ਅਤਿਵਾਦ ਵਿਰੁਧ ਦੁਨੀਆਂ ਦੇ ਅਮਨ ਪਸੰਦਾਂ ਨੂੰ ਸਿਰ ਜੋੜਨੇ ਪੈਣਗੇ

-ਜਤਿੰਦਰ ਪਨੂੰ
ਸਮਾਂ ਸ਼ੁੱਕਰਵਾਰ ਦੇ ਵੱਡੇ ਤੜਕੇ ਦਾ ਸੀ, ਜਦੋਂ ਇਹ ਖਬਰ ਉਠਦੇ ਸਾਰ ਮਿਲੀ ਕਿ ਮੁੰਬਈ ਵਿਚਲੇ ਇੱਕ ਰੇਲ ਸਟੇਸ਼ਨ ਦਾ ਫੁੱਟ ਓਵਰ ਬ੍ਰਿਜ ਡਿੱਗ ਪਿਆ ਤੇ ਅੱਧੀ ਦਰਜਨ ਤੋਂ ਵੱਧ ਲੋਕ ਮਾਰੇ ਗਏ ਹਨ। ਨਾਲ ਹੀ ਇਹ ਜ਼ਿਕਰ ਵੀ ਉਚੇਚ ਨਾਲ ਕੀਤਾ ਜਾ ਰਿਹਾ ਸੀ ਕਿ ਇਸ ਸਟੇਸ਼ਨ ਨੂੰ ਇਸ ਦੇ ਅਸਲੀ ਨਾਂ ਦੀ ਥਾਂ ‘ਕਸਾਬ ਸਟੇਸ਼ਨ’ ਕਹਿ ਕੇ ਇਸ ਲਈ ਗੱਲ ਕੀਤੀ ਜਾਂਦੀ ਹੈ ਕਿ ਜਦੋਂ ਸਾਢੇ ਦਸ ਸਾਲ ਪਹਿਲਾਂ ਮੁੰਬਈ ਵਿਚ ਵੱਡਾ ਦਹਿਸ਼ਤਗਰਦ ਹਮਲਾ ਹੋਇਆ ਸੀ ਤਾਂ ਉਦੋਂ ਅਜਮਲ ਆਮਿਰ ਕਸਾਬ ਨੇ ਇਥੋਂ ਹੀ ਗੋਲੀਆਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕੀਤਾ ਸੀ।

ਦਿਨ ਚੜ੍ਹੇ ਜਦੋਂ ਇੱਕ ਮਿੱਤਰ ਨਾਲ ਇਸ ਘਟਨਾ ਦੀ ਚਰਚਾ ਕਰ ਰਹੇ ਸਾਂ ਤਾਂ ਉਸ ਨੇ ਨਾਰਾਜ਼ਗੀ ਨਾਲ ਕਿਹਾ ਕਿ ਗਲਤੀ ਰੇਲਵੇ ਅਫਸਰਾਂ ਦੀ ਹੈ, ਤਾਂ ਇਸ ਘਟਨਾ ਨਾਲ ਕਸਾਬ ਦਾ ਜ਼ਿਕਰ ਕਰ ਕੇ ਪੁਰਾਣੀ ਕਹਾਣੀ ਪਾਈ ਜਾਣੀ ਠੀਕ ਨਹੀਂ ਲੱਗਦੀ। ਅਸੀਂ ਅੱਗੋਂ ਆਖਿਆ ਸੀ ਕਿ ਸਾਨੂੰ ਵੀ ਠੀਕ ਨਹੀਂ ਲੱਗਦੀ, ਪਰ ਜਿਨ੍ਹਾਂ ਦੇ ਘਰਾਂ ਦੇ ਜੀਅ ਮਾਰੇ ਜਾਂਦੇ ਹਨ, ਉਹ ਵਿਆਹ ਮੌਕੇ ਵੀ ਮਰਿਆਂ ਨੂੰ ਯਾਦ ਕਰਨ ਤੋਂ ਨਹੀਂ ਰਹਿ ਸਕਦੇ, ਇਥੇ ਤਾਂ ਫਿਰ ਕੁਝ ਲੋਕ ਮਾਰੇ ਗਏ ਅਤੇ ਮੌਕਾ ਸੋਗ ਦਾ ਹੈ। ਉਦੋਂ ਤੱਕ ਸੋਚਿਆ ਵੀ ਨਹੀਂ ਸੀ ਕਿ ਅੱਜ ਦਾ ਦਿਨ ਹੋਰ ਵੀ ਸੋਗੀ ਖਬਰ ਲਿਆਉਣ ਵਾਲਾ ਹੈ। ਇਹ ਖਬਰ ਨਿਊਜ਼ੀਲੈਂਡ ਤੋਂ ਆਈ ਹੈ।
ਨਿਊਜ਼ੀਲੈਂਡ ਦੁਨੀਆਂ ਦੇ ਬਹੁਤ ਅਮਨ ਪਸੰਦ ਮਾਹੌਲ ਵਾਲੇ ਦੇਸ਼ਾਂ ਵਿਚੋਂ ਇੱਕ ਹੈ। ਇਥੇ ਪਹਿਲਾਂ ਏਦਾਂ ਦੀ ਕੋਈ ਮੰਦੀ ਘਟਨਾ ਵਾਪਰੀ ਹੋਵੇ, ਸਾਡੇ ਚੇਤੇ ਵਿਚ ਨਹੀਂ ਆਈ। ਦੇਸ਼ ਦੇ ਪ੍ਰਮੁੱਖ ਸ਼ਹਿਰ ਕ੍ਰਾਈਸਟ ਚਰਚ ਵਿਚ ਇੱਕ ਸਿਰਫਿਰੇ ਕਿਸਮ ਦਾ ਆਦਮੀ ਪਾਰਕਿੰਗ ਵਿਚੋਂ ਨਿਕਲਿਆ ਤਾਂ ਆਪਣੀ ਆਟੋਮੈਟਿਕ ਰਾਈਫਲ ਦੇ ਨਾਲ ਮੌਤ ਦਾ ਛਾਣਾ ਦਿੰਦਾ ਤੁਰਿਆ ਗਿਆ। ਪਿਛੋਂ ਖਬਰ ਆਈ ਕਿ ਮੌਤਾਂ ਪੰਜਾਹ ਨੂੰ ਪਹੁੰਚ ਗਈਆਂ ਹਨ। ਇੱਕੋ ਥਾਂ ਏਨੇ ਮਨੁੱਖਾਂ ਦਾ ਮਰਨਾ ਅਤੇ ਉਹ ਵੀ ਇੱਕ ਜਨੂੰਨੀ ਵੱਲੋਂ ਅਚਾਨਕ ਹਮਲਾ ਕਰ ਕੇ ਮਾਰ ਦੇਣਾ, ਸਮੁੱਚੇ ਸੰਸਾਰ ਦੇ ਲੋਕਾਂ ਨੂੰ ਸੁੰਨ ਕਰ ਦੇਣ ਵਾਲਾ ਤੇ ਮਨੁੱਖਤਾ ਦੇ ਖਤਰਿਆਂ ਨੂੰ ਉਭਾਰ ਕੇ ਪੇਸ਼ ਕਰਨ ਵਾਲਾ ਹੈ। ਇਸ ਬਾਰੇ ਸੰਸਾਰ ਨੂੰ ਮਿਲ ਕੇ ਸੋਚਣਾ ਹੋਵੇਗਾ।
ਅਸੀਂ ਭਾਰਤੀ ਲੋਕਾਂ ਨੇ ਕਈ ਰੰਗਾਂ ਦੀ ਦਹਿਸ਼ਤਗਰਦੀ ਨੂੰ ਵੱਖ-ਵੱਖ ਮੌਕਿਆਂ ‘ਤੇ ਭੁਗਤਿਆ ਹੋਇਆ ਹੈ ਤੇ ਇਸ ਦੀ ਗੰਭੀਰਤਾ ਨੂੰ ਜਾਣਦੇ ਹਾਂ। ਜਿਨ੍ਹਾਂ ਪੱਛਮੀ ਦੇਸ਼ਾਂ ਨੇ ਪਹਿਲਾਂ ਇਸ ਨੂੰ ‘ਬਸੰਤਰ’ ਸਮਝਿਆ ਸੀ, ਸਮੇਂ ਨੇ ਉਨ੍ਹਾਂ ਨੂੰ ਵੀ ਇਸ ਦੀ ਗੰਭੀਰਤਾ ਸਮਝਾ ਦਿੱਤੀ ਹੈ। ਅੱਜ ਉਹ ਇਸ ਬਾਰੇ ਵੱਖਰੀ ਬੋਲੀ ਬੋਲ ਰਹੇ ਹਨ। ਕੋਈ ਏਦਾਂ ਦਾ ਵਕਤ ਵੀ ਸੀ, ਜਦੋਂ ਭਾਰਤ ਵਿਚ ਲੋਕ ਮਰਿਆ ਕਰਦੇ ਸਨ, ਉਨ੍ਹਾਂ ਨੂੰ ਅਣਿਆਈ ਮੌਤੇ ਮਾਰਿਆ ਜਾਂਦਾ ਸੀ ਅਤੇ ਕਈ ਦੇਸ਼ਾਂ ਵਿਚ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਪੱਕੀ ਪਨਾਹ ਦਿੱਤੀ ਜਾਂਦੀ ਸੀ। ਫਿਰ ਸਮਾਂ ਬਦਲਣ ਲੱਗ ਪਿਆ। ਇੱਕ ਸਮੇਂ ਰੂਸ ਵਿਚ ਕਤਲਾਂ ਦੀ ਝੜੀ ਲਾਉਣ ਵਾਲਿਆਂ ਨੂੰ ਅਮਰੀਕਾ ਦੀ ਸਰਕਾਰ ਇਸ ਲਈ ਪਨਾਹ ਦੇ ਰਹੀ ਸੀ ਕਿ ਉਹ ਉਸ ਦੇ ਪੁਰਾਣੇ ਦੁਸ਼ਮਣ ਦਾ ਜੀਣਾ ਹਰਾਮ ਕਰਦੇ ਤੇ ਇੱਕ ਤਰ੍ਹਾਂ ਉਹ ਕੰਮ ਕਰਦੇ ਹਨ, ਜੋ ਇਨ੍ਹਾਂ ਦੇ ਫਾਇਦੇ ਵਿਚ ਜਾਂਦਾ ਸੀ। ਸਥਿਤੀ ਵਿਚ ਮੋੜਾ ਉਦੋਂ ਪਿਆ, ਜਦੋਂ ਇੱਕ ਵਾਰ ਇੱਕ ਮੈਰਾਥਨ ਦੌੜ ਦੇ ਅੰਤ ‘ਤੇ ਕੁਝ ਬੰਬ ਚੱਲ ਗਏ ਤੇ ਕੁਝ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਗਈ। ਕਤਲਾਂ ਦੀ ਪੈੜ ਕੋਸੋਵੋ ਤੋਂ ਆਏ ਰੂਸ ਵਿਰੋਧੀ ਸ਼ਰਨਾਰਥੀਆਂ ਤੱਕ ਪਹੁੰਚ ਗਈ ਤਾਂ ਉਦੋਂ ਰੂਸ ਦੀ ਸਰਕਾਰ ਨੇ ਕਿਹਾ ਕਿ ਸੱਪ ਪਾਲਣ ਦਾ ਇਹੋ ਨੁਕਸਾਨ ਹੁੰਦਾ ਹੈ।
ਇੱਕ ਸਮੇਂ ਓਸਾਮਾ ਬਿਨ ਲਾਦੇਨ ਨੂੰ ਵੀ ਅਮਰੀਕਾ ਨਾਲ ਮਿਲ ਕੇ ਚੱਲਣ ਵਾਲੇ ਪਾਕਿਸਤਾਨ ਦੀ ਸਰਕਾਰ ਨੇ ਪਾਲਿਆ ਸੀ, ਪਰ ਸਮਾਂ ਪਾ ਕੇ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਦੇ ਟਾਵਰਾਂ ‘ਤੇ ਜਹਾਜਾਂ ਦੀਆਂ ਟੱਕਰਾਂ ਮਰਵਾਉਣ ਦਾ ਕੰਮ ਵੀ ਉਸੇ ਨੇ ਕੀਤਾ ਸੀ। ਤਾਲਿਬਾਨ ਨੂੰ ਤਿਆਰ ਕਰਨ ਵਾਲਾ ਕੰਮ ਪਾਕਿਸਤਾਨ ਦੀਆਂ ਸਰਕਾਰਾਂ ਦੇ ਲਗਭਗ ਸਾਰੇ ਮੁਖੀਆਂ ਅਤੇ ਫੌਜ ਦੇ ਸਾਰੇ ਜਰਨੈਲਾਂ ਨੇ ਕੀਤਾ ਸੀ, ਪਰ ਭੁੱਲ ਕਰ ਜਾਣ ਦਾ ਅਹਿਸਾਸ ਉਦੋਂ ਹੋਇਆ ਸੀ, ਜਦੋਂ ਉਨ੍ਹਾਂ ਹੀ ਤਾਲਿਬਾਨ ਦੇ ਇੱਕ ਗਰੁਪ ਨੇ ਪੇਸ਼ਾਵਰ ਦੇ ਮਿਲਟਰੀ ਸਕੂਲ ‘ਤੇ ਹਮਲਾ ਕਰ ਕੇ ਡੇਢ ਸੌ ਦੇ ਕਰੀਬ ਬੱਚੇ ਮਾਰ ਦਿੱਤੇ ਸਨ। ਉਸ ਦੇ ਅਗਲੇ ਦਿਨ ਪਹਿਲੀ ਵਾਰ ਪਾਕਿਸਤਾਨ ਸਰਕਾਰ ਦੇ ਮੁਖੀ ਨਵਾਜ਼ ਸ਼ਰੀਫ ਨੇ ਇਹ ਕਿਹਾ ਸੀ ਕਿ ਅੱਜ ਤੋਂ ਸਾਡੇ ਲਈ ਕੋਈ ਚੰਗੇ ਅਤਿਵਾਦੀ ਨਹੀਂ ਤੇ ਕੋਈ ਮਾੜੇ ਅਤਿਵਾਦੀ ਨਹੀਂ, ਸਾਰੇ ਇੱਕੋ ਜਿਹੇ ਮੰਨੇ ਜਾਣਗੇ। ਸਾਫ ਹੈ ਕਿ ਉਸ ਤੋਂ ਪਹਿਲਾਂ ਉਹ ਭਾਰਤ ‘ਤੇ ਹਮਲੇ ਕਰਨ ਵਾਲੇ ਅਤਿਵਾਦੀਆਂ ਨੂੰ ਚੰਗੇ ਸਮਝਦੇ ਰਹੇ ਸਨ ਤੇ ਉਦੋਂ ਪਹਿਲੀ ਵਾਰੀ ਗਲਤੀ ਦਾ ਅਹਿਸਾਸ ਹੋਇਆ ਸੀ। ਫਿਰ ਵੀ ਅਹਿਸਾਸ ਹੀ ਹੋਇਆ ਸੀ, ਗਲਤੀ ਸੁਧਾਰਨ ਦਾ ਕੰਮ ਨਹੀਂ ਸੀ ਕੀਤਾ ਗਿਆ। ਉਹ ਏਦਾਂ ਦਾ ਕੰਮ ਫਿਰ ਵੀ ਕਰਦੇ ਰਹੇ ਸਨ।
ਦਹਿਸ਼ਤਗਰਦ ਪਹਿਲਾਂ ਭਾਰਤ ਵਿਚ ਸੱਥਰ ਵਿਛਾਇਆ ਕਰਦੇ ਸਨ, ਫਿਰ ਅਮਰੀਕਾ ਤੇ ਉਸ ਪਿਛੋਂ ਫਰਾਂਸ ਅਤੇ ਹੋਰ ਪੱਛਮੀ ਦੇਸ਼ਾਂ ਵਿਚ ਵੀ ਇਹੋ ਕੁਝ ਕਰਨ ਲੱਗ ਪਏ। ਬ੍ਰਿਟੇਨ ਦੇ ਮਾਨਚੈਸਟਰ ਵਿਚ ਇੱਕ ਸੰਗੀਤ ਪ੍ਰੋਗਰਾਮ ਮੌਕੇ ਜੋ ਕਹਿਰ ਉਨ੍ਹਾਂ ਮਚਾਇਆ ਸੀ, ਉਹ ਉਥੋਂ ਦੇ ਲੋਕ ਭੁੱਲਣ ਨਹੀਂ ਲੱਗੇ। ਜਿਵੇਂ ਸਾਨੂੰ ਰੇਲਵੇ ਸਟੇਸ਼ਨ ਦੇਖਣ ਦੇ ਨਾਲ ਅਜਮਲ ਆਮਿਰ ਕਸਾਬ ਚੇਤੇ ਆਉਂਦਾ ਹੈ, ਬ੍ਰਿਟਿਸ਼ ਲੋਕਾਂ ਨੂੰ ਉਵੇਂ ਹੀ ਮਾਨਚੈਸਟਰ ਜਾਂ ਉਸ ਦਿਨ ਉਥੇ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਕਲਾਕਾਰ ਦਾ ਨਾਂ ਸੁਣਦੇ ਸਾਰ ਉਸ ਦਿਨ ਵਾਲਾ ਕਹਿਰ ਚੇਤੇ ਆਵੇਗਾ। ਇਹ ਸੁਭਾਵਕ ਸਥਿਤੀ ਹੈ ਕਿ ਏਦਾਂ ਦੇ ਕਹਿਰ ਦੀ ਨਾ ਪੀੜ ਭੁਲਾਈ ਜਾ ਸਕਦੀ ਹੈ, ਨਾ ਉਸ ਦੇ ਦਾਗ ਮਿਟ ਸਕਦੇ ਹਨ।
ਅੱਜ ਹਮਲਾ ਨਿਊਜ਼ੀਲੈਂਡ ਵਿਚ ਹੋਇਆ ਹੈ, ਜਿਸ ਨੇ ਅਜਿਹੇ ਜ਼ਖਮ ਦਿੱਤੇ ਹਨ, ਜੋ ਉਸ ਦੇਸ਼ ਦੇ ਲੋਕਾਂ ਤੋਂ ਭੁਲਾਏ ਨਹੀਂ ਜਾ ਸਕਣੇ ਤੇ ਇਨ੍ਹਾਂ ਦੀ ਪੀੜ ਚਿਰਾਂ ਤੱਕ ਰੜਕਦੀ ਰਹੇਗੀ। ਬਦਕਿਸਮਤੀ ਨਾਲ ਅੱਜ ਵੀ ਕੁਝ ਦੇਸ਼ਾਂ ਦੇ ਹਾਕਮ ਸਮਝ ਰਹੇ ਹਨ ਕਿ ਇਹ ਬੇਗਾਨੇ ਘਰਾਂ ਵਿਚ ਮੱਚਦੀ ਬਸੰਤਰ ਹੈ, ਅੱਗ ਨਹੀਂ ਜਾਪ ਰਹੀ। ਉਨ੍ਹਾਂ ਵਿਚੋਂ ਇੱਕ ਚੀਨ ਹੈ। ਦੁੱਖ ਦੀ ਗੱਲ ਹੈ ਕਿ ਸੰਸਾਰ ਦੀ ਇੱਕ ਪ੍ਰਮੁੱਖ ਆਰਥਕ ਮਹਾਂਸ਼ਕਤੀ ਬਣ ਚੁਕਾ ਇਹ ਦੇਸ਼ ਆਪਣੇ ਪੈਰਾਂ ਹੇਠ ਮਘ ਰਹੀ ਅੱਗ ਦਾ ਸੇਕ ਵੀ ਮਹਿਸੂਸ ਨਹੀਂ ਕਰਦਾ ਪਿਆ। ਉਹ ਪਾਕਿਸਤਾਨੀ ਸਰਕਾਰ ਦਾ ਹਮਦਰਦ ਬਣ ਕੇ ਚੱਲਦਾ ਹੈ ਤੇ ਸਮੁੱਚੇ ਸੰਸਾਰ ਦੇ ਨਾਲ ਖੜੋ ਕੇ ਦਹਿਸ਼ਤਗਰਦੀ ਦੀ ਨਿੰਦਾ ਕਰਨ ਨੂੰ ਤਿਆਰ ਨਹੀਂ। ਉਸ ਦੇ ਆਪਣੇ ਸੂਬੇ ਸਿਨਕਿਆਂਗ ਦੀ ਹਾਲਤ ਮੁੜ-ਮੁੜ ਕਹਿ ਰਹੀ ਹੈ ਕਿ ਇਸਲਾਮੀ ਦਹਿਸ਼ਤਗਰਦੀ ਦਾ ਇੱਕ ਰੂਪ ਉਸ ਦੇਸ਼ ਵਿਚ ਊਈਗਰ ਵਾਲੇ ਰੂਪ ਵਿਚ ਸਿਰ ਚੁੱਕ ਰਿਹਾ ਹੈ, ਉਸ ਨੂੰ ਕੰਟਰੋਲ ਕਰਨ ਦੀ ਲੋੜ ਹੈ। ਦਹਿਸ਼ਤਗਰਦੀ ਕਦੀ ਵੱਖੋ-ਵੱਖ ਥਾਂਈਂ ਮੋਰਚੇ ਬਣਾ ਕੇ ਨਹੀਂ ਠੱਲ੍ਹੀ ਜਾ ਸਕਦੀ। ਜੇ ਇਸ ਤੋਂ ਬਚਣਾ ਹੈ ਤਾਂ ਸਾਰੀ ਦੁਨੀਆਂ ਦੇ ਅਮਨ ਪਸੰਦਾਂ ਨੂੰ ਸਿਰ ਜੋੜਨੇ ਪੈਣਗੇ।