ਸੁਖਦੇਵ ਮਾਦਪੁਰੀ
ਫੋਨ: 91-94630-34472
ਹੋਲਾ ਮਹੱਲਾ ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖ ਜਗਤ ਦਾ ਵਿਲੱਖਣ ਅਤੇ ਅਹਿਮ ਤਿਉਹਾਰ ਹੈ, ਜੋ ਬਸੰਤ ਰੁੱਤ ਦੇ ਪਰੰਪਰਾਗਤ ਰੂਪ ਵਿਚ ਮਨਾਏ ਜਾਣ ਵਾਲੇ ‘ਹੋਲੀ’ ਦੇ ਤਿਉਹਾਰ ਤੋਂ ਅਗਲੇ ਦਿਨ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ‘ਤੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ| ਲੱਖਾਂ ਦੀ ਗਿਣਤੀ ਵਿਚ ਦੂਰੋਂ-ਨੇੜਿਓਂ ਆ ਕੇ ਸੰਗਤਾਂ ਇਸ ਤਿਉਹਾਰ ਵਿਚ ਸ਼ਾਮਿਲ ਹੋ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ|
ਹੋਲਾ ਮਹੱਲਾ ਮਨਾਏ ਜਾਣ ਦੀ ਇਤਿਹਾਸਕ ਅਤੇ ਸਭਿਆਚਾਰਕ ਮਹੱਤਤਾ ਹੈ| ਇਹ ਇੱਕ ਬਲਵਾਨ ਚਿੰਤਨ ਅਤੇ ਸੋਚ ਦੀ ਦੇਣ ਹੈ| ਗੁਰੂ ਗੋਬਿੰਦ ਸਿੰਘ ਜੀ ਜਿੱਥੇ ਇੱਕ ਮਹਾਨ ਯੋਧੇ ਸਨ, ਉਥੇ ਉਹ ਇੱਕ ਪ੍ਰਬੋਧ ਵਿਦਵਾਨ, ਵਿਚਾਰਵਾਨ ਅਤੇ ਚਿੰਤਕ ਵੀ ਸਨ| ਸਦੀਆਂ ਦਾ ਇਤਿਹਾਸ ਉਨ੍ਹਾਂ ਦੇ ਸਾਹਮਣੇ ਸੀ: ਸੈਂਕੜੇ ਵਰ੍ਹਿਆਂ ਤੋਂ ਸਮਾਜਕ, ਰਾਜਸੀ ਅਤੇ ਮਾਨਸਿਕ ਗੁਲਾਮੀ ਭੋਗ ਰਹੀ ਜਨਤਾ ਦੀ ਮਾਨਸਿਕਤਾ ਨੂੰ ਬਦਲ ਕੇ ਉਨ੍ਹਾਂ ਵਿਚ ਸਵੈ-ਵਿਸ਼ਵਾਸ, ਆਤਮ ਨਿਰਭਰਤਾ, ਨਿਡਰਤਾ, ਅਣਖ, ਸਵੈਮਾਣ ਅਤੇ ਮਨੋਬਲ ਨੂੰ ਬਲਵਾਨ ਰੱਖਣ ਦੀ ਭਾਵਨਾ ਦਾ ਸੰਚਾਰ ਕਰਨਾ ਅਹਿਮ ਸਰੋਕਾਰ ਸੀ| ਗੁਰੂ ਜੀ ਨੇ ਉਨ੍ਹਾਂ ਦੀ ਸੋਚ ਅਤੇ ਗੁਲਾਮਾਂ ਵਾਲੀ ਮਾਨਸਿਕਤਾ ਨੂੰ ਬਦਲਣ ਲਈ ਕਈ ਇਕ ਇਤਿਹਾਸਕ ਅਤੇ ਇਨਕਲਾਬੀ ਕਦਮ ਚੁੱਕੇ| ਖਾਲਸਾ ਪੰਥ ਦੀ ਸਾਜਨਾ ਉਨ੍ਹਾਂ ਦਾ ਪਹਿਲਾ ਇਤਿਹਾਸਕ ਕਦਮ ਸੀ| ਇਹ ਸੰਸਾਰ ਦੇ ਇਤਿਹਾਸ ਵਿਚ ਵਾਪਰੀ ਅਹਿਮ ਘਟਨਾ ਹੈ, ਜਿਸ ਨੇ ਸਿੱਖ ਜਗਤ ਵਿਚ ਨਵੀਂ ਚੇਤਨਾ ਜਗਾਈ ਅਤੇ ਉਨ੍ਹਾਂ ਨੂੰ ਵਿਲੱਖਣ ਤੇ ਵੱਖਰੀ ਪਛਾਣ ਦੇ ਕੇ, ਜਾਤਾਂ-ਪਾਤਾਂ ਦਾ ਭੇਦ ਮਿਟਾ ਕੇ, ਸਦਾ ਚੜ੍ਹਦੀ ਕਲਾ ਵਿਚ ਰਹਿਣ, ਨਿਤਾਣਿਆਂ ਦਾ ਤਾਣ ਬਣਨ ਅਤੇ ਹੱਕ ਸੱਚ ਲਈ ਜੂਝਣ ਦਾ ਸੰਕਲਪ ਦਿੱਤਾ|
ਗੁਰੂ ਗੋਬਿੰਦ ਸਿੰਘ ਜੀ ਭਲੀ ਪ੍ਰਕਾਰ ਜਾਣਦੇ ਸਨ ਕਿ ਨਰੋਏ ਸਰੀਰ ਅਤੇ ਤਕੜੇ ਮਨੋਬਲ ਬਿਨਾ ਯੁੱਧ ਨਹੀਂ ਲੜੇ ਜਾ ਸਕਦੇ, ਜਮਾਨਾ ਯੁੱਧਾਂ ਦਾ ਸੀ, ਚਾਰੇ ਪਾਸੇ ਦੁਸ਼ਮਣ ਸਨ| ਇਕ ਬੰਨੇ ਮੁਗਲ ਫੌਜਾਂ, ਦੂਜੇ ਬੰਨੇ ਪਹਾੜੀ ਰਾਜੇ| ਇਸ ਮੰਤਵ ਲਈ ਉਨ੍ਹਾਂ ਨੇ ਆਪਣੇ ਸੂਰਬੀਰ ਸਿੰਘਾਂ ਨੂੰ ਨਰੋਏ ਤੇ ਸਿਹਤਮੰਦ ਸਰੀਰ ਕਾਇਮ ਰੱਖਣ ਅਤੇ ਯੁਧ-ਵਿਦਿਆ ਵਿਚ ਪ੍ਰਬੀਨਤਾ ਹਾਸਲ ਕਰਨ ਲਈ ਅਨੰਦਪੁਰ ਦੇ ਮੈਦਾਨ ਵਿਚ ਖਾਲਸਾਈ ਖੇਡਾਂ ਦੀ ਸ਼ੁਰੂਆਤ ਕੀਤੀ| ਹਰ ਰੋਜ਼ ਉਨ੍ਹਾਂ ਦੀ ਨਿਗਰਾਨੀ ਵਿਚ ਸ਼ਸਤਰਧਾਰੀ ਸਿੰਘ ਘੋੜ ਸਵਾਰੀ, ਨੇਜ਼ਾਂ ਬਾਜ਼ੀ, ਤੀਰ ਅੰਦਾਜ਼ੀ, ਤਲਵਾਰ ਬਾਜ਼ੀ ਤੇ ਗਤਕੇ ਦਾ ਅਭਿਆਸ ਕਰਦੇ ਅਤੇ ਗੁਰੂ ਜੀ ਆਪ ਉਨ੍ਹਾਂ ਦੀ ਅਗਵਾਈ ਕਰਦੇ| ਇਸ ਸੰਦਰਭ ਵਿਚ ਉਨ੍ਹਾਂ ਨੇ ਸਨਾਤਨੀ ਤਿਉਹਾਰ ਹੋਲੀ ਨੂੰ ਨਵਾਂ ਰੂਪ ਦੇ ਕੇ ਆਜ਼ਾਦਾਨਾ ਤੌਰ ‘ਤੇ ਮਨਾਏ ਜਾਣ ਦੀ ਪਿਰਤ ਪਾਈ ਤੇ ਇਸ ਦਾ ਨਾਂ ਹੋਲਾ ਮਹੱਲਾ ਪ੍ਰਚਲਿਤ ਕੀਤਾ|
ਚੇਤ ਵਦੀ ਏਕਮ ਸੰਮਤ 1757 (1700 ਈ.) ਨੂੰ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ ‘ਤੇ ਪਹਿਲੀ ਵਾਰ ਹੋਲਾ ਮਹੱਲਾ ਮਨਾਇਆ ਗਿਆ ਅਤੇ ਫਿਰ ਇਸ ਨੂੰ ਸਾਲਾਨਾ ਉਤਸਵ ਵਜੋਂ ਮਨਾਇਆ ਜਾਣ ਲੱਗਾ| ਹੋਲਾ ਮਹੱਲਾ ਅਰਬੀ ਫਾਰਸੀ ਭਾਸ਼ਾ ਦੇ ਸ਼ਬਦ ਹਨ। ਮਹੱਲਾ ਦਾ ਸ਼ਾਬਦਿਕ ਅਰਥ ਹੈ, ਉਹ ਸਥਾਨ ਜੋ ਫਤਿਹ ਕਰਕੇ ਪ੍ਰਾਪਤ ਕੀਤਾ ਜਾਵੇ| ਇਸ ਤਿਉਹਾਰ ਵਿਚ ਮਸਨੂਈ ਯੁੱਧ ਲੜਿਆ ਜਾਂਦਾ ਸੀ| ਘੋੜਾ ਸਵਾਰ ਤੇ ਪੈਦਲ ਸ਼ਸਤਰਧਾਰੀ ਸਿੱਖਾਂ ਨੂੰ ਦੋ ਦਲਾਂ ਵਿਚ ਵੰਡ ਕੇ ਆਪਸੀ ਯੁੱਧ ਕਰਵਾਇਆ ਜਾਂਦਾ| ਇਕ ਦਲ ਕਿਸੇ ਖਾਸ ਥਾਂ ‘ਤੇ ਯੁੱਧ ਕਰਕੇ ਕਬਜ਼ਾ ਕਰ ਲੈਂਦਾ ਅਤੇ ਦੂਜਾ ਦਲ ਪਹਿਲੇ ਦਲ ਪਾਸੋਂ ਸਥਾਨ ਛੁਡਾ ਕੇ ਆਪ ਕਾਬਜ਼ ਹੋਣ ਲਈ ਮਸਨੂਈ ਲੜਾਈ ਲੜਦਾ| ਇੰਜ ਜੋ ਦਲ ਫਤਿਹ ਪ੍ਰਾਪਤ ਕਰ ਲੈਂਦਾ, ਉਸ ਨੂੰ ਗੁਰੂ ਗੋਬਿੰਦ ਜੀ ਸਜੇ ਦੀਵਾਨ ਵਿਚ ਆਪਣੇ ਹੱਥੀਂ ਸਿਰੋਪਾਓ ਦੀ ਬਖਸ਼ਿਸ਼ ਕਰਦੇ|
ਇਸ ਉਪਰੰਤ ਦੀਵਾਨ ਵਿਚ ਢਾਡੀ ਅਤੇ ਕਵੀਸਰ ਬੀਰ-ਰਸੀ ਵਾਰਾਂ ਗਾ ਕੇ ਸਰੋਤਿਆਂ ਦਾ ਮਨੋਬਲ ਨਰੋਆ ਤੇ ਤਕੜਾ ਕਰਦੇ| ਇਸ ਪ੍ਰਕਾਰ ਗੁਰੂ ਜੀ ਆਪਣੇ ਸਿੰਘਾਂ ਨੂੰ ਯੁੱਧ ਲੜਨ ਦਾ ਅਭਿਆਸ ਕਰਵਾਉਣ ਲਈ ਮੌਕਾ ਦੇ ਕੇ ਆਪ ਉਨ੍ਹਾਂ ਦੀ ਅਗਵਾਈ ਕਰਦੇ ਅਤੇ ਜਨ ਸਾਧਾਰਨ ਵਿਚ ਜ਼ੁਲਮ ਤੇ ਜ਼ਬਰ ਵਿਰੁਧ ਜੂਝਣ ਲਈ ਉਤਸ਼ਾਹ ਅਤੇ ਕੁਰਬਾਨੀ ਦਾ ਜਜ਼ਬਾ ਉਭਾਰਦੇ|
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਜਗਤ ਨੂੰ ਬਖਸ਼ੀ ਬਖਸ਼ਿਸ਼ Ḕਹੋਲੇ ਮਹੱਲੇ ਦਾ ਤਿਉਹਾਰḔ ਅੱਜ ਕਲ੍ਹ ਵੀ ਸਿੱਖ ਸ਼ਕਤੀ ਦੇ ਪ੍ਰਦਰਸ਼ਨ ਦੇ ਰੂਪ ਵਿਚ ਅਨੰਦਪੁਰ ਸਾਹਿਬ ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ| ਇਥੇ ਲੋਕਾਂ ਦਾ ਇਕੱਠ ਠਾਠਾਂ ਮਾਰਦੇ ਦਰਿਆ ਦੇ ਰੂਪ ਵਿਚ ਵਹਿ ਰਿਹਾ ਹੁੰਦਾ ਹੈ| ਸਾਰਾ ਪੰਜਾਬ ਉਮਡ ਆਉਂਦਾ ਹੈ| ਦੀਵਾਨ ਸਜਦੇ ਹਨ ਤੇ ਆਖਰੀ ਦਿਨ ਸ਼ਾਨਾਂਮੱਤਾ ‘ਮਹੱਲਾ’ ਖਾਲਸਾਈ ਰਵਾਇਤਾਂ ਅਨੁਸਾਰ ਕੱਢਿਆ ਜਾਂਦਾ ਹੈ, ਜੋ ਕਿਲਾ ਅਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਹੋਲਗੜ੍ਹ ਦੇ ਸਥਾਨ ‘ਤੇ ਹੁੰਦਾ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪਨ ਹੁੰਦਾ ਹੈ| ਚਰਨ ਗੰਗਾ ਦੇ ਕਿਨਾਰੇ ‘ਤੇ ਜਾ ਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਰਵਾਇਤੀ ਖਾਲਸਾਈ ਬਾਣੇ ਵਿਚ ਖਾਲਸਾਈ ਖੇਡਾਂ ਦਾ ਖੂਬਸੂਰਤ ਪ੍ਰਦਰਸ਼ਨ ਕਰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਦਰਸ਼ਕ ਅਸ਼-ਅਸ਼ ਕਰ ਉਠਦੇ ਹਨ|
ਅਨੰਦਪੁਰ ਸਾਹਿਬ ਦੇ ਹੋਲੇ ਮੁਹੱਲੇ ਵਾਂਗ ਹੀ ਹਰ ਸਾਲ ਸਿੱਖ ਸੰਗਤਾਂ ਸ੍ਰੀ ਪਾਉਂਟਾ ਸਾਹਿਬ ਅਤੇ ਹਜ਼ੂਰ ਸਾਹਿਬ, ਨਾਂਦੇੜ ਵਿਖੇ ਵੀ ਲੱਖਾਂ ਦੀ ਗਿਣਤੀ ਵਿਚ ਪੁੱਜ ਕੇ ਬੜੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਉਂਦੀਆਂ ਹਨ| ਦੀਵਾਨ ਸਜਦੇ ਹਨ ਅਤੇ ਨਿਹੰਗ ਸਿੰਘਾਂ ਦੇ ਜਥੇ ਹੋਰਨਾਂ ਪੰਥਕ ਦਸਤਿਆਂ ਨਾਲ ਰਲ ਕੇ ਨਗਰ ਕੀਰਤਨ ਸਜਾਉਂਦੇ ਹਨ| ਇਸ ਸਮੇਂ ਘੋੜਸਵਾਰੀ ਅਤੇ ਗਤਕੇ ਦੇ ਜੌਹਰ ਵੇਖਣ ਯੋਗ ਹੁੰਦੇ ਹਨ|
ਨਾਮਧਾਰੀ ਸੰਪਰਦਾ ਵੱਲੋਂ ਵੀ ਹੋਲੇ ਮਹੱਲੇ ਦਾ ਤਿਉਹਾਰ ਭੈਣੀ ਸਾਹਿਬ ਵਿਖੇ 26 ਤੋਂ 30 ਮਾਰਚ ਤੱਕ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਨਾਮਧਾਰੀ ਸਿੱਖ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ|
ਹੋਲੇ ਮਹੱਲੇ ਦਾ ਤਿਉਹਾਰ ਮਾਨਸਿਕ ਸ਼ਕਤੀ ਨੂੰ ਬਲਵਾਨ ਕਰਨ ਵਾਲਾ ਤਿਉਹਾਰ ਹੈ, ਜੋ ਸਾਨੂੰ ਸਦਾ ਚੜ੍ਹਦੀ ਕਲਾ ਵਿਚ ਰਹਿਣ ਦੀ ਪ੍ਰੇਰਨਾ ਦਿੰਦਾ ਹੈ|