ਚੰਡੀਗੜ੍ਹ: ਸੰਸਦੀ ਚੋਣਾਂ ਲਈ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਲੰਮਾ ਸਮਾਂ ਚੋਣ ਮੈਦਾਨ ਵਿਚ ਸੰਘਰਸ਼ ਕਰਨਾ ਪਵੇਗਾ। ਪੰਜਾਬ ਦੇ 13 ਸੰਸਦੀ ਹਲਕਿਆਂ ਲਈ ਵੋਟਾਂ 19 ਮਈ ਨੂੰ ਪੈਣਗੀਆਂ ਤੇ 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। 22 ਤੋਂ 29 ਅਪਰੈਲ ਤੱਕ ਨਾਮਜ਼ਦਗੀ ਪਰਚੇ ਭਰੇ ਜਾ ਸਕਣਗੇ। ਇਨ੍ਹਾਂ ਚੋਣਾਂ ਵਿਚ ਹਾਕਮ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ, ਆਮ ਆਦਮੀ ਪਾਰਟੀ, ਪੰਜਾਬ ਏਕਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਬਹੁਜਨ ਸਮਾਜ ਪਾਰਟੀ, ਖੱਬੀਆਂ ਧਿਰਾਂ ਆਦਿ ਸਿਆਸੀ ਧਿਰਾਂ ਵੱਲੋਂ ਉਮੀਦਵਾਰ ਖੜ੍ਹੇ ਕੀਤੇ ਜਾਣੇ ਹਨ।
ਚੋਣਾਂ ਦੇ ਐਲਾਨ ਨਾਲ ਰਾਜਸੀ ਧਿਰਾਂ ਨੇ ਚੋਣ ਮੈਦਾਨ ਮਘਾਉਣ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ਦੀਆਂ ਗਤੀਵਿਧੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਜਮਹੂਰੀ ਗੱਠਜੋੜ (ਪੀæਡੀæਏæ) ਨੇ 19 ਮਈ ਨੂੰ ਸੂਬੇ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 13 ਵਿਚੋਂ 12 ਸੀਟਾਂ ਉਤੇ ਸਹਿਮਤੀ ਬਣਾ ਲਈ ਹੈ। ਦੋ ਖੱਬੀਆਂ ਧਿਰਾਂ ਸੀæਪੀæਆਈæ ਅਤੇ ਆਰæਸੀæਪੀæਆਈæ ਵੀ ਪੀæਡੀæਏæ ਵਿਚ ਸ਼ਾਮਲ ਹੋ ਗਈਆਂ ਹਨ। ਹੁਣ ਪੀæਡੀæਏæ ਵਿਚ 6 ਧਿਰਾਂ ਸ਼ਾਮਲ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁ ਗਿਣਤੀ ਸੰਸਦੀ ਹਲਕਿਆਂ ਤੋਂ ਕੁਝ ਦਿਨਾਂ ਤੱਕ ਹੀ ਉਮੀਦਵਾਰਾਂ ਦੇ ਨਾਮ ਐਲਾਨੇ ਜਾਣ ਦੀ ਸੰਭਾਵਨਾ ਹੈ। ਅਕਾਲੀ ਦਲ ਇਸ ਸਮੇਂ ਸਿਆਸੀ ਸੰਕਟ ਨਾਲ ਜੂਝ ਰਿਹਾ ਹੈ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਅਕਾਲੀ ਦਲ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨਹੀਂ ਦਿਖਾਉਂਦਾ ਤਾਂ ਪਾਰਟੀ ਦੇ ਸਿਆਸੀ ਭਵਿੱਖ ‘ਤੇ ਹੀ ਗ੍ਰਹਿਣ ਨਹੀਂ ਲੱਗੇਗਾ ਸਗੋਂ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਵੀ ਚੁਣੌਤੀਆਂ ਵੱਧ ਜਾਣਗੀਆਂ। ਆਮ ਆਦਮੀ ਪਾਰਟੀ ਲਈ ਵੀ ਇਹ ਚੋਣਾਂ ਵੱਡੀ ਚੁਣੌਤੀ ਹਨ।
‘ਆਪ’ ਤੋਂ ਵੱਖ ਹੋ ਕੇ ਨਵੀਂ ਪਾਰਟੀ ਦਾ ਗਠਨ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਦੇ ਸਿਆਸੀ ਭਵਿੱਖ ਨੂੰ ਵੀ ਚੋਣਾਂ ਪ੍ਰਭਾਵਿਤ ਕਰਨਗੀਆਂ। ਉਧਰ, ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਮਜ਼ਬੂਤ ਸਰਕਾਰ ਹੋਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਆਪਣੇ ਦਮ ‘ਤੇ ਸੰਸਦੀ ਚੋਣਾਂ ਦੀ ਸਿਆਸੀ ਲੜਾਈ ਲੜਨ ਦੇ ਸਮਰੱਥ ਦਿਖਾਈ ਨਹੀਂ ਦੇ ਰਹੀ। ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਨਾਲ ਭਾਜਪਾ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ 3 ਸੰਸਦੀ ਹਲਕਿਆਂ ਤੋਂ ਚੋਣ ਲੜੀ ਜਾ ਰਹੀ ਹੈ ਪਰ ਹਾਲੇ ਤੱਥ ਇਹ ਪਾਰਟੀ ਪੱਕੇ ਪੈਰੀਂ ਨਹੀਂ ਹੋ ਸਕੀ। ਸੰਸਦੀ ਚੋਣਾਂ ਦੌਰਾਨ ਵੀ ਭਾਜਪਾ ਦੀ ਬੇੜੀ ਅਕਾਲੀਆਂ ਵਾਂਗ ਹੀ ਡਾਵਾਂਡੋਲ ਦਿਖਾਈ ਦੇ ਰਹੀ ਹੈ। ਅਕਾਲੀਆਂ ਵਾਂਗ ਆਪਣੇ ਦਸ ਸਾਲਾ ਕੁਸ਼ਾਸਨ ਦਾ ਪਰਛਾਵਾਂ ਭਾਜਪਾ ਨੂੰ ਵੀ ਝੱਲਣਾ ਪੈ ਰਿਹਾ ਹੈ। ਪੰਜਾਬ ਦੇ ਭਾਜਪਾ ਆਗੂਆਂ ਦਾ ਸਾਰਾ ਦਾਰੋਮਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਵਿਆਪੀ ਲਹਿਰ ਦੇ ਸਹਾਰੇ ਹੀ ਖੜ੍ਹਾ ਹੈ ਤੇ ਭਾਜਪਾ ਪੰਜਾਬ ਵਿਚ ਵੀ ਮੋਦੀ ਲਹਿਰ ਦੇ ਕੰਧਾੜੇ ਚੜ੍ਹ ਕੇ ਹੀ ਤਿੰਨਾਂ ਸੀਟਾਂ ਵਿਚੋਂ ਵੱਧ ਤੋਂ ਵੱਧ ‘ਤੇ ਜੇਤੂ ਹੋਣ ਦੇ ਸੁਪਨੇ ਲੈ ਰਹੀ ਹੈ। ਭਾਜਪਾ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ (ਰਾਖਵਾਂ) ਸੰਸਦੀ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਜਾਂਦੇ ਹਨ।
ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿਚ ਚਲੇ ਜਾਣ ਤੋਂ ਬਾਅਦ ਭਾਜਪਾ ਨੂੰ ਅੰਮ੍ਰਿਤਸਰ ਤੋਂ ਪ੍ਰਭਾਵਸ਼ਾਲੀ ਸਿੱਖ ਚਿਹਰਾ ਨਹੀਂ ਮਿਲਿਆ। ਗੁਰਦਾਸਪੁਰ ਤੋਂ ਫਿਲਮ ਅਦਾਕਾਰ ਵਿਨੋਦ ਖੰਨਾ ਦੇ ਦਿਹਾਂਤ ਮਗਰੋਂ ਵੀ ਖਲਾਅ ਪੈਦਾ ਹੋ ਗਿਆ। ਹੁਸ਼ਿਆਰਪੁਰ ਹਲਕਾ ਹੀ ਅਜਿਹਾ ਬਚਿਆ ਹੈ ਜਿਥੋਂ ਕੇਂਦਰੀ ਮੰਤਰੀ ਵਿਜੈ ਕੁਮਾਰ ਸਾਂਪਲਾ ਨੂੰ ਹੀ ਮੁੜ ਤੋਂ ਉਮੀਦਵਾਰ ਬਣਾਏ ਜਾਣ ਦੇ ਆਸਾਰ ਹਨ। ਸਾਲ 2014 ਵਿਚ ਭਾਜਪਾ ਦੀ ਕੇਂਦਰ ਵਿਚ ਮਜ਼ਬੂਤ ਸਰਕਾਰ ਹੋਂਦ ‘ਚ ਆਉਣ ਤੋਂ ਬਾਅਦ ਭਾਜਪਾ ਨੂੰ ਪੰਜਾਬ ਵਿਚ ਪੱਕੇ ਪੈਰੀਂ ਹੋਣ ਦੀ ਆਸ ਬੱਝੀ ਸੀ ਪਰ ਮੋਦੀ ਲਹਿਰ ਦਾ ਪੰਜਾਬ ਵਿਚ ਕੋਈ ਜਾਦੂ ਦਿਖਾਈ ਨਾ ਦਿੱਤਾ। ਨਰਿੰਦਰ ਮੋਦੀ ਦੇ ਨਾਮ ‘ਤੇ ਭਾਜਪਾ ਅੱਜ ਵੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪੈਣ ਦੀ ਆਸ ਲਾਈਂ ਬੈਠੀ ਹੈ ਪਰ ਅਕਾਲੀਆਂ ਦੇ ਸਹਾਰੇ ਬਿਨਾਂ ਕੁਝ ਵੀ ਸੰਭਵ ਦਿਖਾਈ ਨਹੀਂ ਦੇ ਰਿਹਾ।