ਅਵਤਾਰ ਸਿੰਘ
ਫੋਨ: 91-94175-18384
ਤਰੱਕੀ ਅਜਿਹਾ ਸ਼ਬਦ ਹੈ, ਜੋ ਕਿਸੇ ਅਹੁਦੇ ‘ਤੇ ਕੰਮ ਕਰਨ ਵਾਲੇ ਬੰਦੇ ਦੀ ਤਨਖਾਹ, ਸਕੇਲ ਜਾਂ ਗਰੇਡ ਨਾਲ ਜੁੜਿਆ ਹੋਇਆ ਹੈ; ਜਾਂ ਫਿਰ ਅਹੁਦੇ ਦੀ ਸਥਿਤੀ ਨਾਲ। ਦੁਨੀਆਂ ਵਿਚ ਇੱਕ ਹੀ ਅਹੁਦਾ ਅਜਿਹਾ ਹੈ, ਜਿਸ ਦੀ ਤਰੱਕੀ ਦਾ ਸਬੰਧ ਨਾ ਹੀ ਅਹੁਦੇ ਦੀ ਸਥਿਤੀ ਨਾਲ ਹੈ ਤੇ ਨਾ ਹੀ ਤਨਖਾਹ, ਸਕੇਲ ਜਾਂ ਗਰੇਡ ਨਾਲ। ਉਹ ਹੈ ਅਧਿਆਪਕ, ਜਿਸ ਦੀ ਤਨਖਾਹ ਵਧਣ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਕਿਸੇ ਨੂੰ ਤਨਖਾਹ ਨਾਲ ਕੋਈ ਫਰਕ ਪੈਂਦਾ ਹੈ ਤਾਂ ਉਹ ਹੋਰ ਜੋ ਮਰਜ਼ੀ ਹੋਵੇ, ਅਧਿਆਪਕ ਨਹੀਂ।
ਅਧਿਆਪਕ ਹੋਣਾ ਅਹੁਦਾ ਨਹੀਂ ਹੈ। ਅਧਿਆਪਕ ਦੇ ਬੈਠਣ ਲਈ ਕੁਰਸੀ ਨਿਰਧਾਰਤ ਨਹੀਂ ਹੁੰਦੀ; ਉਸ ਦਾ ਕੋਈ ਦਫਤਰ ਵੀ ਨਹੀਂ ਹੁੰਦਾ; ਕੋਈ ਰਜਿਸਟਰ ਵੀ ਨਹੀਂ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਫਾਰਸੀ ਦੇ ਸ਼ਬਦ ‘ਦਫਤਰ’ ਦਾ ਅਸਲ ਅਰਥ ‘ਰਜਿਸਟਰ’ ਹੈ। ਜਿੱਥੇ ਰਜਿਸਟਰ ਪਿਆ ਹੋਵੇ, ਉਸ ਕਮਰੇ ਜਾਂ ਇਮਾਰਤ ਨੂੰ ਵੀ ਦਫਤਰ ਕਹਿ ਦਿੰਦੇ ਹਨ।
ਅਧਿਆਪਕ ਨੂੰ ਰਜਿਸਟਰ ਅਤੇ ਦਫਤਰ-ਦੋਹਾਂ ਤੋਂ ਕੋਫਤ ਰਹਿੰਦੀ ਹੈ। ਅਧਿਆਪਕ ਰੁੱਖ ਹੇਠ ਜਾਂ ਧੁੱਪ ਵਿਚ ਬੈਠਣਾ ਵਧੇਰੇ ਪਸੰਦ ਕਰਦਾ ਹੈ, ਦਫਤਰ ਵਿਚ ਨਹੀਂ। ਉਹ ਦਫਤਰ ਨੂੰ ਕੈਦ ਅਤੇ ਰਜਿਸਟਰ ਨੂੰ ਹੱਤਕ ਸਮਝਦਾ ਹੈ।
ਸਮਾਜੀ ਤਰੱਕੀ ਦਾ ਸਬੰਧ ਦਫਤਰ ਅਤੇ ਰਜਿਸਟਰ ਨਾਲ ਨਹੀਂ, ਰੁੱਖ ਅਤੇ ਧੁੱਪ ‘ਤੇ ਨਿਰਭਰ ਕਰਦਾ ਹੈ। ਅਧਿਆਪਕ ਦੇ ਹੱਥ ਵਿਚ ਕਿਤਾਬ ਹੋਵੇ, ਉਸ ਦੀ ਇਹੀ ਪਛਾਣ ਅਤੇ ਸ਼ਾਨ ਹੁੰਦੀ ਹੈ।
ਦਫਤਰਾਂ ‘ਚ ਬਹਿਣ ਵਾਲੇ ਬਾਬੂ ਹੁੰਦੇ ਹਨ, ਜੋ ਰਜਿਸਟਰਾਂ ‘ਚ ਘਿਰੇ ਰਹਿੰਦੇ ਹਨ। ਅਜਿਹੇ ਲੋਕ ਟੌਹਰ ਟੱਪੇ ਤੇ ਮਾਣ-ਇੱਜਤ ਦੇ ਬਹੁਤ ਅਭਿਲਾਸ਼ੀ ਹੁੰਦੇ ਹਨ। ਅਜਿਹੇ ਲੋਕਾਂ ਦਾ ਇੱਕ ਹੀ ਸਰੋਕਾਰ ਹੁੰਦਾ ਹੈ ਕਿ ਕਿਸੇ ਦੀ ਤਨਖਾਹ ਕਿੰਨੀ ਤੇ ਕੁਰਸੀ ਕਿੰਨੀ ਵੱਡੀ ਹੈ। ਤਨਖਾਹ ਤੇ ਕੁਰਸੀ ਬਿਨਾ ਉਨ੍ਹਾਂ ਨੂੰ ਕੋਈ ਹੋਰ ਸ਼ੈ ਕਦੀ ਵੀ ਪ੍ਰਭਾਵਿਤ ਨਹੀਂ ਕਰਦੀ।
ਅਜਿਹੇ ਬੰਦੇ ਜਿੱਥੇ ਵੀ ਮਿਲਦੇ ਹਨ, ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਆਪਣੀ ਤਨਖਾਹ ਅਤੇ ਅਹੁਦਾ ਦੱਸ ਦੇਣ ਤੇ ਗੱਲਾਂ ਗੱਲਾਂ ਵਿਚ ਅਗਲੇ ਦੀ ਤਨਖਾਹ ਅਤੇ ਅਹੁਦਾ ਪੁੱਛ ਲੈਣ। ਗਰੇਡ ਦੀ ਗੱਲ ਇਨ੍ਹਾਂ ਲਈ ਨਾਮ ਸਿਮਰਨ ਦੇ ਤੁਲ ਹੁੰਦੀ ਹੈ।
ਅਜਿਹੇ ਲੋਕ ਪਹਿਰਾਵੇ ਤੋਂ ਵੀ ਪਛਾਣੇ ਜਾਂਦੇ ਹਨ। ਇਹ ਲੋਕ ਸਰਦ ਮੌਸਮ ਨੂੰ ਬਹੁਤ ਪਸੰਦ ਕਰਦੇ ਹਨ। ਇਸ ਲਈ ਨਹੀਂ ਕਿ ਇਨ੍ਹਾਂ ਨੂੰ ਸਰਦੀ ਚੰਗੀ ਲੱਗਦੀ ਹੈ, ਸਿਰਫ ਇਸ ਕਰਕੇ ਕਿ ਸਰਦੀਆਂ ਵਿਚ ਇਨ੍ਹਾਂ ਨੂੰ ਆਪਣੇ ਵੰਨ-ਸੁਵੰਨੇ ਕੋਟ-ਪੈਂਟ ਪਾਉਣ ਅਤੇ ਟਾਈਆਂ ਲਟਕਾਉਣ, ਦਿਖਾਉਣ ਅਤੇ ਚਮਕਾਉਣ ਦਾ ਮੌਕਾ ਪ੍ਰਾਪਤ ਹੁੰਦਾ ਹੈ। ਪ੍ਰੋ. ਪੂਰਨ ਸਿੰਘ ਅਜਿਹੇ ਪਹਿਰਾਵੇ ਨੂੰ ਨਵਾਬੀ ਕੈਦ ਸਮਝਦੇ ਸਨ।
ਅਧਿਆਪਕ ਸਾਦਗੀ-ਪਸੰਦ ਹੁੰਦਾ ਹੈ। ਉਹ ਟਾਈ ਨੂੰ ਟੌਹਰ ਨਹੀਂ, ਬੰਧੇਜ ਸਮਝਦਾ ਹੈ। ਟਾਈ ਉਸ ਨੂੰ ਗਲ ਪਏ ਫਾਹੇ ਜਿਹੀ ਲੱਗਦੀ ਹੈ। ਟਾਈ ਦਾ ਸਬੰਧ ਦਫਤਰ ਅਤੇ ਰਜਿਸਟਰ ਨਾਲ ਹੈ, ਕਿਤਾਬ ਨਾਲ ਨਹੀਂ।
ਟੌਹਰ ਟੱਪੇ ਵਾਲੇ ਲੋਕ ਚਾਹੁੰਦੇ ਹਨ ਕਿ ਲੋਕੀਂ ਉਨ੍ਹਾਂ ਨੂੰ ਉਠ ਉਠ ਕੇ ਦੇਖਣ। ਇਸ ਦੇ ਉਲਟ ਅਧਿਆਪਕ ਨੂੰ ਇਸ ਤਰ੍ਹਾਂ ਦੀ ਕੋਈ ਲੋੜ ਅਤੇ ਪ੍ਰਵਾਹ ਨਹੀਂ ਹੁੰਦੀ ਕਿ ਉਸ ਨੂੰ ਕੋਈ ਦੇਖਦਾ ਹੈ ਕਿ ਨਹੀਂ।
ਜਿਸ ਸਮਾਜ ਵਿਚ ਪਹਿਰਾਵੇ, ਰਜਿਸਟਰ ਅਤੇ ਦਫਤਰ ਦੀ ਵਧੇਰੇ ਇੱਜਤ ਹੋਵੇ, ਉਹ ਸਮਾਜ ਹਲਕਾ ਗਿਣਿਆ ਜਾਂਦਾ ਹੈ ਅਤੇ ਜਿੱਥੇ ਅਧਿਆਪਕ ਦਾ ਸਤਿਕਾਰ ਨਾ ਹੋਵੇ, ਉਹ ਸਮਾਜ ਸਿਹਤਮੰਦ ਨਹੀਂ ਹੁੰਦਾ। ਅਧਿਆਪਕ ਦੇ ਤ੍ਰਿਸਕਾਰ ਨਾਲ ਸਮਾਜ ਜਿਉਂਦਾ ਨਹੀਂ ਰਹਿ ਸਕਦਾ, ਇਸੇ ਲਈ ਸਮਾਜ ਪਤਨ ਵੱਲ ਵਧ ਰਿਹਾ ਹੈ।
ਕਿਤੇ ਜਾਈਏ ਤਾਂ ਲੋਕ ਪੁੱਛਣ ਲੱਗ ਪੈਂਦੇ ਹਨ, ‘ਕਿੰਨੀ ਸਰਵਿਸ ਪਈ ਹੈ…ਹਾਲੇ ਪ੍ਰਿੰਸੀਪਲ ਨਹੀਂ ਬਣੇ?’ ਜੇ ਦੱਸੀਏ ਕਿ ਅਧਿਆਪਕ ਲਈ ਪ੍ਰਿੰਸੀਪਲ ਦਾ ਅਹੁਦਾ ਤਰੱਕੀ ਨਹੀਂ, ਕੁੜਿੱਕੀ ਹੈ, ਜਿਸ ਵਿਚ ਫਸ ਕੇ ਅਧਿਆਪਕ ਖਤਮ ਹੋ ਜਾਂਦਾ ਹੈ। ਇਹ ਜਵਾਬ ਸੁਣ ਕੇ ਲੋਕ ਹੈਰਾਨ ਹੋ ਜਾਂਦੇ ਹਨ।
ਦਰਅਸਲ ਅਜਿਹੇ ਲੋਕ ਅਭਾਗੇ ਹੁੰਦੇ ਹਨ, ਜਿਨ੍ਹਾਂ ਨੂੰ ਕਿਤਾਬ ਤਲਾਕ ਦੇ ਦਿੰਦੀ ਹੈ, ਰੁੱਖ ਭੁੱਲ ਜਾਂਦੇ ਹਨ ਤੇ ਧੁੱਪ ਨਜ਼ਰ-ਅੰਦਾਜ਼ ਕਰ ਦਿੰਦੀ ਹੈ। ਕੁਦਰਤ ਦੇ ਸੁੱਖ ਤੋਂ ਵਿਯੋਗੇ ਤੇ ਵਿਛੁੰਨੇ ਹੋਏ ਲੋਕਾਂ ਦੇ ਹਾਸੇ ਜਾਅਲੀ, ਬੇਰਸ ਅਤੇ ਬੇਸੁਆਦ ਹੁੰਦੇ ਹਨ। ਉਹ ਕਿਸੇ ਪ੍ਰਤੀ ਵੀ ਸੁਹਿਰਦ ਨਹੀਂ ਰਹਿੰਦੇ; ਖਾਲਸ ਖਚਰਾਪਣ ਉਨ੍ਹਾਂ ਦਾ ਪਛਾਣ-ਚਿੰਨ ਬਣ ਜਾਂਦਾ ਹੈ।
ਸੱਚ ਇਹ ਹੈ ਕਿ ਅਧਿਆਪਕ ਦੀ ਤਰੱਕੀ ਦਾ ਰਾਜ ਕੁਰਸੀ ਵਿਚ ਨਹੀਂ, ਕਿਤਾਬ ਵਿਚ ਹੈ। ਕੋਈ ਅਧਿਆਪਕ ਜਿੰਨਾ ਵਧੇਰੇ ਪੜ੍ਹਦਾ ਹੈ, ਉਤਨੀ ਉਸ ਦੀ ਤਰੱਕੀ ਹੁੰਦੀ ਹੈ। ਅਧਿਆਪਕ ਦੀ ਤਰੱਕੀ ਦਾ ਅਨੁਮਾਨ ਉਸ ਦੇ ਮਸਤਕ ਤੋਂ ਲੱਗਦਾ ਹੈ, ਕੋਟ-ਪੈਂਟ ਤੋਂ ਨਹੀਂ।
ਅਧਿਆਪਕ ਕੋਲ ਬੈਠਿਆਂ ਸੁਤੇ ਸਿਧ ਚਾਨਣ ਹੋਣ ਲੱਗਦਾ ਹੈ। ਉਹ ਜਾਣਕਾਰੀਆਂ ਨਹੀਂ ਦਿੰਦਾ, ਗਿਆਨ ਵੰਡਦਾ ਹੈ; ਗਿਆਨ ਵੀ ਨਹੀਂ, ਰੌਸ਼ਨੀ। ਸਾਡੇ ਸੱਭਿਆਚਾਰ ਵਿਚ ਗੁਰੂ ਦਾ ਅਰਥ ਗਿਆਨ ਹੈ, ਰੁਤਬਾ ਨਹੀਂ। ਰੁਤਬੇ ਮਗਰ ਭੱਜਣ ਵਾਲਾ ਕੋਈ ਵੀ ਬੰਦਾ ਅਧਿਆਪਕ ਨਹੀਂ ਹੁੰਦਾ, ਹੋਰ ਜੋ ਮਰਜ਼ੀ ਹੋਵੇ।
ਜਿਹੜਾ ਵੀ ਅਧਿਆਪਕ ਦੇ ਕਾਰਜ ਤੋਂ ਫਾਰਗ ਹੋਣਾ ਚਾਹੁੰਦਾ ਹੈ, ਉਹ ਕਦੀ ਵੀ ਅਧਿਆਪਕ ਨਹੀਂ ਰਿਹਾ ਹੁੰਦਾ। ਅਧਿਆਪਕ ਹੋਣਾ ਪੇਸ਼ਾ ਨਹੀਂ, ਸੇਵਾ ਹੈ। ਸਾਡੇ ਸਮਾਜ ਦੀ ਗਿਰਾਵਟ ਦੀ ਨਿਸ਼ਾਨੀ ਇਹ ਹੈ ਕਿ ਹੁਣ ਅਧਿਆਪਕ ਵੀ ਤਰੱਕੀ ਦੀ ਲਾਲਸਾ ਵਿਚ ਕੁੜਿੱਕੀਆਂ ਦੇ ਸ਼ਿਕਾਰ ਹੋ ਰਹੇ ਹਨ।
ਅਧਿਆਪਨ ਦੀ ਸੇਵਾ ਨਿਭਾ ਰਹੇ ਬੰਦੇ ਦੇ ਮਨ ਵਿਚ ਤਰੱਕੀ ਦਾ ਖਿਆਲ ਆਉਂਦੇ ਹੀ ਉਸ ਨੂੰ ਕੁੜਿੱਕੀ ਨੱਪ ਲੈਂਦੀ ਹੈ ਤੇ ਉਸ ਦੇ ਅੰਦਰਲਾ ਅਧਿਆਪਕ ਥਾਂਏਂ ਖੁਦਕੁਸ਼ੀ ਕਰ ਜਾਂਦਾ ਹੈ। ਇਸ ਹਾਦਸੇ ਦੀ ਕਦੀ ਕੋਈ ਖਬਰ ਵੀ ਨਹੀਂ ਛਪਦੀ, ਕਿਉਂਕਿ ਖਬਰ ਦਾ ਸਬੰਧ ਰਜਿਸਟਰ ਅਤੇ ਦਫਤਰ ਨਾਲ ਹੈ।
ਸਾਦਗੀ ਕਦੀ ਵੀ ਖਬਰ ਨਹੀਂ ਬਣਦੀ। ਸਾਦਾ ਲੋਕ ਖਬਰ ਤੋਂ ਹਮੇਸ਼ਾ ਪਰਹੇਜ਼ ਕਰਦੇ ਹਨ। ਸਮਾਜ ਦੇ ਮਹਾਨ ਲੋਕ ਉਹ ਸਨ, ਜੋ ਰੁੱਖਾਂ ਹੇਠ ਪੜ੍ਹੇ, ਗੁੜ੍ਹੇ ਸਨ ਅਤੇ ਧੁੱਪਾਂ ਵਿਚ ਰੜ੍ਹੇ ਸਨ। ਸਾਦਗੀ ਨੇ ਸਮਾਜ ਪਾਲਿਆ ਸੀ, ਜਿਸ ਨੂੰ ਚਮਕ-ਦਮਕ ਨੇ ਗਾਲ ਕੇ ਰੱਖ ਦਿੱਤਾ ਹੈ।
ਜੇ ਸਮਾਜ ਹੋਰ ਉਜੜਨ ਤੋਂ ਬਚਾਉਣਾ ਹੈ ਤਾਂ ਕਿਤਾਬ ਨਾਲ ਜੁੜਨ ਅਤੇ ਜੋੜਨ ਦੀ ਲੋੜ ਹੈ। ਕਿਤਾਬ ਖੁਦ-ਬਖੁਦ ਸਮਾਜ ਨੂੰ ਸਾਦਗੀ ਵੱਲ ਲੈ ਜਾਵੇਗੀ। ਸਾਦਗੀ-ਪਸੰਦ ਸਮਾਜ ਕਦੀ ਗਲਦਾ ਨਹੀਂ, ਪਲਦਾ ਹੈ।
ਅਧਿਆਪਕ ਦਾ ਅਰਥ ਗੁਰੂ ਹੈ। ਗੁਰੂ ਨਾਨਕ ਆਪਣੇ ਕੋਲ ਹਮੇਸ਼ਾ ਕਿਤਾਬ ਰੱਖਦੇ ਸਨ, ਆਸਾ ਹਥਿ ਕਿਤਾਬ ਕਛਿ॥ ਸਾਡੀ ਸਮਾਜਕ ਗਿਰਾਵਟ ਜਾਂ ਅਣਗਹਿਲੀ ਇਸ ਗੱਲ ਵਿਚ ਵੀ ਹੈ ਕਿ ਸਾਡੇ ਕਿਸੇ ਵੀ ਚਿੱਤਰਕਾਰ ਨੇ ਗੁਰੂ ਨਾਨਕ ਨੂੰ ਕਿਤਾਬ ਸਮੇਤ ਨਾ ਚਿਤਵਿਆ ਹੈ ਤੇ ਨਾ ਚਿਤਰਿਆ ਹੈ।
ਦਸਮੇਸ਼ ਪਿਤਾ ਵੀ ਬਹਾਦਰਸ਼ਾਹ ਤੋਂ ਪ੍ਰਾਪਤ ਕੀਤੇ ‘ਹਨੂਮਾਨ ਨਾਟਕ’ ਦਾ ਗੁਰਮੁਖੀ ਅਨੁਵਾਦ ਹਮੇਸ਼ਾ ਆਪਣੇ ਕਮਰਬੰਦ ਵਿਚ ਰੱਖਦੇ ਸਨ। ਉਨ੍ਹਾਂ ਦੇ ਪੁਸਤਕ-ਪ੍ਰੇਮ ਨੂੰ ਦਰਸਾਉਂਦਾ ਚਿੱਤਰ ਕਿਸੇ ਚਿੱਤਰਕਾਰ ਨੇ ਕਦੇ ਨਹੀਂ ਚਿਤਵਿਆ। ਖੁਦ ਨੂੰ ਅਹਿਲੇ-ਕਿਤਾਬ ਕਹਿਣ ਵਾਲੇ ਲੋਕ ਵੀ ਕਿਤਾਬ ਤੋਂ ਬੇਮੁੱਖ ਹੋ ਗਏ ਹਨ। ਇਸ ਤੋਂ ਵੱਡਾ ਦੁਖਾਂਤ ਕੀ ਵਾਪਰ ਸਕਦਾ ਹੈ ਕਿ ਸਾਡੇ ਸੱਭਿਆਚਾਰ ਵਿਚੋਂ ਪੁਸਤਕ, ਅਧਿਐਨ ਅਤੇ ਅਧਿਆਪਨ ਗਾਇਬ ਹੋ ਰਹੇ ਹਨ।
ਕੋਈ ਮੇਰੀ ਆਰਜ਼ੂ ਕਿਸੇ ਚਿੱਤਰਕਾਰ ਤੱਕ ਪੁੱਜਦੀ ਕਰੇ ਕਿ ਗੁਰੂ ਨਾਨਕ ਅਤੇ ਦਸ਼ਮੇਸ਼ ਪਿਤਾ ਦੀਆਂ ਤਸਵੀਰਾਂ ਕਿਤਾਬ ਸੰਗ ਬਣਾਈਆਂ ਜਾਣ, ਕਿਉਂਕਿ ਸਮਾਜ ਵਿਚੋਂ ਖਾਰਜ ਹੋ ਚੁਕੇ ਅਧਿਆਪਕ ਨੂੰ ਕਿਤਾਬ ਹੀ ਬਹਾਲ ਕਰ ਸਕਦੀ ਹੈ ਤੇ ਅਧਿਆਪਕ ਹੀ ਤਰੱਕੀ ਬਨਾਮ ਕੁੜਿੱਕੀ ਦੀ ਜਾਨਲੇਵਾ ਗ੍ਰਿਫਤ ਤੋਂ ਮੁਕਤ ਹੋ ਸਕਦਾ ਹੈ।
ਕਿਤਾਬ ਹੀ ਅਧਿਆਪਕ ਨੂੰ ਰਜਿਸਟਰ ਅਤੇ ਦਫਤਰ ਤੋਂ ਨਿਜਾਤ ਦੁਆ ਕੇ ਧੁੱਪ ਅਤੇ ਰੁੱਖ ਵੱਲ ਪਰਤਾ ਸਕਦੀ ਹੈ। ਇਹ ਸਾਡੇ ਸਰੀਰਕ ਅਤੇ ਮਾਨਸਿਕ ਸੁੱਖ ਲਈ ਬੇਹੱਦ ਜ਼ਰੂਰੀ ਹੈ।
ਆਓ ਅਜਿਹਾ ਸੋਚੀਏ!