ਸੁੰਨੇ ਆਲ੍ਹਣਿਆਂ ਦਾ ਵਿਰਲਾਪ

ਮੇਜਰ ਕੁਲਾਰ
“ਤਾਇਆ ਜੀ! ਕੀ ਗੱਲ ਆ, ਸਾਰਾ ਪਿੰਡ ਖਾਲੀ ਕਰਵਾਈ ਜਾਨਾ ਵਾਂ?” ਮੰਡ ਵਾਲੇ ਕੇਸਰ ਨੇ ਪੁੱਛਿਆ।
“ਤਾਏ ਨੇ ਕੀ ਪਿੰਡ ਖਾਲੀ ਕਰਵਾਉਣਾ, ਇਹ ਤਾਂ ਚੰਦਰੀ ਕਨੇਡਾ ਛਾਂਟ-ਛਾਂਟ ਮੁੰਡੇ-ਕੁੜੀਆਂ ਲਈ ਜਾਂਦੀ ਹੈ, ਚੰਗੇ ਭਵਿਖ ਦਾ ਬਹਾਨਾ ਲਾ ਕੇ, ਆਪ ਉਜਾੜਾ ਕਰੀ ਜਾਨੇ ਆ। ਜਹਾਜਾਂ ਦੇ ਜਹਾਜ ਭਰੇ ਜਾਂਦੇ ਨੇ ਕੇਸਰਾ!” ਤਾਏ ਨੇ ਲੰਮਾ ਹਉਕਾ ਖਿਚਿਆ।

“ਤਾਇਆ ਜੀ! ਇਹ ਭੈੜਾ ਰਿਵਾਜ਼ ਥੋਡੇ ਸਮੇਂ ਨਹੀਂ ਸੀ?” ਕੇਸਰ ਕੋਲ ਬਹਿੰਦਾ ਬੋਲਿਆ।
“ਟਾਂਵਾਂ-ਟਾਂਵਾਂ ਬੰਦਾ ਵਲੈਤ ਨੂੰ ਗਿਆ ਸੀ ਤੇ ਫੇਰ ਟਾਂਵਾਂ-ਟਾਂਵਾਂ ਕਨੇਡਾ ਨੂੰ। ਅਸੀਂ ਤਾਂ ਇਥੇ ਹੀ ਜੰਮੇ ਹਾਂ ਤੇ ਇਥੇ ਹੀ ਮਿੱਟੀ ਹੋਣਾ ਏ। ਨਾ ਪਿਉ-ਦਾਦੇ ਗਏ ਨੇ, ਨਾ ਮੈਂ ਜਾਣਾ। ਆਹ ਸਾਡਾ ਤੀਵੀਂ ਦੇ ਪਿੱਛੇ ਲੱਗ ਕੇ ਚੜ੍ਹ ਗਿਆ ਕਨੇਡੇ ਨੂੰ, ਜਿਵੇਂ ਇਥੇ ਟੁੱਕ ਦਾ ਘਾਟਾ ਸੀ।” ਤਾਏ ਨੇ ਆਪਣੇ ਪੁੱਤ ਦੀ ਉਡਾਰੀ ਦੀ ਚੀਕ ਸੁਣਾਉਂਦਿਆਂ ਕਿਹਾ।
“ਤਾਇਆ ਜੀ, ਨਿੰਮੇ ਨੂੰ ਨਹੀਂ ਜਾਣਾ ਚਾਹੀਦਾ ਸੀ। ਤੂੰ ਵੀ ਢਿੱਲਾ ਰਹਿੰਦਾ ਵਾਂ, ਤੇ ਤਾਈ ਵੀ। ਬੁੱਢੇ-ਵਾਰੇ ਥੋਨੂੰ ਪਿੱਛੇ ਛੱਡ ਗਏ। ਹੁਣ ਕੌਣ ਵਾਲੀ-ਵਾਰਸ ਐ ਤੁਹਾਡਾ?” ਕੇਸਰ ਨੇ ਦਿਲੋਂ ਤਾਏ ਦੀ ਨਬਜ਼ ਫੜ ਲਈ ਸੀ।
“ਪਹਿਲਾਂ ਜਦੋਂ ਕੁੜੀ ਘੱਲੀ ਆਸਟਰੇਲੀਆ ਨੂੰ, ਮੈਂ ਬੜਾ ਕਲਪਿਆ- ‘ਕੱਲੀ ਕੁੜੀ ਹੈ, ਇਸ ਨੂੰ ਹੋਰ ਪੜ੍ਹਾ ਲਉ ਤੇ ਨੌਕਰੀ-ਪੇਸ਼ੇ ‘ਤੇ ਲਾ ਦੇਵਾਂਗੇ ਤੇ ਨੌਕਰੀ-ਪੇਸ਼ੇ ਵਾਲਾ ਮੁੰਡਾ ਲੱਭ ਲਵਾਂਗੇ। ਤੁਸੀਂ ਕੁੜੀ ‘ਕੱਲੀ ਨਾ ਤੋਰੋ।…ਅੱਗਿਓਂ ਨੂੰਹ ਸੂਈ ਕੁੱਤੀ ਵਾਂਗ ਜਾੜ੍ਹਾਂ ਕੱਢਦੀ ਬੋਲੀ- ‘ਪੰਜਾਬ ਸਾਰਾ ਨਸ਼ਿਆਂ ਨੇ ਖਾ ਲਿਆ, ਨੌਕਰੀ ਬੰਦਾ ਮਾਰੇ ਤੋਂ ਵੀ ਨਹੀਂ ਮਿਲਦੀ ਤੇ ਦਾਜ ਦੇ ਦੈਂਤ ਹਰਲ-ਹਰਲ ਕਰਦੇ ਫਿਰਦੇ ਨੇ। ਕੇਰਾਂ ਕੁੜੀ ਤੁਰ ਗਈ, ਨਾ ਵਿਆਹ ਦਾ ਫਿਕਰ, ਨਾ ਦਾਜ ਦਾ। ਪੰਜਾਬ ਤੋਂ ਭਾਵੇਂ ਮੁੰਡਾ ਭਾਲ-ਛਾਂਟ ਕੇ ਲੈ ਕੇ ਜਾਵੇ।’ ਨੂੰਹ ਦੇ ਗਜ-ਗਜ ਲੰਮੇ ਭਾਸ਼ਣ ਅੱਗੇ ਮੇਰੀਆਂ ਮੋਹ ਦੀਆਂ ਤੰਦਾਂ ਇੰਜ ਟੁੱਟੀਆਂ ਜਿਵੇਂ ਧਰੇਕ ਦੀਆਂ ਟਾਹਣੀਆਂ। ਪਿਉ ਦੀ ਧੀ ਨੇ ਪੇਕਿਆਂ ਨਾਲ ਸਲਾਹਾਂ ਕਰ ਕੁੜੀ ‘ਕੱਲੀ ਬਗਾਨੇ ਮੁਲਕ ਨੂੰ ਇੰਜ ਜਹਾਜੇ ਚਾੜ੍ਹ ਦਿੱਤੀ, ਜਿਵੇਂ ਅਵਾਰਾ ਗਾਂ ਜੱਟ ਟਰਾਲੀ ਵਿਚ ਚਾੜ੍ਹ ਕੇ ਦੂਰ ਛੱਡ ਆਉਂਦਾ ਹੈ। ਫਿਰ ਪਤਾ ਨਹੀਂ ਕੀ ਭਾਣਾ ਵਾਪਰਿਆ, ਕੁੜੀ ਨੇ ਘੁਮਿਆਰਾਂ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ, ਉਹ ਵੀ ਦੁਆਬੇ ਵਿਚ। ਜਿਹੜੇ ਪਿੰਡ ਦਾ ਕਦੇ ਨਾਂ ਨਹੀਂ ਸੁਣਿਆ ਸੀ, ਉਥੇ ਨਿੰਮਾ ਸ਼ਗਨ ਲਈ ਫਿਰਦਾ ਸੀ। ਦੋਵੇਂ ਜਣੇ ਸੱਚੇ ਹੋਈ ਜਾਂਦੇ ਸੀ, ਮੁੰਡਾ ਤਾਂ ਬਾਹਲਾ ਸਾਊ ਹੈ। ਸਾਊ ਪਤੰਦਰ ਦਾ ਉਦੋਂ ਪਤਾ ਲੱਗਾ, ਜਦੋਂ ਕੁੜੀ ਦੀ ਗੋਦੀ ਕੁੜੀ ਫੜਾ ਕੇ ਛੂ-ਮੰਤਰ ਹੋ ਗਿਆ। ਹੁਣ ਢਿੱਲੇ ਜਿਹੇ ਮੂੰਹ ਨਾਲ ਕਹੀ ਜਾਂਦੇ ਆ ਕਿ ਮੁੰਡਾ ਨਸ਼ਾ ਕਰਨ ਲੱਗ ਪਿਆ ਸੀ। ਹੁਣ ਕੁੜੀ ਨਾ ਵਿਆਹੀ, ਨਾ ਕੁਆਰੀ ਤੇ ਨਾ ਤਲਾਕਸ਼ੁਦਾ।” ਤਾਏ ਨੇ ਘਰ ਦੀ ਸਾਰੀ ਕਹਾਣੀ ਕੇਸਰ ਅੱਗੇ ਇੰਜ ਖਿਲਾਰ ਦਿੱਤੀ ਜਿਵੇਂ ਬਜਾਜ ਗਾਹਕ ਮੂਹਰੇ ਕੱਪੜੇ ਦਾ ਥਾਨ ਖਿਲਾਰਦਾ ਹੈ।
“ਤਾਇਆ ਜੀ, ਫਿਰ ਪੋਤੇ ਵਾਰੀ ਨਹੀਂ ਰੌਲਾ ਪਾਇਆ ਤੈਂ?” ਕੇਸਰ ਨੇ ਤਾਏ ਦੇ ਪੋਤੇ ਦੀ ਕੈਨੇਡਾ ਉਡਾਰੀ ਦੀ ਗੰਢ ਖੋਲ੍ਹ ਲਈ।
“ਪੋਤਾ ਮੇਰਾ ਚੰਨ ਵਰਗਾ, ਹਲਕੀ-ਹਲਕੀ ਦਾਹੜੀ, ਸੋਹਣੀ ਪੱਗ ਬੰਨ੍ਹਦਾ ਸੀ। ਦੁੱਧ, ਮੱਖਣ ਨਾਲ ਪਾਲਿਆ ਸੀ ਮੈਂ। ਉਸ ਨੂੰ ਬਾਰਾਂ ਜਮਾਤਾਂ ਕਰਵਾ ਕੇ, ਆਈਲਟ (ਆਈਲੈਟਸ) ਕਰਵਾ ਕੇ ਕਨੇਡਾ ਚਾੜ੍ਹ ਦਿੱਤਾ। ਮੇਰਾ ਤਾਂ ਉਦਣ ਦਾ ਹੀ ਲੱਕ ਟੁੱਟ ਗਿਆ। ਕੇਸਰਾ, ਸਾਡੇ ਕੋਲ ਦਸ ਕਿੱਲੇ ਘਰ ਦੀ ਜ਼ਮੀਨ, ਲੋੜ ਤੋਂ ਵੱਧ ਡੰਗਰ, ਪਸੂਆਂ ਨਾਲ ਵਿਹੜਾ ਭਰਿਆ ਪਿਆ। ਪੁੱਤ ਸਾਰੀ ਉਮਰ ਕੰਮ ਨਾ ਕਰਦਾ ਤਾਂ ਵੀ ਟੁੱਕ ਮਿਲੀ ਜਾਣਾ ਸੀ। ਉਥੇ ਗਿਆ, ਮੁੰਡਿਆਂ ਦੀ ਚੁੱਕ ਵਿਚ ਆ ਕੇ ਪੱਗ ਲਾਹ ਦਿੱਤੀ, ਵਾਲ ਕਟਵਾ ਦਿੱਤੇ, ਕੰਨੀ ਮੁੰਦਰਾਂ ਪਾ ਲਈਆਂ, ਜਿਵੇਂ ਸੱਪ ਫੜਨਾ ਹੋਵੇ। ਇਹ ਆਪ ਦੋਵੇਂ ਵਿਹਲੇ ਹੋ ਗਏ ਤੇ ਸਾਨੂੰ ਮਗਰਲੀ ਉਮਰੇ ਰੋਣ ਨੂੰ ਛੱਡ ਗਏ।”
“ਤਾਇਆ ਜੀ, ਮੈਂ ਤਾਂ ਸੁਣਿਆ ਸੀ ਕਿ ਨਿੰਮੇ ਹੋਰੀਂ ਤੇਰੇ ਪੋਤੇ ਦੇ ਵਿਆਹ ‘ਤੇ ਗਏ ਸਨ, ਤੈਂ ਲੱਡੂ ਖਵਾਏ ਨ੍ਹੀਂ।” ਕੇਸਰ ਮਿੰਨਾ ਜਿਹਾ ਹੱਸਿਆ।
“ਪੋਤੇ ਨੂੰ ਪੱਕੀ ਕੁੜੀ ਲੱਭ ਗਈ। ਪਤਾ ਨਹੀਂ ਕਿਵੇਂ ਇਨ੍ਹਾਂ ਦਾ ਵੀਜ਼ਾ ਲਵਾਇਆ। ਇਹ ਦੋਵੇਂ ਡੰਗਰ-ਪਸੂ ਵੇਚ ਗਏ, ਜ਼ਮੀਨ ਮਾਮਲੇ ‘ਤੇ ਦੇ ਗਏ। ਘਰ ਇੰਜ ਖਾਲੀ ਕਰ ਦਿੱਤਾ, ਜਿਵੇਂ ਕਿਸੇ ਲੀਡਰ ਦੀ ਰੈਲੀ ਸਮੇਂ ਥਾਂ ਖਾਲੀ ਕਰਵਾਈਦੀ ਐ। ਜਿਨ੍ਹਾਂ ਨੂੰ ਜ਼ਮੀਨ ਸੰਭਾਲੀ ਐ, ਉਹੀ ਚਾਹ ਜੋਗਾ ਦੁੱਧ ਦੇ ਜਾਂਦੇ ਆ। ਉਧਰ ਤੇਰੀ ਤਾਈ ਖੰਘੀ ਜਾਂਦੀ ਆ, ਇਧਰ ਮੈਂ ਕਰਮਾਂ ਨੂੰ ਰੋਈ ਜਾਨਾਂ। ਜਵਾਕਾਂ ਨੇ ਘਰ ਇੰਜ ਖਾਲੀ ਕਰ’ਤਾ, ਜਿਵੇਂ ਬਾਰਡਰ ‘ਤੇ ਲੜਾਈ ਵੇਲੇ ਘਰ ਖਾਲੀ ਹੁੰਦੇ ਆ।” ਤਾਏ ਨੇ ਅੱਖਾਂ ਭਰ ਲਈਆਂ।
“ਤਾਇਆ ਜੀ, ਤੇਰੇ ਵਰਗੀ ਹੀ ਦਲੀਪੇ ਨਾਲ ਹੋਈ ਐ। ਉਹਦਾ ਵੱਡਾ ਪੋਤਾ ਤਾਂ ਨਸ਼ਿਆਂ ਦੇ ਦਰਿਆ ਵਿਚ ਰੁੜ੍ਹ ਗਿਆ, ਦੋਵੇਂ ਪੋਤੀਆਂ ਕਨੇਡਾ ਨੂੰ ਚੜ੍ਹ ਗਈਆਂ।” ਕੇਸਰ ਨੇ ਤਾਏ ਨੂੰ ਦਲੀਪੇ ਦੀ ਗੰਢੜੀ ਫੜਾ ਦਿਤੀ ਕਿ ਆਪੇ ਖੋਲ੍ਹ ਕੇ ਸੁਣਾ ਦੇਵੇਗਾ।
“ਕੇਸਰਾ, ਗੱਲ ਕੀਤੀ ਚੁਗਲੀ ਹੋ ਜਾਂਦੀ ਐ ਪਰ ਸੱਚੀ ਗੱਲ ਕਹਿ ਹੋ ਜਾਂਦੀ ਐ। ਦਲੀਪੇ ਦਾ ਪੁੱਤ ਜੀਤੂ ਵੀ ਨਵੇਂ ਜ਼ਮਾਨੇ ਦਾ ਹਾਣੀ ਬਣ ਕੇ ਤੁਰ ਗਿਆ। ਤਿੰਨ ਕਿੱਲੇ ਜ਼ਮੀਨ ਸੀ। ਮਸਾਂ ਘਰ ਦਾ ਖਰਚਾ ਤੁਰਦਾ ਸੀ। ਧੀਆਂ ਨੂੰ ਪੜ੍ਹਾਉਂਦਾ ਸੀ ਕਿ ਪੜ੍ਹ ਕੇ ਬਾਹਰ ਘੱਲ ਦੇਊਂ। ਕਦੇ ਹੜ੍ਹ, ਕਦੇ ਸੋਕਾ ਜੀਤੂ ਨੂੰ ਵੀ ਕਦੇ ਰੋੜ੍ਹ ਦਿੰਦਾ, ਕਦੇ ਤੋੜ ਦਿੰਦਾ। ਇਕ ਕਿੱਲਾ ਵੇਚ ਦਿੱਤਾ। ਪੁਰਾਣਾ ਘਰ ਢਾਹ ਕੇ ਕੋਠੀ ਪਾ ਲਈ। ਟਰੈਕਟਰ ਬਦਲ ਲਿਆ। ਬੱਸ ਸਾਲ ਵਿਚ ਕਿੱਲੇ ਦੇ ਵੱਟੇ ਰੁਪਏ ਇੰਜ ਹਜ਼ਮ ਹੋ ਗਏ, ਜਿਵੇਂ ਲੀਡਰ ਗ੍ਰਾਂਟ ਹਜ਼ਮ ਕਰ ਜਾਂਦਾ। ਫਿਰ ਕੁੜੀਆਂ ਨੂੰ ਆਈਲੈਟ ਕਰਵਾ ਦਿੱਤਾ। ਹੁਣ ਫੀਸਾਂ ਕਿਥੋਂ ਭਰੇ। ਬਥੇਰਿਆਂ ਦੇ ਹਾੜ੍ਹੇ ਕੱਢੇ, ਕਿਸੇ ਪੱਲਾ ਨਾ ਫੜਾਇਆ। ਆਖਰ ਨੂੰ ਦੋਹਾਂ ਕਿੱਲਿਆਂ ਦੀਆਂ ਲਿਮਟਾਂ ਬਣਾ ਕੇ ਰੁਪਏ ਚੁੱਕ ਲਏ। ਕੁੜੀਆਂ ਦੀਆਂ ਫੀਸਾਂ ਤਾਰ ਕੇ ਕਨੇਡਾ ਚਾੜ੍ਹ ਦਿੱਤੀਆਂ। ਅਗਾਂਹ ਫਿਰ ਫੀਸਾਂ ਆ ਗਈਆਂ। ਮਾੜੀ ਕਿਸਮਤ ਨੂੰ ਜ਼ਮੀਨਾਂ ਦੇ ਭਾਅ ਡਿੱਗ ਪਏ। ਫਿਰ ਪਹਿਲੇ ਲਾਣੇ ਨੇ ਦੋ ਕਿੱਲੇ ਲਿਖਾ ਕੇ ਜੀਤੂ ਇੰਜ ਪੋਚ ਦਿੱਤਾ, ਜਿਵੇਂ ਜਵਾਕ ਗਾਚੀ ਨਾਲ ਫੱਟੀ ਪੋਚਦੇ ਆ। ਹੁਣ ਪਸੂਆਂ ਨੂੰ ਹਰਾ ਕਿਥੋਂ ਲਿਆਵੇ? ਜ਼ਮੀਨ ਮਾਮਲੇ ‘ਤੇ ਵੀ ਨਾ ਮਿਲੇ। ਸਾਲ ਕੁ ਦਵਾਈ ਪੀ ਗਿਆ ਤੇ ਘਰ ਖਾਲੀ ਹੋ ਗਿਆ। ਜੀਤੂ ਦੀ ਘਰ ਵਾਲੀ ਤੇ ਦਲੀਪਾ ਹੀ ਰਹਿ ਗਏ। ਕੀ ਖੱਟਿਆ ਕਨੇਡਾ ਦੇ ਸੁਪਨਿਆਂ ਨੇ? ਕੀ ਮਿਲਿਆ ਜਵਾਕਾਂ ਦੀ ਉਡਾਰੀ ‘ਚੋਂ।” ਤਾਏ ਨੇ ਗੱਲ ਸਿਰੇ ਲਾਈ।
“ਤਾਇਆ ਜੀ ਸੱਚ ਦੱਸਿਓ, ਜੀਅ ਲੱਗਦਾ ਕਿ ਨਹੀਂ ਹੁਣ ਬੱਚਿਆਂ ਤੋਂ ਬਿਨਾਂ?” ਕੇਸਰ ਨੇ ਮੋਹ ਜਿਹੇ ਨਾਲ ਪੁੱਛਿਆ।
“ਕੇਸਰਾ, ਘਰ ਖਾਣ ਨੂੰ ਆਉਂਦਾ। ਕਦੇ ਤੂਤ ‘ਤੇ ਚਿੜੀ ਦਾ ਆਲ੍ਹਣਾ ਤੱਕੀਂ, ਨਿੱਕੇ ਬੋਟਾਂ ਦੀ ਚਹਿ-ਚਹਾਟ ਕਿੰਨੀ ਪਿਆਰੀ ਲੱਗਦੀ ਆ। ਜਦੋਂ ਉਡਾਰੂ ਹੋ ਜਾਂਦੇ ਆ ਤਾਂ ਚਿੜੀ-ਚਿੜਾ ਖਾਲੀ ਹੋਏ ਆਲ੍ਹਣੇ ਨੂੰ ਤੱਕੀ ਜਾਂਦੇ ਆ। ਫਿਰ ਉਹੀ ਆਲ੍ਹਣਾ ਥੱਲੇ ਡਿੱਗਣਾ ਸ਼ੁਰੂ ਕਰ ਦਿੰਦਾ ਹੈ। ਉਹੀ ਗੱਲ ਅੱਜ ਦੇ ਬੁੱਢੇ ਕਰਦੇ ਆ ਪਰ ਇਸ ਉਡਾਰੀ ਵਿਚ ਮਾਪਿਆਂ ਦਾ ਵੱਡਾ ਰੋਲ ਹੁੰਦਾ ਹੈ। ਬਈ ਜਿਸ ਦਾ ਸਰਦਾ, ਉਹ ਤਾਂ ਫਾਹਾ ਨਾ ਲਵੇ।”
“ਤਾਇਆ ਜੀ, ਉਹ ਪਾਲਾ ਮੱਧਰਾ ਤੁਰਿਆ ਆਉਂਦਾ, ਇਹਨੂੰ ਪੁੱਛੀਏ, ਬਈ ਤੇਰਾ ਕਿਵੇਂ ਦਿਲ ਲੱਗਦਾ?” ਕੇਸਰ ਨੇ ਕਿਹਾ।
“ਕੇਸਰਾ, ਜਿਸ ਦਿਨ ਦੇ ਇਹਦੇ ਪੋਤਾ-ਪੋਤੀ ਤੇ ਨੂੰਹ ਗਏ ਨੇ, ਇਹ ਵੀ ਪਾਰੇ ਵਾਂਗੂੰ ਡੋਲਦਾ ਫਿਰਦਾ। ਤੀਵੀਂ ਪਹਿਲਾਂ ਵਿਗੋਚਾ ਦੇ ਗਈ ਸੀ। ਪੁੱਤ ਗਏ ਨੂੰ 12 ਸਾਲ ਹੋ ਗਏ। ਹੁਣ ਇਨ੍ਹਾਂ ਦੀ ਵਾਰੀ ਆਈ ਸੀ। ਘਰ ਤਾਂ ਇਹਦਾ ਵੀ ਖਾਲੀ ਆ। ਵਿਹੜੇ ਦੀ ਤੀਵੀਂ ਆਉਂਦੀ ਆ, ਦੋ ਰੋਟੀਆਂ ਲਾਹ ਜਾਂਦੀ ਐ। ਇਹ ਵਿਚਾਰਾ ਖਾਲੀ ਪਈ ਕੋਠੀ ਨੂੰ ਦੇਖ ਕੇ ਰੋਈ ਜਾਂਦਾ।” ਤਾਏ ਨੇ ਕਿਹਾ।
“ਕਿਵੇਂ ਆ ਮੰਡ ਵਾਲਿਆ?” ਪਾਲੇ ਨੇ ਆਉਂਦੇ ਹੀ ਪੁੱਛਿਆ।
“ਚਾਚਾ ਜੀ ਮੈਂ ਤਾਂ ਠੀਕ ਆਂ, ਆਹ ਤਾਇਆ ਜੀਟਰ ਟਰੈਕਟਰ ਵਾਂਗੂ ਧੂੰਆਂ ਦਈ ਜਾਂਦਾ।” ਕੇਸਰ ਨੇ ਟਿੱਚਰ ਕੀਤੀ।
“ਕੇਸਰਾ, ਹੋਰ ਅਸੀਂ ਲਲਕਾਰੇ ਮਾਰਨੇ ਆਂ। ਸਾਲਾ ਘਰੇ ਤਾਂ ਕੋਈ ਗਾਂ-ਵੱਛਾ ਵੀ ਨਹੀਂ ਜਿਹਦੇ ਆਹਰ ਬੰਦਾ ਤੁਰਿਆ ਫਿਰੂ, ਉਨ੍ਹਾਂ ਨਾਲ ਗੱਲਾਂ ਕਰੀ ਜਾਊ।” ਪਾਲੇ ਦੇ ਦਿਲੋਂ ਹੂਕ ਉਠੀ।
“ਪਾਲਿਆ, ਨਿਆਣੇ ਠੀਕ ਆ ਉਥੇ? ਨੂੰਹ ਦਾ ਦਿਲ ਲੱਗ ਗਿਆ?” ਤਾਏ ਨੇ ਪੁੱਛਿਆ।
“ਵੱਡੇ ਭਾਈ, ਉਨ੍ਹਾਂ ਮੁਲਕਾਂ ਵਿਚ ਜੀਅ ਲੱਗੇ ਜਾਂ ਨਾ ਪਰ ਇਥੋਂ ਗਿਆ ਕੋਈ ਮੁੜਿਆ? ਉਂਜ ਭਾਵੇਂ ਹਰ ਪਲ ਹੇਰਵੇ ਨਾਲ ਚੀਕਾਂ ਮਾਰੀ ਜਾਣ ਪਰ ਕੋਈ ਵੀ ਵਾਪਸ ਨਹੀਂ ਆਇਆ।”
“ਚਾਚਾ ਜੀ, ਤੁਸੀਂ ਦੋਵੇਂ ਨਾ ਪੈਗ ਲਾਉਂਦੇ ਹੋ, ਨਾ ਕੁਝ ਖਾਂਦੇ ਪੀਂਦੇ ਹੋ, ਥੋਡਾ ਦਿਲ ਕਿੰਜ ਲਵਾਈਏ।” ਕੇਸਰ ਨੇ ਫਿਕਰ ਕੀਤਾ।
“ਕੇਸਰਾ, ਰੱਬ ਬਸ ਤੁਰਦੇ ਫਿਰਦਿਆਂ ਨੂੰ ਲੈ ਜਾਵੇ। ਜੇ ਕਿਤੇ ਮੰਜੇ ‘ਤੇ ਪੈ ਗਏ ਤਾਂ ਕਿਸੇ ਨਹੀਂ ਸਾਂਭਣਾ। ਸਾਡੇ ਵਾਲਿਆਂ ਨੇ ਪਿੰਡ ਆਉਣਾ ਨਹੀਂ। ਪਤਾ ਨਹੀਂ, ਬਿਰਧ ਆਸ਼ਰਮ ਵਿਚ ਹੀ ਨਾ ਛੱਡ ਆਉਣ।” ਤਾਏ ਨੇ ਕਿਹਾ।
“ਸਾਡੇ ਵਾਲੇ ਨੂੰ ਮੈਂ ਕਿਹਾ ਸੀ, ਬਈ ਐਡੀ ਵੱਡੀ ਕੋਠੀ ਨਾ ਪਾ, ਜੇ ਤੇਰੇ ਜਵਾਕ ਚਲੇ ਗਏ ਤਾਂ ਇਹਨੂੰ ਕੌਣ ਸਾਂਭੂ? ਅੱਗਿਓਂ ਕਹਿੰਦਾ, ਪਿੰਡ ਵਾਲੇ ਕੀ ਕਹਿਣਗੇ, ਬਈ ਬਾਰਾਂ ਸਾਲ ਵਿਚ ਕੋਠੀ ਵੀ ਨਾ ਪਾ ਹੋਈ। ਹੁਣ ਦਿਖਾ ਲੈ ਲੋਕਾਂ ਨੂੰ? ਸਾਲਾ ਦਿਨੇ ਡਰ ਲੱਗੀ ਜਾਂਦਾ, ਮੈਨੂੰ ਤਾਂ ਲੱਗਦਾ, ਨਸ਼ੇ ਵਾਲਿਆਂ ਨੇ ਟੂਟੀਆਂ ਨਹੀਂ ਛੱਡਣੀਆਂ। ਸਾਲਾ ਜਦੋਂ ਸੌਣ ਨੂੰ ਥਾਂ ਚਾਹੀਦਾ ਸੀ, ਉਦੋਂ ਪੂਰੇ ਖਣ ਨਹੀਂ ਸੀ ਹੁੰਦੇ, ਤੂੜੀ ਵਾਲੇ ਕੋਠੇ ਵਿਚ ਪੈ ਕੇ ਜਵਾਨੀ ਕੱਢੀ। ਹੁਣ ਸੌਣ ਨੂੰ ਬਥੇਰੀ ਥਾਂ ਹੈ, ਹੁਣ ਕੋਈ ਸੌਣ ਵਾਲਾ ਨਹੀਂ ਹੈਗਾ।” ਪਾਲਾ ਬਹੁਤ ਕੁਝ ਸਮਝਾ ਗਿਆ।
“ਚਾਚਾ ਜੀ ਤੇ ਤਾਇਆ ਜੀ, ਤੁਸੀਂ ਦੋਵੇਂ ਹੀ ਜਵਾਕਾਂ ਕੋਲ ਜਾ ਵੜੋ। ਪਿਛਲਾ ਸਭ ਕੁਝ ਅਸੀਂ ਸਾਂਭ ਲੈਂਦੇ ਆਂ। ਇਕ ਦਿਨ ਇੰਜ ਹੀ ਤਾਂ ਹੋਣਾ। ਬਾਹਰਲਿਆਂ ਦਾ ਬਣਿਆ-ਬਣਾਇਆ ਸਰੀਕਾਂ ਨੇ ਹੀ ਸਾਂਭਣਾ ਹੈ।” ਕੇਸਰ ਬੋਲਿਆ।
“ਕੇਸਰਾ, ਲੂੰਬੜੀ ਵਾਂਗੂ ਅੰਗੂਰ ਖੱਟੇ ਆ, ਕਹਿਣਾ ਪਊ। ਜਿੰਨਾ ਚਿਰ ਬੁੱਢੇ ਹੱਡਾਂ ਵਿਚ ਜਾਨ ਐ, ਕੋਈ ਨੇੜੇ ਨਹੀਂ ਲੱਗਦਾ, ਆਲ੍ਹਣਾ ਬਚਾ ਕੇ ਰੱਖਾਂਗੇ। ਬੇਸ਼ਕ ਬੋਟਾਂ ਨੇ ਪਰਵਾਜ਼ ਭਰ ਲਈ ਐ ਪਰ ਆਖਰੀ ਦਮ ਤਕ ਪੁੱਤਰਾਂ ਦੀ ਉਡੀਕ ਕਰਾਂਗੇ।” ਤਾਏ ਨੇ ਫਤਿਹ ਬੁਲਾ ਦਿੱਤੀ।