ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਅਤੇ ਹੁਣ ਟੋਰਾਂਟੋ, ਕੈਨੇਡਾ ਵਸਦੇ ਡਾ. ਗੁਰਨਾਮ ਕੌਰ ਹਾਲ ਹੀ ਵਿਚ ਪੰਜਾਬ ਦੀ ਫੇਰੀ ਲਾ ਕੇ ਮੁੜੇ ਹਨ। ਆਪਣੀ ਫੇਰੀ ਦੌਰਾਨ ਉਨ੍ਹਾਂ ਪੰਜਾਬ ਅਤੇ ਦੇਸ਼ ਦੇ ਜੋ ਹਾਲਾਤ ਤੱਕੇ, ਖਾਸ ਕਰ ਪੁਲਵਾਮਾ ਦੇ ਹਮਲੇ ਪਿਛੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ੀਦਗੀ ਦੇ, ਉਹ ਉਨ੍ਹਾਂ ਆਪਣੇ ਇਸ ਲੇਖ ਵਿਚ ਬਿਆਨੇ ਹਨ।
-ਸੰਪਾਦਕ
ਡਾ. ਗੁਰਨਾਮ ਕੌਰ, ਕੈਨੇਡਾ
ਬਾਦਲਾਂ ਦੇ ਦਸ ਵਰ੍ਹਿਆਂ ਦੇ ਰਾਜ ਸਮੇਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੱਕ ਸਰਕਾਰੀ ਆਮਦਨ ਵਧਾਉਣ ਲਈ ਥਾਂ ਥਾਂ ਸ਼ਰਾਬ ਦੇ ਠੇਕੇ ਖੋਲ੍ਹ ਕੇ ਪੰਜਾਬੀਆਂ ਨੂੰ ਨੌਕਰੀਆਂ ਨਾ ਸਹੀ, ਪਰ ਸ਼ਰਾਬ ਖੂਬ ਦਿਲ ਖੋਲ੍ਹ ਕੇ ਪਿਆਈ ਜਾ ਰਹੀ ਹੈ| ਇਸ ਵੇਲੇ ਪੰਜਾਬ ਵਿਚ ਸ਼ਰਾਬ ਕਾਰਨ ਪੈਦਾ ਹੋਣ ਵਾਲੀਆਂ ਅਲਾਮਤਾਂ ਜਿਵੇਂ ਲਿਵਰ ਜਾਂ ਗੁਰਦਿਆਂ ਦੀ ਸਮੱਸਿਆ ਦੀ ਦਰ ਬਹੁਤ ਵਧ ਗਈ ਹੈ| ਪਰ ਸਰਕਾਰਾਂ ਨੂੰ ਕੀ? ਉਨ੍ਹਾਂ ਨੂੰ ਤਾਂ ਮੰਤਰੀਆਂ ਦੇ ਭੱਤੇ ਵਧਾਉਣ ਲਈ ਪੈਸਾ ਚਾਹੀਦਾ ਹੈ, ਭਾਵੇਂ ਕਿਵੇਂ ਵੀ ਆਵੇ? (ਸਿਹਤ ਜਾਂ ਵਿੱਦਿਆ ਦਾ ਸਰਕਾਰੀ ਖੇਤਰ ਤਾਂ ਫੰਡਾਂ ਦੀ ਕਮੀ ਕਰਕੇ ਖਤਮ ਹੋਣ ਦੇ ਕੰਢੇ ਖੜ੍ਹਾ ਹੈ)|
ਸਾਡੀ ਭਾਰਤ ਤੋਂ ਵਾਪਸੀ 27 ਫਰਵਰੀ ਸਵੇਰ ਦੀ ਸੀ, ਜਿਸ ਲਈ ਸਮਰਾਲੇ ਤੋਂ ਦਿੱਲੀ ਨੂੰ 26 ਫਰਵਰੀ ਨੂੰ ਰਵਾਨਾ ਹੋਣਾ ਪੈਣਾ ਸੀ| ਖੰਨੇ ਤੋਂ ਮਨਜੋਤ ਕੋਲੋਂ ਕੁਝ ਸਮਾਨ ਫੜਨਾ ਸੀ| ਇਸ ਲਈ 24 ਫਰਵਰੀ ਨੂੰ ਲੁਧਿਆਣੇ ਤੋਂ ਮੇਰੀ ਭਾਣਜੀ ਰਵਨੀਤ ਦੇ ਦਿਉਰ ਮਨੀ ਦਾ ਵਿਆਹ ਦੇਖ ਕੇ ਸਿੱਧੇ ਖੰਨੇ ਨੂੰ ਆ ਗਏ ਅਤੇ ਸਿਆਲ ਦੇ ਦਿਨ ਹੋਣ ਕਰਕੇ ਵਾਪਸ ਆਉਂਦਿਆਂ ਹਨੇਰਾ ਪੈਣ ਲੱਗ ਪਿਆ| ਪਿੰਡਾਂ ਵਿਚੋਂ ਦੀ ਸਮਰਾਲੇ ਲਈ ਲੰਘਦਿਆਂ ਰਸਤੇ ਵਿਚ ਇੱਕ ਅਜਿਹਾ ਪਿੰਡ ਆਇਆ, ਜਿਸ ਵਿਚ ਪਹਿਲਾਂ ਕਦੀ ਸ਼ਰਾਬ ਦੇ ਠੇਕੇ ਦਾ ਨਾਂ ਤੱਕ ਨਹੀਂ ਸੀ ਸੁਣਿਆ ਪਰ ਹੁਣ ਉਥੇ ਪਿੰਡ ਦੇ ਆਲੇ-ਦੁਆਲੇ ਤਿੰਨ ਠੇਕੇ ਹਨ| ਥਾਂ ਥਾਂ ਸੜਕ ਕੰਢੇ ਹਨੇਰੇ ਦੀ ਆੜ ਲਈ ਕੋਣਿਆਂ ਵਿਚ ਖੜ੍ਹੇ ਦੋ-ਦੋ, ਤਿੰਨ-ਤਿੰਨ ਦੇ ਟੋਲਿਆਂ ਵਿਚ ਲੋਕ ਸ਼ਰਾਬ ਪੀ ਰਹੇ ਸਨ| ਕਈਆਂ ਨੂੰ ਸੜਕ ਕੰਢੇ ਡਿੱਕੋ-ਡੋਲੇ ਖਾਂਦਿਆਂ ਦੇਖ ਕੇ ਭੈ ਆ ਰਿਹਾ ਸੀ ਕਿ ਹਨੇਰੇ ਵਿਚ ਕਿਧਰੇ ਗੱਡੀ ਨਾਲ ਹੀ ਨਾ ਟਕਰਾ ਜਾਣ| ਇਸ ਸਭ ਕੁਝ ਦੇ ਚੱਲਦਿਆਂ ਹਕੀਕਤ ਤੋਂ ਕੋਹਾਂ ਦੂਰ ਫਿਰ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਨੂੰ ਨਸ਼ਿਆਂ ਲਈ ਬਦਨਾਮ ਕੀਤਾ ਜਾਂਦਾ ਹੈ; ਕੌਣ ਕਹਿੰਦਾ ਹੈ, ਪੰਜਾਬ ਨਸ਼ੇੜੀ ਹੋ ਚੁਕੈ? ਸਰਕਾਰ ਅਤੇ ਕੁਝ ਬੁੱਧੀਜੀਵੀਆਂ ਦੀ ਨਿਗਾਹ ਵਿਚ ਤਾਂ ਸ਼ਰਾਬ ਨਸ਼ਾ ਹੀ ਨਹੀਂ ਹੈ|
ਅੱਜ ਕਲ੍ਹ ਭਾਵੇਂ ਇੰਟਰਨੈਟ ਤੋਂ ਖਬਰਾਂ ਦੇਖਣ ਦਾ ਰਿਵਾਜ਼ ਪੈ ਗਿਆ ਹੈ, ਫਿਰ ਵੀ ਦਲੀਪ ਸਿੰਘ ਕੋਲ ‘ਪੰਜਾਬੀ ਟ੍ਰਿਬਿਊਨ’ ਅਤੇ ‘ਪੰਜਾਬੀ ਜਾਗਰਣ’ ਲਗਾਤਾਰ ਆਉਂਦੇ ਹਨ| ਅਖਬਾਰਾਂ ਵਿਚ ਹਰ ਰੋਜ਼ ਹੀ ਬੱਚੀਆਂ-ਔਰਤਾਂ ਦੇ ਜਬਰ-ਜਨਾਹ, ਕੁੱਤਿਆਂ ਵਲੋਂ ਕਦੀ ਕਿਸੇ 7 ਸਾਲ ਦੇ ਬੱਚੇ, ਕਦੀ ਗਿਆਰਾਂ ਸਾਲ ਦੇ ਬੱਚੇ ਜਾਂ 60 ਸਾਲ ਦੀ ਕਿਸੇ ਬਜੁਰਗ ਔਰਤ ਨੂੰ ਪਾੜ ਕੇ ਖਾ ਜਾਣ ਵਰਗੀਆਂ ਦੁਖਦਾਈ ਖਬਰਾਂ ਲੱਗੀਆਂ ਹੁੰਦੀਆਂ, ਜੋ ਪੜ੍ਹ ਕੇ ਮਨ ਬੇਚੈਨ ਤੇ ਦੁਖੀ ਹੁੰਦਾ|
ਕਈ ਅਜਿਹੀਆਂ ਖਬਰਾਂ ਵੀ ਦੇਖੀਆਂ ਜਿਨ੍ਹਾਂ ਵਿਚ ਕਿਸਾਨਾਂ ਨੂੰ ਅਵਾਰਾ ਗਊਆਂ ਅਤੇ ਸਾਨ੍ਹਾਂ ਤੋਂ ਫਸਲ ਨੂੰ ਬਚਾਉਣ ਲਈ ਖੇਤਾਂ ਦੀ ਰਾਖੀ ਕਰਦਿਆਂ ਦਿਖਾਇਆ ਗਿਆ ਸੀ ਅਤੇ ਆਪਣੇ ਖੇਤਾਂ ਵਿਚ ਕੰਮ ਕਰਨ ਦੀ ਥਾਂ ਉਹ ਅਵਾਰਾ ਪਸੂਆਂ ਤੋਂ ਰਾਖੀ ਕਰਦਿਆਂ ਹੀ ਸਾਰਾ ਸਮਾਂ ਬਰਬਾਦ ਕਰਦੇ ਦਿਖਾਈ ਦਿੰਦੇ ਸਨ| ਮਨ ਵਿਚ ਸਵਾਲ ਉਠਦੇ ਕਿ ਸਰਕਾਰਾਂ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਏਨੀਆਂ ਅਵੇਸਲੀਆਂ ਕਿਵੇਂ ਹੋ ਸਕਦੀਆਂ ਹਨ? ਕੀ ਸਰਕਾਰਾਂ ਲਈ ਅਵਾਰਾ ਕੁੱਤੇ ਅਤੇ ਅਵਾਰਾ ਪਸੂ ਲੋਕਾਂ ਦੀ ਜਾਨ ਅਤੇ ਮਾਲ ਨਾਲੋਂ ਵੱਧ ਕੀਮਤੀ ਹਨ? ਕੀ ਇਨਸਾਨ ਦੀ ਵੁਕਤ ਅਵਾਰਾ ਪਸੂਆਂ ਅਤੇ ਕੁੱਤਿਆਂ ਨਾਲੋਂ ਵੀ ਘੱਟ ਗਈ ਹੈ? ਕਿਉਂ ਇਨ੍ਹਾਂ ਨੂੰ ਮਾਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ?
ਯਾਦ ਹੈ, ਨਿੱਕੇ ਹੁੰਦਿਆਂ ਦੇਖੀਦਾ ਸੀ ਕਿ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਉਣ ਲਈ, ਜਿਸ ਦੀ ਮੁੱਖ ਵਜ੍ਹਾ ਕੁੱਤਿਆਂ ਨੂੰ ਮੰਨਿਆ ਜਾਂਦਾ ਹੈ, ਕਿਸ ਤਰ੍ਹਾਂ ਗਰਮ ਰੁੱਤ ਦੇ ਸ਼ੁਰੂ ਹੋਣ ਤੋਂ ਪਹਿਲਾ ਹੀ ਸਰਕਾਰੀ ਤੌਰ ‘ਤੇ ਕੁੱਤਿਆਂ ਦਾ ਸਫਾਇਆ ਕਰ ਦਿੱਤਾ ਜਾਂਦਾ ਸੀ ਅਤੇ ਆਪਣੇ ਪਾਲਤੂ ਕੁੱਤਿਆਂ ਨੂੰ ਬਚਾਉਣ ਲਈ ਲੋਕ ਪਟਾ ਪਾ ਕੇ ਅੰਦਰੀਂ ਬੰਨ੍ਹ ਲੈਂਦੇ ਸਨ| ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਵਿਚ ਬੰਦਿਆਂ ਨਾਲੋਂ ਕੁੱਤੇ-ਬਿੱਲੇ ਅਤੇ ਪਸੂ ਵੱਧ ਅਜ਼ੀਜ਼ ਹਨ, ਹਾਲਾਂਕਿ ਬਿਆਨ ਦੇ ਕੇ ਭੜਥੂ ਪੁਆਉਣ ਵਾਲਿਆਂ ਦਾ ਪਸੂਆਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ|
ਕੈਨੇਡਾ ਵਿਚ ਦਸੰਬਰ ਮਹੀਨੇ ਇੰਜੀਨੀਅਰ ਹਰਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੀ ਪਤਨੀ ਸੁਖਵੀਰ ਕੌਰ ਸਮੇਤ ਮੈਨੂੰ ਵੀ ਲਾਹੌਰ ਤੋਂ ਮੌਲਾਨਾ ਰੂਮੀ ਅਤੇ ਸੁਲਤਾਨ ਬਾਹੂ ਸਬੰਧੀ ਪੰਜਾਬ ਯੂਨੀਵਰਸਿਟੀ ਵਿਚ ਇੱਕ ਕਾਨਫਰੰਸ ਵਿਚ ਹਿੱਸਾ ਲੈਣ ਲਈ ਸੱਦਾ ਪੱਤਰ ਆਇਆ ਸੀ| ਅਸੀਂ ਤਿੰਨੇ ਪਾਕਿਸਤਾਨੀ ਅੰਬੈਸੀ ਵਿਚ ਵੀਜ਼ਾ ਲੈਣ ਗਏ ਤਾਂ ਸਾਨੂੰ ਤਿੰਨ ਕੁ ਦਿਨ ਵਿਚ ਹੀ ਵੀਜ਼ਾ ਮਿਲ ਗਿਆ| ਮੈਂ ਕਿਉਂਕਿ ਭਾਰਤ ਜਾਣ ਲਈ ਪਹਿਲਾਂ ਹੀ ਸੀਟ ਬੁੱਕ ਕਰਵਾਈ ਹੋਈ ਸੀ ਅਤੇ ਹਰਜੀਤ ਸਿੰਘ ਹੋਰਾਂ ਨੇ ਫਰਵਰੀ ਦੇ ਦੂਜੇ ਹਫਤੇ ਆਉਣਾ ਸੀ ਤੇ ਅਸੀਂ ਤਿੰਨਾਂ ਨੇ ਅੰਮ੍ਰਿਤਸਰ ਇਕੱਠੇ ਹੋਣਾ ਸੀ| ਕੋਈ ਨਿਜੀ ਮਸਰੂਫੀਅਤ ਆ ਪੈਣ ਕਰਕੇ ਹਰਜੀਤ ਸਿੰਘ ਹੋਰਾਂ ਦਾ ਭਾਰਤ ਜਾਣਾ ਮੁਲਤਵੀ ਹੋ ਗਿਆ ਅਤੇ ਮੈਂ ਇਕੱਲਿਆਂ 16 ਫਰਵਰੀ ਨੂੰ ਪਾਕਿਸਤਾਨ ਜਾਣ ਦਾ ਮਨ ਬਣਾ ਲਿਆ| ਇਸ ਸਬੰਧੀ ਸਾਰੀ ਗੱਲਬਾਤ ਕੈਨੇਡਾ ਤੋਂ ਹੀ ਸਬੰਧਤ ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਜਨਾਬ ਫਰੀਦ ਨਾਲ ਪਹਿਲਾਂ ਹੋ ਗਈ ਸੀ, ਕਿਉਂਕਿ ਸੱਦਾ-ਪੱਤਰ ਉਨ੍ਹਾਂ ਵੱਲੋਂ ਹੀ ਭੇਜਿਆ ਗਿਆ ਸੀ ਅਤੇ ਹਰਜੀਤ ਸਿੰਘ ਹੋਰਾਂ ਨੇ ਵੀ ਆਪਣੀ ਪੱਧਰ ‘ਤੇ ਲਾਹੌਰ ਗੱਲਬਾਤ ਕਰ ਲਈ ਸੀ। ਮੇਰੀ ਇਹ ਪਹਿਲੀ ਫੇਰੀ ਹੋਣੀ ਸੀ|
ਉਧਰਲੇ ਪੰਜਾਬ ਦੇ ਨਾਮਵਰ ਲੇਖਕ ਜਨਾਬ ਅਜ਼ਹਾਰ ਵਿਰਕ ਦੇ ਕੁਝ ਲੇਖ ਪੰਜਾਬ ਦੇ ਮਹਾਨ ਸਪੁੱਤਰ ਪੋਰਸ ਅਤੇ ਹੋਰਾਂ ‘ਤੇ ਲਿਖੇ ਪੜ੍ਹੇ ਹੋਏ ਸਨ, ਜਿਸ ਕਰਕੇ ਮੇਰੀ ਜਨਾਬ ਵਿਰਕ ਨਾਲ ਟੈਲੀਫੋਨ ‘ਤੇ ਦੋ-ਚਾਰ ਵਾਰ ਗੱਲ ਹੋਈ ਸੀ| ਇਸ ਲਈ ਮੈਂ ਕੈਨੇਡਾ ਤੋਂ ਹੀ ਆਪਣੇ ਆਉਣ ਬਾਰੇ ਇਤਲਾਹ ਕਰ ਦਿੱਤੀ ਸੀ| ਭਾਰਤ ਪੁੱਜਣ ‘ਤੇ ਉਨ੍ਹਾਂ ਦੇ ਕਈ ਫੋਨ ਆਏ ਕਿ ‘ਮੈਂ ਆਪਣੀ ਭੈਣ ਨੂੰ ਵਾਜੇ-ਗਾਜਿਆਂ ਨਾਲ ਬਾਰਡਰ ‘ਤੇ ਲੈਣ ਆਉਣਾ ਹੈ|Ḕ ਪਰ ਮੈਨੂੰ ਪਤਾ ਨਹੀਂ ਸੀ ਕਿ ਇਸ ਵਾਰ ਵੀ ਮੇਰਾ ਪਾਕਿਸਤਾਨ ਜਾਣਾ ਸੰਭਵ ਨਹੀਂ ਹੋ ਸਕਣਾ ਅਤੇ ਨਨਕਾਣਾ ਸਾਹਿਬ, ਸੱਚਾ ਸੌਦਾ ਅਤੇ ਕਰਤਾਰਪੁਰ ਸਾਹਿਬ ਦੀ ਯਾਤਰਾ ਵਿਚੇ ਰਹਿ ਜਾਣੀ ਹੈ|
ਮੈਂ ਸਮਰਾਲੇ ਤੋਂ 14 ਫਰਵਰੀ ਨੂੰ ਕੰਮੋਕੇ ਜਾਣਾ ਸੀ ਤੇ ਉਥੋਂ 16 ਫਰਵਰੀ ਨੂੰ ਵਾਘਾ-ਅਟਾਰੀ ਸਰਹੱਦ ਤੋਂ ਪਾਕਿਸਤਾਨ ਜਾਣਾ ਸੀ| ਪਰ 14 ਫਰਵਰੀ ਨੂੰ ਜੰਮੂ-ਕਸ਼ਮੀਰ ਵਿਚ ਪੁਲਵਾਮਾ ਵਿਚ ਅਵਾਂਤੀਪੁਰਾ ਨੇੜੇ ਜੰਮੂ-ਕਸ਼ਮੀਰ ਕੌਮੀ ਸ਼ਾਹ-ਰਾਹ ‘ਤੇ ਆਦਿਲ ਅਹਿਮਦ ਡਾਰ ਨਾਂ ਦੇ ਮਨੁੱਖੀ ਬੰਬ ਬਣੇ ਸਥਾਨਕ ਲੜਕੇ ਨੇ ਸੀ. ਆਰ. ਪੀ. ਦੇ ਬੱਸਾਂ ਦੇ ਕਾਫਲੇ ‘ਤੇ ਵਿਸਫੋਟਕ ਪਦਾਰਥ ਨਾਲ ਭਰੀ ਕਾਰ ਬੱਸ ਵਿਚ ਮਾਰ ਕੇ ਹਮਲਾ ਕਰ ਦਿੱਤਾ, ਜਿਸ ਵਿਚ ਸੀ. ਆਰ. ਪੀ. ਦੇ 40 ਜਵਾਨ ਮਾਰੇ ਗਏ (ਜਿਨ੍ਹਾਂ ਵਿਚ ਪੰਜ ਪੰਜਾਬੀ ਸਿੱਖ ਜਵਾਨ ਵੀ ਸਨ)। ਇਸ ਦੀ ਜਿੰਮੇਵਾਰੀ ਪਾਕਿਸਤਾਨ ਆਧਾਰਤ ਜੈਸ਼-ਏ-ਮੁਹੰਮਦ ਅਤਿਵਾਦੀ ਸੰਗਠਨ ਨੇ ਲਈ| ਸਭ ਨੂੰ ਇਸ ਘਟਨਾ ਦਾ ਬੇਹੱਦ ਅਫਸੋਸ ਸੀ ਅਤੇ ਸਭ ਮਾਤਮ ਮਨਾ ਰਹੇ ਸਨ, ਪਰ ਭਾਰਤ ਦੇ ਅਨੇਕਾਂ ਟੀ. ਵੀ. ਚੈਨਲਾਂ ਤੋਂ ਲਗਾਤਾਰ ਅੱਗ ਵਰ੍ਹਾਈ ਜਾ ਰਹੀ ਸੀ ਕਿ ਹੁਣੇ ਪਾਕਿਸਤਾਨ ‘ਤੇ ਹਮਲਾ ਕਰ ਦੇਣਾ ਚਾਹੀਦਾ ਹੈ, ਪਾਕਿਸਤਾਨ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ| ਇਸ ਦੇ ਨਾਲ ਹੀ ਹਰੇਕ ਦਾਨਿਸ਼ਮੰਦ ਵਿਅਕਤੀ ਦੀ ਜ਼ੁਬਾਨ ‘ਤੇ ਇੱਕੋ ਹੀ ਸਵਾਲ ਸੀ ਕਿ ਕਸ਼ਮੀਰ ਵਾਦੀ ਜਿੱਥੇ ਸਕੂਲੀ ਬੱਚਿਆਂ ਨੂੰ ਵੀ ਤਲਾਸ਼ੀ ਲੈ ਕੇ ਅੱਗੇ ਜਾਣ ਦਿੱਤਾ ਜਾਂਦਾ ਹੈ, ਉਥੇ 320 ਕਿਲੋਗਰਾਮ ਵਿਸਫੋਟਕ ਸਮੱਗਰੀ ਲੱਦੀ ਕਾਰ ਸੁਰੱਖਿਆ ਏਜੰਸੀਆਂ ਦੀ ਨਿਗਾਹ ਵਿਚ ਕਿਉਂ ਨਾ ਆਈ?
ਬਹੁਤ ਸਾਰੇ ਲੋਕ ਇਸ ਘਟਨਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਸਨ| ਸਾਰਾ ਮਾਹੌਲ ਏਨਾ ਵਿਸਫੋਟਕ ਹੋ ਗਿਆ ਸੀ ਕਿ ਜਾਪਦਾ ਸੀ, ਹੁਣੇ ਪਾਕਿਸਤਾਨ ਨਾਲ ਲੜਾਈ ਲੱਗੀ ਕਿ ਲੱਗੀ| ਮੈਂ ਆਪਣੇ ਪੇਕੇ ਪਿੰਡ ਬੈਠੀ ਸੀ ਅਤੇ ਕੁਦਰਤੀ ਹੈ ਕਿ ਮੈਨੂੰ ਕਿਸੇ ਨੇ ਵੀ ਅਜਿਹੇ ਮਾਹੌਲ ਵਿਚ ਜਾਣ ਦੀ ਆਗਿਆ ਨਾ ਦਿੱਤੀ| ਸਾਰੇ ਭੈਣ-ਭਰਾਵਾਂ ਦੇ ਮੂੰਹ ‘ਤੇ ਇੱਕ ਹੀ ਗੱਲ ਸੀ, “ਤੂੰ ਕੁਝ ਦਿਨਾਂ ਨੂੰ ਕੈਨੇਡਾ ਵਾਪਸ ਜਾਣਾ ਹੈ, ਬੱਚਿਆਂ ਕੋਲ| ਪਾਕਿਸਤਾਨ ਕਦੀ ਫੇਰ ਸਹੀ।” ਅਤੇ ਮੇਰੇ ਲਈ ਸਭ ਨੂੰ ਨਾਂਹ ਕਰ ਸਕਣੀ ਸੰਭਵ ਨਹੀਂ ਸੀ| ਮੇਰੇ ਮਨ ਵਿਚ ਨਾ ਜਾ ਸਕਣ ਦਾ ਬਹੁਤ ਅਫਸੋਸ ਵੀ ਸੀ ਅਤੇ ਗੁਰੂ ਅਸਥਾਨਾਂ ਦੇ ਦਰਸ਼ਨ ਨਾ ਕਰ ਸਕਣ ਦਾ ਹੇਰਵਾ ਵੀ, ਪਰ ਜਦੋਂ ਸਾਰੇ ਇੱਕੋ ਗੱਲ ਕਹਿਣ ਤਾਂ ਉਸ ਨੂੰ ਉਥੱਲਣਾ ਕਈ ਵਾਰ ਵੱਸੋਂ ਬਾਹਰ ਹੋ ਜਾਂਦਾ ਹੈ|
ਮੈਨੂੰ ਪਤਾ ਸੀ ਕਿ ਪਾਕਿਸਤਾਨ ਵਿਚ ਕੋਈ ਦਿੱਕਤ ਨਹੀਂ ਆਉਣੀ, ਪਰ ਜਿਸ ਤਰ੍ਹਾਂ ਦਾ ਮਾਹੌਲ ਭਾਰਤੀ ਟੀ. ਵੀ. ਚੈਨਲਾਂ ਅਤੇ ਬਲਦੀ ‘ਤੇ ਰੋਟੀਆਂ ਸੇਕਣ ਵਾਲੇ ਲੀਡਰਾਂ ਨੇ ਬਣਾ ਦਿੱਤਾ ਸੀ, ਉਸ ਤੋਂ ਜਾਪਦਾ ਸੀ ਕਿ ‘ਸਭ ਅੱਛਾ’ ਨਹੀਂ ਹੈ| ਅਖਬਾਰਾਂ ਵਿਚ ਖਬਰਾਂ ਆ ਰਹੀਆਂ ਸੀ ਕਿ ਕਰੋੜਾਂ ਰੁਪਏ ਦੇ ਛੁਹਾਰਿਆਂ ਨਾਲ ਭਰੇ ਟਰੱਕ ਪਾਕਿਸਤਾਨ ਵਾਲੇ ਪਾਸੇ ਸਰਹੱਦ ‘ਤੇ ਖੜ੍ਹੇ ਇੰਤਜ਼ਾਰ ਕਰ ਰਹੇ ਹਨ| ਜਿੱਥੇ ਦੋਵੇਂ ਪਾਸਿਆਂ ਦੇ ਵਪਾਰੀਆਂ ਦੇ ਸਾਹ ਸੂਤੇ ਹੋਏ ਸਨ, ਜਿਨ੍ਹਾਂ ਦਾ ਮਾਲ ਸਰਹੱਦ ‘ਤੇ ਖੜ੍ਹਾ ਸੜ ਰਿਹਾ ਸੀ, ਉਥੇ ਹੀ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਜਾਨ ਨੂੰ ਬਣੀ ਹੋਈ ਸੀ, ਜਿਨ੍ਹਾਂ ਨੂੰ ਜੰਗ ਵੇਲੇ ਅਤੇ ਜੰਗ ਦੇ ਆਸਾਰ ਹੁੰਦਿਆਂ ਹੀ ਆਪਣੇ ਭਰੇ-ਭਕੁੰਨੇ ਘਰ ਛੱਡ ਕੇ ਸੁਰਖਿਅਤ ਥਾਂਵਾਂ ‘ਤੇ ਜਾਣਾ ਪੈਂਦਾ ਹੈ। ਅਜਿਹੇ ਮੌਕਿਆਂ ‘ਤੇ ਇੱਕ ਵਾਰ ਫਿਰ ਉਨ੍ਹਾਂ ਲਈ ਸੰਨ 1947 ਵਾਪਰਨ ਵਰਗੇ ਹਾਲਾਤ ਬਣ ਜਾਂਦੇ ਹਨ| ਵਾਰ ਵਾਰ ਦਾ ਉਜਾੜਾ ਉਨ੍ਹਾਂ ਨੂੰ ਢੰਗ ਸਿਰ ਵੱਸਣ ਹੀ ਨਹੀਂ ਦਿੰਦਾ|
ਪੰਜਾਬ ਦੇ ਦੋਹਾਂ ਪਾਸਿਆਂ ਲਈ (ਪੂਰਬੀ ਅਤੇ ਪੱਛਮੀ) ਭਾਵੇਂ ਵਪਾਰ ਠੱਪ ਹੋ ਗਿਆ ਸੀ ਪਰ ਗੁਜਰਾਤ ਦੇ ਵਪਾਰੀਆਂ ਅਤੇ ਕਾਰਪੋਰੇਸ਼ਨਾਂ ਦਾ ਸਮਾਨ ਬਾਦਸਤੂਰ ਵਾਇਆ ਦੁਬੱਈ-ਕਰਾਚੀ ਪਹੁੰਚ ਰਿਹਾ ਸੀ| ਇੱਕ ਸਵਾਲ ਵਾਰ ਵਾਰ ਮਨ ਵਿਚ ਚੱਕਰ ਕੱਟ ਰਿਹਾ ਸੀ ਕਿ ਲੜਾਈ ਅਤੇ ਬੰਦਿਸ਼ਾਂ ਦੇ ਬੱਦਲ ਹਰ ਵਾਰੀ ਪੰਜਾਬ ‘ਤੇ ਹੀ ਕਿਉਂ ਮੰਡਰਾਉਂਦੇ ਹਨ? ਸਰਹੱਦ ਤਾਂ ਰਾਜਸਥਾਨ ਅਤੇ ਗੁਜਰਾਤ ਦੀ ਵੀ ਪਾਕਿਸਤਾਨ ਨਾਲ ਲੱਗਦੀ ਹੈ, ਉਥੇ ਕੋਈ ਵੀ ਸੇਕ ਕਿਸੇ ਨੂੰ ਕਿਉਂ ਨਹੀਂ ਝੱਲਣਾ ਪੈਂਦਾ?
ਵਿਸਫੋਟਕ ਹਮਲੇ ਵਿਚ 40 ਜੁਆਨ ਭਾਵੇਂ ਜੰਮੂ-ਕਸ਼ਮੀਰ ਵਿਚ (ਮਿਲਟਰੀ ਅਫਸਰਾਂ ਦੇ ਬਿਆਨਾਂ ਅਨੁਸਾਰ ਸੁਰੱਖਿਆ ਦੀ ਅਣਗਹਿਲੀ ਕਰਕੇ) ਮਾਰੇ ਗਏ, ਪਰ ਮੁਸੀਬਤ ਕਸ਼ਮੀਰ ਤੋਂ ਬਾਹਰ ਦੂਸਰੇ ਪ੍ਰਾਂਤਾਂ ਵਿਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ‘ਤੇ ਟੁੱਟ ਪਈ| ਉਤਰੀ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿਚ ਪੜ੍ਹ ਰਹੇ ਇਨ੍ਹਾਂ ਵਿਦਿਆਰਥੀਆਂ ‘ਤੇ ਭੀੜਤੰਤਰ ਤੇ ਡੰਡਾਤੰਤਰ ਵੱਲੋਂ ਹਮਲੇ ਹੋਣ ਲੱਗ ਪਏ ਅਤੇ ਉਨ੍ਹਾਂ ਨੂੰ ਕਿਰਾਏ ਦੇ ਘਰਾਂ ਵਿਚੋਂ ਕੱਢਿਆ ਜਾਣ ਲੱਗ ਪਿਆ| ਭਲਾ ਹੋਵੇ ਸੋਸ਼ਲ ਮੀਡੀਆ ਦਾ ਕਿ “ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ” ਦੇ ਕਥਨ ਅਨੁਸਾਰ ਚੰਡੀਗੜ੍ਹ ਅਤੇ ਮੁਹਾਲੀ ਦੇ ਲੋਕਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਅਤੇ ਗੁਰੂ ਘਰਾਂ ਦੇ ਦਰਵਾਜੇ ਇਨ੍ਹਾਂ ਲਈ ਖੋਲ੍ਹ ਦਿੱਤੇ| ਕਸ਼ਮੀਰੀ ਵਿਦਿਆਰਥੀਆਂ ਨੂੰ ਨਾ ਸਿਰਫ ਰਹਿਣ ਲਈ ਥਾਂ ਅਤੇ ਲੰਗਰ ਹੀ ਮੁਹੱਈਆ ਕੀਤਾ, ਸਗੋਂ ਕਸ਼ਮੀਰ ਸੁਰੱਖਿਅਤ ਪਹੁੰਚਣ ਲਈ ਹਰ ਸੰਭਵ ਪ੍ਰਬੰਧ ਵੀ ਕੀਤਾ ਗਿਆ| ਕਸ਼ਮੀਰੀ ਵਿਦਿਆਰਥੀਆਂ ਨਾਲ ਮਾੜਾ ਵਰਤਾਉ ਭਗਵੇਂ ਬ੍ਰਿਗੇਡ ਦੀ ਸ਼ਹਿ ‘ਤੇ ਹੋ ਰਿਹਾ ਸੀ, ਜੋ ਆਪਣੇ ਤੋਂ ਬਿਨਾ ਹੋਰ ਕਿਸੇ ਦਾ ਵੀ ਹਿੰਦੁਸਤਾਨ ਵਿਚ ਰਹਿਣ ਦਾ ਹੱਕ ਹੀ ਨਹੀਂ ਸਮਝਦੇ|
ਇਹ ਸੋਚਣ ਵਾਲੀ ਗੱਲ ਹੈ ਕਿ ਵਿਗੜੇ ਹਾਲਾਤ ਵਿਚ ਵੀ ਆਪਣੀ ਪੜ੍ਹਾਈ ਨਿਰਵਿਘਨ ਜਾਰੀ ਰੱਖਣ ਲਈ ਕਸ਼ਮੀਰੀ ਵਿਦਿਆਰਥੀ ਹਿੰਦੁਸਤਾਨ ਦੇ ਦੂਸਰੇ ਸੂਬਿਆਂ ਵਿਚ ਪੜ੍ਹਨ ਲਈ ਆਉਂਦੇ ਹਨ| ਬਜਾਏ ਇਸ ਦੇ ਕਿ ਉਨ੍ਹਾਂ ਨੂੰ ਹਰ ਸੰਭਵ ਸਹੂਲਤ ਦਿੱਤੀ ਜਾਵੇ ਤਾਂ ਕਿ ਉਹ ਖਾੜਕੂਵਾਦ ਤੋਂ ਦੂਰ ਰਹਿਣ, ਉਨ੍ਹਾਂ ਅੰਦਰ ਵਖਰੇਵੇਂ ਦੀ ਭਾਵਨਾ ਪੈਦਾ ਕਰਨ ਦਾ ਮਾਹੌਲ ਕਿਉਂ ਸਿਰਜਿਆ ਜਾ ਰਿਹਾ ਹੈ? ਗਵਰਨਰ ਵਰਗੇ ਜਿੰਮੇਵਾਰ ਅਹੁਦੇ ‘ਤੇ ਬੈਠਾ ਬੰਦਾ ਬਿਆਨ ਦੇ ਰਿਹਾ ਹੈ ਕਿ ਕਸ਼ਮੀਰੀ ਵਸਤਾਂ ਦਾ ਬਾਈਕਾਟ ਕੀਤਾ ਜਾਵੇ? ਇਸ ਦਾ ਅਰਥ ਇਹੀ ਬਣਦਾ ਹੈ ਕਿ ਕਸ਼ਮੀਰ ਤਾਂ ਹਿੰਦੁਸਤਾਨ ਦਾ ਹਿੱਸਾ ਹੈ, ਪਰ ਕਸ਼ਮੀਰੀ ਲੋਕ ਅਤੇ ਕਸ਼ਮੀਰ ਵਿਚ ਬਣਨ ਵਾਲੀਆਂ ਚੀਜ਼ਾਂ ਦਾ ਹਿੰਦੁਸਤਾਨ ਨਾਲ ਕੋਈ ਸਬੰਧ ਨਹੀਂ? ਕਿਸ ਕਿਸਮ ਦਾ ਨਿਜ਼ਾਮ ਹੈ ਇਹ? ਕੋਈ ਵੀ ਧਰਤੀ ਉਥੋਂ ਦੇ ਲੋਕਾਂ ਦੀ ਹੁੰਦੀ ਹੈ| ਜੇ ਕਸ਼ਮੀਰ ਹਿੰਦੁਸਤਾਨ ਦਾ ਅਟੁੱਟ ਹਿੱਸਾ ਹੈ ਤਾਂ ਕਸ਼ਮੀਰੀ ਲੋਕ ਵੀ ਹਿੰਦੁਸਤਾਨ ਦਾ ਓਨਾ ਹੀ ਅਹਿਮ ਅੰਗ ਹਨ, ਜਿੰਨੇ ਹੋਰ ਪ੍ਰਾਂਤਾਂ ਦੇ ਲੋਕ; ਇਸ ਲਈ ਉਨ੍ਹਾਂ ਪ੍ਰਤੀ ਦੁਸ਼ਮਣੀ ਦੀ ਭਾਵਨਾ ਕਿਉਂ? ਅੰਕੜਿਆਂ ਅਨੁਸਾਰ (ਜਿਨ੍ਹਾਂ ਦਾ ਜ਼ਿਕਰ ਅਰੁੰਧਤੀ ਰਾਏ ਨੇ ਆਪਣੇ ਇਕ ਲੇਖ ਵਿਚ ਕੀਤਾ ਹੈ) ਜੰਮੂ ਕਸ਼ਮੀਰ ਵਿਚ 1990 ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 70 ਹਜ਼ਾਰ ਲੋਕਾਂ ਦੀ ਮੌਤ ਹੋ ਚੁਕੀ ਹੈ, ਹਜ਼ਾਰਾਂ ਦੀ ਗਿਣਤੀ ਵਿਚ ਲਾ-ਪਤਾ ਹਨ, ਹਜ਼ਾਰਾਂ ‘ਤੇ ਤਸ਼ੱਦਦ ਦਾ ਕਹਿਰ ਟੁੱਟਿਆ ਹੈ, ਸੈਂਕੜੇ ਅਪਾਹਜ ਹੋਏ ਅਤੇ ਅੰਨ੍ਹੇਪਣ ਦਾ ਸ਼ਿਕਾਰ ਹੋ ਚੁਕੇ ਹਨ| ਅਰੁੰਧਤੀ ਰਾਏ ਦੇ ਦਿੱਤੇ ਅੰਕੜਿਆਂ ਅਨੁਸਾਰ ਹੀ ਮਹਿਜ਼ ਪਿਛਲੇ ਇੱਕ ਸਾਲ ਵਿਚ ਹੀ 570 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚੋਂ 260 ਖਾੜਕੂ, 160 ਆਮ ਲੋਕ ਅਤੇ 150 ਭਾਰਤੀ ਸੈਨਿਕ ਡਿਊਟੀ ਦੌਰਾਨ ਮਾਰੇ ਗਏ|
ਖਬਰਾਂ ਅਨੁਸਾਰ ਭਾਜਪਾ ਸਰਕਾਰ ਦਾ ਦਾਅਵਾ ਹੈ ਕਿ ਸਭ ਤੋਂ ਵੱਧ ਖਾੜਕੂ ਉਸ ਦੇ ਰਾਜ ਕਾਲ ਦੌਰਾਨ ਮਾਰੇ ਗਏ, ਪਰ ਅਖਬਾਰਾਂ ਅਨੁਸਾਰ ਹੀ ਸਭ ਤੋਂ ਵੱਧ ਭਾਰਤੀ ਸੈਨਿਕਾਂ ਨੂੰ ਵੀ ਇਸੇ ਦੌਰਾਨ ਆਪਣੀਆਂ ਜਾਨਾਂ ਦੇਣੀਆਂ ਪਈਆਂ| ਇਨ੍ਹਾਂ ਮੌਤਾਂ ਵਿਚ ਭਾਜਪਾ ਨੇਤਾ, ਭਗਵਾਂ ਬ੍ਰਿਗੇਡ ਜਾਂ ਨੇਤਾਵਾਂ ਦੇ ਬੱਚਿਆਂ, ਸੰਘ ਪਾੜ ਪਾੜ ਕੇ ਟੀ. ਵੀ. ਚੈਨਲਾਂ ‘ਤੇ ਜੰਗ ਦਾ ਐਲਾਨ ਕਰਨ ਵਾਲਿਆਂ ਨੂੰ ਆਪਣੀ ਜਾਨ ਤੋਂ ਹੱਥ ਨਹੀਂ ਧੋਣੇ ਪਏ, ਸਗੋਂ ਕਸ਼ਮੀਰੀ ਲੋਕਾਂ ਜਾਂ ਭਾਰਤੀ ਫੌਜੀਆਂ ਦੀ ਜਾਨ ਗਈ ਹੈ|
ਇਹ ਕਿਸੇ ਵੀ ਦੇਸ਼ ਦੀ ਅਤੇ ਫੌਜ ਦੀ ਬਦਕਿਸਮਤੀ ਹੁੰਦੀ ਹੈ, ਜਦੋਂ ਉਸ ਨੂੰ ਆਪਣੇ ਹੀ ਲੋਕਾਂ ਨਾਲ ਲੜਨ ਲਈ ਕਿਹਾ ਜਾਂਦਾ ਹੈ| ਫੌਜਾਂ ਦਾ ਕੰਮ ਬਾਹਰੀ ਖਤਰਿਆਂ ਤੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਹੁੰਦਾ ਹੈ| ਇਸ ਲਈ ਆਪਣੀਆਂ ਫੌਜਾਂ ਰਾਹੀਂ ਸਰਹੱਦਾਂ ਦੀ ਰਾਖੀ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਤਾਂ ਕਿ ਬਾਹਰੋਂ ਕੋਈ ਘੁਸਪੈਠ ਨਾ ਹੋ ਸਕੇ ਅਤੇ ਅੰਦਰੂਨੀ ਸੁਰੱਖਿਆ ਦਾ ਪ੍ਰਬੰਧ ਬਾਕੀ ਸੁਰੱਖਿਆ ਏਜੰਸੀਆਂ ਨੂੰ ਸੌਂਪਿਆ ਜਾਵੇ| ਖਾੜਕੂਵਾਦ ਐਵੇਂ ਹੀ ਪੈਦਾ ਨਹੀਂ ਹੋ ਜਾਂਦਾ, ਉਸ ਦੇ ਬੁਨਿਆਦੀ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ| ਅਖਬਾਰਾਂ ਵਿਚ ਇੱਕ ਬਿਆਨ ਆਇਆ ਸੀ ਕਿ ‘ਜਿਸ ਵੀ ਕਸ਼ਮੀਰੀ ਦੇ ਹੱਥ ਵਿਚ ਬੰਦੂਕ ਦਿਸੇ, ਉਸ ਨੂੰ ਤੁਰੰਤ ਗੋਲੀ ਮਾਰ ਦੇਣ’ ਦਾ ਹੁਕਮ ਦਿੱਤਾ ਗਿਆ ਹੈ| ਬੰਦੂਕ ਚੁੱਕਣ ਵਾਲੇ ਨੌਜੁਆਨਾਂ ਲਈ ਉਪਰਾਲਾ ਇਹ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸਮੱਸਿਆ ਨੂੰ ਸਮਝ ਕੇ ਗੋਲੀ ਮਾਰਨ ਦੀ ਥਾਂ ਹੱਥਾਂ ਵਿਚੋਂ ਬੰਦੂਕ ਛੁਟਵਾ ਕੇ ਕਿਤਾਬਾਂ ਦਿੱਤੀਆਂ ਜਾਣ, ਕਿਰਤ ਦੇ ਸੰਦ ਫੜਾਏ ਜਾਣ|
ਭਾਰਤੀ ਪਰੰਪਰਾ ਵਿਚ ਮਹਾਰਾਜਾ ਅਸ਼ੋਕ ਦਾ ਕਾਲਿੰਗਾ ਦਾ ਯੁੱਧ, ਮਹਾਂਭਾਰਤ ਦਾ ਯੁੱਧ, ਦੋ ਆਲਮੀ ਜੰਗਾਂ ਤੋਂ ਹੁਣ ਤੱਕ ਦੇ ਵਿਸ਼ਵ ਇਤਿਹਾਸ ਵਿਚ ਇਹੀ ਸਾਹਮਣੇ ਆਇਆ ਹੈ ਕਿ ਯੁੱਧ ਵਿਚੋਂ ਮਸਲਿਆਂ ਦਾ ਹੱਲ ਨਹੀਂ ਬਲਕਿ ਤਬਾਹੀ ਹੀ ਨਿਕਲਦੀ ਹੈ| ਜਾਨੀ ਅਤੇ ਮਾਲੀ ਨੁਕਸਾਨ ਹੀ ਹੁੰਦਾ ਹੈ ਅਤੇ ਯੁੱਧ ਵਿਚ ਸ਼ਰੀਕ ਕੌਮਾਂ ਤਬਾਹ ਹੋ ਜਾਂਦੀਆਂ ਹਨ|
ਯੁੱਧ ਕਿਸੇ ਮਸਲੇ ਦਾ ਹੱਲ ਨਹੀਂ ਹੈ, ਕਸ਼ਮੀਰ ਮਸਲੇ ਦਾ ਵੀ ਨਹੀਂ| ਪਾਕਿਸਤਾਨ ਅਤੇ ਭਾਰਤ-ਦੋਵਾਂ ਮੁਲਕਾਂ ਦੀ ਭਲਾਈ ਆਪਸੀ ਸਹਿਯੋਗ ਵਿਚ ਹੈ, ਨਾ ਕਿ ਯੁੱਧ ਵਿਚ? ਆਪਸੀ ਸਹਿਯੋਗੀ ਸਬੰਧਾਂ ਵਿਚ ਹੀ ਦੋਵੇਂ ਮੁਲਕ ਆਪਸੀ ਵਪਾਰ ਵਧਾ ਕੇ ਤਰੱਕੀ ਕਰ ਸਕਦੇ ਹਨ| ਕਸ਼ਮੀਰ ਦਾ ਹੱਲ ਵੀ ਬੰਦੂਕ ਵਿਚੋਂ ਨਹੀਂ, ਭਰੋਸੇ ਵਾਲੇ ਮਾਹੌਲ ਵਿਚ ਕੀਤੀ ਗੱਲਬਾਤ ਵਿਚੋਂ ਹੀ ਨਿਕਲਣਾ ਹੈ| ਜਨਾਬ ਇਮਰਾਨ ਖਾਨ ਨੇ ਯੁੱਧ ਨੂੰ ਟਾਲਣ ਲਈ ਜਿਸ ਤਰ੍ਹਾਂ ਸੁਹਿਰਦਤਾ ਦਿਖਾਈ ਹੈ, ਉਹ ਧੰਨਵਾਦ ਦੇ ਹੱਕਦਾਰ ਹਨ|
ਤੁਰਕਿਸ਼ ਏਅਰਲਾਈਨ ਵਿਚ ਇਸਤੰਬੋਲ ਤੋਂ ਮੇਰੇ ਨਾਲ ਬੈਠੀ ਪਾਕਿਸਤਾਨ ਤੋਂ ਆਈ ਬੀਬੀ ਦੱਸ ਰਹੀ ਸੀ ਕਿ ਪਾਕਿਸਤਾਨ ਦਾ ਆਵਾਮ ਵੀ ਲੜਾਈ ਦੇ ਬਿਲਕੁਲ ਹੱਕ ਵਿਚ ਨਹੀਂ ਹੈ, ਸਭ ਅਮਨ ਚਾਹੁੰਦੇ ਹਨ| ਦੋਹਾਂ ਮੁਲਕਾਂ ਦੇ ਸਿਆਸਤਦਾਨਾਂ ਅਤੇ ਭੜਕਾਊ ਟੀ. ਵੀ. ਚੈਨਲਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ| ਆਮੀਨ!