿ ਮਰਹੂਮ ਇੰਦਰਾ ਗਾਂਧੀ ਵੀ ਨਾ ਜਿੱਤ ਸਕੀ। ਉਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਜਨਤਾ ਪਾਰਟੀ ਦੇ ਚੋਣ ਗੱਠਜੋੜ ਨੇ ਤਰਤੀਬਵਾਰ 9 ਅਤੇ 3 (ਕੁੱਲ 12) ਸੀਟਾਂ ਜਿੱਤੀਆਂ। ਇਕ ਸੀਟ ਸੀæਪੀæਐਮæ ਦੇ ਹਿੱਸੇ ਵੀ ਆਈ। ਉਦੋਂ ਪਟਿਆਲਾ ਤੋਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੇਤੂ ਰਹੇ ਸਨ। ਬਾਕੀ ਜੇਤੂਆਂ ‘ਚ ਪ੍ਰਕਾਸ਼ ਸਿੰਘ ਬਾਦਲ, ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ, ਧੰਨਾ ਸਿੰਘ ਗੁਲਸ਼ਨ, ਬਸੰਤ ਸਿੰਘ ਖਾਲਸਾ ਅਤੇ ਮੋਹਣ ਸਿੰਘ ਤੁੜ ਵਰਗੇ ਅਕਾਲੀ ਨੇਤਾ ਵੀ ਸ਼ਾਮਲ ਰਹੇ।
ਫਿਰ 1980 ‘ਚ ਕਾਂਗਰਸ ਨੇ 12 ਸੀਟਾਂ ਜਿੱਤੀਆਂ ਤੇ ਅਕਾਲੀ ਦਲ ਦੇ ਸਿਰਫ ਲਹਿਣਾ ਸਿੰਘ ਤੁੜ (ਤਰਨ ਤਾਰਨ) ਹੀ ਜਿੱਤ ਸਕੇ। ਉਦੋਂ ਪਟਿਆਲਾ ਤੋਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਪਹਿਲੀ ਚੋਣ ਜਿੱਤੇ ਸਨ, ਪਰ 1984 ਦੀਆਂ ਘਟਨਾਵਾਂ ਦੌਰਾਨ ਅਸਤੀਫਾ ਦੇ ਦਿੱਤਾ ਸੀ। ਫਿਰ ਸਾਕਾ ਨੀਲਾ ਤਾਰਾ ਦੀ ਘਟਨਾ ਮਗਰੋਂ 1985 ਵਿਚ ਆਈ ਚੋਣ ਦੌਰਾਨ ਅਕਾਲੀਆਂ ਨੇ ਸੱਤ ਸੀਟਾਂ ‘ਤੇ ਜਿੱਤ ਦਰਜ ਕੀਤੀ ਤੇ ਕਾਂਗਰਸ ਨੂੰ ਛੇ ਸੀਟਾਂ ਮਿਲੀਆਂ। 1989 ਦੀ ਚੋਣ ਅਜਿਹੀ ਰਹੀ, ਜਦੋਂ ਰਵਾਇਤੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਹਾਰ ਗਏ ਸਨ। ਉਦੋਂ ਗਰਮਖਿਆਲੀ ਵਿਚਾਰਧਾਰਾ ਦੇ ਹੱਕ ਵਿਚ ਲਹਿਰ ਚੱਲੀ। ਇਸ ਦੌਰਾਨ ਤਰਨ ਤਾਰਨ ਤੋਂ ਜਿੱਤੇ ਸਿਮਰਨਜੀਤ ਸਿੰਘ ਮਾਨ ਨੇ ਜੇਤੂ ਲੀਡ ਪੱਖੋਂ ਦੇਸ਼ ਭਰ ਵਿਚ ਨਵਾਂ ਰਿਕਾਰਡ ਸਥਾਪਤ ਕੀਤਾ ਸੀ। ਇਸ ਚੋਣ ਵਿਚ ਅਕਾਲੀ ਦਲ (ਮਾਨ) ਦੇ ਛੇ ਉਮੀਦਵਾਰਾਂ ਸਣੇ ਗਰਮਖਿਆਲੀ ਵਿਚਾਰਧਾਰਾ ਵਾਲੇ ਨੌਂ ਉਮੀਦਵਾਰ ਜੇਤੂ ਰਹੇ ਸਨ। ਉਂਜ ਰਵਾਇਤੀ ਅਕਾਲੀ ਦਲ ਦੇ ਸਹਿਯੋਗ ਨਾਲ ਜਨਤਾ ਦਲ ਦੇ ਉਮੀਦਵਾਰ ਵਜੋਂ ਜਲੰਧਰ ਤੋਂ ਆਈæਕੇ ਗੁਜਰਾਲ (ਸਾਬਕਾ ਪ੍ਰਧਾਨ ਮੰਤਰੀ) ਜੇਤੂ ਰਹੇ। ਇਕ (ਫਿਲੌਰ) ਸੀਟ ਬਸਪਾ ਦੇ ਹਰਭਜਨ ਲਾਖਾ ਨੇ ਜਿੱਤੀ ਜਦੋਂਕਿ ਕਾਂਗਰਸ ਨੂੰ ਦੋ ਸੀਟਾਂ ਹੀ ਮਿਲੀਆਂ। ਪਟਿਆਲਾ ਸੀਟ ਉਦੋਂ ਗਰਮਖਿਆਲੀ ਆਗੂ ਭਾਈ ਅਤਿੰਦਰਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤੀ ਸੀ। ਉਧਰ, 1992 ਵਿਚ ਗਰਮਦਲੀਆਂ ਵੱਲੋਂ ਦਿੱਤੇ ਸੱਦੇ ਉਤੇ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਅਕਾਲੀ ਧੜਿਆਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ। ਇਸ ਦੌਰਾਨ ਕਾਂਗਰਸ ਨੇ ਬਾਰ੍ਹਾਂ ਸੀਟਾਂ ਜਿੱਤੀਆਂ। ਇਕ ਸੀਟ (ਫਿਰੋਜ਼ਪੁਰ) ਬਸਪਾ ਦੇ ਮੋਹਣ ਸਿੰਘ ਫਲੀਆਂਵਾਲਾ ਨੇ ਜਿੱਤੀ।
1996 ਵਿਚ ਕਾਂਗਰਸ ਨੂੰ ਗੁਰਦਾਸਪੁਰ ਤੇ ਅੰਮ੍ਰਿਤਸਰ (ਦੋ) ਸੀਟਾਂ ਹੀ ਮਿਲੀਆਂ। ਉਧਰ, ਸਾਂਝੇ ਗੱਠਜੋੜ ਦੌਰਾਨ ਅਕਾਲੀ ਦਲ ਨੇ 8 ਅਤੇ ਬਸਪਾ ਨੇ 3 (ਕੁੱਲ 11) ਸੀਟਾਂ ਜਿੱਤੀਆਂ। ਪਟਿਆਲਾ ਤੋਂ ਉਦੋਂ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਦੇ ਸੰਤ ਰਾਮ ਸਿੰਗਲਾ ਨੂੰ ਹਰਾਇਆ। ਪਰ ਜਲਦੀ ਹੀ 1998 ‘ਚ ਮੁੜ ਹੋਈ ਚੋਣ ਦੌਰਾਨ 19 ਸਾਲਾਂ ਬਾਅਦ ਦੂਜੀ ਵਾਰ ਕਾਂਗਰਸ ਦੇ ਹੱਥ ਖਾਲੀ ਰਹੇ। ਉਦੋਂ ਅਕਾਲੀ-ਭਾਜਪਾ ਗੱਠਜੋੜ ਨੂੰ ਤਰਤੀਬਵਾਰ 8 ਤੇ 3 (ਕੁੱਲ 11) ਸੀਟਾਂ ਮਿਲੀਆਂ। ਇਕ ਹੋਰ (ਜਲੰਧਰ) ਸੀਟ ਵੀ ਅਕਾਲੀ ਦਲ ਦੇ ਸਹਿਯੋਗੀ ਉਮੀਦਵਾਰ ਆਈæਕੇ ਗੁਜਰਾਲ (ਸਾਬਕਾ ਪ੍ਰਧਾਨ ਮੰਤਰੀ) ਨੇ ਜਿੱਤੀ। ਇਕ ਸੀਟ (ਫਿਲੌਰ) ਤੋਂ ਸਤਿਨਾਮ ਸਿੰਘ ਕੈਂਥ (ਆਜ਼ਾਦ ਉਮੀਦਵਾਰ ਵਜੋਂ) ਜੇਤੂ ਰਹੇ ਸਨ। ਉਦੋਂ ਪਟਿਆਲਾ ਤੋਂ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਕੋਲ਼ੋਂ ਜਿੱਤ ਹਾਸਲ ਕੀਤੀ।
1999 ਵਿਚ ਕਾਂਗਰਸ ਨੂੰ 8, ਅਕਾਲੀਆਂ ਨੂੰ 2 ਅਤੇ ਭਾਜਪਾ ਨੂੰ ਇਕ ਸੀਟ ਮਿਲੀ। ਇਕ-ਇਕ ਸੀਟ ਮਾਨ ਦਲ ਅਤੇ ਸੀæਪੀæਆਈæ ਦੇ ਹਿੱਸੇ ਆਈ। ਇਹ ਸਭ ਤੋਂ ਵੱਧ (ਪੰਜ) ਪਾਰਟੀਆਂ ਦੀ ਨੁਮਾਇੰਦਗੀ ਵਾਲੀ ਚੋਣ ਸੀ। ਪਰ 2004 ਵਿਚ ਕਾਂਗਰਸ ਫਿਰ ਦੋ ਸੀਟਾਂ ‘ਤੇ ਆ ਖਲੋਤੀ। ਇਨ੍ਹਾਂ ਵਿਚੋਂ ਪਟਿਆਲਾ ਤੋਂ ਪ੍ਰਨੀਤ ਕੌਰ ਅਤੇ ਜਲੰਧਰ ਤੋਂ ਰਾਣਾ ਗੁਰਜੀਤ ਸਿੰਘ ਜਿੱਤੇ। ਅਕਾਲੀ-ਭਾਜਪਾ ਗੱਠਜੋੜ ਨੇ 8 ਤੇ 3 (ਕੁੱਲ 11) ਸੀਟਾਂ ਜਿੱਤੀਆਂ।