ਵਕਤ ਦੀ ਇਕ ਖੌਫਨਾਕ ਯਾਦ

ਪੰਜਾਬ ਦਾ ਕਾਲਾ ਦੌਰ ਲੰਘ ਗਿਆ ਹੈ, ਪਰ ਜਿਨ੍ਹਾਂ ਦੇਖਿਆ, ਉਨ੍ਹਾਂ ਦੇ ਲੂੰ ਅੱਜ ਵੀ ਖੜ੍ਹੇ ਹੋ ਜਾਂਦੇ ਹਨ। ਨੌਜਵਾਨਾਂ ਦੀ ਫੜ੍ਹੋਫੜ੍ਹੀ ਦੇ ਨਾਲ ਤਾਂ ਪੁਲਿਸ ਉਸ ਵਕਤ ਮਾਲਮਾਲ ਹੋ ਰਹੀ ਸੀ। ਇਸ ਲੇਖ ਵਿਚ ਨੌਜਵਾਨਾਂ ਦੇ ਉਸੇ ਡਰ ਦੀ ਇਕ ਝਲਕ ਹੈ, ਜੋ ਇਕ ਆਮ ਨੌਜਵਾਨ ਵੀ ਉਸ ਵਕਤ ਮਹਿਸੂਸ ਕਰਦਾ ਸੀ। ਇਹ ਡਰ ਭਾਵੇਂ ਉਸ ਵਕਤ ਦੇ ਖਾੜਕੂਆਂ ਦਾ ਸੀ ਜਾਂ ਬੇਅੰਤ ਸਿੰਘ ਸਰਕਾਰ ਦੀ ਪੁਲਿਸ ਦਾ। ਡਰ ਤਾਂ ਡਰ ਹੀ ਸੀ।

-ਸੰਪਾਦਕ

ਬਲਵਿੰਦਰ ਜੰਮੂ ਜ਼ੀਰਕਪੁਰ
ਫੋਨ: 91-97799-21999
1994 ਵਿਚ ਮੈਂ 29 ਸਾਲ ਦਾ ਭਰ ਜੁਆਨ ਸੀ। ਟ੍ਰਿਬਿਊਨ ਦਾ ਮੁਲਾਜ਼ਮ ਵੀ ਸੀ ਪਰ ਆਪਣੇ ਆਪ ਵਿਚ ਮੈਂ ਮੁਲਾਜ਼ਮਤ ਵਾਲੀ ਗੱਲ ਤੋਂ ਕੋਹਾਂ ਦੂਰ ਸੀ, ਬੱਸ ਉਹੀ ਪਿੰਡ ਵਾਲਾ ਗਰੂਰ ਸੀ। ਬੇਅੰਤ ਸਿੰਘ ਦੀ ਸਰਕਾਰ ਦੌਰਾਨ ਪੰਜਾਬ ਦੇ ਹਾਲਾਤ ਅਤਿਵਾਦ ਦੇ ਕਾਲੇ ਨਾਜ਼ੁਕ ਦੌਰ ਵਿਚੋਂ ਪੂਰੀ ਤਰ੍ਹਾਂ ਸੁਰਖਰੂ ਨਹੀਂ ਸਨ ਹੋਏ। ਬੇਅੰਤ ਸਿੰਘ ਸਰਕਾਰ ਦੇ ਦੋ ਸਾਲ ਵਿਚ ਹਾਲਾਤ ਨੂੰ ਕਾਬੂ ਕਰਨ ਦੇ ਯਤਨ ਜਾਰੀ ਸਨ ਤੇ ਪੰਜਾਬ ਪੁਲਿਸ ਸਭਿਆਚਾਰਕ ਪ੍ਰੋਗਰਾਮਾਂ ਰਾਹੀਂ ਆਮ ਲੋਕਾਂ ਨਾਲ ਤਾਲਮੇਲ ਬਿਠਾ ਰਹੀ ਸੀ। ਜ਼ੀਰਕਪੁਰ ਦਾ ਉਨ੍ਹਾਂ ਵੇਲਿਆਂ ਵਿਚ ਕੋਈ ਵਿਕਾਸ ਨਹੀਂ ਸੀ, ਪਰ ਜ਼ੀਰਕਪੁਰ ਪੁਲਿਸ ਇਕ ਸਰਗਰਮ ਪੁਲਿਸ ਵਿਚ ਸ਼ਾਮਲ ਸੀ। ਜ਼ੀਰਕਪੁਰ, ਡੇਰਾਬਸੀ ਤੇ ਲਾਲੜੂ ਪੁਲਿਸ ਉਸ ਵਕਤ ਰਾਜਪੁਰਾ ਡੀ. ਐਸ਼ ਪੀ. ਤਹਿਤ ਸੀ।
ਅਕਤੂਬਰ ਦੇ ਕੋਸੇ ਕੋਸੇ ਦਿਨ ਸਨ। ਮੈਂ ਟ੍ਰਿਬਿਊਨ ਦੀ ਡਿਊਟੀ ਕਰਕੇ ਆਪਣੇ ਟਰੈਕਟਰ ਉਤੇ ਪਿੰਡ ਲੋਹਗੜ੍ਹ ਵਿਖੇ ਸਬਜ਼ੀ ਬੀਜਣ ਲਈ ਜ਼ਮੀਨ ਤਿਆਰ ਕਰ ਰਿਹਾ ਸਾਂ। ਸ਼ਾਮ ਦੇ ਕਰੀਬ ਸਾਢੇ ਛੇ ਵਜੇ ਹੋਣਗੇ ਕਿ ਮਸ਼ੀਨ ਗੰਨ ਨਾਲ ਲੈਸ ਇਕ ਪੁਲਿਸ ਜਿਪਸੀ ਆ ਰੁਕੀ ਤੇ ਮੈਨੂੰ ਹਾਕ ਮਾਰੀ। ਆਇਸ਼ਰ ਟਰੈਕਟਰ ਦੀ ਫਟਫਟ ਵਿਚ ਮੈਨੂੰ ਸਿਰਫ ਉਨ੍ਹਾਂ ਦੇ ਹੱਥ ਦਾ ਇਸ਼ਾਰਾ ਹੀ ਦਿਸਿਆ। ਪੁਲਿਸ ਦੀ ਜਿਪਸੀ ਵੇਖ ਮੈਂ ਥਰਥਰਾ ਗਿਆ ਤੇ ਪੰਜਾਬ ਦੇ ਹਾਲਾਤ ਦੇ ਮਦੇਨਜ਼ਰ ਕਈ ਤਰ੍ਹਾਂ ਦੇ ਡਰਾਉਣੇ ਖਿਆਲ ਪਾਰ ਕਰਦਿਆਂ ਟਰੈਕਟਰ ਰੋਕ ਪੁਲਿਸ ਕੋਲ ਆ ਗਿਆ।
Ḕਸਰ, ਤੁਹਾਨੂੰ ਡੀ. ਐਸ਼ ਪੀ. ਸਾਹਿਬ ਨੇ ਬੁਲਾਇਆ’, ਐਸ਼ ਐਲ਼ ਆਰ. ਨਾਲ ਲੈਸ ਇਕ ਪੁਲਿਸ ਮੁਲਾਜ਼ਮ ਦੇ ਮੂੰਹੋਂ ਸੁਣ ਕੇ ਮੈਂ ਸੁੰਨ ਜਿਹਾ ਹੋ ਗਿਆ, ਪਰ ਪੁਲਿਸ ਦੇ ਚੰਗੇ ਵਿਹਾਰ ਤੋਂ ਕੁਝ ਚੰਗਾ ਵੀ ਲੱਗਾ। ਮਨ ਵਿਚ ਕਈ ਤਰ੍ਹਾਂ ਦੀਆਂ ਸੋਚਾਂ ਪਾਰ ਹੋਣ ਲੱਗ ਪਈਆਂ। ਮੈਂ ਪੁੱਛਿਆ, “ਕਦੋਂ ਬੁਲਾਇਆ ਹੈ?” ਕਹਿੰਦੇ, “ਹੁਣੇ।”
Ḕਹੁਣੇ’ ਸੁਣ ਕੇ ਲੱਗਾ ਮਾਰੇ ਗਏ ਅੱਜ, ਜਿਵੇਂ ਮੈਂ ਕੋਈ ਅਤਿਵਾਦੀ ਹਾਂ ਤੇ ਪੁਲਿਸ ਨੂੰ ਮੇਰੀ ਹੁਣੇ ਲੋੜ ਹੈ। ਮੇਰਾ ਤਾਂ ਸੰਘ ਖੁਸ਼ਕ ਹੋ ਰਿਹਾ ਸੀ। ਮੈਂ ਕਿਹਾ, “ਹੁਣੇ ਨਹੀਂ, ਘੰਟਾ ਲੱਗ ਜੂ।”
ਉਹ ਕਹਿੰਦੇ, “ਠੀਕ ਐ, ਕੋਈ ਗੱਲ ਨਹੀਂ, ਤੁਸੀਂ ਘੰਟੇ ਤਕ ਆ ਜਾਣਾ।” ਪੁਲਿਸ ਦੀ ਜਿਪਸੀ ਚਲੀ ਗਈ ਤੇ ਮੇਰੀਆਂ ਲੱਤਾਂ ਵਿਚ ਪੁਲਿਸ ਦੇ ਖੌਫ ਦੀਆਂ ਕੰਬਣੀਆਂ ਰੁਕ ਨਹੀਂ ਸਨ ਰਹੀਆਂ।
ਹਾਲੇ ਕੁਝ ਦਿਨ ਪਹਿਲਾਂ ਹੀ ਤਾਂ ਰਾਤ ਨੂੰ ਆਪਣੇ ਸਕੂਟਰ ‘ਤੇ ਪਟਿਆਲਾ ਤੋਂ ਚੰਡੀਗੜ੍ਹ ਆਉਂਦਿਆਂ ਰਾਜਪੁਰਾ ਦੇ ਨਾਕੇ ‘ਤੇ ਸੰਗੀਨਾਂ ਨਾਲ ਲੈਸ ਸੀ. ਆਰ. ਪੀ. ਨੇ ਰੋਕ ਕੇ ਮੇਰੇ ਹੱਥ ਖੜ੍ਹੇ ਕਰਵਾ ਕੇ ਤਲਾਸ਼ੀ ਲਈ ਸੀ ਤੇ ਦੀਵਾਲੀ ਵਾਲੀ ਰਾਤ ਤਲਾਸ਼ੀ ਲੈਂਦਿਆਂ ਇਕ ਜਵਾਨ ਨੇ ਦੂਜੇ ਨੂੰ ਪੁੱਛਿਆ ਸੀ, “ਸਰ ਕਿਆ ਦੀਵਾਲੀ ਮਨਾ ਲੇਂ?” ਇਹ ਬਹੁਤ ਭਿਆਨਕ ਤੇ ਖੌਫਨਾਕ ਯਾਦ ਅੱਜ ਫਿਰ ਤਾਜ਼ਾ ਹੋ ਰਹੀ ਸੀ।
ਬੇਮਨੇ ਨਾਲ ਮੂੰਹ ਹੱਥ ਧੋ ਕੇ ਮੈਂ ਜ਼ੀਰਕਪੁਰ ਪੁਲਿਸ ਚੌਕੀ ਪੁੱਜ ਗਿਆ। ਅਸਲੇ ਨਾਲ ਲੈਸ ਕਾਫੀ ਪੁਲਿਸ ਜ਼ੀਰਕਪੁਰ ਥਾਣੇ ਅੱਗੇ ਗਸ਼ਤ ਕਰ ਰਹੀ ਸੀ। ਪਤਾ ਨਹੀਂ ਕੀ ਹੋਣਾ ਤੇ ਕੀ ਨਹੀਂ? ਮਨ ਵਿਚ ਇਕ ਅਜੀਬ ਤੇ ਭਿਆਨਕ ਕਸ਼ਮਕਸ਼ ਸੀ। ਪੁਲਿਸ ਨੇ ਮੈਨੂੰ ਅੰਦਰ ਆ ਜਾਣ ਲਈ ਕਿਹਾ, ਜਿਵੇਂ ਉਹ ਮੈਨੂੰ ਪਹਿਲਾਂ ਹੀ ਉਡੀਕ ਰਹੇ ਸਨ। ਮੈਨੂੰ ਕੁਰਸੀ ਦਿੱਤੀ ਤੇ ਕੋਕਾ ਕੋਲਾ ਪੇਸ਼ ਕੀਤਾ। ਕੰਬਦੇ ਹੱਥ ਵਿਚ ਕਾਲੇ ਕੋਕੇ ਦਾ ਗਿਲਾਸ ਵੀ ਕੰਬ ਰਿਹਾ ਸੀ। ਸਾਹਮਣੇ ਬੈਠਾ ਅਫਸਰ ਮੇਰੇ ਕੰਬਦੇ ਹੱਥ ਵੇਖ ਸਭ ਜਾਣ ਸਮਝ ਗਿਆ। ਕਿੰਨੀ ਦੇਰ ਤਕ ਖਾਮੋਸ਼ੀ ਬਣੀ ਰਹੀ ਤੇ ਫੇਰ ਪੁਲਿਸ ਵਾਲੇ ਆਪਸ ਵਿਚ ਕੋਈ ਗੱਲਬਾਤ ਵਿਚ ਲੱਗੇ ਰਹੇ, ਜੋ ਮੇਰੇ ਤਾਂ ਪੱਲੇ ਨਾ ਪਈ।
ਸਾਹਮਣੇ ਬੈਠਾ ਭਰ ਜੁਆਨ ਅਫਸਰ ਮੈਨੂੰ ਬਹੁਤ ਸ਼ਾਹੀ ਠਾਠ ਵਾਲਾ ਲੱਗਾ। ਬਿਨਾ ਲਾਲ ਫੀਤੀ ਮੋਢੇ ਉਤੇ ਲੱਗੇ ਤਿੰਨ ਸਟਾਰ ਵੇਖ ਮੈਂ ਸਮਝ ਗਿਆ ਇਹੀ ਡੀ. ਐਸ਼ ਪੀ. ਹੈ। ਜਦੋਂ ਸਭ ਕੁਝ ਨਾਰਮਲ ਹੋ ਗਿਆ ਤਾਂ ਉਸ ਅਫਸਰ ਨੇ ਮੈਨੂੰ ਕਿਹਾ, “ਇਕ ਕੰਮ ਕਰੋਗੇ?”
ਪੁਲਿਸ ਦੀ ਇੰਨੀ ਹਲੀਮੀ ਤੇ ਸਤਿਕਾਰ ਮੇਰੀ ਸਮਝ ਤੋਂ ਪਾਰ ਦਾ ਸੀ। ਮੈਂ ਕੀ ਕੰਮ ਕਰ ਸਕਦਾਂ, ਤੇ ਉਹ ਵੀ ਪੁਲਿਸ ਲਈ? ਅਜੀਬ ਗੱਲ ਸੀ। ਪਤਾ ਨਹੀਂ ਕੀ ਹਿਊਮਨ ਬੰਬ ਬਣਾਉਣਾ, ਜੋ ਇੰਨੇ ਪਿਆਰ ਨਾਲ ਬੋਲ ਰਹੇ ਨੇ, ਮੈਂ ਹੋਰ ਵੀ ਭੈਅਭੀਤ ਹੋ ਗਿਆ ਕਿ ਅੱਜ ਪੁਲਿਸ ਕੁਝ ਜ਼ਰੂਰ ਕਰੂ ਮੇਰਾ। ਹਾਲਾਤ ਇਹ ਸੀ ਕਿ ਜਵਾਨ ਤੇ ਗੱਭਰੂ ਮੁੰਡੇ ਪੁਲਿਸ ਲਈ ਗੋਸ਼ਤ ਸਮਝੇ ਜਾਂਦੇ ਸਨ। ਮੈਂ ਚੁੱਪ ਸੀ। ਅਫਸਰ ਨੇ ਫੇਰ ਕਿਹਾ, “ਦਸੋ, ਕੰਮ ਕਰੋਗੇ?” ਮੇਰੇ ਤਾਂ ਇਹ ਸੋਚ ਸੋਚ ਬੁੱਲ ਸੁੱਕ ਗਏ, ਕੀ ਕੰਮ ਕਰਨਾ ਮੈਂ?
ਕੁਝ ਦੇਰ ਫਿਰ ਸੰਨਾਟਾ ਛਾਇਆ ਰਿਹਾ, ਉਹੀ ਸੰਨਾਟਾ ਜੋ ਪੰਜਾਬ ਵਿਚ ਪੈਰ ਪੈਰ ‘ਤੇ ਪਸਰਿਆ ਪਿਆ ਸੀ ਤੇ ਸੰਨਾਟੇ ਵਿਚ ਚਿੜੀਆਂ ਨਹੀਂ ਸੀ ਕੂਕਦੀਆਂ ਸਿਰਫ ਤੇ ਸਿਰਫ ਸੰਗੀਨਾਂ ਦੀ ਆਵਾਜ਼ ਵਿਚ ਫਿਜ਼ਾ ਹਰ ਪਾਸੇ ਲਹੂ ਲੂਹਾਨ ਹੁੰਦੀ ਸੀ। ਹਨੇਰਾ ਹੋ ਰਿਹਾ ਸੀ। ਸਾਹਮਣੇ ਬੈਠੇ ਉਸ ਅਫਸਰ ਨੇ ਫਿਰ ਚਿਤਾਰਿਆ, “ਕੰਮ ਕਰੋਗੇ?”
ਇਕ ਪਾਸੇ ਪੁਲਿਸ ਅਫਸਰ ਦੀ ਹਲੀਮੀ ਤੇ ਦੂਜੇ ਪਾਸੇ ਸੂਬੇ ਦਾ ਮਾਹੌਲ-ਮੈਂ ਵਿਚ ਵਿਚਾਲੇ ਕੁਝ ਵੀ ਸਮਝ ਨਹੀਂ ਰਿਹਾ ਸੀ। ਅਫਸਰ ਦੇ ਫੇਰ ਪੁੱਛਣ ‘ਤੇ ਮੇਰੇ ਮੂੰਹੋਂ ਨਿਕਲਿਆ, “ਕਰਨ ਵਾਲਾ ਹੋਇਆ ਤਾਂ ਜਰੂਰ ਕਰਾਂਗਾ।” ਪਰ ਅਫਸਰ ਮੇਰੇ ਤੋਂ ਵਾਅਦਾ ਲੈਣਾ ਚਾਹੁੰਦਾ ਸੀ ਤੇ ਅਖੀਰ ਉਸ ਮੇਰੇ ਤੋਂ ਕਹਾ ਲਿਆ, Ḕਕਰਾਂਗਾ।’
“ਚਲੋ ਜਿਪਸੀ ਵਿਚ ਬੈਠੋ।” ਅਫਸਰ ਨੇ ਜਿਪਸੀ ਵੱਲ ਇਸ਼ਾਰਾ ਕੀਤਾ।
ਹੁਣ ਤਾਂ ਮੈਨੂੰ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ ਲੱਗ ਰਹੀ ਕਿ ਪੁਲਿਸ ਮੇਰਾ ਤਮਗਾ ਵੱਟਣਾ ਚਾਹੁੰਦੀ ਹੈ। ਜਿਪਸੀ ਵਿਚ ਬੈਠਣ ਤੋਂ ਪਹਿਲਾਂ ਮੈਂ ਹੌਂਸਲਾ ਕਰ ਕੇ ਪੁੱਛ ਹੀ ਲਿਆ, “ਸਰ, ਕੰਮ ਤਾਂ ਦਸ ਦਿਓ।”
ਅਫਸਰ ਨੇ ਮੇਰੇ ਅੱਗੇ ਇਕ ਪ੍ਰੈਸ ਨੋਟ ਰੱਖਦਿਆਂ ਕਿਹਾ, “ਇਹ ਖਬਰ ਟ੍ਰਿਬਿਊਨ ਵਿਚ ਲਵਾਉਣੀ ਹੈ।” ਇਸ ਕੰਮ ਲਈ ਉਨ੍ਹਾਂ ਮੈਨੂੰ ਕਿਉਂ ਅਪਰੋਚ ਕੀਤਾ, ਇਹ ਨਹੀਂ ਪਤਾ, ਪਰ ਮੇਰੇ ਲਈ ਇਹ ਵਕਤ ਅਜੀਬ ਸੀ। ਮੈਂ ਪ੍ਰੈਸ ਨੋਟ ਚੁੱਪ ਕਰ ਕੇ ਫੜ ਲਿਆ। ਮੇਰੀ ਜਿਵੇਂ ਜਾਨ ‘ਚ ਜਾਨ ਆਈ ਹੋਵੇ।