ਕੇਵਲ ਧਾਲੀਵਾਲ
ਫੋਨ: +91-98142-99422
ਉਹ ਜੋ ਹਰ ਸਾਹ ਨਾਲ ਰੰਗਮੰਚ ਲਈ ਨਵਾਂ ਸੁਪਨਾ ਬੁਣਦੀ ਸੀ। ਜਿਸ ਦੀ ਹਰ ਧੜਕਣ ਕਹਿੰਦੀ ਸੀ ਕਿ ਜੇ ਤੁਸੀਂ ਜ਼ਿੰਦਗੀ ਨੂੰ ਸੰਵਾਰਨਾ ਹੈ, ਕੁਝ ਨਵਾਂ ਕਰਨਾ ਹੈ ਤਾਂ ਰੰਗਮੰਚ ਕਰੋ ਕਿਉਂਕਿ ਰੰਗਮੰਚ ਵਿਚ ਬੜੀ ਤਾਕਤ ਹੁੰਦੀ ਹੈ। ਜੋ ਸ਼ਹਿਰਾਂ ਨਾਲੋਂ ਵੱਧ ਪਿੰਡਾਂ ਦੀ ਜ਼ਿੰਦਗੀ ਤੇ ਤਹਿਜ਼ੀਬ ਨੂੰ ਪਸੰਦ ਕਰਦੀ ਸੀ। ਜਿਸ ਨੇ ਬਚਪਨ ਤੋਂ ਲੈ ਕੇ ਉਮਰ ਦੇ ਆਖਰੀ 94ਵੇਂ ਸਾਲ ਤੱਕ ਰੰਗਮੰਚ ਦੀ ਪ੍ਰਫੁੱਲਤਾ ਲਈ ਕੰਮ ਕੀਤਾ ਤੇ ਰੰਗਮੰਚ ਹੀ ਹੰਢਾਇਆ। ਉਹ ਜੋ ਆਇਰਲੈਂਡ ਤੋਂ ਆਈ ਤੇ ਜਿਸ ਨੇ ਹਿੰਦੁਸਤਾਨੀ, ਖਾਸਕਰ ਪੰਜਾਬੀ ਜਨਜੀਵਨ ਨੂੰ ਅਪਨਾਇਆ। ਉਹ ਜੋ ਕਿਸੇ ਵੀ ਭਾਰਤੀ ਤੋਂ ਵੱਧ ਭਾਰਤੀ ਸੀ ਤੇ ਕਿਸੇ ਵੀ ਪੰਜਾਬੀ ਤੋਂ ਵੱਧ ਪੰਜਾਬੀ ਸੀ। ਜਿਸ ਨੇ ਪੰਜਾਬੀ ਰੰਗਮੰਚ ਨੂੰ 1913 ਵਿਚ ਅਨੁਸ਼ਾਸਨ ਦਿੱਤਾ ਤੇ 1914 ਵਿਚ ਪੰਜਾਬੀ ਰੰਗਮੰਚ ਨੂੰ ਤਹਿਜ਼ੀਬ ਦਿੱਤੀ। ਉਹ ਨੋਰਾ ਰਿਚਰਡਜ਼ ਸੀ ਜਿਸ ਨੂੰ ਪੰਜਾਬੀ ਨਾਟਕ ਤੇ ਰੰਗਮੰਚ ਦੀ ਨੱਕੜਦਾਦੀ ਕਿਹਾ ਜਾਂਦਾ ਹੈ।
ਇਹ, ਉਹ ਨੋਰਾ ਰਿਚਰਡਜ਼ ਸੀ ਜੋ 1910-11 ਵਿਚ ਆਪਣੇ ਪਤੀ ਫਿਲਿਪਸ ਰਿਚਰਡਜ਼ ਨਾਲ ਲਾਹੌਰ ਦਿਆਲ ਸਿੰਘ ਕਾਲਜ ਵਿਚ ਆਈ ਤੇ ਫਿਰ ਇਥੋਂ ਦੀ ਹੋ ਕੇ ਰਹਿ ਗਈ। 1920 ‘ਚ ਉਸ ਦੇ ਪਤੀ ਦੀ ਮੌਤ ਹੋ ਗਈ। ਉਹ ਚਾਰ ਸਾਲ ਵਾਪਸ ਜਾ ਕੇ ਇੰਗਲੈਂਡ ਰਹੀ। ਜਦੋਂ ਉਥੇ ਭਾਰਤੀਆਂ ਖਿਲਾਫ਼ ਫ਼ਿਲਮ ਵਿਖਾਈ ਜਾ ਰਹੀ ਸੀ ਤਾਂ ਉਸ ਵੇਲੇ ਨੋਰਾ ਨੇ ਹਿੰਦੁਸਤਾਨੀ ਲੋਕਾਂ ਦੇ ਹੱਕ ‘ਚ ਨਾਅਰੇ ਲਾਏ ਤੇ ਉਸ ਫ਼ਿਲਮ ਦਾ ਵਿਰੋਧ ਕੀਤਾ। ਨੋਰਾ ਦੇ ਇਸ ਵਿਦਰੋਹ ਕਰਕੇ ਗੋਰਿਆਂ ਨੇ ਉਸ ਨੂੰ ਦੋ ਮਹੀਨੇ ਦੀ ਜੇਲ੍ਹ ਕਰ ਦਿੱਤੀ। ਉਹ ਹਿੰਦੁਸਤਾਨ ਵਾਪਸ ਆਉਣ ਲਈ ਤੜਫ਼ਦੀ ਰਹੀ ਪਰ ਉਸ ਕੋਲ ਟਿਕਟ ਲਈ ਪੈਸੇ ਨਹੀਂ ਸੀ। ਉਸ ਨੇ ਲੋਕਾਂ ਦੇ ਘਰਾਂ ‘ਚ ਸਫ਼ਾਈ ਦਾ ਕੰਮ ਕੀਤਾ, ਜੂਠੇ ਬਰਤਨ ਮਾਂਜੇ ਤੇ ਟਿਕਟ ਜੋਗੇ ਪੈਸੇ ਇਕੱਠੇ ਕੀਤੇ। ਫਿਰ 1924 ਵਿਚ ਲਾਹੌਰ ਆ ਕੇ ਪ੍ਰਸਿਧ ਨਿਰਦੇਸ਼ਕ ਡਿਜ਼ਾਈਨਰ ਗੋਰਦਨ ਕਰੇਗ ਨੂੰ ਬੁਲਾ ਕੇ ਥੀਏਟਰ ਵਰਕਸ਼ਾਪ ਕੀਤੀ, ਨੌਜਵਾਨਾਂ ਨਾਲ ਨਾਟਕ ਤਿਆਰ ਕਰਵਾਏ। ਉਸ ਨੇ ਸਾਂਝੇ ਪੰਜਾਬ ਵਿਚ ਪਾਲਮਪੁਰ ਲਾਗੇ ਅੰਧਰੇਟਾ ਵਿਚ ਅਜਿਹੀ ਜ਼ਮੀਨ ‘ਤੇ ਆਣ ਡੇਰਾ ਲਾਇਆ (ਜਿਸ ਨੂੰ ਅੰਧ-ਵਿਸ਼ਵਾਸ ਕਰਕੇ ਲੋਕ ਸਰਾਪੀ ਹੋਈ ਜ਼ਮੀਨ ਕਹਿੰਦੇ ਸਨ) ਤੇ ਉਥੇ ਕਲਾਕਾਰਾਂ, ਨਾਟਕਕਾਰਾਂ ਲਈ ਪਿੰਡ ਵਸਾ ਦਿੱਤਾ ‘ਵੁਡਜ਼ ਲੈਂਡ’। ਜਿਥੇ ਉਸ ਨੇ ਓਪਨ ਏਅਰ ਥੀਏਟਰ ਬਣਾਇਆ ਤੇ ਕੱਚੀ ਮਿੱਟੀ ਦਾ ਘਰ ਬਣਾ ਕੇ ਰਹਿਣ ਲੱਗੀ। ਉਸ ਨੇ ਨੌਜਵਾਨਾਂ ਨੂੰ ਰੰਗਮੰਚ ਲਈ ਪ੍ਰੇਰਿਆ ਤੇ ਸਕੂਲਾਂ ਵਿਚ ਰੰਗਮੰਚ ਨੂੰ ਲਾਗੂ ਕਰਨ ਲਈ ਸਿਲੇਬਸ ਤਿਆਰ ਕੀਤਾ। ਦੇਸ਼ ਦੀ ਵੰਡ ਨੇ ਉਸ ਨੂੰ ਉਦਾਸ ਕਰ ਦਿੱਤਾ। ਫਿਰ ਪੰਜਾਬ ਦੇ ਜਦੋਂ ਤਿੰਨ ਟੁਕੜੇ ਹੋਏ ਤਾਂ ਉਹ ਹੋਰ ਵੀ ਉਦਾਸ ਹੋ ਗਈ ਤੇ ਬਿਮਾਰ ਹੋ ਗਈ ਪਰ ਉਸ ਨੇ ਹਿੰਮਤ ਨਹੀਂ ਹਾਰੀ ਤੇ ਫੇਰ ਰੰਗਮੰਚ ਨੂੰ ਲਗਾਤਾਰਤਾ ਦਿੱਤੀ। ਨਵੇਂ ਨਾਟਕ ਲਿਖੇ, ਖੇਡੇ ਤੇ ਕਈਆਂ ਨੂੰ ਲਿਖਣ ਤੇ ਖੇਡਣ ਲਾਇਆ। ਪੇਂਡੂ ਜ਼ਿੰਦਗੀ ਤੇ ਸੋਹਣੀ ਤਹਿਜ਼ੀਬ ਬਾਰੇ ਲੇਖ ਲਿਖੇ ਤੇ ਛਪਵਾਏ। ਤਿੰਨ ਮਾਰਚ 1971 ਵਿਚ 94 ਸਾਲ ਦੀ ਉਮਰ ਵਿਚ ਆਖਰੀ ਸਾਹ ਵੀ ਆਪਣੇ ਕੱਚੇ ਘਰ ਵਿਚ, ਓਪਨ ਏਅਰ ਥੀਏਟਰ ਲਾਗੇ, ਨਾਟਕਾਂ ਦੀਆਂ ਕਿਤਾਬਾਂ ਦੇ ਵਿਚਕਾਰ ਲਏ। ਅਜਿਹੀ ਸ਼ਖਸੀਅਤ ਬਾਰੇ ਮੈਂ ਨਾਟਕ ਕਰਨ ਤੋਂ ਕਿਵੇਂ ਰਹਿ ਸਕਦਾ ਸੀ। ਉਹ ਆਇਰਲੈਂਡ ਦੀ ਜਨਮੀ (29 ਅਕਤੂਬਰ 1876) ਅਭਿਨੇਤਰੀ ਅਤੇ ਨਾਟਕਰਮੀ ਸੀ ਜੋ ਬਾਅਦ ਵਿਚ ਪੰਜਾਬ ਦੀ ਲੇਡੀ ਗਰੈਗਰੀ ਵਜੋਂ ਜਾਣੀ ਗਈ। ਉਸ ਨੇ ਆਪਣੇ ਜੀਵਨ ਦੇ 60 ਸਾਲ ਪੰਜਾਬੀ ਰੰਗਮੰਚ ਅਤੇ ਸਭਿਆਚਾਰ ਨੂੰ ਪ੍ਰਫੁਲਤ ਕਰਨ ਵਿਚ ਭਰਪੂਰ ਯੋਗਦਾਨ ਪਾਇਆ। ਉਸ ਦੀ ਜ਼ਿੰਦਗੀ ਵਿਚ ਕਈ ਉਤਰਾਅ ਚੜ੍ਹਾਅ ਆਏ ਪਰ ਉਸ ਨੇ ਪੰਜਾਬੀ ਰੰਗਮੰਚ ਦਾ ਪੱਲਾ ਨਹੀਂ ਛੱਡਿਆ। ਨੋਰਾ ਦੇ ਸ਼ਾਗਿਰਦਾਂ ਵਿਚ ਬਲਵੰਤ ਗਾਰਗੀ, ਆਈ.ਸੀ. ਨੰਦਾ, ਜੈ ਦਿਆਲ, ਡਾ. ਹਰਚਰਨ ਸਿੰਘ, ਪ੍ਰਿਥਵੀ ਰਾਜ ਕਪੂਰ ਅਤੇ ਹਬੀਬ ਤਨਵੀਰ ਵਿਸ਼ੇਸ਼ ਜ਼ਿਕਰਯੋਗ ਹਨ। ਨੋਰਾ ਰਿਚਰਡਜ਼ ਦੀ ਸਾਰੀ ਉਮਰ ਸੰਘਰਸ਼ਮਈ ਤਰੀਕੇ ਨਾਲ ਹੀ ਗੁਜ਼ਰੀ। 1970 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੰਜਾਬੀ ਸੱਭਿਆਚਾਰ, ਖਾਸਕਰ ਪੰਜਾਬੀ ਰੰਗਮੰਚ ਨੂੰ ਪ੍ਰਫੁਲਤ ਕਰਨ ਲਈ ਨੋਰਾ ਨੂੰ ਡੀ.ਲਿਟ ਦੀ ਉਪਾਧੀ ਨਾਲ ਨਿਵਾਜਿਆ। ਉਸ ਦੀ ਜ਼ਿੰਦਗੀ ਤੇ ਸੰਘਰਸ਼ ‘ਤੇ ਮੈਂ ਨਾਟਕ ਤਿਆਰ ਕੀਤਾ ‘ਨੋਰਾ’।
‘ਨੋਰਾ’ ਨਾਟਕ ਦੀ ਪੇਸ਼ਕਾਰੀ ਸੁਪਨੇ ਵਾਂਗ ਹੈ, ਉਹ ਸੁਪਨਾ ਜੋ ਸੱਚ ਹੋ ਗਿਆ ਹੋਵੇ। ਮੈਂ ਬਹੁਤ ਵਾਰ ਅੰਧਰੇਟੇ ਗਿਆ ਜੋ ਨੋਰਾ ਰਿਚਰਡਜ਼ ਦੀ ਕਰਮਭੂਮੀ ਸੀ। ਜਿਥੇ ਉਹ ਅੱਜ ਵੀ ਸੁੱਤੀ ਹੋਈ, ਦੂਜਿਆਂ ਨੂੰ ਜਾਗਣ ਦੀ ਪ੍ਰੇਰਨਾ ਦਿੰਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਦੇ ਸੱਦੇ ‘ਤੇ ਮੈਂ ਤਕਰੀਬਨ ਹਰ ਸਾਲ ਅੰਮ੍ਰਿਤਸਰ ਤੋਂ ਅੰਧਰੇਟਾ (ਪਾਲਮਪੁਰ) ਜਾਂਦਾ ਰਿਹਾ ਤੇ ਉਥੇ ਨੌਜਵਾਨ ਵਿਦਿਆਰਥੀ ਰੰਗਕਰਮੀਆਂ ਨਾਲ ਰੰਗਮੰਚ ਦੇ ਕਿਸੇ ਨਾ ਕਿਸੇ ਨਵੇਂ ਵਿਸ਼ੇ ‘ਤੇ ਸੰਵਾਦ ਵੀ ਰਚਾਉਂਦਾ ਰਿਹਾ। ਅੰਧਰੇਟਾ ਵਿਖੇ ‘ਚਮੇਲੀ ਨਿਵਾਸ’ ਵਿਚ ਬਣਿਆ ਓਪਨ ਏਅਰ ਥੀਏਟਰ ਤੇ ਕੱਚੀ ਮਿੱਟੀ ਨਾਲ ਲਿੰਬਿਆ ਪੋਚਿਆ ਨੋਰਾ ਦਾ ਘਰ ਹਮੇਸ਼ਾ ਮੇਰੇ ਲਈ ਪ੍ਰੇਰਨਾ ਬਣਦੇ ਰਹੇ। ਮੈਂ ਨੌਜਵਾਨ ਰੰਗਕਰਮੀ ਵਿਦਿਆਰਥੀਆਂ ਨੂੰ ਨਾਲ ਲੈ ਕੇ ਨੋਰਾ ਦੇ ਘਰ ਅੰਦਰ ਬੈਠਦਾ ਤੇ ਉਨ੍ਹਾਂ ਨੂੰ ਕਹਿੰਦਾ ਕਿ ਤੁਸੀਂ ਮਹਿਸੂਸ ਕਰੋ, ਇਸ ਘਰ ਨੂੰ, ਕੱਚੀ ਮਿੱਟੀ, ਕੰਧਾਂ ਨੂੰ ਹੱਥ ਲਾ ਕੇ ਵੇਖੋ ਤੇ ਨੋਰਾ ਦੇ ਉਸ ਸੰਘਰਸ਼, ਮਿਹਨਤ, ਉਸ ਜਨੂੰਨ ਨੂੰ ਚੇਤੇ ਕਰੋ ਜੋ ਉਸ ਨੇ ਰੰਗਮੰਚ ਦੇ ਲੇਖੇ ਲਾਇਆ।
ਮੈਂ ਆਪਣੀ ਨਾਟਕੀ ਪੇਸ਼ਕਾਰੀ ਰਾਹੀਂ ‘ਨੋਰਾ’ ਦੇ ਜਜ਼ਬੇ ਤੇ ਜਨੂੰਨ ਨੂੰ ਸਲਾਮ ਕਹਿਣਾ ਚਾਹੁੰਦਾ ਸੀ। ਮੈਂ ਨੋਰਾ ਬਾਰੇ ਬਹੁਤ ਸਾਰਾ ਮੈਟਰ ਇਕੱਠਾ ਕੀਤਾ ਤੇ ਪੜ੍ਹਿਆ। ਮੈਂ ਸੋਚਿਆ ਕਿ ਕਿਹੜੀ ਅਦਾਕਾਰਾ ‘ਨੋਰਾ’ ਦੀ ਭੂਮਿਕਾ ਨਾਲ ਇਨਸਾਫ਼ ਕਰ ਸਕੇਗੀ ਤਾਂ ਉਸ ਵੇਲੇ ਮੇਰੇ ਸਾਹਮਣੇ ਬੱਸ ਇਕੋ ਨਾਮ ਸੀ ਨਵਨਿੰਦਰਾ ਬਹਿਲ। ਮੈਂ ਤੁਰੰਤ ਫੋਨ ਚੁੱਕਿਆ ਤੇ ਨਵਨਿੰਦਰਾ ਬਹਿਲ ਨਾਲ ਗੱਲ ਕੀਤੀ ਕਿ ਮੈਂ ਨੋਰਾ ਬਾਰੇ ਨਾਟਕ ਕਰਨਾ ਚਾਹੁੰਨਾ, ਕੀ ਤੁਸੀਂ ਨੋਰਾ ਦਾ ਰੋਲ ਕਰੋਗੇ? ਨਵਨਿੰਦਰਾ ਨੇ ਤੁਰੰਤ ‘ਹਾਂ’ ਕਰ ਦਿੱਤੀ। ਗੱਲਾਂ ਕਰਦਿਆਂ ਮੈਂ ਕਿਹਾ ਕਿ ਨਾਟਕ ਲਿਖੋ ਵੀ ਤੁਸੀਂ ਹੀ ਤਾਂ ਜੋ ਅਭਿਨੇਤਰੀ ਨੋਰਾ ਦੇ ਕਿਰਦਾਰ ਨੂੰ ਕਿਵੇਂ ਜੀਂਦੀ ਹੈ, ਉਸ ਅਹਿਸਾਸ ਨਾਲ ਤੁਸੀਂ ਲਿਖੋ। ਇਹ ਗੱਲ ਵੀ ਨਵਨਿੰਦਰਾ ਨੇ ਮੰਨ ਲਈ ਪਰ ਨਾਲ ਹੀ ਕਹਿ ਦਿੱਤਾ ਕਿ ਕੇਵਲ, ਮੇਰੇ ਕੋਲ ਤਾਂ ਨੋਰਾ ਬਾਰੇ ਕੋਈ ਮੈਟੀਰੀਅਲ ਨਹੀਂ। ਮੈਂ ਕਿਹਾ ਕਿ ਮੇਰੇ ਕੋਲ ਬਹੁਤ ਹੈ, ਮੈਂ ਤੁਹਾਨੂੰ ਭੇਜ ਦਿੰਨਾ। ਇਸ ਤਰ੍ਹਾਂ ਇਹ ਨਾਟਕ ਮੈਂ ਨਵਨਿੰਦਰਾ ਬਹਿਲ ਕੋਲੋਂ ਲਿਖਵਾ ਲਿਆ।
ਫਿਰ ਤੁਰ ਪਿਆ ਨਾਟਕ। ਫੇਰ ਮੇਰੀਆਂ ਤੇ ਨਵਨਿੰਦਰਾ ਦੀਆਂ ਕੁਝ ਮੀਟਿੰਗਾਂ, ਸਕਰਿਪਟ ਦੀਆਂ ਕੁਝ ਰੀਡਿੰਗਜ਼ ਤੇ ਕੁਝ ਕੱਟ-ਵੱਢ, ਕੁਝ ਨਵਾਂ ਹੋਰ ਜੋੜਿਆ। ਨਾਟਕ ਨੂੰ ਮੈਂ ਦੋ ਕਲਾਕਾਰਾਂ ਵਿਚ ਹੀ ਡਿਜ਼ਾਈਨ ਕੀਤਾ ਤੇ ਨਵਨਿੰਦਰਾ ਨੂੰ ਵੀ ਇੰਜ ਹੀ ਲਿਖਣ ਲਈ ਕਿਹਾ। ਫਿਰ ਅੰਮ੍ਰਿਤਸਰ ਦੀ ਠੰਢ ਦੇ ਦਿਨ, ਰਿਹਰਸਲਾਂ, ਮੁੰਬਈ ਤੋਂ ਵਾਰ-ਵਾਰ ਨਵਨਿੰਦਰਾ ਦਾ ਅੰਮ੍ਰਿਤਸਰ ਰਿਹਰਸਲ ਲਈ ਆਉਣਾ ਤੇ ਰਿਹਰਸਲਾਂ ਦੌਰਾਨ ਉਨ੍ਹਾਂ ਲੋਕਾਂ ਨੂੰ ਮਿਲਣਾ ਜੋ ਨੋਰਾ ਰਿਚਰਡਜ਼ ਦੇ ਨਾਲ ਰਹੇ ਜਾਂ ਜਿਨ੍ਹਾਂ ਨੇ ਉਸ ਨੂੰ ਵੇਖਿਆ ਸੀ। ਉਨ੍ਹਾਂ ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਵੱਡੀ ਬੇਟੀ ਉਮਾ, ਛੋਟਾ ਬੇਟਾ ਹਿਰਦੇਪਾਲ ਤੇ ਉਨ੍ਹਾਂ ਦੀ ਪਤਨੀ ਪਰਵੀਨ ਨੇ ਵੀ ਨੋਰਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਨੋਰਾ ਦਾ ਪ੍ਰੀਤਨਗਰ ਆ ਕੇ ਰਹਿਣਾ ਤੇ ਉਮਾ ਤੇ ਹਿਰਦੇਪਾਲ ਹੋਰਾਂ ਦਾ ਅੰਧਰੇਟਾ ਜਾ ਕੇ ਰਹਿਣਾ, ਨੋਰਾ ਕਿਵੇਂ ਤੁਰਦੀ ਸੀ, ਟੋਪੀ ਕਿਵੇਂ ਪਾਉਂਦੀ ਸੀ, ਘਰ ਵਿਚ ਕਿਹੜੇ ਰੰਗਾਂ ਦੇ ਪਰਦੇ ਤੇ ਕੁਸ਼ਨ ਵਰਤਦੀ ਸੀ, ਇਹ ਸਭ ਉਮਾ ਭੈਣ ਜੀ ਨੇ ਸਾਨੂੰ ਦੱਸਿਆ।
ਇਨ੍ਹਾਂ ਗੱਲਾਂ ਨਾਲ ਨੋਰਾ ਦਾ ਪਾਤਰ ਹੋਰ ਵੀ ਨਿਖਰ ਰਿਹਾ ਸੀ ਤੇ ਮੈਨੂੰ ਨਾਟਕ ਨੂੰ ਡਿਜ਼ਾਈਨ ਕਰਨ ਲਈ ਨਵੇਂ ਰਾਹ ਲੱਭ ਰਹੇ ਸੀ। ਮੈਂ ਨਾਟਕ ਵਿਚ ਖਾਕੀ ਰੰਗ ਦਾ ਟਾਟ ਤੇ ਉਸ ਟਾਟ ਉਪਰਾ ਨੋਰਾ ਦੇ ਅੰਧਰੇਟਾ ਵਾਲੇ ਘਰ ਦੀਆਂ ਪੇਂਟਿੰਗ ਬਣਾਈਆਂ। ਹੇਠਾਂ ਫਰਸ਼ ਤੇ ਰੰਗਦਾਰ ਲੀਕਾਂ ਵਾਲੀਆਂ ਘਰਾਂ ‘ਚ ਬਣੀਆਂ ਦਰੀਆਂ ਵਰਤੀਆਂ। ਮੇਜ਼, ਕੁਰਸੀਆਂ ਲੱਕੜੀ ਦੇ, ਚਮੇਲੀ ਦੇ ਫੁੱਲਾਂ ਦੀ ਬਗੀਚੀ, ਗੁਰਚਰਨ ਪੇਂਟਰ ਦੇ ਘਰ ਅੰਧਰੇਟਾ ਵਿਖੇ ਬਣੇ ਮੱਗ, ਪੀੜ੍ਹੀ ਵਗੈਰਾ ਇਸ ਨਾਟਕ ਦੇ ਡਿਜ਼ਾਈਨ ਦਾ ਹਿੱਸਾ ਬਣੇ। ਕੱਪੜਿਆਂ ਵਿਚ ਵੀ ਹਿਮਾਚਲੀ ਸ਼ਾਲ, ਟੋਪੀਆਂ, ਵਾਸਕਟਾਂ, ਊਨੀ ਜ਼ੁਰਾਬਾਂ ਅਤੇ ਖਾਸ ਤੌਰ ‘ਤੇ ਨੋਰਾ ਦੇ ਨੌਕਰ ਸ਼ਾਲੀਗਰਾਮ ਦੀ ਵੇਸ਼ਭੂਸ਼ਾ ਉਸ ਦੀਆਂ ਤਸਵੀਰਾਂ ਦੇਖ ਕੇ ਇੰਪਰੋਵਾਈਜ਼ ਕੀਤੀ ਗਈ। ਨਾਟਕ ਨੂੰ ਗਤੀ ਦੇਣ ਲਈ ਮੈਂ ਸਟੇਜ ਉਪਰ ਹੀ ਗਰੀਨ ਰੂਮ ਵਾਂਗ ਪਾਤਰਾਂ ਦੇ ਬਦਲਣ ਵਾਲੀ ਵੇਸ਼ਭੂਸ਼ਾ ਇਸ ਡਿਜ਼ਾਈਨ ਦਾ ਹਿੱਸਾ ਬਣਾ ਲਈ। ਜਦੋਂ ਨਾਟਕ ਦੀ ਬੁਣਤੀ ਬੁਣੀ ਜਾ ਰਹੀ ਸੀ ਤਾਂ ਉਸ ਵੇਲੇ ਮੈਂ ਆਪਣੇ ਅਦਾਕਾਰ ਦੋਸਤ ਡਾ. ਸਾਹਿਬ ਸਿੰਘ ਨਾਲ ਨਾਟਕ ਵਿਚ ਕੰਮ ਕਰਨ ਲਈ ਗੱਲ ਸਾਂਝੀ ਕੀਤੀ। ਸਾਹਿਬ ਸਿੰਘ ਮੈਨੂੰ ਪੁੱਛਣ ਲੱਗਾ, “ਭਾ’ਜੀ, ਮੇਰਾ ਨਾਟਕ ਵਿਚ ਰੋਲ ਕਿੱਦਾਂ ਦਾ।” ਮੈਂ ਕਿਹਾ, “ਤੇਰਾ ਨਾਟਕ ਵਿਚ ਰੋਲ ਇਕ ਨਹੀਂ, ਦਸ ਨੇ।” ਯਾਨੀ ਸਾਹਿਬ ਸਿੰਘ ਨੇ ਨਾਟਕ ਵਿਚ ਦਸ ਭੂਮਿਕਾਵਾਂ ਬਾਖੂਬੀ ਨਿਭਾਈਆਂ। ਉਹ ਕਿਰਦਾਰ ਵੀ ਉਚੇ ਕੱਦ ਵਾਲੇ ਸਨ ਜਿਨ੍ਹਾਂ ਵਿਚ ਬਲਵੰਤ ਗਾਰਗੀ, ਆਈ.ਸੀ. ਨੰਦਾ, ਨੋਰਾ ਦਾ ਪਤੀ ਪੀ.ਸੀ. ਰਿਚਰਡਜ਼, ਸੋਭਾ ਸਿੰਘ, ਮਹਿੰਦਰ ਸਿੰਘ ਰੰਧਾਵਾ, ਐਮ.ਪੀ., ਆਫ਼ੀਸਰ ਨਾਟਕ ਦਾ ਲੇਡੀ ਪਾਤਰ, ਬੀ.ਸੀ. ਸਾਨਿਆਲ ਦੇ ਕਿਰਦਾਰ ਸਨ। ਇਨ੍ਹਾਂ ਦੇ ਨਾਲ ਇਕ ਐਕਟਰ ਹੋਰ ਸੀ, ਰਵੀ ਜਾਖੜ। ਉਸ ਨੇ ਨੋਰਾ ਦੇ ਨੌਕਰ ਸ਼ਾਲੀਗਰਾਮ ਦੀ ਭੂਮਿਕਾ ਅਦਾ ਕੀਤੀ। ਦੋ ਅਦਾਕਾਰਾਂ ਦੇ ਨਾਲ ਨਾਲ ਇਸ ਅਦਾਕਾਰ ਦੀ ਭੂਮਿਕਾ ਭਾਵੇਂ ਬਿਨਾਂ ਡਾਇਲਾਗ ਸ਼ਾਂਤ ਸੀ ਪਰ ਨਾਟਕ ਨੂੰ ਗਤੀ ਦੇਣ ਅਤੇ ਤਰਤੀਬ ਵਿਚ ਰੱਖਣ ਵਿਚ ਇਹ ਅਹਿਮ ਕਿਰਦਾਰ ਸੀ। ਨਾਟਕ ਵਿਚ ਪਹੀਆਂ ਵਾਲੀ ਰੇਹੜੀ ਵੀ ਵਰਤੀ ਜੋ ਨਾਟਕ ਦੇ ਰੁਮਾਂਟਿਕ ਸੀਨ ਨੂੰ ਹੋਰ ਵੀ ਰੰਗੀਨ ਤੇ ਗਤੀਮਾਨ ਕਰਦੀ ਸੀ। ਇਸ ਨਾਟਕ ਦੀ ਲਾਈਟਿੰਗ ਵੀ ਮੈਂ ਬਹੁਤ ਸੁਪਨਈ ਰੰਗਾਂ ਨਾਲ ਡਿਜ਼ਾਈਨ ਕੀਤੀ ਜਿਸ ਵਿਚ ਛੱਤ ਤੋਂ ਲਟਕਦੇ ਦੋ ਲੈਂਪ ਵੀ ਸਨ। ਨਾਟਕ ਦਾ ਸੰਗੀਤ ਮੈਂ ਭਾਰਤੀ, ਖਾਸ ਤੌਰ ‘ਤੇ ਹਿਮਾਚਲੀ ਧੁਨਾਂ ਦੇ ਨੇੜੇ ਰੱਖ ਕੇ ਹਰਿੰਦਰ ਸੋਹਲ ਕੋਲੋਂ ਤਿਆਰ ਕਰਵਾਇਆ ਸੀ। ਸੰਗੀਤ ਨੂੰ ਖੂਬਸੂਰਤੀ ਨਾਲ ਪਵੇਲ ਸੰਧੂ ਸੰਭਾਲਦਾ ਸੀ। ਗੁਰਤੇਜ ਮਾਨ ਤੇ ਸਰਬਜੀਤ ਸਿੰਘ ਵੀ ਵਾਈਸ ਚਾਂਸਲਰ ਦੀ ਭੂਮਿਕਾ ਨੂੰ ਵਾਰੀ-ਵਾਰੀ ਨਿਭਾਉਂਦੇ ਹੋਏ ਸਮੁੱਚੇ ਨਾਟਕ ਦਾ ਹਿੱਸਾ ਬਣੇ ਰਹੇ। ਜਦੋਂ ਨਵਨਿੰਦਰਾ ਬਹਿਲ ਬਹੁਤ ਜ਼ਿਆਦਾ ਬਿਮਾਰ ਹੋ ਗਏ ਤਾਂ ਉਸ ਵਕਤ ਸਾਡੇ ਇਸ ਨਾਟਕ ਦੇ ਸ਼ੋਅ ਨੌਰਥ ਈਸਟ ਵਿਚ ਚਾਰ ਜਗ੍ਹਾ ਸਨ- ਆਸਾਮ, ਤ੍ਰਿਪੁਰਾ, ਮੇਘਾਲਿਆ। ਨਵਨਿੰਦਰਾ ਸ਼ੋਅ ਲਈ ਨਾਲ ਨਾ ਜਾ ਸਕੇ ਤਾਂ ਉਸ ਵੇਲੇ ਚਾਰ ਸ਼ੋਅ ਤੇ ਫਿਰ ਪਟਨਾ ਵਿਖੇ ਨੋਰਾ ਦੀ ਭੂਮਿਕਾ ਰਜਿੰਦਰ ਰੋਜ਼ੀ ਨੇ ਵੀ ਬੜੀ ਮਿਹਨਤ ਤੇ ਸ਼ਿੱਦਤ ਨਾਲ ਨਿਭਾਈ।
ਇਸ ਨਾਟਕ ਦੀਆਂ 15 ਤੋਂ ਵੱਧ ਪੇਸ਼ਕਾਰੀਆਂ ਹੁਣ ਤੱਕ ਹੋ ਚੁੱਕੀਆਂ ਹਨ। ਨੋਰਾ ਹਮੇਸ਼ਾ ਕਹਿੰਦੀ ਸੀ ਕਿ ਨਾਟਕ ਰਾਹੀਂ ਤੁਸੀਂ ਵੱਡੀ ਤੋਂ ਵੱਡੀ ਗੱਲ ਵੀ ਆਸਾਨੀ ਨਾਲ ਕਹਿ ਸਕਦੇ ਹੋ। ਮੈਂ ਇਸ ਨਾਟਕ ਦੀ ਪੇਸ਼ਕਾਰੀ ਰਾਹੀਂ ਰੰਗਮੰਚ ਦੀ ਵੱਡੀ ਸ਼ਖਸੀਅਤ ਨੂੰ ਆਸਾਨੀ ਨਾਲ ਤੇ ਵਾਰ ਵਾਰ ਯਾਦ ਕਰਦਾ ਰਹਾਂਗਾ। ਨੋਰਾ ਦੇ ਸੰਘਰਸ਼ ਤੇ ਸਿਰੜ ਨੂੰ ਸਲਾਮ।