‘ਜਪੁ’ ਬਾਣੀ ਦੀ ਇੱਕ ਪੰਕਤੀ ਵਲੋਂ ਦਸਮ ਗ੍ਰੰਥ ਰੱਦ!

ਦਸਮ ਗ੍ਰੰਥ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ, ਇਸ ਮੁੱਦੇ ‘ਤੇ ਸਿੱਖ ਪੰਥ ਵਿਚ ਵੱਡੇ ਮਤਭੇਦ ਹਨ। ਕੁਝ ਲੋਕ ਸਾਰੇ ਦਸਮ ਗ੍ਰੰਥ ਨੂੰ ਦਸ਼ਮੇਸ਼ ਪਿਤਾ ਦੀ ਰਚਨਾ ਮੰਨਦੇ ਹਨ ਅਤੇ ਕੁਝ ਇਸ ਗ੍ਰੰਥ ਨੂੰ ਮੂਲੋਂ ਹੀ ਰੱਦ ਕਰਦੇ ਹਨ। ਇਸ ਲੇਖ ਵਿਚ ਕਸ਼ਮੀਰਾ ਸਿੰਘ ਨੇ ਦਸਮ ਗ੍ਰੰਥ ਬਾਰੇ ਆਪਣੇ ਵਿਚਾਰ ਪ੍ਰਗਟਾਏ ਹਨ।

-ਸੰਪਾਦਕ

ਕਸ਼ਮੀਰਾ ਸਿੰਘ
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵਲੋਂ ਦਮਦਮੀ ਬੀੜ ਰਾਹੀਂ ਪ੍ਰਵਾਨ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਪੰਨਿਆਂ ਦੇ ਨਿੱਤਨੇਮ ਵਿਚ ‘ਜਪੁ’ ਬਾਣੀ ਸ਼ਾਮਲ ਹੈ। ਕਿਸੇ ਵੀ ਬਾਣੀ ਦੇ ਤੋਤਾ-ਰਟਨੀ ਪਾਠ ਰਾਹੀਂ ਉਸ ਬਾਣੀ ਵਿਚ ਬਿਆਨ ਕੀਤੇ ਸੱਚ ਤਕ ਪਹੁੰਚਣਾ ਬਹੁਤ ਔਖਾ ਹੈ। ‘ਜਪੁ’ ਬਾਣੀ ਦੀ ਉਹ ਕਿਹੜੀ ਪੰਕਤੀ ਹੈ, ਜੋ ਦਸਮ ਗ੍ਰੰਥ ਨੂੰ ਰੱਦ ਕਰਨ ਲਈ ਕਾਫੀ ਹੈ? ਲਓ ਉਸ ਪਾਵਨ ਪੰਕਤੀ ਦੇ ਦਰਸ਼ਨ ਕਰੋ,
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥
ਅਰਥ ਵਿਚਾਰ:
ਪਦ ਅਰਥ: ਈਸਰੁ=ਸ਼ਿਵ। ਬਰਮਾ=ਬ੍ਰਹਮਾ। ਪਾਰਬਤੀ ਮਾਈ=ਮਾਈ ਪਾਰਬਤੀ।
ਅਰਥ: ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ। (ਗੁਰੂ ਗ੍ਰੰਥ ਸਾਹਿਬ ਦਰਪਣ)
ਵਿਆਖਿਆ: ਸਿੱਖ ਲਈ ਹਿੰਦੂ ਮੱਤ ਦਾ ਸਿਰਜਿਆ ਦੇਵਤਾ ਸ਼ਿਵ ਗੁਰੂ ਨਹੀਂ, ਗੁਰੂ ਹੀ ਸ਼ਿਵ ਹੈ, ਭਾਵ ਸਿੱਖ ਨੇ ਸ਼ਿਵ ਦੀ ਅਰਾਧਨਾ ਅਤੇ ਸਿਫਤਿ ਨਹੀਂ ਕਰਨੀ, ਕੇਵਲ ਗੁਰੂ ਉਤੇ ਹੀ ਭਰੋਸਾ ਰੱਖਣਾ ਹੈ।
ਸਿੱਖ ਲਈ ਜੋਗ ਮੱਤ ਦੇ ਗੋਰਖ ਨਾਥ ਅਤੇ ਹਿੰਦੂ ਮੱਤ ਦੇ ਬ੍ਰਹਮਾ ਅਵਤਾਰ ਗੁਰੂ ਨਹੀਂ, ਸਗੋਂ ਗੁਰੂ ਹੀ ਗੋਰਖ ਅਤੇ ਬ੍ਰਹਮਾ ਹੈ, ਭਾਵ ਸਿੱਖ ਨੇ ਗੋਰਖ ਨਾਥ ਅਤੇ ਬ੍ਰਹਮਾ ਦੀ ਅਰਾਧਨਾ ਤੇ ਸਿਫਤਿ ਨਹੀਂ ਕਰਨੀ, ਕੇਵਲ ਆਪਣੇ ਗੁਰੂ ਉਤੇ ਹੀ ਭਰੋਸਾ ਰੱਖਣਾ ਹੈ।
ਸਿੱਖ ਲਈ ਪਾਰਬਤੀ ਮਾਤਾ ਗੁਰੂ ਨਹੀਂ ਹੈ, ਸਗੋਂ ਗੁਰੂ ਹੀ ਪਾਰਬਤੀ ਮਾਈ ਹੈ। ਭਾਵ ਸਿੱਖ ਨੇ ਪਾਰਬਤੀ ਮਾਈ ਦੀ ਅਰਾਧਨਾ ਅਤੇ ਸਿਫਤਿ ਨਹੀਂ ਕਰਨੀ, ਕੇਵਲ ਆਪਣੇ ਗੁਰੂ ਉਤੇ ਹੀ ਭਰੋਸਾ ਰੱਖਣਾ ਹੈ।
ਦਸਮ ਗ੍ਰੰਥ ਵਿਚ ਸ਼ਿਵ ਦਾ ਵਰਤਿਆ ਰੂਪ ਕੌਣ ਹੈ?
ਹਿੰਦੂ ਜਗਤ ਵਿਚ ਸ਼ਿਵ ਦੇ 12 ਜੋਤ੍ਰਿਲਿੰਗਮ (ਸਰੂਪ) ਮੰਨੇ ਗਏ ਹਨ। ਇਨ੍ਹਾਂ ਵਿਚੋਂ ਮਹਾਂਕਾਲ (ਮਹਾਂਕਾਲ ਦਾ ਮੰਦਿਰ ਉਜੈਨ, ਮੱਧ ਪ੍ਰਦੇਸ਼ ਵਿਚ ਸਥਿਤ ਹੈ, ਜਿੱਥੇ ਮਹਾਂਕਾਲ ਦੇ ਪੁਜਾਰੀ ਉਸ ਦੀ ਮੂਰਤੀ ਨੂੰ ਪੂਜਦੇ ਹਨ) ਦੀ ਅਰਾਧਨਾ ਅਤੇ ਸਿਫਤਿ ਦਸਮ ਗ੍ਰੰਥ ਵਿਚ ਲਿਖਾਰੀਆਂ ਵਲੋਂ ਕੀਤੀ ਗਈ ਮਿਲਦੀ ਹੈ। ਮਹਾਂਕਾਲ ਦੀਆਂ ਸਿਫਤਾਂ ਅਤੇ ਅਰਾਧਨਾ ਦੇ ਹਵਾਲੇ:
(A) ਤ੍ਰਿਅ ਚਰਿੱਤ੍ਰ ਨੰਬਰ 404 ਸਾਰਾ ਹੀ ਮਹਾਂਕਾਲ ਦੀ ਸਿਫਤਿ ਵਿਚ ਲਿਖਿਆ ਗਿਆ ਹੈ, ਜਿਸ ਦੇ 405 ਬੰਦ ਹਨ। ਇਸੇ ਤ੍ਰਿਅ ਚਰਿੱਤਰ ਵਿਚੋਂ ਹੀ ਮਹਾਂਕਾਲ ਅੱਗੇ ਕੀਤੀ ਬੇਨਤੀ ਵਾਲੀ ‘ਕਬਿਯੋ ਬਾਚ ਬੇਨਤੀ ਚੌਪਈ’ ਸ਼੍ਰੋਮਣੀ ਕਮੇਟੀ ਵਲੋਂ ਸੰਨ 1945 ਵਿਚ ਪ੍ਰਵਾਨ ਕੀਤੀ ਸਿੱਖ ਰਹਿਤ ਮਰਯਾਦਾ ਵਿਚ ਪਾ ਕੇ ਸਿੱਖਾਂ ਨੂੰ ਸ਼ਿਵ ਦੇ ਰੂਪ ਮਹਾਂਕਾਲ ਦੇਵਤੇ ਦੇ ਪੁਜਾਰੀ ਬਣਾ ਦਿੱਤਾ ਗਿਆ ਸੀ।
(ਅ) ਤਹਾਂ ਹਮ ਅਧਿਕ ਤਪੱਸਿਆ ਸਾਧੀ।
ਮਹਾਂਕਾਲ ਕਾਲਿਕਾ ਆਰਾਧੀ। (ਬਚਿੱਤ੍ਰ ਨਾਟਕ)
ਦਸਮ ਗ੍ਰੰਥ ਵਿਚ ਪਾਰਬਤੀ ਮਾਈ ਕੌਣ ਹੈ? ਦਸਮ ਗ੍ਰੰਥ ਵਿਚ ਪਾਰਬਤੀ ਮਾਈ ਦੀ ਹੋਂਦ ਨੂੰ ਸਮਝਣ ਲਈ ਦਸਮ ਗ੍ਰੰਥ ਵਿਚ ਲਿਖੀਆਂ ਤਿੰਨ ਰਚਨਾਵਾਂ ਦੀ ਸਾਂਝੀ ਕਹਾਣੀ ਨੂੰ ਸਮਝਣਾ ਪਵੇਗਾ। ਇਹ ਤਿੰਨ ਰਚਨਾਵਾਂ ਹਨ: ਚੰਡੀ ਚਰਿੱਤ੍ਰ ਉਕਤਿ ਬਿਲਾਸ, ਚੰਡੀ ਚਰਿੱਤ੍ਰ (ਦੂਜਾ) ਅਤੇ ਵਾਰ ਦੁਰਗਾ ਕੀ। (ਇਸ ਵਾਰ ਦਾ ਨਾਂ ਸੰਨ 1897 ਵਿਚ ਪਹਿਲੀ ਵਾਰ ਛਪਵਾਏ ਗਏ ਦਸਮ ਗ੍ਰੰਥ ਵਿਚ ਬਦਲ ਕੇ ‘ਵਾਰ ਸ਼੍ਰੀ ਭਗਉਤੀ ਜੀ ਕੀ’ ਰੱਖ ਦਿੱਤਾ ਗਿਆ ਸੀ।)
ਸਾਂਝੀ ਕਹਾਣੀ ਕੀ ਹੈ? ਇੰਦ੍ਰ ਦੇਵਤੇ ਦਾ ਰਾਜ ਦੈਂਤਾਂ ਵਲੋਂ ਖੋਹਿਆ ਜਾਣਾ, ਇੰਦ੍ਰ ਦੇਵਤੇ ਦਾ ਕੈਲਾਸ਼ ਪਰਬਤ ਉਤੇ ਪੁਕਾਰ ਕਰਨ ਲਈ ਜਾਣਾ, ਕੈਲਾਸ਼ ਪਰਬਤ ‘ਤੇ ਰਹਿੰਦੀ ਦੇਵੀ ਦਾ ਦੈਂਤਾਂ ਨਾਲ ਯੁੱਧ ਹੋਣਾ, ਜਿਸ ਵਿਚ ਦੇਵੀ ਦੀ ਤਿੰਨੇ ਵਾਰੀ ਜਿੱਤ ਹੁੰਦੀ ਹੈ ਅਤੇ ਇੰਦ੍ਰ ਨੂੰ ਮੁੜ ਰਾਜਾ ਸਥਾਪਿਤ ਕੀਤਾ ਜਾਂਦਾ ਹੈ।
ਕੈਲਾਸ਼ ਪਰਬਤ ‘ਤੇ ਰਹਿਣ ਵਾਲੀ ਦੇਵੀ ਕੌਣ ਸੀ? ਸ਼ਿਵ ਜੀ ਦਾ ਨਿਵਾਸ ਕੈਲਾਸ਼ ਪਰਬਤ ਉਤੇ ਸੀ ਅਤੇ ਉਥੇ ਹੀ ਉਸ ਨਾਲ ਉਸ ਦੀ ਪਤਨੀ ਰਹਿੰਦੀ ਸੀ। ਉਸ ਪਤਨੀ ਦਾ ਨਾਂ ਕੀ ਸੀ? ਪਾਰਬਤੀ! ਪਾਰਬਤੀ! ਪਾਰਬਤੀ!
ਤਿੰਨਾਂ ਹੀ ਰਚਨਾਵਾਂ ਵਿਚ ਦੈਂਤਾਂ ਨਾਲ ਯੁੱਧ ਕਰਨ ਵਾਲੀ ਕੌਣ ਦੇਵੀ ਹੈ? ਸ਼ਿਵ ਜੀ ਦੀ ਘਰ ਵਾਲੀ ਪਾਰਬਤੀ।
ਤਿੰਨਾਂ ਹੀ ਰਚਨਾਵਾਂ ਵਿਚ ਯੁੱਧ ਕਰਨ ਵਾਲੀ ਪਾਰਬਤੀ ਮਾਈ ਦੇ ਵੱਖ-ਵੱਖ ਨਾਂ-ਦੁਰਗਾ, ਭਗਉਤੀ, ਭਗਵਤੀ, ਭਵਾਨੀ, ਕਾਲਿਕਾ, ਗਿਰਿਜਾ, ਸ਼ਿਵਾ, ਚੰਡੀ, ਚੰਡਿਕਾ ਆਦਿ ਵਰਤੇ ਗਏ ਹਨ।
ਦਸਮ ਗ੍ਰੰਥ ਦੇ ਲਿਖਾਰੀਆਂ ਨੇ ਦੁਰਗਾ ਆਦਿ ਵੱਖ-ਵੱਖ ਦੇਵੀਆਂ ਨੂੰ ਪਾਰਬਤੀ ਦੇ ਰੂਪ ਹੀ ਮੰਨਿਆ ਹੈ। ਦੇਖੋ ਪ੍ਰਮਾਣ:
ਦੁਰਗਾ ਅਤੇ ਦੈਂਤਾਂ ਦੇ ਯੁੱਧ ਦੀ ਕਹਾਣੀ ‘ਚੰਡੀ ਚਰਿੱਤ੍ਰ’-ਦੂਜਾ ਵਿਚੋਂ ਜਿਸ ਵਿਚ ਲੜਨ ਵਾਲੀ ਦੁਰਗਾ ਚੰਡੀ ਹੈ ਅਤੇ ਇਸੇ ਨੂੰ ਹੀ ਪਾਰਬਤੀ ਕਿਹਾ ਗਿਆ ਹੈ,
ਨਮੋ ਜੁੱਧਨੀ ਕ੍ਰੁਧਨੀ ਕ੍ਰੂਰ ਕਰਮਾ।
ਮਹਾ ਬੁੱਧਨੀ ਸਿੱਧਨੀ ਸ਼ੁੱਧ ਕਰਮਾ।
ਪਰੀ ਪਦਮਨੀ ਪਾਰਬਤੀ ਪਰਮ ਰੂਪਾ।
ਸ਼ਿਵੀ ਬਾਸਵੀ ਬ੍ਰਾਹਮੀ ਰਿਧ ਕੂਪਾ। (ਦਸਮ ਗ੍ਰੰਥ, ਪੰਨਾ 115-16)
ਦਸਮ ਗ੍ਰੰਥ ਕੀ ਕਹਿੰਦਾ ਹੈ? ਮਹਾਂਕਾਲ ਦੀ ਅਰਾਧਨਾ ਅਤੇ ਸਿਫਤਿ ਕਰੋ। ਪਾਰਬਤੀ ਮਾਈ ਦੀ ਅਰਾਧਨਾ ਅਤੇ ਸਿਫਤਿ ਕਰੋ ਅਤੇ ਉਸ ਤੋਂ ਬਰ ਮੰਗੋ।
ਗੁਰੂ ਗ੍ਰੰਥ ਸਾਹਿਬ ਦੀ ਕੀ ਸਿੱਖਿਆ ਹੈ? ਸਿੱਖ ਨੇ ਸ਼ਿਵ/ਮਹਾਂਕਾਲ, ਗੋਰਖ ਨਾਥ, ਬ੍ਰਹਮਾ ਅਤੇ ਪਾਰਬਤੀ ਮਾਈ ਦੀ ਅਰਾਧਨਾ ਅਤੇ ਸਿਫਤਿ ਨਹੀਂ ਕਰਨੀ, ਕਿਉਂਕਿ ਸਿੱਖ ਲਈ ਗੁਰੂ ਨਾਲੋਂ ਇਨ੍ਹਾਂ ਵਿਚੋਂ ਕੋਈ ਵੀ ਹਸਤੀ ਵੱਧ ਸਮਰੱਥ ਨਹੀਂ ਹੈ।
ਕੀ ਇਹ ਅਨਰਥ ਨਹੀਂ ਹੋ ਰਿਹਾ? ਜਪੁ ਬਾਣੀ ਦਾ ਉਪਦੇਸ਼ ਹੈ ਕਿ ਪਾਰਬਤੀ ਨੂੰ ਸਿੱਖ ਨੇ ਨਹੀਂ ਧਿਆਉਣਾ ਪਰ ਅਫਸੋਸ ਕਿ ਜਪੁ ਬਾਣੀ ਪੜ੍ਹਨ ਵਾਲੇ ਬਹੁ ਗਿਣਤੀ ਸਿੱਖ ਅਰਦਾਸ ਕਰਨ ਸਮੇਂ ਪਹਿਲਾਂ ਪਾਰਬਤੀ ਨੂੰ ਹੀ ਧਿਆਉਣ ਦੀ ਰੱਟ ਲਾਉਂਦੇ ਹਨ। ‘ਜਪੁ’ ਬਾਣੀ ਦਾ ਉਪਦੇਸ਼ ਹੈ ਕਿ ਮਹਾਂਕਾਲ ਦੇਵਤੇ ਨਾਲ ਸਿੱਖਾਂ ਦਾ ਕੋਈ ਲੈਣਾ-ਦੇਣਾ ਨਹੀਂ, ਪਰ ਅਫਸੋਸ! ਜਪੁ ਬਾਣੀ ਪੜ੍ਹਨ ਵਾਲੇ ਬਹੁ ਗਿਣਤੀ ਸਿੱਖ ਵੀ ਮਹਾਂਕਾਲ ਦੇਵਤੇ ਅੱਗੇ ਲੇਲ੍ਹੜੀਆਂ ਕੱਢਣ ਵਾਲੀ ਚੌਪਈ ਪੜ੍ਹੀ ਜਾਂਦੇ ਹਨ ਅਤੇ ਮਹਾਂਕਾਲ/ਪਾਰਬਤੀ ਦੀਆਂ ਸਿਫਤਾਂ ਵਾਲਾ ‘ਜਾਪੁ’ ਵੀ ਪੜ੍ਹੀ ਜਾਂਦੇ ਹਨ, ਜੋ ਬਾਬਾ ਨਾਨਕ ਦੀ ਸਿੱਖਿਆ ਦੇ ਉਲਟ ਅੰਧ-ਵਿਸ਼ਵਾਸੀ ਕਰਮ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!