ਅਟਾਰੀ: ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਦੋਵਾਂ ਮੁਲਕਾਂ ਵਿਚਾਲੇ ਜਾਰੀ ਕਸ਼ੀਦਗੀ ਦਰਮਿਆਨ ਭਾਰਤ ਤੇ ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਨੂੰ ਲੈ ਕੇ ਮੀਟਿੰਗ ਦਾ ਦੌਰ ਸ਼ੁਰੂ ਹੋ ਗਿਆ ਹੈ। ਭਾਰਤ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਵੀਜ਼ਾ ਮੁਕਤ ਰਸਾਈ ਦੀ ਮੰਗ ਕੀਤੀ। ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ।
ਮੀਟਿੰਗ ਉਪਰੰਤ ਦੋਵਾਂ ਧਿਰਾਂ ਨੇ ਕਿਹਾ ਕਿ ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੇਜੀ ਨਾਲ ਪੂਰਾ ਕਰਨ ਲਈ ਸਹਿਮਤੀ ਦਿੰਦਿਆਂ ਵੱਖ-ਵੱਖ ਪਹਿਲੂਆਂ ‘ਤੇ ਤਫਸੀਲੀ ਤੇ ਉਸਾਰੂ ਵਿਚਾਰ ਚਰਚਾ ਕੀਤੀ। ਦੋਵਾਂ ਦਾਅਵਾ ਹੈ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਭਾਰਤ ਸਰਕਾਰ ਨੇ ਵੱਖ-ਵੱਖ ਗਤੀਵਿਧੀਆਂ ਵਿਉਂਤੀਆਂ ਹਨ। ਇਨ੍ਹਾਂ ਵਿਚੋਂ ਇਕ ਯੋਜਨਾ ਕਰਤਾਰਪੁਰ ਸਾਹਿਬ ਲਾਂਘੇ ਲਈ ਡੇਰਾ ਬਾਬਾ ਨਾਨਕ ਵਿਚ ਯਾਤਰੀ ਟਰਮੀਨਲ ਬਿਲਡਿੰਗ ਕੰਪਲੈਕਸ ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਨੂੰ ਬਣਾਉਣ ਦੀ ਜ਼ਿੰਮੇਵਾਰੀ ਭਾਰਤੀ ਲੈਂਡ ਪੋਰਟ ਅਥਾਰਟੀ ਨੂੰ ਦਿੱਤੀ ਗਈ ਹੈ, ਜੋ ਦੇਸ਼ ਦੀਆਂ ਜ਼ਮੀਨੀ ਸਰਹੱਦਾਂ ‘ਤੇ ਇੰਟੈਗਰੇਟਿਡ ਚੈੱਕ ਪੋਸਟਾਂ ਨੂੰ ਵਿਕਸਤ ਕਰਨ ਅਤੇ ਚਲਾਉਣ ਦਾ ਕੰਮ ਕਰਦੀ ਹੈ। ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ 50 ਏਕੜ ਜ਼ਮੀਨ ਦੀ ਸ਼ਨਾਖਤ ਕਰ ਲਈ ਹੈ, ਜਿਸ ਨੂੰ ਦੋ ਪੜਾਵਾਂ ਵਿਚ ਵਿਕਸਤ ਕੀਤਾ ਜਾਵੇਗਾ। ਪਹਿਲੀ ਪੜਾਅ ਵਿਚ 15 ਏਕੜ ਤੋਂ ਵੱਧ ਜ਼ਮੀਨ ‘ਤੇ ਕੰਮ ਕੀਤਾ ਜਾਵੇਗਾ।
ਇਸ ਜ਼ਮੀਨ ਉੱਤੇ ਯਾਤਰੀ ਟਰਮੀਨਲ ਬਿਲਡਿੰਗ ਕੰਪਲੈਕਸ ਦੀ ਸ਼ਾਨਦਾਰ ਇਮਾਰਤ ਅਤੇ ਖੂਬਸੂਰਤ ਲੈਂਡ ਸਕੇਪਿੰਗ ਦੇ ਨਾਲ ਅਮੀਰ ਭਾਰਤੀ ਸਭਿਆਚਾਰਕ ਕਦਰਾਂ-ਕੀਮਤਾਂ ਦੇ ਅਧਾਰ ‘ਤੇ ਬੁੱਤ ਅਤੇ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਸ ਕੰਪਲੈਕਸ ਦਾ ਡਿਜ਼ਾਈਨ ‘ਖੰਡੇ’ ਤੋਂ ਪ੍ਰੇਰਿਤ ਹੈ, ਜੋ ਏਕਤਾ ਅਤੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ। ਇਹ ਇਮਾਰਤ ਅਪਾਹਜ਼ ਅਤੇ ਬਿਰਧ ਵਿਅਕਤੀਆਂ ਦੇ ਆਉਣ-ਜਾਣ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾਵੇਗੀ। ਇਹ ਇਮਾਰਤ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਪ੍ਰਤੀ ਦਿਨ ਜਾਣ ਵਾਲੇ ਲਗਭਗ 5000 ਸ਼ਰਧਾਲੂਆਂ ਦੀਆਂ ਲੋੜਾਂ ਨੂੰ ਪੂਰਾ ਕਰੇਗੀ। ਇਸ ਵਿਚ ਇਮੀਗ੍ਰੇਸ਼ਨ ਅਤੇ ਕਸਟਮਜ਼ ਕਲੀਅਰੈਂਸ ਦੀਆਂ ਲੋੜੀਂਦੀਆਂ ਸਹੂਲਤਾਂ ਅਤੇ ਹੋਰ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਸ ਨੂੰ ਸੀæਸੀæਟੀæਵੀæ ਕੈਮਰਿਆਂ ਸਮੇਤ ਹੋਰ ਆਧੁਨਿਕ ਸੁਰੱਖਿਆ ਪ੍ਰਣਾਲੀਆਂ ਨਾਲ ਲੈਸ ਕੀਤਾ ਜਾਵੇਗਾ।
_________________________________
ਪੰਜ ਹਜ਼ਾਰ ਸ਼ਰਧਾਲੂਆਂ ਨੂੰ ਰੋਜ਼ਾਨਾ ਦਰਸ਼ਨਾਂ ਲਈ ਇਜਾਜ਼ਤ ਦੀ ਮੰਗ
ਅਟਾਰੀ: ਭਾਰਤ ਨੇ ਅਟਾਰੀ ਵਿਚ ਹੋਈ ਮੀਟਿੰਗ ਦੌਰਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਵੀਜ਼ਾ ਮੁਕਤ ਰਸਾਈ ਦੀ ਮੰਗ ਕੀਤੀ ਹੈ। ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਲਾਂਘੇ ਨੂੰ ਪੂਰੀ ਤਰ੍ਹਾਂ ਵੀਜ਼ਾ ਮੁਕਤ ਰੱਖਦਿਆਂ ਦਸਤਾਵੇਜ਼ ਜਾਂ ਹੋਰ ਕਿਸੇ ਪ੍ਰਕਿਰਿਆ ਦੇ ਨਾਂ ‘ਤੇ ਸ਼ਰਧਾਲੂਆਂ ‘ਤੇ ਕੋਈ ਵਾਧੂ ਬੋਝ ਨਾ ਪਾਇਆ ਜਾਵੇ। ਜੁਆਇੰਟ ਸਕੱਤਰ ਐਸ਼ਸੀæਐਲ਼ ਦਾਸ ਨੇ ਕਿਹਾ ਕਿ ਅਸੀਂ ਪਾਕਿਸਤਾਨੀ ਵਫ਼ਦ ਨੂੰ ਕਿਹਾ ਹੈ ਕਿ ਸ਼ੁਰੂਆਤੀ ਪੜਾਅ ਵਿਚ ਰੋਜ਼ਾਨਾ ਘੱਟੋ-ਘੱਟ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਲਈ ਫੇਰੀ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ। ਦਾਸ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਸ਼ਰਧਾਲੂਆਂ ਨੂੰ ਹਫ਼ਤੇ ‘ਚ ਸੱਤ ਦਿਨ ਬਿਨਾਂ ਕਿਸੇ ਅੜਿੱਕੇ ਦੇ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਭਾਰਤ ਨੇ ਇਹ ਮੰਗ ਵੀ ਰੱਖੀ ਕਿ ਜਿਹੜੇ ਸ਼ਰਧਾਲੂਆਂ ਨੂੰ ਪੈਦਲ ਜਾਣ ਦੀ ਵੀ ਇਜਾਜ਼ਤ ਦਿੱਤੀ ਜਾਵੇ।
_________________________________
ਲਾਂਘੇ ਦੇ ਕੰਮ ‘ਚ ਨਹੀਂ ਆਵੇਗੀ ਰੁਕਾਵਟ: ਇਮਰਾਨ ਖਾਨ
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਇਸਲਾਮਾਬਾਦ ਵਿਚ ਅਚਨਚੇਤ ਬੁਲਾਈ ਬੈਠਕ ‘ਚ ਘੱਟ ਗਿਣਤੀ ਭਾਈਚਾਰੇ ਦੇ ਮਾਮਲਿਆਂ ਸਬੰਧੀ ਕਈ ਮਹੱਤਵਪੂਰਨ ਐਲਾਨ ਕੀਤੇ ਗਏ ਹਨ। ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੀ ਜੰਗੀ ਪੱਧਰ ‘ਤੇ ਕਰਵਾਈ ਜਾ ਰਹੀ ਉਸਾਰੀ ਬਾਰੇ ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਬਣੀਆਂ ਸਿਆਸੀ ਤੇ ਸਰਹੱਦੀ ਕੁੜੱਤਣਾਂ ਦੇ ਬਾਵਜੂਦ ਕੰਮ ਦੀ ਰਫਤਾਰ ‘ਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਲਾਂਘੇ ਦੀ ਉਸਾਰੀ ਨਿਰਧਾਰਤ ਕੀਤੇ ਸਮੇਂ ਤੋਂ ਪਹਿਲਾਂ ਮੁਕੰਮਲ ਕਰਵਾਉਣ ਦੇ ਯਤਨ ਕੀਤੇ ਜਾਣਗੇ।
_________________________________
ਕਰਤਾਰਪੁਰ: ਅਮਰੀਕੀ-ਸਿੱਖਾਂ ਵੱਲੋਂ ਭਾਰਤੀ ਰਾਜਦੂਤ ਨੂੰ ਯਾਦ-ਪੱਤਰ
ਵਾਸ਼ਿੰਗਟਨ: ਅਮਰੀਕਾ ਰਹਿੰਦੇ ਸਿੱਖਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਏ ਕਿ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਆਈ ਤਲਖੀ ਨਾਲ ਕਰਤਾਰਪੁਰ ਲਾਂਘੇ ਦਾ ਕੰਮ ਅਸਰਅੰਦਾਜ਼ ਨਾ ਹੋਵੇ। ਮੁਲਕ ਦੇ ਵੱਖ ਵੱਖ ਹਿੱਸਿਆਂ ਤੋਂ ਇਕੱਤਰ ਹੋਏ ਉੱਘੇ ਸਿੱਖ-ਅਮਰੀਕੀਆਂ ਦੇ ਇਕ ਵਫ਼ਦ ਨੇ ਵਾਸ਼ਿੰਗਟਨ ਡੀਸੀ ਵਿਚ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਯਾਦ-ਪੱਤਰ ਦਿੱਤਾ।
ਕੈਲੀਫੋਰਨੀਆ ਆਧਾਰਿਤ ਯੂਨਾਈਟਿਡ ਸਿੱਖ ਮਿਸ਼ਨ ਦੇ ਬੈਨਰ ਹੇਠ ਇਕੱਤਰ ਸਿੱਖਾਂ ਦੇ ਇਸ ਵਫ਼ਦ ਨੇ ਦੋ ਸੈਨੇਟਰਾਂ ਤੇ ਕਾਂਗਰਸਮੈਨ ਗਰੈੱਗ ਪੈਂਸ (ਜੋ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਵੱਡੇ ਭਰਾ ਹਨ) ਸਮੇਤ ਦਰਜਨ ਦੇ ਕਰੀਬ ਕਾਨੂੰਨਘਾੜਿਆਂ ਨਾਲ ਵੀ ਮੁਲਾਕਾਤ ਕੀਤੀ। ਵਫ਼ਦ ਨੇ ਕਾਨੂੰਨਘਾੜਿਆਂ ਨੂੰ ਅਪੀਲ ਕੀਤੀ ਕਿ ਉਹ ਖਿੱਤੇ ਵਿਚ ਅਮਨ ਯਕੀਨੀ ਬਣਾਉਣ ਲਈ ਅਮਰੀਕਾ ਅਹਿਮ ਭੂਮਿਕਾ ਨਿਭਾਏ। ਭਾਰਤੀ ਅੰਬੈਸੀ ਨੂੰ ਯਾਦ-ਪੱਤਰ ਦੇਣ ਵਾਲੇ ਸਿੱਖ ਵਫ਼ਦ ਵਿਚ ਜਿਨ੍ਹਾਂ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ, ਉਨ੍ਹਾਂ ਵਿਚ ਇੰਡਿਆਨਾ ਤੋਂ ਸਿੱਖਜ਼ਪੀਏਸੀ, ਓਰੇਗਨ ਦੀ ਗਦਰ ਮੈਮੋਰੀਅਲ ਫਾਊਂਡੇਸ਼ਨ, ਵਰਜੀਨੀਆ ਦੀ ਸਿੱਖ ਸੇਵਾ, ਇਲੀਨਾਏ ਦੀ ਸਿੱਖ ਰਿਲੀਜੀਅਸ ਸੁਸਾਇਟੀ, ਨਿਊ ਜਰਸੀ ਦੀ ਲੈਟ ਸ਼ੇਅਰ ਏ ਮੀਲ ਤੇ ਵੱਖ ਵੱਖ ਗੁਰਦੁਆਰਿਆਂ ਦੇ ਮੈਂਬਰ ਸ਼ਾਮਲ ਸਨ।
ਯੂਨਾਈਟਿਡ ਸਿੱਖ ਮਿਸ਼ਨ ਦੇ ਬਾਨੀ ਰਸ਼ਪਾਲ ਸਿੰਘ ਢੀਂਡਸਾ ਨੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ ਵਰਧਨ ਸ਼੍ਰਿੰਗਲਾ ਨੂੰ ਯਾਦ-ਪੱਤਰ ਦਿੰਦਿਆਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਕਸ਼ੀਦਗੀ ਕਰਕੇ ਕਰਤਾਰਪੁਰ ਲਾਂਘੇ ਦੇ ਕੰਮ ਦੀ ਰਫ਼ਤਾਰ ਮੱਧਮ ਨਾ ਪਏ। ਯਾਦ-ਪੱਤਰ ਵਿਚ ਲਾਂਘਾ ਖੋਲ੍ਹਣ ਦੀ ਦਿੱਤੀ ਪ੍ਰਵਾਨਗੀ ਨੂੰ ਸਹੀ ਦਿਸ਼ਾ ਵਿਚ ਚੁੱਕਿਆ ਸਿਰੇ ਦਾ ਕਦਮ ਦੱਸਦਿਆਂ ਕਿਹਾ ਗਿਆ ਹੈ ਕਿ ਹੁਣ ਸਮਾਂ ਹੈ ਜਦੋਂ ਲਗਾਤਾਰ ਯਤਨ ਕਰਕੇ ਮੌਜੂਦਾ ਹਾਲਾਤ ਦਾ ਕੋਈ ਸ਼ਾਂਤੀ ਪੂਰਵਕ ਹੱਲ ਕੱਢਿਆ ਜਾਵੇ।
_________________________________
ਭਾਰਤ-ਪਾਕਿਸਤਾਨ ਤਣਾਅ ਨੇ ਠੱਪ ਕੀਤਾ ਸਰਹੱਦੀ ਵਪਾਰ
ਅਟਾਰੀ: ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਰਕਾਰ ਖਿਲਾਫ਼ ਅਖਤਿਆਰ ਕੀਤੇ ਸਖਤ ਰੁਖ ਦੀ ਗਾਜ਼ ਭਾਰਤ ਪਾਕਿਸਤਾਨ ਸਰਹੱਦ ਸਥਿਤ 131 ਏਕੜ ਵਿਚ ਬਣੀ ਦੇਸ਼ ਦੀ ਪਹਿਲੀ ਸੰਗਠਿਤ ਜਾਂਚ ਚੌਕੀ ਅਟਾਰੀ ਰਾਹੀਂ ਹੁੰਦੇ ਭਾਰਤ-ਪਾਕਿਸਤਾਨ ਵਪਾਰ ‘ਤੇ ਹੀ ਡਿੱਗੀ ਹੈ, ਜਦਕਿ ਜੰਮੂ-ਕਸ਼ਮੀਰ ਰਾਹੀਂ ਹੁੰਦਾ ਡਿਊਟੀ ਮੁਕਤ ਵਪਾਰ ਸਰਕਾਰੀ ਛਤਰ ਛਾਇਆ ਹੇਠ ਪੂਰੀ ਰਫਤਾਰ ਨਾਲ ਚੱਲ ਰਿਹਾ ਹੈ। ਉਥੇ ਹੀ ਸਮਝੌਤਾ ਰੇਲ-ਗੱਡੀ, ਕੌਮਾਂਤਰੀ ਬੱਸ ਸਰਵਿਸ, ਰੀਟਰੀਟ ਸੈਰੇਮਨੀ ਅਤੇ ਬਾਕੀ ਸਰਕਾਰ ਹਿਤੈਸ਼ੀਆਂ ਦੇ ਸਾਂਝੇ ਸਮਝੌਤੇ ਵਾਲੇ ਪ੍ਰੋਜੈਕਟ ਪਹਿਲਾਂ ਵਾਂਗ ਚੱਲ ਰਹੇ ਹਨ।
ਸਰਕਾਰ ਦੇ ਕਾਹਲੀ ਵਿਚ ਲਏ ਫੈਸਲੇ ਦਾ ਸੇਕ ਜਿਥੇ ਸੈਂਕੜੇ ਛੋਟੇ ਟਰਾਂਸਪੋਰਟਰਾਂ ਤੇ ਹਜ਼ਾਰਾਂ ਕੁਲੀਆਂ ਸਣੇ ਸਿੱਧੇ ਅਸਿੱਧੇ ਰੂਪ ਵਿਚ 10 ਹਜ਼ਾਰ ਦੇ ਕਰੀਬ ਨਿਰਭਰ ਪਰਿਵਾਰਾਂ ਤੱਕ ਪਹੁੰਚ ਰਿਹਾ ਹੈ, ਉਥੇ ਹੀ ਸਰਕਾਰੀ ਮਾਲੀਆ ਵੀ ਕਰੋੜਾਂ ਤੋਂ ਮਨਫੀ ‘ਤੇ ਪਹੁੰਚਿਆ ਹੈ। ਮਜਬੂਰ ਹੋਏ ਟਰਾਂਸਪੋਰਟਰ ਆਪਣੇ ਟਰੱਕ ਘਾਟੇ ਖਾ ਕੇ ਵੇਚ ਰਹੇ ਹਨ। ਜ਼ਿਕਰਯੋਗ ਹੈ ਕਿ 2014-2015 ਵਿਚ ਦੋਵਾਂ ਮੁਲਕਾਂ ਵਿਚਾਲੇ 4485 ਕਰੋੜ ਰੁਪਏ ਵਪਾਰ ਸਿਖਰ ‘ਤੇ ਸੀ ਪਰ ਦੋਵਾਂ ਦੇਸ਼ਾਂ ਵਿਚਾਲੇ ਵਧਦੀ ਕੁੜੱਤਣ ਕਾਰਨ ਇਹ 2018-2019 ਵਿਚ ਘੱਟ ਕੇ ਸਿਰਫ 913 ਕਰੋੜ ਰੁਪਏ ਰਹਿ ਗਿਆ। ਟਰਾਂਸਪੋਰਟਰਾਂ ਨੇ ਦੱਸਿਆ ਕਿ ਸਥਾਨਕ ਟਰਾਂਸਪੋਟਰਾਂ ਦੇ 480 ਟਰੱਕ ਅਟਾਰੀ ਸਰਹੱਦ ਤੋਂ ਮਾਲ ਢੋਂਹਦੇ ਸਨ, 100 ਦੇ ਕਰੀਬ ਪਹਿਲਾਂ ਸਰਕਾਰੀ ਨੀਤੀ ਕਾਰਨ ਵਿਕ ਗਏ ਅਤੇ ਹੁਣ ਟਰੱਕਾਂ ਦੀਆਂ ਕਿਸ਼ਤਾਂ ਨਾ ਭਰਨ ਕਾਰਨ ਬੈਂਕਾਂ ਵਾਲਿਆਂ ਨੇ 100 ਟਰੱਕ ਆਪਣੇ ਕਬਜ਼ੇ ਹੇਠ ਕਰ ਲਏ। ਬਾਕੀ ਖਰਚੇ ਤੋਂ ਬਗੈਰ 85,000 ਰੁਪਏ ਸਾਲਾਨਾ ਟੈਕਸ ਬਣਦੇ ਹਨ, ਜਿਨ੍ਹਾਂ ਤੋਂ ਬਿਨਾਂ ਸਰਕਾਰ ਗੱਡੀ ਸੜਕ ‘ਤੇ ਨਹੀਂ ਚੜ੍ਹਨ ਦਿੰਦੀ।