ਬੂਟਾ ਸਿੰਘ
ਫੋਨ: +91-94643-74342
ਹਾਲ ਹੀ ਵਿਚ ਜੁੰਮੇ ਦੀ ਨਮਾਜ਼ ਮੌਕੇ ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਦੀਆਂ ਦੋ ਮਸਜਿਦਾਂ ਵਿਚ ਵਾਪਰੇ ਕਤਲੇਆਮ ਦੀ ਨਿੰਦਾ ਕਰਨਾ ਹੀ ਕਾਫੀ ਨਹੀਂ ਹੈ ਜਿਥੇ ਇਕ ਆਸਟਰੇਲੀਆਈ ਨਸਲਵਾਦੀ ਬਰੈਂਟਨ ਟੇਰੈਂਟ ਨੇ 49 ਮੁਸਲਮਾਨਾਂ ਨੂੰ ਗੋਲੀਆਂ ਨਾਲ ਮਾਰ-ਮੁਕਾਇਆ। ਇਸ ਵਰਤਾਰੇ ਦੀਆਂ ਵਿਚਾਰਧਾਰਕ ਜੜ੍ਹਾਂ ਅਤੇ ਇਸ ਦੀ ਪਾਲਣਾ-ਪੋਸ਼ਣਾ ਤੇ ਪੁਸ਼ਤਪਨਾਹੀ ਕਰਨ ਵਾਲਿਆਂ ਦੀ ਨਿਸ਼ਾਨਦੇਹੀ ਕਰਨੀ ਜ਼ਰੂਰੀ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਨਿਊਜ਼ੀਲੈਂਡ ਦੇ ਲੋਕਾਂ ਨੇ ਨਸਲਵਾਦ ਨੂੰ ਵਿਆਪਕ ਤੌਰ ‘ਤੇ ਰੱਦ ਕਰਦੇ ਹੋਏ ਮੁਸਲਿਮ ਭਾਈਚਾਰੇ ਨਾਲ ਇਕਮੁੱਠਤਾ ਪ੍ਰਗਟਾਈ ਹੈ। ਸਰਕਾਰ ਤੁਰੰਤ ਪੀੜਤਾਂ ਦੇ ਹੱਕ ਵਿਚ ਹਰਕਤ ਵਿਚ ਆਈ ਅਤੇ ਪ੍ਰਧਾਨ ਮੰਤਰੀ ਜਸਿੰਡਾ ਆਰਡਰਨ ਨੇ ਲੋਕਾਂ ਨੂੰ ਮੁਸਲਿਮ ਭਾਈਚਾਰੇ ਪ੍ਰਤੀ ਸਹਿਣਸ਼ੀਲਤਾ ਦਿਖਾਉਣ ਦੀ ਅਪੀਲ ਕੀਤੀ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀ ਹਮਲਾਵਰ ਨੂੰ ‘ਘੋਰ ਸੱਜੇਪੱਖੀ ਦਹਿਸ਼ਤਗਰਦ’ ਕਿਹਾ ਹੈ।
ਇਹ ਚੇਤੇ ਰੱਖਣਾ ਹੋਵੇਗਾ ਕਿ ਪਿਛਲੇ ਦਹਾਕਿਆਂ ਵਿਚ ਅਗਾਂਹਵਧੂ ਤਾਕਤਾਂ ਨੂੰ ਕੁਲ ਦੁਨੀਆ ਵਿਚ ਵੱਡੀ ਪਛਾੜ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਨਤੀਜੇ ਵਜੋਂ ਘੋਰ ਸੱਜੇਪੱਖੀ ਤਾਕਤਾਂ ਪਹਿਲਾਂ ਦੇ ਮੁਕਾਬਲੇ ਨਾ ਕੇਵਲ ਮਜ਼ਬੂਤ ਹੋਈਆਂ ਹਨ ਸਗੋਂ ਬਹੁਤ ਸਾਰੇ ਮੁਲਕਾਂ ਦੀ ਰਾਜਕੀ ਨੀਤੀ ਤੇ ਰਾਜ ਢਾਂਚੇ ਵਿਚ ਇਨ੍ਹਾਂ ਦੀ ਪੁੱਗਤ, ਰਸੂਖ ਅਤੇ ਦਖਲ ਵੀ ਤੇਜ਼ੀ ਨਾਲ ਵਧਿਆ ਹੈ। ਲਿਹਾਜ਼ਾ, ਕਤਲੇਆਮ ਦੀ ਸੋਸ਼ਲ ਮੀਡੀਆ ਉਪਰ ‘ਲਾਈਵ ਸਟਰੀਮਿੰਗ’ ਕਰਨਾ ‘ਸਿਰਫਿਰੇ’ ਸ਼ਖਸ ਦਾ ਆਪਮੁਹਾਰਾ ਕਾਰਾ ਨਹੀਂ, ਜਿਵੇਂ ਹੁਣ ਡੋਨਾਲਡ ਟਰੰਪ ਦੇ ਬੁਲਾਰੇ ਤੇ ਹੋਰ ਮੁਲਕਾਂ ਦੇ ਸੱਜੇਪੱਖੀ ਦੁਨੀਆ ਨੂੰ ਜਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਕਾਂਡ ਪੂਰੀ ਤਰ੍ਹਾਂ ਸੋਚ-ਸਮਝਕੇ ਵਿਉਂਤਿਆ ਗਿਆ, ਕਿਉਂਕਿ ਨਿਊਜ਼ੀਲੈਂਡ ਵਿਚ ਮੁਸਲਮਾਨ ਮੁਕਾਬਲਤਨ ਨਿੱਕਾ ਜਿਹਾ ਅਤੇ ਨਵਾਂ ਭਾਈਚਾਰਾ ਹੀ ਹਨ। ਅੰਕੜਿਆਂ ਅਨੁਸਾਰ 2017 ਵਿਚ ਇਥੇ 47 ਲੱਖ ਦੀ ਕੁਲ ਆਬਾਦੀ ਵਿਚੋਂ ਮੁਸਲਿਮ ਆਬਾਦੀ ਸਿਰਫ 50817 (ਇਕ ਫੀਸਦੀ) ਹੀ ਸੀ। ਗ਼ੌਰਤਲਬ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਨਿਊਜ਼ੀਲੈਂਡ ਦੀ ਕੁਲ ਆਬਾਦੀ ਵਿਚ 7.8 ਫੀਸਦੀ ਵਾਧਾ ਹੋਇਆ ਜਦਕਿ ਇਥੇ ਏਸ਼ੀਆਈ ਆਬਾਦੀ ਵਿਚ ਲਗਭਗ 50 ਫੀਸਦੀ ਵਾਧਾ ਸਾਹਮਣੇ ਆਇਆ। ਇਹ ਫਰਕ ਨਸਲਵਾਦੀਆਂ ਲਈ ਗੋਰੇ ਲੋਕਾਂ ਦੇ ਮਨਾਂ ਵਿਚ ਗ਼ੈਰ ਗੋਰਿਆਂ ਪ੍ਰਤੀ ਨਫਰਤ ਭੜਕਾਉਣ ਅਤੇ ਦੂਜੇ ਮੁਲਕਾਂ ਤੋਂ ਇਥੇ ਆ ਰਹੇ ਲੋਕਾਂ ਪ੍ਰਤੀ ਨੀਤੀ ਨੂੰ ਸਖਤ ਬਣਾਉਣ ਲਈ ਦਬਾਓ ਪਾਉਣ ਦਾ ਕਾਰਗਰ ਤਰੀਕਾ ਹੈ। ਕਤਲੇਆਮ ਮੌਕੇ ਜਾਰੀ ਕੀਤਾ ਗਿਆ 74 ਪੰਨਿਆਂ ਦਾ ਮੈਨੀਫੈਸਟੋ ‘ਦਿ ਗਰੇਟ ਰੀਪਲੇਸਮੈਂਟ’ ਇਕ ਯੋਜਨਾਬੱਧ ਸੰਦੇਸ਼ ਸੀ ਅਤੇ ਇਹ ਪਰਵਾਸ ਦੀ ਨੀਤੀ ਨੂੰ ਬਦਲਣ ਲਈ ਦਬਾਓ ਪਾਉਣ ਦਾ ਸਿਲਸਿਲੇਵਾਰ ਯਤਨ ਹੈ। ਮੈਨੀਫੈਸਟੋ ਦਾ ਮੂਲ ਸਰੋਤ ਫਰਾਂਸੀਸੀ ਆਵਾਸ ਵਿਰੋਧੀ ਲੇਖਕ ਜਾਂ ਔਲਨੋ ਗੈਬਰੀਅਲ ਕੈਮੂ ਦੀ ਲਿਖਤ ‘ਦਿ ਗਰੇਟ ਰੀਪਲੇਸਮੈਂਟ’ ਹੈ ਜੋ ਪੂਰੇ ਯੂਰਪ ਦੇ ਨਸਲਵਾਦੀਆਂ ਦੀਆਂ ਆਵਾਸ ਵਿਰੋਧੀ ਗਰੁੱਪਾਂ ਦੀ ਬਹਿਸਾਂ ਦਾ ਮੁੱਖ ਵਾਕ-ਅੰਸ਼ ਬਣ ਚੁੱਕਾ ਹੈ। ਇਸ ਦਾ ਤੱਤ ਇਹ ਹੈ ਕਿ ਪਰਵਾਸ ਦੇ ਬਹਾਨੇ ਗ਼ੈਰ ਯੂਰਪੀ ਵਸੋਂ ਯੂਰਪ ਦੀ ਮੂਲ ਵਸੋਂ ਤੋਂ ਉਨ੍ਹਾਂ ਦੀ ਧਰਤੀ ਖੋਹ ਕੇ ਕਾਬਜ਼ ਹੋ ਰਹੀ ਹੈ। ਮੈਨੀਫੈਸਟੋ ਵਿਚ ਨਸਲੀ ਦਹਿਸ਼ਤਗਰਦ ਇਸੇ ਨਜ਼ਰੀਏ ਨੂੰ ਹਿੱਕ ਠੋਕ ਕੇ ਐਲਾਨ ਕਰਦਾ ਹੈ, “ਹਮਲਾਵਰਾਂ ਨੂੰ ਦੱਸਣਾ ਹੈ ਕਿ ਸਾਡੀ ਧਰਤੀ ਕਦੇ ਵੀ ਉਨ੍ਹਾਂ ਦੀ ਧਰਤੀ ਨਹੀਂ ਹੋਵੇਗੀ। ਸਾਡੇ ਘਰ ਸਾਡੇ ਆਪਣੇ ਹਨ ਅਤੇ ਜਦ ਤਕ ਇਕ ਵੀ ਗੋਰਾ ਵਿਅਕਤੀ ਰਹੇਗਾ, ਉਦੋਂ ਤਕ ਉਹ ਕਦੇ ਵੀ ਜਿੱਤ ਨਹੀਂ ਸਕਣਗੇ। ਇਹ ਧਰਤੀ ਸਾਡੀ ਹੈ ਅਤੇ ਉਹ ਕਦੇ ਵੀ ਸਾਡੇ ਲੋਕਾਂ ਦੀ ਜਗ੍ਹਾ ਨਹੀਂ ਲੈ ਸਕਣਗੇ।”
ਯੂਰਪ ਵਿਚ ‘ਜੈਨਰੇਸ਼ਨ ਆਈਡੈਂਟਿਟੀ’ ਵਰਗੇ ਨਸਲਵਾਦੀ ਗੁੱਟ ਹਥਿਆਰਬੰਦੀ, ਸਿਖਲਾਈ ਅਤੇ ਹਿੰਸਕ ਹਮਲਿਆਂ ਲਈ ਮਸ਼ਹੂਰ ਹਨ। ਪੱਛਮ, ਖਾਸ ਕਰਕੇ ਕੁਝ ਯੂਰਪੀ ਮੁਲਕਾਂ ਅਤੇ ਅਮਰੀਕਾ ਅੰਦਰ ਨਸਲਵਾਦ ਦੀ ਜ਼ਾਹਰਾ ਨੁਮਾਇੰਦਗੀ ਸੱਤਾ ਅਤੇ ਪਾਰਲੀਮੈਂਟਰੀ ਸੰਸਥਾਵਾਂ ਦੇ ਅੰਦਰ ਵਧੀ ਹੈ। ਨਿਊਜ਼ੀਲੈਂਡ ਇਸ ਪੱਖੋਂ ਮੁਕਾਬਲਤਨ ਸ਼ਾਂਤ ਮੁਲਕ ਮੰਨਿਆ ਜਾਂਦਾ ਹੈ। ਇਥੇ ਨਸਲਵਾਦੀਆਂ ਦੀ ਸੱਤਾ ਵਿਚ ਐਸੀ ਸਿੱਧੀ ਮੌਜੂਦਗੀ ਭਾਵੇਂ ਨਹੀਂ, ਲੇਕਿਨ ਫਾਸ਼ੀਵਾਦ ਅਤੇ ਨਾਜ਼ੀਵਾਦ ਤੋਂ ਪ੍ਰੇਰਤ ਨਸਲਵਾਦੀ ਸੰਸਥਾਵਾਂ ਪਿਛਲੀ ਸਦੀ ਦੇ ਤੀਜੇ ਦਹਾਕੇ ਤੋਂ ਲੈ ਕੇ ਕਿਸੇ ਨਾ ਕਿਸੇ ਰੂਪ ਵਿਚ ਇਥੇ ਵੀ ਮੌਜੂਦ ਰਹੀਆਂ ਹਨ। ਵਿਚਾਰਧਾਰਕ ਸਾਂਝ ਦੇ ਨਾਲ-ਨਾਲ ਹੋਰ ਮੁਲਕਾਂ ਦੇ ਨਸਲਵਾਦੀਆਂ ਦਾ ਇਸ ਖਿੱਤੇ ਦੇ ਨਸਲਵਾਦੀਆਂ ਨਾਲ ਕਿਸੇ ਨਾ ਕਿਸੇ ਰੂਪ ਵਿਚ ਵਿਹਾਰਕ ਅਦਾਨ-ਪ੍ਰਦਾਨ ਵੀ ਹੁੰਦਾ ਆ ਰਿਹਾ ਹੈ। ਯੂਰਪ ਅਤੇ ਉਤਰੀ ਅਮਰੀਕਾ ਦੇ ਨਸਲਵਾਦੀ ਨਿਊਜ਼ੀਲੈਂਡ ਵਿਚ ਜਾ ਕੇ ਭਾਸ਼ਨ ਦਿੰਦੇ ਰਹਿੰਦੇ ਹਨ। ਪਿੱਛੇ ਜਿਹੇ ਇਨ੍ਹਾਂ ਤਾਕਤਾਂ ਨੇ ਇਹ ਦਲੀਲ ਦਿੰਦਿਆਂ ‘ਯੂ.ਐਨ. ਗਲੋਬਲ ਮਾਈਗ੍ਰੇਸ਼ਨ ਕੰਪੈਕਟ’ ਦਾ ਵਿਰੋਧ ਕੀਤਾ ਗਿਆ ਕਿ ਇਹ ਛੇ ਕਰੋੜ ‘ਭੂਰੇ’ ਲੋਕਾਂ ਨੂੰ ਯੂਰਪ ਵਿਚ ਵਸਾਉਣ ਦੀ ਯੋਜਨਾ ਹੈ। ਦੋ ਸਾਲ ਪਹਿਲਾਂ ਹੀ ਆਕਲੈਂਡ ਯੂਨੀਵਰਸਿਟੀ ਵਿਚ ‘ਯੂਰਪੀਅਨ ਸਟੂਡੈਂਟਸ ਯੂਨੀਅਨ’ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਪਿਛਲੇ ਮਹੀਨੇ ਹੀ ਇਥੇ ‘ਐਨ.ਜ਼ੇਡ. ਸੌਵਰੈਨਿਟੀ’ ਦੇ ਨਾਂ ਥੱਲੇ ‘ਯੂ.ਐਨ. ਗਲੋਬਲ ਮਾਈਗ੍ਰੇਸ਼ਨ ਕੰਪੈਕਟ’ ਦੇ ਵਿਰੋਧ ਵਿਚ ਰੈਲੀਆਂ ਕੀਤੀਆਂ ਗਈਆਂ ਸਨ। ‘ਪ੍ਰਭੂਸੱਤਾ’ ਨੂੰ ਮੁੱਦਾ ਬਣਾ ਕੇ ਇਹ ਲੋਕ ਹੋਰ ਮੁਲਕਾਂ ਤੋਂ ਆ ਰਹੇ ਲੋਕਾਂ, ਖਾਸ ਕਰਕੇ ਸ਼ਰਨਾਰਥੀਆਂ ਉਪਰ ਰੋਕ ਲਗਾਏ ਜਾਣ ਦੀ ਜ਼ੋਰਦਾਰ ਮੰਗ ਕਰਦੇ ਆ ਰਹੇ ਹਨ।
ਨਿਸ਼ਚੇ ਹੀ, ਇਹ ਆਵਾਸੀਆਂ ਪ੍ਰਤੀ ਉਸ ਨਸਲਵਾਦੀ ਨਫਰਤ ਦਾ ਨਤੀਜਾ ਹੈ ਜੋ ਪਿਛਲੇ ਦਹਾਕਿਆਂ ਤੋਂ ਸਿਲਸਿਲੇਵਾਰ ਤਰੀਕੇ ਨਾਲ ਸਮੁੱਚੀ ਧਰਤੀ ਉਪਰ ਫੈਲਾਈ ਜਾ ਰਹੀ ਹੈ। ਨਾਲ ਹੀ ਇਹ ਅਮਰੀਕੀ ਹੁਕਮਰਾਨਾਂ ਦੀ ਅਗਵਾਈ ਹੇਠ ਪੱਛਮ ਦੇ ਫੈਲਾਏ ‘ਇਸਲਾਮੀ ਹਊਏ’ ਦੀ ਦੇਣ ਹੈ ਜਿਸ ਦੀ ਹਮਾਇਤ ਦੁਨੀਆ ਭਰ ਦੀਆਂ ਤਮਾਮ ਸੱਜੇਪੱਖੀ ਹੁਕਮਰਾਨ ਜਮਾਤਾਂ ਕਰ ਰਹੀਆਂ ਹਨ। ਪਿਛਲੇ ਸਾਲਾਂ ਵਿਚ ਅਮਰੀਕਾ, ਜਰਮਨੀ, ਫਰਾਂਸ ਤੇ ਹੋਰ ਯੂਰਪੀ ਮੁਲਕਾਂ ਵਿਚ ਵੀ ਮੁਸਲਿਮ ਭਾਈਚਾਰੇ ਦੇ ਧਾਰਮਿਕ ਸਥਾਨਾਂ ਉਪਰ ਹਮਲੇ ਹੋਏ। ਇਸ ਪਿੱਛੇ ਖਾਸ ਵਜ੍ਹਾ ਉਨ੍ਹਾਂ ਵਿਰੁਧ ਫੈਲਾਈ ਨਫਰਤ ਹੈ। ‘ਇਸਲਾਮੀ ਹਊਆ’ ਖੜ੍ਹਾ ਕਰਨ ਵਾਲੇ ਚਾਹੇ ਯੂਰਪ ਜਾਂ ਅਮਰੀਕਾ ਦੇ ਹੁਕਮਰਾਨ ਹੋਣ ਜਾਂ ਭਾਰਤ ਦੇ, ਇਹ ਵਾਰ-ਵਾਰ ਦੁਹਰਾਉਂਦੇ ਦੇਖੇ ਜਾ ਸਕਦੇ ਹਨ ਕਿ ਮਸਜਿਦਾਂ ਅਤੇ ਮਦਰਸੇ ਦਹਿਸ਼ਤਗਰਦਾਂ ਦੀ ਸਿਖਲਾਈ ਦੇ ਅੱਡੇ ਹਨ। ਜਦਕਿ ਤੱਥ ਇਹ ਹੈ ਕਿ ਅਫਗਾਨਿਸਤਾਨ ਅੰਦਰ ਸੋਵੀਅਤ ਯੂਨੀਅਨ ਵਿਰੋਧੀ ਯੁੱਧ ਦੌਰਾਨ ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਮਸਜਿਦਾਂ, ਮਦਰੱਸਿਆਂ ਨੂੰ ਕੱਟੜ ਜਹਾਦੀਆਂ ਦੇ ਸਿਖਲਾਈ ਕੇਂਦਰ ਬਣਾਉਣ ਪਿੱਛੇ ਸਭ ਤੋਂ ਵੱਡਾ ਹੱਥ ਖੁਦ ਅਮਰੀਕਨ ਸਟੇਟ ਦਾ ਰਿਹਾ ਹੈ। ਬੇਸ਼ੱਕ, ਪਾਕਿਸਤਾਨ ਸਮੇਤ ਇਸਲਾਮੀ ਮੁਲਕਾਂ ਵਿਚ ਇਨ੍ਹਾਂ ਥਾਵਾਂ ਨੂੰ ਦਹਿਸ਼ਤਗਰਦੀ ਲਈ ਇਸਤੇਮਾਲ ਕੀਤੇ ਜਾਣ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ, ਲੇਕਿਨ ਖਾਸ ਮੁਲਕਾਂ ਦੇ ਹੁਕਮਰਾਨਾਂ ਵੱਲੋਂ ਇਸਲਾਮੀ ਧਾਰਮਿਕ ਪਛਾਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਸਥਾਨਾਂ ਨੂੰ ਦਹਿਸ਼ਤਗਰਦੀ ਦੇ ਸਮਾਨਅਰਥੀ ਬਣਾ ਕੇ ਪੇਸ਼ ਕਰਨ ਪਿੱਛੇ ਹਮੇਸ਼ਾ ਇਨ੍ਹਾਂ ਦੇ ਸੌੜੇ ਹਿਤ ਅਤੇ ਸੋਚੇ-ਸਮਝੇ ਏਜੰਡੇ ਕੰਮ ਕਰਦੇ ਹਨ। ‘ਕਮਿਊਨਿਸਟ ਹਊਆ’ ਘਸ-ਪਿਟ ਗਿਆ ਤਾਂ ਇਨ੍ਹਾਂ ਨੇ ‘ਇਸਲਾਮੀ ਹਊਆ’ ਈਜਾਦ ਕਰ ਲਿਆ।
ਹਮਲਾਵਰ ਦਹਿਸ਼ਤਗਰਦ ਨੇ ਆਪਣੇ ‘ਮੈਨੀਫੈਸਟੋ’ ਵਿਚ ਉਸ ਨਾਰਵੀਜੀਅਨ ਦਹਿਸ਼ਤਗਰਦ ਐਂਡਰਸ ਬੇਹਰਿੰਗ ਬਰੀਵਿਕ ਦੀ ਖੂਬ ਤਾਰੀਫ ਕੀਤੀ ਹੈ ਜਿਸ ਨੇ 2011 ਵਿਚ ਨਾਰਵੇ ਦੀ ਰਾਜਧਾਨੀ ਓਸਲੋ ਵਿਚ 77 ਲੋਕਾਂ ਦੀ ਹੱਤਿਆ ਕੀਤੀ ਸੀ। ਉਹ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ‘ਮੁੜ-ਸੁਰਜੀਤ ਹੋਈ ਗੋਰੀ ਪਛਾਣ ਅਤੇ ਸਾਂਝੇ ਮਨੋਰਥ ਦਾ ਚਿੰਨ੍ਹ’ ਕਹਿੰਦਾ ਹੈ। ਉਸ ਦਾ ਇਨ੍ਹਾਂ ਸ਼ਖਸਾਂ ਤੋਂ ਐਨਾ ਮੁਤਾਸਿਰ ਹੋਣਾ ਹੈਰਤਅੰਗੇਜ਼ ਨਹੀਂ। ਟਰੰਪ ਵਰਗੇ ਰਾਜ ਨੇਤਾ ਨਸਲਵਾਦੀ ਤਾਕਤਾਂ ਲਈ ਸੱਚਮੁੱਚ ਰੋਲ ਮਾਡਲ ਹਨ। ਇਹ ਤੱਥ ਜੱਗ ਜ਼ਾਹਿਰ ਹੈ ਕਿ ਟਰੰਪ ਦਾ ਏਜੰਡਾ ਨਸਲਵਾਦੀ ਹੈ ਅਤੇ ਉਸ ਦਾ ਟਿਕਾਊ ਰਾਜਸੀ ਅਧਾਰ ਸੱਜੇਪੱਖੀ ਰਾਸ਼ਟਰਵਾਦੀ ਤਾਕਤਾਂ ਹਨ। ਟਰੰਪ ਹੋਰ ਮੁਲਕਾਂ ਦੇ ਲੋਕਾਂ, ਖਾਸ ਕਰਕੇ ਮੁਸਲਮਾਨਾਂ ਪ੍ਰਤੀ ਆਪਣੇ ਨਫਰਤ ਭੜਕਾਊ ਅਤੇ ਨਸਲਵਾਦੀ ਬਿਆਨਾਂ ਲਈ ਅਕਸਰ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ। ਉਸ ਦੀ ਲੰਮੀ ਚੋਣ ਮੁਹਿੰਮ ਗ਼ੈਰ ਕਾਨੂੰਨੀ ਆਵਾਸੀਆਂ ਦੇ ‘ਹਮਲੇ’ ਦੇ ਖਤਰੇ ਅਤੇ ਇਸ ਨੂੰ ਰੋਕਣ ਲਈ ਅਮਰੀਕਨ-ਮੈਕਸੀਕਨ ਸਰਹੱਦ ਉਪਰ ਹੋਰ ਦੀਵਾਰਾਂ ਉਸਾਰਨ ਦੇ ਇਕਰਾਰ ਉਪਰ ਕੇਂਦਰਤ ਸੀ। ਇੰਨਾ ਹੀ ਨਹੀਂ, ਉਸ ਵੱਲੋਂ 2017 ‘ਚ ਵਰਜੀਨੀਆ ਵਿਚ ਨਵ-ਨਾਜ਼ੀਆਂ ਦੇ ਮਸ਼ਾਲ ਜਲੂਸ ਦੀ ਨਿੰਦਾ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਗਈ ਜਿਸ ਦਾ ਮੁੱਖ ਨਾਅਰਾ ਨਾਜ਼ੀ ਦੌਰ ਦਾ ‘ਲਹੂ ਅਤੇ ਮਿੱਟੀ’ ਦਾ ਖੂਨੀ ਹੋਕਾ ਸੀ। ਹਾਲੀਆ ਕਾਂਡ ਤੋਂ ਬਾਦ ਟਰੰਪ ਨੇ ਬਿਆਨ ਦਿੱਤਾ ਹੈ ਕਿ ਦੁਨੀਆ ਨੂੰ ‘ਗੋਰੀ ਸਰਵਸ਼੍ਰੇਸ਼ਟਤਾ’ ਤੋਂ ਕੋਈ ਖਤਰਾ ਨਹੀਂ ਹੈ। ਟਰੰਪ ਨਿਜ਼ਾਮ ਤੋਂ ਐਸੀ ਕੂਟਨੀਤਕ ਬਿਆਨਬਾਜ਼ੀ ਦੀ ਉਮੀਦ ਹੀ ਕੀਤੀ ਜਾ ਸਕਦੀ ਹੈ ਜੋ ਦੁਨੀਆ ਨੂੰ ਇਸ ਗੰਭੀਰ ਖਤਰੇ ਪ੍ਰਤੀ ਅਵੇਸਲਾ ਕਰਕੇ ਇਹਨਾਂ ਤਾਕਤਾਂ ਦੇ ਚੁੱਪ-ਚੁਪੀਤੇ ਵਧਦੇ-ਫੁੱਲਦੇ ਰਹਿਣ ਲਈ ਸਾਜ਼ਗਰ ਰਾਜਸੀ ਮਾਹੌਲ ਸਿਰਜਦੀ ਹੈ।
ਯੂਰਪ ਅਤੇ ਅਮਰੀਕਾ ਅੰਦਰ ਮੁਸਲਮਾਨਾਂ ਜਾਂ ਉਨ੍ਹਾਂ ਨਾਲ ਮਿਲਦੇ-ਜੁਲਦੇ ਪਹਿਰਾਵੇ ਵਾਲੇ ਲੋਕਾਂ ਉਪਰ ਨਸਲੀ ਹਮਲੇ ਸਾਫ ਸਬੂਤ ਹਨ ਕਿ ਗ਼ੈਰ ਮੁਸਲਿਮ ਲੋਕਾਂ ਅੰਦਰ ਮੁਸਲਿਮ ਭਾਈਚਾਰੇ ਪ੍ਰਤੀ ਕਿੰਨੀ ਡੂੰਘੀ ਨਫਰਤ ਬੀਜ ਦਿੱਤੀ ਗਈ ਹੈ। ਪੱਛਮ ਦੀਆਂ ਕਈ ਮੋਹਰੀ ਪ੍ਰਕਾਸ਼ਨਾਵਾਂ ਨੇ ਰਾਸ਼ਟਰਪਤੀ ਦੀ ਚੋਣ ਲਈ 2016 ਦੀ ਚੋਣ ਮੁਹਿੰਮ ਵਿਚ ਟਰੰਪ ਦੀ ਬੋਲਬਾਣੀ ਦੇ ਸਕੂਲਾਂ ਉਪਰ ਅਸਰ ਦੇ ਅਧਿਐਨ ਕੀਤੇ ਹਨ। ਟੀਚਰਜ਼ ਟਾਲਰੈਂਸ ਪ੍ਰੋਜੈਕਟ ਦੀ ਅਪਰੈਲ 2016 ਰਿਪੋਰਟ ਉਚੇਚੇ ਤੌਰ ‘ਤੇ ਦੱਸਦੀ ਹੈ ਕਿ ਵਿਦਿਆਰਥੀ ਰਾਜਸੀ ਆਗੂਆਂ ਦੀ ਕਿਸ ਕਦਰ ਨਕਲ ਕਰਦੇ ਹਨ। ਅਮਰੀਕਨ ਸਕੂਲਾਂ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਤੰਗ-ਪ੍ਰੇਸ਼ਾਨ ਕਰਨ, ਵਿਅੰਗ ਕੱਸਣ ਅਤੇ ਜ਼ਲੀਲ ਕਰਨ ਦਾ ਰੁਝਾਨ ਵਧਿਆ ਹੈ ਜਿਨ੍ਹਾਂ ਦੀ ਨਸਲ, ਧਰਮ ਜਾਂ ਕੌਮੀਅਤ ਨੂੰ ਚੋਣ ਮੁਹਿੰਮ ਚਲਾਉਣ ਵਾਲਿਆਂ ਵੱਲੋਂ ਆਪਣੇ ਪ੍ਰਚਾਰ ਵਿਚ ਨਿਸ਼ਾਨਾ ਬਣਾਇਆ ਗਿਆ ਸੀ। ਭਾਰਤ ਵਿਚ ਲੇਖਿਕਾ ਨਾਜ਼ੀਆ ਇਰੁਮ ਨੇ ਮੁਲਕ ਦੇ ਚੋਟੀ ਦੇ ਸਕੂਲਾਂ ਦੇ ਫੀਲਡ ਅਧਿਐਨ ‘ਤੇ ਆਧਾਰਿਤ ਆਪਣੀ ਹਾਲ ਹੀ ਛਪੀ ਕਿਤਾਬ ‘ਮਦਰਿੰਗ ਏ ਮੁਸਲਿਮ’ ਅੰਦਰ ਮੁਸਲਿਮ ਬੱਚਿਆਂ ਪ੍ਰਤੀ ਹੋਰ ਬੱਚਿਆਂ ਦੇ ਮਨਾਂ ਵਿਚ ਫੈਲੀ ਨਫਰਤ ਦੀ ਬਹੁਤ ਹੀ ਖੌਫਨਾਕ ਤਸਵੀਰ ਪੇਸ਼ ਕੀਤੀ ਹੈ।
ਇਕ ਮੁਲਕ, ਖਾਸ ਕਰਕੇ ਪਿਛੜੇ ਅਤੇ ਘੋਰ ਸੰਕਟਗ੍ਰਸਤ ਅਤੇ ਰਾਜਸੀ ਅਸਥਿਰਤਾ ਵਾਲੇ ਮੁਲਕ ਤੋਂ ਦੂਜੇ ਬਿਹਤਰ ਹਾਲਾਤ ਵਾਲੇ ਮੁਲਕਾਂ ਵੱਲ ਪਰਵਾਸ, ਦਰਅਸਲ ਵੱਡਾ ਆਲਮੀ ਮਸਲਾ ਹੈ ਜਿਸ ਵਿਚ ਸਾਮਰਾਜਵਾਦੀ ਸਾਜ਼ਿਸ਼ਾਂ ਅਤੇ ਹੁਕਮਰਾਨਾਂ ਦੀਆਂ ਕਾਰਪੋਰੇਟ ਸਰਮਾਏ ਪੱਖੀ ਧਾੜਵੀ ਨੀਤੀਆਂ ਦੀ ਮੁੱਖ ਭੂਮਿਕਾ ਹੈ। 2015 ਵਿਚ ਦੁਨੀਆ ਵਿਚ ਪਰਵਾਸ ਕਰਨ ਵਾਲਿਆਂ ਦਾ ਅੰਕੜਾ 25 ਕਰੋੜ ਨੂੰ ਜਾ ਪਹੁੰਚਿਆ ਸੀ ਜਿਨ੍ਹਾਂ ਵਿਚ ਸਾਢੇ ਛੇ ਕਰੋੜ ਸੀਰੀਆ, ਲਿਬੀਆ ਵਰਗੇ ਮੁਲਕਾਂ ਵਿਚ ਖਾਨਾਜੰਗੀ ਦੇ ਸਤਾਏ ਬੇਵੱਸ ਲੋਕ ਸਨ। ਲੇਕਿਨ ‘ਗੋਰੀ ਨਸਲ ਹੀ ਸਰਵਸ਼੍ਰੇਸ਼ਟ’ ਦੇ ਨਸਲਵਾਦੀ ਨਜ਼ਰੀਏ ਵਾਲੇ ਲੋਕ ਇਸ ਨੂੰ ਆਪਣੀ ਪ੍ਰਭੂਸੱਤਾ ਲਈ ਖਤਰਾ ਮੰਨ ਕੇ ਰੋਕਣ ਲਈ ਬਜ਼ਿੱਦ ਹਨ।
ਇਸ ਨਵ-ਨਾਜ਼ੀਵਾਦੀ ਰੁਝਾਨ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਇਸ ਵਕਤ ਚਾਹੇ ਇਹ ਕਮਜ਼ੋਰ ਨਜ਼ਰ ਆਉਂਦਾ ਹੈ, ਸਰਮਾਏਦਾਰੀ ਪ੍ਰਬੰਧ ਦੇ ਸੰਕਟ ਦੇ ਵਧਣ ਨਾਲ ਆਵਾਸੀਆਂ ਅਤੇ ਪਰਵਾਸੀਆਂ ਨੂੰ ਬੇਰੁਜ਼ਗਾਰੀ ਲਈ ਜ਼ਿੰਮੇਵਾਰ ਸਮਝਣ ਦੀ ਸੋਚ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਨਸਲਵਾਦੀ ਏਜੰਡੇ ਵਾਲੀਆਂ ਤਾਕਤਾਂ ਲਈ ਸਥਾਨਕ ਲੋਕਾਂ ਨੂੰ ‘ਬੇਗਾਨਿਆਂ’ ਵਿਰੁਧ ਭੜਕਾਉਣ ਲਈ ਪੂਰੀ ਤਰ੍ਹਾਂ ਸਾਜ਼ਗਾਰ ਮਾਹੌਲ ਮੁਹੱਈਆ ਕਰਦੀ ਹੈ।