ਵੱਡਾ ਡਾਕਟਰ

‘ਵੱਡਾ ਡਾਕਟਰ’ ਉਘੇ ਨਾਵਲਕਾਰ ਨਾਨਕ ਸਿੰਘ (1897-1971) ਦੀ ਕਹਾਣੀ ਰਚਨਾ ਹੈ ਜਿਸ ਵਿਚ ਬਾਲ ਮਨ ਦੀ ਬਾਤ ਨੂੰ ਬਹੁਤ ਸੂਖਮ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਮਾਪੇ ਭਾਵੇਂ ਬੱਚਿਆਂ ਦੀ ਸਿਹਤਯਾਬੀ ਬਾਰੇ ਲੱਖ ਸੁਚੇਤ ਹੋਣ ਪਰ ਬਾਲ ਮਨ ਅੰਦਰਲੀਆਂ ਸੂਖਮ ਗੱਲਾਂ ਨੂੰ ਪੜ੍ਹਨਾ ਹਾਰੀ-ਸਾਰੀ ਦਾ ਕੰਮ ਨਹੀਂ। ਇਸ ਕਹਾਣੀ ਵਿਚ ਬਲੂੰਗੜੇ ਦੇ ਪਿਆਰ ਨੂੰ ਆਧਾਰ ਬਣਾ ਕੇ ਲੇਖਕ ਨੇ ਮਾਪਿਆਂ ਅਤੇ ਬਾਲ ਮਨ ਅੰਦਰ ਹੋ ਰਹੀ ਉਥਲ-ਪੁਥਲ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ, ਜਿਨ੍ਹਾਂ ਨੂੰ ਪੜ੍ਹਦਿਆਂ ਪਾਠਕ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਜਾਂਦੀਆਂ ਹਨ।

-ਸੰਪਾਦਕ

ਨਾਨਕ ਸਿੰਘ

(1)
ਦਫਤਰੋਂ ਛੁੱਟੀ ਹੋਣ ‘ਤੇ ਬਾਬੂ ਦੀਨਾ ਨਾਥ ਸੋਟੀ ਹਿਲਾਉਂਦਾ ਘਰ ਵਲ ਜਾ ਰਿਹਾ ਸੀ। ਜਦ ਉਹ ਮੁਨਿਆਰਾਂ ਦੇ ਬਾਜ਼ਾਰ ਵਿਚੋਂ ਲੰਘਿਆ ਤਾਂ ਉਸ ਨੂੰ ਆਪਣੇ ਕਾਕੇ ਜਗਦੀਸ਼ ਦਾ ਖਿਆਲ ਆਇਆ ਜੋ ਖਿਡੌਣਿਆਂ ਦਾ ਬੜਾ ਲੋਭੀ ਸੀ।
ਉਹ ਇਕ ਮੁਨਿਆਰ ਦੀ ਹੱਟੀ ਅੱਗੇ ਜਾ ਖਲੋਤਾ ਤੇ ਬਹੁਤ ਸਾਰੇ ਖਿਡੌਣਿਆਂ ਵਿਚੋਂ ਉਸ ਨੇ ਇਕ ਜੱਤ ਵਾਲਾ ਕੁੱਤਾ ਪਸੰਦ ਕੀਤਾ। ਪੈਸੇ ਦੁਕਾਨਦਾਰ ਨੂੰ ਦੇ, ਕੁੱਤਾ ਖੀਸੇ ਵਿਚ ਪਾ ਉਹ ਘਰ ਵਲ ਟੁਰ ਪਿਆ। ਸਾਰੇ ਖਿਡੌਣਿਆਂ ਵਿਚੋਂ ਉਸ ਨੇ ਜੱਤ ਵਾਲਾ ਕੁੱਤਾ ਹੀ ਕਿਉਂ ਪਸੰਦ ਕੀਤਾ, ਇਸ ਦਾ ਵੀ ਇਕ ਖਾਸ ਕਾਰਨ ਸੀ। ਜਗਦੀਸ਼ ਨੂੰ ਸ਼ੌਕ ਸੀ ਜਾਨਦਾਰ ਖਿਡੌਣਿਆਂ ਨਾਲ ਖੇਡਣ ਦਾ, ਪਰ ਦੀਨਾ ਨਾਥ ਨੂੰ ਮੁੰਡੇ ਦੀ ਇਹ ਆਦਤ ਪਸੰਦ ਨਹੀਂ ਸੀ।
ਜਦ ਉਹ ਘਰ ਪੁੱਜਾ ਤਾਂ ਥੜ੍ਹੇ ਉਤੇ ਅੱਜ ਵੀ ਉਸ ਨੇ ਜਗਦੀਸ਼ ਨੂੰ ਇਕ ਜਾਨਦਾਰ ਖਿਡੌਣੇ ਨਾਲ ਖੇਡਦਿਆਂ ਵੇਖਿਆ। ਡਾਢਾ ਕੂਲਾ, ਰਿਸ਼ਟ ਪੁਸ਼ਟ ਤੇ ਗੁਦ ਗੁਦਾ ਖਿਡੌਣਾ, ਇਹ ਬਿੱਲੀ ਦਾ ਬਲੂੰਗੜਾ ਸੀ।
ਬਾਬੂ ਦੀਨਾ ਨਾਥ ਵੱਲ ਜਗਦੀਸ਼ ਦੀ ਪਿੱਠ ਸੀ, ਜਿਸ ਕਰਕੇ ਉਹ ਮੂੰਹ ਧਿਆਨ ਆਪਣੀ ਖੇਡੇ ਰੁੱਝਾ ਰਿਹਾ। ਬਲੂੰਗੜੇ ਦੀਆਂ ਅਗਲੀਆਂ ਲੱਤਾਂ ਨੂੰ ਫੜ ਕੇ ਉਹ ਉਸ ਨੂੰ ਸਿੱਧਾ ਖੜ੍ਹਾ ਕਰਨਾ ਚਾਹੁੰਦਾ ਸੀ, ਪਰ ਉਹ ਮੁੜ ਚਹੁੰ ਲੱਤਾਂ ਪਰਨੇ ਹੋ ਜਾਂਦਾ।
ਬਲੂੰਗੜਾ ਘੜੀ ਮੁੜੀ ਉਸ ਦਾ ਮੂੰਹ ਚੁੰਮਣ ਲਈ ਬੂਥੀ ਚੁੱਕਦਾ, ਪਰ ਜਗਦੀਸ਼ ਧੱਕ ਕੇ ਪਰੇ ਕਰ ਦੇਂਦਾ। ਅਖੀਰ ਇਕ ਵਾਰੀ ਉਸ ਨੇ ਮੁੰਡੇ ਦਾ ਮੂੰਹ ਚੁੰਮ ਲਿਆ।
ਖੇਡ ਵਿਚ ਜਗਦੀਸ਼ ਇੰਨਾ ਮਸਤ ਸੀ ਕਿ ਉਸ ਨੂੰ ਆਪਣੀ ਨਿੱਕਰ ਅਤੇ ਝੱਗੇ ਦਾ ਵੀ ਖਿਆਲ ਨਾ ਰਿਹਾ, ਜੋ ਬਲੂੰਗੜੇ ਦੇ ਚਿੱਕੜ ਭਰੇ ਪੰਜਿਆਂ ਨਾਲ ਨਾਸ ਹੋ ਰਹੇ ਸਨ।
ਪਿੱਛੇ ਖਲੋਤੇ ਬਾਬੂ ਦੀਨਾ ਨਾਥ ਨੇ ਇਹ ਸਭ ਕੁਝ ਦੇਖਿਆ ਅਤੇ ਗੁੱਸੇ ਨਾਲ ਉਸ ਦਾ ਚਿਹਰਾ ਤਮਤਮਾ ਉਠਿਆ। ਉਸ ਨੇ ਪੈਂਦਿਆਂ ਹੀ ਇਕ ਖਰਵੇ ਹੱਥ ਨਾਲ ਬਲੂੰਗੜਾ ਉਸ ਤੋਂ ਖੋਹ ਕੇ ਇਕ ਪਾਸੇ ਸੁੱਟ ਦਿੱਤਾ ਤੇ ਕਹਿਣ ਲੱਗਾ, “ਛੱਡ ਨਲੈਕਾ ਇਸ ਬਲਾ ਨੂੰ। ਵੇਖ ਤੇ ਸਹੀ, ਕੀ ਹਾਲ ਕੀਤਾ ਈ ਨਵੇਂ ਕਪੜਿਆਂ ਦਾ!”
ਪਿਉ ਦੇ ਆਉਣ ਤੋਂ ਪਹਿਲਾਂ ਜਗਦੀਸ਼ ਕੁਝ ਹੋਰ ਹੀ ਸੋਚ ਰਿਹਾ ਸੀ। ਉਹ ਇਸ ਖਿਆਲ ਵਿਚ ਸੀ ਕਿ ਆਪਣੇ ਬਾਬੂ ਜੀ ਦੇ ਆਉਣ ‘ਤੇ ਉਹ ਆਪਣੇ ਇਸ ਨਵੇਂ ਦੋਸਤ ਦੀ ਜਾਣ-ਪਛਾਣ ਉਸ ਨਾਲ ਕਰਾਵੇਗਾ ਤੇ ਬਾਊ ਵੇਖ ਕੇ ਬਹੁਤ ਖੁਸ਼ ਹੋਵੇਗਾ, ਪਰ ਪਿਉ ਦੇ ਇਸ ਵਰਤਾਉ ਨੇ ਉਸ ਦੇ ਉਤਸ਼ਾਹ ਨੂੰ ਸਲ੍ਹਾਬਾ ਚੜ੍ਹਾ ਦਿੱਤਾ।
ਉਸ ਨੇ ਇਕ ਸਹਿਮੀ ਨਜ਼ਰ ਨਾਲ ਪਿਉ ਵਲ ਤਕਿਆ ਤੇ ਫਿਰ ਪਿਆਰ, ਤਰਸ ਤੇ ਬੇਵਸੀ ਦੀ ਨਜ਼ਰ ਨਾਲ ਵੇਖਿਆ-ਕਈਆਂ ਕਦਮਾਂ ‘ਤੇ ਡਿੱਗੇ ਪਏ ਆਪਣੇ ਬਲੂੰਗੜੇ ਨੂੰ।
ਪਤੀ ਦੀ ਕੜਕਵੀ ਆਵਾਜ਼ ਸੁਣ ਕੇ ਅੰਦਰੋਂ ਉਮਾ ਦੇਵੀ ਨਿਕਲ ਆਈ। ਉਸ ਨੂੰ ਵੇਖਦਿਆਂ ਹੀ ਬਾਬੂ ਦੀਨਾ ਨਾਥ ਦਾ ਕ੍ਰੋਧ ਉਸ ਉਤੇ ਵਰ੍ਹਨ ਲੱਗਾ, “ਤੂੰ ਕਿਤਨੀ ਬੇ-ਸਮਝ ਏਂ! ਤੈਨੂੰ ਪਤਾ ਨਹੀਂ ਬਿੱਲੀਆਂ ਕੁੱਤਿਆਂ ਦੇ ਮੂੰਹ ਦੀ ਹਵਾੜ ਤੇ ਇਨ੍ਹਾਂ ਦੇ ਵਾਲ ਕਿੰਨੇ ਖਤਰਨਾਕ ਹੁੰਦੇ ਨੇ? ਵੇਖਦੀ ਨਹੀਂ, ਕਿਹੜੇ ਵੇਲੇ ਦਾ ਬਲੂੰਗੜੇ ਨੂੰ ਚੁੰਮਣ ਡਿਹਾ ਹੋਇਆ ਏ ਤੇ ਕੱਪੜਿਆਂ ਦਾ ਸੱਤਿਆਨਾਸ ਵੱਖਰਾ ਕਰ ਛੱਡਿਆ ਸੂ! ਨਾਲੇ ਠੰਢ ਵਿਚ ਇਸ ਵੇਲੇ ਤੱਕ ਬਾਹਰ ਥੜ੍ਹੇ ‘ਤੇ ਬੈਠਾ ਹੋਇਆ ਏ!”
ਤਿੰਨਾਂ ਵਰ੍ਹਿਆਂ ਦੇ ਬਾਲ ਨੂੰ ਬਾਬੂ ਦੀਨਾ ਨਾਥ ਆਪਣੀ ਅਕਲ ਦੇ ਗਜਾਂ ਨਾਲ ਮਿਣਨਾ ਚਾਹੁੰਦਾ ਸੀ, ਪਰ ਉਮਾ ਦੇਵੀ ਦੇ ਸੀਨੇ ਵਿਚ ਮਾਂ ਦਾ ਦਿਲ ਸੀ। ਉਹ ਬਾਲਾਂ ਦੇ ਸੁਭਾਅ ਤੋਂ ਵਧੇਰੇ ਜਾਣੂ ਸੀ। ਕਹਿਣ ਲੱਗੀ, “ਹੱਛਾ ਫੇਰ ਕੀ ਹੋਇਆ, ਅੰਞਾਣਾ ਜੂ ਹੋਇਆ, ਸਾਰੇ ਬਾਲ ਇਸੇ ਤਰ੍ਹਾਂ ਹੁੰਦੇ ਨੇ ਕਿ!”
ਦੀਨਾ ਨਾਥ ਹੋਰ ਤੇਜ਼ ਹੋ ਕੇ ਬੋਲਿਆ, “ਸਾਰੇ ਬਾਲ ਤੇ ਹੋਏ ਜੰਗਲੀਆਂ ਅਨਪੜ੍ਹਾਂ ਦੇ। ਇਹੋ ਜਿਹੇ ਗਵਾਰਾਂ ਦੀ ਸੁਹਬਤ ਵਿਚ ਮੈਂ ਨਹੀਂ ਪੈਣ ਦੇਣਾ ਚਾਹੁੰਦਾ ਮੁੰਡੇ ਨੂੰ।”
ਪਿਉ ਦਾ ਹੁਕਮ ਪਾ ਕੇ ਜਗਦੀਸ਼ ਮੁਜਰਮ ਵਾਂਗ ਅੱਗੇ ਅੱਗੇ ਟੁਰ ਪਿਆ। ਅੰਦਰ ਪਹੁੰਚਦਿਆਂ ਤਾਈਂ ਉਸ ਨੇ ਪਿਉ ਦੀ ਅੱਖ ਬਚਾ ਕੇ ਕਈ ਵਾਰ ਪਿਛਾਂਹ ਤੱਕਿਆ, ਪਰ ਬਲੂੰਗੜਾ ਹੁਣ ਉਥੇ ਨਹੀਂ ਸੀ।
(2)
ਸਭ ਤੋਂ ਪਹਿਲਾਂ ਉਸ ਦੇ ਕੱਪੜੇ ਬਦਲਾਏ ਗਏ ਅਤੇ ਫਿਰ ਬਾਬੂ ਦੀਨਾ ਨਾਥ ਨੇ ਉਸ ਨੂੰ ਪਿਆਰ ਨਾਲ ਕੁੱਛੜ ਲਿਆ। ਉਸ ਦਾ ਮੂੰਹ ਚੁੰਮਦਾ ਦਿਲ ਵਿਚ ਆਪਣੀ ਸਖਤੀ ‘ਤੇ ਪਛਤਾਉਣ ਲੱਗਾ, ਪਰ ਬੱਚੇ ਦੀ ਅਰੋਗਤਾ ਲਈ ਉਸ ਨੂੰ ਇਹ ਸਭ ਕੁਝ ਕਰਨਾ ਹੀ ਪੈਣਾ ਸੀ।
ਜਗਦੀਸ਼ ਉਸ ਦੀ ਗੋਦ ਵਿਚ ਬੈਠਾ ਸੀ, ਪਰ ਅੱਗੇ ਵਾਂਗ ਖੁਸ਼ੀ ਖੁਸ਼ੀ ਨਹੀਂ, ਸਗੋਂ ਡਾਢਾ ਬੇਕਲ ਜਿਹਾ ਹੋ ਕੇ।
ਬਾਬੂ ਦੀਨਾ ਨਾਥ ਨੂੰ ਖਿਡੌਣੇ ਦਾ ਚੇਤਾ ਆ ਗਿਆ। ਉਸ ਨੇ ਝੱਟ ਕੋਟ ਦੀ ਜੇਬ ਵਿਚੋਂ ਜੱਤ ਵਾਲਾ ਕੁੱਤਾ ਕੱਢ ਕੇ ਜਗਦੀਸ਼ ਨੂੰ ਫੜਾ ਦਿੱਤਾ।
ਕੁੱਤਾ ਬੜਾ ਸੋਹਣਾ ਸੀ, ਪਰ ਜਗਦੀਸ਼ ਨੂੰ ਉਸ ਪਾਸੋਂ ਕੋਈ ਖੁਸ਼ੀ ਨਾ ਮਿਲ ਸਕੀ। ਉਹ ਉਸ ਨੂੰ ਵੇਖ ਕੇ ਖੁਸ਼ ਹੋਣਾ ਚਾਹੁੰਦਾ ਸੀ, ਪਰ ਬਲੂੰਗੜੇ ਦਾ ਧਿਆਨ ਸਗੋਂ ਉਸ ਨੂੰ ਵਧੇਰੇ ਬੇਚੈਨ ਕਰੀ ਜਾਂਦਾ ਸੀ। ਰਾਤੀਂ ਸੌਣ ਲੱਗਿਆਂ ਉਸ ਨੇ ਕੁੱਤੇ ਨੂੰ ਆਪਣੇ ਨਾਲ ਹੀ ਪੰਘੂੜੇ ‘ਤੇ ਸਵਾਇਆ।
ਇਸ ਵੇਲੇ ਸਾਰੇ ਸੁੱਤੇ ਹੋਏ ਸਨ। ਜਗਦੀਸ਼ ਹੀ ਆਪਣੀ ਵਿਛਾਈ ‘ਤੇ ਲੇਟਿਆ ਕਿਸੇ ਦੀ ਯਾਦ ਵਿਚ ਮਗਨ ਸੀ। ਥੋੜ੍ਹੀ ਦੇਰ ਬਾਅਦ ਉਹ ਉਠ ਕੇ ਬੈਠ ਗਿਆ ਤੇ ਸਰਾਂਦੀ ਪਏ ਕੁੱਤੇ ਨੂੰ ਚੁੱਕ ਕੇ ਤੇ ਉਸ ਨੂੰ ਅਗਲੀਆਂ ਲੱਤਾਂ ਤੋਂ ਫੜ ਕੇ ਖੜ੍ਹਾ ਕਰਨ ਲਗਾ। ਪਰ ਇਹ ਬਲੂੰਗੜੇ ਵਾਂਗ ਸ਼ਰਾਰਤਾਂ ਨਹੀਂ ਸੀ ਕਰਦਾ, ਨਾ ਹੀ ਉਸ ਦਾ ਮੂੰਹ ਚੁੰਮਣ ਨੂੰ ਹੰਭਲੇ ਮਾਰਦਾ ਸੀ। ਬਲੂੰਗੜੇ ਦੀਆਂ ਜਿਨ੍ਹਾਂ ਹਰਕਤਾਂ ਤੋਂ ਜਗਦੀਸ਼ ਨੂੰ ਗੁੱਸਾ ਆਉਂਦਾ ਸੀ, ਉਹ ਇਸ ਕੁੱਤੇ ਵਿਚ ਨਹੀਂ ਸਨ। ਫਿਰ ਵੀ ਜਗਦੀਸ਼ ਨੂੰ ਇਹ ਚੰਗਾ ਨਹੀਂ ਸੀ ਲੱਗਦਾ। ਉਹ ਚਾਹੁੰਦਾ ਸੀ, ਇਹ ਵੀ ਬਲੂੰਗੜੇ ਵਾਂਗ ਸ਼ਰਾਰਤਾਂ ਕਰੇ ਤੇ ਇਸ ਦੇ ਬਦਲੇ ਉਸ ਨੂੰ ਉਹੋ ਜਿਹਾ ਗੁੱਸਾ ਆਵੇ, ਪਰ ਇਹ ਨਾ ਹੋ ਸਕਿਆ।
ਹੌਲੀ ਹੌਲੀ ਉਸ ਨੂੰ ਇਸ ਕੁੱਤੇ ਪਾਸੋਂ ਨਫਰਤ ਹੋਣ ਲੱਗੀ। ਤੇ ਥੋੜ੍ਹੇ ਚਿਰ ਬਾਅਦ ਉਸ ਨੇ ਕੁੱਤੇ ਨੂੰ ਚੁੱਕ ਕੇ ਹੇਠਾਂ ਸੁੱਟ ਦਿੱਤਾ।
ਲੰਮਾ ਪਿਆ ਪਿਆ ਸੋਚਣ ਲੱਗਾ, “ਕੀ ਹੁਣ ਉਹ ਨਹੀਂ ਆਵੇਗਾ? ਕੀ ਬਾਊ ਜੀ ਦੇ ਵਰਤਾਉ ਤੋਂ ਉਹ ਮੇਰੇ ਨਾਲ ਵੀ ਗੁੱਸੇ ਹੋ ਜਾਏਗਾ? ਇਸ ਵੇਲੇ ਉਹ ਕਿਥੇ ਹੋਵੇਗਾ, ਕੀ ਕਰਦਾ ਹੋਵੇਗਾ? ਸ਼ਾਇਦ ਕਿਤੋਂ ਹੁਣੇ ਹੀ ਆ ਨਿਕਲੇ, ਸ਼ਾਇਦ ਹੁਣੇ ਹੀ ਉਸ ਦੀ ਮਿੱਠੀ ਮਿੱਠੀ ਮਿਆਊਂ ਮੇਰੇ ਕੰਨੀ ਆ ਪਵੇ!” ਨਾਲ ਹੀ ਉਸ ਨੂੰ ਇਕ ਹੋਰ ਖਿਆਲ ਆਇਆ, ਆਪਣੇ ਗੁਆਂਢੀਆਂ ਦੇ ਕੁਤੇ ਜੈਕ ਦਾ, ਜੋ ਬਿੱਲੀਆਂ ਨੂੰ ਵੇਖ ਕੇ ਖਾਣ ਨੂੰ ਪੈਂਦਾ ਸੀ।
ਉਹ ਸੋਚਣ ਲੱਗਾ, ਸਾਡੇ ਘਰ ਵੀ ਤਾਂ ਇਸ ਵੇਲੇ ਕੁੱਤਾ ਮੌਜੂਦ ਏ। ਇਸ ਦੇ ਹੁੰਦਿਆਂ ਬਲੂੰਗੜਾ ਸਾਡੇ ਘਰ ਨਹੀਂ ਆ ਸਕੇਗਾ। ਕਮਰੇ ਵਿਚ ਵੇਖਿਆ, ਬਿਜਲੀ ਦੇ ਚਾਨਣ ਵਿਚ ਉਹੀ ਜੱਤ ਵਾਲਾ ਕੁੱਤਾ ਇਕ ਨੁਕਰੇ ਪਿਆ ਦਿਸਿਆ। ਉਹ ਅਛੋਪਲਾ ਪੰਘੂੜੇ ‘ਚੋਂ ਉਤਰਿਆ ਤੇ ਜਾ ਕੇ ਕੁੱਤੇ ਨੂੰ ਚੁਕ ਲਿਆਇਆ, ਇਕ ਪਾਸੇ ਪੁਰਾਣੇ ਕੱਪੜੇ ‘ਕੱਠੇ ਹੋਏ ਪਏ ਸਨ। ਉਸ ਨੇ ਕੁੱਤੇ ਨੂੰ ਉਨ੍ਹਾਂ ਕੱਪੜਿਆਂ ਥੱਲੇ ਨੱਪ ਦਿੱਤਾ ਤੇ ਫੇਰ ਆਪਣੇ ਬਿਸਤਰੇ ‘ਤੇ ਆ ਲੇਟਿਆ।
ਹੁਣ ਉਹ ਬੜੀ ਬੇਸਬਰੀ ਨਾਲ ਬੈਠਾ ਬਲੂੰਗੜੇ ਨੂੰ ਉਡੀਕਣ ਲੱਗਾ। ਉਸ ਨੂੰ ਜਾਪਣ ਲੱਗਾ, ਜੀਕਣ ਬਲੂੰਗੜਾ ਉਸ ਦੇ ਆਸ ਪਾਸ ਆਉਣਾ ਚਾਹੁੰਦਾ ਹੈ, ਪਰ ਜੱਤ ਵਾਲਾ ਕੁੱਤਾ ਘੜੀ ਮੁੜੀ ਕੱਪੜਿਆਂ ਹੇਠੋਂ ਨਿਕਲ ਕੇ ਉਸ ਨੂੰ ਨਸਾ ਦੇਂਦਾ ਹੈ। ਉਹ ਫਿਰ ਉਠਿਆ ‘ਤੇ ਕੁੱਤੇ ਨੂੰ ਕੱਪੜਿਆਂ ਹੇਠੋਂ ਕੱਢ ਲਿਆਇਆ। ਫਿਰ ਸਹਿਜ ਨਾਲ ਉਸ ਨੇ ਬਾਰੀ ਦਾ ਕੁੰਡਾ ਖੋਲਿਆ ਤੇ ਕੁੱਤੇ ਨੂੰ ਸੀਖਾਂ ਵਲ ਦੀ ਧੱਕ ਕੇ ਬਾਰੀ ਤੋਂ ਬਾਹਰ ਸੁੱਟ ਦਿੱਤਾ।
ਸੁੱਟ ਤਾਂ ਉਸ ਨੇ ਦਿਤਾ, ਪਰ ਇਸ ਨਾਲ ਵੀ ਤਸੱਲੀ ਨਾ ਹੋਈ। ਸਗੋਂ ਉਸ ਦਾ ਤੋਖਲਾ ਹੋਰ ਵਧ ਗਿਆ। ਕਾਰਨ? ਕੁੱਤਾ ਹੁਣ ਬਿਲਕੁਲ ਬੂਹੇ ਦੇ ਲਾਗੇ ਗਲੀ ਵਿਚ ਬੈਠਾ ਹੋਵੇਗਾ ਤੇ ਇਸ ਜ਼ਾਲਮ ਨੇ ਕਦ ਬਲੂੰਗੜਾ ਅੰਦਰ ਆਉਣ ਦੇਣਾ ਹੈ। ਇਸੇ ਬੇਚੈਨੀ ਵਿਚ ਉਹ ਪਤਾ ਨਹੀਂ ਕਿੰਨਾ ਚਿਰ ਛਟਪਟਾਂਦਾ ਰਿਹਾ ਤੇ ਅਖੀਰ ਨੀਂਦ ਆ ਗਈ।
(3)
“ਹੈਂ ਜੀ, ਤੁਸਾਂ ਬਾਰੀ ਨਹੀਂ ਸੀ ਬੰਦ ਕੀਤੀ?” ਪ੍ਰਭਾਤ ਵੇਲੇ ਨਾਲ ਉਮਾ ਦੇਵੀ ਨੇ ਪਾਸਾ ਪਰਤਦਿਆਂ ਪਤੀ ਨੂੰ ਕਿਹਾ, “ਕਿਡੀ ਠੰਢੀ ‘ਵਾ ਆਉਣ ਡਹੀ ਏ।”
ਬਾਬੂ ਦੀਨਾ ਨਾਥ ਨੇ ਰਜਾਈ ‘ਚੋਂ ਉਠ ਕੇ ਵੇਖਿਆ, ਬਾਰੀ ਖੁੱਲ੍ਹੀ ਸੀ, ਪਰ ਉਹ ਹੈਰਾਨੀ ਨਾਲ ਸੋਚਣ ਲੱਗਾ, ਇਸ ਨੂੰ ਤਾਂ ਮੈਂ ਆਪ ਬੰਦ ਕਰਕੇ ਸੁੱਤਾ ਸਾਂ।
ਦੋਵੇਂ ਉਠ ਬੈਠੇ। ਉਨ੍ਹਾਂ ਨੂੰ ਬੜਾ ਫਿਕਰ ਹੋਣ ਲੱਗਾ ਕਿ ਬਾਰੀ ਕਿਸ ਤਰ੍ਹਾਂ ਖੁੱਲ੍ਹ ਗਈ। ਝਟ ਪਟ ਉਨ੍ਹਾਂ ਨੇ ਉਠ ਕੇ ਸੰਦੂਕਾਂ ਟਰੰਕਾਂ ਦੇ ਜੰਦਰੇ ਟੋਹਣੇ ਸ਼ੁਰੂ ਕਰ ਦਿੱਤੇ। ਸਭ ਕੁਝ ਜਿਉਂ ਦਾ ਤਿਉਂ ਸੀ। ਕੋਈ ਅੰਦਰ ਆਉਂਦਾ ਤਾਂ ਖਾਲੀ ਕਿਸ ਤਰ੍ਹਾਂ ਚਲਾ ਜਾਂਦਾ। ਤੇ ਨਾਲੇ ਬਾਬੂ ਦੀਨਾ ਨਾਥ ਆਪਣੇ ਹੱਥੀਂ ਬਾਰੀ ਦਾ ਕੁੰਡਾ ਅੜਾ ਕੇ ਸੁੱਤਾ ਸੀ। ਬਾਹਰਲਾ ਬੂਹਾ ਵੇਖਿਆ। ਉਹ ਵੀ ਜਿਉਂ ਦਾ ਤਿਉਂ ਬੰਦ ਸੀ, ਕੁੰਡਾ ਅੰਦਰੋਂ ਵੱਜਾ ਹੋਇਆ ਸੀ।
ਬਾਬੂ ਦੀਨਾ ਨਾਥ ਨੇ ਬੂਹਾ ਖੋਲ੍ਹ ਕੇ ਬਾਹਰ ਗਲੀ ਵਿਚ ਝਾਤੀ ਮਾਰੀ ਤਾਂ ਸਭ ਤੋਂ ਪਹਿਲਾਂ ਓਹੀ ਕੱਲ੍ਹ ਦਾ ਲਿਆਂਦਾ ਜੱਤ ਵਾਲਾ ਕੁੱਤਾ ਉਸ ਦੀ ਨਜ਼ਰ ਪਿਆ। ਉਸ ਨੂੰ ਸਮਝਣ ਵਿਚ ਚਿਰ ਨਾ ਲੱਗਾ ਕਿ ਇਹ ਜਗਦੀਸ਼ ਦੀ ਹੀ ਕਾਰਸਤਾਨੀ ਹੈ। ਮੁੰਡੇ ਦੀ ਬੇਸਮਝੀ ਉਤੇ ਉਸ ਨੂੰ ਖਿਝ ਆਈ, ਪਰ ਜਗਦੀਸ਼ ਸੁਤਾ ਪਿਆ ਸੀ, ਇਸ ਲਈ ਬਾਬੂ ਦੀਨਾ ਨਾਥ ਗੁੱਸਾ ਪੀ ਗਿਆ। ਜਾਗਦਾ ਹੁੰਦਾ ਤਾਂ ਜ਼ਰੂਰ ਦੋ ਚਾਰ ਝਿੜਕਾਂ ਤੇ ਇਕ ਅੱਧ ਚਪੇੜ ਉਹ ਖਾਂਦਾ, ਪਰ ਉਮਾ ਦੇਵੀ ਨੇ ਜਦ ਪਤੀ ਦੀ ਜ਼ਬਾਨੀ ਇਹ ਗੱਲ ਸੁਣੀ ਤਾਂ ਉਸ ਦਾ ਹਾਸਾ ਨਿਕਲ ਗਿਆ।
ਬੂਹੇ ਬਾਰੀਆਂ ਬੰਦ ਕਰਕੇ ਜਦ ਦੀਨਾ ਨਾਥ ਲੰਮਾ ਪੈਣ ਲੱਗਾ ਤਾਂ ਉਸ ਦੀ ਨਜ਼ਰ ਜਗਦੀਸ਼ ਦੇ ਪੰਘੂੜੇ ‘ਤੇ ਪਈ। ਬਲੂੰਗੜਾ ਜਗਦੀਸ਼ ਦੀ ਬਾਂਹ ਵਿਚ ਸਿਰ ਦੇਈ ਘੁਰ ਘੁਰ ਕਰ ਰਿਹਾ ਸੀ ਤੇ ਸੁੱਤੇ ਜਗਦੀਸ਼ ਦਾ ਹੱਥ ਸਹਿਜੇ ਸਹਿਜ ਉਸ ਦੀ ਪਿਠ ‘ਤੇ ਫਿਰ ਰਿਹਾ ਸੀ। ਜਗਦੀਸ਼ ਦੇ ਚਿਹਰੇ ਉਤੇ ਇਸ ਵੇਲੇ ਮੁਸਕਰਾਹਟ ਖੇਡ ਰਹੀ ਸੀ।
“ਹੈਂ! ਬਦਜ਼ਾਤ ਫਿਰ ਆ ਵੜਿਆ!” ਕਹਿੰਦਿਆਂ ਦੀਨਾ ਨਾਥ ਨੇ ਜਗਦੀਸ਼ ਦੀ ਬਾਂਹ ਵਿਚੋਂ ਬਲੂੰਗੜਾ ਖਿੱਚ ਲਿਆ। ਇਸ ਦੇ ਨਾਲ ਹੀ ਜਗਦੀਸ਼ ਜਾਗ ਪਿਆ, ਉਸ ਨੇ ਬਲੂੰਗੜੇ ਨੂੰ ਵੇਖਿਆ, ਪਰ ਵਿਛੋੜੇ ਦੇ ਵੇਲੇ। ਮਿਲਾਪ ਦੀਆਂ ਸੁਨਹਿਰੀ ਘੜੀਆਂ ਕਿਵੇਂ ਬੀਤ ਗਈਆਂ, ਇਸ ਦਾ ਉਸ ਨੂੰ ਕੋਈ ਪਤਾ ਨਹੀਂ। ਉਸ ਨੇ ਅਰਮਾਨ ਭਰੀ ਨਜ਼ਰ ਨਾਲ ਆਪਣੀ ਨਿੱਘੀ ਬਾਂਹ ਵਿਚੋਂ ਬਲੂੰਗੜੇ ਨੂੰ ਖਚੀਂਦਾ ਵੇਖਿਆ, ਮਾਨੋ ਉਸ ਨੇ ਸੀਨੇ ਵਿਚੋਂ ਦਿਲ ਨੂੰ ਖਿਚੀਂਦਾ ਵੇਖਿਆ।
ਉਸ ਨੇ ਚਾਹਿਆ ਕਿ ਝਟ ਪਟ ਉਠ ਕੇ ਪਿਉ ਪਾਸੋਂ ਆਪਣੇ ਬੂੰਗੇ ਨੂੰ ਖੋਹ ਲਵੇ, ਪਰ ਪਿਉ ਦੀਆਂ ਲਾਲ ਲਾਲ ਅੱਖਾਂ ਤੇ ਗੁੱਸੇ ਭਰਿਆ ਚਿਹਰਾ ਵੇਖ ਕੇ ਉਸ ਦੇ ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ।
ਬਲੂੰਗੜੇ ਨੇ ਤਾਂ ਨਹੁੰਦਰਾਂ ਮਾਰ ਕੇ ਗੁੱਸਾ ਕਿਸੇ ਹੱਦ ਤੱਕ ਪ੍ਰਗਟ ਕੀਤਾ, ਪਰ ਜਗਦੀਸ਼ ਵਿਚਾਰਾ ਆਪਣੇ ਪ੍ਰੀਤਮ ਵਿਛੋੜੇ ਨੂੰ ਕਿਸੇ ਤਰ੍ਹਾਂ ਵੀ ਜਾਹਰ ਨਾ ਕਰ ਸਕਿਆ।
ਉਮਾ ਦੇਵੀ ਨੇ ਬਥੇਰਾ ਰੋਕਿਆ, ਵਾਸਤੇ ਪਾਏ, ਪਰ ਦੀਨਾ ਨਾਥ ਨੇ ਇਕ ਨਾ ਮੰਨੀ। ਉਸ ਨੇ ਝਟ ਪਟ ਨਾਲ ਦੀ ਕੋਠੜੀ ਵਿਚੋਂ ਨੌਕਰ ਮੁੰਡੇ ਨੂੰ ਆਵਾਜ਼ ਦਿੱਤੀ। ਨੌਕਰ ਆਇਆ ਤੇ ਦੀਨਾ ਨਾਥ ਨੇ ਬਲੂੰਗੜਾ ਉਸ ਨੂੰ ਫੜਾਉਂਦਿਆਂ ਕਿਹਾ, “ਜਾਹ ਸ਼ਹਿਰੋਂ ਬਾਹਰ ਗੰਦੇ ਨਾਲੇ ਤੋਂ ਪਾਰ ਛੱਡ ਕੇ ਆ।”
“ਬਾਊ ਜੀ, ਮੇਰਾ ਬੂੰਗਾ!” ਬੜੀ ਦਰਦ ਭਰੀ ਆਵਾਜ਼ ਵਿਚ ਜਗਦੀਸ਼ ਦੇ ਮੂੰਹੋਂ ਨਿਕਲਿਆ।
ਬਾਬੂ ਦੀਨਾ ਨਾਥ ਨੂੰ ਉਸ ਉਤੇ ਇਕ ਤਾਂ ਅੱਠਾ ਆਨਿਆਂ ਦੇ ਖਿਡੌਣੇ ਦਾ ਗੁੱਸਾ ਸੀ, ਉਤੋਂ ਇਸ ਦਾ ਇਹ ਪਾਗਲਪੁਣਾ ਕਿ ਬਲੂੰਗੜੇ ਦੇ ਮੂੰਹ ਨਾਲ ਮੂੰਹ ਜੋੜ ਕੇ ਪਤਾ ਨਹੀਂ ਕਿੰਨੇ ਚਿਰ ਤੋਂ ਸੁੱਤਾ ਰਿਹਾ। ਉਸ ਨੇ ਇਕ ਹੌਲਾ ਜਿਹਾ ਥੱਪੜ ਜਗਦੀਸ਼ ਦੇ ਸਿਰ ‘ਤੇ ਮਾਰ ਕੇ ਕਿਹਾ, “ਚੁੱਪ ਕਰਨਾ ਏ ਕਿ ਨਹੀਂ? ਬੂੰਗੇ ਦਾ ਬੱਚਾ! ਖਬਰਦਾਰ ਜੇ ਮੁੜ ਕੇ ਇਹਦਾ ਨਾਂ ਲਿਆ ਤੇ!”
ਉਮਾ ਦੇਵੀ ਪਾਸੋਂ ਮੁੰਡੇ ਦੀ ਹਾਲਤ ਦੇਖੀ ਨਾ ਗਈ। ਉਹ ਗਿੜਗਿੜਾ ਕੇ ਬੋਲੀ, “ਰਹਿਣ ਦਿਓ ਸੂ ਝਟ ਪਲ, ਕਿਉਂ ਮੁੰਡੇ ਦਾ ਦਿਲ ਤੋੜਦੇ ਓ।”
ਪਰ ਦੀਨਾ ਨਾਥ ਦੇ ਦਿਲ ‘ਤੇ ਕੋਈ ਅਸਰ ਨਾ ਹੋਇਆ। ਉਹ ਬੱਚੇ ਦੀ ਸਿਹਤ ਬਦਲੇ ਸਭ ਕੁਝ ਸਹਿਣ ਨੂੰ ਤਿਆਰ ਸੀ। ਘੁਰਕ ਕੇ ਉਸ ਨੂੰ ਕਹਿਣ ਲੱਗਾ, “ਤੂੰਹੀਓ ਤੇ ਬਹੁਤਾ ਇਸ ਨੂੰ ਸਿਰੇ ਚੜ੍ਹਾ ਛੱਡਿਆ ਏ। ਤੂੰ ਮੁੰਡੇ ਨੂੰ ਜ਼ਰੂਰ ਬੀਮਾਰ ਕਰ ਕੇ ਰਹਿਣਾ ਏ! ਤੈਨੂੰ ਇਕ ਵਾਰੀ ਜੂ ਸਮਝਾਇਆ ਏ, ਬਿੱਲੀਆਂ-ਕੁੱਤੇ ਨਿਰਾ ਬੀਮਾਰੀ ਦਾ ਘਰ ਹੁੰਦੇ ਨੇ।” ਫਿਰ ਨੌਕਰ ਵੱਲ ਤੱਕ ਕੇ ਕਹਿਣ ਲੱਗਾ, “ਲੈ ਜਾ ਉਏ ਮੁੰਡਿਆ, ਛੱਡ ਆ ਇਸ ਨੂੰ, ਛੇਤੀ ਜਾਹ।”
ਜਗਦੀਸ਼ ਨੂੰ ਜੇ ਹੋਰ ਕਿਸੇ ਕਾਰਨ ਧੱਫਾ ਪੈਂਦਾ ਤਾਂ ਉਹ ਛੱਤ ਸਿਰ ‘ਤੇ ਚੁੱਕ ਲੈਂਦਾ, ਪਰ ਇਸ ਵੇਲੇ ਉਹ ਕੁਸਕਿਆਂ ਤੱਕ ਨਾਂ। ਸਗੋਂ ਅਜਿਹੀ ਨਜ਼ਰ ਨਾਲ ਪਿਉ ਵੱਲ ਤੱਕਣ ਲੱਗਾ, ਮਾਨੋ ਉਸ ਨੇ ਕੋਈ ਬੜਾ ਭਾਰੀ ਕਸੂਰ ਕੀਤਾ ਹੈ। ਉਸ ਨੇ ਆਪਣੇ ਪਿਆਰੇ ਬਲੂੰਗੜੇ ਲਈ ਸ਼ਹਿਰ ਨਿਕਾਲੇ ਦਾ ਹੁਕਮ ਸੁਣਿਆ ਤੇ ਕਲੇਜਾ ਮਸੋਸ ਕੇ ਰਹਿ ਗਿਆ। ਬਲੂੰਗੜੇ ਨੂੰ ਉਸ ਨੇ ਇਕ ਵਾਰੀ ਨਜ਼ਰ ਭਰ ਕੇ ਵੇਖਣਾ ਚਾਹਿਆ, ਪਰ ਸਿਰ ‘ਤੇ ਪਿਉ ਨੂੰ ਖੜ੍ਹਾ ਵੇਖ ਕੇ ਅੱਖਾਂ ਨਾ ਚੁੱਕ ਸਕਿਆ। ਅਖੀਰ ਜਦ ਸਾਰਾ ਤਾਣ ਲਾ ਕੇ ਉਸ ਨੇ ਨਜ਼ਰ ਫੇਰੀ ਵੀ, ਤਾਂ ਉਸ ਦਾ ਬਲੂੰਗੜਾ ਉਥੇ ਨਹੀਂ ਸੀ। ਉਸ ਦੇ ਪੁੰਨੂ ਨੂੰ ਹੋਤਾ ਨੇ ਦੂਰ ਪਹੁੰਚਾ ਦਿੱਤਾ ਸੀ।
ਸਾਰਾ ਦਿਨ ਜਗਦੀਸ਼ ਉਦਾਸ ਰਿਹਾ। ਘੜੀ ਮੁੜੀ ਕਿਸੇ ਬਹਾਨੇ ਗਲੀ ਦਾ ਮੋੜ ਭਉਂ ਕੇ ਬਾਜ਼ਾਰ ਦੇ ਸਿਰੇ ਤੀਕ ਜਾਂਦਾ ਤੇ ਜਿਥੇ ਤਕ ਨਜ਼ਰ ਜਾਂਦੀ, ਬਾਜ਼ਾਰ ਦੇ ਦੁਹਾਂ ਸਿਰਿਆਂ ਨੂੰ ਵੇਖਦਾ। ਪਰ ਹਰ ਵਾਰੀ ਉਸ ਨੂੰ ਨਿਰਾਸ਼ ਹੀ ਮੁੜਨਾ ਪੈਂਦਾ।
ਜਗਦੀਸ਼ ਨੂੰ ਪੱਕਾ ਵਿਸ਼ਵਾਸ ਸੀ ਕਿ ਰਾਤ ਨੂੰ ਉਸ ਦਾ ਬਲੂੰਗੜਾ ਕੱਲ੍ਹ ਵਾਂਗ ਆ ਨਿਕਲੇਗਾ। ਕੱਲ੍ਹ ਦੀ ਬਾਬਤ ਉਸ ਨੂੰ ਘੜੀ ਮੁੜੀ ਅਫਸੋਸ ਹੁੰਦਾ ਕਿ ਉਹ ਕਿਉਂ ਨਾ ਜਾਗਦਾ ਰਿਹਾ, ਤਾਂ ਜੁ ਜਿੰਨਾ ਚਿਰ ਬਲੂੰਗੜਾ ਉਸ ਦੇ ਨਾਲ ਰਿਹਾ ਸੀ, ਉਹ ਰੱਜ ਕੇ ਉਸ ਨੂੰ ਪਿਆਰ ਤਾਂ ਕਰ ਲੈਂਦਾ। ਅਖੀਰ ਫੈਸਲਾ ਕਰ ਲਿਆ ਕਿ ਅੱਜ ਸਾਰੀ ਰਾਤ ਨਹੀਂ ਸਵਾਂਗਾ।
ਜ਼ਰਾ ਕੁ ਅੱਖ ਲੱਗਣ ਲੱਗਦੀ ਤਾਂ ਉਹ ਝਟ ਪਟ ਸੁਚੇਤ ਹੋ ਜਾਂਦਾ ਤੇ ਮੁੜ ਮੁੜ ਬਿਸਤਰੇ ਦੇ ਸੱਜੇ ਖੱਬੇ ਹਥ ਮਾਰਦਾ ਤੇ ਕਦੇ ਕਮਰੇ ਵਿਚ ਨਜ਼ਰ ਦੁੜਾਂਦਾ। ਸੁਤਿਆਂ ਕਿਸੇ ਵੇਲੇ ਉਸ ਦੇ ਕੰਨਾਂ ਨੂੰ ‘ਮਿਆਉਂ’ ਦਾ ਭਰਮ ਜਿਹਾ ਪੈਂਦਾ ਤੇ ਉਹ ਝਟ ਉਠ ਕੇ ਬੈਠ ਜਾਂਦਾ। ਜਦ ਉਸ ਨੂੰ ਸਮਝ ਆਉਂਦੀ ਕਿ ਇਹ ਤਾਂ ਕੋਈ ਟਿੱਡੀ ਟੀਂ ਟੀਂ ਕਰ ਰਹੀ ਹੈ, ਜਾਂ ਉਸ ਦੇ ਸੁਤੇ ਹੋਏ ਬਾਬੂ ਜੀ ਦੇ ਸਾਹ ਲੈਣ ਦੀ ਆਵਾਜ਼ ਹੈ। ਉਸ ਦੀ ਇਹ ਰਾਤ ਬੜੀ ਬੇਆਰਾਮੀ ਨਾਲ ਬੀਤੀ।
(4)
ਵੱਡੇ ਵੇਲੇ ਜਗਦੀਸ਼ ਨਾ ਜਾਗਿਆ ਤੇ ਉਮਾ ਦੇਵੀ ਨੇ ਜਦ ਉਸ ਨੂੰ ਜਗਾਇਆ ਤਾਂ ਪਤਾ ਲੱਗਾ ਕਿ ਜਗਦੀਸ਼ ਨੂੰ ਪੰਜ ਭੱਠ ਬੁਖਾਰ ਚੜ੍ਹਿਆ ਹੋਇਆ ਹੈ।
ਬਾਬੂ ਦੀਨਾ ਨਾਥ ਅੱਜ ਦਫਤਰ ਵਿਚ ਬੇਚੈਨ ਜਿਹਾ ਰਿਹਾ। ਉਸ ਨੂੰ ਮੁੜ ਮੁੜ ਕੇ ਇਹੋ ਖਿਆਲ ਆਉਂਦਾ ਕਿ ਮੁੰਡੇ ਨੂੰ ਭਾਵੇਂ ਬਲੂੰਗੜੇ ਨੇ ਹੀ ਬੀਮਾਰ ਕਰ ਦਿੱਤਾ ਹੋਵੇ। ਉਮਾ ਦੇਵੀ ਉਤੇ ਉਸ ਨੂੰ ਘੜੀ ਮੁੜੀ ਗੁੱਸਾ ਆਉਂਦਾ। ਉਹ ਦਿਲ ਵਿਚ ਕਹਿੰਦਾ, ਇਸ ਨੂੰ ਹਜ਼ਾਰ ਵੇਰ੍ਹਾਂ ਸਮਝਾ ਚੁਕਾ ਸਾਂ ਕਿ ਬਿੱਲੀਆਂ ਦੇ ਨੱਕ ਮੂੰਹ ਦੀ ਗੰਦੀ ਹਵਾ ਬੜੀ ਖਤਰਨਾਕ ਹੁੰਦੀ ਹੈ, ਮੁੰਡੇ ਨੂੰ ਇਨ੍ਹਾਂ ਨਾਲ ਨਾ ਖੇਡਣ ਦਿਆ ਕਰੇ, ਪਰ ਇਸ ਬੇ-ਸਮਝ ਤੀਵੀਂ ਨੇ ਇਕ ਨਾ ਸੁਣੀ। ਨਾ ਜਾਣੀਏਂ ਬਲੂੰਗੜੇ ਦਾ ਕੋਈ ਵਾਲ ਮੁੰਡੇ ਦੇ ਅੰਦਰ ਚਲਾ ਗਿਆ ਹੋਵੇ, ਮੂੰਹ ਨਾਲ ਮੂੰਹ ਲਾਈ ਤਾਂ ਮੈਂ ਉਸ ਨੂੰ ਆਪ ਵੇਖਿਆ ਸੀ।
ਬਾਬੂ ਦੀਨਾ ਨਾਥ ਅੱਜ ਵਕਤ ਤੋਂ ਪਹਿਲਾਂ ਹੀ ਦਫਤਰੋਂ ਆ ਗਿਆ। ਜਗਦੀਸ਼ ਬੁਖਾਰ ਨਾਲ ਬੇਸੁਰਤ ਪਿਆ ਸੀ। ਦੀਨਾ ਨਾਥ ਘੜੀ ਮੁੜੀ ਉਮਾ ਦੇਵੀ ਨੂੰ ਛਿੱਥਾ ਪਾਉਂਦਾ ਤੇ ਉਹ ਵਿਚਾਰੀ ਸਿਰ ਨੀਵਾਂ ਪਾ ਲੈਂਦੀ।
ਬੁਖਾਰ ਦਿਨੋ-ਦਿਨ ਭਿਆਨਕ ਸ਼ਕਲ ਫੜਦਾ ਗਿਆ। ਅਖੀਰ ਦੀਨਾ ਨਾਥ ਨੂੰ ਦਫਤਰੋਂ ਕੁਝ ਦਿਨਾਂ ਦੀ ਛੁੱਟੀ ਲੈਣੀ ਪਈ।
(5)
ਸਿਆਲ ਦੀਆਂ ਲੰਮੀਆਂ ਰਾਤਾਂ ਅੱਖਾਂ ਵਿਚ ਤੇ ਦਿਨ ਨੱਠੋ-ਭੱਜੀ ਵਿਚ ਬਿਤਾਇਆਂ ਪੂਰੇ ਤਿੰਨ ਹਫਤੇ ਹੋ ਗਏ, ਪਰ ਜਗਦੀਸ਼ ਨੇ ਮੰਜੇ ਦੀ ਸਾਂਝ ਨਾ ਛੱਡੀ। ਉਮਾ ਦੇਵੀ ਜਦ ਉਸ ਨੂੰ ਵੇਖਦੀ ਤਾਂ ਉਸ ਦਾ ਦਿਲ ਰੋ ਉਠਦਾ, ਜਗਦੀਸ਼ ਵਿਚ ਹੁਣ ਬੋਲਣ ਚਾਲਣ ਦੀ ਵੀ ਸਮਰੱਥਾ ਨਹੀਂ ਸੀ। ਉਸ ਦੇ ਮਘਦੇ ਬੁਲ੍ਹਾਂ ਨਾਲ ਬੁਲ੍ਹ ਜੋੜੀ ਉਮਾ ਦੇਵੀ ਕਿੰਨਾ ਚਿਰ ਅੱਥਰੂਆਂ ਨਾਲ ਉਸ ਦਾ ਮੂੰਹ ਧੋਂਦੀ ਰਹਿੰਦੀ ਤੇ ਅੱਥਰੂ ਜਗਦੀਸ਼ ਦੇ ਬੁਲ੍ਹਾਂ ‘ਚੋਂ ਆ ਰਹੇ ਸੇਕ ਨਾਲ ਗਰਮ ਹੋ ਜਾਂਦੇ।
ਦੀਨ ਨਾਥ ਤਾਂ ਮਾਨੋ ਪਾਗਲ ਹੀ ਹੋਇਆ ਫਿਰਦਾ ਸੀ। ਉਸ ਨੂੰ ਕੁਝ ਪਤਾ ਨਹੀਂ ਸੀ ਲਗਦਾ ਕਿ ਏਨੀ ਛੇਤੀ ਇਹ ਕੀ ਭਾਣਾ ਵਰਤ ਗਿਆ ਹੈ। ਉਸ ਨੂੰ ਸਹੇ ਛੱਡ ਪਹੇ ਦੀ ਪੈ ਗਈ ਸੀ। ਜਗਦੀਸ਼ ਦੇ ਨਾਲ ਹੀ ਉਮਾ ਦੇਵੀ ਦੀ ਜਾਨ ਵੀ, ਉਸ ਨੂੰ ਖਤਰੇ ਵਿਚ ਦਿਸ ਰਹੀ ਸੀ, ਜਿਸ ਨੇ ਕਈਆਂ ਦਿਨਾਂ ਤੋਂ ਅੰਨ ਦਾ ਭੋਰਾ ਨਹੀਂ ਸੀ ਛੋਹਿਆ। ਦੀਨਾ ਨਾਥ ਦੀ ਫੁਲਵਾੜੀ ਫੁੱਲਾਂ ਸਣੇ ਮੁਰਝਾ ਰਹੀ ਸੀ।
(6)
ਦੋਹਾਂ ਪਤੀ-ਪਤਨੀ ਲਈ ਅੱਜ ਰਾਤ ਖਾਸ ਤੌਰ ‘ਤੇ ਡਾਢੀ ਮੁਸੀਬਤ ਦੀ ਸੀ, ਜਦ ਕਿ ਸ਼ਾਮ ਨੂੰ ਡਾਕਟਰ ਜਾਂਦਾ ਹੋਇਆ ਉਨ੍ਹਾਂ ਨੂੰ ਕਹਿ ਗਿਆ ਸੀ ਕਿ ਅੱਜ ਮੁੰਡੇ ਦਾ ਖਾਸ ਖਿਆਲ ਰੱਖਣਾ, ਜੇ ਰਾਤ ਸੁੱਖ ਸਾਂਦ ਦੀ ਲੰਘ ਗਈ ਤਾਂ ਵੱਡੇ ਵੇਲੇ ਸਵੇਰੇ ਹੀ ਮੈਨੂੰ ਖਬਰ ਕਰਨੀ।
ਦੋਹਾਂ ਨੇ ਬੈਠਿਆਂ ਤਿੰਨ ਪਹਿਰ ਬਿਤਾ ਦਿੱਤੇ। ਦੀਨਾ ਨਾਥ ਬਥੇਰੀ ਕੋਸ਼ਿਸ਼ ਕਰਦਾ ਕਿ ਜਗਦੀਸ਼ ਨੂੰ ਲੈ ਲਵੇ, ਪਰ ਉਮਾ ਦੇਵੀ ਇਕ ਮਿੰਟ ਲਈ ਵੀ ਉਸ ਨੂੰ ਆਪਣੀ ਗੋਦ ਤੋਂ ਵੱਖ ਨਹੀਂ ਸੀ ਕਰਨਾ ਚਾਹੁੰਦੀ। ਉਹ ਬਰਾਬਰ ਉਸ ਦੇ ਚਿਹਰੇ ‘ਤੇ ਨਜ਼ਰ ਟਿਕਾਈ ਬੈਠੀ ਰਹੀ ਅਤੇ ਇਸੇ ਬੈਠਕ ਵਿਚ ਉਸ ਨੇ ਰਾਤ ਤੋਂ ਪ੍ਰਭਾਤ ਕਰ ਦਿੱਤੀ। ਜਗਦੀਸ਼ ਨੂੰ ਅੱਖ ਪੁੱਟਿਆਂ ਚੌਵੀ ਘੰਟੇ ਹੋ ਗਏ ਸਨ।
ਜਦ ਇਸੇ ਤਰ੍ਹਾਂ ਬੈਠਿਆਂ ਉਸ ਦਾ ਲੱਕ ਆਕੜ ਗਿਆ ਤੇ ਲੱਤਾਂ ਸਉਂ ਗਈਆਂ ਤਾਂ ਉਮਾ ਦੇਵੀ ਨੇ ਪਤੀ ਵਲ ਤਕਿਆ, ਪਰ ਉਹ ਸੁੱਤਾ ਸੀ।
ਉਸ ਨੇ ਜਗਦੀਸ਼ ਨੂੰ ਮੰਜੇ ‘ਤੇ ਪਾ ਦਿੱਤਾ ਤੇ ਆਪ ਉਠ ਕੇ ਖੜ੍ਹੀ ਹੋ ਗਈ। ਇਸੇ ਵੇਲੇ ਉਸ ਦੇ ਕੰਨਾਂ ਵਿਚ ਖਟ ਖਟ ਦੀ ਆਵਾਜ਼ ਪਈ, ਪਰ ਉਸ ਦਾ ਸਾਰਾ ਧਿਆਨ ਤਾਂ ਜਗਦੀਸ਼ ਵਲ ਸੀ। ਜਗਦੀਸ਼ ਦੀਆਂ ਅੱਖਾਂ ਅੱਜ ਉਂਜ ਹੀ ਡਰਾਉਂਣੀਆਂ ਜਿਹੀਆਂ ਜਾਪਦੀਆਂ ਸਨ। ਇਸ ਕਰਕੇ ਉਹ ਬਰਾਬਰ ਇਨ੍ਹਾਂ ਵਲ ਤੱਕ ਰਹੀ ਸੀ ਤੇ ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਭੈੜੇ ਖਿਆਲ ਉਸ ਦੇ ਦਿਲ ਨੂੰ ਤੜਫਾ ਰਹੇ ਸਨ।
ਖਲਿਆਂ ਖਲਿਆਂ ਉਸ ਦਾ ਧਿਆਨ ਹੋਰ ਵਧੇਰੇ ਜਗਦੀਸ਼ ਵਲ ਖਿੱਚਿਆ ਗਿਆ। ਜਦ ਉਸ ਨੇ ਦੇਖਿਆ ਕਿ ਉਹ ਬੜੀ ਕੋਸ਼ਿਸ਼ ਨਾਲ ਅੱਖਾਂ ਖੋਲ੍ਹਣ ਦਾ ਯਤਨ ਕਰ ਰਿਹਾ ਹੈ ਤੇ ਉਸ ਦੇ ਬੁਲ੍ਹ ਵੀ ਕੁਝ ਫਰਕ ਰਹੇ ਸਨ।
ਝਟ ਪਟ ਮੰਜੇ ‘ਤੇ ਬੈਠ ਕੇ ਉਸ ਨੇ ਜਗਦੀਸ਼ ਨੂੰ ਗੋਦ ਵਿਚ ਲੈ ਲਿਆ। ਇਸ ਵੇਲੇ ਫੇਰ ਉਸ ਨੂੰ ਬਾਹਰੋਂ ਆਵਾਜ਼ ਆਈ, ਜਿਸ ਤਰ੍ਹਾਂ ਕੋਈ ਬੂਹੇ ਨੂੰ ਖਰੋਚ ਰਿਹਾ ਹੈ। ਉਸ ਨੇ ਫਿਰ ਵੀ ਉਸ ਪਾਸੇ ਧਿਆਨ ਨਾ ਦਿੱਤਾ, ਕਿਉਂਕਿ ਜਗਦੀਸ਼ ਇਸ ਵੇਲੇ ਅੱਧ ਖੁਲ੍ਹੀਆਂ ਅੱਖਾਂ ਨਾਲ ਮਾਂ ਵੱਲ ਤਕ ਰਿਹਾ ਸੀ। ਨਾਲ ਹੀ ਬੁਲ੍ਹਾਂ ਵਿਚ ਕੁਝ ਕਹਿ ਰਿਹਾ ਸੀ, ਜੋ ਉਮਾ ਦੇਵੀ ਸਮਝਣ ਦਾ ਯਤਨ ਕਰ ਰਹੀ ਸੀ।
ਜਗਦੀਸ਼ ਨੂੰ ਕਈ ਦਿਨਾਂ ਬਾਅਦ ਅੱਜ ਅਚਾਨਕ ਇਸ ਤਰ੍ਹਾਂ ਦੀ ਹਰਕਤ ਕਰਦਾ ਵੇਖ ਉਮਾ ਦੇਵੀ ਦੇ ਅੰਦਰ ਇਕ ਖੁਸ਼ੀ ਦੀ ਲਹਿਰ ਦੌੜ ਗਈ। ਪਰ ਝਟ ਹੀ ਇਕ ਹੋਰ ਡਰਾਉਣੇ ਖਿਆਲ ਨੇ ਆ ਕੇ ਉਸ ਦਾ ਗਲਾ ਘੁੱਟ ਲਿਆ ਕਿ ਅੰਤਿਮ ਘੜੀਆਂ ‘ਤੇ ਰੋਗੀ ਅਕਸਰ ਅਜਿਹੀਆਂ ਹਰਕਤਾਂ ਕਰਿਆ ਕਰਦੇ ਹਨ ਤੇ ਕੁਝ ਚੇਤੰਨ ਵੀ ਹੋ ਜਾਇਆ ਕਰਦੇ ਹਨ।
ਉਸ ਨੇ ਜਗਦੀਸ਼ ਦੇ ਮੱਥੇ ‘ਤੇ ਹੱਥ ਫੇਰਦਿਆਂ ਸਹਿਮ ਭਰੀ ਆਵਾਜ਼ ਵਿਚ ਕਿਹਾ, “ਜਗਦੀਸ਼! ਕਿਉਂ ਕਾਕਾ? ਕੀ ਕਿਹਾ ਈ? ਉਚੀ ਬੋਲ ਕੇ…।”
ਉਸ ਦਾ ਵਾਕ ਅਜੇ ਖਤਮ ਵੀ ਨਹੀਂ ਸੀ ਹੋਇਆ ਕਿ ਬਾਹਰੋਂ ਬੜੀ ਧੀਮੀ ਜਿਹੀ ਆਵਾਜ਼ ਆਈ, “ਮਿਆਊਂ”, ਤੇ ਨਾਲ ਹੀ ਇਸ ਨਾਲੋਂ ਵੀ ਧੀਮੀ ਆਵਾਜ਼ ਵਿਚ ਜਗਦੀਸ਼ ਦੇ ਮੂੰਹੋਂ ਨਿਕਲਿਆਂ, “ਬੀਬੀ ਬਲੂੰਗੜਾ।” ਤੇ ਹੱਥ ਦਾ ਇਸ਼ਾਰਾ ਉਸ ਨੇ ਬੂਹੇ ਵੱਲ ਕੀਤਾ।
ਜਿਸ ਤਰ੍ਹਾਂ ਕੋਈ ਸੁੱਤਾ ਤ੍ਰਭਕ ਉਠਦਾ ਹੈ, ਇਸ ਤਰ੍ਹਾਂ ਉਮਾ ਦੇਵੀ ਨੂੰ ਇਕ ਭੁਲੀ ਹੋਈ ਯਾਦ ਆ ਗਈ ਤੇ ਉਹ ਬਿਨਾ ਇਕ ਪਲ ਠਹਿਰਨ ਦੇ ਬੂਹੇ ਵਲ ਨੱਸੀ। ਉਸ ਨੇ ਬੂਹਾ ਖੋਲ੍ਹਿਆ। ਇਕ ਮਰੀਅਲ ਜਿਹਾ ਬਲੂੰਗੜਾ ਜਿਸ ਦਾ ਸਰੀਰ ਕੇਵਲ ਹੱਡੀਆਂ ਤੇ ਖੱਲੜੀ ਮਾਤਰ ਹੀ ਸੀ, ਅਗਲੇ ਪੰਜਿਆਂ ਨਾਲ ਬੂਹੇ ਨੂੰ ਖਰੋਚ ਰਿਹਾ ਸੀ ਤੇ ਬੂਹਾ ਖੁਲ੍ਹਦਿਆਂ ਹੀ ਦਹਿਲੀਜ਼ ਟੱਪਣ ਲਈ ਜ਼ੋਰ ਲਾਉਣ ਲੱਗਾ।
ਇਧਰ ਬਲੂੰਗੜਾ ਦਹਿਲੀਜ਼ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਧਰ ਜਗਦੀਸ਼ ਉਠਣ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਿਹਾ ਸੀ, ਪਰ ਦੋਹਾਂ ਨੂੰ ਹੋਰ ਖੇਚਲ ਕਰਨ ਦੀ ਲੋੜ ਨਾ ਪਈ। ਦੂਜੇ ਪਲ ਹੀ ਉਮਾ ਦੇਵੀ ਨੇ ਚਿੱਕੜ ਮਿੱਟੀ ਨਾਲ ਲਿਬੜਿਆ ਬਲੂੰਗੜਾ ਲਿਆ ਕੇ ਜਗਦੀਸ਼ ਦੀ ਛਾਤੀ ‘ਤੇ ਰੱਖ ਦਿੱਤਾ।
ਜਗਦੀਸ਼ ਦੇ ਚਿਹਰੇ ‘ਤੇ ਇਕ ਅਨੋਖੀ ਮੁਸਕਰਾਹਟ ਆਈ ਤੇ ਉਹ ਕਾਹਲੇ ਸਾਹ ਲੈਂਦਾ ਉਮਾ ਦੇਵੀ ਵਲ ਤੱਕ ਕੇ ਬੋਲਿਆ, “ਬੀਬੀ ਬੂੰਗਾ, ਮੇਆ ਬੂੰਗਾ!”
ਦੀਨਾ ਨਾਥ ਦੀ ਵੀ ਅੱਖ ਖੁੱਲ੍ਹ ਗਈ ਸੀ ਤੇ ਉਹ ਇਕ ਸੁਨਹਿਰੀ ਸੁਪਨੇ ਵਾਂਗ ਇਹ ਸਭ ਕੁਝ ਵੇਖ ਰਿਹਾ ਸੀ। ਉਮਾ ਦੇਵੀ ਤਾਂ ਖੁਸ਼ੀ ਨਾਲ ਦਿਲ ਛਾਤੀਓਂ ਬਾਹਰ ਨਿਕਲ ਨਿਕਲ ਪੈਂਦਾ ਸੀ। ਉਸ ਨੇ ਪਤੀ ਵਲ ਇਕ ਭੇਤਭਰੀ ਨਜ਼ਰ ਨਾਲ ਤੱਕਿਆ ਤੇ ਦੀਨਾ ਨਾਥ ਨੇ ਖੁਸ਼ੀ ਭਰੀ ਸ਼ਰਮਿੰਦਗੀ ਨਾਲ ਸਿਰ ਨੀਵਾਂ ਪਾ ਲਿਆ।
ਬਲੂੰਗੜਾ ਕੀ ਆਇਆ, ਜਗਦੀਸ਼ ਲਈ ਧਨੰਤਰ ਵੈਦ ਆ ਗਿਆ। ਅੱਧੇ ਘੰਟੇ ਦੇ ਅੰਦਰ ਅੰਦਰ ਉਹ ਚੰਗੀ ਤਰ੍ਹਾਂ ਹਿਲਣ ਜੁਲਣ ਜੋਗਾ ਹੋ ਗਿਆ। ਇਸ ਵੇਲੇ ਬਲੂੰਗੜਾ ਉਸ ਦੀ ਛਾਤੀ ਨਾਲ ਸੀ ਤੇ ਮੂੰਹ ਉਸ ਦੇ ਮੂੰਹ ਨਾਲ। ਦੀਨਾ ਨਾਥ ਹੈਰਾਨ ਹੋਇਆ ਇਹ ਕੌਤਕ ਵੇਖ ਰਿਹਾ ਸੀ। ਬਲੂੰਗੜੇ ਨੂੰ ਜਗਦੀਸ਼ ਪਾਸੋਂ ਖੋਹਣਾ ਅੱਗੇ ਨਾਲੋਂ ਬਹੁਤ ਸੁਖਾਲਾ ਕੰਮ ਸੀ, ਜਦ ਕਿ ਨਾ ਤਾਂ ਜਗਦੀਸ਼ ਵਿਚ ਹੀ ਅੜੀ ਕਰਨ ਦੀ ਤਾਕਤ ਸੀ ਅਤੇ ਨਾ ਹੀ ਬਲੂੰਗੜਾ ਨਹੁੰਦਰਾਂ ਮਾਰਨ ਜੋਗਾ ਸੀ, ਪਰ ਦੀਨਾ ਨਾਥ ਵਿਚ ਏਨੀ ਤਾਕਤ ਕਿਥੇ ਸੀ, ਜੁ ਇਨ੍ਹਾਂ ਦੋਹਾਂ ਚਿਰੀ ਵਿਛੁੰਨੀਆਂ ਰੂਹਾਂ ਨੂੰ ਨਿਖੇੜ ਸਕਦਾ!
ਰੋਜ਼ ਦੇ ਨੇਮ ਅਨੁਸਾਰ ਉਸ ਨੇ ਜਗਦੀਸ਼ ਨੂੰ ਜਦ ਥਰਮਾਮੀਟਰ ਲਾ ਕੇ ਵੇਖਿਆ ਤਾਂ ਬੁਖਾਰ ਜੋ ਰਾਤੀਂ 104 ਤੋਂ ਵੀ ਵੱਧ ਸੀ, ਇਸ ਵੇਲੇ ਨਾਰਮਲ ਡਿਗਰੀ ‘ਤੇ ਪੁੱਜਾ ਹੋਇਆ ਸੀ।
ਨੌਕਰ ਆਇਆ ਤੇ ਕਹਿਣ ਲੱਗਾ, “ਬਾਊ ਜੀ! ਡਾਕਟਰ ਵੱਲ ਜਾਵਾਂ? ਕੀ ਕਹਾਂ ਉਸ ਨੂੰ?”
ਦੀਨਾ ਨਾਥ ਦੇ ਉਤਰ ਦੇਣ ਤੋਂ ਪਹਿਲਾਂ ਹੀ ਉਮਾ ਦੇਵੀ ਮੁਸਕਰਾਉਂਦੀ ਨੌਕਰ ਨੂੰ ਕਹਿਣ ਲੱਗੀ, “ਨਹੀਂ, ਹੁਣ ਡਾਕਟਰ ਵੱਲ ਜਾਣ ਦੀ ਲੋੜ ਨਹੀਂ, ਸਾਡੇ ਘਰ ‘ਵੱਡਾ ਡਾਕਟਰ’ ਆ ਗਿਆ ਹੈ।”