ਅਮਰ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ

ਇਹ ਲੇਖ ਇੰਡੋ-ਅਮਰੀਕਨ ਕਲਚਰਲ ਆਰਗੇਨਾਈਜੇਸ਼ਨ (ਆਈ. ਏ. ਸੀ. ਓ.) ਦੇ ਆਗੂ ਕਸ਼ਮੀਰ ਸਿੰਘ ਕਾਂਗਣਾ, ਬੇਕਰਜ਼ਫੀਲਡ (ਫੋਨ: 661-331-5651) ਰਾਹੀਂ ਹਾਸਲ ਹੋਇਆ ਹੈ, ਜੋ ਜਥੇਬੰਦੀ ਦੇ ਦੋ ਆਗੂਆਂ ਕਿਰਪਾਲ ਸਿੰਘ ਸੰਧੂ ਤੇ ਸੁਮਿੱਤਰ ਸਿੰਘ ਉਪਲ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਵਸ ‘ਤੇ ਉਚੇਚਾ ਲਿਖਿਆ ਹੈ। ਇਹ ਦੋਵੇਂ ਬਜੁਰਗ ਆਗੂ ਜਥੇਬੰਦੀ ਦੇ ਡਾਇਰੈਕਟਰ ਹਨ। ਇਹ ਜਥੇਬੰਦੀ ਗਦਰੀ ਬਾਬਿਆਂ ਦੀਆਂ ਉਚੀਆਂ-ਸੁੱਚੀਆਂ ਕਦਰਾਂ-ਕੀਮਤਾਂ ‘ਤੇ ਲਗਾਤਾਰ ਪਹਿਰਾ ਦੇ ਰਹੀ ਹੈ। ਜਥੇਬੰਦੀ ਨੇ ਅਹਿਦ ਕੀਤਾ ਹੈ ਕਿ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਸਭਿਆਚਾਰਕ ਮੇਲਾ ਮਨਾਉਂਦੀ ਰਹੇਗੀ।

ਕਿਰਪਾਲ ਸਿੰਘ ਸੰਧੂ
ਫੋਨ: 559-259-4844
ਸੁਮਿੱਤਰ ਸਿੰਘ ਉਪਲ
ਫੋਨ: 530-695-1716

17 ਦਸੰਬਰ 1928 ਨੂੰ ਸ਼ਾਮ ਦੇ 4:30 ਵਜੇ ਦਫਤਰੋਂ ਨਿਕਲਦੇ ਨੂੰ ਵੇਖ ਜੈ ਗੋਪਾਲ ਨੇ ਤਿਆਰ ਰਹਿਣ ਦਾ ਇਸ਼ਾਰਾ ਕੀਤਾ। ਸਾਂਡਰਸ ਜਦੋਂ ਆਪਣੇ ਮੋਟਰਸਾਈਕਲ ‘ਤੇ ਨਿਕਲਿਆ ਤਾਂ ਰਾਜਗੁਰੂ ਨੇ ਉਸ ਦੇ ਗੋਲੀ ਮਾਰੀ। ਉਹ ਜ਼ਮੀਨ ‘ਤੇ ਡਿੱਗ ਪਿਆ। ਇਸ ਪਿਛੋਂ ਭਗਤ ਸਿੰਘ ਨੇ ਦੋ ਗੋਲੀਆਂ ਹੋਰ ਮਾਰ ਨੇ ਉਸ ਨੂੰ ਪਾਰ ਬੁਲਾ ਦਿੱਤਾ। ਜਦੋਂ ਇਹ ਦੋਵੇਂ ਦੌੜੇ ਤਾਂ ਕੋਲ ਖੜ੍ਹੇ ਹੈਡ ਕਾਂਸਟੇਬਲ ਚੰਨਣ ਸਿੰਘ ਨੇ ਇਨ੍ਹਾਂ ਦਾ ਪਿਛਾ ਕੀਤਾ। ਇਨ੍ਹਾਂ ਦੀ ਹਿਫਾਜ਼ਤ ਵਿਚ ਖੜ੍ਹੇ ਚੰਦਰ ਸ਼ੇਖਰ ਆਜ਼ਾਦ ਨੇ ਚੰਨਣ ਸਿੰਘ ਨੂੰ ਰੁਕ ਜਾਣ ਲਈ ਕਿਹਾ ਪਰ ਉਹ ਨਾ ਰੁਕਿਆ ਅਤੇ ਫਿਰ ਆਜ਼ਾਦ ਦੀਆਂ ਦੋ ਗੋਲੀਆਂ ਨੇ ਉਸ ਨੂੰ ਡੱਕਿਆ। ਇਹ ਐਕਸ਼ਨ ਕਾਮਯਾਬ ਕਰਕੇ ਇਹ ਤਿੰਨੇ ਸਾਈਕਲਾਂ ‘ਤੇ ਸਵਾਰ ਹੋ ਕੇ ਪਹਿਲਾਂ ਡੀ. ਏ. ਵੀ. ਕਾਲਜ ਦੇ ਹੋਸਟਲ ਗਏ, ਫਿਰ ਉਥੋਂ ਉਲੀਕੇ ਅਸਲੀ ਟਿਕਾਣੇ ਮੋਜਾਂਗ ਹਾਊਸ ਪਹੁੰਚ ਗਏ।
ਦਸੰਬਰ 1928 ਦੀ 9-10 ਦੀ ਦਰਮਿਆਨੀ ਰਾਤ ਨੂੰ ਲਾਹੌਰ ਦੇ ਮੋਜਾਂਗ ਹਾਊਸ ਵਿਚ ਹੀ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੇ ਸਰਗਰਮ ਕਾਰਕੁਨਾਂ ਦੀ ਹੋਈ ਮੀਟਿੰਗ ਵਿਚ ਨੌਜਵਾਨਾਂ ਦੇ ਡਿੱਗ ਰਹੇ ਮੁਲਾਰ ਨੂੰ ਠੁੰਮਣਾ ਦੇਣ ਲਈ ਫੈਸਲਾ ਕੀਤਾ ਗਿਆ ਕਿ ਮਿਸਟਰ ਸਕਾਟ ਨੂੰ ਗੋਲੀ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ ਜਾਵੇ। ਯੋਜਨਾ ਬਣਾਈ ਗਈ ਕਿ ਪਹਿਲਾਂ ਚੰਦਰ ਸ਼ੇਖਰ ਆਜ਼ਾਦ ਉਸ ਜਗ੍ਹਾ ਦਾ ਚੰਗੀ ਤਰ੍ਹਾਂ ਜਾਇਜ਼ਾ ਲੈਣਗੇ। ਜੈ ਗੋਪਾਲ ਸਕਾਟ ਦੇ ਬਾਹਰ ਆਉਣ ਦਾ ਇਸ਼ਾਰਾ ਕਰੇਗਾ, ਰਾਜਗੁਰੂ ਤੇ ਭਗਤ ਸਿੰਘ ਗੋਲੀਆਂ ਮਾਰਨਗੇ। ਇਨ੍ਹਾਂ ਦੀ ਹਿਫਾਜ਼ਤ ਲਈ ਚੰਦਰ ਸ਼ੇਖਰ ਆਜ਼ਾਦ ਵੀ ਉਥੇ ਹੋਵੇਗਾ। ਸਰਬਸੰਮਤੀ ਨਾਲ ਇਸ ਐਕਸ਼ਨ ਦੀ ਮਨਜ਼ੂਰੀ ਦਿੱਤੀ ਗਈ।
ਕਾਮਯਾਬ ਐਕਸ਼ਨ ਤੋਂ ਬਾਅਦ ਹੁਣ ਸਵਾਲ ਹਿੱਸਾ ਲੈਣ ਵਾਲਿਆਂ ਨੂੰ ਲਾਹੌਰ ਤੋਂ ਬਾਹਰ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਉਣ ਦਾ ਸੀ। ਪ੍ਰੋਗਰਾਮ ਅਨੁਸਾਰ, ਉਸੇ ਰਾਤ ਸੁਖਦੇਵ, ਭਗਵਤੀ ਚਰਨ ਵੋਹਰਾ ਦੇ ਘਰ ਗਏ। ਦੁਰਗਾ ਦੇਵੀ ਨੇ ਦਰਵਾਜਾ ਖੋਲ੍ਹਿਆ। ਸੁਖਦੇਵ ਨੇ ਸਾਰੀ ਗੱਲ ਦੁਰਗਾ ਦੇਵੀ, ਜਿਨ੍ਹਾਂ ਨੂੰ ਜਥੇਬੰਦੀ ਵਾਲੇ ਕੁਝ ਸਾਥੀ ਸਤਿਕਾਰ ਵਜੋਂ ਦੁਰਗਾ ਭਾਬੀ ਕਹਿ ਕੇ ਬੁਲਾਉਂਦੇ ਸਨ, ਨਾਲ ਸਾਰੀ ਵਾਰਤਾ ਸਾਂਝੀ ਕੀਤੀ: “ਭਗਤ ਸਿੰਘ ਤੇ ਰਾਜਗੁਰੂ ਨੂੰ ਲਾਹੌਰ ਤੋਂ ਬਾਹਰ ਲੈ ਜਾਣ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਤੁਹਾਨੂੰ ਭਗਤ ਸਿੰਘ ਦੀ ਬੀਵੀ ਦਾ ਰੋਲ ਅਦਾ ਕਰਨਾ ਹੋਵੇਗਾ। ਬੇਟਾ ਸਾਚੀ (ਜੋ ਉਸ ਵੇਲੇ ਸਿਰਫ ਦੋ ਸਾਲ ਦਾ ਸੀ) ਵੀ ਤੁਹਾਡੇ ਕੋਲ ਹੋਵੇਗਾ। ਪੁਲਿਸ ਨਾਲ ਟਕਰਾਓ ਵੀ ਹੋ ਸਕਦਾ ਹੈ ਤੇ ਇਸ ਦੌਰਾਨ ਸਾਚੀ ਦੇ ਗੋਲੀ ਵੀ ਲੱਗ ਸਕਦੀ ਹੈ।”
ਦੁਰਗਾ ਦੇਵੀ ਨੇ ਕਿਹਾ, “ਸਾਚੀ ਜੇ ਮੇਰਾ ਪੁੱਤ ਹੈ ਤਾਂ ਤੁਸੀਂ ਵੀ ਸਾਰੇ ਆਪਣੀਆਂ ਮਾਂਵਾਂ ਦੇ ਪੁੱਤ ਹੋ। ਮੈਂ ਤਿਆਰ ਹਾਂ।” ਸੁਖਦੇਵ ਨੇ ਦੱਸਿਆ ਕਿ ਭਗਤ ਸਿੰਘ ਨੇ ਕੇਸ ਕਟਵਾ ਦਿੱਤੇ ਹਨ। ਉਹ ਪੂਰੇ ਯੂਰਪੀ ਲਿਬਾਸ ਵਿਚ ਹੋਵੇਗਾ। ਤੁਸੀਂ ਵੀ ਕੀਮਤੀ ਲਿਬਾਸ ਵਿਚ ਤਿਆਰ ਹੋਣਾ ਹੈ। ਕੱਲ੍ਹ ਨੂੰ ਮੂੰਹ-ਹਨੇਰੇ ਜਿਹੜੀ ਰੇਲ ਕਲਕੱਤੇ ਵੱਲ ਜਾਂਦੀ ਹੈ, ਉਸ ਵਿਚ ਜਾਣਾ ਹੈ।
ਯੋਜਨਾ ਅਨੁਸਾਰ ਭਗਤ ਸਿੰਘ ਨੇ ਉਪਰ ਦੀ ਲੰਮਾ ਕੋਟ ਪਹਿਨ ਕੇ ਜੇਬ ਵਿਚ ਛੇ ਗੋਲੀਆਂ ਵਾਲਾ ਪਿਸਤੌਲ ਰੱਖ ਲਿਆ। ਇਸੇ ਤਰ੍ਹਾਂ ਦੁਰਗਾ ਦੇਵੀ ਨੇ ਆਪਣੇ ਕੋਟ ਵਿਚ ਛੇ ਗੋਲੀਆਂ ਵਾਲਾ ਪਿਸਤੌਲ ਸੁਰੱਖਿਅਤ ਜਗ੍ਹਾ ‘ਤੇ ਰੱਖ ਲਿਆ। ਸੁਖਦੇਵ, ਭਗਤ ਸਿੰਘ ਤੇ ਰਾਜਗੁਰੂ ਮੂੰਹ-ਹਨੇਰੇ ਭਗਵਤੀ ਵੋਹਰਾ ਦੇ ਘਰ ਪਹੁੰਚ ਗਏ। ਦੁਰਗਾ ਦੇਵੀ ਪਹਿਲਾਂ ਭਗਤ ਸਿੰਘ ਤੇ ਰਾਜਗੁਰੂ ਨੂੰ ਨਵੇਂ ਲਿਬਾਸ ਵਿਚ ਪਛਾਣ ਨਾ ਸਕੀ। ਛੇਤੀ-ਛੇਤੀ ਭਗਤ ਸਿੰਘ, ਦੁਰਗਾ ਦੇਵੀ, ਬੇਟਾ ਸਾਚੀ ਤੇ ਨੌਕਰ ਦਾ ਰੋਲ ਨਿਭਾ ਰਿਹਾ ਰਾਜਗੁਰੂ ਘੋੜੇ ਵਾਲੀ ਬੱਘੀ ‘ਤੇ ਸਵਾਰ ਹੋ ਕੇ ਲਾਹੌਰ ਰੇਲਵੇ ਸਟੇਸ਼ਨ ਵਲ ਤੁਰ ਪਏ। ਭਗਤ ਸਿੰਘ ਨੇ ਕੋਚਵਾਨ ਜੋ ਨੌਜਵਾਨ ਸੀ, ਨੂੰ ਪੁੱਛਿਆ ਕਿ ਪੁਲਿਸ ਇਧਰ ਉਧਰ ਕਿਉਂ ਘੁੰਮ ਰਹੀ ਹੈ? ਤਾਂਗੇ ਵਾਲੇ ਨੌਜਵਾਨ ਨੇ ਜਵਾਬ ਦਿੱਤਾ, “ਸਾਹਿਬ ਜੀ, ਕੱਲ੍ਹ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਸਾਂਡਰਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਪੁਲਿਸ ਉਨ੍ਹਾਂ ਨੂੰ ਫੜਨ ਲਈ ਦੌੜ-ਫਿਰ ਰਹੀ ਹੈ।” ਭਗਤ ਸਿੰਘ ਨੇ ਮੁੜ ਸਵਾਲ ਕੀਤਾ, “ਜੇ ਤੈਨੂੰ ਭਗਤ ਸਿੰਘ ਮਿਲ ਜਾਵੇ?” ਉਹ ਝਟਪਟ ਬੋਲ ਪਿਆ, “ਭਗਤ ਸਿੰਘ ਲਈ ਤਾਂ ਮੈਂ ਤੇ ਮੇਰਾ ਘੋੜਾ ਬੱਘੀ ਹਾਜ਼ਰ ਹਨ, ਜਿਥੇ ਕਹੇਗਾ, ਛੱਡ ਕੇ ਆਵਾਂਗਾ।”
ਇਸੇ ਦੌਰਾਨ ਉਹ ਰੇਲਵੇ ਸਟੇਸ਼ਨ ਪਹੁੰਚ ਗਏ। ਟਿਕਟ ਖਰੀਦੇ ਹੋਏ ਸਨ। ਪੁਲਿਸ ਸਟੇਸ਼ਨ ‘ਤੇ ਹਰਲ-ਹਰਲ ਕਰਦੀ ਫਿਰ ਰਹੀ ਸੀ। ਇਹ ਚਾਰੇ ਜਣੇ ਕੁਲੀ ਦੀ ਮਦਦ ਨਾਲ ਪੁਲਿਸ ਦੀਆਂ ਅੱਖਾਂ ਵਿਚ ਧੂੜ ਪਾ ਕੇ ਰੇਲ ਡੱਬਿਆਂ ਵਿਚ ਆਰਾਮ ਨਾਲ ਬੈਠ ਗਏ। ਰੇਲ ਆਪਣੇ ਸਫਰ ‘ਤੇ ਰਵਾਨਾ ਹੋਈ। ਪ੍ਰੋਗਰਾਮ ਮੁਤਾਬਕ ਰਾਜਗੁਰੂ ਕਿਸੇ ਰੇਲਵੇ ਸਟੇਸ਼ਨ ‘ਤੇ ਉਤਰ ਗਿਆ। ਉਸੇ ਦਿਨ ਚੰਦਰ ਸ਼ੇਖਰ ਆਜ਼ਾਦ ਸਾਧੂ ਦਾ ਭੇਸ ਵਟਾ ਕੇ ਲਾਹੌਰ ਤੋਂ ਬਾਹਰ ਸੁਰੱਖਿਅਤ ਆਪਣੇ ਟਿਕਾਣੇ ‘ਤੇ ਪਹੁੰਚ ਗਏ। ਅਗਲੇ ਦਿਨ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਨਾਂ ਹੇਠ ਲਾਹੌਰ ਦੀਆਂ ਖਾਸ-ਖਾਸ ਥਾਂਵਾਂ ‘ਤੇ ਇਸ਼ਤਿਹਾਰ ਲੱਗੇ ਹੋਏ ਸਨ। ਮਜਮੂਨ ਸੀ-ਸਕਾਟ ਦੀ ਜਗ੍ਹਾ ਸਾਂਡਰਸ ਮਾਰਿਆ ਗਿਆ ਤੇ ਲਾਲ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲੈ ਲਿਆ ਗਿਆ ਹੈ।
ਸਰਕਾਰ ਬੁਰੀ ਤਰ੍ਹਾਂ ਘਬਰਾਈ ਤੇ ਬੌਖਲਾਈ ਹੋਈ, ਸਾਰੇ ਹਿੰਦੋਸਤਾਨ ਵਿਚ ਥਾਂ-ਥਾਂ ‘ਤੇ ਛਾਪੇ ਮਾਰ ਕੇ ਵੱਡੀ ਗਿਣਤੀ ਵਿਚ ਗ੍ਰਿਫਤਾਰੀਆਂ ਕਰ ਰਹੀ ਸੀ। ਇਨ੍ਹਾਂ ਵਿਚ ਭਾਰਤ ਨੌਜਵਾਨ ਸਭਾ, ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸਸੀਏਸ਼ਨ, ਸਟੂਡੈਂਟਸ ਯੂਨੀਅਨ ਤੇ ਕਾਂਗਰਸ ਦੇ ਕਾਰਕੁਨ ਵੀ ਸ਼ਾਮਿਲ ਸਨ, ਜਿਵੇਂ ਕੇਦਾਰਨਾਥ ਸਹਿਗਲ, ਅਬਦੁਲ ਮਜੀਦ, ਸੰਤ ਰਾਮ, ਏ. ਸੀ. ਬਾਲੀ, ਰਾਮ ਚੰਦਰ, ਮਨਜ਼ੂਰ ਅਹਿਮਦ, ਧਰਮਵੀਰ, ਹੰਸ ਰਾਜ ਵੋਹਰਾ ਤੇ ਹੋਰ ਵੀ ਕਈ ਸਾਥੀ ਜਿਨ੍ਹਾਂ ਦੀ ਤਦਾਦ 30-35 ਤੋਂ ਉਪਰ ਸੀ। ਪੁਲਿਸ ਲਾਹੌਰ ਦੇ ਆਲੇ-ਦੁਆਲੇ ਦੇ ਪਿੰਡਾਂ, ਕਸਬਿਆਂ ਵਿਚ ਸੁਰਾਗ ਲੱਭਣ ਦੇ ਯਤਨ ਕਰ ਰਹੀ ਸੀ ਪਰ ਹੱਥ ਪੱਲੇ ਕੁਝ ਵੀ ਨਹੀਂ ਸੀ ਪੈ ਰਿਹਾ। ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕੀਤੇ ਬੰਦਿਆਂ ਨੂੰ ਜ਼ਮਾਨਤ ‘ਤੇ ਛੱਡਣ ਤੋਂ ਇਨਕਾਰ ਕਰਨ ਕਰਕੇ ਲੋਕਾਂ ਵਿਚ ਸਰਕਾਰ ਖਿਲਾਫ ਗੁੱਸਾ ਹੋਰ ਤਿੱਖਾ ਹੋ ਗਿਆ ਸੀ।
1928 ਵਿਚ ਸਾਰਾ ਸਾਲ ਹੀ ਅਣਗਿਣਤ ਛੋਟੀਆਂ ਵੱਡੀਆਂ ਹੜਤਾਲਾਂ ਹੋਈਆਂ। ਸਰਕਾਰ ਇਨ੍ਹਾਂ ਹੜਤਾਲਾਂ ਨੂੰ ਸਖਤੀ ਨਾਲ ਦਬਾ ਦੇਣ ਦੇ ਰੌਂਅ ਵਿਚ ਸੀ। ਸਰਕਾਰ ਨੇ ਟਰੇਡ ਡਿਸਪਿਊਟ ਬਿੱਲ ਤੇ ਪਬਲਿਕ ਸੇਫਟੀ ਬਿੱਲ ਅਸੈਂਬਲੀ ਵਿਚ ਪਾਸ ਕਰਾਉਣ ਦਾ ਮਨ ਬਣਾਇਆ। 18 ਅਗਸਤ 1928 ਨੂੰ ਜੱਲ੍ਹਿਆਂ ਵਾਲੇ ਬਾਗ ਵਿਚ ਭਾਰਤ ਨੌਜਵਾਨ ਸਭਾ ਨੇ ਇਨ੍ਹਾਂ ਲੋਕ ਵਿਰੋਧੀ ਬਿਲਾਂ ਖਿਲਾਫ ਮੁਹਿੰਮ ਚਲਾਉਣ ਲਈ ਮੀਟਿੰਗ ਕੀਤੀ, ਜਿਸ ਵਿਚ ਟਰੇਡ ਡਿਸਪਿਊਟ ਬਿਲ ਤੇ ਪਬਲਿਕ ਸੇਫਟੀ ਬਿੱਲ ਦੀ ਤਿੱਖੀ ਆਲੋਚਨਾ ਹੋਈ। ਨਾਲ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਅਸੈਂਬਲੀ ਦੇ ਚੁਣੇ ਹੋਏ ਮੈਂਬਰ ਸਾਹਿਬਾਨ ‘ਤੇ ਜ਼ੋਰ ਪਾਇਆ ਜਾਵੇ ਕਿ ਉਹ ਟਰੇਡ ਡਿਸਪਿਊਟ ਬਿੱਲ ਤੇ ਪਬਲਿਕ ਸੇਫਟੀ ਬਿਲਾਂ ਖਿਲਾਫ ਆਪਣੀ ਵੋਟ ਦਾ ਹੱਕ ਇਸਤੇਮਾਲ ਕਰਨ ਤਾਂ ਜੋ ਇਹ ਬਿਲ ਅਸੈਂਬਲੀ ਵਿਚ ਪਾਸ ਨਾ ਹੋ ਸਕਣ।
ਸਾਲ 1929 ਵਿਚ ਫਰਵਰੀ ਮਹੀਨੇ ਦੀ 22, 23 ਤੇ 24 ਤਰੀਕ ਨੂੰ ਭਾਰਤ ਨੌਜਵਾਨ ਸਭਾ ਨੇ ਦੂਜੀ ਕਾਨਫਰੰਸ ਲਾਹੌਰ ਵਿਚ ਕੀਤੀ। ਇਹ ‘ਕਿਰਤੀ’ ਅਖਬਾਰ ਦੇ ਸੰਪਾਦਕ ਸੋਹਣ ਸਿੰਘ ਜੋਸ਼ ਦੀ ਪ੍ਰਧਾਨਗੀ ਹੇਠ ਹੋਈ। ਸਰਕਾਰ ਦੀਆਂ ਸਖਤੀਆਂ ਦੇ ਬਾਵਜੂਦ ਸਰਕਾਰੀ ਰਿਪੋਰਟਾਂ ਅਨੁਸਾਰ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਇਸ ਵਿਚ ਸ਼ਿਰਕਤ ਕੀਤੀ। ਇਸ ਕਾਨਫਰੰਸ ਦਾ ਸੁਨੇਹਾ ਇਹੀ ਸੀ ਕਿ ਨੌਜਵਾਨ ਆਜ਼ਾਦੀ ਦੇ ਰਾਹ ਪੈ ਚੁਕੇ ਹਨ ਅਤੇ ਆਜ਼ਾਦੀ ਖਾਤਰ ਹਰ ਕੁਰਬਾਨੀ ਲਈ ਤਿਆਰ ਹਨ। ਸੋਹਨ ਸਿੰਘ ਜੋਸ਼ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਭਾਰਤ ਦੀ ਮੁਕੰਮਲ ਆਜ਼ਾਦੀ ਨੂੰ ਭਾਰਤੀ ਨੌਜਵਾਨਾਂ ਦੀ ਦਿਲੀ ਇੱਛਾ ਦਸ ਕੇ ਸਾਮਰਾਜਵਾਦ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਸਾਨਾਂ, ਮਜ਼ਦੂਰਾਂ ਦੇ ਜਨਤਕ ਇਨਕਲਾਬ ਨਾਲ ਆਪਣੀ ਹਮਦਰਦੀ ਜਾਹਰ ਕੀਤੀ। ਮਤੇ ਵਿਚ ਇਹ ਵੀ ਪਾਸ ਕੀਤਾ ਗਿਆ ਕਿ ਸਾਂਡਰਸ ਦੇ ਕਤਲ ਪਿਛੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਦੀ ਸਰਕਾਰ ਵਲੋਂ ਕੀਤੀ ਗ੍ਰਿਫਤਾਰੀ ਨੌਜਵਾਨ ਲਹਿਰ ਨੂੰ ਦਬਾਉਣ ਦਾ ਘਟੀਆ ਤੇ ਕੋਝਾ ਯਤਨ ਕੀਤਾ ਜਾ ਰਿਹਾ ਹੈ। ਸਾਡੀ ਪੁਰਜ਼ੋਰ ਮੰਗ ਹੈ ਕਿ ਸਾਰੇ ਗ੍ਰਿਫਤਾਰ ਕੀਤੇ ਨੌਜਵਾਨ ਜਲਦੀ ਤੋਂ ਜਲਦੀ ਰਿਹਾ ਕੀਤੇ ਜਾਣ। ਇਨ੍ਹਾਂ ਦੀ ਰਿਹਾਈ ਲਈ ਕਮੇਟੀ ਵੀ ਬਣਾਈ ਗਈ।
ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਲੋਕਾਂ ਨਾਲ ਜੁੜੇ ਮਸਲੇ ਉਠਾਉਣ ਦੀ ਆਪਣੀ ਰਣਨੀਤੀ ‘ਤੇ ਅਮਲ ਕਰ ਕੇ ਮਤਾ ਪਾਇਆ ਕਿ ਜਦੋਂ ਟਰੇਡ ਡਿਸਬਿਊਟ ਬਿਲ ਤੇ ਪਬਲਿਕ ਸੇਫਟੀ ਬਿਲ ਪਾਸ ਹੋਣ ਲਈ ਅਸੈਂਬਲੀ ਵਿਚ ਪੇਸ਼ ਹੋਣ, ਉਥੇ ਹਾਲ ਵਿਚ ਬੰਬ ਧਮਾਕਾ ਕੀਤਾ ਜਾਵੇ ਤੇ ਇਸ਼ਤਿਹਾਰ ਸੁੱਟੇ ਜਾਣ। ਇਹ ਸੁਝਾਅ ਭਗਤ ਸਿੰਘ ਦਾ ਸੀ। ਸਭ ਨੇ ਤਾੜੀਆਂ ਦੀ ਗੂੰਜ ਨਾਲ ਇਸ ਨੂੰ ਪ੍ਰਵਾਨ ਕੀਤਾ। ਕਿਹਾ ਗਿਆ ਕਿ ਧਮਾਕੇ ਦਾ ਮਤਲਬ ਹੋਵੇ, ਭਾਰਤੀ ਲੋਕਾਂ ਅੰਦਰ ਇਹੋ ਜਿਹੇ ਬਿਲਾਂ ਖਿਲਾਫ ਕਿੰਨੀ ਬੇਚੈਨੀ ਹੈ, ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ। ਉਹ ਸਾਥੀ, ਜੋ ਅਸੈਂਬਲੀ ਹਾਲ ਜਾਣ, ਉਥੇ ਆਪਣੀ ਗ੍ਰਿਫਤਾਰੀ ਦੇਣ ਤਾਂ ਜੋ ਅਦਾਲਤ ਵਿਚ ਵੀ ਆਪਣੀ ਜਥੇਬੰਦੀ ਦੇ ਉਦੇਸ਼ਾਂ ਦਾ ਪ੍ਰਚਾਰ ਹੋ ਸਕੇ। ਕਈ ਸਾਥੀਆਂ ਨੇ ਆਪਣੇ ਨਾਂ ਪੇਸ਼ ਕੀਤੇ।
ਆਖਰਕਾਰ ਇਸ ਐਕਸ਼ਨ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੇ ਨਾਂਵਾਂ ਨੂੰ ਪ੍ਰਵਾਨਗੀ ਮਿਲੀ। ਜੈ ਦੇਵ ਕਪੂਰ ਨੇ ਅਸੈਂਬਲੀ ਹਾਲ ਵਿਚ ਜਾਣ ਲਈ ਦੋ ਪਾਸਾਂ ਦਾ ਬੰਦੋਬਸਤ ਕੀਤਾ। 18 ਅਪਰੈਲ 1929 ਨੂੰ ਭਗਤ ਸਿੰਘ ਤੇ ਬਟੁਕੇਸ਼ਵਰ ਦੰਤ ਬੰਬ ਅਤੇ ਪਿਸਤੌਲ ਨਾਲ ਲੈਸ ਹੋ ਕੇ ਅਸੈਂਬਲੀ ਹਾਲ ਦੀ ਗੈਲਰੀ ਵਿਚ ਜਾ ਬੈਠੇ। ਜਿਵੇਂ ਹੀ ਸਰਕਾਰੀ ਬੈਂਚ ਦੇ ਲੀਡਰ ਸਰ ਜੌਕਨ ਸੂਸਟਰ ਨੇ ਵਾਇਸਰਾਏ ਦੇ ਅਧਿਕਾਰੀਆਂ ਰਾਹੀਂ ਇਹ ਬਿਲ ਐਕਟ ਬਣਾ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ ਤੇ ਹਾਊਸ ਦੇ ਸਪੀਕਰ ਬੀ. ਜੇ. ਪਟੇਲ ਆਪਣਾ ਫੈਸਲਾ ਦੇਣ ਲਈ ਉਠਿਆ ਤਾਂ ਗੈਲਰੀ ਵਿਚੋਂ ਬੰਬ ਸੁੱਟ ਕੇ ਧਮਾਕਾ ਕਰ ਦਿੱਤਾ ਗਿਆ। ਹਾਲ ਅੰਦਰ ਹਫੜਾ-ਦਫੜੀ ਮੱਚ ਗਈ। ਭਗਤ ਸਿੰਘ ਨੇ ਛੱਤ ਵਲ ਹੱਥ ਕਰਕੇ ਪਿਸਤੌਲ ਨਾਲ ਗੋਲੀਆਂ ਚਲਾਈਆਂ। ਬੀ. ਕੇ. ਦੱਤ ਨੇ ਗੈਲਰੀ ਵਿਚੋਂ ਥੱਲੇ ਇਸ਼ਤਿਹਾਰ ਸੁੱਟੇ ਅਤੇ ਦੋਹਾਂ ਨੇ ‘ਇਨਕਲਾਬ ਜ਼ਿੰਦਾਬਾਦ’, ‘ਸਾਮਰਾਜ ਮੁਰਦਾਬਾਦ’ ਦੇ ਨਾਅਰੇ ਮਾਰੇ ਤੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕਰ ਦਿੱਤਾ।
ਇਥੇ ਇਕ ਦਰਦਨਾਕ ਦੁਰਘਟਨਾ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ। ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਮਹਿਸੂਸ ਕਰਦੀ ਸੀ ਕਿ ਬੰਬ ਜ਼ਰੂਰ ਬਣਾਏ ਜਾਣ ਅਤੇ ਲੋੜ ਵੇਲੇ ਇਨ੍ਹਾਂ ਦੀ ਵਰਤੋਂ ਕੀਤੀ ਜਾਵੇ। 28 ਮਈ 1930 ਦੀ ਰਾਤ ਨੂੰ ਲਾਹੌਰ ਵਿਚ ਦਰਿਆ ਰਾਵੀ ਦੇ ਕੰਢੇ ਸੰਘਣੇ ਜੰਗਲ ਵਿਚ ਭਗਵਤੀ ਚਰਨ ਵੋਹਰਾ, ਸੁਖਦੇਵ ਤੇ ਕੁਝ ਹੋਰ ਸਾਥੀ ਬੰਬ ਟੈਸਟ ਕਰਨ ਗਏ। ਬੰਬ ਨੁਕਸਦਾਰ ਹੋਣ ਕਰਕੇ ਭਗਵਤੀ ਚਰਨ ਵੋਹਰਾ ਦੇ ਹੱਥ ਵਿਚ ਹੀ ਚੱਲ ਗਿਆ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਉਥੇ ਦੁਖੀ ਅਤੇ ਭਰੇ ਮਨ ਨਾਲ ਭਗਵਤੀ ਚਰਨ ਵੋਹਰਾ ਦੇ ਜਿਸਮ ਨੂੰ ਸਪੁਰਦ-ਏ-ਖਾਕ ਕਰਕੇ ਇਹ ਵਾਪਸ ਚੁਪ-ਚਾਪ ਆਪਣੇ ਟਿਕਾਣੇ ‘ਤੇ ਆ ਗਏ ਅਤੇ ਫਿਰ ਦੁਰਗਾ ਭਾਬੀ ਨਾਲ ਦੁੱਖ ਸਾਂਝਾ ਕੀਤਾ। ਇਉਂ ਜਥੇਬੰਦੀ ਇਕ ਸੂਝਵਾਨ ਇਨਕਲਾਬੀ ਸਾਥੀ ਤੋਂ ਸੱਖਣੀ ਹੋ ਗਈ।
23 ਮਾਰਚ 1931 ਨੂੰ ਭਗਤ ਸਿੰਘ ਦੀ ਉਮਰ 23 ਸਾਲ 6 ਮਹੀਨੇ 26 ਦਿਨ ਦੀ ਹੋ ਚੁਕੀ ਸੀ। ਸੁਖਦੇਵ ਉਸੇ ਸਾਲ, 1907 ਦੀ 15 ਮਈ ਨੂੰ ਪੈਦਾ ਹੋਏ ਸਨ। ਰਾਜਗੁਰੂ ਵੀ ਇਨ੍ਹਾਂ ਦਾ ਹਾਣੀ ਸੀ, ਜਿਸ ਦਾ ਨਾਂ ਸ਼ਿਵ ਰਾਮ ਸੀ। ਉਹ ਮਹਾਂਰਾਸ਼ਟਰ ਦਾ ਜੰਮਪਲ ਸੀ। ਇਨ੍ਹਾਂ ਤਿੰਨਾਂ ਸਾਥੀਆਂ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ। ਭਗਤ ਸਿੰਘ ਨੂੰ ਪਤਾ ਸੀ ਕਿ ਘੜੀ ਦੀਆਂ ਸੂਈਆਂ ਦਾ ਇਕ-ਇਕ ਪਲ ਉਨ੍ਹਾਂ ਦੀ ਮੌਤ ਵੱਲ ਵਧ ਰਿਹਾ ਹੈ। ਸਰਕਾਰ ਵਲੋਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਦਿੱਤੀ ਜਾਣ ਵਾਲੀ ਫਾਂਸੀ ਦਾ ਦਿਨ ਭਾਵੇਂ ਗੁਪਤ ਰਖਿਆ ਜਾ ਰਿਹਾ ਸੀ, ਫਿਰ ਵੀ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੂੰ ਕਿਵੇਂ ਨਾ ਕਿਵੇਂ ਫਾਂਸੀ ਦਿੱਤੇ ਜਾਣ ਦਾ ਪਤਾ ਲੱਗ ਚੁਕਾ ਸੀ। ਇਸੇ ਲਈ ਕਿਸ਼ਨ ਸਿੰਘ ਤੇ ਮਾਤਾ ਵਿਦਿਆਵਤੀ, ਬਾਬਾ ਅਰਜਨ ਸਿੰਘ, ਭੈਣ ਅਮਰ ਕੌਰ ਤੇ ਹੋਰ ਰਿਸ਼ਤੇਦਾਰ ਸਵੇਰ ਤੋਂ ਹੀ ਇਨ੍ਹਾਂ ਤਿੰਨਾਂ ਨਾਲ ਮੁਲਾਕਾਤ ਲਈ ਸਰਕਾਰੀ ਅਧਿਕਾਰੀਆਂ ਨਾਲ ਜੂਝ ਰਹੇ ਸਨ। ਲਾਹੌਰ ਸੈਂਟਰਲ ਜੇਲ੍ਹ ਦੇ ਬਾਹਰ ਸੜਕਾਂ ‘ਤੇ ਲੋਕਾਂ ਦੇ ਝੁੰਡ ਆਪ-ਮੁਹਾਰੇ ਸਰਕਾਰੀ ਫੈਸਲੇ ਅਨੁਸਾਰ 24 ਮਾਰਚ ਨੂੰ ਦਿੱਤੀ ਜਾਣ ਵਾਲੀ ਫਾਂਸੀ ਵਾਲੇ ਦਿਨ ਦੇ ਇੰਤਜ਼ਾਰ ਵਿਚ ਘੁੰਮ-ਫਿਰ ਰਹੇ ਸਨ ਤਾਂ ਜੋ ਆਜ਼ਾਦੀ ਤੋਂ ਆਪਾ ਵਾਰਨ ਵਾਲੇ ਇਨ੍ਹਾਂ ਇਨਕਲਾਬੀ ਯੋਧਿਆਂ ਦੀਆਂ ਲਾਸ਼ਾਂ ਦੇ ਆਖਰੀ ਦਰਸ਼ਨ ਕਰ ਸਕਣ।
ਭਗਤ ਸਿੰਘ ਦੇ ਵਕੀਲ ਲਿਖਦੇ ਹਨ ਕਿ ਭਗਤ ਸਿੰਘ ਨੇ ਆਪਣੇ ਖੈਰਖਵਾਹ ਜੇਲ੍ਹ ਵਾਰਡਨ ਰਾਹੀਂ ਮੈਨੂੰ ਸੁਨੇਹਾ ਭਿਜਵਾਇਆ ਕਿ ਲੈਨਿਨ, ਜਿਸ ਨੇ ਦੁਨੀਆਂ ਦੇ ਨਕਸ਼ੇ ‘ਤੇ ਪਹਿਲੀ ਵਾਰ ਰੂਸ ਵਿਚ ਸਮਾਜਵਾਦੀ ਹਕੂਮਤ ਦੀ ਨੀਂਹ ਰੱਖੀ ਹੈ, ਦੀ ਜੀਵਨੀ ਪੜ੍ਹਨ ਲਈ ਚਾਹੀਦੀ ਹੈ। ਇਹ ਉਸੇ ਸਾਲ ਮਾਰਚ ਮਹੀਨੇ ਦਾ ਕੋਈ ਦੂਜਾ ਹਫਤਾ ਸ਼ੁਰੂ ਹੋਣ ਵਾਲਾ ਸੀ। ਮੈਂ ਕਿਤਾਬ ਲੈ ਕੇ ਮਿਲਣ ਲਈ ਜੇਲ੍ਹ ਅੰਦਰ ਗਿਆ। ਸੁਪਰਡੈਂਟ ਨੇ ਮੇਰੇ ਵਲ ਦੇਖਿਆ ਅਤੇ ਕਿਹਾ, ਵਕੀਲ ਸਾਹਿਬ! ਫਾਂਸੀ ਤਾਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਲਗਣੀ ਹੈ, ਸਿਰ ਤੋਂ ਪੈਰਾਂ ਤਕ ਘਬਰਾਏ ਹੋਏ ਤੁਸੀਂ ਹੋ। ਜਦੋਂ ਮੈਂ ਭਗਤ ਸਿੰਘ ਵਾਲੀ ਕੋਠੜੀ ਵਿਚ ਗਿਆ ਤਾਂ ਉਹ ਖੁਸ਼ ਮਿਜ਼ਾਜ ਬੈਠੇ ਸਨ। ਮੈਨੂੰ ਦੇਖ ਕੇ ਉਠ ਖੜ੍ਹੇ ਹੋਏ। ਪਹਿਲਾਂ ਪੁਛਿਆ, ਲੈਨਿਨ ਦੀ ਜੀਵਨੀ ਲਿਆਂਦੀ ਹੈ? ਮੈਂ ਕਿਤਾਬ ਉਨ੍ਹਾਂ ਨੂੰ ਦੇ ਦਿੱਤੀ। ਉਹ ਬਹੁਤ ਖੁਸ਼ ਹੋਏ ਅਤੇ ਸ਼ੁਕਰੀਆ ਆਖਿਆ। ਵਾਪਸ ਮੁੜਨ ਲੱਗਿਆ ਤਾਂ ਮੈਂ ਪੁਛਿਆ, ਭਗਤ ਸਿੰਘ, ਦੇਸ਼ ਵਾਸੀਆਂ ਲਈ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ, ਤਾਂ ਕਹਿਣ ਲੱਗੇ, ਸਾਡੇ ਕੇਸ ਵਿਚ ਦਿਲਚਸਪੀ ਲੈਣ ਵਾਲੇ ਸਾਰਿਆਂ ਨੇਤਾਵਾਂ ਤੇ ਦੋਸਤਾਂ-ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ। ਜੋ ਦੋਸਤ ਫਰਾਰ ਹੋਏ, ਅੱਜ ਵੀ ਆਜ਼ਾਦੀ ਦੀ ਜੰਗ ਲੜ ਰਹੇ ਹਨ, ਉਨ੍ਹਾਂ ਸਾਥੀਆਂ ਲਈ ਸ਼ੁਭ ਕਾਮਨਾਵਾਂ। ਮੈਂ ਪੁੱਛਿਆ, ਕੁਝ ਹੋਰ? ਉਹ ਝੱਟ ਬੋਲੇ, ‘ਸਾਮਰਾਜ-ਮੁਰਦਾਬਾਦ ਤੇ ਇਨਕਲਾਬ ਜ਼ਿੰਦਾਬਾਦ।’
ਇਤਿਹਾਸ ਗਵਾਹ ਹੈ ਕਿ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਦੇਸ਼ ਦੇ ਅੰਦਰੋਂ ਵੀ ਅਤੇ ਬਾਹਰੋਂ ਵੀ ਲੜੀ ਗਈ। ਇਸ ਉਦੇਸ਼ ਦੀ ਪੂਰਤੀ ਲਈ ਕਲਮ, ਜ਼ਬਾਨ ਅਤੇ ਹਥਿਆਰ, ਜੋ ਸਾਧਨ ਵੀ ਵਰਤਣੇ ਪਏ, ਵਰਤੇ ਗਏ। ਕਿਰਤ ਕਮਾਈ ਵਾਰਨੀ ਪਈ। ਜੇਲ੍ਹਾਂ ਦਾ ਤਸ਼ੱਦਦ ਸਹਾਰਨਾ ਪਿਆ, ਉਹ ਵੀ ਖਿੜੇ ਮੱਥੇ ਸਹਾਰਿਆ। ਫਾਂਸੀ ਦੇ ਰੱਸੇ ਨੂੰ ਚੁੰਮ ਗਲ ਨਾਲ ਲਾਇਆ। ਗੱਲ ਕੀ, ਸ਼ਹਾਦਤਾਂ ਦੀ ਨਾ ਮੁੱਕਣ ਵਾਲੀ ਲੰਮੀ ਕਤਾਰ ਹੋਰ ਲੰਮੀ ਹੁੰਦੀ ਚਲੀ ਗਈ। ਕਿਹਾ ਜਾ ਸਕਦਾ ਹੈ ਕਿ ਤਨ, ਮਨ ਤੇ ਧਨ ਕੁਰਬਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ।