ਗੁਲਜ਼ਾਰ ਸਿੰਘ ਸੰਧੂ
ਮੈਨੂੰ ਆਪਣੀ ਸੱਜਰੀ ਪਾਕਿਸਤਾਨ ਫੇਰੀ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪੈੜ ਨੱਪਣ ਦੇ ਕਈ ਮੌਕੇ ਮਿਲੇ। ਮੇਰਾ ਜੱਦੀ ਪਿੰਡ ਸੂਨੀ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਕੇਵਲ 8-10 ਕਿਲੋਮੀਟਰ ਦੂਰ ਹੈ। ਮੇਰਾ ਜਨਮ 22 ਮਾਰਚ 1934 ਦਾ ਹੈ। ਭਗਤ ਸਿੰਘ ਨੂੰ ਮੇਰੇ ਜਨਮ ਤੋਂ ਤਿੰਨ ਸਾਲ ਪਹਿਲਾਂ 23 ਮਾਰਚ 1931 ਨੂੰ ਫਾਂਸੀ ਲੱਗੀ ਸੀ। ਮੇਰੇ ਬਚਪਨ ਵਿਚ ਮੇਰੇ ਬਾਪੂ ਜੀ ਖਟਕੜ ਕਲਾਂ ਦੀ ਗੱਲ ਬੜੇ ਮਾਣ ਨਾਲ ਕਰਿਆ ਕਰਦੇ ਸਨ। ਦੁਆਬੇ ਨਾਲ ਸਬੰਧਤ ਹੋਣ ਕਾਰਨ ਉਂਜ ਖਟਕੜ ਕਲਾਂ ਜਿਲਾ ਜਲੰਧਰ ਵਿਚ ਪੈਂਦਾ ਸੀ ਤੇ ਸੂਨੀ ਹੁਸ਼ਿਆਰਪੁਰ ਵਿਚ। ਮੇਰੀ ਭੂਆ ਦਾ ਪਿੰਡ ਹੇੜੀਆਂ, ਖਟਕੜ ਤੋਂ ਮਸਾਂ ਪੰਜ ਕਿਲੋਮੀਟਰ ਦੂਰ ਹੈ। ਇੱਕ ਵਾਰੀ ਮੇਰੇ ਜ਼ਿੱਦ ਕਰਨ ‘ਤੇ ਬਾਪੂ ਜੀ ਹੇੜੀਆਂ ਨੂੰ ਜਾਂਦੇ ਸਮੇਂ ਮੈਨੂੰ ਖਟਕੜ ਕੋਲੋਂ ਦੀ ਲੈ ਕੇ ਗਏ ਸਨ, ਆਪਣੇ ਊਠ ‘ਤੇ ਬਿਠਾ ਕੇ।
ਆਪਣੀ ਵਿਦਿਆ ਪ੍ਰਾਪਤੀ ਤੇ ਦਿੱਲੀ-ਦੱਖਣ ਘੁੰਮਦਿਆਂ ਮੇਰੇ ਮਨ ਵਿਚ ਭਗਤ ਸਿੰਘ ਦਾ ਜੋ ਬਿੰਬ ਬਣਿਆ, ਉਹ ਮੰਜੀ ਉਤੇ ਬੈਠੇ ਦਾ ਸੀ, ਇੱਕ ਹੱਥ ਨੂੰ ਹਥਕੜੀ ਲੱਗੇ ਦਾ। ਮੇਰੇ ਵਿਆਹ ਤੋਂ ਪਿਛੋਂ ਪਤਾ ਲੱਗਾ ਕਿ ਮੰਜੀ ਕੋਲ ਬੈਠਾ ਜੋ ਸਰਦਾਰ ਭਗਤ ਸਿੰਘ ਨਾਲ ਗੱਲਾਂ ਕਰ ਰਿਹਾ ਹੈ, ਉਹ ਮੇਰੀ ਪਤਨੀ ਸੁਰਜੀਤ ਕੌਰ ਦਾ ਦਾਦਾ ਸੀ-ਗੋਪਾਲ ਸਿੰਘ ਪੰਨੂ, ਨੁਸ਼ਹਿਰਾ ਪੰਨੂਆਂ ਦਾ ਜੰਮਪਲ। ਇਹ ਵੀ ਕਿ ਇਹ ਤਸਵੀਰ ਲਾਹੌਰ ਰੇਲਵੇ ਸਟੇਸ਼ਨ ਦੀ ਪੁਲਿਸ ਚੌਕੀ ਦੀ ਹੈ। ਦਾਦਾ ਜੀ ਉਸ ਵੇਲੇ ਡੀ. ਐਸ਼ ਪੀ. ਹੋਣ ਦੇ ਨਾਤੇ ਦੋਸ਼ੀ ਭਗਤ ਸਿੰਘ ਤੋਂ ਪੁੱਛ ਗਿੱਛ ਕਰ ਰਹੇ ਸਨ। ਆਪਣੀ ਫੇਰੀ ਸਮੇਂ ਅਸੀਂ ਰੇਲਵੇ ਸਟੇਸ਼ਨ ਵਾਲੀ ਉਸ ਪੁਲਿਸ ਚੌਕੀ ਕੋਲੋਂ ਵੀ ਲੰਘੇ।
ਉਂਜ ਭਗਤ ਸਿੰਘ ਦੀ ਇਸ ਗ੍ਰਿਫਤਾਰੀ ਦਾ ਸਬੰਧ ਲਾਹੌਰ ਵਿਖੇ ਦੁਸਹਿਰੇ ਮੌਕੇ ਹੋਏ ਉਸ ਬੰਬ ਧਮਾਕੇ ਨਾਲ ਦੱਸਿਆ ਗਿਆ ਹੈ, ਜਿਸ ਵਿਚ 9 ਬੰਦੇ ਮਾਰੇ ਗਏ ਸਨ ਤੇ 50 ਜਖਮੀ ਜ਼ਖਮੀ ਹੋਏ ਸਨ। ਇਹ ਧਮਾਕਾ ਸੱਤ ਮਹੀਨੇ ਪਹਿਲਾਂ 25 ਅਕਤੂਬਰ 1926 ਨੂੰ ਹੋਇਆ ਸੀ ਤੇ ਗ੍ਰਿਫਤਾਰੀ 29 ਮਈ 1927 ਨੂੰ ਹੋਈ ਦੱਸੀ ਗਈ ਸੀ। ਨਿਸਚੇ ਹੀ ਇਸ ਗ੍ਰਿਫਤਾਰੀ ਦਾ ਉਸ ਧਮਾਕੇ ਨਾਲ ਕੋਈ ਸਬੰਧ ਨਹੀਂ ਸੀ। ਗੋਪਾਲ ਸਿੰਘ ਪੰਨੂ ਦੀ ਤਫਤੀਸ਼ ਉਪਰੰਤ ਭਗਤ ਸਿੰਘ ਨੂੰ ਜ਼ਮਾਨਤ ‘ਤੇ ਛਡਣਾ ਪੈ ਗਿਆ, ਪਰ ਗੋਰੀ ਸਰਕਾਰ ਨੇ ਜ਼ਮਾਨਤ 20,000 ਦੇ ਜਾਤੀ ਮੁਚੱਲਕੇ ਅਤੇ 20,000 ਦੇ ਦੋ ਜਾਮਨ ਰੱਖ ਦਿੱਤੀ, ਜੋ ਇਕ ਸਦੀ ਪਹਿਲਾਂ ਬਹੁਤ ਭਾਰੀ ਜ਼ਮਾਨਤ ਸੀ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਲਈ ਵੀ ਇਹ ਔਖਾ ਸੀ। ਫੇਰ ਵੀ ਕਿਸ਼ਨ ਸਿੰਘ ਦੇ ਦੋਸਤਾਂ ਅਤੇ ਸੁਤੰਤਰਤਾ ਸੰਗਰਾਮ ਨਾਲ ਹਮਦਰਦੀ ਰੱਖਣ ਵਾਲਿਆਂ ਨੇ ਜ਼ਮਾਨਤ ਦੇ ਕੇ ਭਗਤ ਸਿੰਘ ਨੂੰ ਛੁਡਵਾ ਲਿਆ ਸੀ। ਆਉਂਦੇ ਵਰ੍ਹੇ ਇੱਕ ਵਾਰ ਫੇਰ ਦੁਸਹਿਰੇ ਸਮੇਂ ਬੰਬ ਧਮਾਕਾ ਹੋਇਆ, ਜਿਸ ਵਿਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਉਹ ਟੋਲੀ ਜ਼ਰੂਰ ਫੜੀ ਗਈ ਜੋ ਧਮਾਕੇ ਕਰਦੀ ਸੀ। ਇਸ ਦਾ ਭਗਤ ਸਿੰਘ ਨਾਲ ਉਕਾ ਕੋਈ ਸਬੰਧ ਨਹੀਂ ਸੀ, ਭਾਵ ਉਹ ਉਸ ਵੇਲੇ ਬੇਕਸੂਰ ਸੀ।
ਪਰ ਭਗਤ ਸਿੰਘ ਤੇ ਉਸ ਦੇ ਸਾਥੀ ਬਾਜ਼ ਆਉਣ ਵਾਲੇ ਨਹੀਂ ਸਨ। 30 ਅਕਤੂਬਰ 1928 ਨੂੰ ਸਾਈਮਨ ਕਮਿਸ਼ਨ ਨੇ ਲਾਹੌਰ ਆਉਣਾ ਸੀ ਤਾਂ ਇਨ੍ਹਾਂ ਨੌਜਵਾਨਾਂ ਵਲੋਂ ਸਥਾਪਤ ਕੀਤੀ ਭਾਰਤ ਸਭਾ ਨੇ ਲਾਹੌਰ ਕਾਂਗਰਸ ਨਾਲ ਮਿਲ ਕੇ ਕਮਿਸ਼ਨ ਦਾ ਰਸਤਾ ਰੋਕਣ ਵਿਚ ਕੋਈ ਕਸਰ ਨਾ ਛੱਡੀ। ਜਦੋਂ ਲਾਲਾ ਲਾਜਪਤ ਰਾਏ ਦੀ ਕਮਾਂਡ ਥੱਲੇ ਸਭਾ ਦੇ ਨੌਜਵਾਨਾਂ ਨੇ ਪੁਲਿਸ ਨੂੰ ਬੇਵਸ ਕਰ ਦਿੱਤਾ ਤਾਂ ਐਸ਼ ਪੀ. ਸਕਾਟ ਨੇ ਲਾਠੀਚਾਰਜ ਦਾ ਹੁਕਮ ਦੇ ਛੱਡਿਆ, ਜਿਸ ਨੂੰ ਸਹਾਇਕ ਐਸ਼ ਪੀ. ਸਾਂਡਰਸ ਨੇ ਖੂਬ ਵਰਤਿਆ। ਇਥੋਂ ਤੱਕ ਕਿ ਲਾਠੀਚਾਰਜ ਦੀ ਮਾਰ ਥੱਲੇ ਆਏ ਲਾਲਾ ਜੀ ਢਾਈ ਹਫਤੇ ਦੇ ਅੰਦਰ ਅੰਦਰ ਸ਼ਹੀਦ ਹੋ ਗਏ। ਭਗਤ ਸਿੰਘ ਤੇ ਉਸ ਦੇ ਨੌਜਵਾਨ ਸਾਥੀ ਉਸ ਵੇਲੇ ਤਾਂ ਲਾਠੀਚਾਰਜ ਕਰਨ ਵਾਲਿਆਂ ਨਾਲ ਸਿੱਝ ਨਾ ਸਕੇ, ਪਰ ਉਨ੍ਹਾਂ ਨੇ ਇਸ ਦਾ ਬਦਲਾ ਲੈਣ ਦੀ ਸਹੁੰ ਖਾ ਲਈ।
ਉਨ੍ਹਾਂ ਨੇ ਫੈਸਲਾ ਕੀਤਾ ਕਿ ਨਿਸ਼ਚਿਤ ਦਿਨ ਤੇ ਸਮੇਂ ਅਨੁਸਾਰ ਜਦੋਂ ਐਸ਼ ਪੀ. ਸਕਾਟ ਆਪਣੇ ਦਫਤਰ ਤੋਂ ਬਾਹਰ ਆਏਗਾ ਤਾਂ ਉਸ ਨੂੰ ਨਹੀਂ ਛੱਡਣਾ। ਹੋਇਆ ਇਹ ਕਿ ਉਸ ਦਿਨ ਸਕਾਟ ਕਿਧਰੇ ਟੂਰ ‘ਤੇ ਗਿਆ ਹੋਇਆ ਸੀ ਤੇ ਮੌਕੇ ਦੀ ਤਾੜ ਵਿਚ ਬੈਠੇ ਨੌਜਵਾਨਾਂ ਨੇ ਭੁਲੇਖੇ ਵਿਚ ਏ. ਐਸ਼ ਪੀ. ਸਾਂਡਰਸ ਫੁੰਡ ਛਡਿਆ। ਇਹ ਘਟਨਾ 17 ਦਸੰਬਰ 1928 ਨੂੰ ਵਾਪਰੀ। ਸਾਂਡਰਸ ਦਾ ਕਤਲ ਉਸ ਕੇਸ ਦਾ ਹਿੱਸਾ ਵੀ ਬਣਿਆ, ਜਿਸ ਨੂੰ ਗੋਰੀ ਸਰਕਾਰ ਨੇ ਲਾਹੌਰ ਸਾਜਿਸ਼ ਕੇਸ ਦਾ ਨਾਂ ਦਿੱਤਾ; ਤੇ ਜਿਸ ਤਹਿਤ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ।
ਭਗਤ ਸਿੰਘ ਦੀ ਵਿਦਿਆ ਵਾਲਾ ਨੈਸ਼ਨਲ ਕਾਲਜ ਵੀ ਬੰਦ ਹੋ ਚੁਕਾ ਹੈ ਤੇ ਸੈਂਟਰਲ ਜੇਲ੍ਹ ਵੀ, ਜਿੱਥੇ ਤਿੰਨਾਂ ਸੂਰਬੀਰਾਂ ਨੂੰ ਫਾਂਸੀ ਲੱਗੀ ਸੀ, ਉਹ ਥਾਂ ਹੁਣ ਯਾਦਗਾਰ ਚੌਕ ਨੇ ਲੈ ਲਈ ਹੈ। ਅਸੀਂ ਇਨ੍ਹਾਂ ਥਾਂਵਾਂ ਉਤੋਂ ਵੀ ਲੰਘੇ। ਇੱਕ ਪੜਾਅ ਉਤੇ ਸੁਰਜੀਤ ਦੇ ਦਾਦਾ ਗੋਪਾਲ ਸਿੰਘ ਅਨਾਰਕਲੀ ਥਾਣੇ ਦੇ ਐਸ਼ ਐਚ. ਓ. ਵੀ ਰਹੇ। ਅਸੀਂ ਉਹ ਥਾਣਾ ਵੀ ਵੇਖਿਆ। ਉਨ੍ਹਾਂ ਦਿਨਾਂ ਵਿਚ ਹੀ ਗੋਪਾਲ ਸਿੰਘ ਦਾ ਬੇਟਾ ਹਰਬੰਸ ਸਿੰਘ ਪੰਨੂ ਲਾਹੌਰ ਵਿਚ ਵਕਾਲਤ ਕਰਦਾ ਸੀ, ਜਦੋਂ ਉਸ ਦੇ ਘਰ ਸੁਰਜੀਤ ਦਾ ਜਨਮ ਹੋਇਆ। ਇਸ ਫੇਰੀ ਸਮੇਂ ਸੁਰਜੀਤ ਨੂੰ ਆਪਣੇ ਲਾਹੌਰ ਵਿਚ ਜਨਮੇ ਹੋਣ ਦੀ ਗੱਲ ਵੀ ਕਈ ਵਾਰ ਦੁਹਰਾਉਣੀ ਪਈ, ਖਾਸ ਕਰਕੇ Ḕਜਿਸ ਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆਂ ਹੀ ਨਹੀਂ’ ਦੇ ਪ੍ਰਸੰਗ ਵਿਚ। ਇਨ੍ਹਾਂ ਗੱਲਾਂ ਕਰਕੇ ਆਪਣੀ ਇਸ ਫੇਰੀ ਸਮੇਂ ਲਾਹੌਰ ਘੁੰਮਦਿਆਂ ਮੈਨੂੰ ਵੀ ਜਾਪਿਆ ਜਿਵੇਂ ਮੈਂ ਆਪਣੇ ਸਹੁਰਿਆਂ ਦੇ ਸ਼ਹਿਰ ਵਿਚ ਗਿਆ ਹੋਵਾਂ।
ਲਾਹੌਰ ਤੋਂ ਪਰਤਦਿਆਂ ਮੈਂ ਆਪਣੇ ਪਿੰਡ ਤੋਂ ਆਪਣੀ ਕਾਰ ਚੁੱਕਣੀ ਸੀ। ਪਤਾ ਲੱਗਾ ਕਿ ਪੰਜਾਬ ਦੇ ਸਭਿਆਚਾਰ ਤੇ ਯਾਤਰਾ ਮੰਤਰਾਲੇ ਨੇ ਖੜਕੜ ਕਲਾਂ ਵਾਲੇ ਸ਼ਹੀਦ ਨਾਲ ਸਬੰਧਤ ਅਜਾਇਬ ਘਰ ਨੂੰ ਆਡੀਓ-ਵੀਡੀਓ ਤਕਨੀਕਾਂ ਰਾਹੀਂ ਨਵੇਂ ਸਿਰਿਉਂ ਉਸਾਰਿਆ ਹੈ, ਜਿਸ ਲਈ ਪੈਸੇ ਦਾ ਪ੍ਰਬੰਧ ਕਾਂਗਰਸੀ ਨੇਤਾ ਤੇ ਅਨੰਦਪੁਰ ਸਾਹਿਬ ਦੀ ਸਾਬਕਾ ਸੰਸਦ ਮੈਂਬਰ ਅੰਬਿਕਾ ਸੋਨੀ ਨੇ ਕੀਤਾ ਹੈ। ਅਸੀਂ ਅਜਾਇਬ ਘਰ ਪਹੁੰਚੇ ਤਾਂ ਕੀ ਵੇਖਦੇ ਹਾਂ ਕਿ ਭਗਤ ਸਿੰਘ ਦਾ ਬੁੱਤ ਸੜਕ ਤੋਂ ਦੂਰ ਚਲਾ ਗਿਆ ਹੈ ਤੇ ਉਸ ਦੇ ਪਿਛਲੇ ਪਾਸੇ ਕੁਝ ਕਮਰੇ ਤੇ ਹਾਲ ਕਮਰੇ ਉਸਾਰੇ ਗਏ ਹਨ ਤਾਂ ਕਿ ਅਜਾਇਬ ਘਰ ਨੂੰ ਹਰ ਪੱਖ ਤੋਂ ਨਵਿਆਇਆ ਜਾ ਸਕੇ। ਪ੍ਰਵੇਸ਼ ਦੁਆਰ ‘ਤੇ ਸੇਵਾ ਨਿਭਾ ਰਹੇ ਸੁਪਰਵਾਈਜ਼ਰ ਅਮਰਜੀਤ ਸਿੰਘ ਨੇ ਮੈਨੂੰ ਪਛਾਣ ਲਿਆ। ਉਹ ਮੇਰੀ Ḕਦੇਸ਼ ਸੇਵਕḔ ਦੀ ਸੰਪਾਦਕੀ ਸਮੇਂ ਮੈਨੂੰ ਮਿਲ ਚੁਕਾ ਸੀ। ਉਥੇ ਜੋਧ ਸਿੰਘ ਗੈਲਰੀ ਇੰਚਾਰਜ ਵੀ ਮੇਰਾ ਜਾਣੂ ਨਿਕਲ ਆਇਆ। ਉਨ੍ਹਾਂ ਤੋਂ ਪਤਾ ਲੱਗਾ ਕਿ ਦੋ ਦਿਨ ਪਹਿਲਾਂ ਮੈਡਮ ਅੰਬਿਕਾ ਸੋਨੀ ਵੀ ਉਥੇ ਗਈ ਸੀ।
ਉਨ੍ਹਾਂ ਦੋਹਾਂ ਨੇ ਸਾਨੂੰ ਵੀ ਨਵਾਂ ਅਜਾਇਬ ਘਰ ਉਨੇ ਹੀ ਉਤਸ਼ਾਹ ਨਾਲ ਵਿਖਾਇਆ, ਜਿੰਨਾ ਅੰਬਿਕਾ ਸੋਨੀ ਨੂੰ ਵਿਖਾਇਆ ਸੀ। ਜਦੋਂ ਭਗਤ ਸਿੰਘ ਦੀ ਮੰਜੀ ਵਾਲੀ ਤਸਵੀਰ ਕੋਲੋਂ ਲੰਘੇ ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਗੋਪਾਲ ਸਿੰਘ ਪੰਨੂ (ਉਥੇ ਗਲਤੀ ਨਾਲ ਪੰਨਾ ਲਿਖਿਆ ਗਿਆ ਹੈ) ਮੇਰੀ ਪਤਨੀ ਦੇ ਦਾਦਾ ਜੀ ਸਨ ਤਾਂ ਉਨ੍ਹਾਂ ਨੇ ਬਾਕੀ ਦੇ ਦ੍ਰਿਸ਼ ਹੋਰ ਵੀ ਪਿਆਰ ਨਾਲ ਦਿਖਾਏ, ਦੁਰਗਾ ਭਾਬੀ ਤੇ ਜਲ੍ਹਿਆਂ ਵਾਲਾ ਬਾਗ ਦੇ ਸਾਕੇ ਸਮੇਤ। ਇਹ ਦੱਸਦਿਆਂ ਕਿ ਉਸ ਸਾਕੇ ਉਪਰੰਤ ਭਗਤ ਸਿੰਘ ਆਪਣੇ ਮਾਪਿਆਂ ਨੂੰ ਦੱਸੇ ਬਿਨਾ ਸਾਕੇ ਵਾਲਾ ਸਥਾਨ ਦੇਖ ਆਇਆ ਸੀ ਤੇ ਵਾਪਸੀ ਉਤੇ ਆਪਣੇ ਸਾਥੀਆਂ ਨੂੰ ਕਹਿ ਰਿਹਾ ਸੀ ਕਿ ਗੋਰੀ ਸਰਕਾਰ ਦੇ ਏਡੇ ਜ਼ੁਲਮ ਉਤੇ ਵੀ ਸਾਡੇ ਲੋਕ ਚੁੱਪ ਹਨ। ਉਥੇ ਸਭ ਤਸਵੀਰਾਂ (ਭਗਤ ਸਿੰਘ ਦੀ ਡਾਇਰੀ ਦੇ ਪੰਨਿਆਂ ਸਮੇਤ ਦਾ ਆਕਾਰ ਵੱਡਾ ਕੀਤਾ ਗਿਆ ਹੈ। ਦਰਸ਼ਕਾਂ ਨੂੰ ਦੱਸਣ ਲਈ ਇੱਕ ਬੰਬ ਗੋਲਾ ਵੀ ਬਣਾਇਆ ਹੋਇਆ ਹੈ ਤਾਂ ਕਿ ਅਸੈਂਬਲੀ ਵਿਚ ਬੰਬ ਸੁੱਟਣ ਦੀ ਘਟਨਾ ‘ਤੇ ਚਾਨਣਾ ਪਾਇਆ ਜਾ ਸਕੇ। ਸਭ ਤੋਂ ਪ੍ਰਭਾਵੀ ਪੇਸ਼ਕਾਰੀ ਭਗਤ ਸਿੰਘ ਦੇ ਮਾਤਾ ਜੀ ਸ੍ਰੀਮਤੀ ਵਿਦਿਆਵਤੀ ਦੇ ਬੋਲਾਂ ਵਾਲੀ ਹੈ, ਜੋ ਉਸ ਨੇ 1963 ਵਿਚ ਮਾਲਵਿੰਦਰਜੀਤ ਸਿੰਘ ਵੜੈਚ ਵਲੋਂ ਕੀਤੀ ਇੱਕ ਇੰਟਰਵੀਊ ਸਮੇਂ ਬੋਲੇ। ਬੋਲਾਂ ਵਿਚ ਮਾਤਾ ਜੀ ਦਾ ਸਹਿਜ ਤੇ ਹੌਸਲਾ ਬੜਾ ਹੀ ਪ੍ਰਭਾਵੀ ਹੈ, ਆਪਣੇ ਬੇਟੇ ਦੀ ਦਲੇਰੀ ਬਾਰੇ ਮਾਣ ਭਰਿਆ।
ਚੰਡੀਗੜ੍ਹ ਪਹੁੰਚ ਕੇ ਮੈਂ ਆਪਣੇ ਮਿੱਤਰ ਸ਼ ਵੜੈਚ ਨੂੰ ਵੀ ਮਿਲਿਆ ਅਤੇ ਸ਼ਹੀਦ ਤੇ ਸ਼ਹੀਦ ਦੀ ਮਾਤਾ ਜੀ ਬਾਰੇ ਹੋਰ ਵੀ ਗੱਲਾਂ ਸਾਂਝੀਆਂ ਕੀਤੀਆਂ। ਸ਼ਹੀਦ ਦੇ ਦਾਦਾ ਅਰਜਨ ਸਿੰਘ ਤੇ ਦਾਦੀ ਜੈ ਕੌਰ, ਚਾਚਾ ਅਜੀਤ ਸਿੰਘ ਤੇ ਚਾਚੀ ਹਰਨਾਮ ਕੌਰ, ਚਾਚਾ ਸਵਰਨ ਸਿੰਘ ਤੇ ਚਾਚੀ ਹੁਕਮ ਕੌਰ ਬਾਰੇ ਹੀ ਨਹੀਂ, ਰਾਜ ਗੁਰੂ, ਸੁਖਦੇਵ ਤੇ ਚੰਦਰ ਸ਼ੇਖਰ ਆਜ਼ਾਦ ਦੇ ਸੁਭਾਅ ਬਾਰੇ ਵੀ ਉਨ੍ਹਾਂ ਦੱਸਿਆ ਕਿ ਸਾਂਡਰਸ ਦੇ ਗੋਲੀ ਮਾਰਨ ਵਿਚ ਰਾਜ ਗੁਰੂ ਦੀ ਪਹਿਲਕਦਮੀ ਦਾ ਕਾਰਨ ਇਹ ਸੀ ਕਿ ਉਹ ਆਪਣੇ ਸਾਥੀਆਂ ਵਿਚ ਮੀਰੀ ਹੋਣਾ ਚਾਹੁੰਦਾ ਸੀ। ਇਹ ਵੀ ਕਿ ਉਸ ਵੇਲੇ ਇਹ ਸਾਰੀ ਕਾਢ ਤੇ ਪਲਾਨਿੰਗ ਸੁਖਦੇਵ ਨੇ ਕੀਤੀ ਸੀ।
ਸ਼ ਵੜੈਚ ਨੇ ਭਗਤ ਸਿੰਘ ਦੇ ਮਨ ਉਤੇ ਕਰਤਾਰ ਸਿੰਘ ਸਰਾਭਾ ਦੇ ਪ੍ਰਭਾਵ ਦੀ ਗੱਲ ਵੀ ਪੂਰੀ ਤਫਸੀਲ ਨਾਲ ਦੱਸੀ, ਸ਼ਹੀਦ ਦੀ ਜਲ੍ਹਿਆਂ ਵਾਲਾ ਬਾਗ ਦੀ ਫੇਰੀ ਨਾਲ ਜੋੜ ਕੇ। ਇਹ ਦਰਸਾਉਣ ਲਈ ਕਿ ਭਗਤ ਸਿੰਘ ਦੀਆਂ ਨਾੜਾਂ ਵਿਚ ਤਾਂ ਚਾਚਾ ਅਜੀਤ ਸਿੰਘ ਦਾ ਖੂਨ ਸੀ, ਪਰ ਅਸਲੀ ਉਤਸ਼ਾਹ ਸਰਾਭਾ ਦੀ ਸ਼ਹੀਦੀ ਤੇ ਜਲ੍ਹਿਆਂ ਵਾਲੇ ਦੇ ਸਾਕੇ ਨੇ ਭਰਿਆ।
ਚੇਤੇ ਰਹੇ, ਮਾਲਵਿੰਦਰਜੀਤ ਸਿੰਘ ਵੜੈਚ ਨੇ ਹਰੀਸ਼ ਜੈਨ ਤੇ ਗੁਰਦੇਵ ਸਿੰਘ ਸਿੱਧੂ ਨਾਲ ਗਦਰੀ ਬਾਬਿਆਂ, ਭਗਤ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀ ਇਨਕਲਾਬੀਆਂ ਦੇ ਜੀਵਨ ਤੇ ਯੋਗਦਾਨ ਬਾਰੇ ਦੋ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਹਨ ਅਤੇ ਬਹੁਤ ਸਾਰੇ ਕੀਮਤੀ ਦਸਤਾਵੇਜ਼ ਰੋਸ਼ਨੀ ਵਿਚ ਲਿਆਂਦੇ ਹਨ। ਇਹ ਕੰਮ ਬਾਦਸਤੂਰ ਜਾਰੀ ਹੈ।
ਅੰਤਿਕਾ: ਇੱਕ ਲੋਕ ਦੋਹਾ
ਜਣਨੀ ਜਣੇ ਤਾਂ ਭਗਤ ਜਨ,
ਜਾਂ ਦਾਤਾ ਜਾਂ ਸੂਰ।
ਨਹੀਂ ਤਾਂ ਜਣਨੀ ਬਾਂਝ ਰਹੇ
ਕਾਹੇ ਗੰਵਾਏ ਨੂਰ।