ਤਨਦੀਪ ਤਮੰਨਾ
(ਆਰਸੀ ਰਾਈਟਰਜ਼ ਕਲੱਬ ਇੰਟਰ. ਸਰੀ, ਕੈਨੇਡਾ)
ਇਕ ਦਿਨ ਤੁਸੀਂ ਅੱਖਾਂ ਤੋਂ ਰੰਗਦਾਰ ਚਸ਼ਮਾ ਲਾਹ ਕੇ ਖਿੜਕੀ ‘ਤੇ ਲਟਕਦਾ ਪਰਦਾ ਹਟਾਉਂਦੇ ਹੋ, ਉਹ ਵੀ ਅਚਾਨਕ। ਸ਼ੀਸ਼ਾ ਖੋਲ੍ਹ ਕੇ ਆਲਾ-ਦੁਆਲਾ ਵੇਖਦੇ ਹੈਰਾਨ ਰਹਿ ਜਾਂਦੇ ਹੋ। ਆਸ-ਪਾਸ ਭਰਪੂਰ ਘਣਾ ਸਾਵਾ ਜੰਗਲ ਹੈ। ਅਜੇ ਕੰਨਾਂ ਤੋਂ ਸ਼ੁਰੂ ਹੋ ਕੇ ਰੂਹ ‘ਚ ਘੁਲਦੇ ਜੰਗਲ ਦੇ ਵੰਨ-ਸੁਵੰਨੇ ਨਾਦ ਦੀ ਤਾਰੀਫ ਹੀ ਕਰਨ ਲੱਗਦੇ ਹੋ ਕਿ ਇਸ ਦੀਆਂ ਸ਼ਾਖਾਵਾਂ ਘਰ, ਸਮਾਜ, ਸਿਆਸਤ, ਸਾਹਿਤ, ਧਾਰਮਕ ਸਥਾਨਾਂ, ਸਮਾਜ ਸੇਵੀ ਜਥੇਬੰਦੀਆਂ ਤੇ ਵਪਾਰਕ ਗਠਬੰਧਨਾਂ ਤਕ ਫੈਲ ਜਾਂਦੀਆਂ ਹਨ। ਅੰਤ ਤੁਸੀਂ ਅੰਤਰ-ਧਿਆਨ ਹੁੰਦੇ ਹੋ, ਜੰਗਲ ਦੇ ਸਾਰੇ ਕਿਰਦਾਰ ਤੁਹਾਡੇ ਆਪਣੇ ਹੀ ਅੰਦਰੋਂ ਨਜ਼ਰ ਆਉਣ ਲੱਗਦੇ ਹਨ, ਬਾਹਰ ਤਾਂ ਜੰਗਲ ਕਿਧਰੇ ਵੀ ਨਹੀਂ ਹੁੰਦਾ। ਤੁਸੀਂ ਪੁੱਛੋਗੇ, ਤਨਦੀਪ! ਬੁਝਾਰਤਾਂ ਕਿਉਂ ਪਾਈ ਜਾਂਦੇ ਹੋ, ਸਿੱਧੀ-ਸਾਦੀ ਗੱਲ ਕਰੋ ਨਾ?
ਨਿਊ ਯਾਰਕ (ਅਮਰੀਕਾ) ਵਸਦੇ ਅਜ਼ੀਮ ਲੇਖਕ ਸੁਰਿੰਦਰ ਸੋਹਲ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਾਵਲ ‘ਸਿੰਘਾਸਣ’ ਪਹਿਲਾ ਪੰਨਾ ਪਰਤਦਿਆਂ ਇਸੇ ਜੰਗਲ ਵਾਂਗ ਹੀ ਖੁੱਲ੍ਹਦਾ ਤੇ ਚੁਫੇਰੇ ਫੈਲ ਜਾਂਦਾ ਹੈ। ਰੰਗ-ਬਿਰੰਗੇ ਰੌਚਕ ਕਿਰਦਾਰ ਤੁਹਾਨੂੰ ਹਰ ਦਿਸ਼ਾ ਤੋਂ ਵਲ ਲੈਂਦੇ ਹਨ। ਮਹਿਜ਼ 120 ਸਫਿਆਂ ਦਾ ਨਾਵਲ? ਤੁਸੀਂ ਹੋਰ ਵੀ ਹੈਰਾਨ ਹੁੰਦੇ ਹੋ, ਨਾ ਕੋਈ ਬੇਲੋੜਾ ਵਿਸਤਾਰ ਹੈ ਨਾ ਬੇਕਾਰ ਸੰਵਾਦ। ਸੋਹਲ ਨੇ ਨਾਵਲ ਦਾ ਪਲਾਟ ਵਸੀਹ ਹੋਣ ਦੇ ਬਾਵਜੂਦ ਬੜਾ ਕਸਵਾਂ ਰੱਖਿਆ ਹੈ। ਬੜੇ ਸੁਚੱਜੇ ਢੰਗ ਨਾਲ ਇਹ ਨਾਵਲ ਤਿੰਨ ਭਾਗਾਂ ‘ਚ ਵੰਡਿਆ ਗਿਆ ਹੈ। ਪਹਿਲੇ ਭਾਗ ਦੇ ਤੇਰਾਂ ਕਾਂਡ, ਦੂਜੇ ਦੇ ਗਿਆਰਾਂ ਅਤੇ ਤੀਜੇ ਦੇ ਚੌਦਾਂ ਹਨ। ਸੁਰਿੰਦਰ ਸੋਹਲ ਦਾ ਨਾਵਲ-ਕੌਸ਼ਲ, ਲੇਖਣ-ਪ੍ਰਬੀਨਤਾ ਹਰ ਸ਼ਬਦ ‘ਤੇ ਤੁਹਾਨੂੰ ਕੀਲ ਲੈਂਦੇ ਹਨ। ਉਹ ਸਹਿਜੇ ਹੀ ਇਕ ਗੋਤਾ ਰੇਤ ਵਿਚ, ਦੂਜਾ ਸਮੁੰਦਰ ਵਿਚ, ਤੀਜਾ ਜੰਗਲ ਦੀ ਕੁਦਰਤੀ ਨਿਰਮਲ ਪੌਣ ਵਿਚ ਲਵਾ ਕੇ ਤੁਹਾਨੂੰ ਤਰੋ-ਤਾਜ਼ਾ ਕਰ ਦਿੰਦਾ ਹੈ।
ਨਾਵਲ ਦੇ ਅਰੰਭ ‘ਚ ਲੂੰਬੜ ਦਾ ਦਾਖਲਾ ਹੁੰਦਿਆਂ ਹੀ ਸਿਆਸਤ ਦਾ ਬੀਜ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ। ਲੂੰਬੜ, ਜੋ ਸਿਆਸਤ ਦੇ ਚਿੱਕੜ ‘ਚ ਲਿਬੜਿਆ ਹੋਣ ਦੇ ਬਾਵਜੂਦ ਉਤਮ ਸਲਾਹਕਾਰ ਹੈ, ਵੈਦ ਤੇ ਨਜੂਮੀ ਵੀ। ਉਹਨੂੰ ਤਾਂ ਸਕੰਕ ਵਰਗੇ ਮੁਸ਼ਕ ਮਾਰਦੇ ਜਾਨਵਰ ਤੋਂ ਵੀ ਸੂਕ ਨਹੀਂ ਆਉਂਦੀ, ਕਿਉਂਕਿ ਹਰ ਤਰ੍ਹਾਂ ਦੀ ਸਿਆਸਤ ‘ਚ ਸਕੰਕ ਵਾਂਗ ਮੁਸ਼ਕ ਮਾਰਦੇ ਤੇ ਗਿਰਗਿਟ ਵਾਂਗ ਰੰਗ ਬਦਲਦੇ ਕਿਰਦਾਰਾਂ ਦਾ ਬੜਾ ਯੋਗਦਾਨ ਹੁੰਦਾ ਹੈ। ਸਕੰਕ ਦੇ ਗਲੇ ‘ਚ ਚੰਦਨ ਦੀ ਲੱਕੜੀ ਦਾ ਹਾਰ ਅਤੇ ਸਰੀਰ ‘ਤੇ ਰਾਤ ਦੀ ਰਾਣੀ ਦੇ ਫੁੱਲਾਂ ਤੇ ਚੰਦਨ ਦਾ ਲੇਪ-ਪੜ੍ਹਦਿਆਂ ਪਾਠਕ ਹੈਰਾਨ ਹੋ ਜਾਂਦਾ ਹੈ। ਲੂੰਬੜ ਨਾਵਲ ਦੇ ਅਖੀਰ ਤਕ ਸਕੰਕ, ਗਿਰਗਿਟ, ਬਾਜ ਅਤੇ ਬਾਕੀ ਜਾਨਵਰਾਂ ਨੂੰ ਪਲਾਟ ਦੇ ਹਰ ਮੋੜ ‘ਤੇ ਆਉਂਦੇ ਬਦਲਾਓ ਅਨੁਸਾਰ ਵਰਤਦਾ ਹੈ। ਐਸੀ ਪਾਤਰ-ਉਸਾਰੀ ਲੂੰਬੜ ਦੀ ਜ਼ੁਬਾਨ ਨੂੰ ਕੀੜੇ ਪੈਣੀ ਮਿਠਾਸ ਨਾਲ ਭਰ ਦਿੰਦੀ ਹੈ ਪਰ ਕਿਤੇ ਵੀ ਉਸ ਦੀ ਜ਼ੁਬਾਨ ਤਿਲ੍ਹਕਦੀ ਨਹੀਂ ਤੇ ਉਹ ਪੂਰੀ ਕੁਸ਼ਲਤਾ ਨਾਲ ਸਭ ਨੂੰ ਖੁਸ਼ਾਮਦ ਦੀ ਚਾਟ ‘ਤੇ ਲਾਈ ਰੱਖਦਾ ਹੈ। ਉਹ ਸਭ ਨੂੰ ਚੁਆਤੀ ਲਾਉਂਦਾ ਹੈ ਪਰ ਤਰੀਕੇ ਤੇ ਸਲੀਕੇ ਨਾਲ।
ਲਾਲਚੀ ਕੁੱਤਾ, ਬਾਰ੍ਹਾਂਸਿੰਙਾ, ਪਿਆਸਾ ਕਾਂ, ਕੱਛੂਕੁਮਾ ਖਰਗੋਸ਼-ਬਚਪਨ ‘ਚ ਪੜ੍ਹੀਆਂ-ਸੁਣੀਆਂ ਕਹਾਣੀਆਂ ਦੇ ਪਾਤਰ ਸੰਕੇਤਕ ਰੂਪ ‘ਚ ਪੇਸ਼ ਹੁੰਦੇ ਹਨ। ਜੁਗਨੂੰਆਂ ਨੂੰ ਰਾਹ-ਦਸੇਰੇ ਦੇ ਸੰਕੇਤ ‘ਚ ਵਰਤਿਆ ਜਾਣਾ ਬਹੁਤ ਚੰਗਾ ਲੱਗਾ। ਚੌਰਸਤੇ ‘ਚ ਬਣਨ ਵਾਲੀ ਯਾਦਗਾਰ ਲਈ ਬਾਰ੍ਹਾਂਸਿੰਙੇ ਦੇ ਸਿੰਙ, ਕਾਂ ਦਾ ਘੜਾ ਤੇ ਅੰਤ ਜਾਲ ਟੰਗਣ ਦਾ ਫੈਸਲਾ ਬਹੁਤ ਕਮਾਲ ਹੈ।
ਸੋਹਲ ਨੇ ਕਮਾਲ ਦੀ ਕੁਸ਼ਲਤਾ ਨਾਲ ਤਨਜ਼ ਭਰਪੂਰ ਸਥਿਤੀਆਂ ਉਸਾਰੀਆਂ ਹਨ। ਨਾਵਲ ‘ਚ ਕਾਉਣੀ ਦੀ ਰਕਾਬਤ ਕੋਇਲ ਨਾਲ ਹੈ। ਧਿਆਨ ਨਾਲ ਵੇਖਿਆ ਜਾਵੇ ਤਾਂ ਸਮਾਜ ਵਿਚ ਕਾਂਵਾਂ, ਕਾਉਣੀਆਂ ਨੇ ਕੋਇਲਾਂ ਦੀ ਸਥਾਨ-ਪੂਰਤੀ ਕਰ ਦਿੱਤੀ ਹੈ। ਕੋਇਲ ਦੇ ਮਧੁਰ ਸੁਰਾਂ ਦੀ ਪਛਾਣ ਕਿੰਨਿਆਂ ਨੂੰ ਰਹਿ ਗਈ ਹੈ! ਹਰ ਪਾਸੇ ਗਾਉਣ ਦੇ ਨਾਂ ‘ਤੇ ਕਾਂਵਾਂ-ਰੌਲੀ ਹੀ ਤਾਂ ਹੈ। ਜੰਗਲ ਦੇ ਰਾਜੇ ਸ਼ੇਰ ਦਾ ਪ੍ਰਤਿਸਥਾਪਨ ਕਰਾਉਣ ਲਈ ਗਧਾ ਹਿਣਕ-ਹਿਣਕ ਕੇ ਲੂੰਬੜ ਦੀ ਚਾਪਲੂਸੀ ਕਰ ਰਿਹਾ ਹੈ। ਰਿੱਛ ਜੰਗਲ ਦਾ ਕਲਾਕਾਰ ਹੈ। ਕਮਾਲ ਦੀ ਬੀਨ ਵਜਾਉਂਦਾ ਹੈ, ਪਰ ਇਸ ਕੋਮਲ ਕਲਾ ਨੂੰ ਸਿਆਸਤ ਕਿਵੇਂ ਆਪਣੇ ਮੁਫਾਦ ਅਤੇ ਤਬਾਹੀ ਲਈ ਵਰਤਦੀ ਹੈ? ਇਹ ਵਰਤਾਰਾ ਧਿਆਨ ਮੰਗਦਾ ਹੈ। ਢੋਲ ਦੇ ਡਗੇ ਸੰਕੇਤਕ ਹਨ। ਸ਼ਰਬਤ ਦਾ ਜ਼ਿਕਰ ਵੀ ਮਿੱਠੇ ‘ਚ ਸਿਆਸਤ ਘੋਲ ਕੇ ਪਿਲਾਉਣਾ ਹੈ। ਅੰਤ ‘ਚ ਬਾਜ ਫੜਨ ਲਈ ਜਾਲ ਨੂੰ ਅਸਮਾਨ-ਰੰਗਾ ਕਰ ਦੇਣਾ-ਪਾਠਕ ਨੂੰ ਬੰਨ੍ਹ ਕੇ ਰੱਖ ਦਿੰਦਾ ਹੈ। ਵਣ-ਮਾਣਸ ਤੋਂ ਸੱਭਿਅਕ ਬਣਨ ਦੀ ਕਹਾਣੀ ਉਸ ਨੇ ਇਕ ਪੈਰ੍ਹੇ ‘ਚ ਨਿਬੇੜ ਦਿੱਤੀ ਹੈ।
ਸਿਆਣੇ ਕਾਂ ਦੀ ਮੌਤ ‘ਤੇ ਹੋਈ ਸ਼ੋਕ-ਸਭਾ ਅਤਿਅੰਤ ਰੌਚਕ ਹੈ। ਜੰਗਲ ਦਾ ਰਾਜਾ ਸ਼ੇਰ ਹੁੰਦਾ ਹੋਵੇਗਾ, ਪਰ ਨਾਵਲ ਦਾ ਮੁੱਖ ਕਿਰਦਾਰ ਲੂੰਬੜ ਹੈ। ਕਰਨਾ ਕਿਸੇ ਹੋਰ ਨੇ, ਸ਼ੱਕ ਕਿਸੇ ਹੋਰ ‘ਤੇ। ਸੁਨਹਿਰੀ ਸੱਪ ਦੇ ਕਤਲ ਦੀ ਗੱਲ ਕੋਝੀ ਸਿਆਸਤ ਨਾਲ ਰੋਲ ਦਿੱਤੀ ਜਾਂਦੀ ਹੈ। ਬਾਜ ਨੂੰ ਸੰਮੋਹਨ ‘ਚ ਲਿਜਾ ਕੇ ਲੂੰਬੜ ਦੀ ਸਿਆਸਤ ਦਾ ਸਾਰਾ ਸੰਸਾਰ ਦਿਖਾਉਣਾ, ਲੇਖਕ ਦੀ ਸੂਖਮ ਸੋਚ ਦਾ ਲਖਾਇਕ ਹੈ। ਨਾਵਲ ਵਿਚ ਸੁਨਹਿਰੀ, ਲਾਲ ਅਤੇ ਚਿੱਟੇ ਰੰਗਾਂ ਦੀ ਵਰਤੋਂ ਬੜੀ ਮਾਅਨੇ-ਖੇਜ਼ ਹੈ।
ਕੁਝ ਲੋਕ ਸਿਧਾਂਤਾਂ ਲਈ ਸਿਰ-ਧੜ ਦੀ ਬਾਜ਼ੀ ਲਾਉਂਦੇ ਹਨ ਤੇ ਕੁਝ ਆਪਣੇ ਸਿਧਾਂਤ ਤੇ ਮਤਲਬ ਸਿੱਧ ਕਰਨ ਲਈ ਦੂਜਿਆਂ ਨੂੰ ਲੜਾਉਂਦੇ ਹਨ। ਜੰਗਲ ਦਾ ਮਾਹੌਲ, ਜੰਗਲੀ ਜਾਨਵਰਾਂ ਦੇ ਕਿਰਦਾਰ-ਸਭ ਨੂੰ ਜ਼ਿੰਦਗੀ ਨਾਲ ਜੋੜਨਾ, ਏਨੇ ਲੰਬੇ-ਚੌੜੇ ਪਲਾਟ ਨੂੰ ਸੋਹਲ ਨੇ ਬਹੁਤ ਨਿਪੁੰਨਤਾ ਨਾਲ ਕਾਬੂ ‘ਚ ਰੱਖਿਆ ਹੈ। ਸਾਰੀ ਕਹਾਣੀ ਕਿਰਦਾਰਾਂ ਦੁਆਲੇ ਘੁੰਮਦੀ ਹੈ। ਸੋਹਲ ਨੇ ਸਾਰੇ ਸੰਵਾਦ ਬਹੁਤ ਤਰਾਸ਼ ਕੇ ਪੇਸ਼ ਕੀਤੇ ਹਨ। ਸਾਦੀ ਪਰ ਹਾਜ਼ਰ-ਜਵਾਬੀ ਤੇ ਤਨਜ਼ ਨਾਲ ਲਬਰੇਜ਼ ਸੰਕੇਤਕ ਵਾਕ-ਬਣਤਰ ਨਾਵਲ ਦੀ ਸ਼ੁਰੂਆਤ ਤੋਂ ਆਖਰੀ ਸ਼ਬਦ ਤਕ ਪਾਠਕ ਨੂੰ ਕੀਲੀ ਰੱਖਦੀ ਹੈ। ਨਾਵਲ ਦੇ ਕਥਾਨਕ ਦੀ ਘਾੜਤ ਨਵੀਨ, ਮਨੋਰੰਜਕ, ਬਹੁ-ਬਿਰਤਾਂਤਕ ਅਤੇ ਬਹੁ-ਪਰਤੀ ਹੈ, ਜਿਸ ਦੇ ਐਨ ਧੁਰੇ ਵਿਚਕਾਰ ਲੂੰਬੜ ਹੈ ਤੇ ਉਸ ਦੀ ਸਾਜ਼ਿਸ਼। ਕਿਰਦਾਰ ਜੰਗਲੀ ਹੋਣ ਦੇ ਬਾਵਜੂਦ ਬੜੇ ਵਿਕਸਿਤ ਤੇ ਪ੍ਰੌੜ ਹਨ।
ਨਾਵਲ ‘ਚ ਕਿਰਦਾਰਾਂ ਦੀ ਬਹੁਤਾਤ ਹੋਣ ਦੇ ਬਾਵਜੂਦ ਕਹਾਣੀ ‘ਚ ਕੋਈ ਉਲਝਾਓ ਨਹੀਂ ਹੈ। ਜਦੋਂ ਮੈਂ ਅੰਗਰੇਜ਼ੀ ਦੀ ਐਮ. ਏ. ਕਰ ਰਹੀ ਸਾਂ ਤਾਂ ਨਾਵਲ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਵਾਉਣ ਵਾਲੇ ਸਾਡੇ ਪ੍ਰੋਫੈਸਰ ਧਾਮੀ ਐਸੇ ਬਹੁਤੇ ਕਿਰਦਾਰਾਂ ਤੇ ਐਸੀ ਪਲ ਪਲ ਬਦਲਦੀ ਸੂਰਤ-ਏ-ਹਾਲ ਵਾਲੇ ਨਾਵਲ ਨੂੰ ‘ਪਲੇਨਥੋਰਾḔ ਕਿਹਾ ਕਰਦੇ ਸਨ। ਸੋਹਲ ਦੇ ਨਾਵਲ ਦਾ ਅਧਿਐਨ ਕਰਦਿਆਂ ਮੈਨੂੰ ਇਹ ‘ਪਲੇਨਥੋਰਾḔ ਨਾਵਲ ਹੀ ਜਾਪਿਆ ਹੈ।
ਧਰਾਤਲ ਤੇ ਅਸਮਾਨ ਵਿਚਾਲੇ ਨਾਵਲ ਦਾ ਭੂਗੋਲਿਕ ਮੰਚ ਆਪਣੇ ਅਰਥਾਂ ਤੋਂ ਕਿਤੇ ਅਗਾਂਹ ਨਿਕਲ ਜਾਂਦਾ ਹੈ। ਸੋਹਲ ਨੂੰ ਖਲਾਅ ਦਾ ਕੋਈ ਵੀ ਬਿੰਦੂ ਸਪਰਸ਼ ਕਰ ਕੇ ਉਸ ਨੂੰ ਵਿਸਤਾਰ ਦੇਣਾ ਆਉਂਦਾ ਹੈ। ਰੀਤਵਾਦੀ ਤੇ ਆਧੁਨਿਕ ਵਿਚਾਰਾਂ ਦੇ ਸਹੀ-ਸਹੀ ਸੰਤੁਲਨ ‘ਚ ਪੇਸ਼ ਹੋਇਆ ਨਾਵਲ ‘ਸਿੰਘਾਸਣḔ ਜ਼ਾਫਰਾਨੀ ਪੁਲਾਓ ਵਰਗਾ ਹੈ, ਜਿਸ ਦੀ ਹਰ ਕਣੀ ਨਾਵਲ ਖਤਮ ਹੋਣ ‘ਤੇ ਵੀ ਜ਼ਿਹਨ ‘ਚ ਮਹਿਕਦੀ ਰਹਿੰਦੀ ਹੈ। ਜਦੋਂ ਇਸ ਨਾਵਲ ਦੀ ਰਚਨਾ ਹੋ ਰਹੀ ਸੀ, ਮੈਨੂੰ ਉਦੋਂ ਵੀ ਇਸ ਨੂੰ ਨਾਲ-ਨਾਲ ਪੜ੍ਹਨ ਦਾ ਮਾਣ ਹਾਸਿਲ ਹੈ ਤੇ ਹੁਣ ਛਪਣ ਉਪਰੰਤ ਇਸ ਨੂੰ ਕਿਤਾਬੀ ਰੂਪ ‘ਚ ਇਕ ਵਾਰ ਫੇਰ ਪੜ੍ਹ ਕੇ ਬਹੁਤ ਅਨੰਦ ਮਹਿਸੂਸ ਕੀਤਾ ਹੈ।
ਤੀਜੇ ਭਾਗ ਦੇ ਚੌਦਵੇਂ ਕਾਂਡ ‘ਤੇ ਨਾਵਲ ਖਤਮ? ਨਹੀਂ ਜੀ! ਇਥੋਂ ਹੀ ਤਾਂ ਨਾਵਲ ਮੁੜ ਨਵੇਂ ਸਿਰਿਓਂ ਤੁਹਾਡੇ ਅੰਦਰੋਂ ਸ਼ੁਰੂ ਹੁੰਦਾ ਹੈ। ਤੁਸੀਂ ਜੰਗਲ ਦੇ ਇਕ-ਇਕ ਕਿਰਦਾਰ ਦੀ ਸ਼ਨਾਖਤ ਕਰਨ ‘ਚ ਰੁਝ ਜਾਂਦੇ ਹੋ। ਇਹੀ ਸੁਰਿੰਦਰ ਸੋਹਲ ਦੀ ਨਾਵਲਕਾਰ ਦੇ ਤੌਰ ‘ਤੇ ਵੱਡੀ ਪ੍ਰਾਪਤੀ ਹੈ। ਮੈਂ ਪਾਠਕ ਤੇ ਲੇਖਕ ਦੋਸਤਾਂ ਨੂੰ ਨਾਵਲ ਪੜ੍ਹਨ ਦੀ ਸਿਫਾਰਿਸ਼ ਕਰਦੀ ਹੋਈ, ਉਸ ਨੂੰ ‘ਸਿੰਘਾਸਣḔ ਵਰਗਾ ਉਤਮ ਨਾਵਲ ਲਿਖਣ ਲਈ ਦਿਲੀ ਮੁਬਾਰਕ ਦਿੰਦੀ ਹਾਂ।
(ਪ੍ਰਕਾਸ਼ਕ: ਕੁਕਨੂਸ ਪ੍ਰਕਾਸ਼ਨ, ਮੁੱਲ 120 ਰੁਪਏ, ਸਫੇ: 120)
ਨਾਵਲ ‘ਸਿੰਘਾਸਣ’ ਦਾ ਇਕ ਕਾਂਡ
ਸਾਰੇ ਮਹਿਮਾਨ ਪਹਾੜੀ ਦੀ ਸਿਖਰ ‘ਤੇ ਬਣੇ ਚਬੂਤਰੇ ‘ਤੇ ਬੈਠੇ ਸਨ। ਲੂੰਬੜ ਨੇ ਗੱਲ ਤੋਰੀ, “ਅਹੁ ਦਰਖਤਾਂ ਤੋਂ ਪਾਰ ਦੇਖੋ। ਧੂੰਆਂ ਉਠਦਾ ਦਿਸਦੈ ਨਾ!”
ਸਭ ਨੇ ਮੂੰਹ ਓਧਰ ਘੁਮਾਇਆ ਤੇ ਰਲੀ-ਮਿਲੀ ਆਵਾਜ਼ ਆਈ, “ਹਾਂ ਦਿਸਦੈ।”
“ਤੁਹਾਨੂੰ ਪਤਾ ਈ ਏ ਨਾ ਉਥੇ ਕੌਣ ਵਸਦੈ?” ਲੂੰਬੜ ਨੇ ਪੁੱਛਿਆ।
“ਵਣ-ਮਾਨਸ।” ਕਾਂ ਨੇ ਕਿਹਾ। ਉਸ ਨੇ ਉਡਦੇ ਫਿਰਦੇ ਨੇ ਕਈ ਵਾਰੀ ਵਣ-ਮਾਨਸ ਦੇਖੇ ਸਨ।
“ਕਦੇ ਵਣ-ਮਾਨਸ ਹੁੰਦਾ ਸੀ। ਉਦੋਂ ਉਹ ਸਾਡੇ ਵਾਂਗ ਜੰਗਲ ਵਾਸੀ ਸੀ। ਸਾਡਾ ਆਪਣਾ ਸੀ। ਹੁਣ ਉਹ ਇਕੱਲਾ ਮਾਨਸ ਰਹਿ ਗਿਐ। ਮਨੁੱਖ। ਉਹਨੇ ਆਪਣੀ ਬੋਲੀ ਬਦਲ ਲਈ ਐ। ਸਾਡੇ ਬਹੁਤ ਸਾਰੇ ਸਾਥੀ ਗੁਲਾਮ ਬਣਾ ਲਏ ਐ। ਬਲਦਾਂ ਤੋਂ ਬੜੀ ਸਖਤ ਮਿਹਨਤ ਕਰਵਾਉਂਦੈ। ਮੱਝਾਂ-ਗਾਂਵਾਂ ਦਾ ਦੁੱਧ ਇਸਤੇਮਾਲ ਕਰਦੈ। ਅੱਗ ਉਹਨੇ ਕਾਬੂ ‘ਚ ਕਰ ਲਈ ਐ। ਸੂਰ, ਬੱਕਰੀਆਂ, ਭੇਡਾਂ, ਕੁੱਕੜ ਭੁੰਨ-ਭੁੰਨ ਕੇ ਖਾਣ ਲੱਗ ਪਿਐ। ਕੁੱਕੜੀਆਂ ਦੇ ਆਂਡੇ ਪੀਂਦੈ। ਕੁੱਤਿਆਂ ਤੋਂ ਰਾਖੀ ਕਰਵਾਉਂਦੈ। ਹੁਣ ਉਹਦਾ ਅਗਲਾ ਨਿਸ਼ਾਨਾ ਜੰਗਲ ਐ। ਉਹ ਸਾਡੇ ਜੰਗਲੀ ਰੁੱਖ ਘਰਾਂ, ਬੇੜੀਆਂ ਅਤੇ ਬਾਲਣ ਵਾਸਤੇ ਵਰਤਣਾ ਚਾਹੁੰਦੈ। ਅੱਜ ਸਾਡੇ ਜੰਗਲ ਨੂੰ ਸਭ ਤੋਂ ਵੱਡਾ ਖਤਰਾ ਇਸੇ ‘ਮਨੁੱਖ’ ਤੋਂ ਐਂ।”
“ਪਰ ਇਹ ਸਾਰਾ ਕੁਝ ਤੁਸੀਂ ਸਾਨੂੰ ਕਿਉਂ ਦੱਸ ਰਹੇ ਓਂ?” ਡੱਬ-ਖੜੱਬੀ ਬਿੱਲੀ ਨੇ ਧੂੰਏ ਦੇ ਉਡਦੇ ਬੱਦਲ ਵੱਲ ਦੇਖਦਿਆਂ ਪੁੱਛਿਆ।
“ਮੈਂ ਬਹੁਤ ਅਗਾਂਹ ਦੀ ਸੋਚਦਾਂ। ਬਹੁਤ ਅੱਗੇ ਦੇਖ ਸਕਣ ਦੀ ਮੇਰੇ ਵਿਚ ਸ਼ਕਤੀ ਐ। ਭਵਿੱਖ ਦੇਖਣ ਦਾ ਇਲਮ ਮੈਨੂੰ ਆਉਂਦੈ। ਜਿਵੇਂ ਮੈਂ ਦੱਸਿਆ ਨਾ ਬਈ ਕਾਉਣੀ ਦੀ ਆਵਾਜ਼ ਦਾ ਵੇਲਾ ਅਜੇ ਕੁਛ ਸਾਲਾਂ ਨੂੰ ਆਉਣੈ। ਇੰਞ ਈ ਮੈਂ ਤੁਹਾਨੂੰ ਇਹ ਗੱਲ ਸਮਝਾਉਣੀ ਚਾਹੁੰਨਾਂ ਬਈ ਖਤਰੇ ਨੂੰ ਵੇਲੇ ਸਿਰ ਭਾਂਪ ਲੈਣਾ ਚਾਹੀਦੈ। ਸਾਡਾ ਰਾਜਾ ਸ਼ੇਰ ਬਹੁਤ ਹੀ ਭਲਾ ਤੇ ਭੋਲੈ। ਉਹਦੇ ਸਾਥੀ ਸੁਨਹਿਰੀ ਸੱਪ, ਖਰਗੋਸ਼ ਵੀ ਬਹੁਤ ਹੀ ਭੋਲੇ ਤੇ ਸ਼ਰੀਫ ਐ। ਉਹ ਦਿਲੋਂ ਚਾਹੁੰਦੇ ਐ ਜੰਗਲ ਦਾ ਭਲਾ ਹੋਵੇ। ਉਨ੍ਹਾਂ ਦੀ ਨੀਅਤ ‘ਤੇ ਸ਼ੱਕ ਕਰਨਾ ਵੀ ਪਾਪ ਐ, ਪਰ ਮਾਫ ਕਰਨਾ! ਸੱਚਮੁੱਚ ਮਾਫ ਕਰਨਾ! ਜੇ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਜੰਗਲ ਨੂੰ ਵੱਡਾ ਖਤਰਾ ਕਿਸ ਤੋਂ ਐਂ ਤਾਂ ਇਹਦੇ ਵਿਚ ਉਨ੍ਹਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ, ਕਿਉਂਕਿ ਉਨ੍ਹਾਂ ਵਿਚਾਰਿਆਂ ਨੂੰ ਕਿਸੇ ਨੇ ਅਜੇ ਤੱਕ ਦੱਸਿਆ ਈ ਨਹੀਂ। ਉਹ ਜੰਗਲ ਤੋਂ ਬਾਹਰ ਨਿਕਲੇ ਈ ਨਹੀਂ। ਜੇ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਖਤਰਾ ਹੈ ਤਾਂ ਉਹ ਜ਼ਰੂਰ ਕੋਈ ਉਪਾਅ ਕਰਨ। ਮੈਂ ਜੰਗਲ ਤੋਂ ਬਾਹਰ ਦੀ ਦੁਨੀਆਂ ਵੀ ਦੇਖੀ ਐ, ਕਿਉਂਕਿ ਮੈਂ ਬਚਪਨ ਵਿਚ ਈ ਜੰਗਲ ਤੋਂ ਟੁੱਟ ਗਿਆ ਸੀ। ਹੁਣ ਜੇ ਮੈਂ ਇਹ ਗੱਲ ਸ਼ੇਰ ਨੂੰ ਕਹਾਂ ਤਾਂ ਉਹ ਸੋਚੇਗਾ, ਸ਼ਾਇਦ ਇਹਦੇ ਵਿਚ ਕੋਈ ਮੇਰਾ ਆਪਣਾ ਮਤਲਬ ਛੁਪਿਆ ਹੋਇਐ। ਤੁਹਾਨੂੰ ਤਾਂ ਪਤਾ ਈ ਐ, ਮੈਂ ਤਾਂ ਸਿਰ ਜੋੜਦਾ ਹਾਂ। ਪਿਆਰ ਵੰਡਦਾ ਹਾਂ। ਜੰਗਲ ਨਾਲ ਮੇਰਾ ਮੋਹ ਇਸ ਕਰਕੇ ਹੈ ਕਿਉਂਕਿ ਉਹ ਮੇਰੀ ਮਾਤ-ਭੂਮੀ ਐ। ਮਾਤ-ਭੂਮੀ ਬਰਬਾਦ ਹੋਵੇ, ਇਹ ਮੇਰੇ ਤੋਂ ਦੇਖੀ ਨਹੀਂ ਜਾਣੀ। ਜੰਗਲ ਖਤਰੇ ‘ਚ ਹੈ ਮਿੱਤਰੋ।” ਲੂੰਬੜ ਫੁੱਟ-ਫੁੱਟ ਕੇ ਰੋਣ ਲੱਗ ਪਿਆ।
ਸਾਰੇ ਪੰਛੀ ਤੇ ਜਾਨਵਰ ਉਸ ਦੇ ਦੁਆਲੇ ਇਕੱਠੇ ਹੋ ਗਏ।
“ਭਾਈ ਦੱਸੋ ਤਾਂ ਸਹੀ, ਆਖਿਰ ਤੁਸੀਂ ਚਾਹੁੰਨੇਂ ਕੀ ਓਂ?” ਬਾਰਾਂਸਿੰਙੇ ਨੇ ਅੱਗੇ ਵਧ ਕੇ ਕਿਹਾ। ਉਹ ਵੀ ਆਪਣੇ ਆਪ ਨੂੰ ਰਾਜੇ ਦੇ ਨੇੜੇ ਸਮਝਦਾ ਸੀ।
“ਮੈਂ ਚਾਹੁੰਨਾਂ ਆਪਣੇ ਰਾਜੇ ਤੱਕ ਇਹ ਗੱਲ ਪੁਚਾਈ ਜਾਵੇ। ਮਨੁੱਖ ਤੋਂ ਜੰਗਲ ਨੂੰ ਜੋ ਖਤਰਾ ਪੈਦਾ ਹੋ ਗਿਆ ਐ, ਉਸ ਦਾ ਕੋਈ ਸਹੀ ਉਪਾਅ ਸਮੇਂ ਸਿਰ ਹੋਵੇ। ਹੁਣ ਵਿਚਾਰਾ ਖਰਗੋਸ਼ ਤਾਂ ਜ਼ਾਲਮ ਮਨੁੱਖ ਦਾ ਮੁਕਾਬਲਾ ਨਹੀਂ ਨਾ ਕਰ ਸਕਦਾ! ਮਨੁੱਖ ਤਾਂ ਦੁਲੱਤੀਆਂ ਨਾਲ ਹੀ ਸੂਤ ਆਉਣ ਵਾਲੀ ਨਸਲ ਐ। ਗਧੇ ਨੂੰ ਰਾਜੇ ਦੇ ਨੇੜੇ ਲਿਜਾਣਾ ਚਾਹੀਦਾ ਐ। ਉਸ ਵਿਚਾਰੇ ਨੂੰ ਸਿੰਘਾਸਣ ਦੇ ਪੱਥਰ ਢੋਣ ਲਈ ਈ ਰੱਖਿਆ ਹੋਇਐ।”
“ਮਨੁੱਖ ਕੁੱਤਿਆਂ ਤੋਂ ਬਹੁਤ ਚਲਦੈ, ਕਾਲੇ ਕੁੱਤੇ ਨੂੰ ਸ਼ੇਰ ਦੇ ਲਾਗੇ ਕਰੀਏ। ਸਾਨੂੰ ਖੁਸ਼ੀ ਹੈ ਕਿ ਬਾਰਾਂਸਿੰਙਾ ਰਾਜੇ ਦੇ ਬਹੁਤ ਨੇੜੇ ਐ। ਮਨੁੱਖ ਨੇ ਹਥਿਆਰ ਬਣਾ ਲਏ ਐ। ਉਨ੍ਹਾਂ ਦਾ ਮੁਕਾਬਲਾ ਕਰਨ ਲਈ ਬਾਰਾਂਸਿੰਙਾ ਆਪਣੇ ਸਿੰਙ ਇਸਤੇਮਾਲ ਕਰ ਸਕਦੈ। ਮੈਂ ਸੁਣਿਐ, ਵਿਚਾਰੇ ਹਾਥੀਆਂ ਨੂੰ ਜੰਗਲ ‘ਚ ‘ਨ੍ਹੇਰੀ ਨਾਲ ਡਿੱਗੇ ਰੁੱਖ ਚੁੱਕ ਕੇ ਬਾਹਰ ਸੁੱਟਣ ਨੂੰ ਹੀ ਰੱਖਿਆ ਹੋਇਐ। ਉਨ੍ਹਾਂ ਦੀ ਤਾਕਤ ਵਰਤੀ ਜਾ ਸਕਦੀ ਐ, ਮਨੁੱਖ ਦਾ ਮੁਕਾਬਲਾ ਕਰਨ ਲਈ। ਠੀਕ ਹੈ, ਸੱਪ ਦਾ ਜ਼ਹਿਰ ਮਨੁੱਖ ਲਈ ਘਾਤਕ ਹੈ। ਸੁਨਹਿਰੀ ਸੱਪ ਦੀ ਜਾਤੀ ਮਦਦਗਾਰ ਸਾਬਤ ਹੋ ਸਕਦੀ ਐ। ਮਨੁੱਖ ਸੱਪ ਤੋਂ ਭੈਅ ਵੀ ਖਾਂਦਾ ਹੈ ਪਰ ਮੈਨੂੰ ਪਤਾ ਲੱਗੈ ਕਿ ਮਨੁੱਖ ਨੇ ਸੱਪ ਦੀ ਸਿਰੀ ਫੇਹਣ ਦਾ ਵਲ ਸਿੱਖ ਲਿਐ। ਸੱਪਾਂ ਨੂੰ ਕਾਬੂ ਕਰਨ ਲਈ ਪਟਾਰੀ ਵੀ ਬਣਾ ਲਈ ਐ। ਹਾਥੀ, ਗਧੇ, ਕਾਲੇ ਕੁੱਤੇ, ਬਾਰਾਂਸਿੰਙੇ ਨੂੰ ਹੋਰ ਵੱਧ ਜ਼ਿੰਮੇਵਾਰੀ ਵਾਲੇ ਕੰਮ ਸੌਂਪਣੇ ਚਾਹੀਦੇ ਐ। ਮੈਂ ਤਾਂ ਸਾਰੇ ਪੰਛੀਆਂ ਤੇ ਜਾਨਵਰਾਂ ਨੂੰ ਇੱਕੋ ਅੱਖ ਨਾਲ ਦੇਖਦਾਂ। ਸਭ ਨੂੰ ਬਿਲਕੁਲ ਬਰਾਬਰ ਸਮਝਦਾਂ। ਰੰਗ ਤੇ ਨਸਲ ਤੋਂ ਉਪਰ ਉਠ ਕੇ ਸੋਚਦਾਂ।” ਲੂੰਬੜ ਦੀਆਂ ਗੱਲਾਂ ਸੁਣ ਕੇ ਪੰਛੀ ਤੇ ਜਾਨਵਰ ਹੈਰਾਨ ਹੋ ਰਹੇ ਸਨ। ਲੂੰਬੜ ਜੰਗਲ ਪ੍ਰਤੀ ਏਨਾ ਚਿੰਤਤ ਹੋਵੇਗਾ, ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ।
“ਫਿਰ ਗੱਲ ਕਿਵੇਂ ਤੋਰੀਏ?” ਬਾਰਾਂਸਿੰਙੇ ਨੇ ਕਿਹਾ।
“ਦੇਖ ਭਾਈ ਤੂੰ ਸ਼ੇਰ ਦੇ ਬਹੁਤ ਨੇੜੇ ਐਂ। ਸ਼ੇਰ, ਸੁਨਹਿਰੀ ਸੱਪ ਅਤੇ ਖਰਗੋਸ਼ ਤੱਕ ਗੱਲ ਪਹੁੰਚਾਉਣੀ ਆਪਣੇ ਲਈ ਕੋਈ ਔਖੀ ਨਹੀਂ। ਪਰ ਹਰ ਗੱਲ ਦਾ ਤਰੀਕਾਕਾਰ ਹੁੰਦੈ। ਤੁਸੀਂ ਆਪਣੇ ਦੋਸਤਾਂ-ਮਿੱਤਰਾਂ, ਸਾਕ-ਸਬੰਧੀਆਂ ਵਿਚ ਗੱਲ ਫੈਲਾਓ ਕਿ ਜੰਗਲ ਨੂੰ ਮਨੁੱਖ ਤੋਂ ਭਾਰੀ ਖਤਰੈ। ਬੇਸ਼ਕ ਮੇਰਾ ਨਾਂ ਲੈ ਦੇਣਾ। ਹੌਲੀ-ਹੌਲੀ ਗੱਲ ਸ਼ੇਰ ਤੱਕ ਪਹੁੰਚੇਗੀ। ਆਖਰ ਜਾਸੂਸ ਲੂੰਬੜੀ ਨੇ ਵੀ ਤਾਂ ਜਾਣਕਾਰੀ ਇਕੱਠੀ ਕਰਨ ਲਈ ਕੋਈ ਜਾਲ ਵਿਛਾਇਆ ਹੋਏਗਾ, ਜੰਗਲ ਵਿਚ! ਜਦੋਂ ਇਕ ਵਾਰ ਗੱਲ ਰਾਜੇ ਤੱਕ ਪਹੁੰਚ ਗਈ, ਮੈਂ ਖੋਲ੍ਹ ਕੇ ਸਾਰੀ ਵਾਰਤਾ ਸਾਰਿਆਂ ਸਾਹਮਣੇ ਸਾਂਝੀ ਕਰਾਂਗਾ।” ਲੂੰਬੜ ਨੇ ਭਾਵੁਕ ਹੁੰਦਿਆਂ ਕਿਹਾ, “ਮੇਰੀ ਮਾਤ-ਭੂਮੀ ਦੇ ਵਾਸੀਓ! ਤੁਸੀਂ ਮੇਰੇ ਆਪਣੇ ਹੋ। ਇਹ ਠੀਕ ਹੈ, ਮੈਂ ਮਾਤ-ਭੂਮੀ ਤੋਂ ਦੂਰ ਰਿਹਾਂ ਪਰ ਮੈਨੂੰ ਸੁਫਨੇ ਜੰਗਲ ਦੇ ਹੀ ਆਉਂਦੇ ਰਹੇ ਐ। ਮੈਂ ਚਾਹੁੰਨਾਂ, ਮੇਰਾ ਜੰਗਲ ਇਸੇ ਤਰ੍ਹਾਂ ਹੱਸਦਾ-ਵਸਦਾ ਰਹੇ। ਯਾਦ ਐ ਨਾ ਕੋਇਲ ਦਾ ਗੀਤ, Ḕਜੰਗਲ ਹਰਿਆ ਭਰਿਆ ਰਹੇ।Ḕ ਬਸੰਤ ਦੇ ਮੇਲੇ ਇਸੇ ਤਰ੍ਹਾਂ ਲੱਗਦੇ ਰਹਿਣ। ਬਲਦ ਢੋਲ ਵਜਾਉਂਦਾ ਰਹੇ। ਰਿੱਛ ਬੀਨ ਵਜਾ ਕੇ ਸਭ ਨੂੰ ਮਸਤ ਕਰਦਾ ਰਹੇ। ਕਾਉਣੀ ਸਾਡੇ ਜੰਗਲ ਦਾ ਨਾਂ ਰੌਸ਼ਨ ਕਰੇ।”
“ਅਸੀਂ ਜੰਗਲ ਨੂੰ ਬਚਾਉਣ ਲਈ ਤੁਹਾਡੇ ਨਾਲ ਹਾਂ ਪਿਆਰੇ ਮਿੱਤਰ।” ਸਭ ਨੇ ਇੱਕੋ ਆਵਾਜ਼ ਵਿਚ ਕਿਹਾ ਤਾਂ ਲੂੰਬੜ ਦੀ ਛਾਤੀ ਚੌੜੀ ਹੋ ਗਈ। ਉਸ ਨੇ ਮੁਸਕਰਾਉਂਦਿਆਂ ਆਪਣੀ ਪਤਨੀ ਵੱਲ ਦੇਖਿਆ। ਪਤਨੀ ਨੇ ਮੁਸਕਰਾਹਟ ਦਾ ਜਵਾਬ ਦਿੱਤੇ ਬਿਨਾ ਹੀ ਨੀਵੀਂ ਪਾ ਲਈ।
“ਭਾਈ ਅਸੀਂ ਤੁਹਾਡੇ ਨਾਲ ਆਂ। ਮੈਨੂੰ ਪਤਾ ਲੱਗ ਗਿਐ ਤੁਹਾਡੇ ਤੋਂ ਕਾਬਲ ਹੋਰ ਕੋਈ ਸਾਥੀ ਸਾਨੂੰ ਨਹੀਂ ਲੱਭ ਸਕਦਾ। ਜਿਸ ਨੇ ਮੇਰੇ ਵਰਗੀ, ਦੁਰਕਾਰੀ ਹੋਈ ਨੂੰ ਆਪਣੀ ਅਕਲ ਨਾਲ ਸਾਰਿਆਂ ਵਿਚ ਬੈਠਣ ਯੋਗ ਬਣਾ ਦਿੱਤੈ। ਇਸੇ ਤਰ੍ਹਾਂ ਮਨੁੱਖ ਤੋਂ ਜੰਗਲ ਬਚਾਉਣ ਲਈ ਤੁਸੀਂ ਕੋਈ ਯੋਗ ਉਪਰਾਲਾ ਕਰ ਲਵੋਗੇ।” ਸਕੰਕ ਨੇ ਅੱਖਾਂ ਵਿਚ ਹੰਝੂ ਭਰ ਕੇ ਕਿਹਾ।
“ਨਾ ਰੋਣਾ ਨਹੀਂ।” ਲੂੰਬੜ ਨੇ ਦਿਲਾਸਾ ਦਿੰਦਿਆਂ ਕਿਹਾ, “ਮੈਂ ਕੀ ਕਿਹਾ ਸੀ ਉਸ ਦਿਨ, ਹੁਣ ਤੂੰ ਕੋਈ ਵੀ ਹਾਰ ਪਰੋਅ ਕੇ ਦੁਬਾਰਾ ਤੋੜੇਂਗੀ ਨਹੀਂ। ਤੂੰ ਹਾਰ ਰਾਜੇ ਦੇ ਗਲ ‘ਚ ਟੌਹਰ ਨਾਲ ਪਾਵੇਂਗੀ, ਜਿਵੇਂ ਬਾਕੀ ਪਾਉਂਦੇ ਐ। ਤੂੰ ਜੰਗਲ ਦਾ ਅਹਿਮ ਅੰਗ ਐਂ।”
ਬਾਰਾਂਸਿੰਙੇ ਦੀ ਪਹਾੜੀ ਤੋਂ ਪਰ੍ਹੇ ਉਠਦੇ ਧੂੰਏਂ ਵੱਲ ਲੱਗੀ ਟਿਕਟਿਕੀ ਦੇਖ ਕੇ ਲੂੰਬੜ ਨੇ ਕਿਹਾ, “ਬਾਰਾਂਸਿੰਙੇ ਭਾਈ! ਤੇਰੇ ‘ਤੇ ਬਹੁਤ ਵੱਡੀ ਜ਼ਿੰਮੇਵਾਰੀ ਪੈਣ ਵਾਲੀ ਹੈ। ਜਿਵੇਂ ਸਾਰੇ ਜੰਗਲ ਦਾ ਭਾਰ ਹੁਣ ਸਮਝ ਲੈ ਤੇਰੇ ਸਿੰਙਾਂ ‘ਤੇ ਹੈ। ਤੂੰ ਸ਼ੇਰ ਦਾ ਕਰੀਬੀ ਐਂ। ਬਹੁਤ ਸੰਭਲ-ਸੰਭਲ ਕੇ ਹਰ ਕਦਮ ਪੁੱਟਣਾ ਪਵੇਗਾ। ਕਿਤੇ ਏਦਾਂ ਨਾ ਹੋਵੇ ਕਿ ਕੋਈ ਇਸ ਨੂੰ ਗਲਤ ਰੰਗਤ ਦੇ ਦੇਵੇ ਤੇ ਆਪਾਂ ਜੰਗਲ ਦੀ ਰਾਖੀ ਤੋਂ ਖੁੰਝ ਜਾਈਏ। ਸ਼ੇਰ ਨਾਲ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਮੇਰੇ ਨਾਲ ਸਲਾਹ ਜ਼ਰੂਰ ਕਰ ਲਿਆ ਕਰਨਾ।”
“ਜੀ।” ਬਾਰਾਂਸਿੰਙੇ ਨੂੰ ਮਹਿਸੂਸ ਹੋਣ ਲੱਗਾ, ਜਿਵੇਂ ਸੱਚ-ਮੁੱਚ ਹੀ ਜੰਗਲ ਦਾ ਭਾਰ ਉਸ ਦੇ ਸਿੰਙਾਂ ‘ਤੇ ਆਣ ਪਿਆ ਹੋਵੇ। ਉਸ ਨੂੰ ਲੂੰਬੜ ਦਾ ‘ਤੂੰ’ ਕਹਿਣਾ ਬਹੁਤ ਚੰਗਾ ਲੱਗ ਰਿਹਾ ਸੀ।
ਸਾਰੇ ਪਹਾੜੀ ਦੀ ਸਿਖਰ ਤੋਂ ਹੇਠਾਂ ਲੂੰਬੜ ਦੇ ਘਰ ਆ ਗਏ।
ਜਦੋਂ ਸਾਰੇ ਘਰੋ-ਘਰੀ ਪਰਤਣ ਲੱਗੇ ਤਾਂ ਲੂੰਬੜ ਨੇ ਕਾਲੇ ਕੁੱਤੇ ਨੂੰ ਬੁਲਾਇਆ, “ਕਿਉਂ ਹੁਣ ਖੁਸ਼ ਐਂ ਨਾ!”
ਕਾਲੇ ਕੁੱਤੇ ਦੇ ਸਰੀਰ ‘ਚੋਂ ਖੁਸ਼ੀ ਫੁੱਟ-ਫੁੱਟ ਪੈ ਰਹੀ ਸੀ।
“ਮੈਨੂੰ ਪਤੈ, ਤੂੰ ਦੌੜਦਾ ਬਹੁਤ ਤੇਜ਼ ਐਂ।” ਲੂੰਬੜ ਨੇ ਉਸ ਨੂੰ ਥਾਪੀ ਦਿੱਤੀ, “ਜੰਗਲ ਵਿਚ ਕਦੇ ਵੀ ਨਿੱਕੀ-ਮੋਟੀ, ਚੰਗੀ-ਮਾੜੀ ਘਟਨਾ ਘਟੇ, ਝੱਟ ਮੈਨੂੰ ਖਬਰ ਕਰੀਂ।”
ਲੂੰਬੜ ਦੀ ਏਨੀ ਨੇੜਤਾ ਪਾ ਕੇ ਕਾਲਾ ਕੁੱਤਾ ਧੰਨ ਹੋ ਗਿਆ।