ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਕੋਆਪਰੇਟਿਵ ਟਰੇਨਿੰਗ ਸੈਂਟਰ, ਮੇਰਠ ਵਿਖੇ ਜਦੋਂ ਮੈਨੂੰ ਮੁਕੇਰੀਆਂ ਵਿਚ ਨਿਯੁਕਤੀ ਆਰਡਰ ਮਿਲੇ ਤਾਂ ਮੈਂ ਸੋਚੀਂ ਪੈ ਗਿਆ ਕਿ ਇਹ ਇਲਾਕਾ ਤਾਂ ਮੈਂ ਦੇਖਿਆ ਹੀ ਨਹੀਂ। ਮੈਨੂੰ ਪੰਜਾਬ ਦੇ ਸ਼ਹਿਰਾਂ ਬਾਰੇ ਬਹੁਤਾ ਪਤਾ ਨਹੀਂ ਸੀ। 1953 ਵਿਚ ਪਿੰਡ ਦੇ ਹਾਈ ਸਕੂਲ ਤੋਂ ਮੈਟ੍ਰਿਕ ਪਾਸ ਕੀਤੀ। ਉਦੋਂ ਤੱਕ ਦੋ ਕੁ ਵਾਰ ਚੋਰੀ-ਚੋਰੀ ਜਲੰਧਰ ਫਿਲਮ ਦੇਖਣ ਆਏ ਸੀ, ਪੰਜ-ਛੇ ਮੁੰਡੇ ਰਲ ਕੇ। ਪਿੰਡ ਤੋਂ ਸਿੱਧਾ ਜਮਸ਼ੇਦਪੁਰ ਕਾਲਜ ਵਿਚ ਦਾਖਲ ਹੋਇਆ। 1957 ਵਿਚ ਉਥੋਂ ਬੀ-ਕਾਮ ਪਾਸ ਕਰਕੇ ਪੰਜਾਬ ਵਾਪਸ ਆਇਆ। 1958 ਵਿਚ ਜਲੰਧਰ ਨੌਕਰੀ ਮਿਲ ਗਈ ਤੇ ਜਨਵਰੀ 1962 ਵਿਚ ਮੁਕੇਰੀਆਂ ਦਾ ਦਾਣਾ-ਪਾਣੀ ਹੋ ਗਿਆ।
ਮੈਂ ਇਕ ਪੋਸਟ ਕਾਰਡ ਇੰਸਪੈਕਟਰ ਦਫਤਰ ਨੂੰ ਲਿਖ ਦਿੱਤਾ ਕਿ ਮੈਂ ਫਲਾਣੀ ਤਰੀਕ ਨੂੰ ਐਨੇ ਵਜੇ ਤੜਕੇ ਦੀ ਰੇਲ ਗੱਡੀ ‘ਤੇ ਮੁਕੇਰੀਆਂ ਉਤਰਾਂਗਾ। ਜੇ ਕੋਈ ਮੈਨੂੰ ਲੈਣ ਆ ਜਾਵੇ ਤਾਂ ਬੜੀ ਮਿਹਰਬਾਨੀ ਹੋਵੇਗੀ। ਨਿਯੁਕਤੀ ਦੇ ਆਰਡਰ ‘ਤੇ ਹੀ ਲਿਖਿਆ ਹੋਇਆ ਸੀ, ਇੰਸਪੈਕਟਰ ਦੀ ਪੋਸਟ ਖਾਲੀ ਹੈ।
ਜਦੋਂ ਮੈਂ ਉਤਰਿਆ ਤਾਂ ਇਕ ਸਰਦਾਰ ਜੀ ਤੇ ਦੋ ਮੋਨੇ ਬੰਦੇ ਮੇਰੇ ਕੋਲ ਨੂੰ ਆਏ। ਸਤਿ ਸ੍ਰੀ ਅਕਾਲ ਬੁਲਾ ਕੇ ਪੁੱਛਣ ਲੱਗੇ ਕਿ ਤੁਸੀਂ ਹੀ ਨਵੇਂ ਇੰਸਪੈਕਟਰ ਹੋ? ਮੇਰੇ ਹਾਂ ਕਹਿਣ ‘ਤੇ ਉਨ੍ਹਾਂ ਆਪੋ-ਆਪਣੀ ਜਾਣ-ਪਛਾਣ ਕਰਵਾਈ: ਇੰਦਰਜੀਤ ਸਿੰਘ ਸਬ ਇੰਸਪੈਕਟਰ, ਮੀਆਂ ਚਤਰ ਸਿੰਘ ਸਬ ਇੰਸਪੈਕਟਰ ਤੇ ਕੁਲਦੀਪ ਰਾਜ ਕਲਰਕ। ਦਫਤਰ ਦੇ ਸੇਵਾਦਾਰ ਧਰਮ ਸਿੰਘ ਨੂੰ ਉਹ ਸਟੇਸ਼ਨ ਤੋਂ ਬਾਹਰ ਆਪਣੇ ਸਾਈਕਲਾਂ ਕੋਲ ਖੜ੍ਹਾ ਕਰ ਆਏ ਸਨ। ਉਨ੍ਹਾਂ ਮੇਰਾ ਟਰੰਕ, ਬਿਸਤਰਾ, ਅਟੈਚੀ ਕੇਸ, ਬੈਗ ਤੇ ਕੁਝ ਕਿਤਾਬਾਂ, ਜੋ ਰੱਸੀ ਵਿਚ ਬੰਨ੍ਹੀਆਂ ਹੋਈਆਂ ਸਨ, ਫੜ ਲਏ। ਬਾਹਰ ਆ ਕੇ ਰਿਕਸ਼ਾ ਕੀਤਾ ਤੇ ਸਮਾਨ ਰਿਕਸ਼ੇ ‘ਤੇ ਰੱਖ ਕੇ, ਮੈਨੂੰ ਰਿਕਸ਼ੇ ‘ਤੇ ਬਿਠਾ ਕੇ ਉਹ ਆਪਣੇ ਸਾਈਕਲਾਂ ‘ਤੇ ਤੁਰ ਪਏ। ਰਿਕਸ਼ਾ ਸ਼ਹਿਰ ਦੀਆਂ ਭੀੜੀਆਂ ਗਲੀਆਂ ਦੇ ਵਿਚੀਂ ਆਹਲੂਵਾਲੀਆਂ ਦੇ ਮੁਹੱਲੇ ਵਿਚ ਇੰਸਪੈਕਟਰ ਕੋ-ਆਪਰੇਟਿਵ ਸੁਸਾਇਟੀਜ਼ ਦੇ ਦਫਤਰ ਲੈ ਗਿਆ। ਅਜੇ ਟਾਈਮ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਹੀ ਸੀ। ਉਹ ਸੇਵਾਦਾਰ ਨੂੰ ਜ਼ਰੂਰੀ ਹਦਾਇਤਾਂ ਦੇ ਕੇ ਆਪਣੇ ਘਰਾਂ ਨੂੰ ਚਲੇ ਗਏ। ਦਫਤਰ ਦੇ ਕਈ ਕਮਰੇ ਸਨ। ਸੇਵਾਦਾਰ ਨੇ ਮੇਰਾ ਬਿਸਤਰਾ ਖੋਲ੍ਹ ਕੇ ਇਕ ਕਮਰੇ ਵਿਚ ਮੰਜੇ ‘ਤੇ ਵਿਛਾ ਦਿੱਤਾ ਤੇ ਪੁੱਛਣ ਲੱਗਾ ਕਿ ਜੇ ਇਸ਼ਨਾਨ ਕਰਨਾ ਹੈ ਤਾਂ ਪਾਣੀ ਦੀ ਬਾਲਟੀ ਲਿਆ ਦਿਆਂ। ਮੈਂ ਕਿਹਾ ਕਿ ਮੈਂ ਜ਼ਰਾ ਆਰਾਮ ਕਰ ਲਵਾਂ, ਤੂੰ ਅੱਠ ਵਜੇ ਮੈਨੂੰ ਜਗਾ ਦਈਂ ਤੇ ਫੇਰ ਪਾਣੀ ਦੀ ਬਾਲਟੀ ਲਿਆਈਂ। ਮੁਕੇਰੀਆਂ ਸ਼ਹਿਰ ਵਿਚ ਹਰ ਘਰ ਵਿਚ ਨਲਕਾ ਨਹੀਂ ਸੀ। ਸਾਡੇ ਦਫਤਰ ਵਾਲੇ ਆਰੀਆ ਹਾਈ ਸਕੂਲ (ਗਰਲਜ਼), ਜੋ ਦਫਤਰ ਦੇ ਸਾਹਮਣੇ ਸੀ, ਤੋਂ ਪਾਣੀ ਲਿਆਉਂਦੇ ਸਨ। ਨਹਾ ਕੇ ਮੈਂ ਤਿਆਰ ਹੋਇਆ। ਉਦੋਂ ਦਾੜ੍ਹੀ ਕਤਰੀ ਹੋਈ ਹੁੰਦੀ ਸੀ ਤੇ ਪੱਗ ਵੀ ਟੋਪੀ ਵਾਂਗ ਸਿਰ ‘ਤੇ ਟਿਕਾ ਲਈਦੀ ਸੀ। ਹਫਤੇ ਵਿਚ ਇਕ ਵਾਰੀ ਹੀ ਪੱਗ ਬੰਨ੍ਹਦਾ ਹੁੰਦਾ ਸੀ।
ਸੇਵਾਦਾਰ ਚਾਹ ਦੀ ਦੁਕਾਨ ਤੋਂ ਚਾਹ ਅਤੇ ਨਾਲ ਖਾਣ ਲਈ ਕੁਝ ਲਿਆਇਆ। ਸਵੇਰੇ 9 ਵਜੇ ਕੁਲਦੀਪ ਰਾਜ ਕਲਰਕ ਅਤੇ ਅੱਠ ਸਬ-ਇੰਸਪੈਕਟਰ ਦਫਤਰ ਆ ਹਾਜ਼ਰ ਹੋਏ। ਸਭ ਤੋਂ ਪਹਿਲਾਂ ਮੇਰੀ ਚਾਰਜ ਰਿਪੋਰਟ ਤਿਆਰ ਕੀਤੀ। ਬਾਬੂ ਨੇ ਹੋਰ ਵੀ ਦਫਤਰ ਦੀ ਡਾਕ ‘ਤੇ ਮੇਰੇ ਦਸਤਖਤ ਕਰਵਾਏ। ਮੈਂ ਮੋਟਾ-ਮੋਟਾ ਪੜ੍ਹ ਕੇ ਤੇ ਕੁਝ ਉਸ ਤੋਂ ਪੁੱਛ ਕੇ ਕਿ ਇਹ ਕੀ ਰਿਪੋਰਟ ਹੈ, ਦਸਤਖਤ ਕੀਤੇ। ਬਾਰਾਂ ਕੁ ਵਜੇ ਮੈਂ ਹੁਸ਼ਿਆਰਪੁਰ ਏ. ਆਰ. ਦਫਤਰ ਨੂੰ ਜਾਣਾ ਸੀ। ਏ. ਆਰ. ਸਾਹਿਬ ਸ਼ ਮੋਹਿੰਦਰ ਸਿੰਘ ਸਿੱਧੂ ਸਨ। ਉਨ੍ਹਾਂ ਕੰਮ ਬਾਰੇ ਐਨੀਆਂ ਹਦਾਇਤਾਂ ਦਿੱਤੀਆਂ ਕਿ ਯਾਦ ਰੱਖਣੀਆਂ ਹੀ ਔਖੀਆਂ ਸਨ। ਸਬ-ਇੰਸਪੈਕਟਰਾਂ ‘ਤੇ ਕੰਟਰੋਲ ਰੱਖਣਾ, ਇਹ ਖਾਸ ਹਦਾਇਤ ਸੀ।
ਹੁਸ਼ਿਆਰਪੁਰ ਦਫਤਰੋਂ ਵਿਹਲਾ ਹੋ ਕੇ ਮੈਂ ਰਾਤ ਆਪਣੇ ਪਿੰਡ ਆ ਗਿਆ ਤੇ ਦੂਜੇ ਦਿਨ ਸਵੇਰੇ ਪਿੰਡੋਂ ਸਾਈਕਲ ਵੀ ਮੁਕੇਰੀਆਂ ਨੂੰ ਬੱਸ ‘ਤੇ ਰਖਾ ਕੇ ਲੈ ਗਿਆ। ਮੁਕੇਰੀਆਂ ਘਰ ਲੱਭਣ ਦੀ ਕਵਾਇਦ ਸ਼ੁਰੂ ਹੋਈ। ਕੋਈ ਘਰ ਹੀ ਨਾ ਮਿਲੇ। ਸ਼ਹਿਰ ਦੀ ਵਸੋਂ ਬਹੁਤੀ ਹਿੰਦੂਆਂ ਦੀ ਸੀ ਤੇ ਉਹ ਮੈਨੂੰ ਸਿੱਖ ਦੇਖ ਕੇ ਨਾਂਹ ਕਰ ਦਿਆ ਕਰਨ। ਆਖਿਰ ਇਕ ਝਾਂਗੀ ਪਟਵਾਰੀ ਦਾ ਇਕ ਕਮਰਾ ਮਿਲਿਆ ਜਿਸ ਨਾਲ ਨਾ ਬਾਥਰੂਮ, ਨਾ ਟਾਇਲਟ। ਟਾਇਲਟ ਬਾਹਰ ਖੇਤਾਂ ਵਿਚ ਜਾਓ ਤੇ ਇਸ਼ਨਾਨ ਕਮਰੇ ਦੇ ਇਕ ਖੂੰਜੇ ਪਾਣੀ ਦੀ ਬਾਲਟੀ ਰੱਖ ਕੇ ਕਰੋ। ਮੈਨੂੰ ਕਾਫੀ ਤੰਗੀ ਮਹਿਸੂਸ ਹੁੰਦੀ। ਕਈ ਮਹੀਨੇ ਮਕਾਨ ਲੱਭਦਿਆਂ ਲੰਘ ਗਏ। ਸਾਡੇ ਦਫਤਰ ਦੇ ਮਾਲਕ ਚੌਧਰੀ ਬਲਬੀਰ ਸਿੰਘ ਆਹਲੂਵਾਲੀਆ, ਜੋ ਮੁਕੇਰੀਆਂ ਵਿਚ ਸਬ-ਰਜਿਸਟਰਾਰ ਲੱਗੇ ਹੋਏ ਸਨ, ਦੀ ਦਫਤਰ ਨਾਲ ਕਾਫੀ ਜਗ੍ਹਾ ਖਾਲੀ ਪਈ ਸੀ। ਉਸ ਸਮੇਂ ਸਿਆਸੀ ਲੀਡਰਾਂ ਨੂੰ ਸਬ-ਰਜਿਸਟਰਾਰ ਲਾਇਆ ਜਾਂਦਾ ਸੀ, ਜਿਸ ਤਰ੍ਹਾਂ ਅੱਜ ਕੱਲ੍ਹ ਚੇਅਰਮੈਨ ਨਿਯੁਕਤ ਕਰਦੇ ਹਨ। ਮਕਾਨ ਛੱਤਣ ਲਈ ਉਸ ਨੇ ਇੱਟਾਂ ਦੇ ਚੱਕੇ ਵੀ ਲਾਏ ਹੋਏ ਸਨ। ਉਹ ਕਹਿਣ ਲੱਗੇ ਕਿ ਮਕਾਨ ਤਾਂ ਮੈਂ ਬਣਾ ਦਿਆਂ ਪਰ ਸੀਮੈਂਟ ਨਹੀਂ ਮਿਲਦਾ। ਕਿਸੇ ਤਰ੍ਹਾਂ ਬੀ. ਡੀ. ਓ ਸਾਹਿਬ ਨੂੰ ਮਿਲ ਕੇ ਮੈਂ ਸੀਮੈਂਟ ਦਿਵਾਇਆ। ਇਹ ਦੋ ਕਮਰੇ, ਰਸੋਈ ਤੋਂ ਅਲੱਗ ਵਿਹੜੇ ਵਾਲਾ ਮੇਰੀ ਮਰਜ਼ੀ ਦਾ ਨਵਾਂ ਮਕਾਨ ਬਣਿਆ। ਚੌਧਰੀ ਨੇ ਕਿਰਾਇਆ 25 ਰੁਪਏ ਮਹੀਨਾ ਮੰਗਿਆ, ਜੋ ਅਸੀਂ ਮੰਨ ਲਿਆ। ਅਕਤੂਬਰ 1962 ਵਿਚ ਮੈਂ ਘਰ ਵਾਲੀ ਅਤੇ ਬੱਚਿਆਂ ਨੂੰ ਲਿਆਇਆ।
ਜਿਉਂ ਹੀ ਅਸੀਂ ਰਿਕਸ਼ੇ ਤੋਂ ਉਤਰੇ, ਸਾਰੇ ਮੁਹੱਲੇ ਦੀਆਂ ਜਨਾਨੀਆਂ ਅਤੇ ਨਿਆਣੇ ਸਾਡੇ ਦੁਆਲੇ ਇਕੱਠੇ ਹੋ ਗਏ। ਉਹ ਸਾਨੂੰ ਦੇਖ ਕੇ ਖੁਸ਼ ਸਨ। ਕਿਸੇ ਨੇ ਕਾਕੇ ਨੂੰ ਫੜ ਲਿਆ ਤੇ ਕਿਸੇ ਨੇ ਗੁੱਡੀ ਨੂੰ ਚੁੱਕ ਲਿਆ। ਛੋਟੇ-ਛੋਟੇ ਮੁੰਡੇ ਰਿਕਸ਼ੇ ਤੋਂ ਸਮਾਨ ਲਾਹੁਣ ਲੱਗ ਪਏ। ਜਨਾਨੀਆਂ ਆਖਣ, “ਭੈਣ ਚੰਗਾ ਹੋਇਆ ਤੂੰ ਆ ਗਈ। ਸਰਦਾਰ ਤਾਂ ਉਦਾਸ ਜਿਹਾ ਰਹਿੰਦਾ ਸੀ, ਚੁੱਪ-ਚਾਪ, ਕਦੇ ਕਿਸੇ ਨਾਲ ਬੋਲਿਆ ਤੱਕ ਨਹੀਂ ਸੀ।” ਮੈਂ ਚੁੱਪ ਕਰਕੇ ਅੰਦਰ ਵੜ ਕੇ ਦਰਵਾਜਾ ਬੰਦ ਕਰ ਲੈਂਦਾ ਸੀ। ਰੋਟੀ-ਪਾਣੀ ਧਰਮ ਸਿੰਘ ਸੇਵਾਦਾਰ ਬਹੁਤ ਵਧੀਆ ਬਣਾਉਂਦਾ ਸੀ। ਉਹ ਇਥੇ ਮੁਕੇਰੀਆਂ ਕਈ ਸਾਲਾਂ ਤੋਂ ਲੱਗਾ ਹੋਇਆ ਸੀ। ਮੁਕੇਰੀਆਂ ਤੋਂ ਹਾਜੀਪੁਰ ਵਾਲੀ ਸੜਕ ਤੋਂ ਚਾਰ ਮੀਲ ‘ਤੇ ਪੈਂਦੇ ਪਿੰਡ ਪਟਿਆਲ ਦਾ ਰਹਿਣ ਵਾਲਾ ਸੀ। ਨੌਕਰੀ ਕਰਨ ਦੇ ਅਕਲ ਵਾਲੇ ਤੌਰ-ਤਰੀਕਿਆਂ ਤੋਂ ਜਾਣੂ ਸੀ। ਪਿੰਡਾਂ ਦੇ ਦੌਰੇ ‘ਤੇ ਜਾਣਾ ਸਾਡੇ ਲਈ ਲਾਜ਼ਮੀ ਸੀ ਤੇ ਉਹ ਮੇਰੇ ਨਾਲ ਹੁੰਦਾ। ਸਬ-ਇੰਸਪੈਕਟਰ ਨੂੰ ਅਸੀਂ ਪਹਿਲਾਂ ਹੀ ਭੇਜ ਦਿੰਦੇ ਤੇ ਉਹ ਲੋਕਾਂ ਨੂੰ ਇਕੱਠੇ ਕਰ ਰੱਖਦਾ। ਰਾਹ ਵਿਚ ਧਰਮ ਸਿੰਘ ਪਹਿਲਾਂ ਰਹਿ ਚੁਕੇ ਇੰਸਪੈਕਟਰਾਂ ਦੀਆਂ ਚੰਗੀਆਂ ਅਤੇ ਮਾੜੀਆਂ ਗੱਲਾਂ ਮੈਨੂੰ ਸੁਣਾਉਂਦਾ ਰਹਿੰਦਾ। ਜਿਨ੍ਹਾਂ ਇੰਸਪੈਕਟਰਾਂ ਨੇ ਕਦੇ ਵੱਕਾਰ ਵਾਲਾ ਸਟੈਂਡ ਲਿਆ, ਉਨ੍ਹਾਂ ਦੀ ਉਹ ਬਹੁਤ ਤਾਰੀਫ ਕਰਦਾ। ਉਸ ਨੂੰ ਬਹਾਦਰ ਇੰਸਪੈਕਟਰਾਂ ਨਾਲ ਕੰਮ ਕਰਨ ਦਾ ਚਾਅ ਸੀ। ਉਸ ਨੇ ਸਵੇਰੇ ਆ ਕੇ ਮੇਰੇ ਲਈ ਪਾਣੀ ਦੀ ਬਾਲਟੀ ਲਿਆਉਣੀ ਤੇ ਫੇਰ ਚਾਹ ਬਣਾ ਕੇ ਪਿਲਾਉਣੀ, ਮੇਰਾ ਸਾਈਕਲ ਸਾਫ ਕਰਨਾ, ਟਾਇਰਾਂ ਵਿਚ ਹਵਾ ਭਰਨੀ। ਇਕ ਪੰਪ ਅਤੇ ਪੰਚਰ ਲਾਉਣ ਦਾ ਸਮਾਨ ਉਸ ਨੇ ਆਪਣੇ ਸਾਈਕਲ ਨਾਲ ਦਰੀ ਦੇ ਝੋਲੇ ਵਿਚ ਪਾ ਕੇ ਟੰਗਿਆ ਹੁੰਦਾ। ਮੁਕੇਰੀਆਂ ਸਰਵਿਸ ਦੌਰਾਨ ਮੈਨੂੰ ਕਦੇ ਵੀ ਉਸ ‘ਤੇ ਗੁੱਸਾ ਨਹੀਂ ਸੀ ਆਇਆ। ਧਰਮ ਸਿੰਘ ਕਹਿੰਦਾ:
ਨੌਕਰੀ ਹਾਂ ਜੀ ਦੀ
ਚੋਰੀ ਨਾ ਜੀ ਦੀ
ਯਾਰੀ ਮਾਂ ਜੀ ਦੀ
ਤੇ ਵਿਆਖਿਆ ਕਰਦਾ ਕਿ ਅਫਸਰ ਨੂੰ ‘ਹਾਂ ਜੀ’ ਵਿਚ ਜਵਾਬ ਦੇਣਾ। ਚੋਰੀ ਕਰਕੇ ਮੰਨਣਾ ਨਹੀਂ। ਪੁਲਿਸ ਕੁੱਟੇ ਵੀ ਤਾਂ ਵੀ ‘ਨਾ ਜੀ’ ਕਹਿਣਾ। ਜੇ ਕਿਸੇ ਜ਼ਨਾਨੀ ਨਾਲ ਨਾਜਾਇਜ਼ ਸਬੰਧਾਂ ਬਾਰੇ ਲੋਕੀਂ ਕਹਿਣ ਤਾਂ ਜਵਾਬ ਦੇਣਾ, ਉਹ ਤਾਂ ਮੇਰੀ ਮਾਂ ਲੱਗਦੀ ਆ।
ਮੇਰੀ ਘਰ ਵਾਲੀ ਦੇ ਆਉਣ ‘ਤੇ ਉਸ ਨੇ ਸਵੇਰੇ ਸਬਜ਼ੀ ਲਿਆ ਕੇ ਦੇਣੀ। ਮੇਰੇ ਕੱਪੜੇ ਧੋਬੀ ਨੂੰ ਦੇ ਕੇ ਆਉਣੇ ਤੇ ਲਿਆਉਣੇ। ਉਨ੍ਹੀਂ ਦਿਨੀਂ ਸੂਤੀ ਕੱਪੜੇ ਹੀ ਹੁੰਦੇ ਸਨ ਤੇ ਧੋਬੀਆਂ ਨਾਲ ਵਾਹ ਪੈਂਦਾ ਸੀ। ਇੰਸਪੈਕਟਰ ਦੀ ਉਹ ਠੁੱਕ ਬਣਾ ਦਿੰਦਾ ਸੀ। ਬਿਨਾ ਇਜਾਜ਼ਤ ਕਿਸੇ ਨੂੰ ਇੰਸਪੈਕਟਰ ਦੇ ਕਮਰੇ ਵਿਚ ਨਾ ਜਾਣ ਦਿੰਦਾ। ਇਸ ਤਰ੍ਹਾਂ ਰੋਕਣ ਨਾਲ ਉਸ ਦਾ ਵੀ ਲੋਕਾਂ, ਖਾਸ ਕਰਕੇ ਸੁਸਾਇਟੀਆਂ ਦੇ ਸੈਕਟਰੀਆਂ ਵਿਚ ਟੌਹਰ ਬਣਿਆ ਰਹਿੰਦਾ। ਉਹ ਆਪ ਵੀ ਆਖਿਆ ਕਰਦਾ, ਜੇ ਕੋਈ ਆਪ ਹੀ ਅੰਦਰ ਚਲੇ ਜਾਵੇ ਤਾਂ ਸਾਨੂੰ ਸਰਕਾਰ ਨੇ ਕਾਹਦੇ ਲਈ ਰੱਖਿਆ? ਸਾਡੀ ਹੋਰ ਕਿਹੜੀ ਡਿਊਟੀ ਆ।
ਇੰਸਪੈਕਟਰ ਦੇ ਦਫਤਰ ਲਈ ਗਰਮੀਆਂ ਦੇ ਦੋ ਮਹੀਨੇ ਇਕ ਮਜ਼ਦੂਰ, ਛੱਤ ‘ਤੇ ਲੱਗਾ ਪੱਖਾ ਹੱਥ ਨਾਲ ਚਲਾਉਣ ਲਈ ਰੱਖਣ ਦੀ ਇਜਾਜ਼ਤ ਸੀ। ਸਰਦੀ ਤੋਂ ਬਚਣ ਲਈ ਦੋ ਮਹੀਨੇ ਅੰਗੀਠੀਆਂ ਬਾਲੀਆਂ ਜਾ ਸਕਦੀਆਂ ਸਨ।
ਮੇਰੀ ਘਰ ਵਾਲੀ ਕੋਲ ਮੁਹੱਲੇ ਦੀਆਂ ਇਕ-ਦੋ ਤੀਵੀਆਂ ਬੈਠੀਆਂ ਹੀ ਰਹਿੰਦੀਆਂ। ਨਵੰਬਰ 1962 ਵਿਚ ਮੈਂ 150 ਰੁਪਏ ਦਾ ਦੇਸੀ ਜਿਹਾ ਰੇਡੀਓ ਕਿਸ਼ਤਾਂ ‘ਤੇ ਖਰੀਦਿਆ, ਕਿਉਂਕਿ ਚੀਨ ਦੇ ਹਮਲੇ ਦੀਆਂ ਖਬਰਾਂ ਸੁਣਨੀਆਂ ਜ਼ਰੂਰੀ ਸਨ। ਆਮ ਘਰਾਂ ਵਿਚ ਰੇਡੀਓ ਨਹੀਂ ਸਨ ਹੁੰਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਦਾ ਘਰ ਵੀ ਸਾਡੇ ਨਾਲ ਹੀ ਸੀ। ਉਨ੍ਹਾਂ ਦੀ ਘਰ ਵਾਲੀ ਅਤੇ ਬੇਟੀਆਂ ਦੀ ਮੇਰੀ ਘਰ ਵਾਲੀ ਨਾਲ ਬਹੁਤ ਬਣਦੀ ਸੀ।
ਜਦੋਂ ਅਸੀਂ ਪਹਿਲਾਂ-ਪਹਿਲਾਂ ਗਏ ਤਾਂ ਪਿੰਡੋਂ ਨਿੱਤਨੇਮ ਵਾਲਾ ਗੁਟਕਾ ਲਿਜਾਣਾ ਭੁੱਲ ਗਏ। ਮੁਕੇਰੀਆਂ ਸ਼ਹਿਰ ਦੀ ਕਿਸੇ ਵੀ ਦੁਕਾਨ ਤੋਂ ਗੁਟਕਾ ਨਾ ਮਿਲਿਆ ਤਾਂ ਮਹਿੰਦਰ (ਮੇਰੀ ਘਰ ਵਾਲੀ) ਨੇ ਜੋਗਿੰਦਰ ਸਿੰਘ ਦੀ ਘਰ ਵਾਲੀ ਨੂੰ ਦੱਸਿਆ ਤਾਂ ਉਨ੍ਹਾਂ ਨੇ ਤੁਰੰਤ ਆਪਣੀ ਬੇਟੀ ਦੇ ਹੱਥ ਗੁਟਕਾ ਭੇਜ ਦਿੱਤਾ।
1954 ਦੇ ਲਾਗੇ ਪੰਜਾਬ ਨੈਸ਼ਨਲ ਬੈਂਕ, ਮੁਕੇਰੀਆਂ ਵਿਖੇ ਡਾਕਾ ਪਿਆ, ਜੋ ਅਜੀਬ ਘਟਨਾ ਸੀ। ਅਖਬਾਰਾਂ ਦੀਆਂ ਸੁਰਖੀਆਂ ਕਈ ਦਿਨ ਤਕ ਇਸ ਡਾਕੇ ਦਾ ਵੇਰਵਾ ਦਿੰਦੀਆਂ ਰਹੀਆਂ। ਮੈਂ ਉਦੋਂ ਜਮਸ਼ੇਦਪੁਰ ਕਾਲਜ ਵਿਚ ਪੜ੍ਹਦਾ ਸਾਂ। ਮੁਕੇਰੀਆਂ ਡਾਕੇ ਵਿਚ ਡਾਕੂਆਂ ਜੋ ਦਲੇਰੀ ਦਿਖਾਈ, ਉਹ ਹੈਰਾਨ ਕਰਨ ਵਾਲੀ ਸੀ। ਮੈਂ ਆਪਣੇ ਸੇਵਾਦਾਰ ਧਰਮ ਸਿੰਘ ਤੋਂ ਇਸ ਦਾ ਵੇਰਵਾ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਤਿੰਨ ਡਾਕੂਆਂ ਨੇ ਪੁਲਿਸ ਦੀਆਂ ਵਰਦੀਆਂ ਪਾਈਆਂ ਤੇ ਮੁਕੇਰੀਆਂ ਥਾਣੇ ਚਲੇ ਗਏ। ਥਾਣੇ ਦੇ ਸਟਾਫ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਅਤੇ ਉਨ੍ਹਾਂ ਦਾ ਸਾਰਾ ਅਸਲਾ ਵੀ ਲੈ ਗਏ। ਉਸ ਪਿਛੋਂ ਬਾਜ਼ਾਰ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਗਏ। ਬੈਂਕ ਦੇ ਗੋਰਖਾ ਚੌਕੀਦਾਰ ਨੂੰ ਜ਼ਖਮੀ ਕਰਕੇ ਮੂੰਹ ਵਿਚ ਕੱਪੜਾ ਤੁੰਨ੍ਹ ਕੇ ਇਕ ਪਾਸੇ ਬੰਨ੍ਹ ਦਿੱਤਾ। ਕੈਸ਼ ਵਾਲੀਆਂ ਤਜੋਰੀਆਂ ਤੋੜ ਕੇ ਸਭ ਕੈਸ਼ ਬੈਗ ਵਿਚ ਪਾ ਕੇ ਮੁਕੇਰੀਆਂ ਦੇ ਬੱਸ ਅੱਡੇ ‘ਤੇ ਗਏ। ਬੱਸ ਦਾ ਡਰਾਈਵਰ ਪ੍ਰੀਤਮ ਬੱਸ ਦੀ ਛੱਤ ‘ਤੇ ਸੁੱਤਾ ਪਿਆ ਸੀ। ਉਸ ਨੂੰ ਜਗਾ ਕੇ ਪਿਸਤੋਲ ਦਿਖਾ ਕੇ ਬੱਸ ‘ਤੇ ਸਵਾਰ ਹੋ ਕੇ ਜਲੰਧਰ ਵੱਲ ਚਲੇ ਗਏ। ਮੂੰਹਾਂ ‘ਤੇ ਠਾਠੇ ਬੰਨ੍ਹੇ ਹੋਏ ਸਨ। ਜਲੰਧਰ ਤੋਂ ਪੰਜ-ਸੱਤ ਮੀਲ ਉਰੇ ਹੀ ਬੱਸ ਰੁਕਵਾ ਕੇ ਕੈਸ਼ ਅਤੇ ਥਾਣੇ ਤੋਂ ਲੁੱਟੇ ਅਸਲੇ ਨਾਲ ਬੱਸ ਵਿਚੋਂ ਉਤਰ ਗਏ। ਕਈ ਸਾਲ ਇਹ ਕੇਸ ਚੱਲਦਾ ਰਿਹਾ। ਮੈਨੂੰ ਬਹੁਤਾ ਪਤਾ ਨਹੀਂ। ਕੋਈ ਪਾਠਕ ਇਸ ਡਕੈਤੀ ਦਾ ਵੇਰਵਾ ਦੇਵੇ ਤਾਂ ਬੜਾ ਦਿਲਚਸਪ ਹੋਵੇਗਾ।
ਸਾਡੇ ਸਬ-ਇੰਸਪੈਕਟਰ ਮੀਆਂ ਚਤਰ ਸਿੰਘ ਕੇਵਲ ਨਾਂ ਦੇ ਹੀ ਚਤਰ ਸਿੰਘ ਸਨ। ਬੜੇ ਹੀ ਸਿੱਧੇ-ਸਾਦੇ। ਮੇਰੇ ਨਾਲੋਂ ਉਮਰ ਵਿਚ ਦਸ-ਬਾਰਾਂ ਸਾਲ ਵੱਡੇ। ਬੋਲੀ ਡੋਗਰੀ ਸੀ। Ḕਮੈਂ ਕਿਹਾḔ ਨੂੰ Ḕਮੀ ਗਲਾਇਆḔ ਉਨ੍ਹਾਂ ਦੇ ਮੂੰਹੋਂ ਬੜਾ ਜਚਦਾ। ਬਾਬੂ ਕੁਲਦੀਪ ਰਾਜ, ਚਤਰ ਸਿੰਘ ਦੀ ਯੱਕੜੀਆਂ ਦੇ ਲਤੀਫੇ ਬਣਾ-ਬਣਾ ਕੇ ਸੁਣਾਇਆ ਕਰਦਾ। ਚਤਰ ਸਿੰਘ ਦੇ ਤਰੱਕੀ ਦੇ ਆਰਡਰ ਆ ਗਏ ਤਾਂ ਉਸ ਨੇ ਲਿਖ ਕੇ ਭੇਜ ਦਿੱਤਾ ਕਿ ਮੇਰੇ ਕੋਲੋਂ ਇੰਸਪੈਕਟਰ ਦੀ ਡਿਊਟੀ ਨਹੀਂ ਕਰ ਹੋਣੀ। ਮੈਨੂੰ ਸਬ-ਇੰਸਪੈਕਟਰ ਹੀ ਰਹਿਣ ਦਿੱਤਾ ਜਾਵੇ। ਉਦੋਂ ਉਸ ਦੀ ਤਨਖਾਹ 132 ਰੁਪਏ ਮਹੀਨਾ ਸੀ ਅਤੇ ਇੰਸਪੈਕਟਰ ਬਣਨ ‘ਤੇ ਪਹਿਲੇ ਸਾਲ 140 ਰੁਪਏ ਮਿਲਣੀ ਸੀ। ਕੇਵਲ 8 ਰੁਪਏ ਲਈ ਉਹ ਘਰੋਂ ਦੂਰ ਨਹੀਂ ਸੀ ਜਾਣਾ ਚਾਹੁੰਦਾ। ਇਕ ਵਾਰ ਕਿਸੇ ਕੁਤਾਹੀ ਕਾਰਨ ਮੈਂ ਡਾਂਟ ਦਿੱਤਾ ਤਾਂ ਸਰਵਿਸ ਤੋਂ ਅਸਤੀਫਾ ਲਿਖ ਕੇ ਹੀ ਬਾਬੂ ਕੁਲਦੀਪ ਰਾਜ ਨੂੰ ਫੜਾ ਗਿਆ। ਮੈਂ ਇੰਦਰਜੀਤ ਸਿੰਘ ਅਤੇ ਇਕ ਹੋਰ ਸਬ-ਇੰਸਪੈਕਟਰ ਨੂੰ ਭੇਜ ਕੇ ਉਸ ਨੂੰ ਮਨਾਇਆ।
ਇੰਦਰਜੀਤ ਸਿੰਘ ਕਾਫੀ ਸਾਲਾਂ ਤੋਂ ਮੁਕੇਰੀਆਂ ਲੱਗਾ ਹੋਇਆ ਸੀ। ਉਸ ਦੇ ਚਾਰਜ ਵਿਚ ਬਹੁਤੇ ਪਿੰਡ ਲੁਬਾਣਾ ਬਰਾਦਰੀ ਦੇ ਸਨ। ਚਤਰ ਸਿੰਘ ਦੇ ਚਾਰਜ ਵਿਚ ਰਾਜਪੂਤਾਂ ਦੇ। ਚਤਰ ਸਿੰਘ ਉਨ੍ਹਾਂ ਨਾਲ ਬੈਠ ਕੇ ਹੁੱਕਾ ਪੀ ਲੈਂਦਾ ਤੇ ਉਨ੍ਹਾਂ ਨਾਲ ਘੁਲ-ਮਿਲ ਕੇ ਉਨ੍ਹਾਂ ਨੂੰ ਪਤਿਆ ਕੇ ਅੜੀਆਂ ਹੋਈਆਂ ਵਸੂਲੀਆਂ ਵੀ ਕਰਾ ਲੈਂਦਾ।
ਸਾਡੇ ਪਿੰਡਾਂ ਲਾਗੇ ਦੁੱਗਾਂ ਪਿੰਡ ਦਾ ਇਕ ਜਗੀਰ ਸਿੰਘ ਸੀ। ਉਹਦੀ ਰੇਡੀਓ ਦੀ ਮੁਰੰਮਤ ਦੀ ਦੁਕਾਨ ਸੀ। ਉਹ ਨਵੇਂ ਰੇਡੀਓ ਵੀ ਬਣਾ ਕੇ ਵੇਚਦਾ ਸੀ। ਮੈਂ ਵੀ ਨਵਾਂ ਰੇਡੀਓ ਉਸ ਤੋਂ ਖਰੀਦਿਆ ਸੀ। ਇਕ ਦਿਨ ਮੈਂ ਉਹਦੀ ਦੁਕਾਨ ‘ਤੇ ਗਿਆ, ਉਥੇ ਦੋ-ਚਾਰ ਬੰਦੇ ਹੋਰ ਵੀ ਬੈਠੇ ਸਨ। ਮੈਨੂੰ ਕਹਿਣ ਲੱਗਾ, “ਇੰਸਪੈਕਟਰ ਸਾਹਿਬ! ਤੁਸੀਂ ਕਦੋਂ ਸਬ-ਇੰਸਪੈਕਟਰ ਬਣਨਾ ਏਂ?” ਮੈਂ ਉਹਦਾ ਮਖੌਲ ਸਮਝ ਗਿਆ ਕਿ ਇਹ ਇੰਨਾ ਭੋਲਾ ਤਾਂ ਨਹੀਂ ਹੈ, ਜਿਸ ਨੂੰ ਇਹ ਪਤਾ ਨਾ ਹੋਵੇ ਕਿ ਸਬ-ਇੰਸਪੈਕਟਰ ਤੋਂ ਇੰਸਪੈਕਟਰ ਵੱਡਾ ਹੁੰਦਾ ਹੈ। ਮੈਂ ਵੀ ਹੱਸ ਕੇ ਕਿਹਾ, “ਕੀ ਗੱਲ?”
ਜਗੀਰ ਸਿੰਘ ਨੇ ਕਿਹਾ, “ਬੱਸ ਊਂਈ, ਮੈਂ ਦੇਖਦਾਂ ਕਿ ਇੰਦਰਜੀਤ ਦੇ ਘਰ ਲੋਕੀ ਗੰਨੇ, ਸਾਗ ਤੇ ਪਤਾ ਨਹੀਂ ਹੋਰ ਕੀ ਕੁਸ਼ ਬੋਰੀਆਂ ‘ਚ ਪਾ ਕੇ ਲਈ ਆਉਂਦੇ ਹਨ, ਤੁਹਾਡੇ ਘਰ ਵੱਲ ਕੋਈ ਜਾਂਦਾ ਕਦੇ ਦੇਖਿਆ ਹੀ ਨਹੀਂ।” ਸੁਣ ਕੇ ਅਸੀਂ ਸਾਰੇ ਖੂਬ ਹੱਸੇ।
ਘਰ ਦਾ ਕੰਮ ਕਰਨ ਲਈ ਮਹਿੰਦਰ ਨੇ ਲਾਜੋ ਝਿਊਰੀ ਰੱਖ ਲਈ। ਪਾਣੀ ਦੀਆਂ ਇਕ-ਦੋ ਬਾਲਟੀਆਂ ਧਰਮ ਸਿੰਘ ਲਿਆ ਦਿੰਦਾ ਤੇ ਬਾਕੀ ਲਾਜੋ। ਇਨ੍ਹਾਂ ਦੋਹਾਂ ਦੀ ਆਪਸ ਵਿਚ ਬਣਦੀ ਨਹੀਂ ਸੀ। ਸਮਝ ਲਵੋ ਕਿ ਕੁੱਤੇ ਤੇ ਬਿੱਲੀ ਵਾਲਾ ਵੈਰ ਸੀ। ਧਰਮ ਸਿੰਘ ਮੈਨੂੰ ਆਖਿਆ ਕਰੇ, “ਸਾਹਿਬ ਤੁਸੀਂ ਤਾਂ ਸਾਰੇ ਸ਼ਹਿਰ ਦੀ ਜੂਠ ਰੱਖ ਲਈ ਆ।” ਲਾਜੋ ਮਹਿੰਦਰ ਕੋਲ ਕਿਹਾ ਕਰੇ, “ਇਹ ਧਰਮਾ, ਦਾਦੇ-ਮਗੌਣਾ ਦਫਤਰ ਅੱਗੇ ਮੈਨੂੰ ਕਹਿਣ ਲੱਗਾ, ‘ਆ ਜਾ ਲਾਜੋ ਤੈਨੂੰ ਪਲਾਈਏ ਘੁੱਟ।Ḕ ਮੈਂ ਕਿਹਾ, ਆਪਣੀ ਮਾਂ ਨੂੰ ਪਿਲਾਈਂ ਹਰਾਮਜ਼ਾਦਿਆ, ਆਹ ਛਿੱਤਰ ਦੇਖ ਲੈ।”
ਹੌਲੀ-ਹੌਲੀ ਘਰ ਦੇ ਕੰਮ ਵਿਚ ਧਰਮ ਸਿੰਘ ਦਾ ਦਖਲ ਲਾਜੋ ਨੇ ਖਤਮ ਹੀ ਕਰ ਦਿੱਤਾ। ਉਹ ਆਪੇ ਹੀ ਸਬਜ਼ੀ ਜਾਂ ਦੁਕਾਨ ਤੋਂ ਹੋਰ ਸਮਾਨ ਲਿਆ ਦਿਆ ਕਰੇ। ਆਟਾ ਵੀ ਪਿਹਾ ਲਿਆਇਆ ਕਰੇ। ਕਦੇ-ਕਦੇ ਮਹਿੰਦਰ ਨੂੰ ਆਖਦੀ, “ਬੀਬੀ ਅੱਜ ਤਾਂ ਮੇਰੇ ਢਿੱਡ ਪੀੜ ਹੋ ਰਹੀ ਆ। ਕਿਤੇ ਸਰਦਾਰ ਹੁਰਾਂ ਦੀ ਬਚਦੀ ਦਾਰੂ ਦੇ ਦੋ ਘੁੱਟ ਦਿਓ ਮੈਨੂੰ।” ਉਹਨੂੰ ਪਤਾ ਹੁੰਦਾ ਕਿ ਥੋੜ੍ਹੀ-ਬਹੁਤੀ ਤਾਂ ਪਈ ਹੀ ਹੁੰਦੀ ਸੀ। ਹੁੰਦੀ ਵੀ ਠੇਕੇ ਦੀ ਸੰਤਰਾ ਜਾਂ ਮਾਲਟਾ ਮਾਰਕਾ। ਮੁਕੇਰੀਆਂ ਸ਼ਹਿਰ ਵਿਚ ਅੰਗਰੇਜ਼ੀ ਸ਼ਰਾਬ ਦਾ ਠੇਕਾ ਨਹੀਂ ਸੀ ਹੁੰਦਾ। 1963 ਤੱਕ ਸਾਰੇ ਜਿਲੇ ਵਿਚ ਕੇਵਲ ਹੁਸ਼ਿਆਰਪੁਰ ਸ਼ਹਿਰ ਵਿਚ ਹੀ ਅੰਗਰੇਜ਼ੀ ਸ਼ਰਾਬ ਦਾ ਠੇਕਾ ਸੀ।
ਮਈ 1963 ਵਿਚ 150 ਰੁਪਏ ਦਾ ਊਸ਼ਾ ਕੰਪਨੀ ਦਾ ਟੇਬਲ ਫੈਨ ਖਰੀਦਿਆ, ਜੋ ਵੀਹ-ਪੱਚੀ ਸਾਲ ਤੱਕ ਕਦੇ ਖਰਾਬ ਨਾ ਹੋਇਆ। ਇਹ ਪੱਖਾ ਵੀ ਦਸ ਰੁਪਏ ਮਹੀਨਾ ਕਿਸ਼ਤਾਂ ‘ਤੇ ਲਿਆ। ਇਸ ਤਰ੍ਹਾਂ ਅਸੀਂ ਗੁਜ਼ਾਰਾ ਕਰਦੇ। ਉਨ੍ਹੀਂ ਦਿਨੀਂ ਇਕ ਨਵਾਂ ਸਬ-ਇੰਸਪੈਕਟਰ ਆਇਆ। ਉਹ ਘਰੋਂ ਗਰੀਬ ਸੀ। ਸਾਰੇ ਸਬ-ਇੰਸਪੈਕਟਰਾਂ ਨੇ ਸਲਾਹ ਕੀਤੀ ਅਤੇ ਮੇਰੇ ਕਮਰੇ ਵਿਚ ਆ ਕੇ ਕਹਿਣ ਲੱਗੇ, “ਇੰਸਪੈਕਟਰ ਸਾਹਿਬ, ਅਸੀਂ ਇਕ ਸਲਾਹ ਕੀਤੀ ਏ, ਜੇ ਤੁਸੀਂ ਮੰਨੋਗੇ?” ਮੈਂ ਕਿਹਾ, “ਕੀ ਸਲਾਹ ਕੀਤੀ ਆ।” ਤੁਸੀਂ ਆਪਣਾ ਪੁਰਾਣਾ ਸਾਈਕਲ ਮਹਿੰਦਰ ਸਿੰਘ ਸਬ-ਇੰਸਪੈਕਟਰ ਨੂੰ ਵੇਚ ਦਿਓ ਤੇ ਤੁਸੀਂ ਨਵਾਂ ਲੈ ਲਵੋ, ਜਦੋਂ ਦੌਰੇ ‘ਤੇ ਜਾਂਦੇ ਹੋ, ਸਾਡੇ ਸਾਈਕਲ ਨਵੇਂ ਹੁੰਦੇ ਆ ਤੇ ਤੁਹਾਡਾ ਪੁਰਾਣਾ। ਇਹ ਗੱਲ ਸਾਨੂੰ ਜਚਦੀ ਨਹੀਂ।”
ਇੰਦਰਜੀਤ ਸਬ-ਇੰਸਪੈਕਟਰ ਸਾਰੀ ਟੀਮ ਦਾ ਕਪਤਾਨ ਸੀ ਤੇ ਕਹਿਣ ਲੱਗਾ, ਤਨਖਾਹ ਵਾਲੇ ਦਿਨ ਮਹਿੰਦਰ ਸਿੰਘ ਤੁਹਾਨੂੰ ਪੰਜਾਹ ਰੁਪਏ ਦੇ ਦੇਵੇਗਾ। ਨਵਾਂ ਸਾਈਕਲ ਮੈਂ ਤੁਹਾਨੂੰ ਲੈ ਦਿਆਂਗਾ। ਇਸ ਤਰ੍ਹਾਂ 50 ਰੁਪਏ ਦੇ ਕੇ ਮੈਂ ਨਵਾਂ ਸਾਈਕਲ 165 ਰੁਪਏ ਵਿਚ ਖਰੀਦ ਲਿਆ। ਬਾਕੀ ਪੈਸੇ ਕਿਸ਼ਤਾਂ ਵਿਚ ਦਿੱਤੇ। ਇਹ ਹੈ ਸਾਡੀ ਉਸ ਸਮੇਂ ਦੀ ਕਹਾਣੀ। ਹੱਕ-ਹਲਾਲ ਦੀ ਕਮਾਈ ਵਿਚ ਗੁਜ਼ਾਰਾ ਕਰਨ ਦੀ।
ਮਹਿੰਦਰ ਸਿੰਘ ਅਕਸਰ ਬਿਮਾਰ ਰਹਿੰਦਾ ਸੀ। ਸਿਵਲ ਹਸਪਤਾਲ ਵਾਲਾ ਡਾਕਟਰ ਮੇਰਾ ਦੋਸਤ ਬਣ ਗਿਆ। ਉਹ ਦਵਾਈਆਂ ਦੇ ਬਿੱਲ ਪਾਸ ਕਰ ਦਿੰਦਾ ਤੇ ਮੈਨੂੰ ਸਰਕਾਰ ਵਲੋਂ ਪੈਸੇ ਮਿਲ ਜਾਂਦੇ, ਪਰ ਏ. ਆਰ. ਦਫਤਰ ਵਾਲੇ ਖਾਹ-ਮਖਾਹ ਦੇ ਇਤਰਾਜ਼ ਲਾ ਕੇ ਬਿੱਲ ਵਾਪਸ ਭੇਜ ਦਿੰਦੇ, ਮਾਰਚ ਮਹੀਨੇ ਮੱਝ ਦੇ ਅੜਾ ਕੇ ਦੁੱਧ ਦੇਣ ਵਾਂਗ ‘ਵਾਜ਼ਾਂ ਮਾਰ-ਮਾਰ ਕੇ ਬਿੱਲ ਵਾਪਸ ਮੰਗਦੇ। ਟੀ. ਏ. ਬਿੱਲ ਵੀ ਮਾਰਚ ਵਿਚ ਹੀ ਪਾਸ ਕਰਦੇ। ਪਹਿਲਾਂ ਇਤਰਾਜ਼ ਲਾਈ ਜਾਂਦੇ।
ਮੁਕੇਰੀਆਂ ਨਵਾਂ-ਨਵਾਂ ਸਿਨਮਾ ਘਰ ਬਣਿਆ ਸੀ। ਔਰਤਾਂ ਲਈ ਐਤਵਾਰ ਨੂੰ ਸਵੇਰੇ ਲੇਡੀਜ਼ ਸ਼ੋਅ ਹੁੰਦਾ ਜਿਸ ਵਿਚ ਕੇਵਲ ਔਰਤਾਂ ਤੇ ਬੱਚੇ ਹੀ ਜਾ ਸਕਦੇ। ਮਹਿੰਦਰ ਨੇ ਮੁਹੱਲੇ ਦੀਆਂ ਹੋਰ ਸ਼ੌਕੀਨ ਔਰਤਾਂ ਨਾਲ ਲੇਡੀ ਸ਼ੋਅ ‘ਤੇ ਜ਼ਰੂਰ ਜਾਣਾ ਤੇ ਮੁਕੇਰੀਆਂ ਵਿਚ ਲੱਗੀ ਹਰ ਚੰਗੀ-ਮਾੜੀ ਫਿਲਮ ਦੇਖਣੀ। ਨਵਾਂ ਸਿਨਮਾ ਬਣਨ ਤੋਂ ਪਹਿਲਾਂ ਨੌਸ਼ਹਿਰਾ ਪੱਤਣ ਵਾਲੀ ਸੜਕ ‘ਤੇ ਟੈਂਟ ਲਾ ਕੇ ਟੂਰਿੰਗ ਟਾਕੀ ਪਾਈਪ ਸਿਨਮਾ ਘਰ ਹੁੰਦਾ ਸੀ।
ਮੇਰੇ ਮੁਕੇਰੀਆਂ ਵਿਖੇ ਸਰਵਿਸ ਸਮੇਂ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸਨ। ਕੈਰੋਂ ਦਾ ਕਤਲ ਹੋ ਗਿਆ। ਉਹ ਦਿੱਲੀ ਤੋਂ ਪੰਜਾਬ ਆ ਰਹੇ ਸਨ। ਪਾਣੀਪਤ ਲਾਗੇ ਜੀ. ਟੀ. ਰੋਡ ‘ਤੇ ਮੁਰੰਮਤ ਚੱਲਦੀ ਸੀ ਤੇ ਗੱਡੀਆਂ ਉਥੇ ਹੌਲੀ ਹੋ ਜਾਂਦੀਆਂ ਸਨ। ਕਾਤਲਾਂ ਨੇ ਪੁਲਿਸ ਦੀਆਂ ਵਰਦੀਆਂ ਪਾਈਆਂ ਸਨ ਤੇ ਨਾਕਾ ਲਾ ਕੇ ਗੱਡੀਆਂ ਦੀ ਤਲਾਸ਼ੀ ਲੈਣ ਲੱਗ ਪਏ। ਜਦੋਂ ਕੈਰੋਂ ਸਾਹਿਬ ਦੀ ਕਾਰ ਆਈ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਕਾਤਲਾਂ ਨੂੰ ਲੱਭਣ ਲਈ ਪੰਜਾਬ ਭਰ ਵਿਚ ਬੱਸਾਂ ਰੋਕ-ਰੋਕ ਕੇ ਤਲਾਸ਼ੀ ਲਈ ਗਈ। ਸਾਨੂੰ ਵੀ ਹੁਸ਼ਿਆਰਪੁਰ ਜਾਂਦਿਆਂ ਬੱਸ ਵਿਚੋਂ ਉਤਾਰ ਕੇ ਹਰਿਆਣਾ ਥਾਣੇ ਦਾ ਇੰਚਾਰਜ ਪੁੱਛੇ ਕਿ ਕਿਥੋਂ ਆਏ ਹੋ, ਕਿਥੇ ਜਾਣਾ ਹੈ, ਕੀ ਕੰਮ ਕਰਦੇ ਹੋ, ਵਗੈਰਾ। ਕਤਲ ਪਾਣੀਪਤ ਲਾਗੇ ਹੋਇਆ ਤੇ ਤਲਾਸ਼ੀਆਂ ਦਸੂਹਾ, ਹੁਸ਼ਿਆਰਪੁਰ ਰੋਡ ‘ਤੇ! ਪੁਲਿਸ ਵਾਲੇ ਐਵੇਂ ਝਾੜੀਆਂ ‘ਤੇ ਡੰਡੇ ਮਾਰ ਰਹੇ ਸਨ।