ਐਂਕਰਾਂ ਦੀ ਅੱਤ

ਮੂੰਹੋਂ ਕੱਢਦੇ ਰਹੇ ਅੰਗਿਆਰ ਸੂਹੇ, ਚੁੱਕ ਚੁੱਕ ਅੱਡੀਆਂ ਰਹੇ ਸੀ ਕਿੱਲ੍ਹ ਯਾਰੋ।
ਦੋਹੀਂ ਪਾਸੀਂ ਸਰਗਰਮੀਆਂ ਦੇਖ ਕੇ ਤੇ, ਫੜ ਕੇ ਬੈਠ ਗਏ ਲੋਕ ਸੀ ਦਿਲ ਯਾਰੋ।
ਜਾਨ-ਮਾਲ ‘ਤੇ ਆਇਆ ਨਾ ਤਰਸ ਭੋਰਾ, ਜਨਤਾ ਹੋਏਗੀ ਭੁੱਜ ਕੇ ਖਿੱਲ ਯਾਰੋ।
ਨਿਰੇ ਝੂਠ ਨੂੰ ਸੱਚ ਬਣਾਉਣ ਵੇਲੇ, ‘ਬਊਂ ਬਊਂ’ ਕਰਦਿਆਂ ਲਾਈ ਨਾ ਢਿੱਲ੍ਹ ਯਾਰੋ।
ਗੋਦੀ ਬਹਿ ਸਰਕਾਰ ਦੀ ਅੱਤ ਚੁੱਕੀ, ਲਗਦਾ ਸੀ ਦਿਮਾਗ ਗਏ ਹਿੱਲ ਯਾਰੋ।
ਭਾਰਤ-ਪਾਕਿ ਵਿਚ ਜੰਗ ਮਚਾਉਣ ਖਾਤਰ, ਟੀ. ਵੀ. ਐਂਕਰਾਂ ਲਾ ਲਿਆ ਟਿੱਲ ਯਾਰੋ!