ਸੁਰ ਕਦ ਦੇਖੇ ਹੱਦਾਂ-ਸਰਹੱਦਾਂ!

ਇਰਾਨ ਦੀ ਨਾਮੀ ਲੋਕ ਗਾਇਕਾ ਮਾਰਜ਼ੀਏ ਦਾ ਅਸਲ ਨਾਂ ਅਸ਼ਰਫ ਓ-ਸਆਦਤ ਮੁਰਤਜ਼ਈ ਹੈ। ਤਹਿਰਾਨ ਵਿਚ ਜੰਮੀ ਮੁਰਤਜ਼ਈ ਇਰਾਨ ਦੇ ਲੋਕ ਗਾਇਨ ਦਾ ਥੰਮ੍ਹ ਸੀ ਪਰ 1979 ਵਿਚ ਇਸਲਾਮੀ ਇਨਕਲਾਬ ਤੋਂ ਬਾਅਦ ਸਾਰਾ ਕੁਝ ਰਾਤੋ-ਰਾਤ ਬਦਲ ਗਿਆ। ਆਇਤੁੱਲਾ ਖੁਮੈਨੀ ਨੇ ਸੱਤਾ ਸੰਭਾਲਦਿਆਂ ਹੀ ਮਜ਼ਹਬ ਦੇ ਬਹਾਨੇ ਕਲਾ ਅਤੇ ਕਲਾਕਾਰਾਂ ਨੂੰ ਸੰਘੀ ਤੋਂ ਨੱਪ ਲਿਆ। ਮੁਰਤਜ਼ਈ ਵੀ ਇਨ੍ਹਾਂ ਕਲਾਕਾਰਾਂ ਵਿਚ ਸ਼ਮਾਲ ਸੀ। ਜਿਸ ਮੁਰਤਜ਼ਈ ਦੇ ਸੁਰ ਰੇਡੀਓ ਤਹਿਰਾਨ ਤੋਂ ਰੋਜ਼ ਲਹਿਰਦੇ ਸਨ ਅਤੇ ਜਿਨ੍ਹਾਂ ਨੂੰ ਸੁਣ-ਸੁਣ ਕੇ ਲੋਕ ਵਜਦ ਵਿਚ ਆਉਂਦੇ ਸਨ, ਮੁਲਾਣਿਆਂ ਨੇ ਬੰਦ ਕਰਵਾ ਦਿੱਤੇ। ਉਸ ਨੂੰ ਗਾਉਣ ਤੋਂ ਵਰਜ ਦਿੱਤਾ ਗਿਆ। ਆਇਤੁੱਲਾ ਖੁਮੈਨੀ ਨੇ  ਐਲਾਨ ਕੀਤਾ ਸੀ: ਔਰਤਾਂ ਦੀ ਆਵਾਜ਼ ਮਰਦਾਂ ਨੂੰ ਸੁਣਨੀ ਨਹੀਂ ਚਾਹੀਦੀ। ਸਿਰਫ ਪਰਿਵਾਰਕ ਜੀਅ ਹੀ ਔਰਤ ਦੀ ਆਵਾਜ਼ ਸੁਣ ਸਕਦੇ ਹਨ।
ਇਰਾਨ ਵਿਚ ਇਸਲਾਮੀ ਇਨਕਲਾਬ ਵਿਚ ਕਲਾਕਾਰਾਂ ਉਤੇ ਪਾਬੰਦੀ ਦੇ ਬਾਵਜੂਦ ਮੁਰਤਜ਼ਈ ਨੇ ਆਪਣਾ ਹਠ ਕਾਇਮ ਰੱਖਿਆ। ਉਸ ਨੇ ਮੁਲਾਣਿਆਂ ਦੀਆਂ ਹਦਾਇਤਾਂ ਜੋ ਕਲਾ-ਵਿਰੋਧੀ ਸਨ, ਅੱਗੇ ਝੁਕਣ ਤੋਂ ਨਾਂਹ ਕਰ ਦਿੱਤੀ। 13 ਅਕਤੂਬਰ 2010 ਨੂੰ ਪੈਰਿਸ ਵਿਚ 86 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ। ਉਸ ਨੂੰ ਕੈਂਸਰ ਨੇ ਆਣ ਘੇਰਾ ਘੱਤ ਲਿਆ ਸੀ। ਆਪਣੀ ਇਕ ਇੰਟਰਵਿਊ ਦੌਰਾਨ ਉਸ ਨੇ ਪਾਬੰਦੀਆਂ ਬਾਰੇ ਕਿਹਾ ਸੀ: “ਠੀਕ ਹੈ, ਅਗਲਿਆਂ ਨੇ ਜ਼ਬਰਦਸਤੀ ਕਰਦਿਆਂ ਗਾਉਣ ਤੋਂ ਰੋਕ ਦਿੱਤਾ ਸੀ, ਪਰ ਮੈਂ ਰਿਆਜ਼ ਤਾਂ ਕਰਨੀ ਹੀ ਸੀ। ਸੋ, ਮੈਂ ਰੋਜ਼ ਰਾਤ ਨੂੰ ਤਹਿਰਾਨ ਵਿਚਲੇ ਆਪਣੇ ਘਰ ਤੋਂ ਨਿਕਲਦੀ ਅਤੇ ਪਹਾੜੀ ਦੇ ਪੈਰਾਂ ਵਿਚ ਛੱਤੀ ਆਪਣੀ ਝੌਂਪੜੀ ਵਿਚ ਜਾ ਵੜਦੀ। ਸਾਹਮਣੇ ਚਸ਼ਮਾ ਵਹਿੰਦਾ ਸੀ ਅਤੇ ਇਸ ਦੀ ਵਾਹਵਾ ਸ਼ੂਕਰ ਪੈਂਦੀ ਸੀ। ਮੈਂ ਜਦੋਂ ਰਿਆਜ਼ ਕਰਦੀ ਤਾਂ ਇਹ ਚਸ਼ਮਾ ਜਿਵੇਂ ਮੇਰੇ ਆਲੇ-ਦੁਆਲੇ ਸੁਰੱਖਿਆ ਦੀ ਵਾੜ ਕਰ ਲੈਂਦਾ। ਪਹਾੜੀ ਦੇ ਐਨ ਉਪਰ ਤੋਂ ਡਿਗਦੇ ਪਾਣੀ ਤੋਂ ਹੋ ਰਹੇ ਸ਼ੋਰ ਵਿਚ ਹੀ ਮੇਰੀ ਆਵਾਜ਼ ਰਲ ਜਾਂਦੀ। ਜਦ ਮੈਂ ਆਲਾਪ ਲੈਂਦੀ ਤਾਂ ਜਾਪਦਾ, ਆਸਮਾਨ ਦੇ ਤਾਰੇ ਅਤੇ ਕੋਲ ਖਾਮੋਸ਼ ਖੜ੍ਹੀਆਂ ਪਹਾੜੀਆਂ ਮੇਰੇ ਵੱਲ ਝਾਕ ਰਹੀਆਂ ਹਨ ਅਤੇ ਨਾਲ ਹੀ ਸਾਬਾਸ਼ ਵੀ ਦੇ ਰਹੀਆਂ ਹਨ।” ਮੁਰਤਜ਼ਈ ਮੁਤਾਬਕ ਕਈ ਵਾਰੀ ਕਈ ਲੋਕਾਂ ਨੇ ਉਸ ਨੂੰ ਮਹਿਫ਼ਿਲਾਂ ਵਿਚ ਜਾਣ ਲਈ ਕਾਫੀ ਵੱਡੀ ਰਕਮ ਵੀ ਤਜਵੀਜ਼ ਕੀਤੀ, ਪਰ ਉਸ ਨੇ ਅਜਿਹੀਆਂ ਮਹਿਫ਼ਿਲਾਂ ਵਿਚ ਕਦੇ ਨਹੀਂ ਗਾਇਆ। ਅਜਿਹੀਆਂ ਮਹਿਫਿਲਾਂ ਵਿਚ ਛਾਪਿਆਂ ਦਾ ਖ਼ਤਰਾ ਸੀ ਅਤੇ ਉਹ ਆਪਣੇ ਪ੍ਰਸੰਸਕਾਂ ਨੂੰ ਇਮਤਿਹਾਨ ਵਿਚ ਨਹੀਂ ਸੀ ਪਾਉਣਾ ਚਾਹੁੰਦੀ। ਜਦੋਂ ਆਇਤੁੱਲਾ ਖੁਮੈਨੀ ਦੀ ਮੌਤ ਹੋਈ ਤਾਂ ਕੁਝ ਮੁਲਾਣੇ ਉਸ ਨੂੰ ਇਸ ਸ਼ਰਤ ਉਤੇ ਗਾਉਣ ਦੀ ਆਗਿਆ ਦੇਣ ਲਈ ਮੰਨ ਗਏ ਕਿ ਉਹ ਮਰਦਾਂ ਲਈ ਜਾਂ ਵਿਚਕਾਰ ਨਹੀਂ ਗਾਵੇਗੀ। ਮੁਰਤਜ਼ਈ ਨੇ ਸਾਫ ਨਾਂਹ ਕਰ ਦਿੱਤੀ। ਉਸ ਨੇ ਮੁਲਾਣਿਆਂ ਨੂੰ ਜਵਾਬ ਦਿੱਤਾ: “ਮੈਂ ਕਿਸੇ ਮਰਦ ਜਾਂ ਕਿਸੇ ਔਰਤ ਲਈ ਨਹੀਂ ਗਾਉਂਦੀ। ਮੈਂ ਤਾਂ ਆਪਣੇ ਇਰਾਨੀ ਲੋਕਾਂ ਲਈ ਗਾਉਂਦੀ ਹਾਂ।”æææਤੇ ਮਜ਼ਹਬ ਨਾਲ ਅੰਨ੍ਹੇ ਹੋਏ ਮੁਲਾਣੇ ਚੁੱਪ ਹੋ ਗਏ। ਪਿੱਛੋਂ ਮੁਲਾਣਿਆਂ ਵੱਲੋਂ ਕੁਝ ਵਧੇਰੇ ਹੀ ਤੰਗ-ਪ੍ਰੇਸ਼ਾਨ ਕਰਨ ‘ਤੇ ਉਸ ਨੇ ਇਰਾਨ ਛੱਡ ਦਿੱਤਾ ਅਤੇ ਪੈਰਿਸ ਜਾ ਵੱਸੀ। ਕਲਾਕਾਰਾਂ ਅਤੇ ਬੁੱਧੀਜੀਵੀਆਂ ਦੇ ਉਤੇ ਪਾਬੰਦੀਆਂ ਤੋਂ ਉਹ ਬਹੁਤ ਔਖੀ ਸੀ। ਇਕ ਮੁਲਾਕਾਤ ਦੌਰਾਨ ਉਸ ਨੇ ਆਖਿਆ ਸੀ: “ਕਲਾਕਾਰਾਂ ਅਤੇ ਬੁੱਧੀਜੀਵੀਆਂ ਨੇ ਇਰਾਨ ਵਿਚ ਬਹੁਤ ਕੁਝ ਝੱਲਿਆ ਹੈ। ਬਿਹਤਰੀਨ ਸੰਗੀਤਕਾਰ ਮੌਤ ਦੇ ਮੂੰਹ ਵਿਚ ਜਾ ਪਏ। ਮੁਲਾਣੇ ਹਰ ਚੀਜ਼ ਦੇ ਖਿਲਾਫ ਹਨ। ਖ਼ੁਦ ਆਇਤੁੱਲਾ ਖੁਮੈਨੀ ਕਲਾਵਾਂ ਪ੍ਰਤੀ ਬਹੁਤ ਸੰਕੀਰਨ ਸੀ। ਚੰਗੀ ਗੱਲ ਹੈ ਕਿ ਇਰਾਨੀ ਸੁਭਾਅ ਤੋਂ ਵਿਦਰੋਹੀ ਹਨ। ਮੈਨੂੰ ਨਹੀਂ ਲੱਗਦਾ ਕਿ ਮੁਲਾਣੇ ਉਨ੍ਹਾਂ ਦੀ ਆਤਮਾ ਨੂੰ ਨਸ਼ਟ ਕਰ ਸਕਦੇ ਹਨ।” ਇਰਾਨ ਵਿਚ ਔਰਤਾਂ ਦੀ ਮਾੜੀ ਦਸ਼ਾ ਬਾਰੇ ਉਹ ਸਦਾ ਹੀ ਫਿਕਰਮੰਦ ਰਹੀ। ਮੁਲਾਣਿਆਂ ਦੀ ਸੋਚ ਦਾ ਜ਼ਿਕਰ ਕਰਦਿਆਂ ਉਹ ਦੱਸਦੀ ਹੈ: “ਸਿਰਫ਼ ਇੱਕ ਮਿਸਾਲ ਹੀ ਕਾਫ਼ੀ ਹੈ। ਇਕ ਵਾਰ ਇਹ ਫੈਸਲਾ ਕੀਤਾ ਗਿਆ ਹੈ ਕਿ ਜੇ ਕਿਸੇ ਔਰਤ ਨੂੰ ਫਾਂਸੀ ਦੇਣੀ ਹੈ ਤਾਂ ਫਾਂਸੀ ਤੋਂ ਪਹਿਲਾਂ ਉਸ ਨਾਲ ਜਬਰ-ਜਨਾਹ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਜੇ ਉਹ ਕੰਵਾਰੀ ਹੈ ਤਾਂ ਉਹ ਜੰਨਤ (ਸਵਰਗ) ਵਿਚ ਜਾਵੇਗੀ।” ਇਹ ਕਹਿੰਦਿਆਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਫਿਰ ਬੋਲੀ: “ਮੁਲਾਣਿਆਂ ਦਾ ਔਰਤਾਂ ਪ੍ਰਤੀ ਅਜਿਹਾ ਸਲੂਕ ਸੀ। ਉਹ ਵੀ ਮਜ਼ਹਬ ਦੇ ਨਾਂ ਉਤੇ! ਖੁਦਾਇਆ ਇਨ੍ਹਾਂ ਲੋਕਾਂ ਨੂੰ ਨੂੰ ਬਖਸ਼ ਦੇਈਂ!!”

Be the first to comment

Leave a Reply

Your email address will not be published.