ਡਾ. ਬਲਕਾਰ ਸਿੰਘ ਪਟਿਆਲਾ
ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ।
ਜਿਨ੍ਹਾਂ ਨੇ ਵਰਲਡ ਪੰਜਾਬੀ ਸੈਂਟਰ (ਵਪਸ) ਨੂੰ ਚਿਤਵਿਆ ਸੀ, ਉਨ੍ਹਾਂ ਨੇ ਇਸ ਨੂੰ ਗਲੋਬਲ ਹੋ ਗਏ ਪੰਜਾਬੀਆਂ ਵਾਸਤੇ ḔਨੋਡਲḔ ਏਜੰਸੀ ਵਜੋਂ ਹੀ ਚਿਤਵਿਆ, ਇਸ ਲਈ ਕਹਿਣਾ ਚਾਹੁੰਦਾ ਹਾਂ ਕਿਉਂਕਿ ਇਹ ਆਪਣੇ ਸੁਭਾ ਅਤੇ ਪ੍ਰਗਟਾਵੇ ਵਿਚ ਦੁਨੀਆਂ ਭਰ ਦੇ ਪੰਜਾਬੀਆਂ ਦਾ ਸਾਂਝਾ ਪਲੈਟਫਾਰਮ ਹੈ। ਇਹ ਵੱਖਰੀ ਗੱਲ ਹੈ ਕਿ ਇਸ ਪਾਸੇ ḔਵਪਸḔ ਬਹੁਤ ਸਾਰੇ ਕਾਰਨਾਂ ਕਰਕੇ ਤੁਰ ਨਹੀਂ ਸਕਿਆ। ਕਿਸੇ ਵੀ ਦਿਸ਼ਾ ਵਿਚ ਤੁਰਨ ਵਾਸਤੇ ਪਹਿਲਾ ਕਦਮ ਤਾਂ ਪੁੱਟਣਾ ਹੀ ਪੈਣਾ ਹੈ। ਇਸ ਦੀ ਲੋੜ ਵੱਖ ਵੱਖ ਨਾਂਵਾਂ ਹੇਠ ਹੋ ਰਹੀਆਂ ਪੰਜਾਬੀ ਕਾਨਫਰੰਸਾਂ ਨਾਲ ਸਾਹਮਣੇ ਆ ਗਈ ਹੈ। ਪੰਜਾਬੀਆਂ ਦੀਆਂ ਅਕਾਂਖਿਆਵਾਂ ਅਤੇ ਦੁਸ਼ਵਾਰੀਆਂ ਨਾਲ ਜੁੜਿਆ ਕੋਈ ਵੀ ਯਤਨ ਅਸਲੋਂ ਚੰਗਾ ਜਾਂ ਅਸਲੋਂ ਬੁਰਾ ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ, ਕਿਉਂਕਿ ਇਹੀ ਤਾਂ ਸਮੱਸਿਆ ਹੈ ਅਤੇ ਇਸੇ ਦਾ ਹੱਲ ਲੱਭਣ ਦੀ ਲੋੜ ਹੈ।
ਕੁਝ ਚਿਰ ਪਹਿਲਾਂ ਇਸ ਮੁੱਦੇ ‘ਤੇ ḔਵਸਪḔ ਵਿਖੇ ਚਰਚਾ ਕਰਵਾਈ ਗਈ ਸੀ ਕਿ ਪੰਜਾਬੀਆਂ ਦੀਆਂ ਸਮੱਸਿਆਵਾਂ ਦੀ ਜੜ੍ਹ ਵਿਚ ਮੁੱਦਾਹੀਣਤਾ (Aਗeਨਦਅਲeਸਸਨeਸਸ) ਪਈ ਹੈ। ਪਾਰਦਰਸ਼ੀ ਮੁੱਦਾ ਹੀ ਬੰਦਿਆਂ ਵੱਲੋਂ ਕੀਤੀਆਂ ਨੂੰ ਬੰਦੇ ਜੇਡਾ ਰਹਿ ਜਾਣ ਤੋਂ ਬਚਾ ਸਕਦਾ ਹੈ ਅਤੇ ਇਹ ਵਰਤਮਾਨ ਦੀ ਵੱਡੀ ਲੋੜ ਹੋ ਗਿਆ ਹੈ। ਇਸ ਦ੍ਰਿਸ਼ਟੀ ਤੋਂ ਹੋ ਰਹੀਆਂ ਪੰਜਾਬੀ ਕਾਨਫਰੰਸਾਂ ਬਾਰੇ ਨਿੱਠ ਕੇ ਵਿਚਾਰ ਕੀਤੇ ਜਾਣ ਦੀ ਲੋੜ ਹੈ।
ਪਰਵਾਸ ਨਾਲ ਪੈਦਾ ਹੋਈਆਂ ਦੁਸ਼ਵਾਰੀਆਂ ਨੂੰ ਹੋਣੀ ਵਾਂਗ ਭੋਗਦੇ ਪੰਜਾਬੀਆਂ ਵੱਲੋਂ ਸਾਂਝੀ ਰਾਏ ਬਣਾਉਣ ਦੀ ਥਾਂ ਵਿਅਕਤੀਗਤ ਯਤਨਾਂ ਨਾਲ ਸੰਤੁਸ਼ਟ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਮੱਸਿਆਵਾਂ ਕਿਉਂਕਿ ਬਹੁ-ਪਰਤੀ ਹਨ ਅਤੇ ਹੁੰਦੇ ਰਹੇ ਤੇ ਹੋ ਰਹੇ ਯਤਨ ਅਕਸਰ ਇਕ-ਪਰਤੀ ਨਜ਼ਰ ਆਉਂਦੇ ਹਨ। ਇਸ ਨਾਲ ਮਾਅਰਕੇਬਾਜ਼ੀ, ਚੌਧਰ-ਅਵਸਰ ਅਤੇ ਵਕਤੀ ਸੰਤੁਸ਼ਟੀ ਤਾਂ ਪੈਦਾ ਹੁੰਦੀ ਰਹੀ ਹੈ, ਪਰ ਲਾਮਬੰਦੀ ਤੇ ਲਹਿਰ ਵੱਲ ਸੇਧਤ ਕੋਸ਼ਿਸ਼ਾਂ ਸਾਹਮਣੇ ਨਹੀਂ ਆਈਆਂ। ਕਾਰਨ ਬਹੁਤ ਸਾਰੇ ਹੋ ਸਕਦੇ ਹਨ, ਪਰ ਵੱਡਾ ਕਾਰਨ ਇਹੀ ਲੱਗਦਾ ਹੈ ਕਿ ਸਿਰ ਪਈਆਂ ਨਜਿੱਠਣ ਦੇ ਪੰਜਾਬੀ ਸੁਭਾ ਨੇ ਅਗਾਊਂ ਪ੍ਰੋਗਰਾਮਿੰਗ ਤੇ ਪਲੈਨਿੰਗ ਵਾਲੇ ਪਾਸੇ ਤੁਰਨ ਹੀ ਨਹੀਂ ਦਿੱਤਾ। ਪਰਵਾਸ ਨਾਲ ਬਹੁ-ਸਭਿਆਚਾਰ ਪ੍ਰਸੰਗ ਵਿਚ ਪੈਦਾ ਹੋ ਗਏ ਵਰਤਾਰਿਆਂ ਵਿਚ ਪੰਜਾਬੀਆਂ ਨੇ ਜਿੰਨਾ ਮਿਹਨਤ ਨਾਲ ਕਮਾਇਆ ਹੈ, ਓਨਾਂ ਅਕਲ ਨਾਲ ਸ਼ਾਇਦ ਨਹੀਂ ਕਮਾਇਆ।
ਪੰਜਾਬੀ, ਦੁਨੀਆਂ ਵਿਚ ਜਿੱਥੇ ਵੀ ਗਏ ਹਨ, ਪੰਜਾਬੀ ਸੁਭਾ ਨੂੰ ਤਾਂ ਨਾਲ ਲੈ ਕੇ ਗਏ ਹਨ, ਪਰ ਪੰਜਾਬੀ ਸੁਜੱਗਤਾ ਨਾਲ ਨਿਭਣ ਦੀ ਦ੍ਰਿੜ੍ਹਤਾ ਨਾਲ ਕਿਹੜੇ ਕਾਰਨਾਂ ਕਰਕੇ ਨਹੀਂ ਨਿਭ ਸਕੇ, ਇਸ ਨੂੰ ਪੰਜਾਬੀ ਕਾਨਫਰੰਸਾਂ ਦਾ ਮੁੱਦਾ ਬਣਾਏ ਜਾਣ ਦੀ ਲੋੜ ਹੈ। ਇਸੇ ਕਰਕੇ ਪੰਜਾਬੀ ਪਰਵਾਸੀਆਂ ਦੀ ਪਹਿਲੀ ਪੀੜ੍ਹੀ ਦਾ ਮੰਤਰ ਜੇ ਮਿਹਨਤ ਸੀ ਤਾਂ ਦੂਜੀ ਜਾਂ ਵਰਤਮਾਨ ਪੀੜ੍ਹੀ ਦਾ ਮੰਤਰ ਮਿਹਨਤ ਦੇ ਨਾਲ ਨਾਲ ਚੇਤਨਾ ਵੀ ਹੋ ਗਿਆ ਹੈ। ਦੂਜੀ ਪੀੜ੍ਹੀ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ਵਿਚੋਂ ਅਜਿਹੇ ਵਰਤਾਰੇ ਪੈਦਾ ਹੋਏ ਹਨ, ਜਿਨ੍ਹਾਂ ਵਿਚੋਂ ਇਕ ਪੰਜਾਬੀ ਕਾਨਫਰੰਸਾਂ ਹਨ। ਦੂਜੀ ਪੀੜ੍ਹੀ ਨੇ ਸਿਆਸਤ ਵਿਚ ਮੱਲਾਂ ਮਾਰੀਆਂ ਤਾਂ ਪਹਿਲੀ ਪੀੜ੍ਹੀ ਨੇ ਭਾਸ਼ਾ ਦੀ ਸਿਆਸਤ, ਵਿਰਸੇ ਦੀ ਸਿਆਸਤ ਅਤੇ ਚੌਧਰ ਦੀ ਸਿਆਸਤ ਵੱਲ ਮੋੜਾ ਕੱਟ ਲਿਆ। ਧੀਆਂ-ਪੁੱਤਰਾਂ ਦੇ ਮਗਰ ਲੱਗ ਕੇ ਗਏ ਪੰਜਾਬੀਆਂ ਦੀਆਂ ਪੀੜ੍ਹੀਆਂ ਵਿਚੋਂ ਬਹੁਤੇ ਪੜ੍ਹੇ-ਲਿਖੇ ਹਨ। ਇਹ ਸੋਚ ਵਿਚ ਅਗਾਂਹਵਧੂ ਹੋਣ ਦੇ ਬਾਵਜੂਦ ਸੁਭਾ ਵਿਚ ਚਾਹੁਣ ਦੇ ਬਾਵਜੂਦ ਵੀ ਬਹੁਤੇ ਨਹੀਂ ਬਦਲੇ। ਛੇਤੀ ਅਮੀਰ ਹੋਣ ਦੇ ਲਾਲਚ ਨੇ ਬਹੁਤਿਆਂ ਨੂੰ ਬੌਂਦਲਾਇਆ ਹੋਇਆ ਹੈ। ਅਜਿਹੀ ਹਫੜਾਦਫੜੀ ਤੋਂ ਪੰਜਾਬੀ ਕਾਨਫਰੰਸਾਂ ਵੀ ਬਚੀਆਂ ਹੋਈਆਂ ਨਹੀਂ ਹਨ ਅਤੇ ਇਸ ਦਾ ਪ੍ਰਗਟਾਵਾ ਕਿਸੇ ਨਾ ਕਿਸੇ ਰੂਪ ਵਿਚ ਪ੍ਰਗਟ ਵੀ ਹੋਣ ਲੱਗ ਪਿਆ ਹੈ ਅਤੇ ਪੰਜਾਬੀ ਕਾਨਫਰੰਸਾਂ ਪੁਰਾਣੀਆਂ ਸਾਹਿਤ ਸਭਾਵਾਂ ਵਰਗੀਆਂ ਹੀ ਲੱਗਣ ਲੱਗ ਪਈਆਂ ਹਨ।
ਇਹ ਸਭ ਨੂੰ ਪਤਾ ਲੱਗ ਗਿਆ ਹੈ ਕਿ ਹੋ ਰਹੀਆਂ ਪੰਜਾਬੀ ਕਾਨਫਰੰਸਾਂ ਜਿੰਨੀਆਂ ਆਪਣੇ ਪ੍ਰਬੰਧਕੀ ਫੱਟਿਆਂ ਕਰਕੇ ਦਿੱਸਣ ਲੱਗ ਪਈਆਂ ਹਨ, ਓਨੀਆਂ ਆਪਣੀਆਂ ਪ੍ਰਾਪਤੀਆਂ ਕਰਕੇ ਨਜ਼ਰ ਨਹੀਂ ਆਉਂਦੀਆਂ। ਕਾਨਫਰੰਸਾਂ ਵਿਚ ਸ਼ਾਮਲ ਸੰਬੋਧਕਾਂ ਅਤੇ ਸੰਬੋਧਤਾਂ ਨੂੰ ਧਿਆਨ ਵਿਚ ਰੱਖ ਲਈਏ ਤਾਂ ਕਾਨਫਰੰਸਾਂ ਆਪੇ ਕਹਿਣ ਤੇ ਆਪੇ ਸੁਣਨ ਵਰਗੀਆਂ ਪਰਸਪਰ ਮਹਿਮਾ ਸਭਾਵਾਂ ਲੱਗਣ ਲੱਗ ਪਈਆਂ ਹਨ। ਇਸ ਹਾਲਤ ਵਿਚ ਇਹ ਸੋਚੇ ਜਾਣ ਦੀ ਲੋੜ ਹੈ ਕਿ ਹੋ ਰਹੇ ਦੁਹਰਾਉ ਤੋਂ ਬਚਣ ਲਈ ਸਭ ਨੂੰ ḔਨੋਡਲḔ ਏਜੰਸੀ ਨਾਲ ਕਿਵੇਂ ਜੋੜਿਆ ਜਾਵੇ? ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ḔਵਪਸḔ ਦੇ ਘਾੜਿਆਂ (ਪੂਰਬੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੱਛਮੀ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪ੍ਰਵੇਜ਼ ਇਲਾਹੀ, 2004) ਨੇ ਦੋਹਾਂ ਦੇਸ਼ਾਂ ਦੇ ਪੰਜਾਬੀਆਂ ਵਾਸਤੇ ਚਿਤਵਿਆ ਸੀ। ਇਸ ਪਲੈਟਫਾਰਮ ਨੂੰ ਗਲੋਬਲ ਪੰਜਾਬ ਦੇ ਪੰਜਾਬੀਆਂ ਵਾਸਤੇ ਵਰਤੇ ਜਾਣ ਵਾਲੀ ḔਨੋਡਲḔ ਏਜੰਸੀ ਹੋ ਸਕਣ ਦੀਆਂ ਸੰਭਾਵਨਾਵਾਂ ਬਾਰੇ ਸੋਚਣਾ ਚਾਹੀਦਾ ਹੈ। ਇਸ ਦਾ ਇਕ ਮਾਡਲ ਡਾ. ਜਸਪਾਲ ਸਿੰਘ ਦੀ ਅਗਵਾਈ ਵਿਚ ਭਾਰਤੀ ਪੰਜਾਬੀ ਕਾਨਫਰੰਸਾਂ ਦੇ ਰੂਪ ਵਿਚ ਸਾਹਮਣੇ ਆ ਚੁਕਾ ਹੈ। ਇਸ ਦੀ ਸ਼ੁਰੂਆਤ ਬੇਸ਼ੱਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ ਗਈ ਸੀ, ਪਰ ਇਸੇ ਨੂੰ ਭਾਰਤ ਵਿਚਲੇ ਵੱਖ ਵੱਖ ਸੂਬਿਆਂ ਦੇ ਪੰਜਾਬੀਆਂ ਨੇ ਰੀਝ ਨਾਲ ਅਪਨਾ ਲਿਆ ਸੀ। ਇਸ ਨਾਲ ਪੰਜਾਬੀਆਂ ਦੀਆਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਵੀ ਹੋਣ ਲੱਗ ਸਕਦੀ ਹੈ ਅਤੇ ਸਮੱਸਿਆਵਾਂ ਦੇ ਹੱਲ ਵਾਸਤੇ ਸਾਂਝੀ ਸਮਝ ਵੀ ਬਣਾਈ ਜਾ ਸਕਦੀ ਹੈ। ਇਸੇ ਬਾਰੇ ਜਦੋਂ ਰਲ ਕੇ ਸੋਚਾਂਗੇ ਤਾਂ ਹੋਰ ਵੀ ਪਹਿਲੂ ਸਾਹਮਣੇ ਆ ਜਾਣਗੇ। ਬਤੌਰ ḔਵਪਸḔ ਡਾਇਰੈਕਟਰ ਕਹਿਣਾ ਚਾਹੁੰਦਾ ਹਾਂ ਕਿ ਜਿੰਮੇਵਾਰੀਆਂ ਨੂੰ ਅਹੁਦੇਦਾਰੀਆਂ ਦੇ ਦਖਲ ਤੋਂ ਮੁਕਤ ਕਰਕੇ ਹੀ ਠੀਕ ਸੇਧ ਵੱਲ ਵਧਿਆ ਜਾ ਸਕਦਾ ਹੈ। ਇਸ ਵੱਲ ਪਹਿਲ ਦੇ ਆਧਾਰ ‘ਤੇ ਧਿਆਨ ਨਹੀਂ ਦੇਵਾਂਗੇ ਤਾਂ ਵਿਸ਼ਵ ਸਰੋਕਾਰਾਂ ਨੂੰ ਸਥਾਨਕ ਤੱਦੀਆਂ ਤੋਂ ਕੁਰਬਾਨ ਕਰ ਰਹੇ ਹੋਵਾਂਗੇ।