ਨਵੀਂ ਦਿੱਲੀ: ਵਿਰੋਧੀਆਂ ਵੱਲੋਂ ਅਦਾਲਤਾਂ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਵਿਚ ਅੜਿੱਕੇ ਪਾਏ ਜਾਣ ਦੇ ਬਾਵਜੂਦ ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਪਹਿਲੀ ਵਾਰ ਪ੍ਰਧਾਨ ਬਣ ਗਏ। ਉਹ ਪਿਛਲੇ 6 ਸਾਲਾਂ ਤੋਂ ਕਮੇਟੀ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਸ੍ਰੀ ਸਿਰਸਾ ਦਾ ਨਾਂ ਅਵਤਾਰ ਸਿੰਘ ਹਿਤ ਨੇ ਪੇਸ਼ ਕੀਤਾ ਅਤੇ ਜਗਦੀਪ ਸਿੰਘ ਕਾਹਲੋਂ ਨੇ ਇਸ ਦੀ ਤਾਈਦ ਕੀਤੀ।
ਇਸ ਮਗਰੋਂ ਸਰਬਸੰਮਤੀ ਨਾਲ ਰਣਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਸਿੰਘ ਬਾਠ ਨੂੰ ਜੂਨੀਅਰ ਮੀਤ ਪ੍ਰਧਾਨ, ਹਰਮੀਤ ਸਿੰਘ ਕਾਲਕਾ ਨੂੰ ਜਨਰਲ ਸਕੱਤਰ ਅਤੇ ਹਰਵਿੰਦਰ ਸਿੰਘ ਕੇਪੀ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ। ਕਮੇਟੀ ਦੀ ਕਾਰਜਕਾਰਨੀ ‘ਚ ਹਰਿੰਦਰਪਾਲ ਸਿੰਘ, ਮਹਿੰਦਰਪਾਲ ਸਿੰਘ ਚੱੱਢਾ, ਪਰਮਜੀਤ ਸਿੰਘ ਚੰਡੋਕ, ਪਰਮਜੀਤ ਸਿੰਘ ਰਾਣਾ, ਕੁਲਦੀਪ ਸਿੰਘ ਸਾਹਨੀ, ਜਗਦੀਪ ਸਿੰਘ ਕਾਹਲੋਂ, ਭੁਪਿੰਦਰ ਸਿੰਘ ਭੁੱਲਰ, ਵਿਕਰਮ ਸਿੰਘ ਰੋਹਿਣੀ, ਮਲਕਿੰਦਰ ਸਿੰਘ ਅਤੇ ਜਤਿੰਦਰ ਸਿੰਘ ਸਾਹਨੀ ਨੂੰ ਸਰਬਸੰਮਤੀ ਨਾਲ ਮੈਂਬਰ ਬਣਾਇਆ ਗਿਆ ਹੈ। ਦਿੱਲੀ ਗੁਰਦੁਆਰਾ ਐਕਟ ਮੁਤਾਬਕ 5 ਮੁੱਖ ਅਹੁਦੇਦਾਰਾਂ ਅਤੇ 10 ਮੈਂਬਰਾਂ ਸਮੇਤ ਨਵੀਂ ਚੁਣੀ ਗਈ 15 ਮੈਂਬਰੀ ਕਾਰਜਕਾਰਨੀ ਕਮੇਟੀ ਦਾ ਕਾਰਜਕਾਲ 2 ਸਾਲਾ ਦਾ ਹੋਵੇਗਾ। ਨਵੀਂ ਕਮੇਟੀ ਚੁਣੇ ਜਾਣ ਉਪਰੰਤ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਮਨਾਉਣ ਸਬੰਧੀ ਧਾਰਮਿਕ ਖੇਤਰ ਨਾਲ ਸਬੰਧਤ ਦੇਸ਼-ਵਿਦੇਸ਼ ਦੀਆਂ 5 ਨਾਮਵਰ ਸ਼ਖਸੀਅਤਾਂ ਨੂੰ ਦਿੱਲੀ ਕਮੇਟੀ ਦਾ ਐਸੋਸੀਏਟ ਮੈਂਬਰ ਬਣਾਉਣ ਦਾ ਮਤਾ ਪੇਸ਼ ਕੀਤਾ।
ਇਸ ਤੋਂ ਇਲਾਵਾ ਬਾਲਾ ਸਾਹਿਬ ਹਸਪਤਾਲ ਨੂੰ ਸ਼ੁਰੂ ਕਰਨ ਲਈ ਬਾਬਾ ਬਚਨ ਸਿੰਘ (ਕਾਰ ਸੇਵਾ) ਦੀ ਅਗਵਾਈ ‘ਚ 11 ਮੈਂਬਰੀ ਕਮੇਟੀ ਦਾ ਗਠਨ ਤੇ ਦਿੱਲੀ ਕਮੇਟੀ ਦੇ ਆਮਦਨ-ਖਰਚ ਦੀ ਜਾਣਕਾਰੀ ਦੇਣਾ ਯਕੀਨੀ ਬਣਾਏ ਜਾਣ ਦਾ ਮਤਾ ਵੀ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਈ ਕਾਰਨਾਂ ਕਰਕੇ ਦਿੱਲੀ ਕਮੇਟੀ ਦੇ ਅਕਸ ਨੂੰ ਕਾਫੀ ਢਾਹ ਲਗੀ ਹੈ ਤੇ ਕਈ ਤਰ੍ਹਾਂ ਸਵਾਲ ਉਠਾਏ ਜਾ ਰਹੇ ਹਨ। ਜੇਕਰ ਇਸ ਗੰਭੀਰ ਮੁੱਦੇ ਪ੍ਰਤੀ ਤਵੱਜੋਂ ਨਾ ਦਿੱਤੀ ਗਈ ਤਾਂ ਭਵਿੱਖ ‘ਚ ਪਾਰਟੀ ਨੂੰ ਇਸ ਦਾ ਭਾਰੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਕਿਉਂਕਿ 2 ਸਾਲਾ ਬਾਅਦ ਜਨਰਲ ਚੋਣਾਂ ਇਸ ਕਮੇਟੀ ਦੇ ਕੰਮਕਾਜ ਦੇ ਆਧਾਰ ‘ਤੇ ਹੀ ਹੋਣਗੀਆਂ। ਦਿੱਲੀ ਦੇ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਦਾ ਪ੍ਰਧਾਨ ਚੁਣੇ ਜਾਣ ਉਪਰੰਤ ਸਿਰਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਜਤਾਇਆ। ਉਨ੍ਹਾਂ ਕਿਹਾ ਕਿ ਕਾਰਜਕਾਰਨੀ ਚੋਣਾਂ ਮੁੜ ਤੋਂ ਲਮਕਾਉਣ ਦੀਆਂ ਵਿਰੋਧੀਆਂ ਦੀਆਂ ਸਾਜਿਸ਼ਾਂ ਪੂਰੀ ਤਰ੍ਹਾਂ ਨਾਕਾਮ ਹੋ ਗਈਆਂ ਹਨ। ਦੱਸਣਯੋਗ ਹੈ ਕਿ ਪਿਛਲੀਆਂ 3 ਵਾਰੀਆਂ ਤੋਂ ਸਿਰਸਾ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ ਤੇ ਮੰਨਿਆ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਦੀ ਨੇੜਤਾ ਤੇ ਆਪਣੀ ਕਾਬਲੀਅਤ ਕਾਰਣ ਉਹ ਪ੍ਰਧਾਨਗੀ ਦੇ ਅਹੁਦੇ ‘ਤੇ ਪੁੱਜ ਗਏ ਹਨ।
ਕਾਬਿਲ-ਏ-ਗੌਰ ਹੈ ਕਿ ਸ਼ ਸਿਰਸਾ ਇਸ ਵੇਲੇ ਅਕਾਲੀ ਕੋਟੇ ਤੋਂ ਭਾਜਪਾ ਦੀ ਟਿਕਟ ‘ਤੇ ਰਾਜੌਰੀ ਗਾਰਡਨ ਹਲਕੇ ਤੋਂ ਵਿਧਾਇਕ ਵੀ ਹਨ ਅਤੇ ਇਕ ਵਾਰ ਪੰਜਾਬੀ ਬਾਗ ਹਲਕੇ ਤੋਂ ਕੌਂਸਲਰ ਵੀ ਰਹਿ ਚੁੱਕੇ ਹਨ। ਦਿੱਲੀ ਕਮੇਟੀ ਦੇ 5 ਮੁੱਖ ਅਹੁਦਿਆਂ ‘ਚ ਬੀਬੀ ਰਣਜੀਤ ਕੌਰ ਨੂੰ ਸ਼ਾਮਲ ਕਰਦੇ ਹੋਏ ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਅਜਿਹਾ 15 ਸਾਲ ਬਾਅਦ ਹੋਇਆ ਹੈ ਜਦੋਂ ਕਿਸੇ ਮਹਿਲਾ ਮੈਂਬਰ ਨੂੰ ਮੁੱਖ ਅਹੁਦੇਦਾਰਾਂ ‘ਚ ਨੁਮਾਇੰਦਗੀ ਦਿੱਤੀ ਗਈ ਹੋਵੇ। ਇਸ ਤੋਂ ਪਹਿਲਾਂ ਸਾਲ 2004 ਦੌਰਾਨ ਬੀਬੀ ਦਲਜੀਤ ਕੌਰ ਜੁਆਇੰਟ ਸਕੱਤਰ ਦੇ ਅਹੁਦੇ ਲਈ ਚੁਣੇ ਗਏ ਸਨ ਅਤੇ ਉਨ੍ਹਾਂ 2005 ਤੱਕ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨਿਭਾਈ ਸੀ।