ਮਨੁੱਖ ਅਤੇ ਜਾਨਵਰਾਂ ਦੇ ਵਿਗੜੇ ਸਬੰਧ

ਰਾਜਿੰਦਰ ਸਿੰਘ ਖਹਿਰਾ
ਫੋਨ: 559-267-3634
ਮਨੁੱਖ ਸਾਰੇ ਜੀਵ-ਜੰਤੂਆਂ, ਪਸੂæ-ਪਰਿੰਦਿਆਂ ਵਿਚੋਂ ਸੂਝਵਾਨ ਹੈ ਕਿਉਂਕਿ ਇਸ ਕੋਲ ਆਪਸੀ ਸੰਵਾਦ ਰਚਾਉਣ ਲਈ ਭਾਸ਼ਾ ਹੈ। ਸ੍ਰਿਸ਼ਟੀ ਦੇ ਦੂਸਰੇ ਪ੍ਰਾਣੀਆਂ ਵਿਚ ਇਕ ਸੀਮਤ ਮਾਤਰਾ ਵਿਚ ਆਪਣੇ ਮਨ ਦੇ ਭਾਵ ਪ੍ਰਗਟਾਉਣ ਲਈ ਭਾਸ਼ਾ ਹੁੰਦੀ ਹੈ। ਜਾਨਵਰਾਂ ਦੀ ਵੀ ਭਾਸ਼ਾ ਹੈ ਪਰ ਸੀਮਤ। ਭਾਸ਼ਾ ਰਾਹੀਂ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਕੌਮ ਕੋਲ ਮਜਬੂਤ ਭਾਸ਼ਾ ਹੈ, ਉਹ ਬਲਵਾਨ ਹੈ। ਦੂਸਰੇ ਸ਼ਬਦਾਂ ਵਿਚ ਜਿਸ ਕੌਮ ਨੇ ਆਪਣੀ ਭਾਸ਼ਾ ਨੂੰ ਪ੍ਰਫੁਲਤ ਕਰਕੇ ਗਿਆਨ ਦੇ ਸਾਧਨ ਵੰਡਣਯੋਗ ਬਣਾ ਲਿਆ, ਉਸ ਨੇ ਸੰਸਾਰ ‘ਤੇ ਰਾਜ ਕੀਤਾ। ਅੱਜ ਗੋਰਿਆਂ ਦੀ ਅੰਗਰੇਜੀ ਸਾਰੇ ਸੰਸਾਰ ‘ਤੇ ਰਾਜ ਕਰਦੀ ਹੈ। ਦੁਨਿਆਵੀ ਗਿਆਨ ਦੇ ਬਹੁਤੇ ਸਾਧਨ ਅੰਗਰੇਜੀ ਵਿਚ ਹਨ। ਦੁਨੀਆਂ ਦੇ ਮਹਾਨ ਵਿਦਵਾਨਾਂ ਨੇ ਵੱਖ ਵੱਖ ਭਾਸ਼ਾਵਾਂ ਨੂੰ ਪ੍ਰਫੁਲਤ ਕਰਕੇ ਮਨੁੱਖੀ ਸਮਾਜਿਕ ਵਰਤਾਰੇ ਨੂੰ ਸੌਖਾ ਕੀਤਾ। ਸ਼ਾਇਦ ਇਸੇ ਕਰਕੇ ਗੁਰੂ ਨਾਨਕ ਨੇ ਭਾਸ਼ਾ ਰੂਪੀ ‘ਸ਼ਬਦ’ ਨੂੰ ਗੁਰੂ ਕਿਹਾ ਹੈ। ਅੱਜ ਸ੍ਰਿਸ਼ਟੀ ਦੇ ਸਿਰਮੌਰ ਪ੍ਰਾਣੀ ਅਤੇ ਦੂਸਰੇ ਪ੍ਰਾਣੀਆਂ ਦੇ ਵਿਗੜੇ ਸਬੰਧਾਂ ਬਾਰੇ ਕੁਝ ਚਰਚਾ ਕਰਾਂਗੇ।
ਕਹਿੰਦੇ ਹਨ ਜਦੋਂ ਮਨੁੱਖ ਜੰਗਲਾਂ ਵਿਚ ਰਹਿੰਦਾ ਸੀ ਤਾਂ ਜੰਗਲ ਦੇ ਜਾਨਵਰਾਂ ਅਤੇ ਮਨੁੱਖਾਂ ਵਿਚ ਆਪਸੀ ਸਾਂਝ ਸੀ ਪਰ ਜਿਉਂ ਜਿਉਂ ਮਨੁੱਖ ਨੇ ਤਰੱਕੀ ਕੀਤੀ, ਇਸ ਨੇ ਆਪਣੀ ਖੁਦਗਰਜ਼ੀ ਅਧੀਨ ਜਾਨਵਰਾਂ ਨੂੰ ਗੁਲਾਮ ਬਣਾ ਆਪਣੇ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਹਾਥੀ, ਘੋੜੇ, ਬਲਦ, ਊਠ, ਮੱਝਾਂ-ਗਾਵਾਂ ਅਤੇ ਹੋਰ ਜਾਨਵਰਾਂ ਦੇ ਨੱਕਾਂ, ਕੰਨਾਂ, ਮੂੰਹਾਂ ਵਿਚ ਨਕੇਲਾਂ ਪਾ ਮਨੁੱਖ ਨੇ ਜਾਨਵਰਾਂ ਦਾ ਸ਼ੋਸ਼ਣ ਕੀਤਾ। ਅੱਜ ਵੀ ਹਿੰਦੋਸਤਾਨ ਵਿਚ ਜਿਹੜੇ ਬਲਦ ਖੇਤਾਂ ਵਿਚ ਕੰਮ ਕਰਨ ਜੋਗੇ ਨਹੀਂ ਰਹਿੰਦੇ, ਜਿਹੜੀਆਂ ਮੱਝਾਂ ਗਾਵਾਂ ਦੁੱਧ ਦੇਣ ਜੋਗੀਆਂ ਨਹੀਂ ਰਹਿੰਦੀਆਂ ਜਾਂ ਤਾਂ ਉਨ੍ਹਾਂ ਨੂੰ ਭੁੱਖਿਆਂ ਮਰਨ ਲਈ ਸੜਕਾਂ ‘ਤੇ ਛੱਡ ਦਿੱਤਾ ਜਾਂਦਾ ਹੈ ਜਾਂ ਫਿਰ ਬੁਚੜਖਾਨੇ ਮਰਨ ਲਈ ਭੇਜ ਦਿੱਤਾ ਜਾਂਦਾ ਹੈ। ਮਨੁੱਖ ਦੀ ਇਸ ਖੁਦਗਰਜ਼ੀ ਕਰਕੇ ਜਾਨਵਰਾਂ ਵਿਚ ਮਨੁੱਖਾਂ ਪ੍ਰਤੀ ਘਿਰਣਾ ਵਧਦੀ ਗਈ। ਪੁਰਾਣੇ ਜ਼ਮਾਨੇ ਵਿਚ ਜੱਟ ਅਤੇ ਬਲਦ ਦਾ ਖਾਸ ਰਿਸ਼ਤਾ ਹੁੰਦਾ ਸੀ। ਘੋੜੇ ਦੇ ਮਾਲਕ ਅਤੇ ਘੋੜੇ ਵਿਚ ਵਿਸ਼ੇਸ ਸਬੰਧ ਹੁੰਦੇ ਸਨ। ਇਸੇ ਕਰਕੇ ਬੁੱਢੇ ਹੋਏ ਜਾਨਵਰਾਂ ਦੀ ਮਨੁੱਖ ਇਨਸਾਨੀ ਬਜੁਰਗਾਂ ਦੀ ਤਰ੍ਹਾਂ ਸੇਵਾ ਕਰਦਾ ਸੀ ਪਰ ਸਮੇਂ ਨਾਲ ਪਦਾਰਥਵਾਦ ਦੀ ਦੌੜ ਜਾਂ ਫਿਰ ਖੁਦਗਰਜ਼ੀ ਦੀ ਹਨੇਰੀ ਅੱਗੇ ਜਾਨਵਰਾਂ ਅਤੇ ਮਨੁੱਖਾਂ ਦੇ ਆਪਸੀ ਸਬੰਧਾਂ ਦੀ ਦੀਵਾਰ ਡਿੱਗ ਗਈ। ਮਨੁੱਖ ਦੇ ਸਤਾਏ, ਤਿਆਗੇ ਜਾਨਵਰ ਕਈ ਵਾਰੀ ਇੰਨੇ ਬਾਗੀ ਅਤੇ ਬਦਲਾਖੋਰ ਬਣ ਜਾਂਦੇ ਹਨ ਕਿ ਮਨੁੱਖ ਦੀ ਜਾਨ ਲੈਣ ‘ਤੇ ਉਤਾਰੂ ਹੋ ਜਾਂਦੇ ਹਨ। ਝੋਟਿਆਂ, ਊਠਾਂ, ਹਾਥੀਆਂ, ਸਰਕਸ ਦੇ ਸ਼ੇਰਾਂ, ਬਘਿਆੜਾਂ ਆਦਿ ਨੇ ਮਨੁੱਖਾਂ ‘ਤੇ ਹਮਲੇ ਕਰਕੇ ਕਈ ਜਾਨਾਂ ਲਈਆਂ ਹਨ। ਹਿੰਦੋਸਤਾਨ ਦੀਆਂ ਸੜਕਾਂ ‘ਤੇ ਬੇਫਿਕਰੀ ਨਾਲ ਬੈਠੀਆਂ ਅਵਾਰਾ ਗਊਆਂ ਕਰਕੇ ਹਜ਼ਾਰਾਂ ਕੀਮਤੀ ਮਨੁੱਖੀ ਜਾਨਾਂ ਹਰ ਸਾਲ ਜਾਂਦੀਆਂ ਹਨ।
ਪੁਰਾਤਨ ਕਥਾ ਹੈ ਕਿ ਕੁੱਤੇ ਨੇ ਆਪਣਾ ਦੋਸਤ ਬਣਾਉਣ ਲਈ ਮਨ ਬਣਾਇਆ। ਉਸ ਨੇ ਸੋਚਿਆ ਜੋ ਸਾਰੇ ਜਾਨਵਰਾਂ ਤੋਂ ਤਕੜਾ ਹੋਵੇਗਾ, ਮੈਂ ਉਸ ਨੂੰ ਦੋਸਤ ਬਣਾਵਾਂਗਾ। ਰਸਤੇ ਵਿਚ ਉਸ ਨੂੰ ਛੋਟੇ ਜਾਨਵਰਾਂ ਦਾ ਸ਼ਿਕਾਰ ਕਰਦਿਆਂ ਬਘਿਆੜ ਮਿਲਿਆ। ਛੋਟੇ ਜਾਨਵਰ ਬਘਿਆੜ ਤੋਂ ਡਰਦੇ ਇਧਰ ਉਧਰ ਛੁਪਦੇ। ਕੁੱਤੇ ਨੇ ਸੋਚਿਆ ਬਸ ਇਹੀ ਮੇਰਾ ਮਿੱਤਰ ਬਣਨ ਦੇ ਲਾਇਕ ਹੈ ਜਿਸ ਤੋਂ ਐਨੇ ਜਾਨਵਰ ਡਰਦੇ ਹਨ। ਉਸ ਨੇ ਬਘਿਆੜ ਨੂੰ ਆਪਣਾ ਦੋਸਤ ਬਣਾ ਲਿਆ। ਕੁਝ ਦਿਨਾਂ ਬਾਅਦ ਜੰਗਲ ਵਿਚ ਬਘਿਆੜ ਨਾਲ ਘੁੰਮਦਿਆਂ ਦੋਨਾਂ ਦਾ ਸਾਹਮਣਾ ਭਾਲੂ ਨਾਲ ਹੋ ਗਿਆ। ਭਾਲੂ ਤੋਂ ਡਰਦਾ ਬਘਿਆੜ ਭੱਜ ਨਿਕਲਿਆ। ਹੁਣ ਕੁੱਤੇ ਨੂੰ ਬਘਿਆੜ ਕਮਜ਼ੋਰ ਨਜਰ ਆਇਆ। ਬਘਿਆੜ ਛੱਡ ਉਸ ਨੇ ਝੱਟ ਭਾਲੂ ਨਾਲ ਦੋਸਤੀ ਕਰ ਲਈ। ਭਾਲੂ ਦੀ ਦੋਸਤੀ ਦਾ ਆਨੰਦ ਮਾਣਦਿਆਂ। ਕਈ ਸਾਲਾਂ ਬਾਅਦ ਇਨ੍ਹਾਂ ਦਾ ਟਾਕਰਾ ਸ਼ੇਰ ਨਾਲ ਹੋ ਗਿਆ। ਸ਼ੇਰ ਤੋਂ ਡਰਦਾ ਭਾਲੂ ਗੁਫਾ ਵਿਚ ਲੁਕ ਗਿਆ। ਕੁੱਤੇ ਦਾ ਵਿਸ਼ਵਾਸ ਭਾਲੂ ਤੋਂ ਵੀ ਉਠ ਗਿਆ। ਉਸ ਨੇ ਸ਼ੇਰ ਨਾਲ ਦੋਸਤੀ ਕਰ ਲਈ। ਸ਼ੇਰ ਵਲੋਂ ਕੀਤੇ ਸ਼ਿਕਾਰ ਵਿਚੋਂ ਬਚੇ ਮਾਸ ਨਾਲ ਆਪਣਾ ਢਿੱਡ ਭਰਦਾ। ਇੱਕ ਦਿਨ ਜੰਗਲ ਵਿਚ ਸ਼ਿਕਾਰੀ ਮਨੁੱਖਾਂ ਦੀ ਟੋਲੀ ਵੇਖ ਸ਼ੇਰ ਭੱਜ ਨਿਕਲਿਆ। ਕੁੱਤਾ ਕਹਿੰਦਾ, ਜਾਹ ਉਏ ਸ਼ੇਰਾ, ਮੈਂ ਤਾਂ ਤੈਨੂੰ ਵੱਡਾ ਤਾਕਤਵਰ ਸਮਝਦਾ ਸੀ, ਤੂੰ ਤਾਂ ਡਰਪੋਕ ਨਿਕਲਿਆ, ਐਨੇ ਸਾਲ ਭਲੇਖੇ ਨਾਲ ਹੀ ਤੈਨੂੰ ਸ਼ਕਤੀਸ਼ਾਲੀ ਸਮਝ ਖਰਾਬ ਕਰ ਦਿੱਤੇ, ਤੇਰੀ ਦੋਸਤੀ ਛੱਡੀ! ਅੱਜ ਤੋਂ ਮੇਰਾ ਅਸਲੀ ਦੋਸਤ ਜੋ ਸਾਰੇ ਪ੍ਰਾਣੀਆਂ ਤੋਂ ਤਾਕਤਵਰ ਹੈ, ਮੈਨੂੰ ਮਿਲ ਗਿਆ। ਉਸ ਦਿਨ ਤੋਂ ਕੁੱਤੇ ਨੇ ਮਨੁੱਖ ਨੂੰ ਆਪਣਾ ਮਿੱਤਰ ਬਣਾ ਲਿਆ। ਮਨੁੱਖ ਅਤੇ ਕੁੱਤੇ ਦੀ ਸਾਂਝ ਪੈ ਗਈ। ਸ਼ਿਕਾਰੀ ਮਨੁੱਖ ਨੇ ਕੁੱਤੇ ਨੂੰ ਸ਼ਿਕਾਰ ਕਰਨ ਲਈ, ਘਰ ਦੀ ਰਾਖੀ, ਮੱਝਾਂ ਗਾਵਾਂ ਭੇਡਾਂ ਚਾਰਨ ਲਈ, ਇਥੋਂ ਤੱਕ ਕਿ ਕੁੱਤੇ ਦੀ ਸੁੰਘਣ ਸ਼ਕਤੀ ਸਦਕਾ ਦੁਸ਼ਮਣ ਦੇ ਰੱਖੇ ਬੰਬਾਂ, ਬਾਰੂਦੀ ਸੁਰੰਗਾਂ ਨੂੰ ਪਛਾਨਣ ਲਈ ਕੁਤਿਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਜਿਸ ਨਾਲ ਬਹੁਤ ਕੁੱਤੇ ਇਨ੍ਹਾਂ ਬੰਬਾਂ ਬਾਰੂਦੀ ਸੁਰੰਗਾਂ ਦੀ ਭੇਟ ਚੜਦੇ ਗਏ।
ਹਿੰਦੋਸਤਾਨ ਵਿਚ ਕੁੱਤੇ ਅਤੇ ਮਨੁੱਖ ਦੀ ਦੋਸਤੀ ਦੇ ਅੰਤ ਦੇ ਕਾਰਨ ਵਿਚਾਰਨ ਤੋਂ ਪਹਿਲਾਂ ਉਪਰ ਲਿਖੀ ਮਨੋਕਥਾ ਨੂੰ ਅੱਗੇ ਵਧਾਈਏ। ਜਿਸ ਸ਼ਕਤੀਸ਼ਾਲੀ ਮਨੁੱਖ ਨੂੰ ਵੇਖ ਕੇ ਕੁੱਤੇ ਨੇ ਮਨੁੱਖ ਨਾਲ ਦੋਸਤੀ ਕੀਤੀ ਸੀ, ਅੱਜ ਦੇ ਸਮੇਂ ਵਿਚ ਜਦੋਂ ਕੁੱਤਾ ਮਨੁੱਖ ਦਾ ਕਿਰਦਾਰ ਵੇਖਦਾ ਹੈ ਕਿ ਕਿਵੇਂ ਇੱਕ ਮਨੁੱਖ ਆਪਣੀ ਖੁਦਗਰਜ਼ੀ ਲਈ ਆਪਣੇ ਤੋਂ ਸ਼ਕਤੀਸ਼ਾਲੀ ਮਨੁੱਖ ਦੇ ਤਲੂਏ ਚੱਟਦਾ ਹੈ, ਕੁੱਤਾ ਹੈਰਾਨ ਹੈ। ਰਾਜਨੀਤੀ, ਧਾਰਮਿਕ, ਆਰਥਿਕ, ਸੱਭਿਆਚਾਰਕ ਗੱਲ ਕੀ ਹਰ ਖੇਤਰ ਵਿਚ ਸ਼ਕਤੀਸ਼ਾਲੀ ਮਨੁੱਖ ਅੱਗੇ ਦੂਸਰਾ ਮਨੁੱਖ ਹੀ ਪੂਛ ਘੁੰਮਾਉਦਾ ਫਿਰਦਾ ਹੈ। ਕੁੱਤਾ ਪਰੇਸ਼ਾਨ ਹੈ ਕਿ ਮਨੁੱਖ ਤਾਂ ਮੇਰੇ ਤੋਂ ਵੀ ਗਿਆ ਗੁਜਰਿਆ ਹੈ। ਰਾਜਨੀਤਿਕ ਪਾਰਟੀ ਦੇ ਪ੍ਰਧਾਨ ਅੱਗੇ ਪਾਰਟੀ ਦੇ ਹਰ ਛੋਟੇ ਵੱਡੇ ਲੀਡਰ ਦੁਮ ਹਿਲਾਉਂਦੇ ਹਨ, ਉਸ ਦਾ ਹਰ ਹੁਕਮ ਮੰਨਦੇ ਹਨ। ਧਾਰਮਿਕ ਖੇਤਰ ਵਿਚ ਧਾਰਮਿਕ ਸੰਸਥਾ ਦੇ ਮੁਖੀ ਦੇ ਪੈਰਾਂ ਵਿਚ ਜੁੱਤੀਆਂ ਤੱਕ ਉਸ ਦੇ ਅਧੀਨ ਸੇਵਾਦਾਰ ਪਾਉਂਦੇ ਵੇਖੇ ਗਏ ਹਨ। ਵੱਡੇ ਵਪਾਰੀ ਅੱਗੇ ਸਿਆਸੀ ਅਤੇ ਧਾਰਮਿਕ ਲੋਕ ਚੰਦੇ ਲੈਣ ਲਈ ਗਿੜਗਿੜਾਉਂਦੇ ਹਨ, ਸਭਿਆਚਾਰਕ ਦੇ ਨਾਂ ‘ਤੇ ਇੱਕ ਦੂਜੇ ਨੂੰ ਗਾਲਾਂ ਕੱਢਦੇ, ਨੀਵਾਂ ਵਿਖਾਉਂਦੇ, ਕੁੱਤਿਆਂ ਦੀ ਤਰ੍ਹਾਂ ਸਭਿਆਚਾਰ ਦੀ ਚਾਦਰ ਲੀਰੋ-ਲੀਰ ਕਰਦੇ ਅਖੌਤੀ ਕਲਾਕਾਰਾਂ ਨੂੰ ਵੇਖ ਕੇ ਕੁੱਤਾ ਹੈਰਾਨ ਹੈ। ਕਈ ਲੋਕ ਕਹਿਣਗੇ ਕਿ ਇਹ ਸਭ ਜਾਨਵਰਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਸੰਸਥਾਵਾਂ ਅਤੇ ਘਟੀਆ ਕਾਨੂੰਨ ਕਰ ਕੇ ਹੋ ਰਿਹਾ ਹੈ। ਅਸੀਂ ਵੀ ਕਹਾਂਗੇ, ‘ਕੁੱਤਿਓ ਜੇਕਰ ਗਲਤੀ ਨਾਲ ਜਾਨਵਰਾਂ ਦੇ ਹੱਕਾਂ ਲਈ ਕਾਨੂੰਨ ਬਣ ਵੀ ਗਿਆ ਤਾਂ ਤੁਸੀਂ ਤਾਂ ਸ਼ਰਮ ਕਰੋ?’ ਸੁਣੋ ਕੁੱਤੇ ਦਾ ਜਵਾਬ, ਐ ਮਨੁੱਖ ਤੂੰ ਦਾਜ ਵਿਰੋਧੀ ਕਾਨੂੰਨ ਬਣਾ ਲਿਆ, ਤੂੰ ਰਿਸ਼ਵਤਖੋਰੀ, ਤੂੰ ਬਲਾਤਕਾਰਾਂ, ਤੂੰ ਜਾਤੀ ਵਿਤਕਰੇ, ਫਿਰਕੂ ਦੰਗਿਆਂ ਵਿਰੁਧ ਕਾਨੂੰਨ ਬਣਾ ਲਿਆ। ਕਦੇ ਕਾਨੂੰਨ ਦੀ ਕਦਰ ਕੀਤੀ ਹੈ? ਬੰਦੇ ਤੂੰ ਕਾਨੂੰਨ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਕੀ ਨਹੀਂ ਕੀਤਾ? ਮੈਨੂੰ ਵੀ ਕਾਨੂੰਨ ਦੀ ਬਾਹਲੀ ਕਦਰ ਨਹੀਂ, ਨਾ ਬਣਾਉਦਾ ਕਾਨੂੰਨ? ਮਨੁੱਖ ਦਾ ਇਹ ਰੂਪ ਵੇਖ ਕੇ ਕੁੱਤੇ ਨੇ ਇਸ ਨੂੰ ਸ਼ਕਤੀਸ਼ਾਲੀ ਮੰਨਣ ਤੋਂ ਇਨਕਾਰ ਹੀ ਨਹੀਂ ਕੀਤਾ ਸਗੋਂ ਹੁਣ ਤੱਕ ਦੀ ਨਿਭਾਈ ਵਫਾਦਾਰੀ ਦਾ ਬਦਲਾ ਵੀ ਲੈਣ ਦੀ ਸੋਚੀ। ਸ਼ਾਇਦ ਇਸੇ ਕਰਕੇ ਇਹ ਹਿੰਦੋਸਤਾਨ ਵਿਚ ਪੰਜਾਬ ਦੀ ਧਰਤੀ ‘ਤੇ ਇਕੱਲੇ ਦੁੱਕਲੇ ਮਨੁੱਖ ਨੂੰ ਕੱਚਿਆਂ ਹੀ ਖਾਣ ਨੂੰ ਪੈਂਦਾ ਹੈ। ਇਹ ਸੀ ਮਨੋਕਥਾ ਦਾ ਅੰਤ।
ਹੁਣ ਕੁਝ ਹੋਰ ਪਹਿਲੂਆਂ ‘ਤੇ ਵਿਚਾਰ ਕਰੀਏ। ਅਮਰੀਕਾ, ਕੈਨੇਡਾ, ਇੰਗਲੈਡ ਵਰਗੇ ਦੇਸ਼ਾਂ ਵਿਚ ਕਈ ਲੋਕ ਕੁੱਤਿਆਂ ਨੂੰ ਬਹੁਤ ਪਿਆਰ ਨਾਲ ਰੱਖਦੇ ਹਨ। ਹਰ ਤਰ੍ਹਾਂ ਦੀ ਸਹੂਲਤ ਜੋ ਗਰੀਬ ਮੁਲਕਾਂ ਦੇ ਮਨੁੱਖਾਂ ਨੂੰ ਨਹੀਂ ਮਿਲਦੀ, ਕੁੱਤਿਆਂ ਨੂੰ ਮਿਲਦੀ ਹੈ, ਮੈਡੀਕਲ ਸਹੂਲਤ, ਖਾਣ-ਪੀਣ ਦੀ ਬਹੁਤਾਤ, ਵਧੀਆ ਨਰਮ ਗੱਦੇ, ਗੱਲ ਕੀ ਜੋ ਸਹੂਲਤਾਂ ਗਰੀਬ ਦੇਸ਼ਾਂ ਵਿਚ ਅਮੀਰਾਂ ਨੂੰ ਮਿਲਦੀਆਂ ਹਨ, ਇਧਰ ਕੁੱਤਿਆਂ ਨੂੰ ਮਿਲਦੀਆਂ ਹਨ। ਕੁੱਤਿਆਂ ਦੇ ਆਪਣੇ ਅਧਿਕਾਰ ਹਨ। ਦੂਜੇ ਪਾਸੇ ਪੰਜਾਬ ਵਿਚ ਇੱਕ ਐਨ ਆਰ ਆਈ ਪਰਿਵਾਰ ਦੇ ਬੱਚੇ ਨੂੰ ਅਵਾਰਾ ਕੁੱਤੇ ਨੋਚ ਨੋਚ ਖਾ ਗਏ।
ਕਿਸੇ ਜ਼ਮਾਨੇ ਵਿਚ ਕੁੱਤੇ ਵੱਖ ਵੱਖ ਘਰਾਂ ਵਿਚ ਘੁੰਮ ਕੇ ਟੁੱਕ ਟੁੱਕ ਰੋਟੀ ਖਾ ਸਾਰੀ ਰਾਤ ਪਿੰਡ ਦੀ ਰਾਖੀ ਕਰਦੇ ਸਨ। ਜਦੋਂ ਵੀ ਆਥਣ ਵੇਲਾ ਹੋਣਾ ਚੁੱਲੇ ਚੌਂਕਿਆਂ ਕੋਲ ਕੁੱਤਿਆਂ ਨੇ ਆ ਬੈਠਣਾ। ਸਿਆਣੇ ਕੁੱਤਿਆਂ ਨੇ ਕਿਸੇ ਵੀ ਜੂਠੇ ਭਾਂਡੇ ਵਿਚ ਮੂੰਹ ਨਹੀਂ ਪਾਉਣਾ। ਘਰ ਦੇ ਹਰ ਜੀਅ ਨੇ ਜਦੋਂ ਰੋਟੀ ਖਾਣੀ, ਪਿਆਰ ਨਾਲ ਕੁਝ ਬੁਰਕੀਆਂ ਪਹਿਲਾਂ ਕੁੱਤੇ ਨੂੰ ਜਰੂਰ ਪਾਉਣੀਆਂ। ਉਸ ਬੁਰਕੀ ਸਹਾਰੇ ਇੱਕ ਪਿਆਰ ਬਣਿਆ ਹੋਇਆ ਸੀ ਜੋ ਸਾਡੀ ਦਿਖਾਵੇ ਦੀ ਜਿੰਦਗੀ ਨਾਲ ਖਤਮ ਹੋ ਗਿਆ। ਕਿਸੇ ਸਮੇਂ ਜਦੋਂ ਪਿੰਡਾਂ ਵਿਚ ਕੋਈ ਪਸ਼ੂ ਮਰਨਾ ਤਾਂ ਹੱਡਾ ਰੋੜੀ ਵਿਚ ਚਮੜੇ ਦੇ ਵਪਾਰੀਆਂ ਨੇ ਮਰੇ ਪਸ਼ੂ ਦੀ ਖੱਲ ਲਾਹ ਕੇ ਲੈ ਜਾਣੀ। ਅਸਮਾਨ ਵਿਚ ਉਡਦੀਆਂ ਇੱਲਾਂ ਨੇ ਉਤਰਨਾ। ਅਸੀਂ ਸਕੂਲ ਪੜ੍ਹਦਿਆਂ ਸਮਝ ਜਾਣਾ ਕਿ ਕਿਸੇ ਦੀ ਮੱਝ ਗਾਂ ਮਰੀ ਹੈ। ਤਾਜ਼ਾ ਮਾਸ ਕੁਝ ਕੁੱਤਿਆਂ ਨੇ, ਕੁਝ ਇੱਲਾਂ ਨੇ ਖਾ ਕੇ ਆਨੰਦ ਲੈਣਾ ਪਰ ਮਨੁੱਖ ਦੀ ਖੁਦਗਰਜ਼ੀ ਸਦਕਾ ਇੱਲਾਂ ਅਸਮਾਨੋਂ ਖਤਮ ਹੋ ਗਈਆਂ। ਤਾਜੇ ਮਾਸ ਦੀ ਲਾਲਸਾ, ਭੁੱਖ ਦੇ ਸਤਾਏ ਕੁੱਤਿਆਂ ਵਲੋਂ ਮਨੁੱਖਾਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਪਰ ਇੱਕ ਗੱਲ ਪ੍ਰਤੱਖ ਹੈ ਕਿ ਅਮਰੀਕਾ-ਕੈਨੇਡਾ ਰਹਿਣ ਵਾਲਿਓ ਆਪ ਅਤੇ ਆਪਣੇ ਬੱਚਿਆਂ ਨੂੰ ਸਮਝਾ ਦਿਓ ਕਿ ਪੰਜਾਬ ਦੀਆਂ ਗਲੀਆਂ ਵਿਚ ਫਿਰ ਰਹੇ ਕੁੱਤੇ ਹੁਣ ਸਰੀਫ਼ ਨਹੀਂ ਰਹੇ। ਕਦੇ ਵੀ ਕਿਸੇ ਦੀ ਤਾਜਾ ਮਾਸ ਖਾਣ ਦੀ ਲਾਲਸਾ, ਰਿਸ਼ਵਤਖੋਰ, ਬਲਾਤਕਾਰੀ ਲੋਕਾਂ, ਕੁਕਰਮੀ ਪਖੰਡੀ ਬਾਬਿਆਂ, ਤਾਂਤਰਿਕਾਂ, ਹੈਂਕੜਬਾਜ਼ ਸਿਆਸੀ ਲੀਡਰਾਂ ਵਾਂਗ ਬੁਰੀ ਲਾਲਸਾ ਕੁੱਤਿਆਂ ਵਿਚ ਵੀ ਉਠ ਸਕਦੀ ਹੈ। ਬਚੋ! ਜੇ ਬਚ ਹੁੰਦਾ, ਇਨ੍ਹਾਂ ਅਵਾਰਾ ਕੁੱਤਿਆਂ ਤੋਂ!

Be the first to comment

Leave a Reply

Your email address will not be published.