ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪਤਝੜ ਦੀ ਗੱਲ ਕੀਤੀ ਸੀ। ਕੀ ਹੈ, ਪਤਝੜ? ਸਾਲ ਦਾ ਆਖਰੀ ਪਹਿਰ। ਪੁਰਾਣੇ ਪੱਤਿਆਂ ਦੇ ਤੁਰ ਜਾਣ ਦਾ ਵੇਲਾ।…ਪਤਝੜ ਰੁੱਖਾਂ, ਬੂਟਿਆਂ ‘ਤੇ ਹੀ ਨਹੀਂ ਆਉਂਦੀ ਸਗੋਂ ਇਨਸਾਨ ਦੇ ਪਿਛਲੇਰੇ ਸਮੇਂ ਵਿਚ ਵੀ ਆਉਂਦੀ ਹੈ।
ਜੀਵਨ ਦੇ ਇਸ ਰੰਗ ਨੂੰ ਕੁਦਰਤ ਵਾਂਗ ਰੰਗਲੀ ਆਭਾ ਨਾਲ ਮਨਾਉਣ ਅਤੇ ਆਖਰੀ ਪਲਾਂ ਨੂੰ ਯਾਦਗਾਰੀ ਬਣਾਉਣ ਦਾ ਹੁਨਰ ਆ ਜਾਵੇ ਤਾਂ ਮਨੁੱਖਾ ਜੀਵਨ ਅਕੀਦਤਯੋਗ ਬਣ ਜਾਂਦਾ। ਹਥਲੇ ਲੇਖ ਵਿਚ ਉਹ ਹਰਫਾਂ ਦੀ ਬਾਤ ਪਾਉਂਦਿਆਂ ਕਹਿੰਦੇ ਹਨ, “ਹਰਫਾਂ ਨਾਲ ਗੱਲਾਂ ਕਰੋ, ਉਹ ਹੁੰਗਾਰਾ ਭਰਨਗੇ। ਆਪਣੀ ਵੇਦਨਾ ਦੱਸੋ, ਉਹ ਵੇਦਨਾ ਨੂੰ ਵਰ ਬਣਾ ਦੇਣਗੇ।” ਡਾ. ਭੰਡਾਲ ਨੂੰ ਹੇਰਵਾ ਹੈ, “ਹੁਣ ਕੋਈ ਨਹੀਂ ਅਜਿਹੀ ਲਿਖਤ ਦਾ ਵਾਰਸ, ਜੋ ਗੁਰੂ ਨਾਨਕ ਦੇ ਬੋਲ, ‘ਧਨੁ ਲੇਖਾਰੀ ਨਾਨਕਾ ਜਿਨ ਲਿਖਾਇਆ ਸਚੁ’ ‘ਤੇ ਪੂਰਾ ਉਤਰੇ। ਸਿਰਫ ਮੁਖੌਟਾਧਾਰੀ ਬਣ ਕੇ ਹੀ ਨਾਨਕਾ ਦਾ ਵਾਰਸ ਬਣਨ ਦਾ ਭਰਮ ਪਾਲ ਰਹੇ ਹਾਂ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਹਰਫ, ਸੰਵਾਦ-ਸਾਧਨ, ਭਾਵਨਾਵਾਂ ਨੂੰ ਕਿਰਤ ਦੇ ਹਵਾਲੇ ਕਰਨ ਦਾ ਕਰਮ ਅਤੇ ਮਨ-ਚਾਹਨਾ ਨੂੰ ਹਰਫ-ਪ੍ਰੇਮੀਆਂ ਤੀਕ ਪਹੁੰਚਾਉਣ ਦਾ ਧਰਮ। ਹਰਫ, ਸੰਵੇਦਨਾ ਨੂੰ ਵਾਕਾਂ ਤੇ ਇਬਾਰਤ ਵਿਚ ਪ੍ਰੋਣ ਦਾ ਕਾਰਜ ਕਰਦੇ, ਖੁਰਦੇ, ਮਰਦੇ ਅਤੇ ਸਮੋਈ ਸਾਧਨਾ ਨੂੰ ਪੜ੍ਹਨ ਵਾਲਿਆਂ ਦੇ ਨੈਣਾਂ ‘ਚ ਧਰਦੇ।
ਹਰਫ ਨਾਲ ਹਰਫ ਮਿਲ ਬੈਠਦੇ ਤਾਂ ਵਾਕ ਬਣਦੇ। ਵਾਕਾਂ ਦੀਆਂ ਲੜੀਆਂ ਪਹਿਰਿਆਂ ਵਿਚ ਤਬਦੀਲ ਹੋ ਕਿਰਤ ਨੂੰ ਜਨਮਦੀਆਂ। ਕਿਰਤ ਵਿਚਲਾ ਸੁਨੇਹਾ ਪੜ੍ਹਤ ਵਿਚੋਂ ਪ੍ਰਕਾਸ਼ਮਾਨ ਹੋ ਬਹੁਤ ਕੁਝ ਗੁੰਗੀ ਤਹਿਜ਼ੀਬ ਦੇ ਨਾਮ ਹੋ ਜਾਂਦਾ।
ਹਰਫ ਹਸਦੇ ਤੇ ਹਰਫ ਹੀ ਰੋਂਦੇ, ਹਰਫ ਹੀ ਕਰਨ ਵਿਚਾਰ। ਹਰਫਾਂ ਵਿਚੋਂ ਉਕਰੇ ਨਕਸ਼ਾਂ ‘ਚ ਹੁੰਦਾ ਰੂਹ-ਦੀਦਾਰ। ਹਰਫ ਹੀ ਜਦ ਇਨਾਇਤ ਬਣਦੇ, ਪੂਰਨ ਕਰਦੇ ਆਸ। ਹਰਫ ਦਾ ਹੀ ਚਾਨਣ ਬਣਦੀ, ਰੂਹ ਨਾਲ ਕੀਤੀ ਅਰਦਾਸ। ਹਰਫ ਆਵੇਸ਼ ਅਤੇ ਅਗੰਮਤਾ, ਹਰਫ ਹੀ ਸਿਧ-ਸੰਵਾਦ। ਹਰਫਾਂ ਬੀਹੀ ਗੂੰਜਦਾ ਰਹਿੰਦਾ, ਹਰਦਮ ਜੀਵਨ-ਨਾਦ। ਹਰਫ ਸੰਜੋਗ ਤੇ ਹਰਫ ਮਿਲਾਪ, ਹਰਫ ਭਟਕਣ ਦੀ ਰੀਤ। ਹਰਫਾਂ ਦੇ ਵਿਚ ਰਹੇ ਸਮੋਈ, ਖੁਦ ਨਾਲ ਖੁਦ ਪ੍ਰੀਤ। ਹਰਫ ਮੌਲਾ ਤੇ ਹਰਫ ਮਸੀਤ, ਹਰਫ ਮੰਦਿਰ-ਪੁਜਾਰੀ। ਹਰਫ ਹੀ ਸ਼ਬਦ-ਗੁਰੂ ਹੋ ਕੇ, ਰੰਗਦੇ ਬਣ ਲਾਲਾਰੀ। ਹਰਫ ਹੀ ਸਾਧ-ਪਖੰਡ ਦਾ ਰੁਤਬਾ ਤੇ ਹਰਫ ਸੱਚ-ਆਵਾਜ਼। ਹਰਫ ਕੋਲੋਂ ਕਿੰਜ ਛੁਪਾਵੇ, ਰੋਂਦਾ ਜਿੰਦ ਦਾ ਸਾਜ਼। ਹਰਫਾਂ ਨੂੰ ਹੀ ਗਲ ਨਾਲ ਲਾਓ, ਹਰਫ ਸਾਹਾਂ ਦਾ ਸੰਗ। ਹਰਫ ਵਿਚ ਇਕੱਲ ਵੀ ਮੌਲੇ, ਰਹਿ ਕੇ ਅੰਗ ਤੇ ਸੰਗ। ਹਰਫ ਹੂਕ ਤੇ ਹਰਫ ਹਾਕ ਏ, ਹਰਫ ਲੇਰ ਦਾ ਰੂਪ। ਹਰਫ ਕਿਸੇ ਦੀ ਪੀੜਾ ਚੂਸੇ, ਹਰਫ ਹੀ ਸੱਜਣ-ਸਰੂਪ।
ਰੋਂਦੇ ਹਰਫਾਂ ਨੂੰ ਕੌਣ ਵਰਾਵੇ? ਕੌਣ ਗਲ ਨਾਲ ਲਾਵੇ ਅਤੇ ਉਨ੍ਹਾਂ ਦੀਆਂ ਘਰਾਲਾਂ ਨੂੰ ਪੂੰਝ ਕੇ ਆਵੇ, ਜਿਨ੍ਹਾਂ ਦੀ ਤਾਸੀਰ ਵਿਚ ਧੀਆਂ ਦੀ ਉਡਾਣ, ਰੀਝਾਂ ਅਤੇ ਸੁਪਨਿਆਂ ਨੂੰ ਸੁਲਘਣ ਦੀ ਸਜ਼ਾ ਮਿਲ ਜਾਵੇ। ਸਜ਼ਾ-ਯਾਫਤਾ ਹਰਫ ਨੂੰ ਰੌਣ ਲਾਵੇ ਅਤੇ ਦੀਦਿਆਂ ਵਿਚ ਖਾਰਾ ਸਮੁੰਦਰ ਉਛਲ ਆਵੇ।
ਹਰਫ ਸਿਸਕਦੇ ਕਿਉਂਕਿ ਉਨ੍ਹਾਂ ਦੀ ਵੱਖੀ ਵਿਚ ਸੂਲਾਂ, ਸੂਲੀਆਂ, ਸੰਤਾਪ ਅਤੇ ਸੋਗ ਦੀਆਂ ਕਲਮਾਂ ਜਿਨ੍ਹਾਂ ਦੇ ਪੁੰਗਰਨ ‘ਤੇ ਪੀੜ ਦੀ ਛਾਂਵੇਂ ਸਾਹ ਵੀ ਧੁਖਣ ਲੱਗਦੇ। ਔਂਤਰੀ ਆਬੋ-ਹਵਾ ਵਿਚ ਮੌਲਦਾ ਪੀੜ-ਪੌਦਾ ਹਰ ਵਿਹੜੇ ‘ਚ ਦੁੱਖਾਂ ਦਾ ਛਿੜਕਾ ਕਰਦਾ।
ਹਰਫ ਸਹਿਲਾਓ ਤਾਂ ਕਿ ਹੁਬਕੀਆਂ ਨੂੰ ਹਰਨ ਦਾ ਵੱਲ ਆਵੇ। ਹਿੱਕ ਵਿਚ ਜੰਮ ਚੁਕੀਆਂ ਅਰਦਾਸਾਂ, ਅਸੀਸਾਂ ਅਤੇ ਦੁਆਵਾਂ ਹਰਫ-ਵਰਕੇ ‘ਤੇ ਖੇੜਿਆਂ ਦੀਆਂ ਫੁੱਲਝੜੀਆਂ ਖਿੜਾਵੇ ਤੇ ਹਵਾਵਾਂ ‘ਚ ਸੁਗੰਧਤ ਸੁਰ ਉੁਪਜਾਵੇ।
ਹਰਫ ਦੇ ਨੈਣ ਵਿਚਲੇ ਹੰਝੂ ਹਰਫ-ਸੰਵੇਦਨਾ ਨੂੰ ਅਰਥਾਂ ਵਿਚ ਰਮ ਸਮਾਉਂਦੇ। ਪੜ੍ਹਾਕੂਆਂ ਦੇ ਦੀਦਿਆਂ ਵਿਚ ਗਮ ਦਾ ਸੁਰਮਾ ਪਾਉਂਦੇ। ਫਿਰ ਬਹੁਤ ਔਖਾ ਹੁੰਦਾ ਗਮ ਨੂੰ ਮਟਕਾ ਕੇ ਜਿੰ.ਦਗੀ ਦੇ ਰਾਹਾਂ ਦੀ ਨਿਸ਼ਾਨਦੇਹੀ ਕਰਨੀ।
ਹਰਫ ਬਹੁਤ ਨਾਰਾਜ਼ ਨੇ ਕਲਮੋਂ ਕੋਰੇ ਹੱਥਾਂ ਤੋਂ, ਸੰਵੇਦਨਾ ਤੋਂ, ਵਿਰਵੀ ਸੋਚ ਤੋ, ਜੋਸ਼ ‘ਚੋਂ ਗੁੰਮ ਚੁਕੀ ਹੋਸ਼ ਤੋਂ, ਦਰਦ ਵਿਚ ਪਸੀਜਦੀ ਫਿਤਰਤ ਤੋਂ, ਬਹਾਰਾਂ ਵਿਚ ਪੱਤਝੜਾਂ ਨੂੰ ਭੁੱਲਣ ਵਾਲੇ ਵਿਅਕਤੀਤਵ ਤੋਂ, ਹਰਫ-ਹਾਰ ਕਾਗਜ਼ ਦੇ ਗਲ ਵਿਚ ਪਾਉਣ ਤੋਂ, ਬੇਆਸ ਹੋ ਚੁਕੇ ਕਰਮ-ਦਾਨੀਆਂ ਤੋਂ, ਖੁਦ ਨੂੰ ਹਰਫਾਂ ਹਵਾਲੇ ਕਰਨੋਂ ਮੁਨਕਰੀ ਤੋਂ ਅਤੇ ਅੰਤਰੀਵ ਨੂੰ ਹਰਫਾਂ ‘ਚ ਉਲਥਾਉਣ ਤੋਂ ਆਕੀ ਲੋਕਾਂ ਤੋਂ।
ਹਰਫ ਉਦਾਸ ਵੀ ਬਹੁਤ ਨੇ ਕਿ ਕੋਈ ਨਹੀਂ ਉਨ੍ਹਾਂ ਨੂੰ ਪੜ੍ਹਦਾ। ਉਹ ਕਿਤਾਬਾਂ ਵਿਚ ਸਿਉਂਕਣ ਜੋਗੇ ਰਹਿ ਗਏ। ਕੋਈ ਨਹੀਂ ਹਰਫਾਂ ਸੰਗ ਸੰਵਾਦ ਰਚਾਉਂਦਾ। ਨਾ ਹੀ ਉਨ੍ਹਾਂ ਨੂੰ ਆਪਣੀ ਬਾਤ ਸੁਣਾਉਂਦਾ ਅਤੇ ਹੁੰਗਾਰੇ ਦੀ ਆਸ ਮਨ ‘ਚ ਪਾਲਦਾ। ਹਰਫ ਨੂੰ ਜਦ ਕੋਈ ਗਲ ਲਾਉਣ ਤੋਂ ਹੀ ਮੁਨਕਰ ਹੋ ਜਾਵੇ ਤਾਂ ਹਰਫਾਂ ਦੀ ਹੋਂਦ ‘ਤੇ ਹੀ ਪ੍ਰਸ਼ਨ ਉਗਦਾ। ਅਜਿਹਾ ਪ੍ਰਸ਼ਨ ਅਜੋਕੇ ਸਮੇਂ ਵਿਚ ਹਰਫਾਂ ‘ਤੇ ਉਕਰਿਆ ਜਾ ਰਿਹਾ, ਜੋ ਹੌਲੀ ਹੌਲੀ ਵਕਤ ਦੀ ਤ੍ਰਾਸਦੀ ਬਣੇਗਾ।
ਹਰਫ ਨਿਮਾਣੇ ਤੇ ਨਿਤਾਣੇ ਨਹੀਂ ਹੁੰਦੇ। ਹਰਫ ਦੀ ਤਾਕਤ ਤੇ ਸਮਰੱਥਾ ਦਾ ਅੰਦਾਜ਼ਾ ਉਨ੍ਹਾਂ ਕਿਰਤਾਂ ਤੋਂ ਲੱਗ ਸਕਦਾ, ਜਿਨ੍ਹਾਂ ਨੇ ਸਮੇਂ ਦੀ ਸੋਚ ਬਦਲ, ਨਵੀਂ ਤਹਿਜ਼ੀਬ, ਤਨਜ਼ੀਮ ਅਤੇ ਤਹਿਰੀਕ ਨੂੰ ਸਮਿਆਂ ਦੇ ਨਾਂ ਕੀਤਾ। ਹਰਫ ਹੀ ਇਨਕਲਾਬ ਬਣਦੇ ਕਿਉਂਕਿ ਹਰਫ ਹੀ ਬੰਦੂਕ ਦੀ ਗੋਲੀ ਤੋਂ ਵੀ ਵੱਧ ਮਾਰੂ ਹੁੰਦੇ, ਜੇ ਇਨ੍ਹਾਂ ਨੂੰ ਵਰਤਣ ਦੀ ਜਾਚ ਆ ਜਾਵੇ।
ਹਰਫ ਬਹੁਤ ਸੁਹਲ, ਸਹਿਜ ਤੇ ਮਲੂਕ। ਛੇਤੀ ਫਿਸ ਪੈਂਦੇ। ਆਪ ਵੀ ਰੋਂਦੇ ਤੇ ਪਾਠਕ ਨੂੰ ਵੀ ਰੁਆਉਂਦੇ। ਹਰਫਾਂ ਦੀ ਤਾਸੀਰ, ਹਰਫ ਉਕਰਨ ਵਾਲਿਆਂ ‘ਤੇ ਨਿਰਭਰ।
ਹਰਫਾਂ ਵਿਚ ਹਾਸੇ ਵੀ ਤੇ ਹੌਕੇ ਵੀ, ਪੀੜਾ ਵੀ ਤੇ ਖੁਸ਼ੀ ਵੀ ਅਤੇ ਪਾਕੀਜ਼ਗੀ ਵੀ ਤੇ ਮਲੀਨਤਾ ਵੀ। ਹਰਫ-ਸੁਹਜ ਨਾਲ ਸਮਾਜ ਵਿਚ ਸੁਹਜ ਭਰੇ ਵਰਤਾਰਿਆਂ ਦੀ ਵਰੇਸ। ਯੁੱਗ-ਜਿਉਣ ਦਾ ਵਰ ਦੇਣਾ, ਹਰਫਾਂ ਦਾ ਧਰਮ ਅਤੇ ਉਹ ਅਜਿਹੀ ਮਾਨਵੀ ਕਰਮ ਤੋਂ ਕਦੇ ਵੀ ਕੁਤਾਹੀ ਨਹੀਂ ਕਰਦੇ।
ਕਲਮ, ਹਰਫ-ਦਸਤਕ ਬਣ ਕੇ ਹਿਰਖ ਕਰਦੀ;
ਅਜੇ ਅੱਖ ਲੱਗੀ ਹੀ ਸੀ
ਹਰਫ ਨੇ ਦਰ ਖੜਕਿਆ
ਮੈਂ ਪੁਛਿਆ
ਐਂਵੇਂ ਕਾਹਤੋਂ ਘੜੀ-ਮੁੜੀ ਤੰਗ ਕਰਦਾਂ?
ਹਰਫ ਨਿੰਮੋਝੂਣਾ ਹੋ ਗਿਆ
ਤੇ ਕਹਿਣ ਲੱਗਾ, ਕੀ ਕਰਾਂ
ਕੋਈ ਵੀ ਦਰ ਹੁੰਗਾਰਾ ਨਹੀਂ ਭਰਦਾ
ਇੱਕ ਤੂੰ ਹੀ ਏਂ ਜੋ ਮੇਰੀ ਝੋਲੀ ‘ਚ
ਵੇਦਨਾ-ਸੰਵੇਦਨਾ ਧਰਦਾ ਏਂ।
ਨਿਰਮੋਹਿਆ!
ਦੇਖੀਂ ਝਿੱੜਕ ਨਾ ਦੇਵੀਂ।
ਅਤੇ
ਮੈਂ ਹਰਫਾਂ ਸੰਗ ਹਰਫ ਬਣ ਗਿਆ।
ਹਰਫ, ਰੋਹ ਦਾ ਹੋਕਰਾ, ਢਾਹੇ ਹੋਏ ਜ਼ੁਲਮਾਂ ਨੂੰ ਜ਼ਾਲਮ ਦੇ ਸਾਹਵੇਂ ਕਰਨ ਦੀ ਜੁਰਅਤ। ਜ਼ਾਲਮ ਦੇ ਦੀਦਿਆਂ ਵਿਚ ਉਸ ਦੇ ਕੁਕਰਮਾਂ ਤੇ ਕਮੀਨਗੀਆਂ ਨੂੰ ਧਰ, ਕੁਝ ਸੁਚਾਰੂ ਸੋਚਣ ਅਤੇ ਕਰਨ ਲਈ ਚੋਭ ਲਾਉਣੀ। ਜ਼ਫਰਨਾਮਾ, ਔਰੰਗਜ਼ੇਬ ਨੂੰ ਉਸ ਦੇ ਕੀਤੇ ਲਈ ਪਛਤਾਵਾ ਅਤੇ ਗੁਰੂ ਜੀ ਨਾਲ ਸਮਝੌਤਾ ਕਰਨ ਲਈ ਪਹਿਲ ਕਰਨ ਵਾਸਤੇ ਉਕਸਾਉਣਾ। ਇਹ ਹੈ ਜ਼ਫਰਨਾਮੇ ਦਾ ਪਰਮ ਧਰਮ ਅਤੇ ਇਸ ਦੀ ਧਾਰਮਕਤਾ ਵਿਚੋਂ ਹੀ ਸਿੱਖ-ਸੋਚ ਅਤੇ ਵਿਰਾਸਤ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਦਾ ਅਹਿਸਾਸ।
ਹਰਫ ਜਦ ਹੋਕਾ ਲਾਉਂਦੇ ਤਾਂ ਦਰਦੀਲੀ ਗਾਥਾ ਬਣ ਕੇ ਚਸਕਦਾ। ਇਸ ਚਸਕਣੀ ਵਿਚੋਂ ਹੀ ਹੰਭੇ-ਹਾਰਿਆਂ ਨੂੰ ਨਵੀਂ ਜ਼ਿੰਦਗੀ, ਨਵੇਂ ਸੁਪਨੇ ਅਤੇ ਥੱਕੇ-ਹਾਰੇ ਕਦਮਾਂ ਨੂੰ ਨਿਵੇਕਲੀ ਊਰਜਾ ਮਿਲਦੀ, ਜੋ ਨਵੀਂਆਂ ਪੈੜਾਂ ਦੀ ਜਨਮਦਾਤੀ ਹੁੰਦੀ।
ਹਰਫ-ਹੋਕਰੇ ਨੂੰ ਹਰਫਾਂ ਦੇ ਹਵਾਲੇ ਕਰਨ ਲੱਗਿਆਂ ਮਨ ਦੀ ਚੀਸ ਹਰਫਾਂ ਵਿਚ ਸਿੰਮਦੀ:
ਮੈਂ ਅਕਸਰ ਹੀ
ਹਰਫਾਂ ਦੀ ਬਸਤੀ ਹੋਕਾ ਲਾਉਂਦਾ ਹਾਂ
ਲਰਜ਼ਦੇ ਹਰਫਾਂ ਨੂੰ ਜਗਾਉਂਦਾ ਹਾਂ
ਹਰਫ
ਅੰਗੜਾਈਆਂ ਭਰਦੇ
ਮੱਥੇ ਦਾ ਚਾਨਣ ਹੁੰਗਾਰਾ ਬਣਦੇ
ਮੇਰੇ ਅੰਤਰੀਵ ਨੂੰ ਆਪੇ ‘ਚ ਸਮੋ
ਸ਼ਬਦ ਤੋਂ ਇਬਾਰਤ ‘ਚ ਵਟੀਂਦੇ
ਅਰਥਾਂ ਦਾ ਚੋਗਾ ਪਾ
ਖੁਦ ਹੋਕਰਾ ਬਣ ਜਾਂਦੇ।
ਬਹੁਤੀ ਵਾਰ ਹਰਫ ਮਜਲਿਸ ਲਾਉਂਦੇ
ਤੇ ਅਕੀਦਤ ਦਾ ਸੁੱਚਮ ਬਣ
ਕਿਰਤ-ਸਾਧਨਾ ਦਾ ਨਾਮਕਰਨ ਬਣਦੇ।
ਕੁਝ ਹਰਫ ਅੜਬ ਹੁੰਦੇ
ਬੜਾ ਪਲੋਸਦਾ ਹਾਂ
ਪਰ ਉਹ ਵਾਕ-ਲੜੀ ਬਣ ਕੇ
ਤਸ਼ਬੀਹੀ ਇਬਾਰਤ ਤੋਂ ਅਭਿੱਜ
ਤੇ ਦਰਦ-ਜ਼ਬਾਨ ਬਣਨ ਤੋਂ ਆਕੀ ਹੋ ਜਾਂਦੇ।
ਕਈ ਵਾਰ
ਇਹ ਹਰਫ ਮੇਰੀ ਚੁੱਪ ‘ਚ
ਆਪ ਵੀ ਚੁੱਪ ਦਾ ਲਿਬਾਸ ਪਹਿਨ
ਗੁੰਗੇ ਦਰਦ ਦਾ ਨਾਮਕਰਨ ਹੋ ਜਾਂਦੇ।
ਵੈਸੇ ਬਹੁਤ ਔਖਾ ਹੁੰਦਾ
ਹਰਫ ਹਰਫ ਹੋ ਵਰਕੇ ‘ਤੇ ਵਿਛਣਾ
ਅਰਥ ਅਰਥ ਹੋ ਸ਼ਬਦਾਂ ‘ਚ ਖੁਰਨਾ
ਵਾਕ ਵਾਕ ਹੋ ਇਬਾਦਤਨਾਮਾ ਸਿਰਜਣਾ
ਸਤਰ ਸਤਰ ਹੋ ਲਿਖਤ ਦੇ ਨਕਸ਼ ਉਘਾੜਨੇ।
ਨਕਸ਼, ਜੋ ਸੂਰਜ ਦੀ ਹਾਕ,
ਦਰਿਆ ਦੀ ਰਵਾਨਗੀ,
ਹਵਾ ਦਾ ਹੋਕਰਾ
ਅਤੇ ਧਰਤ ਦਾ ਧਰਤਨਾਮਾ ਹੁੰਦੇ।
ਹੁਣ ਮੈਨੂੰ ਕਿਸੇ ਫੱਕਰ ਵਾਂਗ
ਹਰਫਾਂ ਦੀ ਜੂਹੇ ਜਾ ਕੇ
ਹੋਕਾ ਲਾਉਣਾ ਚੰਗਾ ਲੱਗਦਾ
ਕਿਉਂਕਿ
ਪਹੁ ਫੁਟਾਲੇ ‘ਚ ਹਰਫਾਂ ਸੰਗ ਸੰਵਾਦ
ਰੂਹ ਦੀ ਖੁਰਾਕ ਜੁ ਹੋਈ
ਅਤੇ ਚੰਗਾ ਲੱਗਦਾ ਹੈ
ਹਰਫਾਂ ਸੰਗ ਹਰਫ ਹਰਫ ਹੋਣਾ।
ਹਰਫ ਹੌਂਸਲਾ ਅਤੇ ਹਿੰਮਤ ਦਾ ਹਰਕਾਰਾ। ਨਵੇਂ ਸੂਰਜਾਂ ਦੀ ਦੱਸ ਪਾਉਂਦਾ ਦੁਆਰਾ। ਤਾਰਿਆਂ ਨਾਲ ਅੱਟਿਆ ਅੰਬਰ-ਚੁਬਾਰਾ। ਰੌਸ਼ਨ-ਰਾਹਾਂ ਵਿਚੋਂ ਮਿਟਿਆ ਅੰਧਕਾਰਾ ਅਤੇ ਸੋਚ-ਜੂਹਾਂ ‘ਚ ਫੈਲਿਆ ਉਜਿਆਰਾ।
ਹਰਫ, ਸਾਹੇ ਚਿੱਠੀ ਵੀ ਤੇ ਮੌਤ ਦਾ ਪ੍ਰਵਾਨਾ ਵੀ। ਸ਼ਗਨਾਂ ਦਾ ਸੁਨੇਹਾ, ਸੋਗ ਦਾ ਪੈਗਾਮ ਵੀ। ਪ੍ਰੇਮ ਪੱਤਰ ਤੇ ਪ੍ਰਮਾਣ ਪੱਤਰ ਵੀ। ਮਿਲਣ-ਆਸ ਵੀ ਤੇ ਵਿਛੜਨ ਦਾ ਸਦਮਾ ਵੀ। ਬੀਤੇ ਦਾ ਬਿਰਤਾਂਤ, ਤੇ ਆਲੇ-ਦੁਆਲੇ ‘ਚ ਵਾਪਰਦਾ ਦੁਖਾਂਤ ਵੀ। ਮੋਹ ਦਾ ਪ੍ਰਗਟਾਅ, ਤੇ ਗੁੱਸੇ ਦਾ ਵਹਾਅ ਵੀ। ਉਦਾਸੀ ਦੀ ਤਫਸੀਲ, ਤੇ ਹੁਲਾਸੀ ਦੀ ਅੰਜ਼ੀਲ ਵੀ।
ਹਰਫ ਬਹੁਤ ਕੁਝ ਆਪਣੇ ਵਿਚ ਜਜ਼ਬ ਕਰਦੇ। ਅੰਦਰੇ ਅੰਦਰ ਹਉਕੇ ਭਰਦੇ। ਕਦੇ ਜਿੱਤਦੇ ਪਰ ਕਦੇ ਹਰਦੇ। ਕਦੇ ਚਾਵਾਂ ਦੀ ਚੰਗੇਰ ਤੇ ਕਦੇ ਇਕੱਲ-ਕੋਠੜੀ।
ਹਰਫ ਦਾ ਸਫਰ ਬਹੁਤ ਲੰਮਾ ਤੇ ਕਸ਼ਟਮਈ। ਇਸ ਦੇ ਸਫਰਨਾਮੇ ਨੂੰ ਸਲਾਮ ਕਹਿੰਦਿਆਂ, ਮਨ ਚੀਕਦਾ:
ਇਕ ਪੁਸਤਕ ਵਰਕਾ ਵਰਕਾ ਹੋ
ਸਮੇਂ ਦੇ ਗਰਭ ‘ਚ ਲਾਪਤਾ।
ਹਰ ਵਰਕਾ ਸਤਰ ਸਤਰ ਹੋ
ਤਹਿਜ਼ੀਬ ਦੀ ਹਿੱਕ ਦਾ ਹਉਕਾ।
ਹਰ ਸਤਰ ਸ਼ਬਦ ਸ਼ਬਦ ਹੋ
ਆਪਣੀ ਧੂਣੀ ਸੇਕਣ ਲਈ ਮਜਬੂਰ।
ਅਤੇ ਹਰ ਸ਼ਬਦ ਨੂੰ
ਹਰਫ ਹਰਫ ਹੋਣ ਦਾ ਸਰਾਪ।
ਮੈਂ ਸਰਾਪੇ ਹਰਫਾਂ ਸੰਗ
ਜੀਂਦਾ, ਥੀਂਦਾ ਤੇ ਉਮਰਾ ਸਿਉਂਦਾ।
ਹਫਿਆ, ਹਾਰਿਆ, ਬੇਬੱਸ ਹੋਇਆ
ਸ਼ਬਦ-ਜੂਹੇ ਜਦ ਜਾਵਾਂ
ਤਾਂ ‘ਨੇਰ ਦੇ ਵਿਹੜੇ ਚੰਨ-ਚਿੱਪਰ ਦਾ
ਮਿਲ ਜਾਂਦਾ ਸਿਰਨਾਵਾਂ।
ਹਰਫ ਦਾ ਦਾਨ-ਪ੍ਰਦਾਨ ਹੁੰਦਾ ਰਹੇ ਤਾਂ ਹਰਫਾਂ ਦੀ ਤਾਜ਼ਗੀ ਬਰਕਰਾਰ। ਮਹਿਕ ਬਾਸੀ ਨਹੀਂ ਹੁੰਦੀ। ਉਨ੍ਹਾਂ ਦਾ ਖੇੜਾ ਇਬਾਰਤ ਨੂੰ ਇਬਾਦਤ ਬਣਾ ਦਿੰਦਾ। ਹਰਫ ਹਮੇਸ਼ ਟਹਿਕਦੇ ਤੇ ਮਹਿਕਦੇ, ਜੀਵਨ-ਰੁੱਤਾਂ ਨੂੰ ਰਾਂਗਲੀਆਂ ਬਣਾਉਣ ਦੇ ਕਾਬਲ।
ਹਰਫਾਂ ਨਾਲ ਗੱਲਾਂ ਕਰੋ, ਉਹ ਹੁੰਗਾਰਾ ਭਰਨਗੇ। ਆਪਣੀ ਵੇਦਨਾ ਦੱਸੋ, ਉਹ ਵੇਦਨਾ ਨੂੰ ਵਰ ਬਣਾ ਦੇਣਗੇ। ਉਨ੍ਹਾਂ ਦੀ ਜੂਹੇ ਚਿਰਾਗ ਧਰੋ, ਚਾਨਣ ਅਤੇ ਨਿੱਘ ਨਾਲ ਮਨ-ਵਿਹੜਾ ਭਰ ਜਾਵੇਗਾ।
ਕਾਲੇ ਹਰਫਾਂ ਨਾਲ ਕਾਲੇ ਲੇਖ ਲਿਖੇ ਜਾਂਦੇ ਜਦ ਕਿ ਸੂਹੇ ਅੱਖਰਾਂ ਵਿਚ ਸੰਦਲੀ ਰੁੱਤ ਦੀ ਆਮਦ। ਇਸ ਨਾਲ ਖੇੜਿਆਂ ਅਤੇ ਖੁਸ਼ੀਆਂ ਦਾ ਖਜਾਨਾ, ਪੜ੍ਹਨ ਵਾਲੇ ਨੂੰ ਮੁਖਾਤਬ ਹੁੰਦਾ।
ਹਰਫਾਂ ਦੀ ਸ਼ਕਲ, ਅੰਦਾਜ਼ ਅਤੇ ਆਪੋ ਵਿਚਲਾ ਫਾਸਲਾ, ਵਿਅਕਤੀਤਵ ਦੀ ਪਛਾਣ। ਹਰਫਾਂ ਵਿਚੋਂ ਕਿਸੇ ਦੀ ਦਿੱਭ-ਦ੍ਰਿਸ਼ਟੀ ਨੂੰ ਪੜ੍ਹਿਆ ਜਾ ਸਕਦਾ। ਇਸੇ ਲਈ ਕਾਰਪੋਰੇਟ ਅਦਾਰੇ ਹੱਥ-ਲਿਖਤ ਪੜ੍ਹ ਕੇ ਹੀ ਕਿਸੇ ਨੂੰ ਅਦਾਰੇ ਦਾ ਹਿੱਸਾ ਬਣਾਉਂਦੇ।
ਹਰਫ ਬਹੁਤ ਕੁਝ ਕਿਹਾ ਤੇ ਅਣਕਿਹਾ, ਸੋਚ ਵਿਚ ਧਰਦੇ ਬਸ਼ਰਤੇ ਅਸੀਂ ਹਰਫਾਂ ਦੀ ਤਾਸੀਰ, ਤਰਕੀਬ, ਤਕਦੀਰ ਅਤੇ ਤਹਿਜ਼ੀਬ ਨੂੰ ਸਹੀ ਸੰਦਰਭ ਵਿਚ ਸਮਝ ਸਕੀਏ।
ਕਈ ਵਾਰ ਹਰਫ ਸੱਚ ਦਾ ਹੁੰਗਾਰਾ ਭਰਨ ਤੋਂ ਡਰਦਾ। ਅਫਸੋਸ, ਅਜੋਕੇ ਸਮੇਂ ਵਿਚ ਕਲਮ ਤੇ ਹਰਫ ਡਰ ਕੇ ਦਿਨ ਕਟੀ ਕਰ ਰਹੇ ਅਤੇ ਹਰ ਸਾਹ ਨਾਲ ਮਰ ਰਹੇ। ਅਜਿਹੇ ਜੀਵਨ ਨਾਲੋਂ ਮਰਨਾ ਬਹੁਤ ਬਿਹਤਰ। ਜਦ ਹਰਫ ਸਿਰਫ ਲੱਕੜ ਦੀ ਨਿਸ਼ਾਨੀ, ਸਰਕਾਰੀ ਲੋਈ ਜਾਂ ਪੈਸਿਆਂ ਦੀ ਖਣਕਾਰ ਲਈ ਵਿਕਾਊ ਹੋ ਜਾਵੇ ਤਾਂ ਹਰਫ ਆਪਣੀ ਹੋਣੀ ‘ਤੇ ਕੀਰਨੇ ਪਾਉਣ ਜੋਗਾ ਰਹਿ ਜਾਂਦਾ। ਹਰ ਕਲਮ ਹੀ ਵਿਕਾਊ। ਸਿਰਫ ਮੁੱਲ ਵੱਖੋ-ਵੱਖਰਾ। ਕੋਈ ਦਸ ਹਜਾਰੀ ਤੇ ਕੋਈ ਵੀਹ ਕਰੋੜੀ।
ਹੁਣ ਕੋਈ ਨਹੀਂ ਅਜਿਹੀ ਲਿਖਤ ਦਾ ਵਾਰਸ, ਜੋ ਗੁਰੂ ਨਾਨਕ ਦੇ ਬੋਲ, ‘ਧਨੁ ਲੇਖਾਰੀ ਨਾਨਕਾ ਜਿਨ ਲਿਖਾਇਆ ਸਚੁ’ ‘ਤੇ ਪੂਰਾ ਉਤਰੇ। ਸਿਰਫ ਮੁਖੌਟਾਧਾਰੀ ਬਣ ਕੇ ਹੀ ਨਾਨਕਾ ਦਾ ਵਾਰਸ ਬਣਨ ਦਾ ਭਰਮ ਪਾਲ ਰਹੇ ਹਾਂ।
ਹਰਫ-ਬੰਦਨਾ ਵਿਚ ਜੁੜੇ ਹੱਥ ਚੁੰਮਣ ਨੂੰ ਜੀਅ ਕਰਦਾ। ਇਸ ਦੀ ਆਰਤੀ ਵਿਚੋਂ ਜੀਵਨ ਦੀਆਂ ਸੁਰਖ-ਪੈੜਾਂ ਨੂੰ ਵਕਤ ਦੀ ਗੁੰਗੀ ਦਹਿਲੀਜ਼ ‘ਤੇ ਧਰਨ ਦੀ ਧਾਰਨਾ ਮਨ ਵਿਚ ਪੈਦਾ ਕਰੋ, ਹਰ ਬਨੇਰੇ ਤੋਂ ਝਰਦਾ ਚਾਨਣ ਹਰ ਵਿਹੜੇ ਨੂੰ ਯੁੱਗ ਜਿਉਣ ਦਾ ਵਰਦਾਨ ਦੇਵੋ। ਅਜਿਹੇ ਘਰਾਂ ਵਿਚ ਜੀਵਨ-ਸਕਾਰਥ ਦੀ ਅਉਧ ਬਣ ਜਾਵੇਗਾ।
ਸ਼ਬਦ ਦੀ ਮਹਿਮਾ ਬੇਅੰਤ, ਅਥਾਹ ਬਰਕਤਾਂ ਅਤੇ ਇਨ੍ਹਾਂ ਦੀਆਂ ਅਸੀਸਾਂ ਵਿਚੋਂ ਜਿੰ.ਦਗੀ ਨੂੰ ਨਵੀਂ ਸੇਧ ਬਾਰੇ ਗੁਰਬਾਣੀ ਦਾ ਫੁਰਮਾਨ ਹੈ, ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਅਕਥ ਕਥਾ ਲੇ ਰਹਓੁ ਨਿਰਾਲਾ।Ḕ ਇਸ ਨੂੰ ਸਮਝਣਾ ਅਤੇ ਰੂਹ ਵਿਚ ਉਤਾਰਨਾ ਜੀਵਨ ਦਾ ਮੂਲ-ਮੰਤਰ।
ਮਨੁੱਖੀ ਬੋਲ ਹੀ ਜੀਵਨ-ਵਤੀਰਾ, ਜੋ ਮਨੁੱਖੀ ਆਦਤ ਬਣਦਾ। ਆਦਤਾਂ ਹੀ ਮਨੁੱਖੀ ਕਦਰਾਂ-ਕੀਮਤਾਂ ਦੀ ਪਛਾਣ ਹੁੰਦੀਆਂ ਅਤੇ ਕਦਰਾਂ-ਕੀਮਤਾਂ ਹੀ ਕਿਸਮਤ ਦੀ ਸਿਰਜਣਾ ਕਰਦੀਆਂ। ਹਰਫਾਂ ਨੂੰ ਸੰਜਮ, ਸੋਚ, ਸਲੀਕੇ ਅਤੇ ਸੰਤੁਲਿਤ ਰੂਪ ਵਿਚ ਵਰਤੀਏ ਤਾਂ ਜੀਵਨ-ਮਹਿਕ ਚੌਗਿਰਦੇ ਦਾ ਹਾਸਲ ਹੁੰਦੀ।
ਦਿਆਲੂ ਤੇ ਕਿਰਪਾਲੂ ਹਰਫਾਂ ਨੂੰ ਕਦੇ ਵੀ ਝਗੜਾਲੂ ਨਾ ਬਣਾਓ। ਹਰਫ ਤਾਂ ਬਹੁਤ ਹੀ ਨਰਮ, ਮੁਲਾਇਮ ਅਤੇ ਕੋਮਲ ਹੁੰਦੇ। ਇਨ੍ਹਾਂ ਦੀ ਕੋਮਲਤਾ ਦੀ ਬਰਕਰਾਰੀ ਲਈ ਖੁਦ ਕੋਮਲਤਾ ਨੂੰ ਜਾਂਦੀ ਪਗਡੰਡੀ ਫੜੋ।
ਚੰਗੇ ਹਰਫ, ਰੂਹ-ਰੇਜ਼ਤਾ, ਅੰਤਰੀਵ ਦੀ ਤ੍ਰਿਪਤੀ, ਮਨ ਦਾ ਸਕੂਨ ਤੇ ਸਹਿਜ, ਚੰਗੇਰੀਆਂ ਭਾਵਨਾਵਾਂ ਦਾ ਪ੍ਰਵਾਹ ਅਤੇ ਇਸ ਵਿਚੋਂ ਹੁੰਦੀ ਜ਼ਿੰਦਗੀ ਨੂੰ ਜਿਉਣ ਦਾ ਕਲਾ-ਆਗਾਜ਼।
ਹਰਫਾਂ ਵਿਚੋਂ ਹੀ ਸਿਆਣਪ, ਸਾਦਗੀ ਅਤੇ ਸੰਵੇਦਨਾ ਝਲਕਦੀ। ਲਾਲਚ, ਹਵਸ, ਹੈਵਾਨਗੀ, ਲਾਚਾਰੀ ਅਤੇ ਨਾਲਾਇਕੀ ਵੀ ਹਰਫਾਂ ਦੇ ਹਿੱਸੇ। ਪਰ ਹਰਫ ਇਸ ਨੂੰ ਕਿਸ ਰੂਪ, ਸੰਦਰਭ ਅਤੇ ਕਿਸ ਭਾਵ ਨਾਲ ਪ੍ਰਗਟ ਹੁੰਦੇ, ਇਹ ਹਰਫਾਂ ‘ਤੇ ਨਿਰਭਰ।
ਹਰਫਾਂ ਨੂੰ ਬੌਣੇ, ਨਿਤਾਣੇ, ਨਿਰਬਲ, ਨਾਲਾਇਕ ਅਤੇ ਨਾਂਹ-ਵਾਚੀ ਨਾ ਬਣਾਓ। ਇਸ ਦੀ ਵਡਿੱਤਣ ਨੂੰ ਉਚੇਰਾ ਕਰੋ, ਤੁਸੀਂ ਵੀ ਉਪਰ ਉਠੋਗੇ।
ਹਰਫ ਮਨੁੱਖ, ਪਰਿਵਾਰ, ਸਮਾਜ, ਦੇਸ਼ ਜਾਂ ਦੁਨੀਆਂ ਨੂੰ ਬਦਲ ਦਿੰਦੇ। ਇਕ ਹੀ ਬੋਲ ਨਾਹਰਾ ਬਣ ਜਾਂਦਾ। ਇਹ ਨਾਹਰਾ ਲੋਕ ਮਨਾਂ ਵਿਚ ਗੂੰਜਦਾ, ਕਹਿਣੀ ਤੇ ਕਰਨੀ ਦੀ ਦੂਰੀ ਮਿਟਾ ਨਿਵੇਕਲੀਆਂ ਅਤੇ ਨਵੀਨਤਮ ਧਰਾਤਲਾਂ ਦੀ ਸਿਰਜਣਾ ਕਰਨ ਲੱਗਿਆਂ ਪਲ ਵੀ ਨਾ ਲਾਉਂਦਾ। ਧਾਰਮਕ ਗ੍ਰੰਥ, ਹਰਫ-ਅਰਾਧਨਾ, ਜਿਨ੍ਹਾਂ ਵਿਚ ਜੀਵਨ ਦੇ ਹਰ ਖੇਤਰ ਦੀਆਂ ਸਮੋਈਆਂ ਸਮੁੱਚੀਆਂ ਸਿਆਣਪਾਂ, ਮਨੁੱਖ ਲਈ ਮਾਰਗ-ਦਰਸ਼ਨ। ਸ਼ਬਦ-ਗੁਰੂ ਦਾ ਸੰਕਲਪ, ਸ਼ਬਦ ਦੀ ਅਸੀਮਤਾ, ਅਪਾਰਤਾ ਅਤੇ ਅੰਤਰੀਵਤਾ ਵਿਚੋਂ ਅਕੱਥ ਤੇ ਅਕਹਿ ਅਰਥਾਂ ਦੀ ਆਸਥਾ। ਸ਼ਬਦ ਵਿਚ ਡੂੰਘਾ ਉਤਰਨ ਅਤੇ ਇਸ ਦੀਆਂ ਅਰਥ-ਤੰਦਾਂ ਨੂੰ ਖੋਲ੍ਹਣ, ਪੜ੍ਹਨ ਅਤੇ ਇਸ ਨੂੰ ਜੀਵਨ ਵਿਚ ਰੰਗਣ ਦੀ ਲੋੜ। ਸ਼ਬਦ-ਗੁਰੂ ਦਾ ਸੰਦੇਸ਼ ਸਰਬੋਤਮ।
ਕੁਝ ਗੱਲਾਂ ਲਈ ਹਰਫ ਬੌਣੇ ਰਹਿ ਜਾਂਦੇ ਅਤੇ ਕੁਝ ਹਰਫ ਗੱਲਾਂ ਨੂੰ ਹੀ ਹੀਣਾ ਬਣਾ ਦਿੰਦੇ। ਜਦ ਕੋਈ ਸੋਚ, ਸੁਪਨਾ ਜਾਂ ਸੰਵਾਦ, ਹਰਫ ਦੇ ਮੇਚ ਨਾ ਆਉਂਦੇ ਤਾਂ ਬਹੁਤ ਕੁਝ ਅਣਕਿਹਾ ਰਹਿ ਜਾਂਦਾ। ਇਹ ਅਬੋਲਤਾ ਹੀ ਸਮੇਂ ਦੀ ਕੁੱਖ ਵਿਚ ਸੁੱਚੀ ਵਿਰਾਸਤ ਦੇ ਰੂਪ ਵਿਚ ਕਈ ਪੀੜੀਆਂ ਨੂੰ ਪ੍ਰਭਾਵਿਤ ਕਰਦਾ।
ਹਰਫਾਂ ਵਿਚਲੀ ਚੁੱਪ ਨੂੰ ਸਮਝਣਾ ਸਭ ਤੋਂ ਔਖਾ। ਇਸ ਦੀ ਸੁੰਨ-ਸਮਾਧੀ ਨੂੰ ਮਨੁੱਖੀ ਸੰਵੇਦਨਾ ਵਿਚ ਟਿਕਾਉਣਾ, ਵੱਡੀ ਔਖਿਆਈ, ਪਰ ਜੋ ਇਸ ਨੂੰ ਜੀਵਨ ਵਿਚ ਢਾਲ ਲੈਂਦੇ, ਉਹ ਜੀਵਨ-ਜੁਗਤ ਦਾ ਹਾਸਲ ਹੁੰਦੇ।
ਸ਼ਬਦ ਜਦ ਸਮੇਂ, ਸਥਾਨ ਤੇ ਸਥਿਤੀ ਨੂੰ ਸਮਰਪਿਤ ਸੰਦੇਸ਼ ਸਮਿਆਂ ਨੂੰ ਸੰਬੋਧਤ ਕਰਦੇ ਤਾਂ ਇਸ ਦੀ ਸਾਰਥਕਤਾ, ਸਮਾਂ-ਸੀਮਾ ਨੂੰ ਉਲੰਘ ਨਵੇਂ ਕੀਰਤੀਮਾਨਾਂ ਦੀ ਕਹਾਣੀ ਬਣ ਜਾਂਦੀ।
ਸ਼ਬਦ ਸੰਤਾਂ, ਸਾਧੂਆਂ ਅਤੇ ਸਤਯੁੱਗੀਆਂ ਦੀ ਸਾਤਵਿਕਤਾ ਨੂੰ ਸਮ-ਦ੍ਰਿਸ਼ਟੀ ਨਾਲ ਰੰਗੇ ਸੰਤ-ਬਾਣੀ ਦਾ ਰੂਪ ਧਾਰਦੇ, ਜੋ ਸੱਚ ਅਤੇ ਸਦਭਾਵਨਾ ਦਾ ਸਤਿਸੰਗ ਬਣਦੇ।
ਹਰਫਾਂ ਦੀ ਹੋਣੀ ਕਿਆਸਣ ਵਾਲੇ ਖੁਦ ਹੀ ਹੋਣੀ ਬਣ ਗਏ। ਬੰਦਾ ਮਰ ਜਾਂਦਾ, ਪਰ ਸਦਾ ਜਿਉਂਦੇ ਰਹਿੰਦੇ ਹਰਫ। ਉਹ ਮਰ ਕੇ ਵੀ ਨਹੀਂ ਮਰਦੇ। ਲੋਕ-ਚੇਤਿਆਂ ਵਿਚ ਹਰਫ-ਨਾਦ ਨਵੀਂਆਂ ਸੁਰਾਂ ਛੇੜ, ਸੁਪਨਿਆਂ ਲਈ ਨਵੀਂ ਤਸ਼ਬੀਹ ਬਣਦੇ।
ਹਰਫ ਮੌਤ ਤੋਂ ਬੇਖੌਫ, ਡਰ ਤੋਂ ਨਿਰਲੇਪ, ਧਮਕੀ ਤੋਂ ਬੇ-ਲਿਹਾਜ਼। ਕਤਲ ਹੋਣ ਜਾਂ ਮਰਨ ਲਈ ਹਰ ਪਲ ਤਿਆਰ। ਉਨ੍ਹਾਂ ਲਈ ਮਰਨਾ ਹੀ ਜਿਉਣ ਦਾ ਸਬੱਬ।
ਹਰਫਾਂ ਵਿਚੋਂ ਜਿੰ.ਦਗੀ ਭਾਲਣ ਵਾਲੇ ਵਕਤ ਦੀ ਸੁੱਚੀ ਸਰਘੀ। ਚੜ੍ਹਦੇ ਸੂਰਜ ਦੀ ਆਮਦ, ਢਹੇ ਹੋਏ ਬਨੇਰਿਆਂ ਨੂੰ ਧੀਰਜ, ਛੱਤ ਤੋਂ ਉਤਰ ਰਹੀ ਧੁੱਪ ਅਤੇ ਜੀਵਨੀ ਨਿਰੰਤਰਤਾ ਦਾ ਨਗਮਾ।
ਹਰਫਾਂ ਨੂੰ ਹੱਲਾਸ਼ੇਰੀ, ਹਿੰਮਤ ਅਤੇ ਹੱਠ-ਧਰਮੀ ਦੀ ਪਿਉਂਦ ਲਾਓ, ਜ਼ਿੰਦ ਦੇ ਬਗੀਚੇ ਵਿਚ ਨਵੀਂਆਂ ਤਰਜ਼ੀਹਾਂ, ਤਦਬੀਰਾਂ ਅਤੇ ਤਕਦੀਰਾਂ ਦੀਆਂ ਫੁੱਲ-ਬਗੀਚੀਆਂ ਮਹਿਕਣਗੀਆਂ।