ਖਲਨਾਇਕੀ ਦੀ ਜਾਨ ਅਦਾਕਾਰ ਪ੍ਰਾਣ

ਮਨਦੀਪ ਸਿੰਘ ਸਿੱਧੂ
ਫਿਲਮਾਂ ਵਿਚ ਖਲਨਾਇਕਾਂ ਦੀ ਭੂਮਿਕਾ ਨੂੰ ਬਦਮਾਸ਼ਾਂ ਤੋਂ ਉਪਰ ਚੁੱਕ ਕੇ ਸ਼ਾਹੀ ਅੰਦਾਜ਼ ਦੇਣ ਵਾਲੇ ਅਜ਼ੀਮ ਅਦਾਕਾਰ ਪ੍ਰਾਣ ਨੇ ਆਪਣੇ ਫਿਲਮ ਸਫਰ ਦੀ ਸ਼ੁਰੂਆਤ ਪੰਜਾਬੀ ਫਿਲਮਾਂ ਤੋਂ ਕੀਤੀ। ਉਸ ਨੇ ਪਹਿਲਾਂ ਖਲਨਾਇਕ ਫਿਰ ਨਾਇਕ ਤੇ ਫਿਰ ਖਲਨਾਇਕ ਅਤੇ ਬਾਅਦ ਵਿਚ ਚਰਿਤਰ ਅਦਾਕਾਰ ਵਜੋਂ ਆਪਣੀ ਬਿਹਤਰੀਨ ਕਿਰਦਾਰਨਿਗਾਰੀ ਦੀ ਨੁਮਾਇਸ਼ ਕਰਦਿਆਂ ਭਰਪੂਰ ਸ਼ੋਹਰਤ, ਦੌਲਤ ਅਤੇ ਇੱਜ਼ਤ ਪਾਈ।

ਪ੍ਰਾਣ ਦੀ ਪੈਦਾਇਸ਼ ਪੁਰਾਣੀ ਦਿੱਲੀ ਦੇ ਖੁਸ਼ਹਾਲ ਪੰਜਾਬੀ ਪਰਿਵਾਰ ਵਿਚ 12 ਫਰਵਰੀ 1920 ਨੂੰ ਹੋਈ। ਸਿਵਲ ਇੰਜਨੀਅਰ ਪਿਤਾ ਲਾਲਾ ਕੇਵਲ ਕ੍ਰਿਸ਼ਨ ਸਿਕੰਦ ਅਤੇ ਮਾਤਾ ਰਾਮੇਸ਼ਵਰੀ ਦੇ ਫਰਜ਼ੰਦ ਪ੍ਰਾਣ ਦਾ ਅਸਲੀ ਨਾਮ ਪ੍ਰਾਣ ਕ੍ਰਿਸ਼ਨ ਸਿਕੰਦ ਸੀ ਜੋ ਸ਼ੁਰੂਆਤੀ ਦੌਰ ਦੀਆਂ ਫਿਲਮਾਂ ਵਿਚ ਚਲਦਾ ਸੀ। ਉਸਨੇ ਦਸਵੀਂ ਤਕ ਵਿਦਿਆ ਹਾਸਲ ਕੀਤੀ। ਉਪਰੰਤ ਆਪਣਾ ਕਰੀਅਰ ਸਟਿਲ ਫੋਟੋਗ੍ਰਾਫਰ ਦੇ ਰੂਪ ਵਿਚ ਸ਼ੁਰੂ ਕੀਤਾ ਜਿਸ ਲਈ ਉਸ ਨੇ ਏ. ਦਾਸ ਐਂਡ ਕੰਪਨੀ, ਦਿੱਲੀ ਤੋਂ ਟਰੇਨਿੰਗ ਵੀ ਲਈ। ਜਦੋਂ ਇਸ ਕੰਪਨੀ ਦੀ ਇਕ ਸ਼ਾਖਾ ਲਾਹੌਰ ਖੁੱਲ੍ਹੀ ਤਾਂ ਪ੍ਰਾਣ ਉਥੇ ਜਾ ਕੇ ਕੰਮ ਕਰਨ ਲੱਗਾ। ਇਥੇ ਉਸ ਦੀ ਮੁਲਾਕਾਤ ਵਲੀ ਮੁਹੰਮਦ ਖਾਨ ਨਾਲ ਹੋਈ ਜੋ ਸੇਠ ਦਲਸੁੱਖ ਐਮ. ਪੰਚੋਲੀ ਦੀਆਂ ਫਿਲਮਾਂ ਲਈ ਕਹਾਣੀਆਂ, ਗੀਤ ਅਤੇ ਮੁਕਾਲਮੇ ਲਿਖਦੇ ਸਨ। ਵਲੀ ਸਾਹਿਬ ਰਾਹੀਂ ਹੀ ਉਸ ਨੂੰ ਪੰਜਾਬੀ ਫਿਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ।
ਪੰਜਾਬੀ ਫਿਲਮ ‘ਯਮਲਾ ਜੱਟ’ (1940) ਬਤੌਰ ਖਲਨਾਇਕ ਪ੍ਰਾਣ ਕ੍ਰਿਸ਼ਨ ਸਿਕੰਦ ਦੀ ਪਹਿਲੀ ਫਿਲਮ ਸੀ। ਫਿਲਮ ਵਿਚ ਉਸ ਨੇ ਕੁਲਦੀਪ ਨਾਮੀ ਸੋਹਣਾ ਖਲ-ਪਾਤਰ ਨਿਭਾਇਆ। 31 ਮਈ 1940 ਨੂੰ ਲਾਹੌਰ ਦੇ ਪੈਲੇਸ ਸਿਨੇਮਾ ਵਿਚ ਰਿਲੀਜ਼ ਹੋਈ ਇਹ ਫਿਲਮ ਵੱਡੀ ਹਿੱਟ ਸਾਬਤ ਹੋਈ। ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਪ੍ਰਾਣ ਕ੍ਰਿਸ਼ਨ ਨੂੰ ਇਸੇ ਬੈਨਰ ਦੀ ਹੀ ਦੂਜੀ ਪੰਜਾਬੀ ਫਿਲਮ ‘ਚੌਧਰੀ’ (1941) ਵਿਚ ਵੀ ਅਦਾਕਾਰੀ ਕਰਨ ਦਾ ਮੌਕਾ ਮਿਲਿਆ। ਫਿਲਮ ਵਿਚ ਪ੍ਰਾਣ ਨੇ ਜਸਬੀਰ ਨਾਮੀ ਖਲ-ਪਾਰਟ ਬਾਖੂਬੀ ਅਦਾ ਕੀਤਾ। 22 ਅਗਸਤ 1941 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਚ ਰਿਲੀਜ਼ ਹੋਈ ਇਹ ਫਿਲਮ ਵੀ ਸੁਪਰਹਿਟ ਹੋਈ।
ਦੋਵੇਂ ਕਾਮਯਾਬ ਪੰਜਾਬੀ ਫਿਲਮਾਂ ਵਿਚ ਬਿਹਤਰੀਨ ਕਿਰਦਾਰਨਿਗ਼ਾਰੀ ਸਦਕਾ ਉਸ ਨੂੰ ਉਰਦੂ/ਹਿੰਦੀ ਫਿਲਮ ‘ਖਾਨਦਾਨ’ (1942) ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਬਤੌਰ ਹੀਰੋ-ਹੀਰੋਇਨ ਪ੍ਰਾਣ ਅਤੇ ਨੂਰਜਹਾਂ ਦੀ ਇਹ ਪਹਿਲੀ ਫਿਲਮ ਸੀ। ਭਾਈ ਗ਼ੁਲਾਮ ਹੈਦਰ ਦੇ ਦਿਲਕਸ਼ ਸੰਗੀਤ ‘ਚ ਪ੍ਰਾਣ, ਨੂਰਜਹਾਂ ਤੇ ਮਨੋਰਮਾ ‘ਤੇ ਫਿਲਮਾਏ ਗੀਤ ‘ਉੜ ਜਾ ਉੜ ਜਾ ਪੰਛੀ’ (ਨੂਰਜਹਾਂ, ਗ਼ੁਲਾਮ ਹੈਦਰ), ‘ਮੇਰੇ ਮਨ ਕਾ ਪੰਛੀ ਕਯਾ ਬੋਲੇ’ (ਸ਼ਮਸ਼ਾਦ ਬੇਗ਼ਮ, ਗ਼ੁਲਾਮ ਹੈਦਰ) ਤੋਂ ਇਲਾਵਾ ਨੂਰਜਹਾਂ ਦੇ ਗਾਏ ਗੀਤ ‘ਤੂੰ ਕੌਨ ਸੀ ਬਦਲੀ ਮੇਂ ਮੇਰੇ ਚਾਂਦ ਹੈ ਆਜਾ’ ਨੇ ਬੜੀ ਮਕਬੂਲੀਅਤ ਖੱਟੀ। ਸਈਅਦ ਸ਼ੌਕਤ ਹੁਸੈਨ ਰਿਜ਼ਵੀ ਨਿਰਦੇਸ਼ਿਤ ਇਹ ਫਿਲਮ ਐਕਸੀਲੀਜ਼ਰ ਅਤੇ ਵੈਸਟ ਐਂਡ ਥੀਏਟਰ, ਬੰਬਈ ਵਿਖੇ 25 ਅਪਰੈਲ, 1942 ਨੂੰ ਰਿਲੀਜ਼ ਹੋਈ ਅਤੇ ਸੁਪਰਹਿੱਟ ਰਹੀ।
ਇਸ ਤੋਂ ਬਾਅਦ ਉਸ ਨੇ ਲਾਹੌਰ ਤੇ ਬੰਬੇ ‘ਚ ਬਣੀਆਂ ਕੁਝ ਫਿਲਮਾਂ ‘ਚ ਹੀਰੋ ਅਤੇ ਸਹਾਇਕ ਹੀਰੋ ਦੇ ਕਿਰਦਾਰ ਨਿਭਾਏ। ਇਨ੍ਹਾਂ ਵਿਚ ਫਿਲਮ ‘ਸਹਾਰਾ’ (1943), ‘ਰਾਗਨੀ’ (1945), ‘ਕੈਸੇ ਕਹੂੰ’ (1945), ‘ਰੇਹਾਨਾ’ (1946), ‘ਖਾਮੋਸ਼ ਨਿਗਾਹੇਂ’ (1946), ‘ਪਰਾਏ ਬਸ ਮੇਂ’ (1946), ਮਹਿੰਦਰਾ ਪਿਕਚਰਜ਼, ‘ਮੋਹਿਨੀ’ (1946), ‘ਆਰਸੀ’ (1947), ‘ਬਦਨਾਮੀ’ (1946), ‘ਬੁੱਤ ਤਰਾਸ਼’ (1947), ‘ਬਰਸਾਤ ਕੀ ਏਕ ਰਾਤ’ (1948), ‘ਬਿਰਹਨ’ (1948), ‘ਚੁਨਰੀਆ’ (1948), ‘ਨੇਕ ਦਿਲ’ (1948) ਸ਼ਾਮਲ ਹਨ। ਦਰਅਸਲ, ਪ੍ਰਾਣ ਨੂੰ ਮੁੱਖ ਕਿਰਦਾਰ ਨਿਭਾਉਣੇ ਜ਼ਿਆਦਾ ਪਸੰਦ ਨਹੀਂ ਸਨ, ਕਿਉਂਕਿ ਅਦਾਕਾਰੀ ਦੇ ਨਾਲ-ਨਾਲ ਗਾਉਣਾ ਵੀ ਪੈਂਦਾ ਸੀ ਜੋ ਪ੍ਰਾਣ ਦੇ ਵੱਸ ਦੀ ਗੱਲ ਨਹੀਂ ਸੀ।
18 ਅਪਰੈਲ, 1945 ਨੂੰ ਉਸ ਦਾ ਵਿਆਹ ਪੰਜਾਬਣ ਮੁਟਿਆਰ ਸ਼ੁਕਲਾ ਆਹਲੂਵਾਲੀਆ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਫਰਜ਼ੰਦ ਸੁਨੀਲ ਸਿਕੰਦ, ਅਰਵਿੰਦ ਸਿਕੰਦ ਅਤੇ ਇਕ ਧੀ ਪਿੰਕੀ ਨੇ ਜਨਮ ਲਿਆ। 1947 ‘ਚ ਜਦੋਂ ਲਾਹੌਰ ਵਿਚ ਫਿਰਕੂ ਫਸਾਦ ਹੋਣ ਲੱਗੇ ਤਾਂ ਪ੍ਰਾਣ ਨੇ ਆਪਣੀ ਪਤਨੀ ਤੇ ਇਕ ਸਾਲ ਦੇ ਪੁੱਤਰ ਨੂੰ ਆਪਣੀ ਸਾਲੀ ਕੋਲ ਇੰਦੌਰ ਭੇਜ ਦਿੱਤਾ। ਫਿਰ ਉਹ ਖੁਦ ਵੀ ਇੰਦੌਰ ਅੱਪੜ ਗਏ। ਅਗਲੇ ਦਿਨ ਲਾਹੌਰ ‘ਚ ਦੰਗਿਆਂ ਨੇ ਤੇਜ਼ੀ ਫੜ ਲਈ। ਇੰਦੌਰ ਤੋਂ ਉਹ ਆਪਣੇ ਪਰਿਵਾਰ ਨਾਲ 14 ਅਗਸਤ 1947 ਨੂੰ ਲਾਹੌਰ ਤੋਂ ਬੰਬਈ ਪਹੁੰਚ ਗਏ ਅਤੇ ਤਾਜ-ਮਹਿਲ ਹੋਟਲ ‘ਚ ਕਿਆਮ ਕੀਤਾ। ਉਸ ਦਾ ਖਿਆਲ ਸੀ ਕਿ ਲਾਹੌਰ ਵਿਚ ਕਾਫੀ ਫਿਲਮਾਂ ਕਰਨ ਤੋਂ ਬਾਅਦ ਉਸ ਨੂੰ ਬੰਬਈ ‘ਚ ਆਸਾਨੀ ਨਾਲ ਕੰਮ ਮਿਲ ਜਾਵੇਗਾ ਪਰ ਇੰਜ ਨਾ ਹੋਇਆ। ਇਥੇ ਉਸ ਨੂੰ ਖਾਸਾ ਸੰਘਰਸ਼ ਕਰਨਾ ਪਿਆ। ਛੇਤੀ ਹੀ ਉਸ ਨੂੰ ਉਥੋਂ ਨਿਕਲ ਕੇ ਸਸਤੇ ਤੋਂ ਸਸਤੇ ਹੋਟਲਾਂ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ। ਬਿੱਲ ਚੁਕਾਉਣ ਲਈ ਆਪਣੀ ਸ਼ਰੀਕ-ਏ-ਹਿਯਾਤ ਦੇ ਗਹਿਣੇ ਤਕ ਵੇਚਣੇ ਪਏ। ਪ੍ਰਾਣ ਦਾ ਸਫੀਨਾ ਡੁੱਬਣ ਨੂੰ ਹੀ ਸੀ ਜੇ ਅਫਸਾਨਾਗਾਰ ਸਆਦਤ ਹਸਨ ਮੰਟੋ ਅਤੇ ਸ਼ਿਆਮ ਵਰਗੇ ਦੋਸਤਾਂ ਨੇ ਉਸ ਨੂੰ ‘ਜ਼ਿੱਦੀ’ (1948) ‘ਚ ਛੋਟਾ ਜਿਹਾ ਰੋਲ ਨਾ ਦਿਵਾ ਦਿੱਤਾ ਹੁੰਦਾ। ਹਿਦਾਇਤਕਾਰ ਸ਼ਾਹਿਦ ਲਾਤੀਫ ਦੀ ਦੇਵ ਆਨੰਦ ਅਤੇ ਕਾਮਿਨੀ ਕੌਸ਼ਲ ਦੇ ਮੁੱਖ ਕਿਰਦਾਰ ਵਾਲੀ ਇਸ ਫਿਲਮ ਦਾ ਮਿਹਨਤਾਨਾ ਪ੍ਰਾਣ ਨੂੰ 100 ਰੁਪਏ ਮਿਲਿਆ ਜੋ ਸ਼ਾਮ ਨੂੰ ਉਨ੍ਹਾਂ ਆਪਣੇ ਪਰਿਵਾਰ ਨਾਲ ਜਸ਼ਨ ਮਨਾਉਂਦਿਆਂ ਖਤਮ ਕਰ ਦਿੱਤਾ। ਫਿਰ ਇਸੇ ਹਫਤੇ ‘ਚ ਉਸ ਨੇ ਤਿੰਨ ਫਿਲਮਾਂ ਹੋਰ ਸਾਈਨ ਕੀਤੀਆਂ, ਜਿਨ੍ਹਾਂ ‘ਚ ‘ਗ੍ਰਹਿਸਥੀ’ (1948), ‘ਅਪਰਾਧੀ’ (1949) ਅਤੇ ‘ਪੁਤਲੀ’ (1950) ਸੀ।
ਦੇਸ਼ ਵੰਡ ਤੋਂ ਬਾਅਦ ਪ੍ਰਾਣ ਦੀ ਪਹਿਲੀ ਫਿਲਮ ‘ਛਈ’ (1950) ਸੀ। ਫਿਲਮ ‘ਚ ਉਸ ਨੇ ਕੁਲਦੀਪ ਕੌਰ ਦੇ ਰੂ-ਬ-ਰੂ ਮੁਲਤਾਨੀ ਨਾਮੀ ਮਜ਼ਾਹੀਆ ਪਾਰਟ ਅਦਾ ਕੀਤਾ। ਉਸ ‘ਤੇ ਦੋ ਗੀਤ ਫਿਲਮਾਏ ਗਏ ‘ਕੋਈ ਲਾਲੇ ਨੂੰ ਲੈ ਜਾਏ ਲਾਲੇ ਮੂਸੇ’ ਤੇ ਇਕ ਕੱਵਾਲੀ ‘ਮੈਨੂੰ ਮਾਹੀ ਨਾਲ ਹੋ ਗਿਆ ਪਿਆਰ ਹੌਲੀ-ਹੌਲੀ’। ਇਹ ਫਿਲਮ ਸੁਪਰਹਿਟ ਕਰਾਰ ਪਾਈ। ਪ੍ਰਾਣ ਦੀ ਦੂਜੀ ਪੰਜਾਬੀ ਫਿਲਮ ਰੂਪਬਾਨੀ ਫਿਲਮਜ਼, ਬੰਬਈ ਦੀ ‘ਮੁਟਿਆਰ’ (1951) ਸੀ। ਹਿਦਾਇਤਕਾਰ ਰਾਜਪਾਲ ਦੀ ‘ਫੁੱਮਣ’ (1941) ‘ਚ ਪ੍ਰਾਣ ਨੇ ਹੀਰੋ ਦਾ ਕਿਰਦਾਰ ਅਦਾ ਕੀਤਾ ਜਿਸ ਦੇ ਸਨਮੁੱਖ ਹੀਰੋਇਨ ਦਾ ਪਾਰਟ ਗੀਤਾ ਬਾਲੀ ਨੇ ਨਿਭਾਇਆ।
ਹਰ ਕਿਰਦਾਰ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣ ਵਾਲੇ ਪ੍ਰਾਣ ਨੇ ਆਪਣੀ ਵਿਲੱਖਣ ਅਦਾਕਾਰੀ ਦੇ ਨਾਲ ਆਪਣੇ ਹਰ ਕਿਰਦਾਰ ‘ਚ ਨਵਾਂ ਰੰਗ ਭਰਿਆ। ਫਿਲਮ ‘ਬੜੀ ਬਹਿਨ’ (1949) ‘ਚ ਧੂੰਏਂ ਦੇ ਛੱਲੇ ਬਣਾ ਕੇ ਉਡਾਉਂਦਿਆਂ ਹੋਇਆਂ ਸਿਗਰਟ ਪੀਣਾ ਉਸ ਦੀ ਪਛਾਣ ਬਣ ਗਈ ਸੀ ਅਤੇ ਫਿਰ ਉਸ ਨੇ ਆਪਣੇ ਇਸ ਅੰਦਾਜ਼ ਨੂੰ ਆਪਣੀ ਅਦਾਕਾਰੀ ਦੀ ਸ਼ੈਲੀ ‘ਚ ਸ਼ਾਮਲ ਕਰ ਲਿਆ। ਫਿਲਮ ‘ਹਲਾਕੂ’ (1956), ਮਨੋਜ ਕੁਮਾਰ ਦੀ ਫਿਲਮ ‘ਸ਼ਹੀਦ’ (1965) ਤੋਂ ਬਾਅਦ ਫਿਲਮ ‘ਉਪਕਾਰ’ (1967) ‘ਚ ‘ਮਲੰਗ ਚਾਚਾ’ ਦਾ ਅਮਰ ਪਾਤਰ ਨਿਭਾਉਣ ਵਾਲੇ ਪ੍ਰਾਣ ਦੀ ਨਾਕਾਰਾਤਮਕ ਦਿੱਖ ‘ਚ ਖਾਸਾ ਬਦਲਾਓ ਆ ਗਿਆ। ਹੁਣ ਉਹ ਸਾਕਾਰਾਤਮਕ ਕਿਰਦਾਰ ਨਿਭਾਉਣ ਲੱਗਾ। ਉਸਨੇ ‘ਜ਼ੰਜੀਰ’ (1973) ‘ਚ ਅਮਿਤਾਬ ਬੱਚਨ ਦੇ ਦੋਸਤ ‘ਸ਼ੇਰ ਖਾਨ’ ਦੀ ਭੂਮਿਕਾ ‘ਚ ਜਾਨ ਪਾ ਦਿੱਤੀ ਸੀ। ਫਿਲਮ ‘ਧਰਮਾ’ (1973) ਤੇ ‘ਕਸੌਟੀ’ (1974) ਦੇ ਕਿਰਦਾਰਾਂ ਨਾਲ ਉਸਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਪ੍ਰਾਣ ‘ਤੇ ਫਿਲਮਾਏ ਗਏ ਤਮਾਮ ਗੀਤ ਸੁਪਰਹਿੱਟ ਰਹੇ। 350 ਤੋਂ ਜ਼ਿਆਦਾ ਫਿਲਮਾਂ ‘ਚ ਆਪਣੀ ਆਲ੍ਹਾ-ਕਿਰਦਾਰਨਿਗਾਰੀ ਦੀ ਅਮਿੱਟ ਛਾਪ ਛੱਡਣ ਵਾਲੇ ਅਦਾਕਾਰ ਦਾ 12 ਜੁਲਾਈ 2013 ਨੂੰ ਬੰਬਈ ਵਿਖੇ 93 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।