ਬੰਦੀ ਬਣਾਏ ਅਤੇ ਜ਼ਖਮੀ ਦਿਲਾਂ ਦੀ ਦਾਸਤਾਨ

ਬਾਲਾਕੋਟ, ਕਸ਼ਮੀਰ ਅਤੇ ਭਾਰਤ ਬਾਰੇ ਅਰੁੰਧਤੀ ਰਾਏ ਦੀ ਟਿੱਪਣੀ
ਪੁਲਵਾਮਾ (ਜੰਮੂ ਕਸ਼ਮੀਰ) ਵਿਚ ਆਤਮ-ਘਾਤੀ ਹਮਲੇ ਤੋਂ ਭਾਰਤੀ ਸਿਆਸਤ ਦੀਆਂ ਕਈ ਪਰਤਾਂ ਹੁਣ ਤੱਕ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ। ਇਸ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਪਾਕਿਸਤਾਨ ਉਤੇ ਕੀਤੇ ਹਵਾਈ ਹਮਲੇ ਨੂੰ ਸੰਜੀਦਾ ਸ਼ਖਸੀਅਤਾਂ ਨੇ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਹੈ। ਪ੍ਰਸਿੱਧ ਲੇਖਕ ਅਰੁੰਧਤੀ ਰਾਏ ਨੇ ਕਸ਼ਮੀਰ ਅਤੇ ਸਮੁੱਚੇ ਹਾਲਾਤ ਬਾਰੇ ਨਿੱਗਰ ਟਿੱਪਣੀ ਆਪਣੇ ਇਸ ਲੇਖ ਵਿਚ ਕੀਤੀ ਹੈ, ਜੋ ਅਸੀਂ ਆਪਣੇ ਪਾਠਕਾਂ ਲਈ ਛਾਪ ਰਹੇ ਹਾਂ। ਇਸ ਲਿਖਤ ਦਾ ਅਨੁਵਾਦ ਡਾæ ਕੁਲਦੀਪ ਕੌਰ ਨੇ ਕੀਤਾ ਹੈ।

-ਸੰਪਾਦਕ

ਅਰੁੰਧਤੀ ਰਾਏ

ਬਾਲਾਕੋਟ (ਪਾਕਿਸਤਾਨ) ਵਿਚ ਕੀਤੇ ਤਾਬੜਤੋੜ ‘ਲੱਕ ਤੋੜੂ’ ਕਰਾਰ ਦਿੱਤੇ ਹਵਾਈ ਹਮਲਿਆਂ ਦੁਆਰਾ ਮੋਦੀ ਸਰਕਾਰ ਨੇ ਇਕੋ ਝਟਕੇ ਵਿਚ ਪਿਛਲੀਆਂ ਸਰਕਾਰਾਂ ਦੁਆਰਾ ਸਥਾਪਿਤ ਕੂਟਨੀਤਕ ਬਿਰਤਾਂਤ ਨੂੰ ਖਿਲਾਰ ਦਿੱਤਾ ਹੈ। 1947 ਤੋਂ ਹੁਣ ਤੱਕ ਭਾਰਤੀ ਸਰਕਾਰ ਇਸ ਤੱਥ ਤੋਂ ਲਗਾਤਾਰ ਮੁਨਕਰ ਹੁੰਦੀ ਆ ਰਹੀ ਸੀ ਕਿ ਕਸ਼ਮੀਰ ਦਾ ਮਸਲਾ ਕੌਮਾਂਤਰੀ ਪੱਧਰ ‘ਤੇ ਗੱਲਬਾਤ ਅਤੇ ਆਪਸੀ ਸਹਿਮਤੀ ਨਾਲ ਹੱਲ ਕੀਤਾ ਜਾ ਸਕਦਾ ਹੈ। ਉਹ ਇਸ ਨੂੰ ਆਪਣਾ ਅੰਦਰੂਨੀ ਕਲੇਸ਼ ਹੀ ਕਰਾਰ ਦਿੰਦੀ ਆ ਰਹੀ ਸੀ। ਪਾਕਿਸਤਾਨ ਸਰਕਾਰ ਨੂੰ ਜਵਾਬੀ ਫ਼ੌਜੀ ਹਮਲੇ ਲਈ ਉਕਸਾ ਕੇ ਮੋਦੀ ਨੇ ਇਤਿਹਾਸ ਵਿਚ ਪਹਿਲੀ ਵਾਰ ਦੋ ਪਰਮਾਣੂ ਤਾਕਤਾਂ ਨੂੰ ਇਕ-ਦੂਜੇ ਖਿਲਾਫ਼ ਨਫ਼ਰਤ ਦੀ ਬੰਬਾਰੀ ਲਈ ਮਜਬੂਰ ਕਰਕੇ ਕਸ਼ਮੀਰ ਮੁੱਦੇ ਨੂੰ ਕੌਮਾਂਤਰੀ ਹਲਕਿਆਂ ਵਿਚ ਚਰਚਾ ਦਾ ਧੁਰਾ ਬਣਾਉਣ ਦਾ ‘ਵਡਮੁੱਲਾ’ ਕੰਮ ਕੀਤਾ ਹੈ। ਉਸ ਨੇ ਕੁਲ ਆਲਮ ਵਿਚ ਇਹ ਮਿੱਥ ਸਥਾਪਿਤ ਕਰਨ ਦਾ ਯਤਨ ਕੀਤਾ ਹੈ ਕਿ ਕਸ਼ਮੀਰ ਦੁਨੀਆਂ ਦਾ ਸਭ ਤੋਂ ਖਤਰਨਾਕ ਖਿੱਤਾ ਹੈ ਜਿਹੜਾ ਪਰਮਾਣੂ ਜੰਗ ਲਈ ਪਸੰਦੀਦਾ ਮੁਹਾਜ਼ ਬਣ ਸਕਦਾ ਹੈ। ਸੂਝ-ਬੂਝ ਵਾਲਾ ਕੋਈ ਵੀ ਬੰਦਾ/ਔਰਤ, ਮੁਲਕ ਜਾਂ ਸੰਸਥਾ ਜਿਹੜੀ ਪਰਮਾਣੂ ਜੰਗ ਦੀ ਭਿਆਨਕਤਾ ਨੂੰ ਮਹਿਸੂਸ ਕਰਨ ਸਕਣ ਦੇ ਸਮਰੱਥ ਹੈ, ਉਸ ਨੂੰ ਇਸ ਕੋਸ਼ਿਸ਼ ਦਾ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ। ਪੁਲਵਾਮਾ (ਕਸ਼ਮੀਰ) ਵਿਚ 14 ਫ਼ਰਵਰੀ 2019 ਨੂੰ ਪੈਰਾ-ਮਿਲਟਰੀ ਫੋਰਸਿਜ਼ ਦੇ 2500 ਜਵਾਨਾਂ ਦੇ ਕਾਫਲੇ ‘ਤੇ ਵੀਹ ਵਰ੍ਹਿਆਂ ਦੇ ਕਸ਼ਮੀਰੀ ਨੌਜਵਾਨ ਆਦਿਲ ਅਹਿਮਦ ਡਾਰ ਨੇ ਮਨੁੱਖੀ ਬੰਬ ਬਣ ਕੇ ਹਮਲਾ ਕਰ ਦਿੱਤਾ। ਉਸ ਬਾਰੇ ਖੁਲਾਸਾ ਪਾਕਿਸਤਾਨ ਵਿਚ ਸਰਗਰਮ ਜੈਸ਼-ਏ-ਮੁਹੰਮਦ ਦੇ ਕਾਰਕੁਨ ਵਜੋਂ ਕੀਤਾ ਗਿਆ। ਇਸ ਘਟਨਾ ਵਿਚ ਘੱਟੋ-ਘੱਟ 40 ਜਵਾਨਾਂ ਦੀ ਮੌਤ ਨਾਲ ਕਸ਼ਮੀਰ ਦੀਆਂ ਤਰਾਸਦੀਆਂ ਵਿਚ ਨਵਾਂ ਇਜ਼ਾਫ਼ਾ ਹੋ ਗਿਆ। ਸੰਨ 1990 ਤੋਂ ਅੱਜ ਤਕ ਕਸ਼ਮੀਰੀ ਸਮੱਸਿਆ ਵਿਚ ਘੱਟੋ-ਘੱਟ 70 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ, ਹਜ਼ਾਰਾਂ ਲੋਕ ‘ਲਾਪਤਾ’ ਹਨ, ਹਜ਼ਾਰਾਂ ‘ਤੇ ਤਸ਼ੱਦਦ ਦਾ ਕਹਿਰ ਝੁੱਲ ਚੁੱਕਿਆ ਹੈ ਅਤੇ ਸੈਂਕੜੇ ਨੌਜਵਾਨਾਂ ਨੂੰ ਅਪਾਹਜਤਾ ਤੇ ਪੈਲਟ ਗੰਨਾਂ ਦੀ ਕਰੂਰ ਵਰਤੋਂ ਦੁਆਰਾ ਅੰਨ੍ਹੇਪਣ ਦੀਆਂ ਖੱਡਾਂ ਵਿਚ ਧਕੇਲ ਦਿੱਤਾ ਹੈ। ਪਿਛਲੇ 12 ਮਹੀਨਿਆਂ ਵਿਚ ਹੋਈਆਂ ਮੌਤਾਂ ਦੀ ਦਰ ਸੰਨ 2009 ਤੋਂ ਬਾਅਦ ਸਭ ਤੋਂ ਉਚੀ ਰਹੀ ਹੈ। ਐਸੋਸੀਏਟਡ ਪ੍ਰੈੱਸ ਦੀ ਰਿਪੋਰਟ ਮੁਤਾਬਕ, ਪਿਛਲੇ 12 ਮਹੀਨਿਆਂ ਵਿਚ 570 ਮੌਤਾਂ ਹੋਈਆਂ। ਇਨ੍ਹਾਂ ਵਿਚੋਂ 260 ਖਾੜਕੂ ਸਨ, 160 ਆਮ ਲੋਕ ਅਤੇ 150 ਭਾਰਤੀ ਸੈਨਾ ਦੇ ਜਵਾਨ ਸਨ ਜਿਹੜੇ ਡਿਊਟੀ ਦਿੰਦੇ ਸਮੇਂ ਮਾਰੇ ਗਏ।
ਹੁਣ ਜਿਹੜੇ ਵੀ ਚਸ਼ਮੇ ਨਾਲ ਤੁਸੀਂ ਇਸ ਸਮੱਸਿਆ ਨੂੰ ਦੇਖਣਾ ਚਾਹੋ, ਦੇਖ ਸਕਦੇ ਹੋ। ਇਨ੍ਹਾਂ ‘ਖਾੜਕੂਆਂ’ ਨੂੰ ‘ਅਤਿਵਾਦੀ’, ‘ਆਤੰਕਵਾਦੀ’, ‘ਆਜ਼ਾਦੀ ਦੇ ਪਰਵਾਨੇ’ ਜਾਂ ‘ਮੁਜਾਹਿਦ’ ਕਿਹਾ ਜਾ ਸਕਦਾ ਹੈ। ਬਹੁਤੇ ਕਸ਼ਮੀਰੀ ਇਨ੍ਹਾਂ ਨੂੰ ‘ਮਜਾਹਿਦ’ ਆਖਦੇ ਹਨ ਅਤੇ ਜਦੋਂ ਇਹ ਮਾਰੇ ਜਾਂਦੇ ਹਨ ਤਾਂ ਸੈਕੜਿਆਂ ਦੀ ਗਿਣਤੀ ਵਿਚ ਲੋਕ (ਭਾਵੇਂ ਇਨ੍ਹਾਂ ਦੇ ਢੰਗ-ਤਰੀਕਿਆਂ ਨਾਲ ਸਹਿਮਤ ਹੋਣ ਜਾਂ ਨਾ) ਇਨ੍ਹਾਂ ਦੇ ਜਨਾਜ਼ਿਆਂ ‘ਤੇ ਪਹੁੰਚਦੇ ਹਨ, ਇਨ੍ਹਾਂ ਲਈ ਅੱਥਰੂ ਕੇਰਦੇ ਹਨ, ਇਨ੍ਹਾਂ ਨੂੰ ਅੰਤਮ ਵਿਦਾਇਗੀ ਦਿੰਦੇ ਹਨ। ਦਰਅਸਲ, ਇਸ ਵਰ੍ਹੇ ਮਰਨ ਵਾਲੇ ਬਹੁਤੇ ਆਮ ਲੋਕ ਉਹ ਸਨ ਜਿਨ੍ਹਾਂ ਨੇ ਫੌਜੀਆਂ ਦੇ ਘੇਰੇ ਵਿਚ ਆਏ ਇਨ੍ਹਾਂ ‘ਬਾਗੀਆਂ’ ਨੂੰ ਬਚਾਉਣ ਅਤੇ ਉਥੋਂ ਸੁਰੱਖਿਅਤ ਕੱਢਣ ਲਈ ਆਪਣੀਆਂ ਦੇਹਾਂ ਡਾਹ ਦਿੱਤੀਆਂ। ਇਨ੍ਹਾਂ ਨਾਮੁਕੰਮਲ ਅਤੇ ਖੂਨ ਨਾਲ ਭਿੱਜੇ ਸਾਲਾਂ ਵਿਚੋਂ ਪੁਲਵਾਮਾ ਵਾਲੀ ਘਟਨਾ ਸਭ ਤੋਂ ਕਰੂਰ ਅਤੇ ਭਿਅੰਕਰ ਹੋ ਨਿਬੜੀ ਹੈ। ਕਸ਼ਮੀਰ ਵਾਦੀ ਦੇ ਹਜ਼ਾਰਾਂ ਨਹੀਂ ਤਾਂ ਸੈਂਕੜੇ ਨੌਜਵਾਨ ਅਜਿਹੇ ਹਨ (ਆਦਿਲ ਅਹਿਮਦ ਡਾਰ ਵਰਗੇ) ਜਿਹੜੇ ਇਸ ਖੂਨੀ ਜੰਗ ਦੇ ਦਹਾਕਿਆਂ ਦੌਰਾਨ ਹੀ ਪੈਦਾ ਹੋਏ ਹਨ, ਉਨ੍ਹਾਂ ਨੇ ਜ਼ੁਲਮਾਂ ਦੀ ਉਹ ਇੰਤਹਾ ਦੇਖੀ ਹੈ ਕਿ ਉਨ੍ਹਾਂ ਦੇ ਦਿਲੋ-ਦਿਮਾਗ ਸੁੰਨ ਹੋ ਗਏ ਹਨ, ਉਨ੍ਹਾਂ ਨੂੰ ਦਹਿਸ਼ਤ ਨਹੀਂ ਡੰਗਦੀ, ਉਹ ‘ਆਜ਼ਾਦੀ’ ਲਈ ਆਪਣੀਆਂ ਜਾਨਾਂ ਵੀ ਦਾਅ ‘ਤੇ ਲਾ ਸਕਦੇ ਹਨ। ਕਿਸੇ ਵੀ ਦਿਨ, ਫਿਰ ਤੋਂ ਅਜਿਹਾ ਹਮਲਾ ਹੋ ਸਕਦਾ ਹੈ, ਪੁਲਵਾਮਾ ਤਰਾਸਦੀ ਤੋਂ ਵੀ ਬੁਰਾ ਜਾਂ ਇਸ ਵਰਗਾ। ਕੀ ਭਾਰਤੀ ਸਰਕਾਰ ਇਨ੍ਹਾਂ ਨੌਜਵਾਨਾਂ ਦੁਆਰਾ ਅੰਜਾਮ ਦਿੱਤੇ ਅਜਿਹੇ ਹਮਲਿਆਂ ਦੇ ਆਧਾਰ ‘ਤੇ ਸਾਰੇ ਏਸ਼ਿਆਈ ਖਿੱਤੇ ਅਤੇ ਮੁਲਕ ਦੀ ਹੋਣੀ ਘੜਨਾ ਚਾਹ ਰਹੀ ਹੈ? ਅਜਿਹੀਆਂ ਨਾਟਕੀ ਤੇ ਫੋਕੀਆਂ ਕਾਰਵਾਈਆਂ ਕਰਕੇ, ਜਿਸ ਤਰ੍ਹਾਂ ਨਰਿੰਦਰ ਮੋਦੀ ਕਰ ਰਿਹਾ ਹੈ, ਕੀ ਅਸੀਂ ਅਜਿਹੇ ਨੌਜਵਾਨਾਂ ਦੇ ਹੱਥਾਂ ਵਿਚ ਆਪਣਾ ਭਵਿੱਖ ਤਾਂ ਨਹੀਂ ਸੌਂਪ ਰਹੇ? ਪੁਲਵਾਮਾ ਵਿਚ ਮਰਿਆ ਹਮਲਾਵਰ ਇਸ ਤੋਂ ਵੱਧ ਹੋਰ ਕੀ ਭਾਲ ਸਕਦਾ ਹੈ?
ਬਹੁਤ ਭਾਰਤੀ ਜਿਹੜੇ ਅੰਗਰੇਜ਼ਾਂ ਵਿਰੁਧ ਆਪਣੇ ਆਜ਼ਾਦੀ ਸੰਗਰਾਮ ਨੂੰ ਮਾਣ ਵਾਲੀ ਨਜ਼ਰ ਨਾਲ ਦੇਖਦੇ ਹਨ ਅਤੇ ਆਜ਼ਾਦੀ ਸੰਗਰਾਮੀਆਂ ਦੀ ਪੂਜਾ ਤਕ ਕਰਦੇ ਹਨ, ਉਹ ਕਸ਼ਮੀਰੀਆਂ ਦੁਆਰਾ ਛੇੜੇ ਬਿਲਕੁਲ ਉਸੇ ਤਰ੍ਹਾਂ ਦੇ ਆਜ਼ਾਦੀ ਸੰਗਰਾਮ ਨੂੰ ਹਿਕਾਰਤ ਦੀ ਨਜ਼ਰ ਨਾਲ ਦੇਖਦੇ ਹਨ। ਕਸ਼ਮੀਰੀ ਲੋਕਾਂ ਦੁਆਰਾ ‘ਭਾਰਤੀ ਰਾਜ’ ਵਿਰੁਧ ਸ਼ੁਰੂ ਕੀਤਾ ‘ਆਜ਼ਾਦੀ ਸੰਗਰਾਮ’ ਆਪਣੇ 30ਵੇਂ ਵਿਚ ਦਾਖ਼ਲ ਹੋ ਚੁੱਕਿਆ ਹੈ। ਪਾਕਿਸਤਾਨ ਨੇ (ਪਹਿਲਾ ਅਧਿਕਾਰਿਤ ਤੌਰ ‘ਤੇ, ਹੁਣ ਵਿਚੋਲਿਆਂ/ਗ਼ੈਰ-ਸਰਕਾਰੀ ਅਦਾਰਿਆਂ ਦੁਆਰਾ) ਇਸ ‘ਸੰਗਰਾਮ’ ਨੂੰ ਹਥਿਆਰ, ਬੰਦੇ ਅਤੇ ਜੰਗਜੂ ਸਿਖਲਾਈ ਦਿੱਤੀ ਹੈ, ਇਸ ਸਬੰਧੀ ਕੋਈ ਸੰਦੇਹ ਨਹੀਂ ਹੈ। ਇਸ ਤੱਥ ਵਿਚ ਵੀ ਕੋਈ ਸ਼ੱਕ ਨਹੀਂ ਕਿ ਕਸ਼ਮੀਰ ਵਰਗੇ ਜੰਗੀ-ਖਿੱਤਿਆਂ ਵਿਚ ਕੋਈ ਵੀ ਸੰਗਰਾਮ ਸਥਾਨਿਕ ਆਵਾਮ ਦੀ ਇਮਦਾਦ ਤੋਂ ਬਿਨਾਂ ਜ਼ਿਆਦਾ ਦੇਰ ਜਿੰਦਾ ਨਹੀਂ ਰਹਿ ਸਕਦਾ। ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਕੌਣ ਸੋਚ ਸਕਦਾ ਹੈ ਕਿ ਇਸ ਗੁੰਝਲਦਾਰ, ਤਰਾਸਦਿਕ ਜੰਗ ਨੂੰ ‘ਸਰਜੀਕਲ ਸਟਰਾਈਕ’ ਵਰਗੇ ਕਾਹਲੇ, ਤੱਤ-ਪੜੱਥ ਵਿਚ ਕੀਤੇ ਅਤੇ ਨਾਟਕੀ ਢੰਗ ਨਾਲ ਨੇਪਰੇ ਚਾੜ੍ਹੇ, ਕਿਸੇ ਵੀ ਲਿਹਾਜ ਨਾਲ ਨਾ ਤਾਂ ‘ਸਰਜੀਕਲ’ ਤੇ ਨਾ ਹੀ ‘ਸਟਰਾਈਕ’ ਭਾਸ਼ਨ ਵਾਲੇ ਤਜਰਬਿਆਂ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਅਜਿਹਾ ਹੀ ‘ਸਰਜੀਕਲ ਸਟਰਾਈਕ’ ਜਿਹੜਾ ਉੜੀ ਵਿਚ ਫ਼ੌਜੀ ਕੈਂਪ ‘ਤੇ ਹਮਲੇ ਤੋਂ ਬਾਅਦ ਕੀਤਾ ਗਿਆ ਸੀ, ਉਸ ਦਾ ਨਤੀਜਾ/ਸਿੱਟਾ ਬਾਲੀਵੁੱਡ ਐਕਸ਼ਨ ਫ਼ਿਲਮ ਨੂੰ ਪ੍ਰੇਰਿਤ ਕਰਨ ਤੋਂ ਬਿਨਾਂ ਹੋਰ ਕੀ ਹੈ? ਦੂਜੇ ਪਾਸੇ ਬਾਲਾਕੋਟ ਸਟਰਾਈਕ ਬਾਲੀਵੁੱਡ ਦੀ ਤਾਜ਼ਾ-ਤਰੀਨ ਫ਼ਿਲਮ ਤੋਂ ਪ੍ਰੇਰਿਤ ਲੱਗ ਰਿਹਾ ਹੈ। ਹੁਣੇ ਮੀਡੀਆ ਵਿਚ ਇਹ ਖ਼ਬਰ ਘੁੰਮ ਰਹੀ ਹੈ ਕਿ ਬਾਲੀਵੁੱਡ ਦੇ ਕੁਝ ਨਿਰਮਾਤਾ ‘ਬਾਲਾਕੋਟ’ ਨਾਮ ਦੇ ਕਾਪੀਰਾਈਟ ਲੈਣ ਲਈ ਲਾਈਨਾਂ ਵਿਚ ਧੱਕਾਮੁੱਕੀ ਹੋ ਰਹੇ ਹਨ। ਇਹ ਸਾਰਾ ਕੁਝ ਇੰਨਾ ਅਜੀਬ ਤੇ ਲਿਜ਼ਲਿਜ਼ਾ ਹੈ ਕਿ ਹਮਲੇ ਰੋਕਣ ਲਈ ਕੀਤਾ ਇਹ ‘ਹਮਲਾ’ ਹੁਣ ‘ਚੋਣ-ਹਮਲਾ’ ਲੱਗਦਾ ਹੈ।
ਮੁਲਕ ਦੇ ਪ੍ਰਧਾਨ ਮੰਤਰੀ ਦੁਆਰਾ ਆਪਣੀ ਹਵਾਈ ਸੈਨਾ ਨੂੰ ਅਜਿਹੇ ਨਾਟਕੀ ਕਰਤੱਬਾਂ ਵਿਚ ਝੋਕ ਦੇਣਾ ਸ਼ਰਮਿੰਦਗੀ ਭਰਪੂਰ ਹੈ। ਉਪਰੋਂ ਹਾਲਾਤ ਦੀ ਕਰਵਟ ਦੇਖੋ, ਜਿਥੇ ਇਕ ਪਾਸੇ ਸਾਡੇ ਖਿੱਤੇ ਵਿਚੋਂ ਪਰਮਾਣੂ ਤਾਕਤ ਦੀਆਂ ਅਜਿਹੀਆਂ ਫੜ੍ਹਾਂ ਮਾਰੀਆਂ ਜਾ ਰਹੀਆਂ ਹਨ, ਅਮਰੀਕਾ ਵਰਗਾ ਸ਼ਕਤੀਸ਼ਾਲੀ ਮੁਲਕ ਤਾਲਿਬਾਨ ਤਾਕਤਾਂ ਨਾਲ ਗੱਲਬਾਤ ਦੇ ਰਾਹ ਪਿਆ ਹੋਇਆ ਹੈ ਜਿਸ ਨੂੰ ਉਹ 17 ਸਾਲਾਂ ਸਿੱਧੀ ਲੜਾਈ ਲੜ ਕੇ ਵੀ ਹਰਾ ਨਹੀਂ ਸਕਿਆ। ਏਸ਼ਿਆਈ ਖਿੱਤੇ ਵਿਚ ਮੌਜੂਦ ਇਸ ਘੁੰਮਣਘੇਰੀ ਭਰਪੂਰ ਸਮੱਸਿਆ ਓਨੀ ਹੀ ਭਿਅੰਕਰ ਹੈ ਜਿੰਨੀ ਇਹ ਮਹਿਸੂਸ ਹੋ ਰਹੀ ਹੈ ਪਰ ਕੀ ਇਹ ਸੱਚੀਂ ਹੀ ਇੰਨੀ ਸਿੱਧੀ ਗੱਲ ਹੈ?
ਕਸ਼ਮੀਰ ਦੁਨੀਆ ਭਰ ਵਿਚ ਸਭ ਤੋਂ ਵੱਧ ਫੌਜੀ ਨਫ਼ਰੀ ਵਾਲਾ ਖਿੱਤਾ ਹੈ। ਲਗਭਗ 50 ਹਜ਼ਾਰ ਭਾਰਤੀ ਫ਼ੌਜੀ ਉਥੇ ਤਾਇਨਾਤ ਹਨ। ਉਥੇ ਇੰਟੈਲੀਜੈਂਸ ਬਿਊਰੋ, ਰਿਸਰਚ ਐਂਡ ਐਨੇਲਸਿਸ ਸੈੱਲ (ਰਾਅ), ਨੈਸ਼ਨਲ ਇੰਟੈਲੀਜੈਂਸ ਏਜੰਸੀਆਂ, ਬਿਨ-ਵਰਦੀ ਗਸ਼ਤ ਕਰਨ ਵਾਲੇ ਦਸਤੇ, ਫ਼ੌਜ ਬਾਰਡਰ ਸਕਿਓਰਿਟੀ ਫ਼ੋਰਸ, ਸੈਂਟਰਲ ਰਿਜ਼ਰਵ ਪੁਲਿਸ ਫੋਰਸ (ਤੇ ਬਿਨਾਂ ਸ਼ੱਕ ਜੰਮੂ ਕਸ਼ਮੀਰ ਪੁਲਿਸ ਵੀ) ਸਾਰੇ ਆਪੋ-ਆਪਣੇ ਪੱਧਰ ‘ਤੇ ਸੂਹੀਆ ਗਤੀਵਿਧੀਆਂ ਵਿਚ ਸ਼ਾਮਿਲ ਹਨ। ਲੋਕ ਮੁਖ਼ਬਰਾਂ, ਡਬਲ ਏਜੰਟਾਂ, ਤੀਹਰੇ ਏਜੰਟਾਂ ਦੀ ਦਹਿਸ਼ਤ ਵਿਚ ਜਿਊਂਦੇ ਹਨ, ਜਿਹੜੇ ਤੁਹਾਡੇ ਸਕੂਲ ਦੇ ਪੁਰਾਣੇ ਸਾਥੀਆਂ ਤੋਂ ਲੈ ਕੇ ਪਰਿਵਾਰ ਦੇ ਜੀਆਂ ਤਕ ਕੋਈ ਵੀ ਹੋ ਸਕਦਾ ਹੈ। ਅਜਿਹੇ ਹਾਲਾਤ ਵਿਚ ਪੁਲਵਾਮਾ ਵਰਗਾ ਹਮਲਾ ਹੋ ਜਾਣਾ ਅਚੰਭਿਤ ਕਰਨ ਵਾਲਾ ਹੈ। ਟਵਿੱਟਰ ਉਤੇ ਟਿਪਣੀ ਕਰਦਿਆਂ ਇਕ ਭਾਰਤੀ ਨਾਗਰਿਕ ਲਿਖਦੀ ਹੈ (ਉਸ ਦਾ ਇਸ਼ਾਰਾ ਉਤਰ ਭਾਰਤ ਵਿਚ ਹਿੰਦੂਵਾਦੀ ਸੰਗਠਨਾਂ ਦੀ ਵਧ ਰਹੀ ਦਹਿਸ਼ਤ ਅਤੇ ਗਊ ਹੱਤਿਆ ਦੇ ਦੋਸ਼ ਵਿਚ ਭੀੜਤੰਤਰ ਦੁਆਰਾ ਮੁਸਲਮਾਨਾਂ ਦੀ ਹੱਤਿਆ ਵੱਲ ਸੀ) ਕਿ ਇਹ ਕਿਵੇਂ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਦੇ ਫਰਿੱਜ਼ ਵਿਚ ਪਿਆ ਤਿੰਨ ਕਿਲੋ ਪਿਆ ਬੀਫ਼ ਤਾਂ ਦਿਸ ਗਿਆ, ਐਪਰ 350 ਕਿਲੋ ਆਰæਡੀæਐਕਸ਼ ਨਹੀਂ ਦਿਸਿਆ?
ਕੌਣ ਜਾਣਦਾ ਹੈ ਇਹ ਸਭ?
ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦੇ ਗਵਰਨਰ ਨੇ ਇਸ ਨੂੰ ‘ਸੁਰੱਖਿਆ ਸੂਚਨਾ-ਤੰਤਰ ਦੀ ਅਸਫ਼ਲਤਾ’ ਗਰਦਾਨਿਆ। ਕੁਝ ਦਲੇਰ ਮੀਡੀਆ ਪੋਰਟਲਾਂ ਨੇ ਇਹ ਤੱਥ ਵੀ ਉਜਾਗਰ ਕੀਤਾ ਕਿ ਜੰਮੂ ਕਸ਼ਮੀਰ ਪੁਲਿਸ ਨੇ ਹਮਲੇ ਹੋਣ ਦੀ ‘ਸੰਭਾਵੀ ਹੰਗਾਮੀ ਸੂਚਨਾ’ ਪਹਿਲਾਂ ਹੀ ਨਸ਼ਰ ਕਰ ਦਿੱਤੀ ਸੀ। ਮੀਡੀਆ ਵਿਚ ਫਿਰ ਵੀ ਕਿਸੇ ਨੂੰ ਇਸ ਤੱਥ ਨੇ ਪਰੇਸ਼ਾਨ ਨਹੀਂ ਕੀਤਾ ਕਿ ਇਸ ਸੂਚਨਾ ਤੋਂ ਘੇਸਲ ਕਿਉਂ ਵੱਟੀ ਗਈ ਅਤੇ ਅਸਲ ਵਿਚ ਕਿਸ ਪੱਧਰ ‘ਤੇ ਸੁਰੱਖਿਆ-ਤੰਤਰ ਵਿਚ ਸੰਨ੍ਹ ਲੱਗੀ ਹੈ?
ਤਰਾਸਦਿਕ ਹੋਣ ਦੇ ਬਾਵਜੂਦ ਪੁਲਵਾਮਾ ਹਮਲੇ ਨੇ ਨਰਿੰਦਰ ਮੋਦੀ ਨੂੰ ਸਿਆਸੀ ਮਚਾਣ ‘ਤੇ ਚੜ੍ਹ ਬੈਠਣ ਲਈ ‘ਢੁੱਕਵਾਂ’ ‘ਸਿਆਸੀ’ ਮੁੱਦਾ ਮੁਹੱਈਆ ਕਰਵਾਇਆ ਹੈ। ਸਾਡੇ ਵਿਚੋਂ ਬਹੁਤਿਆਂ ਨੇ ਕਈ ਮਹੀਨੇ ਪਹਿਲਾਂ ਹੀ ਇਹ ਖਦਸ਼ਾ ਪ੍ਰਗਟ ਕੀਤਾ ਸੀ ਕਿ ਚੋਣਾਂ ਤੋਂ ਐਨ ਪਹਿਲਾਂ ਹਾਰਨ ਦੇ ਖ਼ਦਸ਼ਿਆਂ ਤੋਂ ਭੈਭੀਤ ਹੋਈ ਭਾਜਪਾ ਕੋਈ ਅਸ਼ੁੱਭ ‘ਅੱਗ’ ਵਰਸਾ ਸਕਦੀ ਹੈ। ਅਸੀਂ ਰਾਜ-ਤੰਤਰ ਨੂੰ ਪੁਲਵਾਮਾ ਵਰਗੀ ਦਿਲ-ਦਹਿਲਾਊ ਦੁਰਘਟਨਾ ਨੂੰ ਸਿਆਸੀ ਗੋਟੀ ਵਾਂਗ ਵਰਤਦਿਆਂ ਦੇਖ ਲਿਆ ਹੈ। ਭੜਕਾਊ ਮਾਹੌਲ ਕਾਇਮ ਕਰਨ ਤੋਂ ਬਾਅਦ ਮੋਦੀ ਨੇ ਉਦੋਂ ਤਕ ਸਾਜ਼ਿਸ਼ੀ ਚੁੱਪ ਵੱਟੀ ਰਹੀ ਜਦੋਂ ਤਕ ਭੜਕੇ ਹੋਈਆਂ ਭੀੜਾਂ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਪੜ੍ਹਨ ਅਤੇ ਕੰਮ ਕਰਨ ਆਏ ਕਸ਼ਮੀਰੀ ਨੌਜਵਾਨਾਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ; ਆਖ਼ਰਕਾਰ ਸੁਪਰੀਮ ਕੋਰਟ ਨੂੰ ਇਹ ਆਦੇਸ਼ ਦੇਣਾ ਪਿਆ ਕਿ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਸੁਰੱਖਿਆ ਯਕੀਨੀ ਬਣਾਵੇ। ਮੋਦੀ ਇਸ ਤੋਂ ਬਾਅਦ ਟੀæਵੀæ ‘ਤੇ ਇੰਟਰਵਿਊ ਦੇਣ ਅਤੇ ਸਾਰੇ ਹਮਲੇ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਇਸ ਤਰ੍ਹਾਂ ਤਰਲੋਮੱਛੀ ਹੋ ਰਿਹਾ ਸੀ ਜਿਵੇਂ ਉਸ ਨੇ ਖ਼ੁਦ ਲੜਾਕੂ ਜਹਾਜ਼ ਚਲਾ ਕੇ ਨਿਸ਼ਾਨੇ ਫੁੰਡੇ ਹੋਣ। ਇਸ ਤੋਂ ਇਕਦਮ ਬਾਅਦ ਭਾਰਤ ਦੇ ਚਾਰ ਸੌ ਦੇ ਕਰੀਬ 24/7 ਵਾਲੇ ਨਿਊਜ਼ ਚੈਨਲਾਂ ਨੇ ਆਪਣੀਆਂ ‘ਖ਼ਾਸ ਰਿਪੋਰਟਾਂ’ ਨਾਲ ਸੱਦੀ ਦੀ ਇਸ ਅਦਾਕਾਰੀ ਨੂੰ ‘ਚਾਰ-ਚੰਦ’ ਲਾ ਦਿੱਤੇ। ਪੁਰਾਣੀਆਂ ਵੀਡੀਓਜ਼, ਤੋੜੇ-ਮਰੋੜੇ ਤੱਥਾਂ, ਸੂਚਨਾਵਾਂ, ਚੀਕ-ਚਿਹਾੜਾ ਪਾਉਂਦੇ ਨਿਊਜ਼ ਐਂਕਰਾਂ, ਅਖੌਤੀ ‘ਦੇਸ਼ਭਗਤੀ’ ਨਾਲ ਪਾਗਲ ਹੋਏ ਉਨ੍ਹਾਂ ਦੇ ਦਾਅਵਿਆਂ ਜਿਨ੍ਹਾਂ ਦਾ ਸਾਰ ਸੀ ਕਿ ਇਨ੍ਹਾਂ ਲਈ ਹਵਾਈ ਹਮਲਿਆਂ ਨਾਲ ਜੈਸ਼-ਏ-ਮੁਹੰਮਦ ‘ਦਹਿਸ਼ਤ ਦੀ ਫ਼ੈਕਟਰੀ’ ਦਾ ਸਫ਼ਾਇਆ ਕਰ ਦਿੱਤਾ ਗਿਆ ਹੈ ਅਤੇ ਤਿੰਨ ਸੌ ‘ਦਹਿਸ਼ਤਗਰਦ’ ਮਾਰ ਦਿੱਤੇ ਗਏ ਹਨ। ਅਗਲੀ ਸਵੇਰ ਸਭ ਤੋਂ ਉਚੇ-ਸੁੱਚੇ ਸਮਝ ਜਾਂਦੇ ਅਖ਼ਬਾਰਾਂ ਨੇ ਵੀ ਸ਼ਰਮਸ਼ਾਰ ਕਰਨ ਵਾਲੀਆਂ ਸੁਰਖੀਆਂ ਨਾਲ ਫ਼ਿਜ਼ਾ ਲਾਲ ਕਰ ਦਿੱਤੀ। ‘ਇੰਡੀਅਨ ਐਕਸਪ੍ਰੈੱਸ’ ਨੇ ‘ਭਾਰਤੀ ਨੇ ਪਾਕਿਸਤਾਨ ਦੇ ਧੁਰ ਅੰਦਰ ਜਾ ਕੇ ਦਹਿਸ਼ਤ ਫੁੰਡੀ’ ਸੁਰਖੀ ਲਾਈ। ਦੂਜੇ ਪਾਸੇ ਖਬਰ ਏਜੰਸੀ ‘ਰਾਈਟਰਜ਼’ ਜਿਸ ਨੇ ਆਪਣੇ ਖ਼ਾਸ ਪੱਤਰਕਾਰ ਨੂੰ ਪਾਕਿਸਤਾਨ ਵਿਚ ਹਵਾਈ ਹਮਲਿਆਂ ਵਾਲੀ ਜਗ੍ਹਾ ‘ਤੇ ਭੇਜਿਆ, ਨੇ ਰਿਪੋਰਟ ਕੀਤਾ ਕਿ ਸਿਰਫ਼ ਦਰੱਖਤਾਂ ਤੇ ਚੱਟਾਨਾਂ ਨੂੰ ਨੁਕਸਾਨ ਪੁੱਜਿਆ ਹੈ ਅਤੇ ਇਕ ਬੰਦਾ ਜ਼ਖ਼ਮੀ ਹੋਇਆ ਹੈ। ਐਸੋਸੀਏਟਿਡ ਪ੍ਰੈਸ ਨੇ ਵੀ ਅਜਿਹੀ ਹੀ ਰਿਪੋਰਟ ਨਸ਼ਰ ਕੀਤੀ ਹੈ। ਅਖ਼ਬਾਰ ‘ਨਿਊ ਯਾਰਕ ਟਾਈਮਜ਼’ ਨੇ ਦੱਸਿਆ ਕਿ “ਨਵੀਂ ਦਿੱਲੀ ਵਿਚ ਬੈਠੇ ਨੀਤੀਗਤ ਵਿਸ਼ੇਸ਼ਗ ਅਤੇ ਡਿਪਲੋਮੈਟਾਂ ਦਾ ਕਹਿਣਾ ਹੈ ਕਿ ਹਵਾਈ ਹਮਲਿਆਂ ਦਾ ਨਿਸ਼ਾਨਾ ਸਪਸ਼ਟ ਨਹੀਂ ਸੀ, ਵੈਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੁਆਰਾ ਹਮਲਿਆਂ ਦਾ ਜਵਾਬ ਦਿੱਤੇ ਜਾਣ ਦੀ ਧਮਕੀ ਤੋਂ ਬਾਅਦ ਜ਼ਿਆਦਾ ਦਹਿਸ਼ਤਗਰਦ ਜਥੇਬੰਦੀਆਂ ਦੇ ਤਿਤਰ-ਬਿਤਰ ਹੋ ਜਾਣ ਦਾ ਖ਼ਦਸ਼ਾ ਸੀ।”
ਮੁੱਖ ਧਾਰਾ ਦੇ ਮੀਡੀਆ ਨੇ ‘ਰਾਈਟਰਜ਼’ ਵਾਲੀ ਰਿਪੋਰਟ ਨੂੰ ਤਾਂ ਉਕਾ ਹੀ ਰੱਦ ਕਰ ਦਿੱਤਾ। ਇਸ ਤਰ੍ਹਾਂ ਭਾਰਤੀ ਵੋਟਰਾਂ ਦਾ ਵੱਡਾ ਹਿੱਸਾ ਜਿਹੜੇ ‘ਨਿਊ ਯਾਰਕ ਟਾਈਮਜ਼’ ਨਹੀਂ ਪੜ੍ਹਦੇ, ਨੇ ਆਪਣੇ 56 ਇੰਚੀ ਪ੍ਰਧਾਨ ਮੰਤਰੀ ਨੂੰ ਦਹਿਸ਼ਤਗਰਦੀ ਨੂੰ ਨੇਸਤਨਾਬੂਤ ਕਰਨ ਵਾਲਾ ਨੇਤਾ ਮੰਨ ਲਿਆ। ਇਕ ਪਲ ਲਈ ਇੱਦਾਂ ਭਾਸਿਆ ਕਿ ਨਰਿੰਦਰ ਮੋਦੀ ਨੇ ਆਪਣੇ ਵਿਰੋਧੀਆਂ ਦੀਆਂ ਜ਼ੁਬਾਨਾਂ ਨੂੰ ਕਾਠ ਮਾਰ ਦਿਤਾ ਹੈ ਜਿਹੜੇ ਧੜਾਧੜ ਉਸ ਦੀ ਕਾਰਵਾਈ ਦੀ ਪ੍ਰਸੰਸਾ ਵਿਚ ਟਵੀਟ ਤੇ ਟਵੀਟ ਕਰਨ ਲੱਗ ਪਏ। ਦੂਜੇ ਪਾਸੇ ਉਹ ਅਤੇ ਉਹਦੇ ਸਮਰਥਕ ਚੁਣਾਵੀ ਪ੍ਰਚਾਰ ਵਿਚ ਜੁਟ ਗਏ। ਇਸ ਸਾਰੇ ‘ਧੰਦੂਕਾਰੇ’ ਵਿਰੁਧ ਆਵਾਜ਼ ਉਠਾਉਣ ਵਾਲੇ ਅਤੇ ਵਿਰੋਧ ਕਰਨ ਵਾਲੇ/ਸਵਾਲ ਪੁੱਛਣ ਵਾਲਿਆਂ ਨੂੰ ਹਿੰਦੂਤਵੀ ਭੀੜਾਂ ਨੇ ਦਹਿਸ਼ਤਜ਼ਦਾ ਕਰਨਾ ਸ਼ੁਰੂ ਕਰ ਦਿੱਤਾ, ਉਨ੍ਹਾਂ ਨੂੰ ‘ਦੇਸ਼ਧ੍ਰੋਹੀ’ ਗਰਦਾਨਿਆ ਗਿਆ। ਉਨ੍ਹਾਂ ਦੇ ਪਿੱਛੇ ਇਕ ਇਸ਼ਾਰੇ ‘ਤੇ ਬੰਦੇ ਨੂੰ ਜਲਾ ਦੇਣ ਜਾਂ ਕੁੱਟ-ਕੁੱਟ ਮਾਰ ਦੇਣ ਵਾਲੀਆਂ ਹਲਕਾਈਆਂ ਭੀੜਾਂ ਉਤਰੀ ਭਾਰਤ ਦੇ ਗਲੀ-ਮੁਹੱਲਿਆਂ ਵਿਚ ਹਰਲ-ਹਰਲ ਕਰਨ ਲੱਗੀਆਂ।
ਪਰ ਸਾਰਾ ਦ੍ਰਿਸ਼ ਇਕੋ ਦਿਨ ਵਿਚ ਬਦਲ ਸਕਦਾ ਹੈ:
ਹਾਲਾਤ ਨੇ ਉਦੋਂ ਅਚਾਨਕ ਕਰਵਟ ਲਈ ਜਦੋਂ ਪਾਕਿਸਤਾਨ ਨੇ ਜਵਾਬੀ ਹਮਲੇ ਵਿਚ ਭਾਰਤ ਦਾ ਲੜਾਕੂ ਜਹਾਜ਼ ਸੁੱਟ ਲਿਆ ਅਤੇ ਭਾਰਤੀ ਹਵਾਈ ਸੈਨਾ ਦੇ ਪਾਇਲਟ, ਵਿੰਗ ਕਮਾਂਡਰ ਅਭੀਨੰਦਨ ਵਰਧਮਾਨ ਨੂੰ ਬੰਦੀ ਬਣਾ ਲਿਆ। ਇਕਦਮ ਭਾਜਪਾ ਦੇ ਚੁਣਾਵੀ ਯੋਧਿਆਂ ਨੂੰ ਆਪਣੀ ਜੰਗੀ ਮੁਹਿੰਮ ਫਿੱਕੀ ਭਾਸਣ ਲੱਗ ਪਈ। ਹੁਣ ਜੇਕਰ ਚੁਣਾਵੀ ਵਪਾਰ ਨੂੰ ਇਕ ਪਾਸੇ ਰੱਖ ਦੇਈਏ ਤੇ ਅਗਲੀ ਚੋਣ ਕੌਣ ਜਿੱਤੇਗਾ, ਨੂੰ ਥੋੜ੍ਹਾ ਅੱਖੋਂ-ਪਰੋਖੇ ਕਰ ਦੇਈਏ ਤਾਂ ਮੋਦੀ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਉਸ ਨੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਦਾਅ ‘ਤੇ ਲਾਈਆਂ ਹਨ। ਆਮ ਕਸ਼ਮੀਰੀਆਂ ਦੁਆਰਾ ਲੜੀ ਜਾਂਦੀ ਜੰਗ ਨੂੰ ਸਾਰੇ ਭਾਰਤੀ ਘਰਾਂ ਵਿਚ ਲਿਆ ਵਾੜਿਆ ਹੈ। ਟੀæਵੀæ ‘ਤੇ ਛਾਇਆ ਹੋਇਆ ਅਨੋਖਾ ਪਾਗਲਪਨ ਸਵੇਰ, ਦੁਪਹਿਰ, ਸ਼ਾਮ ਨੂੰ ਵੋਟਰਾਂ ਨੂੰ ਚੀਕ-ਚੀਕ ਕੇ ਬੇਰੁਜ਼ਗਾਰੀ, ਭੁੱਖ, ਛੋਟੇ ਵਪਾਰਾਂ ਦੇ ਉਜਾੜਿਆਂ, ਘਰਾਂ ਤੋਂ ਹਿਜਰਤਾਂ, ਉਨ੍ਹਾਂ ਦੇ ਜੱਜਾਂ ਦੀਆਂ ‘ਰਹੱਸਮਈ ਮੌਤਾਂ’ ਬਾਰੇ ਸਵਾਲਾਂ, ਭਾਰਤੀ ਇਤਿਹਾਸ ਦੀ ਸਭ ਤੋਂ ਕੁਰੱਪਟ ਤੇ ਸਭ ਤੋਂ ਮਹਿੰਗੀ ਜੰਗੀ ਸੌਦੇ, ਮੁਸਲਿਮ, ਦਲਿਤ ਤੇ ਈਸਾਈ ਹੋਣ ਕਾਰਨ ਮਾਰੇ ਜਾਣ ਦੀ ਦਹਿਸ਼ਤ ਅਤੇ ਜੰਗੀ ਜਨੂੰਨ ਵਿਚ ਵੋਟਾਂ ਬਟੋਰਨ ਦੀ ਸਿਆਸਤ ਨੂੰ ਦਰਕਿਨਾਰ ਕਰਨ ਦਾ ‘ਸੱਦਾ’ ਦਿੰਦੇ ਹਨ। ਇਸ ਸਰਕਾਰ ਨੇ ਭਾਰਤ ਦੀ ਆਤਮਾ ਨੂੰ ਇੰਨੀ ਡੂੰਘੀ ਤਰ੍ਹਾਂ ਜ਼ਖ਼ਮ ਦਿੱਤੇ ਹਨ ਕਿ ਇਨ੍ਹਾਂ ਨੂੰ ਭਰਦਿਆਂ ਦਹਾਕੇ ਲੱਗ ਜਾਣੇ ਹਨ। ਇਨ੍ਹਾਂ ਜ਼ਖ਼ਮਾਂ ਨੂੰ ਭਰਨ ਦੀ ਪ੍ਰਕਿਰਿਆ ਇਨ੍ਹਾਂ ਖ਼ਤਰਨਾਕ, ਪ੍ਰਸੰਸਾ ਦੇ ਭੁੱਖੇ, ਸੱਤਾ ਦੇ ਹਾਬੜਿਆਂ ਨੂੰ ਸੱਤਾ ਤੋਂ ਲਾਂਭੇ ਕਰਨ ਨਾਲ ਸ਼ੁਰੂ ਹੋਣੀ ਹੈ। ਅਸੀਂ ਅਜਿਹੇ ਪ੍ਰਧਾਨ ਮੰਤਰੀ ਨੂੰ ਕਿਵੇਂ ਆਪਣਾ ਲਈਏ ਜਿਹੜਾ ਰਾਤੋ-ਰਾਤ ਇਕੋ ਝਟਕੇ ਨਾਲ ਕਰੋੜਾਂ ਲੋਕਾਂ ਦੀ ਪੂੰਜੀ ਨੂੰ ਬਿਨਾਂ ਕਿਸੇ ਹੀਲ-ਹੁੱਜਤ ਦੇ ‘ਗ਼ੈਰ ਕਾਨੂੰਨੀ’ ਗਰਦਾਨ ਦਿੰਦਾ ਹੈ? ਕਦੇ ਇਤਿਹਾਸ ਵਿਚ ਅਜਿਹਾ ਹੋਇਆ ਹੋਵੇ, ਸੁਣਿਆ ਹੈ?
ਅਸੀਂ ਪਰਮਾਣੂ ਸ਼ਕਤੀ ਦਾ ਅਜਿਹਾ ਪ੍ਰਧਾਨ ਮੰਤਰੀ ਕਿਵੇਂ ਬਰਦਾਸ਼ਤ ਕਰੀਏ ਜਿਹੜਾ ਮੁਲਕ ‘ਤੇ ਪਈ ਜੰਗੀ ਬਿਪਤਾ ਸਮੇਂ ਨੈਸ਼ਨਲ ਸੈਰ-ਸਪਾਟੇ ਵਾਲੀ ਜਗ੍ਹਾ ‘ਤੇ ਆਪਣੀਆਂ ਫੋਟੋਆਂ ਖਿਚਵਾਉਣ ਵਿਚ ਰੁਝਿਆ ਰਹੇ ਤੇ ਫਿਰ ਮੌਕਾ ਆਉਣ ‘ਤੇ ਸਾਰੇ ਜ਼ਿੰਮੇਵਾਰੀ ਸੈਨਾ ‘ਤੇ ਸੁੱਟ ਦਿੰਦਾ ਹੈ। ਕਦੇ ਭਾਰਤੀ ਇਤਿਹਾਸ ਵਿਚ ਜਮਹੂਰੀ ਤੌਰ ਤੇ ਚੁਣੇ ਕਿਸੇ ਨੇਤਾ ਨੇ ਅਜਿਹਾ ਕਰਨ ਦੀ ਹਿੰਮਤ ਕੀਤੀ ਹੈ?
ਮੋਦੀ ਨੂੰ ਜਾਣਾ ਪਵੇਗਾ। ਉਸ ਦੀ ਜਗ੍ਹਾ ਬੇਸ਼ਕ ਆਪਸੀ ਖਹਿਬਾਜ਼ੀ ਵਾਲੀ, ਅਸਥਿਰ ਸਰਕਾਰ ਵੀ ਬਣੇ, ਕੋਈ ਮਸਲਾ ਨਹੀਂ। ਇਹ ਜਮਹੂਰੀਅਤ ਦੇ ਅਮਲ ਦਾ ਹਿੱਸਾ ਹੈ। ਇਹ ਜ਼ਿਆਦਾ ਸਮਝਦਾਰੀ ਤੇ ਘੱਟ ਮੂਰਖਤਾ ਦਾ ਸਬੂਤ ਹੋਵੇਗਾ।
ਹੁਣ ਆਪਾਂ ਕੈਦੀ ਬਣਾਏ ਵਿੰਗ ਕਮਾਂਡਰ ਅਭਿਨੰਦਨ ਦੇ ਮੁੱਦੇ ‘ਤੇ ਆਉਂਦੇ ਹਾਂ। ਕਸ਼ਮੀਰ ਵਿਚ ਪਾਕਿਸਤਾਨ ਦੀ ਭੂਮਿਕਾ ਜੋ ਵੀ ਮਰਜ਼ੀ ਹੋਵੇ, ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦ੍ਰਿੜਤਾ ਅਤੇ ਦਿਆਨਤਦਾਰੀ ਦਾ ਸਬੂਤ ਦਿੱਤਾ ਹੈ। ਭਾਰਤੀ ਸਰਕਾਰ ਦੁਆਰਾ ਜਨੇਵਾ ਕਨਵੈਨਸ਼ਨ ਦੇ ਤਹਿਤ ਪਾਕਿਸਤਾਨ ਤੋਂ ਅਭਿਨੰਦਨ ਦੀ ਰਿਹਾਈ ਦੀ ਮੰਗ ਦਰੁਸਤ ਸੀ, ਇਹ ਵੀ ਦਰੁਸਤ ਸੀ ਕਿ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਨੂੰ ਅਭਿਨੰਦਨ ਦੀ ਸੁਰੱਖਿਅਤ ਘਰ-ਵਾਪਸੀ ਲਈ ਦਖਲ ਦੇਣ ਲਈ ਕਿਹਾ ਗਿਆ। ਆਖ਼ੀਰ ਵਿਚ ਇਮਰਾਨ ਖਾਨ ਨੇ ‘ਚੰਗੀ ਭਾਵਨਾ’ ਤਹਿਤ ਅਭਿਨੰਦਨ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ।
ਸ਼ਾਇਦ ਭਾਰਤ ਨੂੰ ਵੀ ਕਸ਼ਮੀਰ ਦੇ ਸਿਆਸੀ ਕੈਦੀਆਂ ਪ੍ਰਤੀ ਵੀ ਇਹੀ ਦਿਆਨਤਦਾਰੀ ਦਿਖਾਉਣੀ ਚਾਹੀਦੀ ਹੈ। ਜਨੇਵਾ ਕਨਵੈਨਸ਼ਨ ਦੇ ਅੰਤਰਗਤ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ ਅਤੇ ਇੰਟਰਨੈਸ਼ਨਲ ਕਮੇਟੀ ਆਫ਼ ਰੈਡ ਕਰਾਸ ਨੂੰ ਉਨ੍ਹਾਂ ਦੀ ਹਵਾਲਾਤੀ ਸੁਰੱਖਿਆ ਲਈ ਦਖ਼ਲ ਦੀ ਪ੍ਰਵਾਨਗੀ ਦੇਣਾ ਬਹੁਤ ਜ਼ਿਆਦਾ ਤਾਂ ਨਹੀਂ?
ਅਸੀਂ ਜਿਹੜੀ ਜੰਗ ਦੇ ਮੁਹਾਜ਼ ‘ਤੇ ਹਾਂ, ਇਹ ਭਾਰਤ ਅਤੇ ਪਾਕਿਸਤਾਨ ਵਿਚ ਨਹੀਂ ਹੋ ਰਹੀ। ਇਹ ਕਸ਼ਮੀਰ ਵਿਚ ਦਹਾਕਿਆਂ ਤੋਂ ਜਾਰੀ ਜੰਗ ਦਾ ਅਗਲਾ ਵਿਸਥਾਰ ਹੈ। ਕਸ਼ਮੀਰ ਇਕ ਬੇਜ਼ੁਬਾਨ ਹਿੰਸਾ ਅਤੇ ਨੈਤਿਕ ਨਿਰੁੰਕਸ਼ਤਾ ਦਾ ਨਿਰੰਤਰ ਚਲ ਰਿਹਾ ਨਾਟਕ ਹੈ ਜਿਹੜਾ ਕਿਸੇ ਵੀ ਦਿਨ ਬਹੁ-ਪਰਤੀ ਹਿੰਸਾ ਅਤੇ ਪਰਮਾਣੂ ਜੰਗ ਵਿਚ ਤਬਦੀਲ ਹੋ ਸਕਦਾ ਹੈ। ਇਸ ਨੂੰ ਰੋਕਣ ਦਾ ਇਕ ਨਾਮਾਤਰ ਹਲ ਕਸ਼ਮੀਰ ਹਮਲੇ ਨੂੰ ਨਵੇਂ ਸਿਰਿਉਂ ਵਿਚਾਰਨਾ ਤੇ ਹੱਲ ਕਰਨਾ ਹੈ। ਇਹ ਤਦੇ ਸੰਭਵ ਹੈ, ਜੇ ਕਸ਼ਮੀਰੀਆਂ ਨੂੰ ਬਿਨਾਂ ਕਿਸੇ ਦਹਿਸ਼ਤ ਅਤੇ ਡਰ ਤੋਂ ਇਹ ਦੱਸਣ ਦਾ ਮੌਦਾ ਦਿੱਤਾ ਜਾਵੇ ਕਿ ਉਹ ਕਿਸੇ ਲਈ ਤੇ ਕਿਉਂ ਲੜ ਰਹੇ ਹਨ? ਉਹ ਚਾਹੁੰਦੇ ਕੀ ਹਨ?
ਸੰਸਾਰ ਦੇ ਸਾਥੀਓ! ਲੱਭੋ ਕੋਈ ਰਸਤਾ।