ਫਿਲਮਾਂ ਵਿਚ ਕੁਝ ਸਿਤਾਰਿਆਂ ਕੋਲ ਫਿਲਮਾਂ ਬੇਸ਼ਕ ਹੀ ਇਕਾ-ਦੁੱਕਾ ਵੀ ਨਾ ਹੋਣ ਪਰ ਉਹ ਪ੍ਰਚਾਰ ਪਾਉਣ ਲਈ ਉਤਾਵਲੇ ਰਹਿੰਦੇ ਹਨ। ਕਦੇ ਪਰਿਵਾਰਕ ਕਾਰਨਾਂ ਕਰਕੇ ਅਤੇ ਕਦੇ ਕੁਝ ਪ੍ਰੇਮ ਪ੍ਰਸੰਗਾਂ ਜਾਂ ਇਸ਼ਤਿਹਾਰਬਾਜ਼ੀ ਕਾਰਨ। ਸ਼ਾਹਿਦ ਕਪੂਰ, ਕਰੀਨਾ ਕਪੂਰ ਅਤੇ ਸੋਨਮ ਕਪੂਰ ਵਰਗੇ ਕਲਾਕਾਰ ਅੱਜ ਕੱਲ੍ਹ ਭਾਵੇਂ ਫਿਲਮਾਂ ਵਿਚ ਬਹੁਤ ਘੱਟ ਦਿਖਾਈ ਦੇ ਰਹੇ ਹਨ ਪਰ ਪ੍ਰਚਾਰ ਵਿਚ ਛਾਏ ਰਹਿੰਦੇ ਹਨ। ਮੀਡੀਆ ਵੀ ਇਨ੍ਹਾਂ ਉਤੇ ਮਿਹਰਬਾਨ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸੈਲੇਬ੍ਰਿਟੀ ਅਤੇ ਪ੍ਰਚਾਰ ਦਾ ਚੋਲੀ ਦਾਮਨ ਦਾ ਸਾਥ ਹੁੰਦਾ ਹੈ। ਖੁਦ ਮੀਡੀਆ ਵੀ ਸੈਲੇਬ੍ਰਿਟੀ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖਣਾ ਪਸੰਦ ਕਰਦਾ ਹੈ। ਪ੍ਰਸੰਸਕ ਆਪਣੇ ਪਸੰਦੀਦਾ ਸਿਤਾਰੇ ਬਾਰੇ ਪੜ੍ਹਨਾ ਪਸੰਦ ਕਰਦੇ ਹਨ ਅਤੇ ਮੀਡੀਆ ਉਨ੍ਹਾਂ ਬਾਰੇ ਵਧਾ ਚੜ੍ਹਾ ਕੇ ਖਬਰਾਂ ਪਰੋਸਦਾ ਰਹਿੰਦਾ ਹੈ। ਤਹਿ ਵਿਚ ਜਾਈਏ ਤਾਂ ਕਈ ਰੋਚਕ ਤੱਥਾਂ ਦਾ ਖੁਲਾਸਾ ਹੁੰਦਾ ਹੈ। ਜਿਨ੍ਹਾਂ ਬਾਰੇ ਚਰਚਾ ਕਰਦੇ ਹਾਂ।
ਆਲੋਚਕਾਂ ਨੇ ਕਦੇ ਵੀ ਸ਼ਾਹਿਦ ਕਪੂਰ ਨੂੰ ਉਮਦਾ ਅਦਾਕਾਰ ਨਹੀਂ ਮੰਨਿਆ ਪਰ ‘ਜਬ ਵੀ ਮੈੱਟ’ ਤੋਂ ਬਾਅਦ ਮਿਲੇ ਆਪਣੇ ਸਟਾਰਡਮ ਨੂੰ ਉਸ ਨੇ ਬਹੁਤ ਚੰਗੀ ਤਰ੍ਹਾਂ ਸੰਭਾਲਿਆ। ਇਸ ਵਿਚ ਉਸ ਨੇ ਆਪਣੇ ਮਜ਼ਬੂਤ ਪ੍ਰਚਾਰ ਤੰਤਰ ਦਾ ਭਰਪੂਰ ਸਹਾਰਾ ਲਿਆ। ਸ਼ਾਹਿਦ ਕੋਲ ਫਿਲਮਾਂ ਹਮੇਸ਼ਾਂ ਘੱਟ ਹੀ ਰਹਿੰਦੀਆਂ ਹਨ ਕਿਉਂਕਿ ਉਹ ਅੱਜ ਵੀ ਆਪਣੇ ਦਮ ‘ਤੇ ਕਿਸੇ ਫਿਲਮ ਨੂੰ ਨਹੀਂ ਚਲਾ ਸਕਦਾ। ਉਸ ਦੀਆਂ ਫਿਲਮਾਂ ਹਮੇਸ਼ਾਂ ਚੰਗੇ ਸਹਿ ਅਦਾਕਾਰ ਦੀ ਮੰਗ ਕਰਦੀਆਂ ਹਨ। ਇਸ ਸੂਰਤ ਵਿਚ ਮੀਡੀਆ ਸ਼ਾਹਿਦ ਨੂੰ ਸਿਰਫ ਪ੍ਰਚਾਰ ਵਿਚ ਰੱਖਣ ਲਈ ਉਸ ਦੀ ਫਿੱਟਨੈੱਸ ਅਤੇ ਬਾਕੀ ਗਤੀਵਿਧੀਆਂ ਦੀਆਂ ਖਬਰਾਂ ਪਰੋਸਦਾ ਰਹਿੰਦਾ ਹੈ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਮੀਡੀਆ ਉਸ ਦੀ ਪਤਨੀ ਮੀਰਾ ਰਾਜਪੂਤ ਅਤੇ ਬੇਟੀ ਮੀਸ਼ਾ ਨਾਲ ਜੁੜੀਆਂ ਖਬਰਾਂ ਨੂੰ ਵੀ ਵਧਾ ਚੜ੍ਹਾ ਕੇ ਪੇਸ਼ ਕਰਦਾ ਹੈ। ਕਦੇ ਕਦੇ ਉਸ ਦੀ ਬਹੁਤ ਖਿੱਲੀ ਵੀ ਉਡਦੀ ਹੈ ਕਿ ਮੀਰਾ ਰਾਜਪੂਤ, ਸ਼ਾਹਿਦ ਕੋਲ ਆਈਆਂ ਕੁਝ ਪਟਕਥਾਵਾਂ ਨੂੰ ਪੜ੍ਹ ਕੇ ਉਸ ਨੂੰ ਸਲਾਹ ਦੇ ਰਹੀ ਹੈ। ਫਿਰ ਜਦੋਂ ਸ਼ਾਹਿਦ ਕਪੂਰ ‘ਪਦਮਾਵਤ’ ਵਰਗੀ ਕਿਸੇ ਫਿਲਮ ਵਿਚ ਨਜ਼ਰ ਆਉਂਦਾ ਹੈ ਤਾਂ ਉਸ ਦੇ ਪ੍ਰਚਾਰ ਤੰਤਰ ਦੀ ਸਰਗਰਮੀ ਕਾਬਿਲੇ-ਗੌਰ ਹੁੰਦੀ ਹੈ। ਉਦੋਂ ਉਹ ਸ਼ਾਹਿਦ ਦੀ ਮਹਿਮਾ ਗਾਉਣ ਵਿਚ ਕੋਈ ਕਸਰ ਨਹੀਂ ਛੱਡਦੇ। ਜ਼ਾਹਿਰ ਹੈ ਕਿ ਹੁਣ ਉਹ ਪਬਲੀਸਿਟੀ ਦਾ ਮਾਹਿਰ ਖਿਡਾਰੀ ਬਣ ਚੁੱਕਿਆ ਹੈ।
ਕਾਫੀ ਸਮੇਂ ਤੋਂ ਕਰੀਨਾ ਕਪੂਰ ਦੀਆਂ ਫਿਲਮਾਂ ਨਹੀਂ ਆ ਰਹੀਆਂ, ਪਰ ਉਹ ਆਪਣੇ ਪਤੀ ਅਤੇ ਬੇਟੇ ਤੈਮੂਰ ਨਾਲ ਕੀ ਕਰ ਰਹੀ ਹੈ? ਇਸ ਦੀ ਹਰ ਖਬਰ ਮੀਡੀਆ ਵਿਚ ਆਉਂਦੀ ਰਹਿੰਦੀ ਹੈ। ਉਮਦਾ ਅਭਿਨੇਤਰੀ ਕਰੀਨਾ ਦੀ ਆਉਣ ਵਾਲੀ ਫਿਲਮ ‘ਗੁੱਡ ਨਿਊਜ਼’ ਨੂੰ ਲੈ ਕੇ ਦਰਸ਼ਕਾਂ ਦੀ ਕੋਈ ਜਗਿਆਸਾ ਨਹੀਂ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਉਹ ਚਰਚਾ ਦਾ ਕੋਈ ਵੀ ਮੌਕਾ ਨਹੀਂ ਗਵਾਉਂਦੀ। ਉਸ ਦੇ ਕੁਝ ‘ਇੰਡੋਰਸਮੈਂਟ’ ਨੂੰ ਹੀ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ; ਜਦੋਂਕਿ ਪਤੀ ਅਤੇ ਪਤਨੀ ਦੋਵੇਂ ਹੀ ਕਾਫੀ ਸਮੇਂ ਤੋਂ ਫਿਲਮੀ ਟਰੈਕ ‘ਤੇ ਕਾਫੀ ਪੱਛੜ ਚੁੱਕੇ ਹਨ। ਕਰੀਨਾ ਕੋਲ ਇਸ ਸਮੇਂ ਸਿਰਫ ਇਕ ਫਿਲਮ ਹੈ, ਉਹ ਵੀ ਉਸ ਨੂੰ ਅਕਸ਼ੈ ਨਾਲ ਆਪਣੀ ਦੋਸਤੀ ਕਾਰਨ ਮਿਲੀ ਹੈ ਅਤੇ ਸੈਫ ਜਿਨ੍ਹਾਂ ਇਕ-ਦੋ ਫਿਲਮਾਂ ਵਿਚ ਰੁੱਝਿਆ ਹੈ, ਉਨ੍ਹਾਂ ਫਿਲਮਾਂ ਬਾਰੇ ਕੋਈ ਜਾਣਦਾ ਨਹੀਂ ਹੈ, ਪਰ ਮੀਡੀਆ ਉਸ ‘ਤੇ ਹਮੇਸ਼ਾਂ ਮਿਹਰਬਾਨ ਹੈ।
ਅਭਿਨੇਤਰੀ ਸੋਨਮ ਕਪੂਰ ਦੀ ਫਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਕੋਈ ਖਾਸ ਕਮਾਲ ਨਹੀਂ ਕਰ ਸਕੀ ਪਰ ਉਸ ਬਾਰੇ ਇਹ ਮਸ਼ਹੂਰ ਹੈ ਕਿ ਸੋਨਮ ਨੂੰ ਛਿੱਕ ਵੀ ਆ ਜਾਏ ਤਾਂ ਉਹ ਖਬਰ ਬਣ ਜਾਂਦੀ ਹੈ। ਅੰਗਰੇਜ਼ੀ ਦੇ ਕੁਝ ਅਖਬਾਰਾਂ ਵਿਚ ਉਸ ਦਾ ਚੰਗਾ ਦਖਲ ਹੈ। ਉਹ ਉਸ ਨਾਲ ਜੁੜੀ ਹਰ ਛੋਟੀ ਵੱਡੀ ਗਤੀਵਿਧੀ ਨੂੰ ਖਬਰ ਬਣਾ ਦਿੰਦੇ ਹਨ, ਜਦੋਂਕਿ ਸੰਜੀਦਾ ਆਲੋਚਕ ਉਸ ਨੂੰ ਅਭਿਨੇਤਰੀ ਮੰਨਣ ਤੋਂ ਹੀ ਇਨਕਾਰੀ ਹਨ ਪਰ ਇਸ ਵਿਚ ਹੈਰਾਨੀ ਨਹੀਂ ਕਿ ਕਈ ਐਵਾਰਡ ਵੀ ਉਸ ਦੀ ਝੋਲੀ ਵਿਚ ਆਸਾਨੀ ਨਾਲ ਆ ਜਾਂਦੇ ਹਨ। ਮੀਡੀਆ ਵਿਚ ਉਸ ਦੀ ਦਿੱਖ, ਉਸ ਦਾ ਵਿਆਹ, ਰੈਂਪ-ਵਾਕ ਸਭ ਕੁਝ ਛਾਇਆ ਰਹਿੰਦਾ ਹੈ।
2012 ਵਿਚ ਕਰਿਸ਼ਮਾ ਕਪੂਰ ਦੀ ਆਖਰੀ ਵੱਡੀ ਰਿਲੀਜ਼ ਸੀ ‘ਡੇਂਜਰਸ ਇਸ਼ਕ’। ੀeਸ ਤੋਂ ਬਾਅਦ ਉਹ ਫਿਲਮਾਂ ਤੋਂ ਬਹੁਤ ਦੂਰ ਜਾ ਚੁੱਕੀ ਹੈ ਪਰ ਪ੍ਰਚਾਰ ਤੋਂ ਨਹੀਂ। ਉਸ ਦਾ ਪ੍ਰਚਾਰ ਤੰਤਰ ਉਸ ਨਾਲ ਜੁੜੀ ਕਿਸੇ ਵੀ ਗਤੀਵਿਧੀ ਨੂੰ ਮਿਸ ਨਹੀਂ ਕਰਦਾ। ਸੂਤਰ ਦੱਸਦੇ ਹਨ ਕਿ ਕਰਿਸ਼ਮਾ ਸਮੇਂ ਸਮੇਂ ‘ਤੇ ਕਿਸੇ ਮੀਡੀਆ ਮੈਨੇਜਰ ਦੀ ਮਦਦ ਲੈਂਦੀ ਰਹਿੰਦੀ ਹੈ ਜੋ ਉਸ ਦੇ ਛੋਟੇ ਮੋਟੇ ਇੰਡੋਰਸਮੈਂਟ ਨੂੰ ਵੀ ਵਧਾ ਚੜ੍ਹਾ ਦੇ ਪੇਸ਼ ਕਰਦਾ ਹੈ।
ਟੀ.ਵੀ. ਹੋਸਟ ਅਤੇ ਐਂਕਰ ਮਨੀਸ਼ ਪੌਲ ਚੰਗੀ ਪਛਾਣ ਬਣਾ ਚੁੱਕਿਆ ਹੈ। ਕਈ ਟੀ.ਵੀ. ਹੋਸਟ ਉਸ ਨੂੰ ਆਪਣਾ ਆਦਰਸ਼ ਤਕ ਮੰਨਦੇ ਹਨ। ਸੌ ਤੋਂ ਜ਼ਿਆਦਾ ਛੋਟੇ-ਵੱਡੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਚੁੱਕਿਆ ਮਨੀਸ਼ ਖੁਦ ਨੂੰ ਅਭਿਨੇਤਾ ਕਹਾਉਣਾ ਪਸੰਦ ਕਰਦਾ ਹੈ। ਅੱਜ ਕੱਲ੍ਹ ਉਹ ਆਪਣੀ ਨਵੀਂ ਫਿਲਮ ਨੂੰ ਲੈ ਕੇ ਬਹੁਤ ਰੁਝਿਆ ਹੋਇਆ ਹੈ। ਉਸ ਨੇ 2008 ਵਿਚ ਟੀ.ਵੀ. ਸੀਰੀਅਲ ‘ਛੂਨਾ ਹੈ ਆਸਮਾਨ’ ਜ਼ਰੀਏ ਅਦਾਕਾਰੀ ਵਿਚ ਕਦਮ ਰੱਖਿਆ ਸੀ। ਫਿਰ ਕੁਝ ਹੋਰ ਫਿਲਮਾਂ ਕੀਤੀਆਂ। ਉਸ ਦੀ ਫਿਲਮ ‘ਤੇਰੇ ਬਿਨ ਲਾਦਿਨ’ ਹਿੱਟ ਹੋਈ ਸੀ। ਬਤੌਰ ਅਭਿਨੇਤਾ ਉਸ ਨੇ ਆਪਣਾ ਸੰਘਰਸ਼ ਜਾਰੀ ਰੱਖਿਆ। ਜਿਸ ਤਰ੍ਹਾਂ ਉਹ ਪ੍ਰਚਾਰ ਕਰਦਾ ਰਹਿੰਦਾ ਹੈ, ਉਹ ਬੇਸ਼ਕ ਸਹੀ ਨਾ ਲੱਗੇ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਾਹਰੁਖ, ਸਲਮਾਨ ਵਰਗੇ ਕਈ ਸਿਤਾਰਿਆਂ ਦੇ ਉਹ ਬਹੁਤ ਕਰੀਬ ਹੈ।
ਸ਼ਾਇਦ ਬਹੁਤ ਘੱਟ ਸਿਨੇਮਾ ਪ੍ਰੇਮੀ ਕਰਿਸ਼ਮਾ ਤੰਨਾ ਤੋਂ ਵਾਕਿਫ ਹੋਣਗੇ। ਉਸ ਨੇ ਟੀ.ਵੀ. ਸੀਰੀਅਲ ਕਾਫੀ ਕੀਤੇ ਹਨ। ਪਿਛਲੇ ਦਿਨਾਂ ਵਿਚ ਇਕ ਈਵੈਂਟ ਮੈਨੇਜਰ ਨਾਲ ਠੱਗੀ ਦੇ ਮਾਮਲੇ ਵਿਚ ਉਸ ਦਾ ਨਾਂ ਕਾਫੀ ਉਛਲਿਆ ਸੀ। ਇਸ ਵਜ੍ਹਾ ਨਾਲ ਕੁਝ ਦਿਨਾਂ ਤਕ ਉਸ ਨੂੰ ਅਖਬਾਰਾਂ ਵਿਚ ਕਾਫੀ ਸੁਰਖੀਆਂ ਮਿਲੀਆਂ ਜੋ ਸੁਭਾਵਿਕ ਸਨ। ਜਿਥੋਂ ਤਕ ਵਰਤਮਾਨ ਵਿਚ ਉਸ ਦੀ ਸਰਗਰਮੀ ਦਾ ਸੁਆਲ ਹੈ, ਇਕ-ਦੋ ਫਿਲਮਾਂ ਵਿਚ ਉਹ ਛੋਟੇ-ਮੋਟੇ ਰੋਲ ਕਰ ਰਹੀ ਹੈ। ਸੰਜੇ ਦੱਤ ‘ਤੇ ਆਧਾਰਿਤ ਫਿਲਮ ‘ਸੰਜੂ’ ਵਿਚ ਉਸ ਦਾ ਛੋਟਾ ਜਿਹਾ ਕਿਰਦਾਰ ਸੀ ਪਰ ਉਸ ਨੂੰ ਪ੍ਰਚਾਰ ਤੋਂ ਕੋਈ ਨਹੀਂ ਰੋਕ ਸਕਿਆ। ਕਦੇ ਸਲਮਾਨ ਖਾਨ ਤੇ ਕਦੇ ਆਪਣੇ ਪ੍ਰੇਮ ਪ੍ਰਸੰਗ ਟੁੱਟਣ ਤਾਂ ਕਦੇ ਆਪਣੀ ਦਿੱਖ ਦੀ ਵਜ੍ਹਾ ਨਾਲ ਉਹ ਬਰਾਬਰ ਖਬਰਾਂ ਵਿਚ ਬਣੀ ਰਹਿੰਦੀ ਹੈ। ਕਿਸੇ ਵੱਡੀ ਫਿਲਮੀ ਹਸਤੀ ਦੀ ਤਰ੍ਹਾਂ ਉਸ ਨੇ ਆਪਣਾ ਮੀਡੀਆ ਮੈਨੇਜਰ ਵੀ ਰੱਖਿਆ ਹੋਇਆ ਹੈ।
ਸਿਤਾਰਿਆਂ ਦੇ ਬੱਚੇ ਜਾਹਨਵੀ ਕਪੂਰ, ਸਾਰਾ ਅਲੀ ਖਾਨ ਦੇ ਫਿਲਮਾਂ ਵਿਚ ਆਉਣ ਤੋਂ ਬਹੁਤ ਪਹਿਲਾਂ ਹੀ ਉਨ੍ਹਾਂ ਦਾ ਪ੍ਰਚਾਰ ਤੰਤਰ ਸਰਗਰਮ ਹੋ ਗਿਆ ਸੀ। ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਤੇ ਸੈਫ ਅਲੀ ਖਾਨ ਦੇ ਬੇਟੇ ਇਬਰਾਹਿਮ ਦੀ ਹੀ ਗੱਲ ਕਰੀਏ ਤਾਂ ਇਹ ਵੀ ਪ੍ਰਚਾਰ ਵਿਚ ਡੁੱਬੇ ਰਹਿੰਦੇ ਹਨ। ਗਾਹੇ-ਬਗਾਹੇ ਆਰੀਅਨ ਨਾਲ ਕਿਸੇ ਸਟਾਰ ਬੱਚੀ ਦੀ ਜੋੜੀ ਬਣਾਈ ਜਾਂਦੀ ਹੈ।
ਕਈ ਛੋਟੇ ਵੱਡੇ ਅਦਾਕਾਰ ‘ਪੇਡ ਨਿਊਜ਼’ ਦੇ ਸਹਾਰੇ ਖੁਦ ਨੂੰ ਸੁਰਖੀਆਂ ਵਿਚ ਹਮੇਸ਼ਾਂ ਬਣਾਈ ਰੱਖਦੇ ਹਨ। ਐਸ਼ਵਰਿਆ ਬੱਚਨ, ਆਮਿਰ ਖਾਨ, ਦੀਪਿਕਾ ਪਾਦੂਕੋਣ, ਰਣਵੀਰ ਸਿੰਘ, ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਕਿਹੜੇ-ਕਿਹੜੇ ਸਿਤਾਰਿਆਂ ਦਾ ਜ਼ਿਕਰ ਕਰੀਏ, ਇਹ ਸਾਰੇ ਆਪਣੀ ਮਨਚਾਹੀ ਖਬਰ ਛਪਾਉਣ ਲਈ ਪੇਡ ਨਿਊਜ਼ ਦੀ ਸ਼ਰਨ ਵਿਚ ਹੀ ਜਾਂਦੇ ਹਨ। ਖਾਸ ਤੌਰ ‘ਤੇ ਫਿਲਮ ਦੇ ਪ੍ਰਚਾਰ ਦੌਰਾਨ ਇਸ ਦੀ ਮੰਗ ਵਧ ਜਾਂਦੀ ਹੈ। ਜ਼ਾਹਿਰ ਹੈ ਕਿ ਫਿਲਮ ਅਤੇ ਫਿਲਮੀ ਸਿਤਾਰਿਆਂ ਦੀ ਸਫਲਤਾ ਦੀਆਂ ਸੁਰਖੀਆਂ ਤਾਂ ਹੀ ਬਣਦੀਆਂ ਹਨ ਜਦੋਂ ਉਨ੍ਹਾਂ ‘ਤੇ ਮੀਡੀਆ ਮਿਹਰਬਾਨ ਹੁੰਦਾ ਹੈ।