ਬਠਿੰਡਾ: ਪੰਜਾਬ ਦੇ ਲੋਕ ਪੰਜ ਵਰ੍ਹਿਆਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲੇ ਸੁਣਦੇ ਆ ਰਹੇ ਹਨ। ਠੀਕ ਪੰਜ ਵਰ੍ਹੇ ਪਹਿਲਾਂ ਜਦੋਂ ਨਰਿੰਦਰ ਮੋਦੀ ਬਠਿੰਡਾ ਪੁੱਜੇ ਤਾਂ ਉਨ੍ਹਾਂ ਪੰਜਾਬ ਦੀ ਕਪਾਹ ਪੱਟੀ ਦੀ ਤਕਦੀਰ ਬਦਲਣ ਦਾ ਐਲਾਨ ਕੀਤਾ। ਉਸ ਦਾ ਸਿੱਧਾ ਇਸ਼ਾਰਾ ਪੰਜਾਬ ਵਿਚ ਕਪਾਹ ਅਧਾਰਿਤ ਸਨਅਤਾਂ ਲਾਉਣਾ ਸੀ। ਉਂਜ ਤਾਂ ਪੂਰੇ ਪੰਜਾਬ ਦੀ ਕਿਸਾਨੀ ਦੇ ਪਸੀਨੇ ਦਾ ਮੁੱਲ ਨਹੀਂ ਪਿਆ। ਕਿਸਾਨ ਧਿਰਾਂ ਵੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਲਈ ਸੰਘਰਸ਼ ਦੇ ਰਾਹ ‘ਤੇ ਹਨ ਪਰ ਇਹ ਰਿਪੋਰਟ ਹਕੀਕਤ ਨਹੀਂ ਬਣ ਸਕੀ। ਪੰਜਾਬ ਵਿਚ ਖੁਦਕੁਸ਼ੀ ਦਾ ਦੌਰ ਰੁਕ ਨਹੀਂ ਸਕਿਆ ਹੈ।
ਜਦੋਂ ਪ੍ਰਧਾਨ ਮੰਤਰੀ ਥੋੜ੍ਹਾ ਅਰਸਾ ਪਹਿਲਾਂ ਮਲੋਟ ਆਏ ਤਾਂ ਉਨ੍ਹਾਂ ਇਕੋ ਐਲਾਨ ਕੀਤਾ ਕਿ ਨਰਮੇ ਨੂੰ ਨਰਮ ਨਹੀਂ ਪੈਣ ਦਿੱਤਾ ਜਾਵੇਗਾ। ਅੱਜ ਪੰਜਾਬ ਵਿਚ ਨਰਮੇ ਹੇਠਲਾ ਰਕਬਾ ਪੌਣੇ ਤਿੰਨ ਲੱਖ ਹੈਕਟੇਅਰ ਰਹਿ ਗਿਆ ਹੈ। ਕਿਸਾਨੀ ਦਾ ਨਰਮੇ ਤੋਂ ਮੋਹ ਭੰਗ ਹੋ ਚੁੱਕਾ ਹੈ। ਕਪਾਹ ਮਿੱਲਾਂ ਨੂੰ ਤਾਲੇ ਲੱਗ ਰਹੇ ਹਨ। ਕਪਾਹ ਮਿੱਲਾਂ ਦੀ ਥਾਂ ਹੁਣ ਚੌਲ ਮਿੱਲਾਂ ਨੇ ਲੈ ਲਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੰਜ ਵਰ੍ਹਿਆਂ ਦੌਰਾਨ ਕਪਾਹ ਅਧਾਰਿਤ ਉਦਯੋਗ ਨਹੀਂ ਲਿਆ ਸਕੇ। ਬਠਿੰਡਾ ਵਿਚ ਟੈਕਸਟਾਈਲ ਸਿਟੀ ਬਣਾਏ ਜਾਣ ਦੀ ਮੰਗ ਪੁਰਾਣੀ ਹੈ। ਹਰਸਿਮਰਤ ਖੁਦ ਆਖਦੇ ਹਨ ਕਿ ਪੰਜਾਬ ਵਿਚ ਦੋ ਵਰ੍ਹਿਆਂ ਦੌਰਾਨ 925 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਪੰਜਾਬ ਸਮੇਤ ਕੇਂਦਰ ਸਰਕਾਰ ਵੀ ਇਸ ਲਈ ਜ਼ਿੰਮੇਵਾਰ ਹੈ। ਜਿਣਸਾਂ ਦੇ ਭਾਅ ਤੈਅ ਕਰਨਾ ਕੇਂਦਰ ਦਾ ਖੇਤਰ ਹੈ। ਕਿਸਾਨਾਂ ਤੇ ਮਜ਼ਦੂਰਾਂ ਦੀ ਹੋਣੀ ਮੋਦੀ ਸਰਕਾਰ ਬਦਲ ਨਹੀਂ ਸਕੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਮੰਤਰਾਲੇ ਦੇ ਵੱਡੇ ਪ੍ਰਾਜੈਕਟ ਵੀ ਨਹੀਂ ਲਿਆ ਸਕੇ। ਭਾਜਪਾ ਦਾ ਚੋਣ ਮਨੋਰਥ ਪੱਤਰ ਪੰਜਾਬ ਵਿਚ ਕੋਈ ਰੰਗ ਨਹੀਂ ਦਿਖਾ ਸਕਿਆ ਹੈ। ਭਾਵੇਂ ਕੇਂਦਰ ਸਰਕਾਰ ਨੇ ਪੰਜਾਬ ਵਾਸਤੇ 16 ਨਵੇਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਕੇਂਦਰ ਪ੍ਰਵਾਨ ਕੀਤੇ ਅਤੇ ਸਮਾਰਟ ਸਿਟੀ ਤਹਿਤ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਦੀ ਚੋਣ ਕੀਤੀ ਸੀ ਪਰ ਇਨ੍ਹਾਂ ਦਾ ਅਮਲ ਕਿਧਰੇ ਨਜ਼ਰ ਨਹੀਂ ਆਇਆ ਹੈ।
ਕੇਂਦਰ ਨੇ ਸਰਹਿੰਦ ਫੀਡਰ ਨਹਿਰ ਅਤੇ ਰਾਜਸਥਾਨ ਫੀਡਰ ਨਹਿਰ ਦੀ ਮੁਰੰਮਤ ਲਈ 825 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਪਰ ਇਸ ਦਾ ਕੰਮ ਵੀ ਹਾਲੇ ਤੱਕ ਸ਼ੁਰੂ ਨਹੀਂ ਹੋਇਆ ਹੈ। ਹੁਣ ਸੰਸਦੀ ਚੋਣਾਂ ਲਈ ਮਾਹੌਲ ਗਰਮ ਹੈ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰਨ ਦੀ ਰੁੱਤ ਆ ਗਈ। ਕੁਝ ਦਿਨਾਂ ਤੱਕ ਚੋਣ ਮਨੋਰਥ ਪੱਤਰ ਲੋਕਾਂ ਦੇ ਸਾਹਮਣੇ ਆ ਜਾਣਗੇ। ਫਿਰ ਹਰ ਵਰਗ ਨੂੰ ਅੰਬਰੀਂ ਤਾਰੇ ਤੋੜ ਲਿਆਉਣ ਦੇ ਸੁਪਨੇ ਦਿਖਾਏ ਜਾਣਗੇ। ਜੇਕਰ ਠੀਕ 5 ਸਾਲ ਪਹਿਲਾਂ ਹੋਈਆਂ ਸੰਸਦੀ ਚੋਣਾਂ ਦੌਰਾਨ ਜਾਰੀ ਕੀਤੇ ਚੋਣ ਮਨੋਰਥ ਪੱਤਰਾਂ ‘ਤੇ ਝਾਤ ਮਾਰੀ ਜਾਵੇ ਤਾਂ ਸਭ ਕੁਝ ਸਾਫ ਹੋ ਜਾਂਦਾ ਹੈ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 5 ਸਾਲ ਪਹਿਲਾਂ ਵੱਖੋ-ਵੱਖਰੋ ਤੌਰ ‘ਤੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਗਏ ਸਨ। ਇਨ੍ਹਾਂ ਚੋਣ ਮਨੋਰਥ ਪੱਤਰਾਂ ਮੁਤਾਬਕ ਪੰਜਾਬ ਦੇ ਕਿਸਾਨਾਂ ਲਈ ਹੁਣ ਤੱਕ ਕੁਝ ਨਹੀਂ ਕੀਤਾ ਗਿਆ। ਭਾਜਪਾ ਨੇ ਡਾæ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਕਿਸਾਨਾਂ ਨੂੰ ਜਿਣਸਾਂ ਦੇ ਭਾਅ ਦੇਣ ਦਾ ਵਾਅਦਾ ਕੀਤਾ ਸੀ। ਅਕਾਲੀ ਦਲ ਨੇ ਵੀ ਆਪਣੇ ਭਾਈਵਾਲਾਂ ਦੀ ਪੈੜ ‘ਚ ਪੈੜ ਧਰਦਿਆਂ ਸਮਰਥਨ ਮੁੱਲ ਵਧਾਉਣ ਦਾ ਵਾਅਦਾ ਕੀਤਾ ਸੀ। ਪਰ ਸੱਤਾ ਵਿਚ ਆਉਂਦਿਆਂ ਹੀ ਭਾਜਪਾ ਵਾਅਦਾ ਭੁੱਲ ਗਈ ਤੇ ਅਕਾਲੀਆਂ ਨੂੰ ਵੀ ਵਾਅਦਾ ਯਾਦ ਨਾ ਆਇਆ। ਇਹ ਕਿਸਾਨਾਂ ਲਈ ਜੁਮਲਾ ਹੀ ਸਾਬਤ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਨੂੰ ਸੂਬਾਈ ਚੋਣਾਂ ਦੌਰਾਨ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਦੀ ਯਾਦ ਵਾਰ ਵਾਰ ਕਰਾਈ ਜਾਂਦੀ ਹੈ ਪਰ ਅਕਾਲੀ 2014 ਦੌਰਾਨ ਜਾਰੀ ਕੀਤੇ ਆਪਣੇ ਮੈਨੀਫੈਸਟੋ ਨੂੰ ਭੁੱਲ ਗਏ ਹਨ। ਹਾਲਾਂਕਿ ਕੇਂਦਰ ਸਰਕਾਰ ਵਿਚ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਹਨ। ਜੇਕਰ ਅਕਾਲੀਆਂ ਦੇ ਮੈਨੀਫੈਸਟੋ ਦੀ ਗੱਲ ਕਰੀਏ ਤਾਂ ਫਸਲਾਂ ਦਾ ਸਮਰਥਨ ਮੁੱਲ 50 ਫੀਸਦੀ ਮੁਨਾਫੇ ਦੇ ਆਧਾਰ ‘ਤੇ ਤੈਅ ਕਰਨ, ਕਿਸਾਨੀ ਕਰਜ਼ੇ ਸਸਤੀਆਂ ਵਿਆਜ ਦਰਾਂ ‘ਤੇ ਮੁਹੱਈਆ ਕਰਾਉਣ, ਫਸਲੀ ਵਿਭਿੰਨਤਾ ਲਿਆਉਣ, ਬਦਲਵੀਆਂ ਫਸਲਾਂ ਦਾ ਢੁਕਵਾਂ ਮੰਡੀਕਰਨ, ਖੇਤੀ ਵਿਭਿੰਨਤਾ ਲਈ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ, ਸਹਾਇਕ ਧੰਦਿਆਂ ਲਈ ਸਸਤੇ ਕਰਜ਼ੇ ਅਤੇ ਇਨ੍ਹਾਂ ਨੂੰ ਆਮਦਨ ਕਰਨ ਤੋਂ ਮੁਕਤ ਕਰਾਉਣ ਦਾ ਵਾਅਦਾ ਕੀਤਾ ਗਿਆ ਸੀ। ਇਸੇ ਤਰ੍ਹਾਂ ਖੇਤੀ ਖੇਤਰ ਵਿਚ ਨਵੀਆਂ ਤਕਨੀਕਾਂ ਵਿਕਸਤ ਕਰਨ ਅਤੇ ਅਪਣਾਉਣ, ਕੌਮਾਂਤਰੀ ਮਾਰਕੀਟ ਚੇਨ ਪੰਜਾਬ ‘ਚ ਬਣਾਉਣ, ਫੂਡ ਪ੍ਰਾਸੈਸਿੰਗ ਉਦਯੋਗ ਲਗਵਾਉਣ, ਫਸਲੀ ਬੀਮਾ ਸ਼ੁਰੂ ਕਰਨ ਅਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿਵਾਉਣ ਦੇ ਵਾਅਦੇ ਵੀ ਕੀਤੇ ਗਏ ਸਨ।
ਇਸੇ ਤਰ੍ਹਾਂ ਭਾਜਪਾ ਨੇ ਸੀਮਾਂਤ, ਛੋਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਭਲਾਈ ਦੀਆਂ ਯੋਜਨਾਵਾਂ ਸ਼ੁਰੂ ਕਰਨਾ, ਫਸਲ ਬੀਮਾ ਸ਼ੁਰੂ ਕਰਨਾ, ਖ਼ਪਤਕਾਰ ਤੇ ਕਿਸਾਨਾਂ ਦੇ ਹਿਤਾਂ ਦੀ ਮੰਡੀ ਮੁਹੱਈਆ ਕਰਾਉਣਾ, ਖੇਤਰੀ ਕਿਸਾਨ ਟੈਲੀਵਿਜ਼ਨ ਚੈਨਲ ਸ਼ੁਰੂ ਕਰਨੇ, ਕਿਸਾਨਾਂ ਦੀ ਆਮਦਨ ਵਧਾਉਣੀ, ਸਹਾਇਕ ਧੰਦਿਆਂ ਖਾਸ ਕਰ ਬਾਗਵਾਨੀ, ਫੁੱਲਾਂ ਦੀ ਖੇਤੀ, ਪੋਲਟਰੀ, ਸ਼ਹਿਦ ਦੀਆਂ ਮੱਖੀਆਂ ਪਾਲਣਾ, ਸੂਰ ਪਾਲਣਾਂ ਆਦਿ ਨੂੰ ਪ੍ਰਫੁੱਲਤ ਕਰਨਾ, ਵੱਧ ਆਮਦਨ ਵਾਲੀਆਂ ਫਸਲਾਂ ਨੂੰ ਉਤਸ਼ਾਹਿਤ ਕਰਨਾ ਅਤੇ ਮਾਹੌਲ ਬਣਾਉਣਾ, ਪਾਣੀ ਦੀ ਘੱਟ ਖਪਤ ਵਾਲੀਆਂ ਫਸਲਾਂ ਲਿਆਉਣਾ ਤੇ ਖੋਜ ਕਰਨੀ ਤੇ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਵਾਅਦਾ ਕੀਤਾ ਸੀ।
________________________
ਭਾਜਪਾ ਨੇ ਸਬਜ਼ਬਾਗ ਦਿਖਾ ਕੇ ‘ਮਹਾਂਫਰਾਡ’ ਕੀਤਾ: ਜਾਖੜ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੇ ਸਾਲ 2014 ਦੀਆਂ ਚੋਣਾਂ ਵਿਚ ਦੇਸ਼ ਦੇ ਲੋਕਾਂ ਨੂੰ ਲੁਭਾਉਣੇ ਸੁਪਨੇ ਦਿਖਾ ਕੇ ਉਹੋ ਜਿਹਾ ‘ਮਹਾਂਫਰਾਡ’ ਕੀਤਾ ਜਿਸ ਤਰ੍ਹਾਂ ਚਿੱਟ ਫੰਡ ਕੰਪਨੀਆਂ ਪੈਸੇ ਦੁੱਗਣੇ ਕਰਨ ਦੇ ਸੁਪਨੇ ਦਿਖਾ ਕੇ ਕਰਦੀਆਂ ਹਨ। ਲੋਕਾਂ ਦੇ ਖਾਤਿਆਂ ਵਿਚ ਨਾ 15 ਲੱਖ ਆਏ ਅਤੇ ਨਾ ਹੀ ਵਿਦੇਸ਼ੀ ਬੈਂਕਾਂ ਵਿਚਲਾ ਕਾਲਾ ਧਨ ਦੇਸ਼ ‘ਚ ਵਾਪਸ ਆਇਆ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਅੱਛੇ ਦਿਨਾਂ ਵਾਲੇ ਨਾਅਰੇ ਲਾ ਕੇ ਲੋਕਾਂ ਨੂੰ ਠੱਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਗਾ ਦੀ ਸਫਾਈ ਨਾ ਕਰਕੇ ਲੋਕਾਂ ਦੀ ਧਾਰਮਿਕ ਆਸਥਾ ਨਾਲ ਖਿਲਵਾੜ ਕੀਤਾ ਹੈ। ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਨੋਟਬੰਦੀ ਨੇ ਪਹਿਲਾਂ ਮਿਲੇ ਰੁਜ਼ਗਾਰ ਵੀ ਖੋਹ ਲਏ।