‘ਪੰਜਾਬ ਟਾਈਮਜ਼’ ਦੀ ਰੰਗਾ-ਰੰਗ ਸ਼ਾਮ ਮੁਬਾਰਕ। ਤੁਹਾਡਾ ਪਰਿਵਾਰ ਅਤੇ ਅਦਾਰੇ ਨਾਲ ਜੁੜਿਆ ਹੋਇਆ ਹਰ ਬਸ਼ਰ ਇਸ ਸ਼ੁਭ ਮੌਕੇ ਮੁਬਾਰਕਬਾਦ ਦਾ ਹੱਕਦਾਰ ਹੈ। ਤੇਰਾਂ ਵਰ੍ਹੇ ਪਹਿਲਾਂ ਲਿਆ ਹੋਇਆ ਸੰਕਲਪ ਅਤੇ ਸਿਰਜਿਆ ਹੋਇਆ ਸੁਪਨਾ ਅੱਜ ਸਾਰਥਕ ਤੇ ਠੋਸ ਹਕੀਕਤ ਵਿਚ ਬਦਲ ਚੁੱਕਾ ਹੈ। ਅੱਜ ਉਤਰੀ ਅਮਰੀਕਾ, ਕੈਨੇਡਾ ਤੇ ਪੱਛਮੀ ਦੇਸ਼ਾਂ ਵਿਚ ਵਸਦਾ ਪੰਜਾਬੀ ਭਾਈਚਾਰਾ ‘ਪੰਜਾਬ ਟਾਈਮਜ਼’ ਨੂੰ ਆਪਣਾ ਬੁਲਾਰਾ ਮਹਿਸੂਸ ਕਰਦਾ ਹੈ। ਇਹ ਅਦਾਰਾ ਅੱਜ ਵਪਾਰਕ ਹੱਦਾਂ ਨੂੰ ਉਲੰਘ ਕੇ ਲੋਕਾਂ ਦੇ ਧੜਕਦੇ ਅਮਲ ਨਾਲ ਸਾਂਝ ਪਾ ਚੁੱਕਾ ਹੈ। ਨਿੱਜੀ ਤੌਰ ‘ਤੇ ਬਿਖੜੇ ਸਮੇਂ ਨਾਲ ਮੱਥਾ ਲਾਉਂਦਿਆਂ ਤੇ ਕੰਡਿਆਂ ਭਰੇ ਰਾਹਾਂ ਤੋਂ ਗੁਜ਼ਰਦਿਆਂ ਤੁਹਾਡੀ ਹਿੰਮਤ ਤੇ ਦਲੇਰੀ ਮਨੁੱਖੀ ਮਨ ਤੇ ਆਤਮਾ ਦੀ ਸ਼ਕਤੀ ਦੀ ਪ੍ਰਤੀਕ ਨਜ਼ਰ ਆਉਂਦੀ। ਤੁਸੀਂ ਸੂਰਮਿਆਂ ਵਾਂਗ ਮੁਸ਼ਕਿਲਾਂ ਨਾਲ ਮੱਥਾ ਲਾਇਆ ਹੈ ਤੇ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਣ ਦਾ ਅਮਲ ਹੰਢਾਇਆ ਹੈ। ਤੁਸੀਂ ਜੀਵਨ ਦੀ ਲੜਾਈ ਲਗਾਤਾਰ, ਯੋਧੇ ਵਾਂਗ ਲੜੀ ਹੈ। ਤੁਹਾਡੀ ਅਖ਼ਬਾਰ ਤੇ ਤੁਹਾਡੀ ਸ਼ਖ਼ਸੀਅਤ ਮਨੁੱਖ ਦੀ ਅਸੀਮ ਇੱਛਾ ਸ਼ਕਤੀ ਦੀ ਬੇਮੇਚੀ ਮਿਸਾਲ ਹੈ।
ਅਮੋਲਕ, ਤੁਸੀਂ ਪੰਜਾਬੀ ਭਾਈਚਾਰੇ ਦੇ ਹਰ ਸੋਚ ਵਾਲੇ ਬੰਦੇ ਨੂੰ ਮੰਚ ਦਿੱਤਾ ਹੈ। ਅੱਜ ‘ਪੰਜਾਬ ਟਾਈਮਜ਼’ ਪੰਜਾਬੀਆਂ ਨਾਲ ਜੁੜੇ ਹੋਏ ਬਹੁ-ਮੁਖੀ ਵਰਤਾਰਿਆਂ ਨੂੰ ਮੰਚ ਦੇਣ ਦੇ ਕਾਬਲ ਹੈ। ਪੱਛਮੀ ਦੇਸ਼ਾਂ ਵਿਚ ਵਸਦੇ ਲੋਕਾਂ ਵਿਚ ਆਪਸੀ ਸਾਂਝ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਭਾਸ਼ਾਈ ਤੇ ਸਭਿਆਚਾਰਕ ਨਕਸ਼ਾਂ ਦੀ ਜਾਣ-ਪਛਾਣ ਬਣਾਉਣ ਵਿਚ ਇਸ ਅਦਾਰੇ ਦੀ ਮੋਹਰੀ ਭੂਮਿਕਾ ਹੈ। ਤੁਸੀਂ ਰੋਸ਼ਨੀ ਦੀ ਮਿਸਾਲ ਉਚੀ ਕੀਤੀ ਹੈ, ਚੇਤਨਾ ਦਾ ਝੰਡਾ ਬੁਲੰਦ ਕੀਤਾ ਹੈ।
ਤੁਹਾਡੇ ਬਹੁਤੇ ਕਾਲਮ ਲੇਖਕ ਤੁਹਾਡੀ ਸੂਝ-ਬੂਝ ਤੋਂ ਉਦਾਰ ਰਵੱਈਏ ਨੂੰ ਦਰਸਾਉਂਦੇ ਹਨ। ਅਮਰੀਕਾ ਤਾਂ ਕੀ, ਪੰਜਾਬ ਦਾ ਵੀ ਕੋਈ ਅਖ਼ਬਾਰ ਇੰਨੀ ਵੰਨ-ਸਵੰਨੀ ਪੜ੍ਹਨ-ਸਮੱਗਰੀ ਪਾਠਕਾਂ ਲਈ ਮੁਹੱਈਆ ਨਹੀਂ ਕਰਦਾ। ਤੁਹਾਡੀ ਸ਼ਕਤੀ ਬਣ ਕੇ ਤੁਹਾਡੇ ਅੰਗ-ਸੰਗ ਨਿਭਣ ਵਾਲੀ ਬੀਬੀ ਜਸਪ੍ਰੀਤ ਕੌਰ ਨੂੰ ਸ਼ੁਭ-ਕਾਮਨਾ ਤੇ ਵਧਾਈ।
-ਨਿਰੰਜਨ ਸਿੰਘ ਢੇਸੀ
ਫੋਨ: 317-667-4872
Leave a Reply