ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਅਤਿਵਾਦੀ ਕੈਂਪਾਂ ਉਤੇ ਹਮਲੇ ਕਰਕੇ 350 ਅਤਿਵਾਦੀ ਮਾਰਨ ਦੇ ਦਾਅਵੇ ਦੀ ਫੂਕ ਨਿਕਲਦੀ ਜਾਪ ਰਹੀ ਹੈ। ਰਾਇਟਰਜ਼ ਨੂੰ ਪ੍ਰਾਪਤ ਹੋਈਆਂ ਉਪ ਗ੍ਰਹਿ ਦੀਆਂ ਤਸਵੀਰਾਂ ਵਿਚ ਉਤਰ-ਪੱਛਮੀ ਪਾਕਿਸਤਾਨ ਵਿਚ ਜੈਸ਼-ਏ-ਮੁਹੰਮਦ ਵੱਲੋਂ ਚਲਾਏ ਜਾਂਦੇ ਮਦਰੱਸੇ ਦੀਆਂ ਇਮਾਰਤਾਂ ਅਜੇ ਵੀ ਦਿਸ ਰਹੀਆਂ ਹਨ, ਜਦੋਂਕਿ ਭਾਰਤ ਨੇ ਦਾਅਵਾ ਕੀਤਾ ਸੀ ਕਿ ਇਸ ਦੇ ਜੰਗੀ ਜਹਾਜ਼ਾਂ ਨੇ ਇਸ ਜਗ੍ਹਾ ‘ਤੇ ਚੱਲਦੇ ਇਸਲਾਮਿਕ ਗਰੁੱਪ ਦੇ ਟਰੇਨਿੰਗ ਕੈਂਪ ਨੂੰ ਤਬਾਹ ਕਰ ਦਿੱਤਾ ਅਤੇ ਇਸ ਹਮਲੇ ਵਿਚ ਵੱਡੀ ਗਿਣਤੀ ਅਤਿਵਾਦੀ ਮਾਰੇ ਗਏ ਸਨ।
ਸਾਂ ਫਰਾਂਸਿਸਕੋ ਆਧਾਰਿਤ ਇਕ ਨਿੱਜੀ ਉਪ ਗ੍ਰਹਿ ਅਪਰੇਟਰ ਪਲੈਨਿਟ ਲੈਬਜ਼ ਵੱਲੋਂ ਲਈਆਂ ਗਈਆਂ ਤਸਵੀਰਾਂ ਵਿਚ ਭਾਰਤੀ ਹਵਾਈ ਹਮਲੇ ਤੋਂ ਛੇ ਦਿਨਾਂ ਬਾਅਦ 4 ਮਾਰਚ ਨੂੰ ਵੀ ਮਦਰੱਸੇ ਦੀਆਂ ਛੇ ਇਮਾਰਤਾਂ ਖੜ੍ਹੀਆਂ ਦਿਸ ਰਹੀਆਂ ਹਨ। ਹੁਣ ਤੱਕ ਜਨਤਕ ਤੌਰ ‘ਤੇ ਉਪ ਗ੍ਰਹਿ ਦੀਆਂ ਐਨੀਆਂ ਸਾਫ ਤਸਵੀਰਾਂ ਮੌਜੂਦ ਨਹੀਂ ਸਨ, ਪਰ ਪਲੈਨਿਟ ਲੈਬ ਵੱਲੋਂ ਲਈਆਂ ਗਈਆਂ ਤਕਰੀਬਨ 72 ਸੈਂਟੀਮੀਟਰ ਦੀਆਂ ਉਪ ਗ੍ਰਹਿ ਦੀਆਂ ਇਨ੍ਹਾਂ ਤਸਵੀਰਾਂ ਵਿਚ ਇਮਾਰਤਾਂ ਖੜ੍ਹੀਆਂ ਸਾਫ ਦਿੱਸ ਰਹੀਆਂ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਤਬਾਹ ਕਰਨ ਦਾ ਦਾਅਵਾ ਕੀਤਾ ਸੀ। ਉਪ ਗ੍ਰਹਿ ਦੀ ਇਸ ਤਸਵੀਰ ਵਿਚ ਅਪਰੈਲ 2018 ਤੋਂ ਲੈ ਕੇ ਹੁਣ ਤੱਕ ਕੋਈ ਬਦਲਾਅ ਨਜ਼ਰ ਨਹੀਂ ਆਇਆ ਹੈ। ਇਮਾਰਤਾਂ ਦੀਆਂ ਛੱਤਾਂ ਵਿਚ ਨਾ ਤਾਂ ਛੇਕ ਹਨ, ਨਾ ਝੁਲਸਣ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਇਨ੍ਹਾਂ ਇਮਾਰਤਾਂ ਦੀਆਂ ਕੰਧਾਂ ਉਤੇ ਧੂੰਏਂ ਦੇ ਨਿਸ਼ਾਨ ਜਾਂ ਮਦਰੱਸੇ ਦੁਆਲੇ ਪੁੱਟੇ ਹੋਏ ਦਰਖਤਾਂ ਤੋਂ ਇਲਾਵਾ ਹਵਾਈ ਹਮਲੇ ਦੇ ਕੋਈ ਨਿਸ਼ਾਨ ਨਹੀਂ ਦਿਖਾਈ ਦੇ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਵੱਲੋਂ ਅੱਠ ਦਿਨ ਪਹਿਲਾਂ ਜਾਰੀ ਕੀਤੇ ਗਏ ਬਿਆਨਾਂ ‘ਤੇ ਸ਼ੱਕ ਹੁੰਦਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ 26 ਫਰਵਰੀ ਨੂੰ ਤੜਕੇ ਪਾਕਿਸਤਾਨ ਦੇ ਖੈਬਰ ਪਖਤੂਨਵਾ ਖੇਤਰ ਵਿਚ ਪੈਂਦੇ ਬਾਲਾਕੋਟ ਅਤੇ ਜਾਬਾ ਨੇੜੇ ਮਦਰੱਸੇ ਵਾਲੀ ਥਾਂ ਨੂੰ ਭਾਰਤੀ ਜੰਗੀ ਜਹਾਜ਼ਾਂ ਨੇ ਹਮਲਾ ਕਰ ਕੇ ਤਬਾਹ ਕਰ ਦਿੱਤਾ। ਉਪ ਗ੍ਰਹਿ ਦੀਆਂ ਇਨ੍ਹਾਂ ਤਸਵੀਰਾਂ ਸਬੰਧੀ ਈ-ਮੇਲ ਕੀਤੇ ਗਏ ਸਵਾਲਾਂ ਦਾ ਭਾਰਤੀ ਵਿਦੇਸ਼ ਅਤੇ ਰੱਖਿਆ ਮੰਤਰਾਲਿਆਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।
_________________________
ਦਰਖਤਾਂ ‘ਤੇ ਬੰਬ ਸੁੱਟਣ ਦੇ ਦੋਸ਼ ਹੇਠ ਭਾਰਤੀ ਪਾਇਲਟਾਂ ਖਿਲਾਫ਼ ਕੇਸ
ਇਸਲਾਮਾਬਾਦ: ਭਾਰਤ ਵਲੋਂ ਪਾਕਿਸਤਾਨ ਦੇ ਬਾਲਾਕੋਟ ਖੇਤਰ ਵਿੱਚ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਟਰੇਨਿੰਗ ਕੈਂਪ ਉੱਪਰ ਕੀਤੇ ਗਏ ਹਮਲਿਆਂ ਤੋਂ ਕਈ ਦਿਨ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਸੈਨਾ ਦੇ ‘ਅਣਪਛਾਤੇ ਪਾਇਲਟਾਂ’ ਖਿਲਾਫ਼ ਬੰਬ ਸੁੱਟ ਕੇ 19 ਦਰਖ਼ਤ ਨਸ਼ਟ ਕਰਨ ਦੇ ਦੋਸ਼ ਹੇਠ ਐਫ਼ਆਈ. ਆਰ. ਦਰਜ ਕੀਤੀ ਹੈ। ਮੀਡੀਆ ਰਿਪੋਰਟ ਅਨੁਸਾਰ ਜੰਗਲਾਤ ਵਿਭਾਗ ਵਲੋਂ ਭਾਰਤੀ ਹਵਾਈ ਸੈਨਾ ਦੇ ਅਣਪਛਾਤੇ ਪਾਇਲਟਾਂ ਖਿਲਾਫ਼ ਬਾਲਾਕੋਟ ਖੇਤਰ ਵਿਚ ਦਰਖਤਾਂ ‘ਤੇ ਬੰਬਾਰੀ ਕਰਨ ਦੇ ਦੋਸ਼ ਹੇਠ ਐਫ਼ਆਈ.ਆਰ. ਦਰਜ ਕੀਤੀ ਗਈ ਹੈ।
_________________________
ਫੌਜੀ ਕਾਰਵਾਈਆਂ ਦੇ ਸਿਆਸੀਕਰਨ ਤੋਂ ਸਾਬਕਾ ਜਲ ਸੈਨਾ ਮੁਖੀ ਖ਼ਫ਼ਾ
ਨਵੀਂ ਦਿੱਲੀ: ਜਲ ਸੈਨਾ ਦੇ ਸਾਬਕਾ ਐਡਮਿਰਲ ਐਲ ਰਾਮਦਾਸ ਸਿਆਸੀ ਪਾਰਟੀਆਂ ਵੱਲੋਂ ਪੁਲਵਾਮਾ ਹਮਲੇ, ਬਾਲਾਕੋਟ ਕਾਰਵਾਈ ਅਤੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੇ ਅਪਰੇਸ਼ਨ ਦਾ ਸਿਆਸੀਕਰਨ ਕੀਤੇ ਜਾਣ ਤੋਂ ਨਿਰਾਸ਼ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਇਸ ਸਬੰਧੀ ਪੱਤਰ ਲਿਖ ਕੇ ਕਿਹਾ ਸਿਆਸੀ ਪਾਰਟੀਆਂ ਨੂੰ ਲੋਕ ਸਭਾ ਚੋਣਾਂ ‘ਚ ਅਜਿਹੇ ਮੁੱਦੇ ਉਭਾਰਨ ਤੋਂ ਰੋਕਣ ਲਈ ਕਿਹਾ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਲਿਖੇ ਖੁੱਲ੍ਹੇ ਪੱਤਰ ‘ਚ ਐਡਮਿਰਲ (ਸੇਵਾ ਮੁਕਤ) ਐਲ ਰਾਮਦਾਸ ਨੇ ਫ਼ੌਜ ਵੱਲੋਂ ਹੁਣੇ ਜਿਹੇ ਦਿਖਾਈ ਗਈ ਬਹਾਦਰੀ ਦੀ ਵਰਤੋਂ ਸਿਆਸੀ ਲਾਹੇ ਲਈ ਕੀਤੇ ਜਾਣ ‘ਤੇ ਚਿੰਤਾ ਪ੍ਰਗਟਾਈ ਹੈ।
_________________________
ਪੁਲਵਾਮਾ ਹਮਲੇ ਦੇ ਸ਼ਹੀਦ ਦੀ ਮਾਂ ਨੇ ਸਰਕਾਰ ਤੋਂ ਮੰਗੇ ਏਅਰ ਸਟ੍ਰਾਈਕ ਦੇ ਸਬੂਤ
ਉਤਰ ਪ੍ਰਦੇਸ਼: ਇਕ ਪਾਸੇ ਜਿਥੇ ਅਜੇ ਤੱਕ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਏਅਰਫੋਰਸ ਵੱਲੋਂ ਪਾਕਿਸਤਾਨ ‘ਤੇ ਕੀਤੀ ਕਾਰਵਾਈ ਚਰਚਾ ‘ਚ ਹੈ, ਦੂਜੇ ਪਾਸੇ ਪੁਲਵਾਮਾ ਹਮਲੇ ‘ਚ ਸ਼ਹੀਦ ਜਵਾਨਾਂ ਦੇ ਪਰਿਵਾਰ ਸਰਕਾਰ ਤੋਂ ਅਤਿਵਾਦੀ ਕੈਂਪ ‘ਤੇ ਕੀਤੇ ਹਮਲੇ ਅਤੇ ਮਾਰੇ ਗਏ ਅਤਿਵਾਦੀਆਂ ਦੇ ਸਬੂਤ ਮੰਗ ਰਹੇ ਹਨ।
ਪੁਲਵਾਮਾ ਹਮਲੇ ‘ਚ ਉਤਰ ਪ੍ਰਦੇਸ਼ ਦੇ ਮੈਨਪੁਰੀ ਦੇ ਜਵਾਨ ਰਾਮਵਕੀਲ ਦੀ ਮਾਂ ਦਾ ਕਹਿਣਾ ਹੈ ਕਿ ਅਤਿਵਾਦੀਆਂ ‘ਤੇ ਕੀਤੇ ਹਮਲਿਆਂ ਅਤੇ ਉਨ੍ਹਾਂ ਦੇ ਮਾਰੇ ਜਾਣ ਦੀ ਗੱਲ ਉਹ ਉਦੋਂ ਤੱਕ ਨਹੀਂ ਮੰਨੇਗੀ ਜਦੋਂ ਤੱਕ ਸਰਕਾਰ ਉਨ੍ਹਾਂ ਨੂੰ ਸਬੂਤ ਨਹੀਂ ਦਿਖਾਉਂਦੀ। ਸ਼ਹੀਦ ਰਾਮਵਕੀਲ ਦੀ ਭੈਣ ਅਤੇ ਪਤਨੀ ਗੀਤਾ ਦੇਵੀ ਦਾ ਵੀ ਕਹਿਣਾ ਹੈ ਕਿ ਉਹ ਉਦੋਂ ਤੱਕ ਸਰਕਾਰ ‘ਤੇ ਯਕੀਨ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਅੱਗੇ ਸਬੂਤ ਨਹੀਂ ਰੱਖੇ ਜਾਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ‘ਤੇ ਹੋਈ ਕਾਰਵਾਈ ਦਾ ਕੋਈ ਸਬੂਤ ਨਹੀਂ ਮਿਲਿਆ।