ਖੇਡ ਸਾਹਿਤ ਦਾ ਓਲੰਪੀਅਨ ਪ੍ਰਿੰਸੀਪਲ ਸਰਵਣ ਸਿੰਘ

ਨਵਦੀਪ ਸਿੰਘ ਗਿੱਲ
ਫੋਨ: 91-97800-36216
ਪ੍ਰਿੰਸੀਪਲ ਸਰਵਣ ਸਿੰਘ ਖੇਡ ਸਾਹਿਤ ਦਾ ਓਲੰਪੀਅਨ ਹੈ, ਜੋ ਆਪਣੀ ਕਲਮ ਨਾਲ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਖੇਡਾਂ ਅਤੇ ਖਿਡਾਰੀਆਂ ਬਾਰੇ ਨਿਰੰਤਰ ਲਿਖ ਰਿਹਾ ਹੈ। ਸਰਵਣ ਸਿੰਘ ਨੇ ਹੁਣ ਤੱਕ 38 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿਚੋਂ 21 ਖੇਡਾਂ ਤੇ ਖਿਡਾਰੀਆਂ ਬਾਰੇ ਹੀ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਪੁਸਤਕਾਂ ਦਾ ਅਨੁਵਾਦ ਅਤੇ ਤਿੰਨ ਪੁਸਤਕਾਂ ਦਾ ਸੰਪਾਦਨ ਕੀਤਾ ਹੈ। ਉਨ੍ਹਾਂ ਦੀਆਂ ਲਿਖੀਆਂ ਦੋ ਪੁਸਤਕਾਂ ਦਾ ਅੰਗਰੇਜ਼ੀ ਵਿਚ ਵੀ ਅਨੁਵਾਦ ਹੋਇਆ ਹੈ।

ਖਿੱਚ ਭਰਪੂਰ ਤੇ ਰੌਚਕ ਵਾਰਤਕ ਲਿਖਣ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ। ਸਰਵਣ ਸਿੰਘ ਦੀ ਵਾਰਤਕ ਪਾਠਕ ਨੂੰ ਇੰਜ ਕਲਾਵੇ ਵਿਚ ਲੈਂਦੀ ਹੈ, ਜਿਵੇਂ ਤਕੜਾ ਜਾਫੀ ਰੇਡਰ ਨੂੰ ਡੱਕ ਕੇ ਕਲਾਵੇ ‘ਚੋਂ ਬਾਹਰ ਨਹੀਂ ਨਿਕਲਣ ਦਿੰਦਾ। ਉਨ੍ਹਾਂ ਦੇ ਖਿੱਚ ਭਰਪੂਰ ਸ਼ੈਲੀ ਵਾਲੇ ਵਾਕ ਇੰਜ ਹਨ, ਜਿਵੇਂ ਹਾਕੀ ਖਿਡਾਰੀ ਵੱਲੋਂ ਕੀਤੀ ਜਾਂਦੀ ਡਰਿਬਲਿੰਗ ਹੋਵੇ। ਓਸੈਨ ਬੋਲਟ ਵਰਗੇ ਫਰਾਟਾ ਦੌੜਾਕ ਬਾਰੇ ਉਨ੍ਹਾਂ ਦਾ ਲਿਖਿਆ ਲੇਖ ਪੜ੍ਹਦਿਆਂ ਪਾਠਕ ਖੁਦ ਸਾਹੋ-ਸਾਹੀ ਹੋ ਜਾਂਦਾ ਹੈ। ਮੈਰਾਥਨ ਦੌੜਾਕ ਬਾਰੇ ਲੇਖ ਪੜ੍ਹਦਿਆਂ ਪਾਠਕ ਨੂੰ ਵੀ ਸਟੈਮਿਨਾ ਰੱਖਣਾ ਪੈਂਦਾ ਹੈ। ਦੌੜਾਂ, ਥਰੋਆਂ ਤੇ ਉਚੀਆਂ-ਲੰਬੀਆਂ ਛਾਲਾਂ ਲਾਉਂਦੇ ਅਥਲੀਟਾਂ ਦੀ ਗਾਥਾ ਪੜ੍ਹਦਿਆਂ ਪਾਠਕ ਵੀ ਵਾਰਤਕ ਦੇ ਸਰੂਰ ਵਿਚ ਉਡਣ ਤੇ ਛਾਲਾਂ ਲਾਉਣ ਲੱਗ ਜਾਂਦਾ ਹੈ। ਉਨ੍ਹਾਂ ਆਪਣੀਆਂ ਵਾਰਤਕ ਦੀਆਂ ਜੁਗਤਾਂ ਨਾਲ ਡਾ. ਸਰਦਾਰਾ ਸਿੰਘ ਜੌਹਲ, ਗੁਲਜ਼ਾਰ ਸਿੰਘ ਸੰਧੂ, ਸੁਰਜੀਤ ਪਾਤਰ ਜਿਹਿਆਂ ਨੂੰ ਵੀ ਖੇਡਾਂ ਬਾਰੇ ਪੜ੍ਹਨ ਲਈ ਪ੍ਰੇਰ ਦਿੱਤਾ, ਜਿਨ੍ਹਾਂ ਦਾ ਖੇਡਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ।
ਪ੍ਰਿੰ. ਸਰਵਣ ਸਿੰਘ ਜਦੋਂ ਲਿਖਦਾ ਹੈ ਤਾਂ ਪਹਿਲਾ ਫਿਕਰਾ ਪੜ੍ਹਨ ਸਾਰ ਹੀ ਪਾਠਕ ਉਸ ਵੱਲ ਇੰਜ ਖਿੱਚਿਆ ਜਾਂਦਾ ਹੈ ਕਿ ਲੇਖ ਜਾਂ ਪੁਸਤਕ ਨੂੰ ਪੜ੍ਹ ਕੇ ਹੀ ਦਮ ਲੈਂਦਾ ਹੈ। ਉਸ ਦਾ ਆਖਰੀ ਫਿਕਰਾ ਚੇਤੰਨ ਪਾਠਕ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਸਰਵਣ ਸਿੰਘ ਦੀ ਪਹਿਲੀ ਲਿਖਤ ਤੋਂ ਹੀ ਉਨ੍ਹਾਂ ਦੇ ਸਮਰੱਥ ਲੇਖਕ ਬਣਨ ਦਾ ਝਲਕਾਰਾ ਪੈ ਗਿਆ ਸੀ। ਫਾਜ਼ਿਲਕਾ ਕਾਲਜ ਵਿਚ ਜਦੋਂ ਉਨ੍ਹਾਂ ਦਾਖਲਾ ਲਿਆ ਤਾਂ ਪੰਜਾਬੀ ਦੇ ਪ੍ਰੋਫੈਸਰ ਵੱਲੋਂ ਸਾਰੇ ਵਿਦਿਆਰਥੀਆਂ ਨੂੰ Ḕਕਾਲਜ ਵਿਚ ਪਹਿਲਾ ਦਿਨḔ ਬਾਰੇ ਕੁਝ ਸਤਰਾਂ ਲਿਖਣ ਨੂੰ ਕਿਹਾ ਗਿਆ। ਸਰਵਣ ਸਿੰਘ ਨੇ ਕਾਲਜ ਦੇ ਪਹਿਲੇ ਦਿਨ ਦਾ ਦ੍ਰਿਸ਼ ਆਪਣੀ ਕਲਮ ਨਾਲ ਕਾਪੀ ‘ਤੇ ਅਜਿਹਾ ਉਤਾਰਿਆ ਕਿ ਕਾਲਜ ਵਾਲਿਆਂ ਨੇ ਉਸ ਲੇਖ ਨੂੰ ਕਾਲਜ ਦੇ ਮੈਗਜ਼ੀਨ ਵਿਚ ਛਾਪਣ ਲਈ ਸਾਂਭ ਲਿਆ।
ਪ੍ਰਿੰਸੀਪਲ ਸਰਵਣ ਸਿੰਘ ਪੰਜਾਬੀ ਵਿਚ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਾਲੇ ਪਹਿਲੇ, ਵੱਡੇ ਤੇ ਪ੍ਰਮਾਣਿਕ ਲੇਖਕ ਹਨ। ਇਸ ਖੇਤਰ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ। ਅੱਜ ਵੀ ਉਹ ਖੇਡ ਲਿਖਾਰੀਆਂ ਲਈ ਆਦਰਸ਼ ਹਨ ਅਤੇ ਹਰ ਖੇਡ ਮੁਕਾਬਲੇ ਤੇ ਖਿਡਾਰੀ ਬਾਰੇ ਉਨ੍ਹਾਂ ਦੇ ਲਿਖੇ ਲੇਖਾਂ ਦੀ ਖੇਡ ਪ੍ਰੇਮੀਆਂ ਨੂੰ ਉਡੀਕ ਰਹਿੰਦੀ ਹੈ। ਉਨ੍ਹਾਂ ਤੋਂ ਅਗਵਾਈ ਲੈ ਕੇ ਖੇਡ ਲੇਖਕ ਮੈਦਾਨ ਵਿਚ ਉਤਰੇ ਹਨ। ਕੌਮਾਂਤਰੀ ਪੱਧਰ ਦੇ ਪੰਜਾਬੀ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਤੋਂ ਉਨ੍ਹਾਂ ਖੇਡ ਲੇਖਣੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਰੇਖਾ ਚਿੱਤਰ ਕਮਾਲ ਦੀ ਹੁਨਰਮੰਦੀ ਨਾਲ ਉਲੀਕੇ। ਉਹ ਖਿਡਾਰੀ ਨਾਲ ਜੁੜੇ ਸਾਰੇ ਜੀਵਨ ਵੇਰਵੇ ਅਜਿਹੇ ਤਰੀਕੇ ਨਾਲ ਪੇਸ਼ ਕਰਦੇ ਹਨ ਕਿ ਖਿਡਾਰੀ ਦਾ ਪਿਛੋਕੜ, ਉਹਦੀ ਮਾਨਸਿਕਤਾ ਤੇ ਉਹਦਾ ਵਿਹਾਰ ਸਜਿੰਦ ਰੂਪ ਵਿਚ ਉਭਰ ਕੇ ਸਾਹਮਣੇ ਆ ਜਾਂਦਾ ਹੈ। ਜਦੋਂ ਉਹ ਮਿਲਖਾ ਸਿੰਘ ਨੂੰ ਦੌੜਦਿਆਂ ਵਿਖਾਉਂਦੇ ਹਨ ਤਾਂ ਸ਼ਬਦਾਂ ਤੇ ਵਾਕਾਂ ਨੂੰ ਅਜਿਹੀ ਕਲਾਤਮਕਤਾ ਨਾਲ ਸੰਜੋਂਦੇ ਹਨ ਕਿ ਪਾਠਕ ਖੁਦ ਮਿਲਖਾ ਸਿੰਘ ਨਾਲ ਸਾਹੋ ਸਾਹ ਹੋਇਆ ਦੌੜਦਾ ਹੈ। ਭਾਵੇਂ ‘ਧਰਤੀ ਧੱਕ’ ਪਰਵੀਨ ਕੁਮਾਰ ਹੋਏ, ‘ਮੁੜਕੇ ਦਾ ਮੋਤੀ’ ਗੁਰਬਚਨ ਸਿੰਘ ਰੰਧਾਵਾ ਤੇ ਭਾਵੇਂ ‘ਅੱਗ ਦੀ ਨਾਲ’ ਜਾਂ ‘ਅਲਸੀ ਦਾ ਫੁੱਲ’ ਦੇ ਨਾਇਕ ਮਹਿੰਦਰ ਸਿੰਘ ਗਿੱਲ ਜਾਂ ਫੇਰ ਪ੍ਰਦੁੱਮਣ ਸਿੰਘ-ਉਹ ਆਪਣੀ ਵਾਰਤਕ ਦੀ ਜਾਦੂਗਰੀ ਨਾਲ ਸ਼ਬਦਾਂ ਦਾ ਅਜਿਹਾ ਜਾਲ ਬੁਣਦੇ ਹਨ ਕਿ ਕੋਈ ਵੀ ਪਾਠਕ ਉਨ੍ਹਾਂ ਦਾ ਪੂਰਾ ਲੇਖ ਪੜ੍ਹੇ ਬਿਨਾ ਇਸ ਜਾਲ ਵਿਚੋਂ ਨਿਕਲ ਨਹੀਂ ਸਕਦਾ। ਉਨ੍ਹਾਂ ਦਾ ਇੱਕ-ਇੱਕ ਸ਼ਬਦ ਪਾਠਕਾਂ ਦੇ ਚੇਤਿਆਂ ਵਿਚ ਵਸ ਜਾਂਦਾ ਹੈ। ਪਾਠਕਾਂ ਨੂੰ ਬਿਨਾ ਖੇਡ ਮੈਦਾਨ ਵਿਚ ਬੈਠਿਆਂ ਹੀ ਖਿਡਾਰੀ ਦੇ ਹਰ ਕਦਮ, ਹਰਕਤ, ਮਾਨਸਿਕ ਵਿਹਾਰ ਸਮੇਤ ਖੇਡ ਮੈਦਾਨ ਦੇ ਚੱਪੇ-ਚੱਪੇ ਦੇ ਦਰਸ਼ਨ ਲੇਖ ਪੜ੍ਹਦਿਆਂ ਹੀ ਹੋ ਜਾਂਦੇ ਹਨ। ਪਾਠਕ ਉਨ੍ਹਾਂ ਦੀ ਲਿਖਤ ਪੜ੍ਹਦਿਆਂ ਰੰਗ, ਰਸ, ਗੰਧ ਦਾ ਸਵਾਦ ਵੀ ਮਾਣਦਾ ਹੈ; ਹੱਸਦਾ-ਮੁਸਕਰਾਉਂਦਾ ਵੀ ਹੈ; ਮੁੜ੍ਹਕੋ-ਮੁੜ੍ਹਕੀ ਵੀ ਹੁੰਦਾ ਹੈ; ਜਿੱਤ ਦੇ ਮੰਚ ‘ਤੇ ਖਿਡਾਰੀ ਨਾਲ ਖਲੋ ਕੇ ਅਨੰਦਤ ਵੀ ਹੁੰਦਾ ਹੈ।
ਪ੍ਰਿੰ. ਸਰਵਣ ਸਿੰਘ ਦੇ ਖਿਡਾਰੀਆਂ ਤੋਂ ਇਲਾਵਾ ਸਾਹਿਤ ਤੇ ਸੱਭਿਆਚਾਰ ਦੀਆਂ ਚੋਟੀ ਦੀਆਂ ਸ਼ਖਸੀਅਤਾਂ ਬਾਰੇ ਲਿਖੇ ਉਨ੍ਹਾਂ ਦੇ ਰੇਖਾ ਚਿੱਤਰ ਬਹੁਤ ਮਕਬੂਲ ਹੋਏ ਹਨ। ਸਿਰਫ ਖੇਡ ਲੇਖਕ ਵਜੋਂ ਹੀ ਨਹੀਂ ਸਗੋਂ ਸਫਰਨਾਮਾ ਲੇਖਕ ਵਜੋਂ ਤੇ ਤਿੱਖੀ ਵਿਅੰਗਾਤਮਕ ਵਾਰਤਕ ਲਿਖਣ ਪੱਖੋਂ ਵੀ ਉਨ੍ਹਾਂ ਨੇ ਆਪਣੀ ਵੱਖਰੀ ਪੈਂਠ ਤੇ ਪਛਾਣ ਬਣਾਈ ਹੈ। ਆਪਣੇ ਮੁਢਲੇ ਦੌਰ ਵਿਚ ਉਨ੍ਹਾਂ ਨੇ ਬਾਕਮਾਲ ਕਹਾਣੀਆਂ ਵੀ ਲਿਖੀਆਂ। ਵੈਸੇ ਉਨ੍ਹਾਂ ਨੇ ਕਹਾਣੀਆਂ, ਰੇਖਾ ਚਿੱਤਰ, ਸਫਰਨਾਮੇ, ਹਾਸ ਵਿਅੰਗ, ਜੀਵਨੀਆਂ, ਸਵੈ-ਜੀਵਨੀ ਤੇ ਪੇਂਡੂ ਜੀਵਨ ਬਾਰੇ ਫੁਟਕਲ ਲੇਖ ਵੀ ਲਿਖੇ ਹਨ।
ਸਮੇਂ ਦੇ ਹਾਣੀ ਰਹੇ ਸਰਵਣ ਸਿੰਘ ਨੇ ਕੰਪਿਊਟਰ ਦੇ ਯੁੱਗ ਵਿਚ ਹੱਥ ਲਿਖਤਾਂ ਦੀ ਥਾਂ ਲਿਖਤ ਨੂੰ ਖੁਦ ਟਾਈਪ ਕਰਨਾ ਸ਼ੁਰੂ ਕੀਤਾ, ਜਿਸ ਦਾ ਸਿਹਰਾ ਉਹ ਕਿਰਪਾਲ ਸਿੰਘ ਪੰਨੂੰ ਸਿਰ ਬੰਨਦੇ ਹਨ। ਸਰਵਣ ਸਿੰਘ ਨੇ ਦੇਸ਼-ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਵੇਖੇ, ਕੁਮੈਂਟਰੀ ਕੀਤੀ ਅਤੇ ਖੇਡ ਮੇਲਿਆਂ ਤੇ ਖਿਡਾਰੀਆਂ ਬਾਰੇ ਲਿਖਿਆ। ਉਨ੍ਹਾਂ ਨੇ ਅਨੇਕਾਂ ਕਾਨਫਰੰਸਾਂ ਤੇ ਗੋਸ਼ਟੀਆਂ ਵਿਚ ਭਾਗ ਲਿਆ। ਪ੍ਰਿੰਸੀਪਲ ਵਜੋਂ ਰਿਟਾਇਰ ਹੋਣ ਪਿੱਛੋਂ ਉਹ ਖੇਡ ਮੇਲੇ ਵੇਖਣ, ਕਬੱਡੀ ਦੀ ਕੁਮੈਂਟਰੀ ਕਰਨ ਤੇ ਪੜ੍ਹਨ-ਲਿਖਣ ਵਿਚ ਰੁੱਝੇ ਹੋਏ ਹਨ। ਹਰ ਸਾਲ ਉਹ ਇੱਕ ਕਿਤਾਬ ਪਾਠਕਾਂ ਦੀ ਝੋਲੀ ਪਾ ਰਹੇ ਹਨ।
ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਲੁਧਿਆਣਾ ਜਿਲੇ ਦੇ ਪਿੰਡ ਚਕਰ ਵਿਚ ਸ਼ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਸ੍ਰੀਮਤੀ ਕਰਤਾਰ ਕੌਰ ਦੀ ਕੁੱਖੋਂ ਹੋਇਆ। ਚਕਰ ਤੋਂ ਮੁਢਲੀ ਸਿੱਖਿਆ ਉਪਰੰਤ ਮੱਲ੍ਹੇ ਤੋਂ ਮੈਟ੍ਰਿਕ ਕੀਤੀ। ਕਾਲਜ ਦੀ ਪੜ੍ਹਾਈ ਫਾਜ਼ਿਲਕਾ ਵਿਖੇ ਭੂਆ ਕੋਲ ਰਹਿੰਦਿਆਂ ਕੀਤੀ ਅਤੇ ਫੇਰ ਬੀ. ਐਡ. ਮੁਕਤਸਰ ਸਾਹਿਬ ਤੋਂ ਕੀਤੀ। ਪੰਜਾਬੀ ਦੀ ਐਮ. ਏ. ਦਿੱਲੀ ਦੇ ਖਾਲਸਾ ਕਾਲਜ ਤੋਂ ਕੀਤੀ। ਦਿੱਲੀ ਹੀ ਉਨ੍ਹਾਂ ਦੀ ਲੇਖਣੀ ਦੀ ਸ਼ੁਰੂਆਤ ਹੋਈ। ਉਸ ਵੇਲੇ ਕੌਮੀ ਰਾਜਧਾਨੀ ਪੰਜਾਬੀ ਸਾਹਿਤਕਾਰਾਂ ਦਾ ਗੜ੍ਹ ਹੁੰਦੀ ਸੀ। 1965 ਵਿਚ ਪੰਜਾਬੀ ਸਾਹਿਤ ਵਿਚ ਵੱਡਾ ਸਥਾਨ ਰੱਖਦੇ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਲਿਖਣ ਦਾ ਸਫਰ ਸ਼ੁਰੂ ਕੀਤਾ। ਜੁਲਾਈ 1967 ਵਿਚ ਉਹ ਦਿੱਲੀ ਛੱਡ ਕੇ ਢੁੱਡੀਕੇ ਕਾਲਜ ਵਿਚ ਆ ਗਏ। ਢੁੱਡੀਕੇ ਪੜ੍ਹਾਉਣ ਕਰਕੇ ਸਰਵਣ ਸਿੰਘ ਦੇ ਨਾਂ ਨਾਲ ਢੁੱਡੀਕੇ ਜੁੜ ਗਿਆ।
ਪ੍ਰਿੰਸੀਪਲ ਸਰਵਣ ਸਿੰਘ ਨੇ ਹਫਤਾਵਾਰ ਖੇਡ ਅੰਕ ਲਈ ਲਿਖਣ ਤੋਂ ਇਲਾਵਾ ਅਖਬਾਰ ‘ਪੰਜਾਬੀ ਟ੍ਰਿਬਿਊਨ’ ਲਈ 1981-82 ਵਿਚ ਬੰਬਈ ਦਾ ਹਾਕੀ ਵਿਸ਼ਵ ਕੱਪ ਅਤੇ 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਕਵਰ ਕੀਤੀਆਂ। ਇਸ ਤੋਂ ਇਲਾਵਾ 1986 ਵਿਚ ਸਿਓਲ ਦੀਆਂ ਏਸ਼ਿਆਈ ਖੇਡਾਂ ਬਾਰੇ ਵੀ ਲਿਖਿਆ। ਉਨ੍ਹਾਂ ਰੰਗਦਾਰ ਸਚਿੱਤਰ ਰਸਾਲਾ ‘ਖੇਡ ਸੰਸਾਰ’ ਸ਼ੁਰੂ ਕੀਤਾ, ਜੋ ਪੰਜਾਬੀ ਵਿਚ ਨਿਰੋਲ ਖੇਡਾਂ ਬਾਰੇ ਆਪਣੀ ਕਿਸਮ ਦਾ ਪਲੇਠਾ ਰਸਾਲਾ ਸੀ। ਢੁੱਡੀਕੇ ਤੋਂ ਬਾਅਦ ਸਰਵਣ ਸਿੰਘ ਨੇ ਰੁਖ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵੱਲ ਕੀਤਾ, ਜਿੱਥੋਂ ਉਨ੍ਹਾਂ ਦੇ ਨਾਂ ਨਾਲ ਪੱਕੇ ਤੌਰ ‘ਤੇ ‘ਪ੍ਰਿੰਸੀਪਲ’ ਜੁੜ ਗਿਆ। ਸ਼ ਗੁਰਚਰਨ ਸਿੰਘ ਸ਼ੇਰਗਿੱਲ ਨੇ ਆਪਣੇ ਇਕਲੌਤੇ ਪੁੱਤਰ ਅਮਰਦੀਪ ਸਿੰਘ ਦੇ ਬੇਵਕਤੀ ਚਲਾਣੇ ਪਿਛੋਂ ਉਸ ਦੀ ਯਾਦ ਕਾਇਮ ਰੱਖਣ ਅਤੇ ਦੋਆਬੇ ਦੇ ਨਵਾਂ ਸ਼ਹਿਰ ਜਿਲੇ ਦੇ ਇਸ ਪੇਂਡੂ ਖੇਤਰ ਵਿਚ ਸਿੱਖਿਆ ਦਾ ਚਾਨਣ ਬਿਖੇਰਨ ਲਈ ਕਾਲਜ ਬਣਾਇਆ। ਨਵੇਂ ਕਾਲਜ ਨੂੰ ਚਲਾਉਣ ਲਈ ਉਘੇ ਅਰਥ ਸਾਸ਼ਤਰੀ ਡਾ. ਸਰਦਾਰਾ ਸਿੰਘ ਜੌਹਲ ਨੂੰ ਪੇਂਡੂ ਪਿਛੋਕੜ ਵਾਲੇ ਇੱਕ ਤਜਰਬੇਕਾਰ, ਸੁਲਝੇ ਪ੍ਰਿੰਸੀਪਲ ਦੀ ਲੋੜ ਸੀ। ਸਰਵਣ ਸਿੰਘ ਇਸ ਲੋੜ ‘ਤੇ ਖਰੇ ਉਤਰੇ ਅਤੇ ਅਮਰਦੀਪ ਕਾਲਜ ਦੇ ਪ੍ਰਿੰਸੀਪਲ ਵਜੋਂ 6 ਸਾਲ ਸ਼ਾਨਦਾਰ ਸੇਵਾਵਾਂ ਦੇ ਕੇ 2000 ਵਿਚ ਸੇਵਾਮੁਕਤ ਹੋਏ। ਉਨ੍ਹਾਂ ਦਾ ਵੱਡਾ ਬੇਟਾ ਜਗਵਿੰਦਰ ਸਿੰਘ ਮੁਕੰਦਪੁਰ ਹੀ ਰਹਿੰਦਾ ਹੈ, ਜੋ ਅਮਰਦੀਪ ਕਾਲਜ ਵਿਚ ਪੰਜਾਬੀ ਪੜ੍ਹਾਉਂਦਾ ਹੈ। ਛੋਟਾ ਬੇਟਾ ਗੁਰਵਿੰਦਰ ਸਿੰਘ ਕੈਨੇਡਾ ਰਹਿੰਦਾ ਹੈ। ਆਪਣੇ ਅਧਿਆਪਨ ਦੇ ਸਫਰ ਦੌਰਾਨ ਪ੍ਰਿੰਸੀਪਲ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵੀ ਰਹੇ।
ਪੰਜਾਬੀ ਖੇਡ ਸਾਹਿਤ ਦੇ ਵਾਧੇ ਲਈ ਅਨੇਕਾਂ ਅਖਬਾਰ ਤੇ ਰਸਾਲਿਆਂ ਦੇ ਖੇਡ ਅੰਕ ਨਿਕਲ ਰਹੇ ਸਨ। ਸਰਵਣ ਸਿੰਘ ਦੀ ਰੀਸੇ ਬਹੁਤ ਸਾਰੀਆਂ ਨਵੀਆਂ ਕਲਮਾਂ ਨੇ ਇਸ ਪਾਸੇ ਲਿਖਣਾ ਸ਼ੁਰੂ ਕੀਤਾ ਹੈ। ਪੰਜਾਬੀ ਵਿਚ ਸੌ ਦੇ ਕਰੀਬ ਖੇਡ ਪੁਸਤਕਾਂ ਵਜੂਦ ਵਿਚ ਆ ਚੁਕੀਆਂ ਹਨ, ਜਿਨ੍ਹਾਂ ਵਿਚ 21 ਤਾਂ ਖੁਦ ਸਰਵਣ ਸਿੰਘ ਦੀਆਂ ਹੀ ਹਨ। ਇੱਕ ਸਾਹਿਤਕ ਗੋਸ਼ਟੀ ਵਿਚ ਜਦੋਂ ਇੱਕ ਆਲੋਚਕ ਨੇ ਖੇਡ ਲੇਖਕਾਂ ਨੂੰ ਸਾਹਿਤਕਾਰ ਮੰਨਣੋਂ ਹੀ ਇਨਕਾਰ ਕਰ ਦਿੱਤਾ ਤਾਂ ਸਰਵਣ ਸਿੰਘ ਨੇ ਅਜਿਹਾ ਜਵਾਬ ਦਿੱਤਾ ਕਿ ਉਨ੍ਹਾਂ ਦੇ ਕਹੇ ਵਚਨਾਂ ਨੂੰ ਖੇਡ ਲਿਖਾਰੀਆਂ ਨੇ ਪੂਰਾ ਕਰ ਦਿੱਤਾ। ਸਰਵਣ ਸਿੰਘ ਉਸ ਗੋਸ਼ਟੀ ਵਿਚ ਦਿੱਤੇ ਜਵਾਬ ਬਾਰੇ ਖੁਦ ਲਿਖਦੇ ਹਨ, “ਤੁਸੀ ਸਾਨੂੰ ਸਾਹਿਤਕਾਰ ਨਹੀਂ ਸਮਝਦੇ ਤਾਂ ਸਿਹਤਕਾਰ ਹੀ ਸਮਝ ਲਓ। ਜੇ ਸਾਡੇ ‘ਚ ਦਮ ਹੋਇਆ ਤਾਂ ਵੇਖਦੇ ਰਿਹੋ ਅਸੀਂ ਪੰਜਾਬੀ ਦੇ ਖੇਡ ਅਦਬ ਦੀ ਵੱਖਰੀ ਅਲਮਾਰੀ ਸ਼ਿੰਗਾਰ ਕੇ ਵਿਖਾਵਾਂਗੇ।”
ਮੁਢਲੇ ਰੇਖਾ ਚਿੱਤਰਾਂ ਤੋਂ ਮਿਲੀ ਦਾਦ ਕਾਰਨ ਸਰਵਣ ਸਿੰਘ ਦਾ ਹੌਸਲਾ ਵਧ ਗਿਆ ਅਤੇ ਫੇਰ ‘ਸ਼ਹਿਦ ਦਾ ਘੁੱਟ’, ‘ਅਲਸੀ ਦਾ ਫੁੱਲ’, ‘ਕਲਹਿਰੀ ਮੋਰ’, ‘ਪੱਤੋ ਵਾਲਾ’, ‘ਗੁਰੂ ਨਾਨਕ ਦਾ ਗਰਾਈਂ’ ਤੇ ‘ਪੌਣ ਦਾ ਹਾਣੀ’ ਆਦਿ 10-12 ਰੇਖਾ ਚਿੱਤਰ ਆਰਸੀ ਲਈ ਲਗਾਤਾਰ ਲਿਖੇ। ਉਨ੍ਹਾਂ ਵੱਲੋਂ ਲਿਖੇ ਦਿਲ-ਟੁੰਬਵੇਂ ਅਤੇ ਤਿੱਖੇ ਸਿਰਲੇਖ ਅੱਜ ਵੀ ਚਾਰ ਦਹਾਕਿਆਂ ਬਾਅਦ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ। ਪਿਛਲੇ ਡੇਢ ਦਹਾਕੇ ਤੋਂ ਉਨ੍ਹਾਂ ਦੀ ਹਰੇਕ ਸਾਲ ਨਵੀਂ ਪੁਸਤਕ ਛਪ ਰਹੀ ਹੈ। ਪਿਛਲੇ ਇੱਕ ਸਾਲ ਦੌਰਾਨ ਉਨ੍ਹਾਂ ਦੋ ਪੁਸਤਕਾਂ ਲਿਖੀਆਂ-‘ਮੇਰੇ ਵਾਰਤਕ ਦੇ ਰੰਗ’ ਅਤੇ ‘ਪੰਜਾਬ ਦੇ ਕੋਹੇਨੂਰ-ਭਾਗ ਤੀਜਾ।’
‘ਪੰਜਾਬ ਦੇ ਕੋਹੇਨੂਰ’ ਸਿਰਲੇਖ ਹੇਠ ਪੰਜਾਬੀ ਸਾਹਿਤ, ਸੱਭਿਆਚਾਰ ਤੇ ਖੇਡਾਂ ਦੀਆਂ ਚੋਟੀ ਦੀਆਂ 22 ਸ਼ਖਸੀਅਤਾਂ ਬਾਰੇ ਲਿਖਿਆ। ਇਸ ਸਿਰਲੇਖ ਹੇਠ ਤਿੰਨ ਪੁਸਤਕ ਲੜੀਆਂ ਛਪੀਆਂ। ਉਨ੍ਹਾਂ ਵੱਲੋਂ ਲਿਖੀਆਂ ਪੁਸਤਕਾਂ ਦੇ ਟਾਈਟਲ ‘ਪੰਜਾਬ ਦੇ ਉਘੇ ਖਿਡਾਰੀ’, ‘ਖੇਡ ਸੰਸਾਰ’, ‘ਖੇਡ ਜਗਤ ਵਿਚ ਭਾਰਤ’, ‘ਪੰਜਾਬੀ ਖਿਡਾਰੀ’, ‘ਅੱਖੀਂ ਵੇਖ ਨਾ ਰੱਜੀਆਂ’, ‘ਪੰਜਾਬ ਦੀਆਂ ਦੇਸੀ ਖੇਡਾਂ’, ‘ਖੇਡ ਮੇਲੇ ਵੇਖਦਿਆਂ’, ‘ਖੇਡ ਦਰਸ਼ਨ’, ‘ਖੇਡ ਪਰਿਕਰਮਾ’, ‘ਖੇਡਾਂ ਦੀ ਦੁਨੀਆਂ’, ‘ਓਲੰਪਿਕ ਖੇਡਾਂ’, ‘ਓਲੰਪਿਕ ਖੇਡਾਂ ਦੀ ਸਦੀ’, ‘ਏਥਨਜ਼ ਤੋਂ ਲੰਡਨ’, ‘ਕਬੱਡੀ ਕਬੱਡੀ ਕਬੱਡੀ’, ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’, ‘ਪੰਜਾਬ ਦੇ ਚੋਣਵੇਂ ਖਿਡਾਰੀ’, ‘ਗੋਲਡਨ ਗੋਲ’ ਆਦਿ ਹਨ। ਉਨ੍ਹਾਂ ਦੇ ਚਰਚਿਤ ਕਾਲਮ ‘ਖੇਡ ਜਗਤ ਦੀਆਂ ਬਾਤਾਂ’ ਦੇ ਪ੍ਰਮੁੱਖ ਲੇਖਾਂ ਨੂੰ ਇਸੇ ਕਾਲਮ ਦੇ ਨਾਂ ਨੂੰ ਸਿਰਲੇਖ ਬਣਾ ਕੇ ਪੁਸਤਕ ਛਾਪੀ। ਖੇਡਾਂ ਤੋਂ ਹਟਵੀਆਂ ਪੁਸਤਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ‘ਫੇਰੀ ਵਤਨਾਂ ਦੀ’, ‘ਪਿੰਡ ਦੀ ਸੱਥ ‘ਚੋਂ’, ‘ਬਾਤਾਂ ਵਤਨ ਦੀਆਂ’ ਤੇ ‘ਰੰਗਾਂ ਦੀ ਗਾਗਰ ਵਾਲਾ ਸਰਦਾਰਾ ਸਿੰਘ ਜੌਹਲ’ ਲਿਖੀਆਂ। ਉਨ੍ਹਾਂ ਦੀ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਬਹੁਚਰਚਿਤ ਰਹੀ।
ਪ੍ਰਿੰ. ਸਰਵਣ ਸਿੰਘ ਨੂੰ ਪੰਜਾਬੀ ਖੇਡ ਪੱਤਰਕਾਰੀ ਦਾ ਮੋਢੀ ਤੇ ਸਿਰਮੌਰ ਖੇਡ ਲੇਖਕ ਮੰਨਿਆ ਜਾਂਦਾ ਹੈ। ਇਨਾਮਾਂ, ਪੁਰਸਕਾਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਦਾ ‘ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ’, ਪੰਜਾਬੀ ਸਾਹਿਤ ਅਕੈਡਮੀ ਦਾ ‘ਕਰਤਾਰ ਸਿੰਘ ਧਾਲੀਵਾਲ ਐਵਾਰਡ’, ਪੰਜਾਬੀ ਸੱਥ ਲਾਂਬੜਾ ਦਾ ‘ਸੱਯਦ ਵਾਰਿਸ ਸ਼ਾਹ ਐਵਾਰਡ’, ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ‘ਖੇਡ ਸਾਹਿਤ ਦਾ ਨੈਸ਼ਨਲ ਐਵਾਰਡ’, ਕਮਲਜੀਤ ਖੇਡਾਂ ਦੌਰਾਨ ‘ਸੁਰਜੀਤ ਯਾਦਗਾਰੀ ਐਵਾਰਡ’, ਕਿਲਾ ਰਾਏਪੁਰ ਖੇਡਾਂ ਦੌਰਾਨ ਸਨਮਾਨ, ਪੁਰੇਵਾਲ ਖੇਡ ਮੇਲੇ ਉਤੇ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੰਦਿਆਂ ਗੁਰਜ ਨਾਲ ਸਨਮਾਨਤ ਕੀਤਾ ਗਿਆ। ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੌਰਾਨ ਉਨ੍ਹਾਂ ਨੂੰ ਅਨੇਕਾਂ ਮਾਣ-ਸਨਮਾਨ ਮਿਲੇ ਹਨ। ਸਰਵਣ ਸਿੰਘ ਸ਼੍ਰੋਮਣੀ ਸਾਹਿਤਕਾਰ ਅਤੇ ਰੁਸਤਮ-ਏ-ਸਿਹਤਕਾਰ ਹਨ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਫਿਲੌਰ ਵਿਖੇ ਸਮਾਗਮ ਦੌਰਾਨ ਤਤਕਾਲੀ ਡੀ. ਜੀ. ਪੀ. ਰਾਜਦੀਪ ਸਿੰਘ ਗਿੱਲ ਨੇ ਉਨ੍ਹਾਂ ਨੂੰ ਪੰਜਾਬੀਆਂ ਦਾ ‘ਸ਼ੇਕਸਪੀਅਰ’ ਕਹਿ ਕੇ ਵਡਿਆਇਆ। ਉਹ ਸੱਚਮੁੱਚ ਸਪਰੋਟਸ ਦੇ ਇਨਸਾਈਕਲੋਪੀਡੀਆ ਹਨ ਅਤੇ ਕਲਮ ਦੇ ਅਣਥੱਕ ਯੋਧੇ ਹਨ।