ਜਲ੍ਹਿਆਂਵਾਲਾ ਬਾਗ ਕਤਲੇਆਮ ‘ਚ ਮੌਤਾਂ ਦੀ ਗਿਣਤੀ ਦਾ ਭੇਦ ਅਜੇ ਵੀ ਬਰਕਰਾਰ

ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ ਵਿਚ 13 ਅਪਰੈਲ 1919 ਨੂੰ ਹੋਏ ਕਤਲੇਆਮ ‘ਚ ਕਿੰਨੇ ਲੋਕ ਮਾਰੇ ਗਏ ਅਤੇ ਕਿੰਨੇ ਜ਼ਖ਼ਮੀ ਹੋਏ, ਇਹ ਅਜੇ ਤੱਕ ਇਕ ਭੇਦ ਬਣਿਆ ਹੋਇਆ ਹੈ। ਇਸ ਬਾਰੇ ਅੰਗਰੇਜ਼ੀ ਸਰਕਾਰ ਦੇ ਬਾਅਦ ਆਜ਼ਾਦ ਭਾਰਤ ਦੀ ਕਿਸੇ ਵੀ ਸਰਕਾਰ ਦੁਆਰਾ ਕੋਈ ਨਿਰਪੱਖ ਜਾਂਚ ਨਹੀਂ ਕਰਵਾਈ ਗਈ।

ਜ਼ਿਕਰਯੋਗ ਹੈ ਕਿ ਉਕਤ ਕਤਲੇਆਮ ਦੇ ਤੁਰਤ ਬਾਅਦ ਲਾਹੌਰ ਵਿਖੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਭੇਜੀ ਆਪਣੀ ਰਿਪੋਰਟ ‘ਚ ਜਨਰਲ ਰਿਨਾਲਡ ਐਡਵਰਡ ਹੈਰੀ ਡਾਇਰ ਨੇ 200 ਤੋਂ 300 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ, ਜਦਕਿ ਮਾਈਕਲ ਓਡਵਾਇਰ ਨੇ ਅਗਾਂਹ ਭੇਜੀ ਆਪਣੀ ਰਿਪੋਰਟ ‘ਚ ਮਰਨ ਵਾਲਿਆਂ ਦੀ ਗਿਣਤੀ 200 ਹੀ ਦੱਸੀ। ਹੋਮ ਮਿਨਿਸਟਰ ਵਿਭਾਗ (1919), ਨੰæ 23, ਡੀæਆਰæ 2 ‘ਚ ਚੀਫ ਸੈਕਟਰੀ ਜੇæਬੀæ ਥਾਮਸ ਅਤੇ ਐਚæਡੀæ ਕਰੇਕ ਨੇ 290 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ, ਜਦਕਿ ਮਿਲਟਰੀ ਰਿਪੋਰਟ ‘ਚ ਦੱਸਿਆ ਗਿਆ ਕਿ ਜਲ੍ਹਿਆਂਵਾਲਾ ਬਾਗ਼ ਵਿਚ 200 ਤੋਂ ਵੀ ਘੱਟ ਲੋਕ ਮਾਰੇ ਗਏ ਸਨ। ਉਧਰ ਅਧਿਕਾਰਕ ਤੌਰ ਉਤੇ ਇਸ ਕਤਲੇਆਮ ‘ਚ 381 ਲੋਕਾਂ ਦੇ ਮਾਰੇ ਜਾਣ ਅਤੇ 1208 ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਗਈ। ਅੰਮ੍ਰਿਤਸਰ ਸੇਵਾ ਸਮਿਤੀ ਨੇ ਬਾਗ਼ ‘ਚ ਮਰਨ ਵਾਲਿਆਂ ਦੀ ਗਿਣਤੀ 501 ਦੱਸੀ।
ਸਵਾਮੀ ਸ਼ਰਧਾ ਨੰਦ ਨੇ ਅੰਮ੍ਰਿਤਸਰ ਪਹੁੰਚ ਕੇ ਅੰਕੜਿਆਂ ਦਾ ਜਾਇਜ਼ਾ ਲਿਆ ਅਤੇ ਮਰਨ ਵਾਲਿਆਂ ਦੀ ਗਿਣਤੀ 1500 ਤੋਂ ਵਧੇਰੇ ਦੱਸੀ, ਜਦਕਿ ਪੰਡਿਤ ਮਦਨ ਮੋਹਨ ਮਾਲਵੀਆ ਦੇ ਅਨੁਮਾਨ ਅਨੁਸਾਰ ਜਲ੍ਹਿਆਂਵਾਲਾ ਬਾਗ ‘ਚ ਲਗਭਗ 1300 ਲੋਕ ਮਾਰੇ ਗਏ। ਅੰਮ੍ਰਿਤਸਰ ਦੇ ਤਤਕਾਲੀ ਸਿਵਲ ਸਰਜਨ ਡਾæ ਸਮਿਥ ਅਨੁਸਾਰ ਇਸ ਸਾਕੇ ‘ਚ 1526 ਲੋਕ ਤ੍ਰਾਸਦੀ ਦਾ ਸ਼ਿਕਾਰ ਹੋਏ। ਜਲ੍ਹਿਆਂਵਾਲਾ ਬਾਗ ਯਾਦਗਾਰੀ ਟਰੱਸਟ ਦੇ ਕੋਲ 388 ਨਾਂਵਾਂ ਦੀ ਸੂਚੀ ਹੈ, ਜਦਕਿ ਪੰਜਾਬ ਗੌਰਮਿੰਟ ਹੋਮ ਮਿਨਿਸਟਰੀ ਪਾਰਟ ਬੀæ 1921, ਫਾਈਲ ਨੰਬਰ 139 ‘ਚ ਮ੍ਰਿਤਕਾਂ ਦੇ 381 ਨਾਂ ਮੌਜੂਦ ਹਨ। ਇਹੋ ਨਾਂ ਬਾਗ ਦੇ ਬਾਹਰ ਉਸਾਰੀ ਗਈ ਯਾਦਗਾਰ ‘ਤੇ ਕ੍ਰਮਵਾਰ ਲਿਖੇ ਗਏ ਹਨ। ਉਕਤ ਦੇ ਇਲਾਵਾ ਜਲ੍ਹਿਆਂਵਾਲਾ ਬਾਗ਼ ਸਾਕੇ ਦੇ ਸ਼ਹੀਦਾਂ ਦੇ ਨਾਂਵਾਂ ਦੀ ਇਕ ਹੋਰ ਸੂਚੀ, ਜੋ ਸਰਕਾਰੀ ਪੱਧਰ ‘ਤੇ 12 ਨਵੰਬਰ 1919 ਨੂੰ ਮੁਕੰਮਲ ਕੀਤੀ ਗਈ, ਵਿਚ ਮਰਨ ਵਾਲਿਆਂ ਦੇ 501 ਨਾਂ ਦਰਜ ਹਨ। ਇਨ੍ਹਾਂ ਵਿਚ ਉਨ੍ਹਾਂ 42 ਪੁਰਸ਼ਾਂ, ਇਕ ਔਰਤ ਅਤੇ ਇਕ ਬੱਚਾ, ਜਿਨ੍ਹਾਂ ਦਾ ਸਸਕਾਰ ਸੇਵਾ ਸਮਿਤੀ ਦੁਆਰਾ ਕੀਤਾ ਗਿਆ ਸੀ, ਦੀ ਪਛਾਣ ਨਾ ਹੋਣ ਕਰਕੇ ਉਨ੍ਹਾਂ ਦੇ ਨਾਂਵਾਂ ਦਾ ਕੋਈ ਵੇਰਵਾ ਦਰਜ ਨਹੀਂ ਹੈ।
ਇਸ ਦੇ ਇਲਾਵਾ ਉਕਤ ਸੂਚੀ ‘ਚ ਇਕ ਵਿਅਕਤੀ ਦਾ ਨਾਂ ਭੁਲੇਖੇ ਨਾਲ ਦੋ ਵਾਰ ਲਿਖਿਆ ਗਿਆ ਹੈ ਅਤੇ ਹੋਰਨਾਂ 14 ਲੋਕਾਂ ਦੀ ਬਾਅਦ ‘ਚ ਜਿਉਂਦੇ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਲ੍ਹਿਆਂਵਾਲਾ ਬਾਗ਼ ‘ਚ 13 ਅਪਰੈਲ 1919 ਨੂੰ ਸ਼ਹੀਦ ਹੋਣ ਵਾਲੇ ਲੋਕਾਂ ਦੇ ਨਾਂਵਾਂ ਦੀਆਂ ਉਕਤ ਸਾਰੀਆਂ ਸੂਚੀਆਂ ‘ਚ ਸਭ ਤੋਂ ਵੱਡੀ ਖਾਮੀ ਇਹ ਹੈ ਕਿ ਇਨ੍ਹਾਂ ‘ਚ ਦਰਜ ਨਾਂਵਾਂ ਦੀ ਗਿਣਤੀ ਕਤਲੇਆਮ ਦੇ ਚਾਰ ਮਹੀਨੇ ਬਾਅਦ ਭਾਵ 20 ਅਗਸਤ 1919 ਨੂੰ ਅਰੰਭੀ ਗਈ। ਉਸ ਵੇਲੇ ਤੱਕ ਉਕਤ ਸਾਕੇ ਦੇ ਸ਼ਿਕਾਰ ਲੋਕ ਕਤਲੇਆਮ ਦੇ ਬਾਅਦ ਪੈਦਾ ਹੋਏ ਖ਼ੌਫਨਾਕ ਹਾਲਾਤ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਸਨ ਅਤੇ ਬਹੁਤ ਸਾਰੇ ਲੋਕਾਂ ਨੇ ਕਿਸੇ ਮਾਮਲੇ ‘ਚ ਫਸਣ ਦੇ ਡਰ ਤੋਂ ਸਾਕੇ ‘ਚ ਸ਼ਹੀਦ ਜਾਂ ਜ਼ਖ਼ਮੀ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੀ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।