ਨਿਊਜ਼ੀਲੈਂਡ: ਨਮਾਜ਼ ਅਦਾ ਕਰ ਰਹੇ ਅਕੀਦਤਮੰਦਾਂ ‘ਤੇ ਦਹਿਸ਼ਤੀ ਹਮਲਾ, 50 ਹਲਾਕ

ਕ੍ਰਾਈਸਟਚਰਚ: ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਚ ਇਕ ਬੰਦੂਕਧਾਰੀ ਵੱਲੋਂ ਦੋ ਮਸਜਿਦਾਂ ਵਿਚ ਕੀਤੀ ਗੋਲੀਬਾਰੀ ਵਿਚ 50 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਗੋਲੀਬਾਰੀ ਵਿਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ 20 ਦੇ ਕਰੀਬ ਦੱਸੀ ਜਾਂਦੀ ਹੈ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਇਸ ਹਮਲੇ ਵਿਚ 7 ਭਾਰਤੀ ਵੀ ਮਾਰੇ ਗਏ। ਪੁਲਿਸ ਨੇ ਇਕ ਮਹਿਲਾ ਸਮੇਤ ਚਾਰ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਬੰਦੂਕਧਾਰੀ ਦੀ ਪਛਾਣ ਆਸਟਰੇਲਿਆਈ ਨਾਗਰਿਕ ਬਰੈਂਟਨ ਟੈਰੰਟ (28) ਵਜੋਂ ਹੋਈ ਹੈ, ਜਿਸ ਨੇ ਇਸ ਪੂਰੀ ਘਟਨਾ ਨੂੰ ਆਪਣੇ ਫੇਸਬੁੱਕ ਖਾਤੇ ‘ਤੇ ਲਾਈਵ ਵਿਖਾਇਆ।

ਇਸ ਦੌਰਾਨ ਨਿਊਜ਼ੀਲੈਂਡ ਦੌਰੇ ‘ਤੇ ਆਈ ਬੰਗਲਾਦੇਸ਼ ਕ੍ਰਿਕਟ ਟੀਮ ਦਾ ਵਾਲ ਵਾਲ ਬਚਾਅ ਹੋ ਗਿਆ। ਜਦੋਂ ਹਮਲਾ ਹੋਇਆ ਬੰਗਲਾਦੇਸ਼ੀ ਟੀਮ ਦੇ ਖਿਡਾਰੀ ਮਸਜਿਦ ਵਿਚ ਨਮਾਜ਼ ਅਦਾ ਕਰਨ ਜਾ ਰਹੇ ਸਨ। ਟੀਮ ਦੇ ਕੋਚ ਮੁਤਾਬਕ ਸਾਰੇ ਖਿਡਾਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਸ ਘਟਨਾ ਨੂੰ ਪੂਰੀ ਵਿਉਂਤਬੰਦੀ ਨਾਲ ਕੀਤਾ ‘ਦਹਿਸ਼ਤੀ ਹਮਲਾ’ ਕਰਾਰ ਦਿੰਦਿਆਂ ਇਸ ਦਿਨ ਨੂੰ ਮੁਲਕ ਦਾ ਕਾਲਾ ਦਿਨ ਦੱਸਿਆ ਹੈ।
ਜਾਣਕਾਰੀ ਅਨੁਸਾਰ ਬੰਦੂਕਧਾਰੀ ਹਮਲਾਵਰ ਪਹਿਲਾਂ ਇਕ ਮਸਜਿਦ ਵਿਚ ਦੋ ਮਿੰਟ ਰਿਹਾ ਤੇ ਉਥੇ ਮੌਜੂਦ ਅਕੀਦਤਮੰਦਾਂ ‘ਤੇ ਗੋਲੀਆਂ ਵਰ੍ਹਾਈਆਂ। ਉਸ ਨੇ ਦਮ ਤੋੜ ਚੁੱਕੇ ਵਿਅਕਤੀਆਂ ‘ਤੇ ਵੀ ਗੋਲੀਆਂ ਦਾਗੀਆਂ। ਮਗਰੋਂ ਉਹ ਸੜਕ ‘ਤੇ ਆ ਗਿਆ ਤੇ ਰਾਹਗੀਰਾਂ ਨੂੰ ਵੀ ਨਿਸ਼ਾਨਾ ਬਣਾਇਆ। ਬਾਅਦ ਵਿਚ ਉਹ ਆਪਣੀ ਕਾਰ ਵਿਚ ਬੈਠ ਗਿਆ ਜਿਸ ਵਿਚ ਅੰਗਰੇਜ਼ੀ ਰੌਕ ਬੈਂਡ ‘ਦਿ ਕਰੇਜ਼ੀ ਵਰਲਡ ਆਫ ਆਰਥਰ ਬਰਾਊਨ’ ਦਾ ‘ਫਾਇਰ’ ਗੀਤ ਵੱਜ ਰਿਹਾ ਸੀ। ਗੀਤ ਦੇ ਬੋਲ ਸਨ “ਆਈ ਐਮ ਦਿ ਗੌਡ ਆਫ ਹੈੱਲਫਾਇਰ।” ਮਗਰੋਂ ਬੰਦੂਕਧਾਰੀ ਉਥੋਂ ਚਲਾ ਜਾਂਦਾ ਹੈ ਤੇ ਵੀਡੀਓ ਬੰਦ ਹੋ ਜਾਂਦਾ ਹੈ। ਕ੍ਰਾਈਸਟਚਰਚ ਦੇ ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਦੱਸਿਆ ਕਿ ਦੋ ਮਸਜਿਦਾਂ (ਮਸਜਿਦ ਅਲ ਨੂਰ ਤੇ ਲਿਨਵੁੱਡ ਐਵ ਮਸਜਿਦ) ਵਿਚ ਕੀਤੀ ਗੋਲੀਬਾਰੀ ਨਾਲ 50 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਦੋਵੇਂ ਮਸਜਿਦਾਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਹਨ। ਆਸਟਰੇਲੀਅਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਿਡਨੀ ਵਿਚ ਦਿੱਤੇ ਇਕ ਬਿਆਨ ਵਿਚ ਕਿਹਾ ਕਿ ਕ੍ਰਾਈਸਟਚਰਚ ਦੀ ਇਕ ਮਸਜਿਦ ਵਿਚ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਦੀ ਪਛਾਣ ਆਸਟਰੇਲੀਅਨ ਨਾਗਰਿਕ ਵਜੋਂ ਹੋਈ ਹੈ। ਮੌਰੀਸਨ ਨੇ ਬੰਦੂਕਧਾਰੀ ਨੂੰ ਇੰਤਹਾਪਸੰਦ, ਸੱਜੇ-ਪੱਖੀ ਤੇ ਹਿੰਸਕ ਦਹਿਸ਼ਤਗਰਦ ਕਰਾਰ ਦਿੱਤਾ ਹੈ। ਪੁਲਿਸ ਮੁਤਾਬਕ ਫੌਜ ਨੇ ਧਮਾਕਾਖੇਜ਼ ਸਮੱਗਰੀ (ਦੋ ਆਈਈਡੀ’ਜ਼) ਵੀ ਬਰਾਮਦ ਕੀਤੀ ਹੈ।
ਸੋਸ਼ਲ ਮੀਡੀਆ ਅਤੇ ਇੰਟਰਨੈੱਟ ‘ਤੇ ਸਰਕੂਲੇਟ ਵੀਡੀਓਜ਼ ਤੇ ਹੋਰ ਦਸਤਾਵੇਜ਼ਾਂ ਮੁਤਾਬਕ ਹਮਲਾਵਰਾਂ ‘ਚੋਂ ਇਕ ਬੰਦੂਕਧਾਰੀ ਨੇ ਇਸ ਪੂਰੇ ਕਾਰੇ ਦੀ ਆਪਣੇ ਫੇਸਬੁੱਕ ਖਾਤੇ ਰਾਹੀਂ ਲਾਈਵ ਸਟ੍ਰੀਮਿੰਗ ਕੀਤੀ। ਇਹ ਵੀਡੀਓ, ਜਿਸ ਨੂੰ ਮਗਰੋਂ ਫੇਸਬੁੱਕ ਤੇ ਹੋਰਨਾਂ ਸੋਸ਼ਲ ਸਾਈਟਾਂ ਤੋਂ ਹਟਾ ਲਿਆ ਗਿਆ। ਨਿਊਜ਼ੀਲੈਂਡ ਪੁਲਿਸ ਨੇ ਵੀਡੀਓ ਨੂੰ ‘ਬੇਹੱਦ ਅਫਸੋਸਨਾਕ’ ਦੱਸਦਿਆਂ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੂੰ ਅੱਗੇ ਸਾਂਝਾ ਨਾ ਕਰਨ। ਉਂਜ ਹਮਲਾਵਰ ਦੇ ਫੇਸਬੁੱਕ ਪੇਜ ਨਾਲ ਲਿੰਕ ਖਾਤਿਆਂ ‘ਚ ਇਕ ਮੈਨੀਫੈਸਟੋ ਵੀ ਪੋਸਟ ਕੀਤਾ ਗਿਆ ਹੈ, ਜਿਸ ਵਿਚ ਇਸ ਹਮਲੇ ਨੂੰ ਨਸਲ ਤੋਂ ਪ੍ਰੇਰਿਤ ਦੱਸਿਆ ਗਿਆ ਹੈ। ਸੋਸ਼ਲ ਮੀਡੀਆ ਖਾਤੇ ਵਿਚ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਸੈਮੀ-ਆਟੋਮੈਟਿਕ ਹਥਿਆਰ ‘ਤੇ ਕਈ ਇਤਿਹਾਸਕ ਸ਼ਖਸੀਅਤਾਂ ਦੇ ਨਾਂ ਹਨ, ਜਿਨ੍ਹਾਂ ਵਿਚੋਂ ਕਈ ਮੁਸਲਮਾਨਾਂ ਦੀਆਂ ਹੱਤਿਆਵਾਂ ਵਿਚ ਸ਼ਾਮਲ ਸਨ।
ਮਸਜਿਦ ਵਿਚ ਮੌਕੇ ‘ਤੇ ਮੌਜੂਦ ਅਲ ਨੂਰ ਨਾਂ ਦੇ ਸ਼ਖਸ ਨੇ ਦੱਸਿਆ ਕਿ ਬੰਦੂਕਧਾਰੀ ਹਮਲਾਵਰ ਗੋਰਾ ਸੀ। ਉਸ ਨੇ ਸਿਰ ‘ਤੇ ਹੈਲਮਟ ਤੇ ਬੁਲੇਟ ਪਰੂਫ ਜੈਕਟ ਪਾਈ ਹੋਈ ਸੀ। ਜਦੋਂ ਉਸ ਨੇ ਗੋਲੀਆਂ ਚਲਾਈਆਂ ਮਸਜਿਦ ਵਿਚ ਮੌਜੂਦ ਲੋਕ ਨਮਾਜ਼ ਅਦਾ ਕਰ ਰਹੇ ਸਨ। ਨਿਊਜ਼ੀਲੈਂਡ ਪੁਲਿਸ ਨੇ ਮੁਲਕ ਵਿਚ ਰਹਿੰਦੇ ਮੁਸਲਮਾਨਾਂ ਨੂੰ ਕਿਸੇ ਵੀ ਮਸਜਿਦ ਵਿਚ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ।
____________________
ਪਾਕਿ ਨਾਗਰਿਕ ਨੂੰ ਮਿਲੇਗਾ ਕੌਮੀ ਐਵਾਰਡ
ਇਸਲਾਮਾਬਾਦ: ਕ੍ਰਾਈਸਟਚਰਚ ਹਮਲੇ ਦੌਰਾਨ ਗੋਰੇ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੌਰਾਨ ਜ਼ਖਮੀ ਤੇ ਮਗਰੋਂ ਦਮ ਤੋੜ ਗਏ ਆਪਣੇ ਨਾਗਰਿਕ ਮੀਆਂ ਨਈਮ ਰਾਸ਼ਿਦ ਦਾ ਮਰਨ ਉਪਰੰਤ ਕੌਮੀ ਐਵਾਰਡ ਨਾਲ ਸਨਮਾਨ ਕਰੇਗਾ। ਰਾਸ਼ਿਦ, ਐਬਟਾਬਾਦ ਦੇ ਜਿੰਨ੍ਹਾਬਾਦ ਦਾ ਬਾਸ਼ਿੰਦਾ ਸੀ ਤੇ ਨਿਊਜ਼ੀਲੈਂਡ ਵਿਚ ਪ੍ਰੋਫੈਸਰ ਸੀ। ਹਮਲੇ ਮੌਕੇ ਉਹ ਮਸਜਿਦ ਵਿਚ ਮੌਜੂਦ ਸੀ। ਹਮਲਾਵਰ ਨਾਲ ਹੱਥੋਪਾਈ ਦੌਰਾਨ ਰਾਸ਼ਿਦ ਜ਼ਖਮੀ ਹੋ ਗਿਆ ਸੀ ਤੇ ਉਸ ਨੇ ਬਾਅਦ ਵਿਚ ਦਮ ਤੋੜ ਦਿੱਤਾ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਸਰਕਾਰ ਪਾਕਿਸਤਾਨੀ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ। ਹਮਲੇ ਵਿਚ ਫੌਤ ਹੋਏ ਪਾਕਿਸਤਾਨੀ ਨਾਗਰਿਕਾਂ ‘ਚ ਰਾਸ਼ਿਦ ਦਾ 22 ਸਾਲਾ ਪੁੱਤ ਵੀ ਸ਼ਾਮਲ ਹੈ। ਪਾਕਿ ਵਿਦੇਸ਼ ਦਫਤਰ ਨੇ ਮਸਜਿਦ ਹਮਲਿਆਂ ਵਿਚ ਆਪਣੇ ਨੌਂ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
____________________
ਮੋਦੀ ਵੱਲੋਂ ਦਹਿਸ਼ਤੀ ਹਮਲੇ ਦੀ ਨਿਖੇਧੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ੀਲੈਂਡ ਵਿਚ ਹੋਏ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਘਟਨਾ ‘ਤੇ ਦੁੱਖ ਜਤਾਇਆ ਹੈ। ਨਿਊਜ਼ੀਲੈਂਡ ਦੀ ਆਪਣੀ ਹਮਰੁਤਬਾ ਜੈਸਿੰਡਾ ਅਰਡਰਨ ਨੂੰ ਲਿਖੇ ਪੱਤਰ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਇਸ ਮੁਸ਼ਕਲ ਘੜੀ ਵਿਚ ਨਿਊਜ਼ੀਲੈਂਡ ਦੇ ਲੋਕਾਂ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ ਤੇ ਭਾਰਤ ਦਹਿਸ਼ਤਗਰਦੀ ਦੀ ਹਮਾਇਤ ਕਰਨ ਵਾਲਿਆਂ ਦੀ ਨਿਖੇਧੀ ਕਰਦਾ ਹੈ।