‘ਪੰਜਾਬ ਟਾਈਮਜ਼’ ਅਮਰੀਕਾ ਦਾ ਨਵਾਂ ਨਿਵੇਕਲਾ ਹਫਤਾਵਾਰ ਅਖ਼ਬਾਰ ਹੈ ਜੋ ਹਰ ਵਰਗ ਦੇ ਪਾਠਕਾਂ ਨੂੰ ਉਨ੍ਹਾਂ ਦੇ ਸੁਹਜ-ਸੁਆਦ ਅਨੁਸਾਰ ਪੜ੍ਹਨ ਸਮੱਗਰੀ ਪੁੱਜਦੀ ਕਰਦਾ ਹੈ, ਤੇ ਪਾਠਕ ਬੜੀ ਉਤਸੁਕਤਾ ਨਾਲ ਨਵੇਂ ਅੰਕ ਦੀ ਉਡੀਕ ਕਰਦੇ ਹਨ। ਹਰ ਬੁੱਧਵਾਰ ਸਵੇਰੇ ਤੜਕੇ ‘ਪੰਜਾਬ ਟਾਈਮਜ਼’ ਉਨ੍ਹਾਂ ਦੇ ਦਰਾਂ/ਡੈਸਕਟਾਪ ‘ਤੇ ਦਸਤਕ ਦਿੰਦਾ ‘ਗੁੱਡ ਮਾਰਨਿੰਗ’ ਕਹਿੰਦਾ ਹੈ। ਇਸ ਵਿਚ ਛਪਦੀਆਂ ਖਬਰਾਂ ਅਤੇ ਹੋਰ ਲੇਖਾਂ ਦੀ ਭਰੋਸੇਯੋਗਤਾ ਕਰ ਕੇ ‘ਪੰਜਾਬ ਟਾਈਮਜ਼’ ਨੂੰ ਪੜ੍ਹਨਾ ਹਰ ਇਕ ਦੀ ਸਮਝੋ ਮਜਬੂਰੀ ਬਣ ਜਾਂਦੀ ਹੈ। ਇਹ ਪਾਠਕਾਂ ਦੀ ਸਾਹਿਤਕ ਭੁੱਖ ਨੂੰ ਜਰਾਂਦ ਦਿੰਦਾ ਹੈ। ਇਸ ਵਿਚ ਕੋਈ ਵੀ ਖਬਰ ਛਾਪਣ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਪੁਣ-ਛਾਣ ਹੁੰਦੀ ਹੈ। ਅਫਵਾਹਾਂ ਜਾਂ ਗੁਮਰਾਕੁਨ ਖਬਰਾਂ ਦੀ ਇਸ ਪਰਚੇ ਵਿਚ ਕੋਈ ਗੁੰਜਾਇਸ਼ ਨਹੀਂ। ਇਸੇ ਕਾਰਨ ਇਸ ਦੇ ਪਾਠਕਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ।
ਲੋਹੇ ਨੂੰ ਚੁੰਬਕ ਦੇ ਖਿੱਚਣ ਵਾਂਗ ਚੰਗੇ ਪੱਤਰਕਾਰ/ਲੇਖਕ ਆਪਣੇ ਆਪ ‘ਪੰਜਾਬ ਟਾਈਮਜ਼’ ਵੱਲ ਖਿੱਚੇ ਆਉਂਦੇ ਨੇ ਅਤੇ ਹੋਰ ਨਿੱਖਰ ਜਾਂਦੇ ਨੇ। ਇਹ ਸਭ ‘ਪੰਜਾਬ ਟਾਈਮਜ਼’ ਦੀ ਪਾਰਖੂ ਅੱਖ ਦਾ ਨਤੀਜਾ ਹੈ। ਇਸ ਨਾਲ ਲੇਖਕਾਂ ਦਾ ਆਪਣਾ ਕੱਦ ਵੀ ਉੱਚਾ ਹੁੰਦਾ ਹੈ ਤੇ ‘ਪੰਜਾਬ ਟਾਈਮਜ਼’ ਦੇ ਕਾਫ਼ਲੇ ਵਿਚ ਵੀ ਜ਼ਿਕਰਯੋਗ ਵਾਧਾ ਹੁੰਦਾ ਹੈ। ਇਹੋ ਕਾਰਨ ਹੈ ਕਿ ‘ਪੰਜਾਬ ਟਾਈਮਜ਼’ ਦੇ ਲੇਖਕ ਵੱਡੇ ਗੁਲਦਸਤੇ ਦੇ ਸੁੰਦਰ ਫੁੱਲਾਂ ਵਾਂਗ ਆਪਣੀਆਂ ਲਿਖਤਾਂ ਰਾਹੀਂ ਇਸ ਦੀ ਸ਼ਾਨ ਵਧਾਉਂਦੇ ਹਨ। ਇਸ ਦੇ ਕਈ ਕਲਮਕਾਰ ਅਤੇ ਲੇਖਕ ਹੋਰਾਂ ਅਖ਼ਬਾਰਾਂ ਵਿਚ ਵੀ ਛਪਦੇ ਰਹੇ ਹਨ, ਪਰ ਅੱਜ ਉਨ੍ਹਾਂ ਦੇ ਪਾਠਕਾਂ ਦੀ ਗਿਣਤੀ ਜੇ ਹਜ਼ਾਰਾਂ-ਲੱਖਾਂ ਤੱਕ ਪਹੁੰਚੀ ਹੈ ਤਾਂ ਇਸ ਦਾ ਸਿਹਰਾ ‘ਪੰਜਾਬ ਟਾਈਮਜ਼’ ਨੂੰ ਵੀ ਜਾਂਦਾ ਹੈ।
‘ਪੰਜਾਬ ਟਾਈਮਜ਼’ ਦੇ ਸੰਸਥਾਪਕ, ਮਾਲਕ, ਸੰਪਾਦਕ ਸ਼ ਅਮੋਲਕ ਸਿੰਘ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ ਤੇ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਦੇਸ਼ ਦਿੰਦੇ ਹਨ। ਉਹ ਚੰਗੀ ਨਰੋਈ ਲਿਖਤ ਲਿਖਦੇ ਹਨ ਤੇ ਚੰਗੀ ਉਸਾਰੂ ਲਿਖਤ ਦੀ ਕਦਰ ਕਰਦੇ ਹਨ। ਉਨ੍ਹਾਂ ਦੀ ਨਿਧੜਕ, ਬੇਬਾਕ ਤੇ ਦਿੱਬ-ਦ੍ਰਿਸ਼ਟੀ ਵਾਲੀ ਲੇਖਣੀ ਨਾਲ ਉਨ੍ਹਾਂ ਨੂੰ ਕਈ ਵਾਰ ਮੁਸ਼ਕਿਲਾਂ ਤੇ ਵਿਰੋਧਾਂ ਦਾ ਮੁਕਾਬਲਾ ਵੀ ਕਰਨਾ ਪਿਆ ਪਰ ਉਨ੍ਹਾਂ ਆਪਣੇ ਸਹੀ ਮਾਰਗ ਉਤੇ ਸਦਾ ਪਹਿਰਾ ਦਿੱਤਾ। ਉਨ੍ਹਾਂ ਦੀ ਰਹਿਨੁਮਾਈ ਵਿਚ ‘ਪੰਜਾਬ ਟਾਈਮਜ਼’ ਬਹੁਤ ਬੁਲੰਦ ਹੋਇਆ ਹੈ। ‘ਪੰਜਾਬ ਟਾਈਮਜ਼’ ਦੀ ਤੇਰ੍ਹਵੀਂ ਵਰ੍ਹੇਗੰਢ ‘ਤੇ ਲੱਖ-ਲੱਖ ਮੁਬਾਰਕ।
-ਚਰਨਜੀਤ ਸਿੰਘ ਪੰਨੂ
—
‘ਪੰਜਾਬ ਟਾਈਮਜ਼’ ਦੀ ਵਰ੍ਹੇਗੰਢ ‘ਤੇ ਸੰਪਾਦਕ ਅਮੋਲਕ ਸਿੰਘ ਜੰਮੂ ਅਤੇ ‘ਪੰਜਾਬ ਟਾਈਮਜ਼’ ਦੀ ਸਮੁੱਚੀ ਟੀਮ ਨੂੰ ਵਧਾਈ। ‘ਪੰਜਾਬ ਟਾਈਮਜ਼’ ਦੀ ਪਛਾਣ ਅਤੇ ਇਸ ਦੀ ਵਿਲੱਖਣਤਾ ਵਿਸ਼ੇ-ਵਸਤੂ ਵੱਲ ਦਿਖਾਈ ਸੂਝਬੂਝ, ਦਿਆਨਤਦਾਰੀ, ਇਮਾਨਦਾਰੀ ਅਤੇ ਬੇਬਾਕੀ ਕਰਕੇ ਹੀ ਹੈ। ਪਿਛਲੇ ਕੁਝ ਸਮੇਂ ਦੌਰਾਨ ਮੇਰੀਆਂ ਰਚਨਾਵਾਂ ਪ੍ਰਕਾਸ਼ਿਤ ਕਰ ਕੇ ਸੰਪਾਦਕ ਨੇ ਮੈਨੂੰ ‘ਪੰਜਾਬ ਟਾਈਮਜ਼’ ਅਤੇ ਇਸ ਦੇ ਪਾਠਕਾਂ ਦੀ ਰਿਣੀ ਬਣਾ ਦਿੱਤਾ ਹੈ। ‘ਪੰਜਾਬ ਟਾਈਮਜ਼’ ਵਿਚ ਪ੍ਰਕਾਸ਼ਿਤ ਮੇਰੀਆਂ ਕੁਝ ਰਚਨਾਵਾਂ ਪੜ੍ਹ ਕੇ ਅਨੇਕਾਂ ਪਾਠਕਾਂ ਵੱਲੋਂ ਆਏ ਫ਼ੋਨ ਮੇਰਾ ਮਨੋਬਲ ਬਣੇ ਹਨ। ਪੰਜਾਬ ਟਾਈਮਜ਼ ਦੀ ਤੇਰਵੀਂ ਵਰ੍ਹੇਗੰਢ ‘ਤੇ ਬਹੁਤ ਬਹੁਤ ਵਧਾਈ। ਮੈਂ ਉਨ੍ਹਾਂ ਪਾਠਕਾਂ ਦੀ ਧੰਨਵਾਦੀ ਹਾਂ ਜੋ ਅਖ਼ਬਾਰ ਪੜ੍ਹਨ ਤੱਕ ਹੀ ਸੀਮਤ ਨਾ ਰਹਿ ਕੇ ਸਮਾਂ ਕੱਢ ਕੇ ਆਪਣੀਆਂ ਭਾਵਨਾਵਾਂ ਨੂੰ ਲੇਖਕਾਂ ਦੇ ਨਾਲ ਸਾਂਝਾ ਕਰਦੇ ਹਨ ਅਤੇ ਹੋਰ ਚੰਗਾ ਲਿਖਣ ਲਈ ਪ੍ਰੇਰਨਾ ਦਿੰਦੇ ਹਨ।
-ਨੀਲਮ ਸੈਣੀ
ਫੋਨ: 510-502-0551
Leave a Reply