ਰੱਬ ਅਤੇ ਮਨੁੱਖ

ਨੰਦ ਸਿੰਘ ਬਰਾੜ
ਫੋਨ: 916-501-3974
ਰੱਬ ਦੇ ਹੋਣ ਜਾਂ ਨਾ ਹੋਣ ਦਾ ਸਵਾਲ ਸਦੀਆਂ ਪੁਰਾਣਾ ਹੈ ਅਤੇ ਇਹ ਬਹਿਸ ਵੀ ਉਦੋਂ ਤੋਂ ਹੀ ਚਲਦੀ ਆ ਰਹੀ ਹੈ। ਰੱਬ ਦੀ ਹੋਂਦ ਨੂੰ ਮੰਨਣ ਦਾ ਆਧਾਰ ਸ਼ਰਧਾ, ਵਿਸ਼ਵਾਸ ਅਤੇ ਮਾਨਤਾਵਾਂ ਹਨ, ਜਦੋਂ ਕਿ ਨਾ ਮੰਨਣ ਵਾਲਿਆਂ ਦਾ ਆਧਾਰ ਦਲੀਲ ਜਾਂ ਤਾਰਕਿਕ ਬੁੱਧੀ ਹੈ। ਇਨ੍ਹਾਂ ਦੇ ਆਪੋ ਆਪਣੇ ਪੱਖ ਅਤੇ ਇਕ ਦੂਜੇ ਨਾਲ ਮਤਭੇਦ ਆਸਾਨੀ ਨਾਲ ਸਮਝਣ ਲਈ ਪਹਿਲਾਂ ਅਸੀਂ ਰੱਬ ਦੀ ਹੋਂਦ ਦੇ ਸੰਕਲਪ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।

ਮਨੁੱਖ ਦੀ ਧਰਤੀ ‘ਤੇ ਹੋਂਦ ਕਰੀਬ ਦੱਸ ਲੱਖ ਸਾਲ ਪਹਿਲਾਂ ਹੋਈ ਸੀ, ਪਰ ਮਨੁੱਖ ਨੂੰ ਰੱਬ ਦੀ ਹੋਂਦ ਦਾ ਅਹਿਸਾਸ ਸਿਰਫ ਕੁਝ ਹਜਾਰ ਸਾਲ ਪਹਿਲਾਂ ਹੀ ਹੋਇਆ, ਜਦੋਂ ਯਹੂਦੀ ਧਰਮ ਵਲੋਂ ਸਭ ਤੋਂ ਪਹਿਲਾਂ ਇੱਕ ਰੱਬ ਦਾ ਸੰਕਲਪ ਦਿੱਤਾ ਗਿਆ।
ਸੋ, ਅਸੀਂ ਦੇਖਦੇ ਹਾਂ ਕਿ ਮਨੁੱਖ ਨੂੰ ਰੱਬ ਦੀ ਹੋਂਦ ਦਾ ਅਹਿਸਾਸ ਮਨੁੱਖ ਦੇ ਬੋਲਣਾ ਸਿੱਖਣ ਤੋਂ, ਭਾਵ ਸ਼ਬਦ ਦੀ ਜਾਣਕਾਰੀ ਹੋਣ ਤੋਂ ਵੀ ਸੈਂਕੜੇ ਨਹੀਂ ਸਗੋਂ ਕਈ ਹਜ਼ਾਰ ਸਾਲ ਪਿਛੋਂ ਹੋਇਆ।
ਯਹੂਦੀ ਧਰਮ ਦੀ ਆਮਦ ਤੋਂ ਕੁਝ ਸਮਾਂ ਪਹਿਲਾਂ ਜਾਂ ਪਿਛੋਂ ਹੋਏ ਬੁੱਧ ਧਰਮ ਅਤੇ ਜੈਨ ਧਰਮ ਵਿਚ ਰੱਬ ਦੀ ਹੋਂਦ ਬਾਰੇ ਕੋਈ ਵੇਰਵਾ ਨਹੀਂ ਮਿਲਦਾ। ਯਹੂਦੀ ਧਰਮ ਤੋਂ ਪਿਛੋਂ ਅਤੇ ਦੋ ਹਜ਼ਾਰ ਪਹਿਲਾਂ ਈਸਾਈ ਧਰਮ ਨੇ ਵੀ ਇੱਕ ਰੱਬ ਦੇ ਸੰਕਲਪ ਦਾ ਪ੍ਰਚਾਰ ਕੀਤਾ। ਉਸ ਪਿੱਛੋਂ ਸੱਤਵੀਂ ਸਦੀ ਈਸਵੀ ਵਿਚ ਇਸਲਾਮ ਵੀ ਇੱਕ ਰੱਬ ਨੂੰ ਮੰਨਣ ਵਾਲਾ ਧਰਮ ਹੈ। ਪੰਦਰਵੀਂ ਸਦੀ ਤੋਂ ਚਲਿਆ ਸਿੱਖ ਧਰਮ ਵੀ ਇੱਕ ਰੱਬ ਦਾ ਪੈਰੋਕਾਰ ਹੈ।
ਇਹ ਠੀਕ ਹੈ ਕਿ ਇੱਕ ਰੱਬ ਦਾ ਸੰਕਲਪ ਬਹੁਤੇ ਮੁੱਖ ਧਰਮਾਂ ਦਾ ਸਰਵਪ੍ਰਵਾਨਤ ਸੰਕਲਪ ਹੈ, ਭਾਵੇਂ ਉਨ੍ਹਾਂ ਵਿਚ ਕੁਝ ਬੁਨਿਆਦੀ ਮੱਤਭੇਦ ਵੀ ਹਨ। ਅਜਿਹੇ ਵੀ ਬਹੁਤ ਹਨ, ਜੋ ਕੁਦਰਤ ਦੇ ਹਰ ਵਰਤਾਰੇ ਨੂੰ ਦਲੀਲ, ਤਰਕ, ਵਿਗਿਆਨਕ ਨਜ਼ਰੀਏ ਅਤੇ ਵਿਵੇਕ ਨਾਲ ਵੇਖਦਿਆਂ ਸੱਚ ਦੇ ਨੇੜੇ ਤੋਂ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਿਸੇ ਅੰਤਿਮ ਸੱਚਾਈ (ਰੱਬ) ਦੀ ਹੋਂਦ ਤੋਂ ਹੀ ਮੁਨਕਰ ਹਨ। ਇਸ ਲਿਖਤ ਰਾਹੀਂ ਇਨ੍ਹਾਂ ਦੋਨਾਂ ਵਿਰੋਧੀ ਧਿਰਾਂ ਦੇ ਸੰਕਲਪਾਂ ਦੇ ਵਾਰੀ ਵਾਰੀ ਸਿਧਾਂਤਕ ਵਖਰੇਵੇਂ ਜਾਣ ਕੇ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੀ ਇਨ੍ਹਾਂ ਵਿਚ ਨੇੜਤਾ ਲਿਆਂਦੀ ਜਾ ਸਕਦੀ ਹੈ ਜਾਂ ਨਹੀਂ?
ਇੱਕ ਰੱਬ ਦੀ ਹੋਂਦ ਵਿਚ ਯਕੀਨ ਰੱਖਣ ਵਾਲੇ ਸਾਰੇ ਧਰਮਾਂ ਦੇ ਪੈਰੋਕਾਰਾਂ ਦਾ ਪੱਕਾ ਵਿਸ਼ਵਾਸ ਹੈ ਕਿ ਰੱਬ ਇਕ ਅੰਤਿਮ ਸੱਚ ਜਾਂ ਅੰਤਿਮ ਗਿਆਨ ਹੈ ਅਤੇ ਇਸ ਤੋਂ ਉਪਰ ਕੋਈ ਗਿਆਨ ਨਹੀਂ ਹੈ। ਰੱਬ ਦਾ ਮਿਲਾਪ ਅਧਿਆਤਮਕ, ਗਿਆਨ ਪ੍ਰਾਪਤ ਹੋਣ ‘ਤੇ ਮਿਲਦਾ ਹੈ, ਭਾਵ ਅਧਿਆਤਮਕ ਗਿਆਨ ਦੀ ਪ੍ਰਾਪਤੀ ਅਤੇ ਰੱਬ ਦਾ ਮਿਲਾਪ ਇਕ ਹੀ ਹੁੰਦਾ ਹੈ। ਉਨ੍ਹਾਂ ਸਭ ਦੀ ਆਪੋ ਆਪਣੇ ਨਬੀਆਂ, ਪੀਰਾਂ, ਪੈਗੰਬਰਾਂ ਜਾਂ ਗੁਰੂਆਂ ਵਿਚ ਪੂਰੀ ਪੂਰੀ ਆਸਥਾ ਹੈ, ਜਿਨ੍ਹਾਂ ਨੂੰ ਰੱਬ ਦੇ ਪ੍ਰਤੱਖ ਦਰਸ਼ਨ ਹੋਏ ਸਨ ਅਤੇ ਉਨ੍ਹਾਂ ਦੀ ਰੱਬ ਨਾਲ ਆਹਮੋ ਸਾਹਮਣੇ ਵਿਚਾਰ-ਚਰਚਾ ਵੀ ਹੁੰਦੀ ਰਹੀ ਹੈ। ਉਨ੍ਹਾਂ ਦਾ ਇਹ ਵੀ ਪੱਕਾ ਯਕੀਨ ਹੈ ਕਿ ਰੱਬ ਨੂੰ ਸਿਰਫ ਮਨੁੱਖਾ ਜਨਮ ਵਿਚ ਹੀ ਪਾਇਆ ਜਾ ਸਕਦਾ ਹੈ ਜਾਂ ਕਹਿ ਸਕਦੇ ਹਨ ਕਿ ਮਨੁੱਖਾ ਜਨਮ ਰੱਬ ਨੂੰ ਪਾਉਣ ਵਾਸਤੇ ਹੀ ਮਿਲਿਆ ਹੈ। ਇਸ ਲਈ ਬਾਕੀ ਸੰਸਾਰਕ ਕੰਮ ਛੱਡ ਕੇ ਹਰ ਮਨੁੱਖ ਦੇ ਜਨਮ ਦਾ ਅਸਲ ਉਦੇਸ਼ ਉਸ ਅੰਤਿਮ ਸੱਚ ਤੱਕ ਪਹੁੰਚਣਾ, ਭਾਵ ਰੱਬ ਨੂੰ ਪਾਉਣਾ ਹੈ। ਇਸ ਅੰਤਿਮ ਸੱਚ ਤੱਕ ਪਹੁੰਚਣ ਲਈ ਉਨ੍ਹਾਂ ਦੇ ਮਹਾਂਪੁਰਖਾਂ ਨੇ ਉਨ੍ਹਾਂ ਦੀ ਮਦਦ ਵਾਸਤੇ ਧਾਰਮਕ ਗ੍ਰੰਥ ਰਚੇ ਹਨ। ਇਨ੍ਹਾਂ ਧਾਰਮਕ ਗ੍ਰੰਥਾਂ ਤੋਂ ਸੇਧ ਲੈ ਕੇ ਅਤੇ ਉਸ ਅਨੁਸਾਰ ਚੱਲ ਕੇ ਉਸ ਅੰਤਿਮ ਸੱਚ ਤੱਕ ਪਹੁੰਚਿਆ ਜਾ ਸਕਦਾ ਹੈ।
ਸੱਚ ਤੱਕ ਪਹੁੰਚਣ ਭਾਵ ਅਧਿਆਤਮਕ ਗਿਆਨ ਪ੍ਰਾਪਤ ਕਰਨ ਦੇ ਇਸ ਮਾਰਗ ਨੂੰ ਅਧਿਆਤਮਕ ਮਾਰਗ ਕਿਹਾ ਜਾਂਦਾ ਹੈ। ਉਨ੍ਹਾਂ ਸਭ ਦਾ ਇੱਕ ਪੱਕਾ ਯਕੀਨ ਇਹ ਵੀ ਹੈ ਕਿ ਜਿਸ ਵਿਅਕਤੀ ਨੂੰ ਅਧਿਆਤਮਕ ਗਿਆਨ ਹੋ ਜਾਵੇ, ਉਸ ਨੂੰ ਰੱਬ ਨਾਲ ਮਿਲਾਪ ਹੋਣ ਦੇ ਨਾਲ ਨਾਲ ਦੁਨੀਆਂ ਦੇ ਬਾਕੀ ਸਾਰੇ ਗਿਆਨਾਂ ਦਾ ਗਿਆਨ ਵੀ ਆਪਣੇ ਆਪ ਹੋ ਜਾਂਦਾ ਹੈ।
ਅਧਿਆਤਮਕ ਗਿਆਨ ਪ੍ਰਾਪਤ ਕਰਨ ਦੇ ਚਾਰ ਮਾਰਗ ਗਿਣੇ ਜਾਂਦੇ ਹਨ। ਪਹਿਲਾ ਸ਼ਰਧਾ ਰਾਹੀਂ: ਜਿਸ ਗੁਰੂ ਨੂੰ ਅਧਿਆਤਮਕ ਗਿਆਨ ਪ੍ਰਾਪਤ ਹੋਇਆ ਹੈ, ਉਸ ਦੀਆਂ ਸਿਖਿਆਵਾਂ ਪ੍ਰਤੀ ਸੰਪੂਰਨ ਸ਼ਰਧਾ ਨਾਲ ਅਧਿਆਤਮਕ ਗਿਆਨ ਪ੍ਰਾਪਤ ਹੋ ਜਾਂਦਾ ਹੈ। ਦੂਜਾ ਸ਼ਬਦ ਰਾਹੀਂ: ਆਪਣੇ ਗੁਰੂ ਦੁਆਰਾ ਦਿੱਤੇ ਸ਼ਬਦ ਦਾ ਪੂਰੇ ਇੱਕ ਮਨ ਨਾਲ ਅਭਿਆਸ ਕਰਨ ਨਾਲ ਅਧਿਆਤਮਕ ਗਿਆਨ ਪ੍ਰਾਪਤ ਹੋ ਜਾਂਦਾ ਹੈ। ਤੀਜਾ, ਜੇ ਗੁਰੂ, ਜਿਸ ਨੂੰ ਅਧਿਆਤਮਕ ਗਿਆਨ ਪ੍ਰਾਪਤ ਹੋਇਆ ਹੈ, ਆਪਣੇ ਚੇਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਵੇ ਤਾਂ ਉਹ ਆਪਣੇ ਚੇਲੇ ਦੇ ਮੱਥੇ ‘ਤੇ ਹੱਥ ਰੱਖ ਕੇ ਉਸ ਵਿਚ ਅਧਿਆਤਮਕ ਗਿਆਨ ਦਾ ਸੰਚਾਰ ਕਰ ਸਕਦਾ ਹੈ। ਚੌਥਾ, ਆਪਣੀ ਸੱਚੀ ਸੁੱਚੀ ਤੇ ਰੱਬ ਵਿਚ ਪੂਰਨ ਵਿਸ਼ਵਾਸ ਰੱਖ ਕੇ ਕੀਤੀ ਭਗਤੀ ਨਾਲ ਵੀ ਅਧਿਆਤਮਕ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ।
ਅਸਲ ਵਿਚ ਅਧਿਆਤਮਕ ਮਾਰਗ ਭਾਵੇਂ ਕੋਈ ਵੀ ਹੋਵੇ, ਅਧਿਆਤਮਕ ਗਿਆਨ ਦੀ ਪ੍ਰਾਪਤੀ ਸਿਰਫ ਉਸ ਅੰਤਿਮ ਸੱਚ ਦੇ ਦਰਸ਼ਨ ਕਰਨ ਨਾਲ ਹੀ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਉਸ ਨੂੰ ਇਸ ਸੰਸਾਰ ਦੇ ਸਮਾਜਕ, ਰਾਜਨੀਤਕ, ਵਿਗਿਆਨਕ ਆਦਿ ਸਾਰੇ ਸੰਸਾਰਕ ਗਿਆਨ ਵੀ ਪ੍ਰਾਪਤ ਹੋ ਜਾਂਦੇ ਹਨ।
ਦੂਸਰੀ ਧਿਰ ਵਾਲਿਆਂ ਨੂੰ ਤਰਕਸ਼ੀਲ, ਵਿਗਿਆਨਕ ਜਾਂ ਤਾਰਕਿਕ ਵਿਚਾਰਾਂ ਵਾਲੇ ਕਿਹਾ ਜਾਂਦਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਸੱਚ ਦੇ ਨੇੜੇ ਤੋਂ ਨੇੜੇ ਤਾਂ ਪਹੁੰਚਿਆ ਜਾ ਸਕਦਾ ਹੈ, ਪਰ ਅੰਤਿਮ ਸੱਚ ਜਾਂ ਅੰਤਿਮ ਗਿਆਨ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਇਸ ਲਈ ਉਹ ਦਲੀਲ ਦਿੰਦੇ ਹਨ ਕਿ ਜੇ ਕੋਈ ਅੰਤਿਮ ਸੱਚ ਹੁੰਦਾ ਹੈ ਤਾਂ ਉਹ ਸਭ ਲਈ ਇੱਕ ਹੀ ਹੋਣਾ ਚਾਹੀਦਾ ਹੈ। ਉਸ ਅੰਤਿਮ ਸੱਚ, ਰੱਬ ਦੇ ਰੂਬਰੂ ਹੋਣ ਨੂੰ ਧਾਰਮਕ ਨਜ਼ਰੀਏ ਤੋਂ ਸਾਖਸ਼ਾਤਕਾਰ ਵੀ ਕਿਹਾ ਜਾਂਦਾ ਹੈ। ਆਪਣੀ ਦਲੀਲ ਦੀ ਪੁਸ਼ਟੀ ਲਈ ਉਹ ਧਾਰਮਕ ਮਹਾਂਪੁਰਖਾਂ ਦੀ ਮਿਸਾਲ ਦਿੰਦੇ ਹਨ, ਜਿਨ੍ਹਾਂ ਨੂੰ ਸਾਖਸ਼ਾਤਕਾਰ ਹੋਇਆ ਹੈ। ਉਹ ਕਹਿੰਦੇ ਹਨ ਕਿ ਮਹਾਤਮਾ ਬੁੱਧ ਨੂੰ ਸਾਖਸ਼ਾਤਕਾਰ ਹੋਇਆ, ਯਸੂ ਮਸੀਹ ਨੂੰ ਸਾਖਸ਼ਾਤਕਾਰ ਹੋਇਆ, ਮੁਹੰਮਦ ਸਾਹਿਬ ਨੂੰ ਸਾਖਸ਼ਾਤਕਾਰ ਹੋਇਆ, ਸਿੱਖ ਗੁਰੂ ਸਾਹਿਬਾਨ ਨੂੰ ਵੀ ਸਾਖਸ਼ਾਤਕਾਰ ਹੋਇਆ, ਪਰ ਕੀ ਇਨ੍ਹਾਂ ਸਭ ਦੇ ਸਾਖਸ਼ਾਤਕਾਰ ਰਾਹੀਂ ਇੱਕ ਹੀ ਅੰਤਿਮ ਸੱਚ ਪਾਇਆ ਗਿਆ?
ਮਹਾਤਮਾ ਬੁੱਧ ਕਿਸੇ ਰੱਬ ਦਾ ਜ਼ਿਕਰ ਨਹੀਂ ਕਰਦੇ, ਯਸੂ ਮਸੀਹ ਤੇ ਮੁਹੰਮਦ ਸਾਹਿਬ ਰੱਬ ਦੇ ਇੱਕ ਹੋਣ ਬਾਰੇ ਦਸਦੇ ਹਨ, ਜੋ ਸਵਰਗ ਵਿਚ ਕਿਤੇ ਬੈਠਾ ਹੈ ਅਤੇ ਕਿਆਮਤ ਦੇ ਦਿਨ ਆਪਣੇ ਪੈਰੋਕਾਰਾਂ ਨੂੰ ਦਰਸ਼ਨ ਦੇ ਕੇ ਉਨ੍ਹਾਂ ਦੇ ਚੰਗੇ-ਮਾੜੇ ਕੰਮਾਂ ਅਨੁਸਾਰ ਉਨ੍ਹਾਂ ਨੂੰ ਸੁਰਗ ਤੇ ਨਰਕ ਵਿਚ ਭੇਜਣ ਦਾ ਫੈਸਲਾ ਕਰੇਗਾ। ਸਿੱਖ ਧਰਮ ਅਨੁਸਾਰ ਰੱਬ ਦਾ ਕੋਈ ਰੂਪ, ਰੰਗ ਜਾਂ ਆਕਾਰ ਨਹੀਂ ਅਤੇ ਉਹ ਸਮੁੱਚੇ ਸੰਸਾਰ ਦੇ ਸਾਰੇ ਜੀਵਾਂ-ਨਿਰਜੀਵਾਂ ਤੇ ਕਣ ਕਣ ਵਿਚ ਸਮਾਇਆ ਹੋਇਆ ਹੈ। ਉਨ੍ਹਾਂ ਦੀ ਦਲੀਲ ਹੈ ਕਿ ਇਹ ਅੰਤਿਮ ਸੱਚ ਨਹੀਂ ਹੋ ਸਕਦਾ, ਕਿਉਂਕਿ ਇਹ ਸਭ ਲਈ ਇੱਕ ਨਹੀਂ ਹੈ ਸਗੋਂ ਇਹ ਕਲਪਨਾ ਲਗਦੀ ਹੈ, ਜੋ ਸਮੇਂ ਦੇ ਨਾਲ ਨਾਲ ਗਿਆਨ ਦਾ ਵਿਕਾਸ ਹੋਣ ਕਰਕੇ ਬਦਲਦੀ ਰਹੀ ਹੈ।
ਅਧਿਆਤਮਕ ਗਿਆਨ ਦੀ ਦੂਜੀ ਅਹਿਮ ਪ੍ਰਾਪਤੀ ਇਹ ਹੈ ਕਿ ਇਸ ਗਿਆਨ ਦੀ ਪ੍ਰਾਪਤੀ ਨਾਲ ਸੰਸਾਰ ਦਾ ਹਰੇਕ ਗਿਆਨ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਵਿਗਿਆਨਕ ਸੋਚ ਵਾਲੇ ਇਸ ਸੰਸਾਰ ਦੀ ਉਤਪਤੀ ਦੀ ਮਿਸਾਲ ਲੈਂਦੇ ਹਨ। ਆਪਾਂ ਜਾਣਦੇ ਹਾਂ ਕਿ ਓਲਡ ਟੈਸਟਾਮੈਂਟ ਨੂੰ ਮੰਨਣ ਵਾਲੇ ਤਿੰਨਾਂ ਧਰਮਾਂ-ਯਹੂਦੀ, ਈਸਾਈ ਅਤੇ ਇਸਲਾਮ ਧਰਮ ਦਾ ਵਿਸ਼ਵਾਸ ਹੈ ਕਿ ਇਹ ਸਾਰਾ ਸੰਸਾਰ ਰੱਬ ਨੇ ਛੇ ਦਿਨਾਂ ਵਿਚ ਬਣਾਇਆ ਹੈ। ਬੁੱਧ ਧਰਮ ਅਤੇ ਜੈਨ ਧਰਮ ਵਾਲੇ ਵੀ ਕੁਝ ਇਸੇ ਤਰ੍ਹਾਂ ਦਾ ਸੁਝਾਓ ਦਿੰਦੇ ਹਨ। ਹਿੰਦੂਆਂ ਦੇ ਗ੍ਰੰਥ ਸਰਸਵਤੀ ਪੁਰਾਣ ਅਨੁਸਾਰ ਬ੍ਰਹਮਾ ਆਪਣੇ ਆਪ ਪੈਦਾ ਹੋਇਆ। ਇੱਕ ਵਾਰ ਉਹ ਪਰੀਆਂ ਦੇ ਨਾਚ ਦਾ ਅਨੰਦ ਮਾਣ ਰਿਹਾ ਸੀ ਕਿ ਖਲਾਸ ਹੋ ਗਿਆ, ਜਿਸ ਤੋਂ ਅਗਸਤਿਆ ਰਿਸ਼ੀ ਪੈਦਾ ਹੋਇਆ। ਇਸੇ ਤਰ੍ਹਾਂ ਦੀ ਦੂਜੀ ਘਟਨਾ ਅਗਸਤਿਆ ਰਿਸ਼ੀ ਦੇ ਪਰੀਆਂ ਦਾ ਨਾਚ ਦੇਖਣ ਤੋਂ ਹੋਈ, ਜਿਸ ਤੋਂ ਸਰਸਵਤੀ ਪੈਦਾ ਹੋਈ। ਬ੍ਰਹਮਾ ਅਤੇ ਸਰਸਵਤੀ ਦੇ ਮਿਲਾਪ ਤੋਂ ਇਹ ਸਮੁੱਚੀ ਮਨੁੱਖ ਜਾਤੀ ਪੈਦਾ ਹੋਈ ਹੈ।
ਇਥੇ ਤਰਕਵਾਦੀ ਇਹ ਦਲੀਲ ਦਿੰਦੇ ਹਨ ਕਿ ਸੰਸਾਰ ਦੇ ਪੈਦਾ ਹੋਣ ਦੀਆਂ ਇਹ ਵਿਆਖਿਆਵਾਂ ਉਨ੍ਹਾਂ ਮਹਾਂਪੁਰਖਾਂ ਵਲੋਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਅਧਿਆਤਮਕ ਗਿਆਨ ਪ੍ਰਾਪਤ ਸੀ, ਪਰ ਇਨ੍ਹਾਂ ਵਿਚੋਂ ਕੋਈ ਵੀ ਵਿਆਖਿਆ ਸਹੀ ਨਹੀਂ ਹੈ, ਕਿਉਂਕਿ ਅੱਜ ਵਿਗਿਆਨ ਨੇ ਸਾਬਤ ਕਰ ਦਿੱਤਾ ਕਿ ਇਹ ਸਾਰਾ ਕੁਝ ਐਵੋਲੂਸ਼ਨ ਕਰਕੇ ਹੋਇਆ ਹੈ। ਇਸ ਲਈ ਉਕਤ ਚਰਚਾ ਤੋਂ ਇਹੋ ਸਪਸ਼ਟ ਹੈ ਕਿ ਅਧਿਆਤਮਕ ਗਿਆਨ ਰਾਹੀਂ ਕਿਸੇ ਅੰਤਿਮ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਨਾ ਹੀ ਇਸ ਗਿਆਨ ਰਾਹੀਂ ਸਮੁੱਚੇ ਸੰਸਾਰ ਦੇ ਸਾਰੇ ਸੰਸਾਰਕ ਗਿਆਨਾਂ ਦਾ ਸਹੀ ਗਿਆਨ ਹੁੰਦਾ ਹੈ। ਇਸ ਤਰ੍ਹਾਂ ਤਰਕਵਾਦੀ ਅਤੇ ਵਿਗਿਆਨਕ ਸੋਚ ਵਾਲੇ ਦਾਅਵਾ ਕਰਦੇ ਹਨ ਕਿ ਅਸਲ ਵਿਚ ਅਧਿਆਤਮਕ ਗਿਆਨ ਅਤੇ ਕਿਸੇ ਅੰਤਿਮ ਸੱਚ ਦੇ ਹੋਣ ਵਿਚ ਕੋਈ ਸੱਚਾਈ ਨਹੀਂ ਹੈ।
ਕੁਝ ਦਿਨ ਪਹਿਲਾਂ ਯੂਟਿਊਬ ‘ਤੇ ਸ਼ ਬਲਕੌਰ ਸਿੰਘ ਦੀ ਇੱਕ ਇੰਟਰਵਿਊ ਕਾਫੀ ਵਾਇਰਲ ਹੋਈ ਸੀ। ਸ਼ ਬਲਕੌਰ ਸਿੰਘ ਕਰ ਅਤੇ ਆਬਕਾਰੀ ਮਹਿਕਮੇ ਵਿਚ ਇੱਕ ਉਚੇ ਅਹੁਦੇ ਤੋਂ ਰਿਟਾਇਰ ਹੋਏ ਹਨ ਅਤੇ ਉਚਕੋਟੀ ਦੇ ਖੋਜੀ ਵਿਦਵਾਨ ਹਨ। ਰੱਬ ਸਬੰਧੀ ਸਵਾਲ ਪੁੱਛੇ ਜਾਣ ‘ਤੇ ਉਨ੍ਹਾਂ ਅੰਗਰੇਜ਼ੀ ਵਿਚ ਕਾਫੀ ਸਖਤ ਟਿੱਪਣੀ ਕੀਤੀ ਹੈ। ਪੰਜਾਬੀ ਵਿਚ ਮੈ ਸ਼ਾਇਦ ਉਨ੍ਹਾਂ ਦੀ ਸਮੁੱਚੀ ਭਾਵਨਾ ਦੀ ਤਰਜਮਾਨੀ ਨਾ ਕਰ ਸਕਾਂ, ਪਰ ਉਸ ਟਿੱਪਣੀ ਨੂੰ ਕੁਝ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ, “ਸਮੁੱਚੇ ਮਨੁੱਖੀ ਇਤਿਹਾਸ ਵਿਚ ਪੁਜਾਰੀ ਜਮਾਤਾਂ ਵਲੋਂ ਹਾਕਮ ਜਮਾਤਾਂ ਦੀ ਨਾਪਾਕ ਮਿਲੀਭੁਗਤ ਨਾਲ ਰੱਬ ਦਾ ਸੰਕਲਪ ਗੈਰ ਇਖਲਾਕੀ ਅਤੇ ਨੁਕਸਾਨਦਾਇਕ ਢੰਗ ਨਾਲ ਪੈਦਾ ਕਰਕੇ, ਕਾਇਮ ਰੱਖ ਕੇ ਅਤੇ ਫੈਲਾ ਕੇ ਇਨਸਾਨੀਅਤ ਵਿਰੁਧ ਕਮਾਇਆ ਗਿਆ ਅੱਜ ਤੱਕ ਦਾ ਸਭ ਤੋਂ ਵੱਡਾ ਧੋਖਾ ਹੈ|”
ਉਨ੍ਹਾਂ ਦੀ ਇਹ ਟਿੱਪਣੀ ਸੁਣ ਕੇ ਮੈਂ ਸ਼ਸ਼ੋਪੰਜ ਵਿਚ ਪੈ ਗਿਆ ਕਿਉਂਕਿ ਜਿਵੇਂ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਪੁਜਾਰੀ ਜਮਾਤਾਂ, ਹਾਕਮਾਂ ਦੀ ਸ਼ਹਿ ‘ਤੇ ਲੋਕਾਂ ਨੂੰ ਅੱਗ, ਪਾਣੀ, ਸੂਰਜ ਆਦਿ ਅਨੇਕਾਂ ਦੇਵੀ-ਦੇਵਤਿਆਂ ਦੇ ਨਾਂ ‘ਤੇ ਅੰਧਵਿਸ਼ਵਾਸ ਵਿਚ ਪਾ ਕੇ ਉਨ੍ਹਾਂ ਦੇ ਤਨ, ਮਨ ਤੇ ਧਨ ਦੀ ਅੰਨ੍ਹੇਵਾਹ ਲੁੱਟ ਕਰ ਰਹੀਆਂ ਸਨ। ਲੋਕਾਂ ਨੂੰ ਇਨ੍ਹਾਂ ਦੀ ਲੁੱਟ ਤੋਂ ਬਚਾਉਣ ਅਤੇ ਜਾਗ੍ਰਿਤ ਕਰਨ ਲਈ ਇਨ੍ਹਾਂ ਧਰਮਾਂ ਦੇ ਰਹਿਨੁਮਾਵਾਂ ਨੇ ਇੱਕ ਰੱਬ ਦੇ ਸੰਕਲਪ ਦਾ ਪ੍ਰਚਾਰ ਕੀਤਾ। ਅਜਿਹਾ ਕਰਦਿਆਂ ਉਨ੍ਹਾਂ ਨੇ ਬੇਹਿਸਾਬ ਕੁਰਬਾਨੀਆਂ ਦਿੱਤੀਆਂ। ਕਿਸੇ ਨੂੰ ਅੱਗ ਵਿਚ ਸਾੜਿਆ ਗਿਆ, ਕਿਸੇ ਨੂੰ ਸੂਲੀ ਟੰਗਿਆ ਗਿਆ ਤੇ ਸਿੱਖ ਧਰਮ ਦੇ ਰਹਿਨੁਮਾਵਾਂ ਨੂੰ ਕਿਹੜੇ ਕਿਹੜੇ ਜ਼ੁਲਮ ਝੱਲਣੇ ਪਏ, ਕਿਸੇ ਤੋਂ ਕੁੱਝ ਲੁਕਿਆ ਹੋਇਆ ਨਹੀਂ ਹੈ। ਇਸ ਕਰਕੇ ਮੰਨਣ ਵਿਚ ਨਹੀਂ ਆਉਂਦਾ ਕਿ ਇਨ੍ਹਾਂ ਰਹਿਨੁਮਾਵਾਂ ਨੇ ਕਿਸੇ ਧੋਖੇ ਖਾਤਰ ਇੱਕ ਰੱਬ ਦਾ ਸੰਕਲਪ ਦਿੱਤਾ ਹੋਵੇ। ਪਰ ਹੋ ਸਕਦਾ ਹੈ ਜਿਵੇਂ ਸ਼ ਬਲਕੌਰ ਸਿੰਘ ਇੱਕ ਖੋਜੀ ਵਿਦਵਾਨ ਹਨ ਅਤੇ ਉਨ੍ਹਾਂ ਦਾ ਲਿਖਤੀ ਧਰਮਾਂ ਦਾ ਡੂੰਘਾ ਅਧਿਐਨ ਕੀਤਾ ਹੋਇਆ ਹੈ, ਜਿਸ ਦੇ ਆਧਾਰ ‘ਤੇ ਉਹ ਕਿਸੇ ਅਜਿਹੀ ਅਸਲੀਅਤ ਤੋਂ ਜਾਣੂੰ ਕਰਵਾਉਣਾ ਚਾਹੁੰਦੇ ਹੋਣ, ਜਿਸ ਦਾ ਸਾਨੂੰ ਆਮ ਲੋਕਾਂ ਨੂੰ ਅਜੇ ਤੱਕ ਪਤਾ ਹੀ ਨਾ ਹੋਵੇ। ਅਸਲੀ ਗੱਲ ਤਾਂ ਸ਼ ਬਲਕੌਰ ਸਿੰਘ ਦੱਸ ਸਕਦੇ ਹਨ।
ਅੰਤ ਵਿਚ ਦੇਖਦੇ ਹਾਂ ਕਿ ਰੱਬ ਦੀ ਹੋਂਦ ਨੂੰ ਮੰਨਣ ਅਤੇ ਨਾ ਮੰਨਣ ਵਾਲਿਆਂ ਵਿਚ ਇਸ ਬਹਿਸ ਦੇ ਕਦੇ ਵੀ ਖਤਮ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਇੱਕ ਪਾਸੇ ਆਸਥਾ, ਸ਼ਰਧਾ, ਵਿਸ਼ਵਾਸ ਤੇ ਮਾਨਤਾਵਾਂ ਹਨ ਅਤੇ ਦੂਸਰੇ ਪਾਸੇ ਦਲੀਲ ਤੇ ਵਿਗਿਆਨਕ ਨਜ਼ਰੀਆ ਹੈ, ਜਿਨ੍ਹਾਂ ਦਾ ਆਮ ਤੌਰ ‘ਤੇ ਇੱਕ ਹੋਣਾ ਸੰਭਵ ਨਹੀਂ ਹੁੰਦਾ। ਫੇਰ ਵੀ ਸਾਨੂੰ ਇਸ ਗੱਲ ਤੋਂ ਸੰਤੁਸ਼ਟ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਦੋਹਾਂ ਧਿਰਾਂ ਦੇ ਬਹੁਤੇ ਵਿਅਕਤੀ ਨੇਕ ਦਿਲ, ਇਮਾਨਦਾਰ ਤੇ ਸਰਬੱਤ ਦਾ ਭਲਾ ਚਾਹੁਣ ਵਾਲੇ ਹੁੰਦੇ ਹਨ। ਇਸ ਕਰਕੇ ਵਿਰੋਧੀ ਵਿਚਾਰਾਂ ਦਾ ਮਾਣ ਸਤਿਕਾਰ ਰੱਖਦਿਆਂ ਇਨ੍ਹਾਂ ਵਿਚ ਆਪਸੀ ਸਹਿਹੋਂਦ ਅਤੇ ਭਰਾਤਰੀ ਭਾਵ ਬਣਾ ਕੇ ਰੱਖਣਾ ਪੂਰੀ ਤਰ੍ਹਾਂ ਸੰਭਵ ਹੈ। ਇਹ ਵੀ ਭਾਵੇਂ ਠੀਕ ਹੈ ਕਿ ਇਨ੍ਹਾਂ ਦੋਹਾਂ ਧਿਰਾਂ ਵਿਚ ਹੀ ਕੁਝ ਇੱਕ, ਭਾਵੇਂ ਉਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ, ਅਜਿਹੇ ਵੀ ਹੁੰਦੇ ਹਨ, ਜੋ ਆਪਣੇ ਸਵਾਰਥੀ ਹਿਤਾਂ ਖਾਤਰ ਇਨ੍ਹਾਂ ਦੇ ਭੋਲੇਪਨ ਦਾ ਫਾਇਦਾ ਉਠਾਉਂਦਿਆਂ ਇਨ੍ਹਾਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾਉਣ ਦੀ ਕੋਈ ਕਸਰ ਨਹੀਂ ਛੱਡਦੇ। ਸਾਨੂੰ ਅਜਿਹੇ ਧੋਖੇਬਾਜ ਤੇ ਅਕਿਰਤਘਣ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।