ਡਾ. ਅਜੀਤ ਸਿੰਘ ਕੋਟਕਪੂਰਾ
ਫੋਨ: 585-305-0443
ਸਿੱਖ ਧਰਮ ਵਾਤਾਵਰਣ ਸਬੰਧੀ ਪੂਰੀ ਤਰ੍ਹਾਂ ਜਾਗਰੂਕ ਹੈ। ਇਸੇ ਲਈ 14 ਮਾਰਚ ਨੂੰ ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਗੁਰੂ ਹਰ ਰਾਏ ਜੀ ਦੇ ਵਿਸ਼ੇਸ਼ ਯੋਗਦਾਨ ਨੂੰ ਸਮਰਪਿਤ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਗੁਰੂ ਹਰ ਰਾਏ ਜੀ ਦੀ ਦੇਖ ਰੇਖ ਹੇਠ ਕੁਦਰਤ ਦੀ ਬਖਸ਼ੀ ਨਿਆਮਤ ਜੜ੍ਹੀਆਂ-ਬੂਟੀਆਂ ਤੋਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਸਨ ਅਤੇ ਉਨ੍ਹਾਂ ਦੇ ਇਸ ਖਜਾਨੇ ਵਿਚ ਬਹੁਤ ਸਾਰੀਆਂ ਦਵਾਈਆਂ ਉਪਲਬਧ ਸਨ, ਜੋ ਆਪਣੀ ਮਹਿਕ ਸਦਕਾ ਜਗਤ ਪ੍ਰਸਿਧ ਸਨ। ਰੱਬ ਕਿੰਨਾ ਮਿਹਰਬਾਨ ਹੈ, ਉਸ ਨੇ ਸਾਰੇ ਜੀਵ ਜੰਤੂਆਂ ਨੂੰ ਬਿਨਾ ਕਿਸੇ ਇਵਜ਼ਾਨੇ ਦੇ ਸਾਫ ਹਵਾ, ਸਾਫ ਪਾਣੀ, ਨਿਘੀ ਧੁਪ ਅਤੇ ਭੂਮੀ ਦੀ ਬਖਸ਼ਿਸ਼ ਕੀਤੀ ਹੋਈ ਹੈ। ਇਨ੍ਹਾਂ ਵਸਤਾਂ ਤੋਂ ਬਿਨਾ ਜੀਵਨ ਦੇ ਵਿਸਥਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਮਨੁੱਖ ਇੰਨਾ ਸਵਾਰਥੀ ਹੈ ਕਿ ਉਹ ਆਪਣੇ ਨਿਜੀ ਲਾਭਾਂ ਦੇ ਲਈ ਹਵਾ, ਪਾਣੀ, ਸਮੇਤ ਸਮੂਹ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਜੇ ਅਸੀਂ ਲਾਪ੍ਰਵਾਹੀ ਵਰਤਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਸਾਫ ਵਾਤਾਵਰਣ ਮਿਲਣਾ ਅਤਿ ਮੁਸ਼ਕਿਲ ਹੋ ਜਾਵੇਗਾ ਅਤੇ ਜੀਵਨ ਬਿਮਾਰੀਆਂ ਭਰਿਆ ਹੀ ਹੋਵੇਗਾ, ਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਸੂਰਵਾਰ ਮੰਨਣਗੀਆਂ। ਇਸ ਲਈ ਗੁਰੂ ਸਾਹਿਬਾਨ ਦੇ ਦਰਸਾਏ ਰਸਤੇ ‘ਤੇ ਚੱਲਣ ਦਾ ਯਤਨ ਕਰੀਏ ਤੇ ਜੀਵਨ ਨੂੰ ਸੁਖੀ ਬਣਾਈਏ|
ਮੁਸਲਿਮ ਭਾਈਚਾਰੇ ਦਾ ਇਹ ਵਿਚਾਰ ਹੈ ਕਿ ਮਰਨ ਤੋਂ ਪਿਛੋਂ ਜਿਨ੍ਹਾਂ ਦਾ ਸਰੀਰ ਸਾੜ ਦਿਤਾ ਜਾਂਦਾ ਹੈ, ਉਹ ਦੋਜ਼ਖ ਦੀ ਅੱਗ ਵਿਚ ਸੜਦੇ ਹਨ ਪ੍ਰੰਤੂ ਉਸ ਥਾਂ ਦੀ ਮਿੱਟੀ ਜਿਥੇ ਮੁਸਲਮਾਨ ਮੁਰਦੇ ਨੂੰ ਦਬਦੇ ਹਨ, ਜਦੋਂ ਘੁਮਿਆਰ ਦੇ ਵਸ ਪੈ ਜਾਂਦੀ ਹੈ ਭਾਵ ਚਿਕਨੀ ਮਿੱਟੀ ਹੋਣ ਕਾਰਨ ਘੁਮਿਆਰ ਲੋਕ ਭਾਂਡੇ ਘੜਨ ਲਈ ਲੈ ਜਾਂਦੇ ਹਨ, ਉਹ ਇਸ ਮਿੱਟੀ ਦੇ ਭਾਂਡੇ ਅਤੇ ਇੱਟਾਂ ਬਣਾਉਂਦਾ ਹੈ ਅਤੇ ਆਵੀ ਵਿਚ ਪੈ ਕੇ ਮਿੱਟੀ ਜਾਣੋ ਸੜਦੀ ਹੋਈ ਪੁਕਾਰ ਕਰਦੀ ਹੈ, ਸੜ ਕੇ ਵਿਚਾਰੀ ਰੋਂਦੀ ਹੈ ਤੇ ਉਸ ਵਿਚੋਂ ਅੰਗਿਆਰੇ ਝੜ ਝੜ ਕੇ ਡਿਗਦੇ ਹਨ, ਪ੍ਰੰਤੂ ਨਿਜਾਤ ਜਾਂ ਦੋਜਖ ਦਾ ਮੁਰਦਾ ਸਰੀਰ ਨੂੰ ਸਾੜਨ ਜਾਂ ਦੱਬਣ ਨਾਲ ਕੋਈ ਸਬੰਧ ਨਹੀਂ ਹੈ।
ਗੁਰੂ ਨਾਨਕ ਦੇਵ ਜੀ ਦਾ ਬਚਨ ਹੈ ਕਿ ਜਿਸ ਕਰਤਾਰ ਨੇ ਇਹ ਮਾਇਆ ਰਚੀ ਹੈ, ਉਹ ਹੀ ਇਹ ਭੇਦ ਜਾਣਦਾ ਹੈ। ਆਸਾ ਦੀ ਵਾਰ ਵਿਚ ਇਸ ਤਰ੍ਹਾਂ ਵਰਣਨ ਕੀਤਾ ਹੈ:
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥ (ਪੰਨਾ 466)
ਭਾਵ ਜਦੋਂ ਜੀਵ ਆਤਮਾ ਆਪਣਾ ਸਰੀਰ-ਚੋਲਾ ਛਡ ਜਾਏ ਤਾਂ ਉਸ ਸਰੀਰ ਨੂੰ ਦੱਬਣ ਜਾਂ ਸਾੜਨ ਆਦਿ ਕਿਸੇ ਕ੍ਰਿਆ ਦਾ ਕੋਈ ਅਸਰ ਜੀਵ ਆਤਮਾ ‘ਤੇ ਨਹੀਂ ਪੈ ਸਕਦਾ। ਜਿੰਨਾ ਚਿਰ ਇਹ ਸਰੀਰ ਵਿਚ ਰਹਿੰਦਾ ਸੀ, ਉਦੋਂ ਤੋਂ ਕੀਤੇ ਕਰਮਾਂ ਅਨੁਸਾਰ ਹੀ ਉਸ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ। ਉਹ ਫੈਸਲਾ ਕੀ ਹੈ? ਹਰੇਕ ਜੀਵ ਸਬੰਧੀ ਇਸ ਪ੍ਰਸ਼ਨ ਦਾ ਉਤਰ ਕਰਤਾਰ ਆਪ ਹੀ ਜਾਣਦਾ ਹੈ, ਜਿਸ ਨੇ ਜਗਤ ਮਰਿਆਦਾ ਰਚੀ ਹੈ। ਸੋ, ਇਹ ਝਗੜਾ ਵਿਅਰਥ ਹੈ।
ਜਦੋਂ ਗੁਰੂ ਹਰ ਰਾਏ ਜੀ ਨੂੰ ਔਰੰਗਜ਼ੇਬ ਨੇ ਤਲਬ ਕੀਤਾ ਤਾਂ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਸਪਸ਼ਟ ਕਰਨ ਲਈ ਭੇਜਿਆ ਸੀ ਤਾਂ ਉਸ ਨੇ ਉਪਰੋਕਤ ਤੁਕ ਦੇ ਸਹੀ ਅਰਥ ਕਰਨ ਦੀ ਥਾਂ ਤੁਕ ਨੂੰ ਬਦਲ ਦਿਤਾ ਅਤੇ ਆਖਿਆ ਕਿ ਇਥੇ ਮਿੱਟੀ ਮੁਸਲਮਾਨ ਕੀ ਨਹੀਂ ਸਗੋਂ ਮਿੱਟੀ ਬੇਈਮਾਨ ਕੀ ਹੈ। ਜਦੋਂ ਗੁਰੂ ਹਰ ਰਾਏ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਰਾਮ ਰਾਏ ਨੂੰ ਤਿਆਗ ਦਿੱਤਾ ਸੀ ਅਤੇ ਫੈਸਲਾ ਕਰ ਲਿਆ ਕਿ ਇਹ ਗੁਰਗੱਦੀ ਦੇ ਲਾਇਕ ਨਹੀਂ ਹੈ।
ਗੁਰੂ ਹਰ ਰਾਏ ਜੀ ਦਾ ਜਨਮ 16 ਜਨਵਰੀ 1630 ਅਰਥਾਤ ਮਾਘ ਸੁਦੀ 13 (19 ਮਾਘ) ਸੰਮਤ 1686 ਨੂੰ ਬਾਬਾ ਗੁਰਦਿਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਕੀਰਤਪੁਰ ਸਾਹਿਬ ਬਾਬਾ ਗੁਰਦਿਤਾ ਜੀ ਵਲੋਂ ਹੁੰਡੂਰ ਦੇ ਰਾਜੇ ਤਾਰਾ ਚੰਦ ਕੋਲੋਂ ਜਮੀਨ ਖਰੀਦ ਕੇ ਵਸਾਇਆ ਗਿਆ ਸੀ। ਇਸੇ ਅਸਥਾਨ ‘ਤੇ ਛੇਵੀਂ ਜੋਤ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁਤਰ ਬਾਬਾ ਸ੍ਰੀ ਚੰਦ ਨਾਲ ਮਿਲਾਪ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਅਤੇ ਨਿਮਰਤਾ ਤੋਂ ਖੁਸ਼ ਹੋ ਕੇ ਬਾਬਾ ਸ੍ਰੀ ਚੰਦ ਨੇ ਕਿਹਾ ਸੀ ਕਿ ਇਸ ਨਿਮਰਤਾ ਸਦਕਾ ਹੀ ਗੁਰਗੱਦੀ ਤੁਹਾਡੇ ਖਾਨਦਾਨ ਵਿਚ ਹੀ ਹੈ। ਇਸੇ ਸਥਾਨ ‘ਤੇ ਹੀ ਬਾਬਾ ਗੁਰਦਿਤਾ ਜੀ ਨੂੰ ਬਾਬਾ ਸ੍ਰੀ ਚੰਦ ਦੀ ਸੇਵਾ ਵਿਚ ਭੇਟ ਕੀਤਾ ਗਿਆ ਸੀ। ਬਾਬਾ ਗੁਰਦਿਤਾ ਜੀ ਕਰਕੇ ਹੀ ਬਾਬਾ ਸ੍ਰੀ ਚੰਦ ਦਾ ਉਦਾਸੀ ਮਤ ਅੱਗੇ ਚਲਿਆ।
ਬਾਬਾ ਗੁਰਦਿਤਾ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਪੁਤਰ ਸਨ ਅਤੇ ਇਸ ਤਰ੍ਹਾਂ ਰਿਸ਼ਤੇ ਵਿਚ ਸ੍ਰੀ ਹਰ ਰਾਏ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸਨ। ਉਨ੍ਹਾਂ ਦੇ ਪਿਤਾ ਬਾਬਾ ਗੁਰਦਿਤਾ ਜੀ ਉਸ ਸਮੇਂ ਪਰਲੋਕ ਸਿਧਾਰ ਗਏ, ਜਦੋਂ ਉਹ ਕੇਵਲ 8 ਸਾਲ ਦੇ ਸਨ। ਇਸ ਲਈ ਉਨ੍ਹਾਂ ਦੀ ਪੜ੍ਹਾਈ-ਲਿਖਾਈ ਅਤੇ ਸਿਖਲਾਈ ਮੀਰੀ ਪੀਰੀ ਦੇ ਮਾਲਕ ਦੀ ਨਿਗਰਾਨੀ ਹੇਠ ਹੋਈ। ਉਨ੍ਹਾਂ ਦੇ ਉਸਤਾਦਾਂ ਵਿਚ ਭਾਈ ਦਰਗਾਹ ਮੱਲ, ਭਾਈ ਕਿਰਪਾ ਰਾਮ ਦੇ ਪਿਤਾ ਭਾਈ ਅੜਊ ਜੀ ਅਤੇ ਜਾਤੀ ਮੱਲ ਪੁਰੋਹਿਤ ਸ਼ਾਮਲ ਹਨ। ਧਾਰਮਕ ਸਿਖਿਆ ਦੇ ਨਾਲ ਉਨ੍ਹਾਂ ਨੂੰ ਘੋੜ ਸਵਾਰੀ, ਸ਼ਸਤਰਾਂ ਦੀ ਵਰਤੋਂ ਅਤੇ ਬਹਾਦਰਾਂ ਵਾਲੇ ਕਈ ਹੋਰ ਅਭਿਆਸਾਂ ਦੀ ਸਿਖਲਾਈ ਵੀ ਦਿਤੀ ਗਈ।
ਗੁਰੂ ਹਰ ਰਾਏ ਜੀ ਬਹੁਤ ਹੀ ਨਰਮ ਦਿਲ ਵਾਲੇ ਸਨ। ਇਕ ਵਾਰ ਉਹ ਛੇਵੇਂ ਪਾਤਸ਼ਾਹ ਨਾਲ ਲੰਬਾ ਚੋਲਾ ਪਾ ਕੇ ਬਾਗ ਵਿਚ ਸੈਰ ਕਰ ਰਹੇ ਸਨ ਕਿ ਇਕ ਫੁੱਲ ਉਨ੍ਹਾਂ ਦੇ ਚੋਲੇ ਨਾਲ ਫਸ ਕੇ ਡਿਗ ਪਿਆ ਤਾਂ ਉਹ ਉਦਾਸ ਹੋ ਗਏ। ਬਾਬਾ ਜੀ ਨੇ ਕਿਹਾ ਕਿ ਜੇ ਲੰਬੇ ਚੋਲੇ ਪਾਉਣ ਦਾ ਸ਼ੌਕ ਹੈ ਤਾਂ ਇਸ ਨੂੰ ਸੰਭਾਲਣਾ ਵੀ ਸਿਖਣਾ ਪਵੇਗਾ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ। ਗੁਰੂ ਹਰ ਰਾਏ ਜੀ ਦਾ ਸ਼ੁਭ ਵਿਆਹ ਸ੍ਰੀ ਦਯਾ ਰਾਮ ਦੀ ਲੜਕੀ ਬੀਬੀ ਕ੍ਰਿਸ਼ਨ ਕੌਰ (ਸੁਲੱਖਣੀ ਜੀ) ਨਾਲ ਹਾੜ ਸੁਦੀ 3 ਸੰਮਤ 1697 ਨੂੰ ਹੋਇਆ। ਸ੍ਰੀ ਦਯਾ ਰਾਮ ਅਨੂਪ ਸ਼ਹਿਰ (ਉਤਰ ਪ੍ਰਦੇਸ਼) ਵਿਚ ਰਹਿੰਦੇ ਸਨ। ਉਨ੍ਹਾਂ ਦੇ ਦੋ ਲੜਕੇ-ਸ੍ਰੀ ਰਾਮ ਰਾਏ ਅਤੇ ਸ੍ਰੀ ਹਰਕ੍ਰਿਸ਼ਨ ਜੀ ਪੈਦਾ ਹੋਏ ਸਨ।
ਛੇਵੇਂ ਪਾਤਸ਼ਾਹ ਦੇ ਹੁਕਮ ਅਨੁਸਾਰ ਗੁਰੂ ਹਰ ਰਾਏ ਜੀ ਨੂੰ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ ਨੇ ਚੇਤ ਸੁਦੀ 10 (ਚੇਤ 11) ਸੰਮਤ 1701 ਨੂੰ ਗੁਰਿਆਈ ਦਾ ਤਿਲਕ ਲਾਇਆ। ਬਾਬਾ ਬੁੱਢਾ ਜੀ ਗੁਰੂ ਸਾਹਿਬਾਨ ਦੇ ਅਨਿਨ ਸੇਵਕ ਸਨ ਅਤੇ ਉਨ੍ਹਾਂ ਨੇ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਸਨ। ਇਕ ਵਾਰ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਤੁਸੀਂ ਪੰਜ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਹਨ, ਉਨ੍ਹਾਂ ਬਾਰੇ ਥੋੜਾ ਜਿਹਾ ਅਨੁਭਵ ਦਿਓ।
ਬਾਬਾ ਜੀ ਨੇ ਕਿਹਾ, ਕਿਸੇ ਵਿਚ ਕੀ ਸ਼ਕਤੀ ਹੈ, ਜੋ ਗੁਰੂ ਸਾਹਿਬਾਨ ਬਾਰੇ ਦੱਸ ਸਕੇ। ਗੁਰੂ ਨਾਨਕ ਜੀ ਨਿਰਾ ਨੂਰ ਸਨ, ਗੁਰੂ ਅੰਗਦ ਜੀ ਨਿਰੇ ਸਾਧੂ, ਸ਼ਾਂਤੀ ਪਿਆਰ ਅਤੇ ਦਯਾ ਦੀ ਮੂਰਤ। ਸਾਰੀ ਉਮਰ ਮਾਇਆ ਨੂੰ ਹੱਥ ਨਾ ਲਾਇਆ। ਗੁਰੂ ਅਮਰਦਾਸ ਜੀ ਦਾ ਇਕ ਹੱਥ ਸਦਾ ਅਸੀਸ ਲਈ ਉਠਿਆ ਰਹਿੰਦਾ ਸੀ ਅਤੇ ਦੂਜਾ ਸੇਵਾ ਵਿਚ ਲੱਗਾ ਰਹਿੰਦਾ। ਗੁਰੂ ਰਾਮਦਾਸ ਜੀ ਬਿਰਹੁ ਦੀ ਮੂਰਤ ਸਨ। ਨੈਨ ਹਰ ਵੇਲੇ ਨੀਰ ਨਾਲ ਭਰੇ ਹੀ ਦਿਸਦੇ। ਕਿਹੋ ਜਿਹਾ ਨਜ਼ਾਰਾ ਬਣਿਆ ਹੋਇਆ ਸੀ ਕਿ ਗੁਰੂ ਜੀ ਸਰੋਤਾ ਸਨ ਅਤੇ ਬਾਬਾ ਜੀ ਸੁਣਾ ਰਹੇ ਸਨ, “ਭਾਈ ਬੁਢੇ ਬਰਨਨ ਕੀਆ, ਸਤਗੁਰ ਸਰੋਤਾ ਆਪ।”
ਗੁਰੂ ਹਰ ਰਾਏ ਸਾਹਿਬ ਦੀ ਸ਼ਖਸੀਅਤ ਸੰਤੋਖ, ਸਹਿਜ ਅਤੇ ਦਯਾ ਆਦਿ ਜਿਹੇ ਸਭ ਗੁਣਾਂ ਨਾਲ ਭਰੀ ਹੋਈ ਸੀ। ਮਨੁੱਖਤਾ ਨੂੰ ਬੇਸ਼ੁਮਾਰ ਪਿਆਰ ਕਰਨ ਵਾਲੇ ਇਸ ਅਨੋਖੀ ਸ਼ਖਸੀਅਤ ਦਾ ਕੋਈ ਵੀ ਹੋਰ ਮੇਲ ਨਹੀਂ ਹੈ। ਭਾਈ ਨੰਦ ਲਾਲ ਨੇ ਗੰਜਨਾਮਾ ਵਿਚ ਗੁਰੂ ਹਰ ਰਾਏ ਬਾਰੇ ਵਰਣਨ ਕੀਤਾ ਹੈ,
ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਰਾਇ॥
ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰਰਾਇ।|
ਫੱਯਾਜ਼ੁੱਦਾਰੈਨ ਗੁਰੂ ਕਰਤਾ ਹਰਰਾਇ॥
ਸਰਵਰੇ ਕੋਨੈਨ ਗੁਰੂ ਕਰਤਾ ਹਰਰਾਇ॥
ਹਕ ਵਾਸਫਿ ਅਕਰਾਮ ਗੁਰੂ ਕਰਤਾ ਹਰਰਾਇ॥
ਖਾਸਾਂ ਹਮਾਂ ਬਰਕਾਮ ਗੁਰੂ ਕਰਤਾ ਹਰਰਾਇ॥
ਉਨ੍ਹਾਂ ਨੇ ਲਿਖਿਆ ਹੈ ਕਿ ਸਤਵੇਂ ਪਾਤਸ਼ਾਹ ਸੱਚ ਦੇ ਪਾਲਣਹਾਰ ਹੋਣ ਦੇ ਨਾਲ ਨਾਲ ਦਰਵੇਸ਼ ਰੂਪ ਅਤੇ ਸੁਲਤਾਨ ਵੀ ਸਨ।
ਗੁਰ ਗੱਦੀ ‘ਤੇ ਬਿਰਾਜਮਾਨ ਹੋਣ ਉਪਰੰਤ ਗੁਰੂ ਹਰ ਰਾਏ ਨੇ ਗਰੀਬਾਂ, ਲੋੜਵੰਦਾਂ ਅਤੇ ਰੋਗੀਆਂ ਦੀ ਦੇਖਭਾਲ, ਸੇਵਾ ਅਤੇ ਦਵਾ ਦਾਰੂ ਵੱਲ ਖਾਸ ਧਿਆਨ ਦਿਤਾ। ਉਨ੍ਹਾਂ ਦੇ ਦਵਾਖਾਨੇ ਵਿਚ ਕੀਮਤੀ ਅਤੇ ਦੁਰਲਭ ਦਵਾਈਆਂ ਰੱਖੀਆਂ ਜਾਂਦੀਆਂ। ਇਕ ਵਾਰ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਲਈ ਹਕੀਮਾਂ ਨੇ ਅਜਿਹੀਆਂ ਦਵਾਈਆਂ ਦੱਸੀਆਂ ਜੋ ਗੁਰੂ ਜੀ ਦੇ ਦਵਾਖਾਨੇ ਤੋਂ ਬਿਨਾ ਕਿਤੇ ਨਾ ਮਿਲੀਆਂ। ਭਾਵੇਂ ਸਮੇਂ ਦੇ ਹਾਕਮ ਗੁਰੂ ਜੀ ਦੇ ਵਿਰੁਧ ਸਨ, ਫਿਰ ਵੀ ਉਸ ਨੇ ਗੁਰੂ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਪੱਤਰ ਲਿਖਿਆ ਅਤੇ ਗੁਰੂ ਜੀ ‘ਤੇ ਪੂਰਨ ਵਿਸ਼ਵਾਸ ਪ੍ਰਗਟ ਕੀਤਾ।
ਜਦੋਂ ਸਿੱਖਾਂ ਨੇ ਯਾਦ ਕਰਵਾਇਆ ਕਿ ਇਹ ਤਖਤ ਤਾਂ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਜੀ ਦੇ ਵਿਰੁਧ ਸੀ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ‘ਤੇ ਬਿਠਾ ਕੇ ਕਿੰਨੇ ਤਸੀਹੇ ਦਿਤੇ ਗਏ ਸਨ ਅਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗਾਂ ਲੜੀਆਂ, ਤਾਂ ਗੁਰੂ ਜੀ ਨੇ ਸਮਝਾਇਆ ਕਿ ਜਦੋਂ ਇਕ ਹੱਥ ਨਾਲ ਫੁੱਲ ਤੋੜਦੇ ਹਾਂ ਅਤੇ ਦੂਜੇ ਹੱਥ ਨਾਲ ਅਰਪਿਤ ਕਰਦੇ ਹਾਂ, ਸੁਗੰਧ ਤਾਂ ਦੋਵੇਂ ਹੱਥਾਂ ਨੂੰ ਹੀ ਮਿਲਦੀ ਹੈ। ਇਸੇ ਤਰ੍ਹਾਂ ਜਦੋਂ ਕੁਹਾੜੇ ਨਾਲ ਸੰਦਲ ਦੇ ਰੁੱਖ ਨੂੰ ਕੱਟਿਆ ਜਾਂਦਾ ਹੈ ਤਾਂ ਸੁਗੰਧ ਕੁਹਾੜੇ ਵਿਚੋਂ ਵੀ ਆਣ ਲੱਗ ਜਾਂਦੀ ਹੈ। ਇਸ ਲਈ ਸਾਨੂੰ ਬੁਰਿਆਈ ਦਾ ਉਤਰ ਭਲਿਆਈ ਵਿਚ ਹੀ ਦੇਣਾ ਚਾਹੀਦਾ ਹੈ।
ਗੁਰੂ ਹਰ ਰਾਏ ਜੀ ਪਾਸ ਹਰ ਵੇਲੇ ਹਰ ਪੱਖੋਂ ਤਿਆਰ ਬਰਤਿਆਰ 2200 ਸੈਨਿਕ ਰਹਿੰਦੇ ਸਨ। ਉਨ੍ਹਾਂ ਨੂੰ ਕੋਈ ਵੀ ਜੰਗ ਨਹੀਂ ਲੜਨੀ ਪਈ। ਜਦੋਂ ਦਾਰਾ ਸ਼ਿਕੋਹ ਆਪਣੇ ਭਰਾ ਔਰੰਗਜ਼ੇਬ ਤੋਂ ਬਚਣ ਲਈ ਆ ਰਿਹਾ ਸੀ ਤਾਂ ਉਹ ਗੁਰੂ ਜੀ ਪਾਸ ਗੋਇੰਦਵਾਲ ਪੁਜਾ ਅਤੇ ਮਦਦ ਲਈ ਬੇਨਤੀ ਕੀਤੀ। ਗੁਰੂ ਜੀ ਨੇ ਆਪਣੀ ਫੌਜ ਰਾਹੀਂ ਮਗਰ ਲੱਗੀ ਔਰੰਗਜ਼ੇਬ ਦੀ ਫੌਜ ਨੂੰ ਦਰਿਆ ਦੇ ਪਾਰ ਹੀ ਰੋਕ ਕੇ ਰਖਿਆ ਅਤੇ ਦਾਰਾ ਸ਼ਿਕੋਹ ਜਾਨ ਬਚਾ ਕੇ ਲਾਹੌਰ ਪੁੱਜ ਗਿਆ। ਜਦੋਂ ਔਰੰਗਜ਼ੇਬ ਨੂੰ ਜਾਣਕਾਰੀ ਮਿਲੀ ਤਾਂ ਉਸ ਨੇ ਸਪਸ਼ਟੀਕਰਣ ਦੇਣ ਲਈ ਤਲਬ ਕੀਤਾ ਸੀ, ਉਸ ਸਮੇਂ ਉਨ੍ਹਾਂ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਭੇਜਿਆ ਸੀ, ਜਿਸ ਦਾ ਵੇਰਵਾ ਉਪਰ ਦਿੱਤਾ ਜਾ ਚੁਕਾ ਹੈ।
ਅਖੀਰਲਾ ਸਮਾਂ ਆ ਜਾਣ ‘ਤੇ ਗੁਰੂ ਹਰ ਰਾਏ ਜੀ ਨੇ ਆਪਣੇ ਛੋਟੇ ਪੁੱਤਰ ਸ੍ਰੀ ਹਰਕ੍ਰਿਸ਼ਨ ਜੀ ਨੂੰ 9 ਅਕਤੂਬਰ 1661 ਭਾਵ ਕੱਤਕ ਵਦੀ 9 (ਕੱਤਕ 5) ਸੰਮਤ 1718 ਨੂੰ ਗੁਰਗੱਦੀ ਸੌਂਪ ਦਿਤੀ ਅਤੇ ਉਸੇ ਦਿਨ ਐਤਵਾਰ ਨੂੰ ਜੋਤੀ ਜੋਤਿ ਸਮਾ ਗਏ। ਕੀਰਤਪੁਰ ਸਾਹਿਬ ਵਿਚ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸੁਸ਼ੋਭਿਤ ਹੈ।